ਮਿੱਠਾ ਖਾਣ ਨੂੰ ਜੀਅ ਕਿਉਂ ਕਰਦਾ ਹੈ, ਕੀ ਬਿਲਕੁਲ ਮਿੱਠਾ ਛੱਡਣਾ ਸਹੀ ਹੈ - ਮਿੱਠੇ ਦੀ ਤਲਬ ਨਾਲ ਜੁੜੇ 5 ਨੁਕਤੇ

ਤਸਵੀਰ ਸਰੋਤ, Getty Images
- ਲੇਖਕ, ਰਾਜਵੀਰ ਕੌਰ ਗਿੱਲ
- ਰੋਲ, ਬੀਬੀਸੀ ਪੱਤਰਕਾਰ
ਸੱਭਿਆਚਾਰਕ ਤੌਰ 'ਤੇ ਸਾਡੇ ਖਿੱਤੇ ਵਿੱਚ ਕੁਝ ਚੰਗਾ ਹੋਵੇ ਤਾਂ ਮੂੰਹ ਮਿੱਠਾ ਕਰਨ ਦੀ ਰਿਵਾਇਤ ਹੈ। ਖਾਣੇ ਤੋਂ ਬਾਅਦ ਕੁਝ ਮਿੱਠਾ ਖਾਣ ਦਾ ਰਿਵਾਜ ਵੀ ਸਾਡੇ ਘਰਾਂ ਵਿੱਚ ਆਮ ਹੀ ਹੈ।
ਖੁਸ਼ੀ ਹੀ ਨਹੀਂ ਬਲਕਿ ਕਈ ਵਾਰ ਗ਼ਮ ਭਰੇ ਹਾਲਾਤ ਵਿੱਚ ਖਾਣੇ ਨਾਲ ਮਿੱਠਾ ਪਰੋਸਿਆ ਜਾਂਦਾ ਹੈ।
ਹਾਲਾਂਕਿ ਮਾਹਰ ਗ਼ੈਰ-ਕੁਦਰਤੀ ਮਿੱਠਾ ਖਾਣ ਦੀ ਆਦਤ ਨੂੰ ਸਿਹਤ ਦੇ ਪੱਖ ਤੋਂ ਕੋਈ ਬਹੁਤਾ ਚੰਗਾ ਨਹੀਂ ਮੰਨਦੇ।
ਫ਼ਿਰ ਵੀ ਅਸੀਂ ਕਦੇ ਨਾ ਕਦੇ ਇਹ ਜ਼ਰੂਰ ਮਹਿਸੂਸ ਕੀਤਾ ਹੈ ਕਿ ਮਿੱਠਾ ਖਾਣ ਦੀ ਅਚਾਨਕ ਤਲਬ ਲੱਗ ਜਾਂਦੀ ਹੈ ਜਾਂ ਕੋਈ ਖ਼ਾਸ ਮਠਿਆਈ ਖਾਣ ਨੂੰ ਜੀਅ ਕਰਨ ਲੱਗਦਾ ਹੈ।
ਮਨੁੱਖ ਦੀਆਂ ਭੋਜਨ ਖਾਣ ਨਾਲ ਜੁੜੀਆਂ ਆਦਤਾਂ ਬਾਰੇ ਹੋਏ ਅਧਿਐਨ ਇਸ ਗੱਲ ਦੀ ਹਾਮੀ ਭਰਦੇ ਹਨ ਕਿ ਕਈ ਵਾਰ ਮਾਨਸਿਕ ਕਾਰਨਾਂ ਕਰਕੇ ਜਾਂ ਫ਼ਿਰ ਕਈ ਵਾਰ ਸਰੀਰਕ ਪੱਖੋਂ ਸਾਨੂੰ ਮਿੱਠੀਆਂ ਚੀਜ਼ਾਂ ਖਾਣ ਦੀ ਤਲਬ ਲੱਗਦੀ ਹੈ।
ਆਖ਼ਰ ਕੀ ਕਾਰਨ ਹੈ ਕਿ ਅਸੀਂ ਮਿੱਠਾ ਖਾਣਾ ਚਾਹੁੰਦੇ ਹਾਂ, ਇਹ ਕਿੰਨਾ ਕੁ ਨੁਕਸਾਨਦੇਹ ਹੈ ਅਤੇ ਕੀ ਮੁਕੰਮਲ ਤੌਰ 'ਤੇ ਮਿੱਠਾ ਖਾਣਾ ਛੱਡ ਦੇਣਾ ਸਿਹਤ ਲਈ ਚੰਗਾ ਹੈ।
ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਜਾਣਨ ਲਈ ਅਸੀਂ ਮਾਹਰਾਂ ਨਾਲ ਗੱਲਬਾਤ ਕੀਤੀ ਹੈ।
ਸਾਡਾ ਮਿੱਠਾ ਖਾਣ ਨੂੰ ਜੀਅ ਕਿਉਂ ਕਰਦਾ ਹੈ- ਸਰੀਰਕ ਕਾਰਨ

ਤਸਵੀਰ ਸਰੋਤ, Getty Images
ਸਾਡੇ ਵਿੱਚੋਂ ਜ਼ਿਆਦਾਤਰ ਲੋਕਾਂ ਨੂੰ ਪਤਾ ਹੀ ਹੈ ਕਿ ਜਦੋਂ ਖਾਣੇ ਦੀ ਤਲਬ ਲੱਗਦੀ ਹੈ ਤਾਂ ਕੀ ਮਹਿਸੂਸ ਹੁੰਦਾ ਹੈ।
ਅਸੀਂ ਅਕਸਰ ਜ਼ਿਆਦਾ ਕੈਲੋਰੀਜ਼ ਵਾਲਾ ਜਾਂ ਮਿੱਠਾ ਭੋਜਨ ਖਾਣਾ ਚਾਹੁੰਦੇ ਹਾਂ ਜਿਸ ਵਿੱਚ ਕਾਰਬੋਹਾਈਡਰੇਟ ਜ਼ਿਆਦਾ ਹੋਣ ਅਤੇ ਸਾਨੂੰ ਖਾ ਕੇ ਸਕੂਨ ਮਹਿਸੂਸ ਹੋਵੇ।
ਹਾਲਾਂਕਿ ਇਹ ਭਾਰ ਵਧਾਉਣ ਵਾਲਾ ਸਾਬਤ ਹੋ ਸਕਦਾ ਹੈ ਅਤੇ ਬਾਡੀ ਮਾਸ ਇੰਡੈਕਸ (ਬੀਐੱਮਆਈ) ਵੀ ਵਧਾ ਸਕਦਾ ਹੈ।
ਸਾਨੂੰ ਮਿੱਠਾ ਖਾਣ ਦੀ ਤਲਬ ਕਦੋਂ ਲੱਗਦੀ ਹੈ ਇਸ ਬਾਰੇ ਹੋਈਆਂ ਜ਼ਿਆਦਾਤਰ ਖੋਜਾਂ ਵਿੱਚ ਸਾਹਮਣੇ ਆਇਆ ਕਿ ਵਧੇਰੇ ਕਾਰਨ ਮਨੋਵਿਗਿਆਨਕ ਹਨ।
ਇਸ ਤੋਂ ਇਲਾਵਾ ਸਰੀਰਕ ਲੋੜਾਂ ਅਤੇ ਸਮਾਜਿਕ ਰਵਾਇਤਾਂ ਵੀ ਇਸ ਲਈ ਜ਼ਿੰਮੇਵਾਰ ਹੋ ਸਕਦੀਆਂ ਹਨ।
ਪੀਜੀਆਈ ਚੰਡੀਗੜ੍ਹ ਦੇ ਡਾਈਟੇਟਿਕਸ ਵਿਭਾਗ ਦੇ ਮੁਖੀ ਡਾਕਟਰ ਨੈਨਸੀ ਸਾਹਨੀ ਕਹਿੰਦੇ ਹਨ,"ਜਦੋਂ ਅਸੀਂ ਖ਼ੁਰਾਕ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਆਮ ਤੌਰ 'ਤੇ ਆਪਣਾ ਭਾਰ ਘਟਾਉਣ ਦੇ ਵਿਚਾਰ ਨਾਲ ਤਾਂ ਅਕਸਰ ਲੋਕ ਕਾਰਬੋਹਾਈਡਰੇਟਸ ਖਾਣਾ ਘੱਟ ਕਰ ਦਿੰਦੇ ਹਨ।"
"ਲੋਕ ਸਿਰਫ਼ ਪ੍ਰੋਟੀਨ ਜਾਂ ਘੱਟ ਕਾਰਬੋਹਾਈਡਰੇਟਸ ਵਾਲਾ ਭੋਜਣ ਖਾਣ ਲੱਗਦੇ ਹਨ। ਪਰ ਕਾਰਬੋਹਾਈਡਰੇਟਸ ਦਾ ਸਾਡੇ ਸਰੀਰ ਦੀਆਂ ਗਤੀਵਿਧੀਆਂ ਵਿੱਚ ਅਹਿਮ ਯੋਗਦਾਨ ਹੈ।"
ਉਹ ਕਹਿੰਦੇ ਹਨ,"ਕਾਰਬੋਹਾਈਡਰੇਟ ਕਈ ਰੂਪਾਂ ਵਿੱਚ ਆਉਂਦੇ ਹਨ। ਜਿਸ ਵਿੱਚ ਸ਼ੱਕਰ ਵੀ ਸ਼ਾਮਲ ਹੈ, ਜੋ ਕੁਦਰਤੀ ਤੌਰ 'ਤੇ ਬਹੁਤ ਸਾਰੇ ਭੋਜਨਾਂ ਵਿੱਚ ਹੋ ਸਕਦੀ ਹੈ, ਜਿਵੇਂ ਕਿ ਫਲਾਂ ਵਿੱਚ ਫਰੂਟੋਜ਼ ਅਤੇ ਦੁੱਧ ਵਿੱਚ ਲੈਕਟੋਜ਼ ਦੇ ਰੂਪ ਵਿੱਚ।"
"ਇਸ ਲਈ ਜਦੋਂ ਸਰੀਰ ਨੂੰ ਕਾਰਬੋਹਾਈਡਰੇਟਸ ਦੀ ਲੋੜ ਹੁੰਦੀ ਹੈ ਤਾਂ ਉਹ ਸ਼ੂਗਰ ਜਾਂ ਮਿੱਠੇ ਭੋਜਨਾਂ ਦੀ ਮੰਗ ਕਰਦਾ ਹੈ।"
"ਇਸ ਤੋਂ ਇਲਾਵਾ ਮਾਨਸਿਕ ਕਾਰਨ ਵੀ ਹੋ ਸਕਦੇ ਹਨ। ਕਈ ਵਾਰ ਉਦਾਸ ਹੋਣ ਉੱਤੇ ਜਾਂ ਫ਼ਿਰ ਜ਼ਿਹਨੀ ਤੌਰ ਉੱਤੇ ਕੋਈ ਚਿੰਤਾ ਹੋਣ 'ਤੇ ਲੋਕ ਮਿੱਠੇ ਪਦਾਰਥ ਖਾਣ ਨੂੰ ਤਰਜ਼ੀਹ ਦਿੰਦੇ ਹਨ।"
"ਅਜਿਹੀ ਸਥਿਤੀ ਵਿੱਚ ਮਿੱਠਾ ਖਾਣ ਨਾਲ ਮਨ ਨੂੰ ਚੰਗਾ ਲੱਗਦਾ ਹੈ। ਕਿਉਂਕਿ ਸਾਡੀ ਕੰਡੀਸ਼ਨਿੰਗ ਹੈ ਕਿ ਮਿੱਠਾ ਖਾਣਾ ਸੁਖ ਭਰਿਆ ਹੈ।"
ਵਿਵਹਾਰਿਕ ਕਾਰਨਾਂ ਕਰਕੇ ਹੁੰਦੀ ਹੈ ਸ਼ੂਗਰ ਕਰੇਵਿੰਗ

ਤਸਵੀਰ ਸਰੋਤ, Getty Images
1900 ਦੇ ਦਹਾਕੇ ਦੇ ਸ਼ੁਰੂ ਵਿੱਚ, ਰੂਸੀ ਵਿਗਿਆਨੀ ਇਵਾਨ ਪਾਵਲੋਵ ਨੇ ਵਿਵਹਾਰ ਨਾਲ ਜੁੜੀਆਂ ਕਈ ਖੋਜਾਂ ਕੁੱਤਿਆਂ ਦੇ ਪੱਕ ਚੁੱਕੇ ਵਿਵਹਾਰਿਕ ਵਰਤਾਰੇ ਦੇ ਆਧਾਰ 'ਤੇ ਕੀਤੀਆਂ।
ਪਾਵਲੋਵ ਨੇ ਇੱਕ ਤਜ਼ਰਬਾ ਕੀਤਾ। ਕੁੱਤਿਆਂ ਨੂੰ ਖਾਣਾ ਦੇਣ ਤੋਂ ਪਹਿਲਾਂ ਇੱਕ ਘੰਟੀ ਵਜਾਈ ਜਾਂਦੀ। ਨਤੀਜਾ ਇਹ ਹੋਇਆ ਕਿ ਕੁੱਤਿਆਂ ਦੀ ਕੰਡੀਸ਼ਨਿੰਗ (ਕਿਸੇ ਇੱਕ ਵਰਤਾਰੇ ਦਾ ਪੱਕ ਜਾਣਾ) ਹੋ ਗਈ ਅਤੇ ਘੰਟੀ ਦੀ ਆਵਾਜ਼ ਸੁਣਦਿਆਂ ਹੀ ਉਹ ਸਮਝ ਜਾਂਦੇ ਕਿ ਹੁਣ ਖਾਣਾ ਮਿਲੇਗਾ ਅਤੇ ਉਨ੍ਹਾਂ ਦੀ ਲਾਰ ਵਗਣ ਲੱਗਦੀ।
ਬੀਬੀਸੀ ਪੱਤਰਕਾਰ ਜੈਸਿਕਾ ਬ੍ਰਾਊਨ ਦੀ ਰਿਪੋਰਟ ਮੁਤਾਬਕ ਪੈਨਿੰਗਟਨ ਬਾਇਓਮੈਡੀਕਲ ਰਿਸਰਚ ਸੈਂਟਰ ਵਿਖੇ ਕਲੀਨਿਕਲ ਨਿਊਟ੍ਰੀਸ਼ਨ ਅਤੇ ਮੈਟਾਬੋਲਿਜ਼ਮ ਦੇ ਸਹਾਇਕ ਪ੍ਰੋਫ਼ੈਸਰ ਜੌਨ ਅਪੋਲਜ਼ਨ ਕਹਿੰਦੇ ਹਨ ਕਿ ਭੋਜਨ ਦੀ ਲਾਲਸਾ ਨੂੰ ਵੀ ਇਸੇ ਕੰਡੀਸ਼ਨਿੰਗ ਪ੍ਰਤੀਕਿਰਿਆ ਦੁਆਰਾ ਸਮਝਾਇਆ ਜਾ ਸਕਦਾ ਹੈ।
ਉਹ ਦਰਸਾਉਂਦੇ ਹਨ ਕਿ ਮਨੁੱਖੀ ਖਾਣ-ਪੀਣ ਦਾ ਵਰਤਾਰਾ ਵੀ ਕਈ ਬੱਝੀਆਂ ਹੋਈਆਂ ਸਮਾਜਿਕ ਰਵਾਇਤਾਂ ਦੇ ਆਧਾਰ 'ਤੇ ਬਦਲਦਾ ਰਹਿੰਦਾ ਹੈ।
"ਜੇਕਰ ਤੁਸੀਂ ਆਪਣਾ ਮਨਪਸੰਦ ਟੀਵੀ ਸ਼ੋਅ ਦੇਖਦੇ ਸਮੇਂ ਹਮੇਸ਼ਾ ਪੌਪਕਾਰਨ ਖਾਂਦੇ ਹੋ, ਤਾਂ ਜਦੋਂ ਵੀ ਤੁਸੀਂ ਟੀਵੀ ਦੇਖੋਗੇ ਤੁਹਾਡੇ ਜ਼ਿਹਨ ਵਿੱਚ ਪੌਪਕਾਰਨ ਦਾ ਖ਼ਿਆਲ ਆਵੇਗਾ।"
ਪੀਜੀਆਈ ਚੰਡੀਗੜ੍ਹ ਦੇ ਡਾਈਟੇਟਿਕਸ ਵਿਭਾਗ ਦੇ ਮੁਖੀ ਡਾਕਟਰ ਨੈਨਸੀ ਸਾਹਨੀ ਕਹਿੰਦੇ ਹਨ, "ਸਾਡੀ ਕੰਡੀਸ਼ਨਿੰਗ ਸੱਭਿਆਚਾਰਕ ਤੌਰ 'ਤੇ ਹੀ ਅਜਿਹੀ ਹੋਈ ਹੈ ਕਿ ਮਿੱਠਾ ਖਾਣ ਦੇ ਮੌਕੇ ਆਪ ਮੁਹਾਰੇ ਸਾਹਮਣੇ ਆ ਜਾਂਦੇ ਹਨ।"
"ਅਸੀਂ ਖ਼ੁਸ਼ੀਆਂ ਮਨਾਉਂਦੇ ਹਾਂ ਜਿਵੇਂ ਜਦੋਂ ਘਰ ਵਿੱਚ ਬੱਚਾ ਪੈਦਾ ਹੋਵੇ ਤਾਂ ਮਠਿਆਈ ਹੀ ਵੰਡੀ ਜਾਂਦੀ ਹੈ। ਜਨਮਦਿਨ ਹੋਵੇ ਤਾਂ ਕੇਕ ਹੀ ਖਾਦਾ ਜਾਂਦਾ ਹੈ। ਸੱਭਿਆਚਾਰਕ ਤੌਰ 'ਤੇ ਸਾਡਾ ਮਨ ਹੀ ਇਸ ਤਰ੍ਹਾਂ ਦਾ ਬਣਿਆ ਹੋਇਆ ਹੈ ਕਿ ਸਾਨੂੰ ਖੁਸ਼ੀ ਮਨਾਉਣ ਸਮੇਂ ਖਾਣ ਲਈ ਕੋਈ ਹੋਰ ਬਦਲ ਸੁਝਦੇ ਹੀ ਨਹੀਂ ਹਨ।"
ਮਾਨਸਿਕ ਤੌਰ 'ਤੇ ਕਿਹੜੇ ਪੱਖ ਪ੍ਰਭਾਵਿਤ ਕਰਦੇ ਹਨ

ਜਦੋਂ ਸਾਡਾ ਜੀਅ ਸ਼ੂਗਰ ਵਾਲੇ ਪਦਾਰਥ ਖਾਣ ਨੂੰ ਕਰਦਾ ਹੈ ਉਸ ਸਮੇਂ ਇਸ ਦੇ ਕਈ ਮਨੋਵਿਗਿਆਨਕ ਕਾਰਨ ਵੀ ਹੁੰਦੇ ਹਨ।
ਅਕਸਰ ਐਂਗਜ਼ਾਇਟੀ ਤੋਂ ਪੀੜਤ ਲੋਕ ਸ਼ਿਕਾਇਤ ਕਰਦੇ ਹਨ ਕਿ ਉਨ੍ਹਾਂ ਦਾ ਮਠਿਆਈਆਂ ਖਾਣ ਨੂੰ ਜੀਅ ਕਰਦਾ ਰਹਿੰਦਾ ਹੈ। ਇਸ ਦਾ ਕਾਰਨ ਸਮਝਾਉਂਦਿਆਂ ਪੋਸ਼ਨ ਮਾਹਰ ਰੀਮਾ ਹਿੰਗੋਰਾਨੀ ਮਾਧੀਅਨ ਕਹਿੰਦੇ ਹਨ, "ਇੱਕ ਅਣੂ ਜੋ ਦਿਮਾਗ ਨੂੰ ਚੰਗਾ ਮਹਿਸੂਸ ਕਰਵਾਉਣ ਵਾਲੇ ਰਸਾਇਣ ਡੋਪਾਮੀਨ ਅਤੇ ਸੇਰੋਟੋਨਿਨ ਛੱਡਣ ਲਈ ਪ੍ਰੇਰਿਤ ਕਰਦਾ ਹੈ ਉਹ ਕੁਝ ਖ਼ਾਸ ਭੋਜਨ ਨਾਲ ਗਤੀਸ਼ੀਲ ਹੋ ਜਾਂਦਾ ਹੈ।"
ਉਹ ਕਹਿੰਦੇ ਹਨ, "ਮਨ ਲਈ ਡੋਪਾਮੀਨ ਰਸਾਇਣ ਸੁਖ਼ਦ ਅਹਿਸਾਸ ਦੇਣ ਵਾਲੇ ਹੁੰਦਾ ਹੈ ਜਿਸ ਨੂੰ ਅਕਸਰ ਅਸੀਂ ਇੱਕ ਇਨਾਮ ਵਜੋਂ ਦੇਖਦੇ ਹਾਂ। ਇਸ ਲਈ ਮਨ ਉਸ ਵਿਵਹਾਰ ਨੂੰ ਦੁਹਰਾਉਣ ਲਈ ਪ੍ਰੇਰਿਤ ਕਰਦਾ ਹੈ ਤਾਂ ਜੋ ਡੋਪਾਮੀਨ ਰਿਲੀਜ਼ ਦਾ ਕਾਰਨ ਬਣਦੇ ਹਨ।"
"ਡੋਪਾਮੀਨ ਸਾਨੂੰ ਭੋਜਨ ਦੀ ਭਾਲ ਲਈ ਪ੍ਰੇਰਿਤ ਕਰਦਾ ਹੈ। ਖ਼ਾਸਕਰ ਅਸੀਂ ਜੰਕ ਫੂਡ, ਜ਼ਿਆਦਾ ਕਾਰਬੋਹਾਈਡਰੇਟਸ ਵਾਲਾ ਭੋਜਨ ਜਾਂ ਸ਼ੂਗਰ ਵਾਲਾ ਭੋਜਨ ਖਾਣ ਦੀ ਇੱਛਾ ਰੱਖਦੇ ਹਾਂ।"
ਖੰਡ ਨਾ ਖਾਣ ਦੇ ਨੁਕਸਾਨ ਅਤੇ ਫ਼ਾਇਦੇ

ਤਸਵੀਰ ਸਰੋਤ, Getty Images
ਖੰਡ ਦੀ ਮਾਤਰਾ ਘਟਾਉਣ ਦੇ ਸਪੱਸ਼ਟ ਸਿਹਤ ਲਾਭ ਹਨ, ਜਿਸ ਵਿੱਚ ਕੈਲੋਰੀ ਦੀ ਮਾਤਰਾ ਘਟਾਉਣਾ ਸ਼ਾਮਲ ਹੈ, ਜੋ ਭਾਰ ਘਟਾਉਣ ਅਤੇ ਦੰਦਾਂ ਦੀ ਸਿਹਤ ਵਿੱਚ ਸੁਧਾਰ ਕਰਨ ਵਿੱਚ ਮਦਦ ਕਰ ਸਕਦਾ ਹੈ।
ਪਰ ਲੋਕ ਕਈ ਵਾਰ ਘੱਟ ਖੰਡ ਖਾਣ ਦੀ ਕੋਸ਼ਿਸ਼ ਕਰਨ 'ਤੇ ਮਾੜੇ ਪ੍ਰਭਾਵਾਂ ਦਾ ਅਨੁਭਵ ਕਰਨ ਦੀ ਗੱਲ ਕਰਦੇ ਹਨ। ਸਿਰ ਦਰਦ, ਥਕਾਵਟ ਜਾਂ ਮੂਡ ਵਿੱਚ ਬਦਲਾਅ, ਜੋ ਕਿ ਆਮ ਤੌਰ 'ਤੇ ਅਸਥਾਈ ਹੁੰਦੇ ਹਨ, ਲੱਛਣਾਂ ਵਿੱਚੋਂ ਇੱਕ ਹਨ।
ਇਨ੍ਹਾਂ ਮਾੜੇ ਪ੍ਰਭਾਵਾਂ ਦਾ ਕਾਰਨ ਇਸ ਵੇਲੇ ਬਹੁਤ ਘੱਟ ਸਮਝਿਆ ਗਿਆ ਹੈ।
ਪਰ ਇਹ ਸੰਭਵ ਹੈ ਕਿ ਇਹ ਲੱਛਣ ਮਿੱਠੇ ਭੋਜਨ ਦੇ ਸੰਪਰਕ ਵਿੱਚ ਆਉਣ 'ਤੇ ਦਿਮਾਗ ਕਿਵੇਂ ਪ੍ਰਤੀਕਿਰਿਆ ਕਰਦਾ ਹੈ ਨਾਲ ਸਬੰਧਤ ਹਨ।
ਮਿੱਠਾ ਖਾਣ ਦੀ ਤਲਬ ਤੋਂ ਬਚਿਆ ਕਿਵੇਂ ਜਾ ਸਕਦਾ ਹੈ

ਤਸਵੀਰ ਸਰੋਤ, Getty Images
ਮਿੱਠਾ ਖਾਣ ਦੇ ਨੁਕਸਾਨਾਂ ਬਾਰੇ ਗੱਲ ਕਰਦਿਆਂ ਡਾਕਟਰ ਨੈਂਨਸੀ ਕਹਿੰਦੇ ਹਨ, "ਕਿਸੇ ਵੀ ਚੀਜ਼ ਦਾ ਲੋੜ ਤੋਂ ਵੱਧ ਸੇਵਨ ਸਿਹਤ ਲਈ ਨੁਕਸਾਨਦੇਹ ਹੈ।"
“ਵਧੇਰੇ ਮਿੱਠੇ ਭੋਜਨ ਨਾਲ ਸਭ ਤੋਂ ਪਹਿਲਾ ਭਾਰ ਵਧਦਾ ਹੈ ਅਤੇ ਇਸ ਤੋਂ ਬਾਅਦ ਮੋਟਾਪੇ ਨਾਲ ਜੁੜੇ ਰੋਗ ਜਿਵੇਂ ਕਿ ਸ਼ੂਗਰ, ਹਾਈਬਲੱਡ ਪ੍ਰੈਸ਼ਰ ਵਰਗੀਆਂ ਅਲਾਮਤਾਂ ਤੁਹਾਨੂੰ ਘੇਰ ਸਕਦੀਆਂ ਹਨ।“
“ਇਸ ਤੋਂ ਬਚਣ ਲਈ ਜ਼ਰੂਰੀ ਹੈ ਕਿ ਜਦੋਂ ਵੀ ਤੁਹਾਡੀ ਕੁਝ ਮਿੱਠਾ ਖਾਣ ਦੀ ਇੱਛਾ ਹੋਵੇ ਜਿਸ ਦੀ ਤੁਹਾਡੇ ਸਰੀਰ ਨੂੰ ਅਸਲ ਵਿੱਚ ਲੋੜ ਨਹੀਂ ਹੈ ਤਾਂ ਉਸ ਸਮੇਂ ਆਪਣਾ ਧਿਆਨ ਕਿਸੇ ਹੋਰ ਪਾਸੇ ਲਾਓ।"
ਉਹ ਕਹਿੰਦੇ ਹਨ, "ਇਹ ਮਹਿਜ਼ 30 ਸੈਕਿੰਡ ਦਾ ਮਾਮਲਾ ਹੈ। ਜਦੋਂ ਮਨ ਜਾਂ ਸਰੀਰ ਮਿੱਠਾ ਖਾਣ ਨੂੰ ਕਹੇ ਉਸ ਸਮੇਂ ਜਾਂ ਤਾਂ ਸੈਰ ਕਰਨ ਚਲੇ ਜਾਓ ਜਾਂ ਫ਼ਿਰ ਟੀਵੀ ਦੇਖੋ ਜਾਂ ਕੁਝ ਵੀ ਅਜਿਹਾ ਕਰੋ ਜੋ ਤੁਹਾਨੂੰ ਸਕੂਨ ਦਿੰਦਾ ਹੈ, ਅਜਿਹਾ ਸਕੂਨ ਜੋ ਉਸ ਸਮੇਂ ਕਿਸੇ ਮਿੱਠੀ ਚੀਜ਼ ਖਾਣ ਤੋਂ ਹਾਸਿਲ ਹੋਣਾ ਸੀ।"
"ਇਸ ਤਰ੍ਹਾਂ ਤੁਸੀਂ ਬੇਲੋੜਾ ਮਿੱਠਾ ਖਾਣ ਤੋਂ ਬਚ ਸਕਦੇ ਹੋ।"

ਤਸਵੀਰ ਸਰੋਤ, Getty Images
ਰੀਮਾ ਹਿੰਗੋਰਾਨੀ ਮਾਧੀਅਨ ਕਹਿੰਦੇ ਹਨ ਕਿ ਇਸ ਨੂੰ ਠੀਕ ਕਰਨ ਦਾ ਇੱਕ ਸਭ ਤੋਂ ਬਿਹਤਰ ਤਰੀਕਾ ਹੈ ਕਿ ਸੰਤੁਲਿਤ ਭੋਜਨ ਦਾ ਸੇਵਨ ਕੀਤਾ ਜਾਵੇ।
"ਪ੍ਰੋਟੀਨ, ਫ਼ਾਈਬਰ ਅਤੇ ਕਾਰਬੋਹਾਈਡਰੇਟ ਵਾਲਾ ਭੋਜਨ ਬਲੱਡ ਸ਼ੂਗਰ ਵਿੱਚ ਬਦਲਦਾ ਹੈ ਅਤੇ ਇਹ ਮਿੱਠਾ ਖਾਣ ਦੀ ਤਲਬ ਤੋਂ ਬਚਾ ਕਰ ਸਕਦਾ ਹੈ।"
ਉਹ ਕੁਝ ਭੋਜਨ ਖਾਣ ਤੋਂ ਮਨਾਂ ਕਰਦੇ ਹਨ ਜੋ ਕਿ ਡੱਬਾ ਬੰਦ ਪ੍ਰੋਸੈਸਡ ਭੋਜਨ ਖਾਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
ਰੀਮਾ ਹਿੰਗੋਰਾਨੀ ਮਾਧੀਅਨ ਕਹਿੰਦੇ ਹਨ,"ਕੁਦਰਤੀ ਤੌਰ 'ਤੇ ਮੌਜੂਦ ਮਿੱਠੇ ਪਦਾਰਥ ਖਾਣਾ ਸਹੀ ਹੈ। ਕਿਸੇ ਪੈਕਡ ਚਾਕਲੇਟ ਨਾਲੋਂ ਪਨੀਰ ਦਾ ਬਣਿਆ ਰਸਗੁੱਲਾ ਖਾਣਾ ਸਿਹਤ ਲਈ ਠੀਕ ਹੈ।"
ਹਾਲਾਂਕਿ ਮਾਹਰ ਬਿਲਕੁਲ ਮਿੱਠਾ ਖਾਣਾ ਛੱਡ ਦੇਣ ਨੂੰ ਵੀ ਸਰੀਰਕ ਸਿਹਤ ਲਈ ਨੁਕਸਾਨਦੇਹ ਮੰਨਦੇ ਹਨ। ਮਾਹਰਾਂ ਮੁਤਾਬਕ ਇਸ ਨਾਲ ਸਰੀਰ ਵਿੱਚ ਲੋੜੀਂਦੇ ਗੁਲੋਕੋਜ਼ ਨਹੀਂ ਮਿਲਦੇ ਜੋ ਤੰਦਰੁਸਤੀ ਲਈ ਜ਼ਰੂਰੀ ਹੁੰਦੇ ਹਨ।
ਇਸ ਤੋਂ ਇਲਾਵਾ ਭੋਜਨ ਵਿੱਚ ਪ੍ਰੋਟੀਨ ਦਾ ਸੇਵਨ ਵਧਾਓ ਅਤੇ ਕਸਰਤ ਨੂੰ ਆਪਣੀ ਜੀਵਨਸ਼ੈਲੀ ਦਾ ਹਿੱਸਾ ਬਣਾਓ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












