ਪੈਡ ਜਾਂ ਕੱਪ, ਪੀਰੀਅਡਸ ਦੌਰਾਨ ਇਸ ਦੀ ਵਰਤੋਂ ਕਰਦਿਆਂ ਇਨ੍ਹਾਂ ਗੱਲਾਂ ਦਾ ਜ਼ਰੂਰ ਰੱਖੋ ਧਿਆਨ

ਤਸਵੀਰ ਸਰੋਤ, Getty Images
ਬਹੁਤ ਸਾਰੇ ਭਾਰਤੀ ਘਰਾਂ ਵਿੱਚ ਮਾਹਵਾਰੀ ਦੌਰਾਨ ਸਫਾਈ ਬਾਰੇ ਗੱਲ ਕਰਨਾ ਅਜੇ ਵੀ ਦੁਰਲੱਭ ਗੱਲ ਹੈ।
ਆਪਣੇ ਆਪ ਤੋਂ ਹੀ ਪੁੱਛ ਲਓ, ਤੁਹਾਡੇ ਪਰਿਵਾਰ ਵਿੱਚ ਮਾਹਵਾਰੀ ਬਾਰੇ ਕਿੰਨੀ ਕੁ ਵਾਰ ਖੁੱਲ੍ਹ ਕੇ ਚਰਚਾ ਕੀਤੀ ਗਈ ਹੈ? ਵਧਦੀ ਜਾਗਰੂਕਤਾ ਦੇ ਬਾਵਜੂਦ, ਇਹ ਵਿਸ਼ਾ ਅਜੇ ਵੀ ਵਰਜਿਤ ਅਤੇ ਬੇਅਰਾਮੀ ਨਾਲ ਘਿਰਿਆ ਹੋਇਆ ਹੈ।
ਹਾਂ, ਅਸੀਂ ਹੁਣ ਸੋਸ਼ਲ ਮੀਡੀਆ ਪੋਸਟਾਂ ਅਤੇ ਵੀਡੀਓ ਦੇਖਦੇ ਹਾਂ ਜਿੱਥੇ ਔਰਤਾਂ ਆਪਣੇ ਤਜ਼ਰਬਿਆਂ, ਸਫਾਈ ਦੀ ਮਹੱਤਤਾ ਅਤੇ ਇੱਥੋਂ ਤੱਕ ਕਿ ਇੱਕ ਕੁੜੀ ਨੂੰ ਪਹਿਲੀ ਵਾਰ ਮਾਹਵਾਰੀ ਦੇ ਦਿਲ ਨੂੰ ਛੂਹਣ ਵਾਲੇ ਜਸ਼ਨਾਂ ਬਾਰੇ ਗੱਲ ਕਰਦੀਆਂ ਹਨ।
ਪਰ ਇਹ ਗੱਲਬਾਤ ਘੱਟ ਹੀ ਰਾਤ ਦੇ ਖਾਣੇ ਦੀ ਮੇਜ਼ 'ਤੇ ਚਰਚਾਵਾਂ ਜਾਂ ਸਕੂਲ ਸਿਹਤ ਸੈਸ਼ਨਾਂ ਤੱਕ ਪਹੁੰਚਦੀ ਹੈ। ਚੁੱਪੀ ਜਾਰੀ ਨਿਰੰਤਰ ਰਹਿੰਦੀ ਹੈ ਅਕਸਰ ਸਿਹਤ ਅਤੇ ਸਨਮਾਨ ਦੀ ਕੀਮਤ 'ਤੇ।
ਇਸ ਮਾਹਵਾਰੀ ਸਫਾਈ ਦਿਵਸ ਯਾਨਿ 28 ਮਈ ਨੂੰ ਆਓ ਸਮਝੀਏ ਕਿ ਮਾਹਵਾਰੀ ਦੌਰਾਨ ਚੰਗੀ ਸਫਾਈ ਦਾ ਅਸਲ ਵਿੱਚ ਕੀ ਅਰਥ ਹੈ? ਔਰਤਾਂ ਕਿਹੜੀਆਂ ਆਮ ਗ਼ਲਤੀਆਂ ਕਰਦੀਆਂ ਹਨ?
ਇਹ ਜਾਣਨ ਲਈ, ਸਾਡੇ ਸਹਿਯੋਗੀ ਨੇ ਡਾ. ਪ੍ਰੇਮਲਤਾ ਨਾਲ ਗੱਲ ਕੀਤੀ, ਜੋ ਇੱਕ ਗਾਇਨੀਕੋਲੋਜਿਸਟ ਅਤੇ ਮਦਰਾਸ ਮੈਡੀਕਲ ਕਾਲਜ ਦੀ ਸਾਬਕਾ ਪ੍ਰੋਫੈਸਰ ਹੈ। ਉਹ ਇੱਥੇ ਅਸੀੰ ਉਨ੍ਹਾਂ ਕੋਲੋਂ ਕੁਝ ਅਹਿਮ ਸਵਾਲਾਂ ਦੇ ਜਵਾਬ ਲਏ।

ਤਸਵੀਰ ਸਰੋਤ, Getty Images
ਸੈਨੇਟਰੀ ਪੈਡ ਕਿਵੇਂ ਚੁਣੀਏ?
ਤੁਹਾਨੂੰ ਸੂਤੀ ਰੇਸ਼ਿਆਂ ਤੋਂ ਬਣੇ ਸੈਨੇਟਰੀ ਨੈਪਕਿਨ ਚੁਣਨੇ ਚਾਹੀਦੇ ਹਨ। ਸੂਤੀ, ਖੂਨ ਨੂੰ ਵਧੇਰੇ ਕੁਸ਼ਲਤਾ ਨਾਲ ਸੋਖ ਲੈਂਦਾ ਹੈ ਅਤੇ ਸਿੰਥੈਟਿਕ ਸਮੱਗਰੀ ਦੇ ਮੁਕਾਬਲੇ ਘੱਟ ਜਲਣ ਪੈਦਾ ਕਰਦਾ ਹੈ।
ਨਾਈਲੋਨ ਜਾਂ ਹੋਰ ਨਕਲੀ ਕੱਪੜਿਆਂ ਤੋਂ ਬਣੇ ਨੈਪਕਿਨ ਥੋੜ੍ਹੇ ਸਸਤੇ ਹੋ ਸਕਦੇ ਹਨ, ਪਰ ਬਿਹਤਰ ਸਿਹਤ ਅਤੇ ਆਰਾਮ ਲਈ ਥੋੜ੍ਹਾ ਹੋਰ ਖਰਚ ਕਰਨਾ ਯੋਗ ਹੈ।
ਜਦੋਂ ਤੱਕ ਕਿ ਉਨ੍ਹਾਂ ਨੂੰ ਹਰ ਵਰਤੋਂ ਤੋਂ ਬਾਅਦ ਚੰਗੀ ਤਰ੍ਹਾਂ ਸਾਫ਼ ਅਤੇ ਸੁੱਕਾ ਨਾ ਲਿਆ ਜਾਵੇ ਉਦੋਂ ਤੱਕ ਪੀਰੀਅਡ ਪੈਂਟੀ ਅਤੇ ਹਾਈਬ੍ਰਿਡ ਕੱਪੜੇ ਦੇ ਪੈਡ ਵਰਗੇ ਮੁੜ ਵਰਤੋਂ ਯੋਗ ਸੂਤੀ ਉਤਪਾਦਾਂ ਤੋਂ ਬਚਣਾ ਬਿਹਤਰ ਹੈ।
ਹਾਲਾਂਕਿ ਇਹ ਬਦਲ ਲੰਬੇ ਸਮੇਂ ਵਿੱਚ ਵਾਤਾਵਰਣ-ਅਨੁਕੂਲ ਅਤੇ ਲਾਗਤ-ਪ੍ਰਭਾਵਸ਼ਾਲੀ ਹਨ, ਪਰ ਗਲ਼ਤ ਸਫਾਈ ਲਾਗਾਂ ਦੇ ਜੋਖ਼ਮ ਨੂੰ ਵਧਾ ਸਕਦੀ ਹੈ।

ਤਸਵੀਰ ਸਰੋਤ, Getty Images
ਮੁੜ ਵਰਤੋਂ ਯੋਗ ਮਾਹਵਾਰੀ ਉਤਪਾਦਾਂ ਨੂੰ ਕਿਵੇਂ ਸਾਫ਼ ਅਤੇ ਵਰਤੋਂ ਯੋਗ ਬਣਾਈ ਰੱਖਣਾ ਹੈ?
ਡਾਕਟਰ ਦਾ ਕਹਿਣਾ ਹੈ ਕਿ ਉਹ ਆਮ ਤੌਰ 'ਤੇ ਪੀਰੀਅਡ ਪੈਂਟੀ ਅਤੇ ਮੁੜ ਵਰਤੋਂ ਯੋਗ ਸੂਤੀ ਪੈਡ ਵਰਗੇ ਉਤਪਾਦਾਂ ਦੀ ਸਿਫਾਰਸ਼ ਨਹੀਂ ਕਰਦੇ ਹਨ, "ਪਰ ਇਹ ਚੀਜ਼ਾਂ ਹੁਣ ਬਾਜ਼ਾਰ ਵਿੱਚ ਉਪਲਬਧ ਹਨ, ਕਿਫਾਇਤੀ ਅਤੇ ਵਾਤਾਵਰਣ ਸੰਬੰਧੀ ਚਿੰਤਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ। ਇਸ ਲਈ ਜੇਕਰ ਤੁਸੀਂ ਇਨ੍ਹਾਂ ਦੀ ਵਰਤੋਂ ਕਰ ਰਹੇ ਹੋ, ਤਾਂ ਸਹੀ ਸਫਾਈ ਬਣਾਈ ਰੱਖਣਾ ਮਹੱਤਵਪੂਰਨ ਹੈ।"
ਸੁਰੱਖਿਅਤ ਵਰਤੋਂ ਲਈ ਉਸਦੇ ਸੁਝਾਅ –
- ਵਰਤੀ ਗਈ ਚੀਜ਼ ਨੂੰ ਵਰਤੋਂ ਤੋਂ ਤੁਰੰਤ ਬਾਅਦ ਕੋਸੇ ਪਾਣੀ ਵਿੱਚ ਭਿਓ ਦਿਓ।
- ਹਲਕੇ ਸਾਬਣ ਨਾਲ ਚੰਗੀ ਤਰ੍ਹਾਂ ਧੋਵੋ, ਕਠੋਰ ਡਿਟਰਜੈਂਟ ਜਾਂ ਐਂਟੀਸੈਪਟਿਕਸ ਤੋਂ ਬਚੋ।
- ਸਭ ਤੋਂ ਮਹੱਤਵਪੂਰਨ, ਇਸ ਨੂੰ ਸਿੱਧੀ ਧੁੱਪ ਵਿੱਚ ਪੂਰੀ ਤਰ੍ਹਾਂ ਸੁਕਾਓ। ਸੂਰਜ ਦੀ ਰੌਸ਼ਨੀ ਇੱਕ ਕੁਦਰਤੀ ਕੀਟਾਣੂਨਾਸ਼ਕ ਵਜੋਂ ਕੰਮ ਕਰਦੀ ਹੈ।
ਉਨ੍ਹਾਂ ਨੇ ਅੱਗੇ ਕਿਹਾ, "ਸਫਾਈ ਜਾਂ ਸੁਕਾਉਣ ਦੇ ਗ਼ਲਤ ਢੰਗ ਨਾਲ ਲਾਗਾਂ ਦਾ ਜੋਖ਼ਮ ਵਧ ਸਕਦਾ ਹੈ। ਇਸ ਲਈ ਜਦੋਂ ਕਿ ਇਹ ਉਤਪਾਦ ਵਾਤਾਵਰਣ-ਅਨੁਕੂਲ ਹਨ, ਸਫਾਈ ਪਹਿਲਾਂ ਆਉਣੀ ਚਾਹੀਦੀ ਹੈ।"

ਸਾਨੂੰ ਇੱਕ ਦਿਨ ਵਿੱਚ ਕਿੰਨੀ ਵਾਰ ਪੈਡ ਬਦਲਣੇ ਚਾਹੀਦੇ ਹਨ?
ਆਮ ਤੌਰ 'ਤੇ, ਦਿਨ ਵਿੱਚ ਚਾਰ ਵਾਰ ਸੈਨੇਟਰੀ ਪੈਡ ਬਦਲਣਾ ਚੰਗਾ ਹੁੰਦਾ ਹੈ। ਮਾਹਵਾਰੀ ਕੱਪ ਦੀ ਵਰਤੋਂ ਕਰਦੇ ਸਮੇਂ, ਹਰ 6 ਤੋਂ 8 ਘੰਟਿਆਂ ਵਿੱਚ ਇੱਕ ਵਾਰ ਕੱਪ ਨੂੰ 'ਅਨਲੋਡ' (ਖਾਲ੍ਹੀ) ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
ਹਾਲਾਂਕਿ, ਇਸ ਸਮੇਂ ਦੀ ਸਖ਼ਤੀ ਨਾਲ ਪਾਲਣਾ ਕਰਨਾ ਜ਼ਰੂਰੀ ਨਹੀਂ ਹੈ। ਕੁਝ ਔਰਤਾਂ ਨੂੰ ਜ਼ਿਆਦਾ ਖੂਨ ਵਹਿ ਸਕਦਾ ਹੈ। ਅਜਿਹੇ ਮਾਮਲਿਆਂ ਵਿੱਚ, ਪੈਡ ਨੂੰ ਪੂਰੀ ਤਰ੍ਹਾਂ ਭਿੱਜਣ ਤੱਕ ਉਡੀਕ ਕਰਨ ਦੀ ਬਜਾਏ ਹਰ ਤਿੰਨ ਘੰਟਿਆਂ ਵਿੱਚ ਬਦਲਣਾ ਬਿਹਤਰ ਹੈ।
ਮਾਹਵਾਰੀ ਕੱਪ ਦੀ ਵਰਤੋਂ ਕਰਦੇ ਸਮੇਂ ਤੁਹਾਨੂੰ ਕੀ ਧਿਆਨ ਵਿੱਚ ਰੱਖਣਾ ਚਾਹੀਦਾ ਹੈ?
ਡਾ. ਪ੍ਰੇਮਲਤਾ ਕਹਿੰਦੇ ਹਨ ਕਿ ਮਾਹਵਾਰੀ ਕੱਪ ਨੂੰ ਇੱਕ ਲੰਬੇ ਸਮੇਂ ਦੇ, ਕਿਫ਼ਾਇਤੀ ਬਦਲ ਵਜੋਂ ਪੇਸ਼ ਕੀਤਾ ਗਿਆ ਸੀ। ਇਸ ਨੂੰ ਕਈ ਸਾਲਾਂ ਤੱਕ ਦੁਬਾਰਾ ਵਰਤਿਆ ਜਾ ਸਕਦਾ ਹੈ, ਖ਼ਾਸ ਕਰਕੇ ਯਾਤਰਾ ਦੌਰਾਨ ਜਾਂ ਲੰਬੇ ਦਿਨਾਂ ਦੌਰਾਨ, ਇਸ ਨੂੰ ਇੱਕ ਸੁਵਿਧਾਜਨਕ ਬਦਲ ਬਣਾਉਂਦਾ ਹੈ।
ਪੀਰੀਅਡ ਪੈਂਟੀਆਂ ਅਤੇ ਮੁੜ ਵਰਤੋਂ ਯੋਗ ਸੂਤੀ ਪੈਡਾਂ ਵਾਂਗ, ਕੱਪ ਨੂੰ ਚੰਗੀ ਤਰ੍ਹਾਂ ਸਾਫ਼ ਕਰਨਾ ਚਾਹੀਦਾ ਹੈ। ਇਸ ਨੂੰ ਲਗਭਗ ਚਾਰ ਮਿੰਟ ਲਈ ਪਾਣੀ ਵਿੱਚ ਉਬਾਲੋ ਅਤੇ ਫਿਰ ਇਸ ਨੂੰ ਹਲਕੇ, ਬਿਨਾਂ ਸੁਗੰਧ ਵਾਲੇ ਸਾਬਣ ਨਾਲ ਧੋਵੋ।
ਜੇਕਰ ਤੁਹਾਡੇ ਕੋਲ ਇੱਕ ਤੋਂ ਵੱਧ ਕੱਪ ਹਨ, ਤਾਂ ਉਨ੍ਹਾਂ ਨੂੰ ਵਾਰੀ-ਵਾਰੀ ਵਰਤਣਾ ਇੱਕ ਚੰਗਾ ਵਿਚਾਰ ਹੈ। ਸਹੀ ਸਫਾਈ ਕੀਤੇ ਬਿਨਾਂ ਸਾਰਾ ਦਿਨ ਇੱਕੋ ਦੀ ਵਰਤੋਂ ਨਾ ਕਰੋ। ਹਮੇਸ਼ਾ ਉਸ ਕੱਪ ਦੀ ਵਰਤੋਂ ਕਰੋ ਜੋ ਪੂਰੀ ਤਰ੍ਹਾਂ ਸਾਫ਼ ਅਤੇ ਸੁੱਕਾ ਹੋਵੇ।
ਡਾ. ਪ੍ਰੇਮਲਤਾ ਕਹਿੰਦੇ ਹਨ ਕਿ ਮਾਹਵਾਰੀ ਇੱਕ ਬਹੁਤ ਹੀ ਕੁਦਰਤੀ ਪ੍ਰਕਿਰਿਆ ਹੈ। ਇਸ ਸਮੇਂ ਦੌਰਾਨ ਬਹੁਤ ਸਾਰੀਆਂ ਔਰਤਾਂ ਲਈ ਪੇਟ ਵਿੱਚ ਦਰਦ ਦਾ ਅਨੁਭਵ ਕਰਨਾ ਆਮ ਗੱਲ ਹੈ।
ਇਸ ਬੇਅਰਾਮੀ ਨੂੰ ਦੂਰ ਕਰਨ ਲਈ ਦਰਦ ਤੋਂ ਰਾਹਤ ਲੈਣਾ ਬਿਲਕੁਲ ਠੀਕ ਹੈ। ਇਸ ਵਿੱਚ ਕੁਝ ਵੀ ਗ਼ਲਤ ਨਹੀਂ ਹੈ।
ਉਹ ਇਹ ਵੀ ਕਹਿੰਦੇ ਹਨ ਕਿ ਮਾਹਵਾਰੀ ਦੇ ਦਰਦ ਨੂੰ ਤੁਹਾਡੇ ਰੋਜ਼ਾਨਾ ਜੀਵਨ ਵਿੱਚ ਵਿਘਨ ਨਹੀਂ ਪਾਉਣਾ ਚਾਹੀਦਾ। ਜੇਕਰ ਤੁਸੀਂ ਗੰਭੀਰ ਜਾਂ ਲਗਾਤਾਰ ਪੇਟ ਵਿੱਚ ਦਰਦ ਦਾ ਅਨੁਭਵ ਕਰ ਰਹੇ ਹੋ, ਤਾਂ ਡਾਕਟਰ ਨਾਲ ਸਲਾਹ ਕਰਨਾ ਅਤੇ ਸਹੀ ਇਲਾਜ ਲੈਣਾ ਮਹੱਤਵਪੂਰਨ ਹੈ।

ਤਸਵੀਰ ਸਰੋਤ, Getty Images
ਮਾਹਵਾਰੀ ਦੌਰਾਨ ਕੁਝ ਸਿਹਤਮੰਦ ਆਦਤਾਂ ਕੀ ਹਨ?
ਡਾ. ਪ੍ਰੇਮਲਤਾ ਸੁਝਾਅ ਦਿੰਦੇ ਹਨ ਕਿ ਮਾਹਵਾਰੀ ਚੱਕਰ ਦੌਰਾਨ ਕੁਝ ਸੁਝਾਵਾਂ ਦੀ ਪਾਲਣਾ ਕਰਨ ਦੀ ਲੋੜ ਹੈ।
ਕੁੜੀਆਂ/ਔਰਤਾਂ ਨੂੰ ਸੂਤੀ ਅੰਡਰਵੀਅਰ ਚੁਣਨਾ ਚਾਹੀਦਾ ਹੈ ਜੋ ਨਮੀ ਨੂੰ ਘਟਾਉਣ ਅਤੇ ਲਾਗਾਂ ਨੂੰ ਰੋਕਣ ਲਈ ਸਹੀ ਹਵਾਦਾਰੀ ਵਾਲਾ ਹੋਵੇ।
ਮਾਹਵਾਰੀ ਦੌਰਾਨ ਯੋਨੀ ਦੇ ਆਲੇ-ਦੁਆਲੇ ਦਾ ਖੇਤਰ ਵਧੇਰੇ ਸੰਵੇਦਨਸ਼ੀਲ ਹੁੰਦਾ ਹੈ ਅਤੇ ਸ਼ੇਵ ਕਰਨ ਨਾਲ ਮਾਈਕ੍ਰੋ-ਕੱਟ ਹੋ ਸਕਦੇ ਹਨ, ਜਿਸ ਨਾਲ ਬੈਕਟੀਰੀਆ ਅਤੇ ਵਾਇਰਲ ਇਨਫੈਕਸ਼ਨਾਂ ਦਾ ਖ਼ਤਰਾ ਵੱਧ ਜਾਂਦਾ ਹੈ।
ਡਾਕਟਰ ਇਹ ਵੀ ਸੁਝਾਅ ਦਿੰਦੇ ਹਨ ਕਿ ਇਸ ਨੂੰ ਪੂਰੀ ਤਰ੍ਹਾਂ ਸ਼ੇਵ ਕਰਨ ਦੀ ਬਜਾਏ ਵਾਲਾਂ ਨੂੰ ਕੱਟਣਾ ਵਧੇਰੇ ਬਿਹਤਰ ਹੈ। ਪਿਊਬਿਕ ਵਾਲ ਔਰਤਾਂ ਨੂੰ ਉਸ ਖੇਤਰ ਵਿੱਚ ਲਾਗ ਤੋਂ ਬਚਾਉਂਦੇ ਹਨ।
ਜੇਕਰ ਉਸ ਸਥਿਤੀ ਵਿੱਚ ਬਹੁਤ ਜ਼ਿਆਦਾ ਖੂਨ ਵਗ ਰਿਹਾ ਹੈ ਜਾਂ ਤੇਜ਼ ਬਦਬੂ ਆ ਰਹੀ ਹੈ ਤਾਂ ਔਰਤਾਂ ਨੂੰ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਇਹ ਗੰਭੀਰ ਸਿਹਤ ਸਮੱਸਿਆਵਾਂ ਦੇ ਸੰਕੇਤ ਹੋ ਸਕਦੇ ਹਨ ਅਤੇ ਇਨ੍ਹਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ।
ਯੋਨੀ ਦੀ ਸਫਾਈ ਹਮੇਸ਼ਾ ਅੱਗੇ ਤੋਂ ਪਿੱਛੇ ਤੱਕ ਕਰਨੀ ਚਾਹੀਦੀ ਹੈ। ਇਹ ਬੈਕਟੀਰੀਆ ਦੇ ਗੁਦਾ ਤੋਂ ਯੋਨੀ ਤੱਕ ਜਾਣ ਦੇ ਜੋਖ਼ਮ ਨੂੰ ਰੋਕਦਾ ਹੈ। ਇਹ ਪਿਸ਼ਾਬ ਨਾਲੀ ਦੀ ਲਾਗ ਯਾਨਿ ਯੂਟੀਆਈ ਨੂੰ ਵੀ ਰੋਕਦਾ ਹੈ।
ਜੇਕਰ ਤੁਹਾਨੂੰ ਕੋਈ ਜਲਣ, ਬਦਬੂ ਜਾਂ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਮਹਿਸੂਸ ਹੁੰਦੀ ਹੈ, ਤਾਂ ਬਿਨਾਂ ਦੇਰੀ ਕੀਤੇ ਡਾਕਟਰ ਨਾਲ ਸਲਾਹ ਕਰੋ।
2022 ਦੀ ਵਿਸ਼ਵ ਬੈਂਕ ਦੀ ਰਿਪੋਰਟ ਦੇ ਅਨੁਸਾਰ, ਦੁਨੀਆ ਭਰ ਵਿੱਚ ਲਗਭਗ 500 ਕਰੋੜ ਔਰਤਾਂ ਦੀ ਪਹੁੰਚ ਸੁਰੱਖਿਅਤ ਅਤੇ ਸਾਫ਼ ਸੈਨੇਟਰੀ ਉਤਪਾਦਾਂ ਤੱਕ ਨਹੀਂ ਹੈ।
ਪਰ ਸਮੱਸਿਆ ਸਿਰਫ਼ ਇਹੀ ਨਹੀਂ ਹੈ।
ਇਸ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਮਾਹਵਾਰੀ ਔਰਤਾਂ ਵਿੱਚ ਇੱਕ ਆਮ ਜੈਵਿਕ ਪ੍ਰਕਿਰਿਆ ਹੈ, ਫਿਰ ਵੀ ਔਰਤਾਂ ਨੂੰ ਇਸ ਲਈ ਬਹੁਤ ਸਾਰੀਆਂ ਸਮੱਸਿਆਵਾਂ ਅਤੇ ਵਿਤਕਰੇ ਦਾ ਸਾਹਮਣਾ ਕਰਨਾ ਪੈਂਦਾ ਹੈ। ਹੁਣ ਵੀ, ਬਹੁਤ ਸਾਰੀਆਂ ਥਾਵਾਂ 'ਤੇ ਔਰਤਾਂ ਇਸ ਬਾਰੇ ਖੁੱਲ੍ਹ ਕੇ ਗੱਲ ਨਹੀਂ ਕਰ ਸਕਦੀਆਂ।
ਸਹੀ ਜਾਣਕਾਰੀ ਦੀ ਘਾਟ ਅਤੇ ਸਿਹਤਮੰਦ ਉਤਪਾਦਾਂ ਤੱਕ ਪਹੁੰਚ ਦੀ ਘਾਟ ਕਾਰਨ, ਔਰਤਾਂ ਅਜਿਹੇ ਕਈ ਬਦਲ ਚੁਣਦੀਆਂ ਹਨ ਜੋ ਉਨ੍ਹਾਂ ਦੀ ਸਿਹਤ ਲਈ ਗੰਭੀਰ ਸਾਬਤ ਹੋ ਸਕਦੇ ਹਨ।
ਵਿਸ਼ਵ ਬੈਂਕ ਦੀ ਰਿਪੋਰਟ ਕਹਿੰਦੀ ਹੈ, "ਮਾਹਵਾਰੀ ਬਾਰੇ ਗ਼ਲਤ ਧਾਰਨਾਵਾਂ ਦੀਆਂ ਪੀੜ੍ਹੀਆਂ ਨੇ ਸਮਾਜਿਕ ਅਤੇ ਆਰਥਿਕ ਅਸਮਾਨਤਾਵਾਂ ਨੂੰ ਵਧਾ ਦਿੱਤਾ ਹੈ, ਜਿਸ ਨਾਲ ਔਰਤਾਂ ਦੀ ਸਿੱਖਿਆ, ਸਿਹਤ, ਸੁਰੱਖਿਆ ਅਤੇ ਸਮੁੱਚੇ ਮਨੁੱਖੀ ਵਿਕਾਸ ਤੱਕ ਪਹੁੰਚ ਸੀਮਤ ਹੋ ਗਈ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












