ਦਿਲ ਦੇ ਦੌਰੇ ਅਤੇ ਸਟ੍ਰੋਕ ਦੇ ਇਲਾਜ ਵਿੱਚ ʻਗੋਲਡਨ ਆਵਰʼ ਕੀ ਹੈ? ਪਹਿਲੇ ਇੱਕ ਘੰਟੇ ਦੌਰਾਨ ਤੁਹਾਨੂੰ ਕੀ ਕਰਨਾ ਚਾਹੀਦਾ ਹੈ?

- ਲੇਖਕ, ਮੋਹਨ
- ਰੋਲ, ਬੀਬੀਸੀ ਪੱਤਰਕਾਰ
ਮਸ਼ਹੂਰ ਤਾਮਿਲ ਫ਼ਿਲਮ ਅਦਾਕਾਰ ਰਾਜੇਸ਼ ਦੀ ਕੁਝ ਦਿਨ ਪਹਿਲਾਂ ਸਿਹਤ ਖ਼ਰਾਬ ਹੋਣ ਕਾਰਨ ਮੌਤ ਹੋ ਗਈ ਸੀ। ਹਸਪਤਾਲ ਲੈ ਕੇ ਜਾਣ ਤੋਂ ਪਹਿਲਾਂ ਹੀ ਉਨ੍ਹਾਂ ਦੀ ਮੌਤ ਹੋ ਗਈ।
ਮੀਡੀਆ ਨਾਲ ਗੱਲ ਕਰਦੇ ਹੋਏ, ਅਦਾਕਾਰ ਰਾਜੇਸ਼ ਦੇ ਭਰਾ ਸਥਿਆਨ ਨੇ ਕਿਹਾ ਕਿ ਉਨ੍ਹਾਂ ਨੂੰ ਹਸਪਤਾਲ ਲੈ ਕੇ ਜਾਣ ਵਿੱਚ ਦੇਰੀ ਕਾਰਨ ਉਨ੍ਹਾਂ ਦੀ ਮੌਤ ਹੋ ਗਈ।
ਉਨ੍ਹਾਂ ਨੇ ਅੱਗੇ ਕਿਹਾ, "ਉਨ੍ਹਾਂ ਨੇ ਅੱਜ ਸਵੇਰੇ ਮੈਨੂੰ ਅਤੇ ਆਪਣੇ ਪੁੱਤਰ ਨੂੰ ਆਪਣੇ ਕਮਰੇ ਵਿੱਚ ਬੁਲਾਇਆ ਅਤੇ ਕਿਹਾ ਕਿ ਉਹ ਠੀਕ ਮਹਿਸੂਸ ਨਹੀਂ ਕਰ ਰਹੇ। ਉਨ੍ਹਾਂ ਨੇ ਕਿਹਾ ਕਿ ਉਹ ਸਾਰੀ ਰਾਤ ਸੌਂ ਨਹੀਂ ਸਕੇ ਅਤੇ ਸਾਹ ਲੈਣ ਵਿੱਚ ਮੁਸ਼ਕਲ ਆ ਰਹੀ ਹੈ। ਉਨ੍ਹਾਂ ਨੇ ਘਰ ਵਿੱਚ ਆਪਣੀ ਨਬਜ਼ ਅਤੇ ਆਕਸੀਜਨ ਦੇ ਪੱਧਰ ਦੀ ਜਾਂਚ ਕੀਤੀ ਸੀ।"
"ਮੈਂ ਡਾਕਟਰ ਨੂੰ ਬੁਲਾਉਣ ਗਿਆ ਪਰ ਅੱਧੇ ਰਸਤੇ ਹੀ ਉਨ੍ਹਾਂ ਦੀ ਤਬੀਅਤ ਵਿੱਚ ਸੁਧਾਰ ਹੋ ਗਿਆ ਅਤੇ ਉਨ੍ਹਾਂ ਨੇ ਮੈਨੂੰ ਵਾਪਸ ਬੁਲਾ ਲਿਆ। ਜਦੋਂ ਮੈਂ ਘਰ ਪਹੁੰਚਿਆ ਤਾਂ ਉਹ ਆਪਣੇ ਦੋਸਤ, ਜੋ ਇੱਕ ਡਾਕਟਰ ਸਨ, ਨਾਲ ਕਾਫੀ ਦੇਰ ਤੱਕ ਗੱਲ ਕਰ ਰਹੇ ਸਨ।"
ਉਹ ਕਰੀਬ ਦੋ ਘੰਟੇ ਗੱਲਬਾਤ ਕਰਦੇ ਰਹੇ। ਇਸ ਤੋਂ ਬਾਅਦ, ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਸਿਹਤ ਮੁੜ ਠੀਕ ਨਹੀਂ ਲੱਗ ਰਹੀ, "ਇਸ ਲਈ ਅਸੀਂ ਉਨ੍ਹਾੰ ਨੂੰ ਐਂਬੂਲੈਂਸ ਵਿੱਚ ਹਸਪਤਾਲ ਲੈ ਗਏ। ਪਰ ਰਸਤੇ ਵਿੱਚ ਹੀ ਉਨ੍ਹਾਂ ਦੀ ਮੌਤ ਹੋ ਗਈ।"
ਉਹ ਦੱਸਦੇ ਹਨ, "ਜੇਕਰ ਉਨ੍ਹਾਂ ਨੂੰ ਸਮੇਂ ਸਿਰ ਹਸਪਤਾਲ ਪਹੁੰਚਾਇਆ ਜਾਂਦਾ, ਤਾਂ ਉਨ੍ਹਾਂ ਨੂੰ ਬਚਾਇਆ ਜਾ ਸਕਦਾ ਸੀ।"
ਇਸ ਘਟਨਾ ਨੇ ਡਾਕਟਰੀ ਇਲਾਜ ਵਿੱਚ ਗੋਲਡਨ ਆਵਰ ਦੀ ਮਹੱਤਤਾ 'ਤੇ ਬਹਿਸ ਛੇੜ ਦਿੱਤੀ ਹੈ।
ਡਾਕਟਰਾਂ ਦਾ ਕਹਿਣਾ ਹੈ ਕਿ ਅਜਿਹੀ ਸਥਿਤੀ ਵਿੱਚ, ਮਰੀਜ਼ ਨੂੰ ਸਹੀ ਸਮੇਂ 'ਤੇ ਹਸਪਤਾਲ ਲੈ ਕੇ ਜਾਣਾ ਅਤੇ ਇਲਾਜ ਮੁਹੱਈਆ ਕਰ ਕੇ ਜਾਨ ਬਚਾਈ ਜਾ ਸਕਦੀ ਹੈ।

ਤਸਵੀਰ ਸਰੋਤ, Getty Images
ਗੋਲਡਨ ਆਵਰ ਕੀ ਹੈ?
ਜਦੋਂ ਕੋਈ ਬਿਮਾਰੀ ਜਾਂ ਡਾਕਟਰੀ ਸਥਿਤੀ ਪੈਦਾ ਹੁੰਦੀ ਹੈ, ਤਾਂ ਵੱਡੇ ਨੁਕਸਾਨ ਨੂੰ ਰੋਕਣ ਲਈ ਇੱਕ ਖ਼ਾਸ ਸਮਾਂ ਸੀਮਾ ਦੇ ਅੰਦਰ ਇਲਾਜ ਮੁਹੱਈਆ ਕਰਵਾਇਆ ਜਾ ਸਕਦਾ ਹੈ।
ਇਲਾਜ ਕਰਨ ਦੇ ਉਸੇ ਵੇਲੇ ਨੂੰ ਹੀ ਗੋਲਡਨ ਆਵਰ ਕਿਹਾ ਜਾਂਦਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਗੋਲਡਨ ਆਵਰ ਹਰ ਬਿਮਾਰੀ ਲਈ ਵੱਖਰਾ ਹੁੰਦਾ ਹੈ।
ਸੇਵਾਮੁਕਤ ਜਨਤਕ ਸਿਹਤ ਨਿਰਦੇਸ਼ਕ ਕੇ.ਕੇ. ਕਹਿੰਦੇ ਹਨ ਕਿ ਗੋਲਡਨ ਆਵਰ ਸੜਕ ਹਾਦਸਿਆਂ ਤੋਂ ਲੈ ਕੇ ਦਿਲ ਦੀ ਬਿਮਾਰੀ, ਸਟ੍ਰੋਕ ਅਤੇ ਬੱਚੇ ਦੇ ਜਨਮ ਤੱਕ ਹਰ ਚੀਜ਼ 'ਤੇ ਲਾਗੂ ਹੁੰਦਾ ਹੈ।
ਉਨ੍ਹਾਂ ਨੇ ਕਿਹਾ ਕਿ ਮੁੱਢਲੀ ਸਹਾਇਤਾ ਦੇਣ ਤੋਂ ਲੈ ਕੇ ਢੁਕਵੇਂ ਇਲਾਜ ਦੀ ਸਿਫ਼ਾਰਸ਼ ਕਰਨ ਤੱਕ ਹਰ ਚੀਜ਼ ਗੋਲਡਨ ਆਵਰ ਹੈ।
ਉਨ੍ਹਾਂ ਮੁਤਾਬਕ, "ਗੋਲਡਨ ਆਵਰ ਸਵੈ-ਜਾਗਰੂਕਤਾ ਨਾਲ ਸ਼ੁਰੂ ਹੁੰਦਾ ਹੈ। ਜੇਕਰ ਕੋਈ ਵਿਅਕਤੀ ਮਹਿਸੂਸ ਕਰਦਾ ਹੈ ਕਿ ਉਸ ਦੀ ਸਿਹਤ ਵਿਗੜ ਰਹੀ ਹੈ, ਤਾਂ ਉਸ ਨੂੰ ਤੁਰੰਤ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ। ਸਵੈ-ਜਾਂਚ ਜਾਂ ਸਵੈ-ਇਲਾਜ ਤੋਂ ਪੂਰੀ ਤਰ੍ਹਾਂ ਪਰਹੇਜ਼ ਕਰਨਾ ਚਾਹੀਦਾ ਹੈ।"

ਤਸਵੀਰ ਸਰੋਤ, Getty Images
ਮੁਢਲੀ ਸਹਾਇਤਾ ਦੀ ਮਹੱਤਤਾ
ਡਾ. ਕੇਕੇ ਦਾ ਕਹਿਣਾ ਹੈ ਕਿ ਮੁੱਢਲੀ ਸਹਾਇਤਾ ਗੋਲਡਨ ਆਵਰ ਦਾ ਇੱਕ ਮਹੱਤਵਪੂਰਨ ਪਹਿਲੂ ਹੈ।
ਉਹ ਅੱਗੇ ਕਹਿੰਦੇ ਹਨ, "ਜੇਕਰ ਕਿਸੇ ਨੂੰ ਦਿਲ ਦਾ ਦੌਰਾ ਪੈ ਰਿਹਾ ਹੈ, ਤਾਂ ਸਭ ਤੋਂ ਪਹਿਲਾਂ ਐਂਬੂਲੈਂਸ ਨੂੰ ਸੂਚਿਤ ਕਰਨਾ ਹੈ। ਐਂਬੂਲੈਂਸ ਵਿੱਚ ਮੌਜੂਦ ਲੋਕਾਂ ਨੂੰ ਜ਼ਰੂਰੀ ਮੁੱਢਲੀ ਸਹਾਇਤਾ ਕਰਨੀ ਚਾਹੀਦੀ ਹੈ। ਹਸਪਤਾਲ ਨੂੰ ਪਹਿਲਾਂ ਹੀ ਸੂਚਿਤ ਕੀਤਾ ਜਾਣਾ ਚਾਹੀਦਾ ਹੈ ਅਤੇ ਤੁਰੰਤ ਇਲਾਜ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ। ਇਹ ਸਭ ਗੋਲਡਨ ਆਵਰ ਦੌਰਾਨ ਹੁੰਦਾ ਹੈ।"
"ਇਸ ਨੂੰ ਡਾਕਟਰੀ ਖੇਤਰ ਵਿੱਚ ਰਾਈਟ ਸਾਈਡ ਏਰਰ, ਰੌਂਗ ਸਾਈਡ ਏਰਰ ਕਿਹਾ ਜਾਂਦਾ ਹੈ। ਇੱਕ ਵਿਅਕਤੀ ਨੂੰ ਲੱਗਦਾ ਹੈ ਕਿ ਉਸ ਨੂੰ ਛਾਤੀ ਵਿੱਚ ਦਰਦ ਹੈ ਅਤੇ ਉਹ ਤੁਰੰਤ ਜਾਂਚ ਲਈ ਹਸਪਤਾਲ ਜਾਂਦਾ ਹੈ। ਪਰ ਜੇਕਰ ਜਾਂਚ ਦੇ ਨਤੀਜੇ ਦਿਖਾਉਂਦੇ ਹਨ ਕਿ ਉਸ ਨੂੰ ਕੋਈ ਗੰਭੀਰ ਨੁਕਸਾਨ ਨਹੀਂ ਹੋਇਆ ਹੈ, ਤਾਂ ਇਹ ਰਾਈਡ ਸਾਈਡ ਏਰਰ ਹੈ।"
"ਉਹ ਪ੍ਰਭਾਵਿਤ ਨਹੀਂ ਹੋਇਆ ਪਰ ਉਸ ਨੇ ਸਾਵਧਾਨੀ ਵਜੋਂ ਕੰਮ ਕੀਤਾ ਹੈ। ਇਸ ਵਿੱਚ ਸ਼ਾਮਲ ਸਮਾਂ ਅਤੇ ਲਾਗਤ ਨੂੰ ਬਰਬਾਦ ਨਹੀਂ ਮੰਨਿਆ ਜਾਣਾ ਚਾਹੀਦਾ।"
ਉਹ ਕਹਿੰਦੇ ਹਨ, "ਇਸ ਤੋਂ ਇਲਾਵਾ, ਜੇਕਰ ਕੋਈ ਵਿਅਕਤੀ ਸੋਚਦਾ ਹੈ ਕਿ ਉਸ ਨੂੰ ਕੋਈ ਗੰਭੀਰ ਸਮੱਸਿਆ ਨਹੀਂ ਹੈ ਅਤੇ ਉਹ ਇਲਾਜ ਨਹੀਂ ਕਰਵਾਉਂਦਾ ਜਾਂ ਹਸਪਤਾਲ ਨੂੰ ਸੂਚਿਤ ਨਹੀਂ ਕਰਦਾ, ਅਤੇ ਨਤੀਜੇ ਵਜੋਂ ਕੁਝ ਵਾਪਰ ਜਾਂਦਾ ਹੈ, ਤਾਂ ਇਸ ਨੂੰ ਰੌਂਗ ਸਾਈਡ ਏਰਰ ਕਿਹਾ ਜਾਂਦਾ ਹੈ। ਜੇਕਰ ਉਨ੍ਹਾਂ ਨੇ ਸਾਵਧਾਨੀ ਨਾਲ ਕੰਮ ਕੀਤਾ ਹੁੰਦਾ, ਤਾਂ ਘਟਨਾ ਨੂੰ ਟਾਲਿਆ ਜਾ ਸਕਦਾ ਸੀ।"

ਮੌਜੂਦ ਲੋਕਾਂ ਦੀ ਭੂਮਿਕਾ
ਡਾ. ਕੇਕੇ ਕਹਿੰਦੇ ਹਨ ਕਿ ਜੇਕਰ ਸਿਹਤ ਸਮੱਸਿਆ ਤੋਂ ਪੀੜਤ ਵਿਅਕਤੀ ਤੁਰੰਤ ਫ਼ੈਸਲੇ ਲੈਣ ਵਿੱਚ ਅਸਮਰੱਥ ਹੈ ਤਾਂ ਗੋਲਡਨ ਆਵਰ ਵਿੱਚ ਉਨ੍ਹਾਂ ਦੇ ਆਲੇ ਦੁਆਲੇ ਦੇ ਲੋਕਾਂ ਦੁਆਰਾ ਤੁਰੰਤ ਕਾਰਵਾਈ ਕਰਨਾ ਵੀ ਸ਼ਾਮਲ ਹੈ।
ਉਹ ਦੱਸਦੇ ਹਨ, "ਉਦਾਹਰਣ ਵਜੋਂ, ਜੇਕਰ ਕਿਸੇ ਨੂੰ ਛਾਤੀ ਵਿੱਚ ਦਰਦ ਹੋ ਰਿਹਾ ਹੈ, ਤਾਂ ਉਸ ਨੂੰ ਤੁਰਨ ਲਈ ਮਜਬੂਰ ਨਹੀਂ ਕੀਤਾ ਜਾਣਾ ਚਾਹੀਦਾ। ਵਿਆਪਕ ਬਿਮਾਰੀ ਦੀ ਸਥਿਤੀ ਵਿੱਚ ਕੀ ਕਰਨਾ ਹੈ ਇਸ ਬਾਰੇ ਜਾਗਰੂਕਤਾ ਦੀ ਲੋੜ ਹੈ।"
"ਐਂਬੂਲੈਂਸ ਬੁਲਾਈ ਜਾਣੀ ਚਾਹੀਦੀ ਹੈ। ਜੇਕਰ ਇਸ ਵਿੱਚ ਦੇਰੀ ਹੁੰਦੀ ਹੈ, ਤਾਂ ਤੁਸੀਂ ਦੇਖ ਸਕਦੇ ਹੋ ਕਿ ਕੀ ਤੁਸੀਂ ਉਨ੍ਹਾਂ ਨੂੰ ਤੁਰੰਤ ਆਪਣੇ ਵਾਹਨ ਵਿੱਚ ਲੈ ਜਾ ਸਕਦੇ ਹੋ। ਤੁਹਾਨੂੰ ਉਨ੍ਹਾਂ ਨੂੰ ਜਿੰਨੀ ਜਲਦੀ ਹੋ ਸਕੇ ਹਸਪਤਾਲ ਲੈ ਜਾਣਾ ਚਾਹੀਦਾ ਹੈ।"
ਡਾਕਟਰਾਂ ਦਾ ਕਹਿਣਾ ਹੈ ਕਿ ਇਹ ਗੋਲਡਨ ਸਮਾਂ ਉਦੋਂ ਮਹੱਤਵਪੂਰਨ ਹੋ ਜਾਂਦਾ ਹੈ ਜਦੋਂ ਦਿਲ ਦੇ ਦੌਰੇ ਅਤੇ ਸਟ੍ਰੋਕ ਦੇ ਮਾਮਲਿਆਂ ਵਿੱਚ ਭਾਰੀ ਵਾਧਾ ਹੋ ਜਾਂਦਾ ਹੈ।

ਤਸਵੀਰ ਸਰੋਤ, Getty Images
ਕੀ ਤੁਹਾਨੂੰ ਸਾਢੇ ਚਾਰ ਘੰਟਿਆਂ ਦੇ ਅੰਦਰ ਇਲਾਜ ਦੀ ਲੋੜ ਹੈ?
ਨਿਊਰੋਲੋਜਿਸਟ ਸਤੀਸ਼ ਕੁਮਾਰ ਦਾ ਕਹਿਣਾ ਹੈ ਕਿ ਜਦੋਂ ਨਸਾਂ ਨੂੰ ਨੁਕਸਾਨ ਹੁੰਦਾ ਹੈ, ਜਿਵੇਂ ਕਿ ਸਟ੍ਰੋਕ, ਤਾਂ ਸਾਢੇ ਚਾਰ ਘੰਟਿਆਂ ਦੇ ਅੰਦਰ ਇਲਾਜ ਮੁਹੱਈਆ ਕਰਵਾਉਣਾ ਚਾਹੀਦਾ ਹੈ।
ਉਹ ਕਹਿੰਦੇ ਹਨ, "ਹਰ ਮਿੰਟ 1.9 ਮਿਲੀਅਨ ਸੈੱਲ ਮਰ ਜਾਂਦੇ ਹਨ। ਜੇਕਰ ਸਾਢੇ ਚਾਰ ਘੰਟਿਆਂ ਦੇ ਅੰਦਰ ਇਲਾਜ ਨਹੀਂ ਮਿਲਦਾ, ਤਾਂ ਬੋਲਣ ਅਤੇ ਸੋਚਣ ਦੀ ਸਮਰੱਥਾ ਪ੍ਰਭਾਵਿਤ ਹੋਵੇਗੀ। ਜੇਕਰ ਇਹ ਸਥਿਤੀ ਗੰਭੀਰ ਹੋ ਜਾਂਦੀ ਹੈ, ਤਾਂ ਬ੍ਰੇਨ ਹੇਮਰੇਜ ਦਾ ਖ਼ਤਰਾ ਹੁੰਦਾ ਹੈ। ਜੇਕਰ ਤੁਸੀਂ ਸਾਢੇ ਚਾਰ ਘੰਟਿਆਂ ਦੇ ਅੰਦਰ ਹਸਪਤਾਲ ਪਹੁੰਚ ਜਾਂਦੇ ਹੋ, ਤਾਂ ਇਸ ਨੂੰ ਬਿਨਾਂ ਕਿਸੇ ਨੁਕਸਾਨ ਦੇ ਠੀਕ ਕੀਤਾ ਜਾ ਸਕਦਾ ਹੈ।"
ਉਨ੍ਹਾਂ ਨੇ ਕਿਹਾ, "ਇਸ ਤੋਂ ਪਹਿਲਾਂ ਤੁਹਾਨੂੰ ਇਹ ਜਾਣਨ ਦੀ ਜ਼ਰੂਰਤ ਹੁੰਦੀ ਹੈ ਕਿ ਉਹ ਹਸਪਤਾਲ ਕਿੱਥੇ ਹਨ ਜੋ ਪੂਰਾ ਇਲਾਜ ਕਰਨ ਸਕਦੇ ਹਨ। ਕੁਝ ਹਸਪਤਾਲਾਂ ਵਿੱਚ ਸਾਰੀਆਂ ਸਹੂਲਤਾਂ ਨਹੀਂ ਹੋ ਸਕਦੀਆਂ। ਹਾਲਾਂਕਿ ਤੁਰੰਤ ਮੌਤ ਬਹੁਤ ਘੱਟ ਹੁੰਦੀ ਹੈ, ਪਰ ਲੰਬੇ ਸਮੇਂ ਦੇ ਪ੍ਰਭਾਵ ਹੋ ਸਕਦੇ ਹਨ।"
"ਇਹ 30-40 ਉਮਰ ਸਮੂਹ ਦੇ ਲੋਕਾਂ ਵਿੱਚ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ। ਜੇਕਰ ਸਿਹਤ ਜਾਂਚ ਨਿਯਮਤ ਅੰਤਰਾਲਾਂ 'ਤੇ ਕੀਤੀ ਜਾਵੇ ਅਤੇ ਇਸ ਦਾ ਸ਼ੁਰੂਆਤੀ ਪੜਾਵਾਂ ਵਿੱਚ ਪਤਾ ਲੱਗ ਜਾਵੇ, ਤਾਂ ਇਸ ਦਾ ਆਸਾਨੀ ਨਾਲ ਇਲਾਜ ਕੀਤਾ ਜਾ ਸਕਦਾ ਹੈ।"

ਤਸਵੀਰ ਸਰੋਤ, Getty Images
ਜੇਕਰ ਤੁਹਾਨੂੰ ਦਿਲ ਦਾ ਦੌਰਾ ਪੈਂਦਾ ਹੈ ਤਾਂ ਕੀ ਕਰਨਾ ਹੈ?
ਕਾਰਡੀਓਲੋਜਿਸਟ ਮਦਨ ਮੋਹਨ ਕਹਿੰਦੇ ਹਨ ਕਿ ਜਦੋਂ ਦਿਲ ਦਾ ਦੌਰਾ ਪੈਂਦਾ ਹੈ, ਤਾਂ ਇਲਾਜ ਇੱਕ ਘੰਟੇ ਦੇ ਅੰਦਰ ਕੀਤਾ ਜਾਣਾ ਚਾਹੀਦਾ ਹੈ। ਦਿਲ ਦਾ ਦੌਰਾ ਉਦੋਂ ਹੁੰਦਾ ਹੈ ਜਦੋਂ ਖੂਨ ਦੀਆਂ ਨਾੜੀਆਂ ਬੰਦ ਹੋ ਜਾਂਦੀਆਂ ਹਨ। ਇਹ ਖੂਨ ਦੇ ਪ੍ਰਵਾਹ ਰੁਕ ਜਾਂਦਾ ਹੈ। ਜਿੱਥੇ ਦਿਲ ਬਲਾਕ ਹੁੰਦਾ ਹੈ, ਉੱਥੇ ਦਰਦ ਹੋਵੇਗਾ।
ਦਿਲ ਦੀਆਂ ਮਾਸਪੇਸ਼ੀਆਂ ਬੇਜਾਨ ਹੋਣੀਆਂ ਸ਼ੁਰੂ ਜਾਂਦੀਆਂ ਹਨ ਅਤੇ ਉਨ੍ਹਾਂ ਵਿੱਚ ਖ਼ੂਨ ਨੂੰ ਪੰਪ ਕਰਨ ਦੀ ਸਮਰੱਥਾ ਖ਼ਤਮ ਹੋ ਜਾਂਦੀ ਹੈ।
ਇਸ ਲਈ ਖ਼ੂਨ ਦੀਆਂ ਨਾੜੀਆਂ ਵਿੱਚ ਰੁਕਾਵਟ ਨੂੰ ਠੀਕ ਕਰਨਾ ਚਾਹੀਦਾ ਹੈ। ਇਸ ਦੇ ਲਈ ਕਈ ਵੱਖ-ਵੱਖ ਇਲਾਜ ਉਪਲਬਧ ਹਨ। ਦਿਲ ਦੇ ਦੌਰੇ ਦੇ ਇਲਾਜ ਲਈ ਗੋਲਡਨ ਆਵਰ ਅੱਧੇ ਘੰਟੇ ਤੋਂ ਦੋ ਘੰਟੇ ਤੱਕ ਦਾ ਹੁੰਦਾ ਹੈ।
ਉਹ ਆਖਦੇ ਹਨ, "ਦਿਲ ਦੇ ਦੌਰੇ ਦੇ ਪੀੜਤ ਨੂੰ ਖੂਨ ਦਾ ਥੱਕਾ ਜਮਾਉਣ ਵਾਲੀ ਦਵਾਈ ਦਿੱਤੀ ਜਾਣੀ ਚਾਹੀਦੀ ਹੈ। ਵਧੇਰੇ ਗੰਭੀਰ ਮਾਮਲਿਆਂ ਵਿੱਚ, ਐਂਜੀਓਗ੍ਰਾਮ ਦੀ ਵੀ ਲੋੜ ਹੋ ਸਕਦੀ ਹੈ। ਪਰ ਇਹ ਤੁਰੰਤ ਨਹੀਂ ਕੀਤਾ ਜਾ ਸਕਦਾ।"
"ਇਸ ਲਈ ਦਵਾਈਆਂ ਤਾਮਿਲਨਾਡੂ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਉਪਲਬਧ ਹਨ। ਜੇਕਰ ਕਿਸੇ ਨੂੰ ਦਿਲ ਦਾ ਦੌਰਾ ਪੈਂਦਾ ਹੈ, ਤਾਂ ਇੱਕ ਘੰਟੇ ਦੇ ਅੰਦਰ ਹਸਪਤਾਲ ਪਹੁੰਚਣਾ ਸਭ ਤੋਂ ਵਧੀਆ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












