ਦੀਪਿਕਾ ਕੱਕੜ ਨੂੰ ਹੋਇਆ ਸਟੇਜ 2 ਲਿਵਰ ਕੈਂਸਰ, ਜਾਣੋ ਕੀ ਹਨ ਇਸ ਬਿਮਾਰੀ ਦੇ ਲੱਛਣ ਅਤੇ ਕਿਵੇਂ ਬਚਾਅ ਰੱਖਿਆ ਜਾ ਸਕਦਾ ਹੈ

ਦੀਪਿਕਾ ਕੱਕੜ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਟੈਲੀਵਿਜ਼ਨ ਦੇ ਜਾਣੇ-ਪਛਾਣੇ ਅਦਾਕਾਰਾ ਦੀਪਿਕਾ ਕੱਕੜ ਲਿਵਰ ਦੇ ਕੈਂਸਰ ਨਾਲ ਪੀੜਤ ਹਨ
    • ਲੇਖਕ, ਅਨੁਰੀਤ ਭਾਰਦਵਾਜ
    • ਰੋਲ, ਬੀਬੀਸੀ ਸਹਿਯੋਗੀ

ਟੈਲੀਵਿਜ਼ਨ ਦੇ ਜਾਣੇ-ਪਛਾਣੇ ਅਦਾਕਾਰਾ ਦੀਪਿਕਾ ਕੱਕੜ ਲਿਵਰ ਦੇ ਕੈਂਸਰ ਨਾਲ ਪੀੜਤ ਹਨ। ਉਨ੍ਹਾਂ ਨੂੰ ਸਟੇਜ 2 ਦਾ ਕੈਂਸਰ ਹੈ ਅਤੇ ਇਸ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ ਰਾਹੀਂ ਖੁਦ ਸਾਂਝੀ ਕੀਤੀ ਹੈ।

ਦੀਪਿਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਪੋਸਟ ਵਿੱਚ ਲਿਖਿਆ, "ਪਿਛਲੇ ਕੁਝ ਹਫ਼ਤੇ ਸਾਡੇ ਲਈ ਬਹੁਤ ਮੁਸ਼ਕਲ ਰਹੇ ਹਨ, ਮੈਨੂੰ ਪੇਟ ਦੇ ਉੱਪਰਲੇ ਹਿੱਸੇ ਵਿੱਚ ਦਰਦ ਕਾਰਨ ਵਾਰ-ਵਾਰ ਹਸਪਤਾਲ ਜਾਣਾ ਪਿਆ ਅਤੇ ਫਿਰ ਪਤਾ ਲੱਗਾ ਕਿ ਜਿਗਰ ਵਿੱਚ ਟੈਨਿਸ ਬਾਲ ਦੇ ਆਕਾਰ ਦਾ ਟਿਊਮਰ ਹੈ।''

''ਇਸ ਤੋਂ ਬਾਅਦ, ਡਾਕਟਰਾਂ ਨੇ ਹੋਰ ਜ਼ਰੂਰੀ ਟੈਸਟ ਕਰਵਾਉਣ ਦੀ ਸਲਾਹ ਦਿੱਤੀ, ਜਿਸ ਤੋਂ ਪਤਾ ਲੱਗਾ ਕਿ ਟਿਊਮਰ ਕੈਂਸਰ ਵਾਲਾ ਹੈ। ਮੈਨੂੰ ਦੂਜੀ ਸਟੇਜ ਦਾ ਕੈਂਸਰ ਹੋ ਗਿਆ ਹੈ। ਇਹ ਸਾਡੇ ਲਈ ਸਭ ਤੋਂ ਮੁਸ਼ਕਲ ਸਮੇਂ ਵਿੱਚੋਂ ਇੱਕ ਰਿਹਾ ਹੈ।"

ਦੱਸ ਦੇਈਏ ਕਿ ਦੀਪਿਕਾ ਕੱਕੜ ਭਾਰਤੀ ਟੈਲੀਵਿਜ਼ਨ ਦਾ ਜਾਣਿਆ-ਪਛਾਣਿਆ ਚਿਹਰਾ ਹਨ। ਉਹ ਬਿੱਗ ਬੌਸ ਸੀਜ਼ਨ 12 ਦੇ ਵੀ ਜੇਤੂ ਰਹੇ ਹਨ।

ਲਿਵਰ ਕੈਂਸਰ ਕੀ ਹੈ, ਇਹ ਕਿਨ੍ਹਾਂ ਕਾਰਨਾਂ ਕਰਕੇ ਹੁੰਦਾ ਹੈ, ਇਸ ਦੇ ਕੀ ਲੱਛਣ ਹਨ, ਬਚਾਅ ਲਈ ਕੀ ਸਾਵਧਾਨੀਆਂ ਵਰਤੀਆਂ ਜਾਣ, ਤੇ ਕੀ ਹੈ ਇਸਦਾ ਇਲਾਜ? ਆਓ ਜਾਣਦੇ ਹਾਂ ਇਸ ਰਿਪੋਰਟ ਵਿੱਚ...

ਲਿਵਰ ਦਾ ਕੈਂਸਰ ਕੀ ਹੈ?

ਲਿਵਰ ਦਾ ਕੈਂਸਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਲਿਵਰ ਸਰੀਰ ਦੇ 500 ਤੋਂ ਵੱਧ ਕਾਰਜਾਂ ਲਈ ਜ਼ਿੰਮੇਵਾਰ ਹੁੰਦਾ ਹੈ

ਲਿਵਰ ਮਨੁੱਖੀ ਸਰੀਰ ਦੇ ਸਭ ਤੋਂ ਗੁੰਝਲਦਾਰ ਅੰਗਾਂ ਵਿੱਚੋਂ ਇੱਕ ਹੈ ਜੋ ਕਿ ਸਰੀਰ ਦੇ 500 ਤੋਂ ਵੱਧ ਕਾਰਜਾਂ ਲਈ ਜ਼ਿੰਮੇਵਾਰ ਹੈ। ਇਨ੍ਹਾਂ ਵਿੱਚ ਚਰਬੀ ਅਤੇ ਪ੍ਰੋਟੀਨ ਨੂੰ ਪਚਾਉਣਾ, ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣਾ, ਪਿੱਤ ਰਿਲੀਜ਼ ਕਰਨਾ ਅਤੇ ਖੂਨ ਨੂੰ ਗਾੜ੍ਹਾ ਕਰਨਾ ਸ਼ਾਮਲ ਹੈ।

ਕੈਂਸਰ ਲਿਵਰ ਨੂੰ ਆਪਣਾ ਕੰਮ ਸਹੀ ਢੰਗ ਨਾਲ ਕਰਨ ਤੋਂ ਰੋਕ ਸਕਦਾ ਹੈ ਅਤੇ ਇਸ ਦੁਆਰਾ ਕੀਤੇ ਜਾਂਦੇ ਕਾਰਜਾਂ ਵਿੱਚ ਵਿਘਨ ਪਾਉਂਦਾ ਹੈ।

ਪ੍ਰਾਇਮਰੀ ਲਿਵਰ ਕੈਂਸਰ

ਪ੍ਰਾਇਮਰੀ ਲਿਵਰ ਕੈਂਸਰ ਇੱਕ ਘਾਤਕ ਟਿਊਮਰ ਹੈ ਜੋ ਲਿਵਰ ਵਿੱਚ ਸ਼ੁਰੂ ਹੁੰਦਾ ਹੈ।

ਆਸਟ੍ਰੇਲੀਆ ਦੀ ਕੈਂਸਰ ਕਾਊਂਸਿਲ ਦੀ ਵੈਬਸਾਈਟ 'ਤੇ ਦਿੱਤੀ ਜਾਣਕਾਰੀ ਮੁਤਾਬਕ, ਪ੍ਰਾਇਮਰੀ ਲਿਵਰ ਕੈਂਸਰ ਇਸ ਦੀਆਂ ਵੱਖ-ਵੱਖ ਕਿਸਮਾਂ ਹਨ:

  • ਹੈਪੇਟੋਸੈਲੂਲਰ ਕਾਰਸੀਨੋਮਾ (ਐਚਸੀਸੀ) ਜਾਂ ਹੈਪੇਟੋਮਾ: ਪ੍ਰਾਇਮਰੀ ਲਿਵਰ ਕੈਂਸਰ ਦੀ ਸਭ ਤੋਂ ਆਮ ਕਿਸਮ ਹੈ ਅਤੇ ਇਹ ਲਿਵਰ ਵਿੱਚ ਮੁੱਖ ਸੈੱਲ ਕਿਸਮ, ਹੈਪੇਟੋਸਾਈਟਸ ਵਿੱਚ ਸ਼ੁਰੂ ਹੁੰਦਾ ਹੈ।
  • ਕੋਲੈਂਜੀਓਕਾਰਸੀਨੋਮਾ, ਜਾਂ ਬਾਇਲ ਡਕਟ ਕੈਂਸਰ: ਬਾਇਲ ਡਕਟਾਂ (ਜੋ ਜਿਗਰ ਨੂੰ ਅੰਤੜੀ ਅਤੇ ਪਿੱਤੇ ਨਾਲ ਜੋੜਦੇ ਹਨ) ਨੂੰ ਲਾਈਨ ਕਰਨ ਵਾਲੇ ਸੈੱਲਾਂ ਵਿੱਚ ਸ਼ੁਰੂ ਹੁੰਦਾ ਹੈ।
  • ਐਂਜੀਓਸਾਰਕੋਮਾ: ਖੂਨ ਦੀਆਂ ਨਾੜੀਆਂ ਵਿੱਚ ਸ਼ੁਰੂ ਹੁੰਦਾ ਹੈ। ਇਹ ਇੱਕ ਦੁਰਲੱਭ ਕਿਸਮ ਦਾ ਲਿਵਰ ਦਾ ਕੈਂਸਰ ਹੈ ਜੋ 70 ਸਾਲ ਤੋਂ ਵੱਧ ਉਮਰ ਦੇ ਲੋਕਾਂ ਵਿੱਚ ਹੋਣ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ
ਲਿਵਰ ਦਾ ਕੈਂਸਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੈਕੰਡਰੀ ਕੈਂਸਰ ਸਰੀਰ ਦੇ ਕਿਸੇ ਹੋਰ ਹਿੱਸੇ ਵਿੱਚ ਸ਼ੁਰੂ ਹੁੰਦਾ ਅਤੇ ਫਿਰ ਜਿਗਰ ਵਿੱਚ ਫੈਲ ਜਾਂਦਾ ਹੈ

ਸੈਕੰਡਰੀ ਲਿਵਰ ਕੈਂਸਰ

ਲਿਵਰ ਵਿੱਚ ਸੈਕੰਡਰੀ ਕੈਂਸਰ ਉਹ ਕੈਂਸਰ ਹੈ ਜੋ ਸਰੀਰ ਦੇ ਕਿਸੇ ਹੋਰ ਹਿੱਸੇ ਵਿੱਚ ਸ਼ੁਰੂ ਹੁੰਦਾ ਹੈ ਪਰ ਫਿਰ ਜਿਗਰ ਵਿੱਚ ਫੈਲ ਜਾਂਦਾ ਹੈ।

ਆਸਟ੍ਰੇਲੀਆ ਦੀ ਕੈਂਸਰ ਕਾਊਂਸਿਲ ਦੀ ਵੈਬਸਾਈਟ ਮੁਤਾਬਕ, ਇੱਕ ਅੰਦਾਜ਼ਾ ਹੈ ਕਿ ਸਾਲ 2024 ਵਿੱਚ 3,208 ਲੋਕਾਂ ਨੂੰ ਲਿਵਰ ਦੇ ਕੈਂਸਰ ਬਾਰੇ ਪਤਾ ਲੱਗਿਆ ਸੀ ਅਤੇ ਪਤਾ ਲੱਗਣ ਸਮੇਂ ਔਸਤ ਉਮਰ 69 ਸਾਲ ਹੈ।

ਲਿਵਰ ਕੈਂਸਰ ਦੇ ਲੱਛਣ

ਪੀਲੀ ਅੱਖ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜਿਗਰ ਦੇ ਕੈਂਸਰ ਦੌਰਾ ਢਿੱਡ ਨਾਲ ਸਬੰਧੀ ਕਈ ਸਮੱਸਿਆਵਾਂ ਹੋ ਸਕਦੀਆਂ ਹਨ

ਆਮ ਤੌਰ 'ਤੇ ਲੀਵਰ ਕੈਂਸਰ ਦੇ ਲੱਛਣ ਅਸਪਸ਼ਟ ਦੱਸੇ ਜਾਂਦੇ ਹਨ ਅਤੇ ਅਕਸਰ ਉਦੋਂ ਤੱਕ ਪ੍ਰਗਟ ਨਹੀਂ ਹੁੰਦੇ ਜਦੋਂ ਤੱਕ ਬਿਮਾਰੀ ਇੱਕ ਉੱਨਤ ਪੜਾਅ 'ਤੇ ਨਹੀਂ ਹੁੰਦੀ।

ਅਮਰੀਕਾ ਦੇ ਨੈਸ਼ਨਲ ਕੈਂਸਰ ਇੰਟੀਚਿਊਟ 'ਤੇ ਪ੍ਰਕਾਸ਼ਿਤ ਜਾਣਕਾਰੀ ਮੁਤਾਬਕ, ਲਿਵਰ ਕੈਂਸਰ ਦੇ ਹੇਠ ਲਿਖੇ ਲੱਛਣ ਹੋ ਸਕਦੇ ਹਨ:

  • ਪੱਸਲੀਆਂ ਦੇ ਬਿਲਕੁਲ ਹੇਠਾਂ ਸੱਜੇ ਪਾਸੇ ਇੱਕ ਸਖ਼ਤ ਗੰਢ
  • ਸੱਜੇ ਪਾਸੇ ਉੱਪਰਲੇ ਪਾਸੇ ਢਿੱਡ ਵਿੱਚ ਬੇਅਰਾਮੀ
  • ਢਿੱਡ ਵਿੱਚ ਸੋਜ
  • ਸੱਜੇ ਮੋਢੇ ਦੇ ਬਲੇਡ ਦੇ ਨੇੜੇ ਜਾਂ ਪਿਛਲੇ ਪਾਸੇ ਦਰਦ
  • ਪੀਲੀਆ (ਚਮੜੀ ਅਤੇ ਅੱਖਾਂ ਦੇ ਚਿੱਟੇ ਹਿੱਸਿਆਂ ਦਾ ਪੀਲਾ ਹੋਣਾ)
  • ਆਸਾਨੀ ਨਾਲ ਸੱਟਾਂ ਲੱਗਣਾ ਜਾਂ ਖੂਨ ਵਗਣਾ
  • ਅਜੀਬ ਕਿਸਮ ਦੀ ਥਕਾਵਟ ਜਾਂ ਕਮਜ਼ੋਰੀ
  • ਮਤਲੀ ਅਤੇ ਉਲਟੀਆਂ ਹੋਣਾ
  • ਥੋੜ੍ਹਾ ਜਿਹਾ ਭੋਜਨ ਖਾਣ ਤੋਂ ਬਾਅਦ ਭੁੱਖ ਨਾ ਲੱਗਣਾ ਜਾਂ ਪੇਟ ਭਰੇ ਹੋਣ ਦੀ ਭਾਵਨਾ
  • ਬਿਨਾਂ ਕਿਸੇ ਕਾਰਨ ਭਾਰ ਘਟਣਾ
  • ਫਿੱਕਾ, ਰੰਗਹੀਣ ਮਲ ਅਤੇ ਗੂੜ੍ਹਾ ਪਿਸ਼ਾਬ
  • ਬੁਖ਼ਾਰ ਹੋਣਾ

ਲਿਵਰ ਦੇ ਕੈਂਸਰ ਦੇ ਕਾਰਨ ਕੀ ਹੋ ਸਕਦੇ ਹਨ

ਹੈਪੇਟਾਈਟਸ ਸੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਹੈਪੇਟਾਈਟਸ ਬੀ ਜਾਂ ਸੀ ਵਾਇਰਸ ਲਿਵਰ ਦੇ ਕੈਂਸਰ ਦੀ ਵਜ੍ਹਾ ਬਣ ਸਕਦੇ ਹਨ

ਕੈਂਸਰ ਕਾਊਂਸਿਲ ਦੀ ਵੈਬਸਾਈਟ ਮੁਤਾਬਕ, ਹੈਪੇਟਾਈਟਸ ਬੀ ਜਾਂ ਸੀ ਵਾਇਰਸ ਜੋ ਲੰਬੇ ਸਮੇਂ (ਪੁਰਾਣੀ) ਦੀ ਲਾਗ ਦਾ ਕਾਰਨ ਬਣਦੇ ਹਨ, ਲਿਵਰ ਦੇ ਕੈਂਸਰ ਦਾ ਕਾਰਨ ਬਣ ਸਕਦੇ ਹਨ।

ਕਾਰਕ ਜੋ ਲਿਵਰ ਕੈਂਸਰ ਦੇ ਜੋਖ਼ਮ ਨੂੰ ਵਧਾ ਸਕਦੇ ਹਨ:

  • ਫੈਟੀ ਲਿਵਰ ਜਾਂ ਜੈਨੇਟਿਕ ਵਿਕਾਰ - ਜਿਸ ਵਿੱਚ ਹੀਮੋਕ੍ਰੋਮੇਟੋਸਿਸ, ਜਾਂ ਅਲਫ਼ਾ 1-ਐਂਟੀਟ੍ਰਾਈਪਸਿਨ ਦੀ ਘਾਟ ਸ਼ਾਮਲ ਹੈ
  • ਟਾਈਪ 2 ਸ਼ੂਗਰ
  • ਹੈਪੇਟਾਈਟਸ ਬੀ ਜਾਂ ਸੀ
  • ਸ਼ਰਾਬ ਦਾ ਸੇਵਨ
  • ਮੋਟਾਪਾ
  • ਤੰਬਾਕੂਨੋਸ਼ੀ
  • ਕੁਝ ਵਿਸ਼ੇਸ਼ ਰਸਾਇਣਾਂ ਦੇ ਸੰਪਰਕ ਵਿੱਚ ਆਉਣਾ
ਲਿਵਰ ਦਾ ਕੈਂਸਰ

ਲਿਵਰ ਕੈਂਸਰ ਤੋਂ ਕਿਵੇਂ ਬਚਿਆ ਜਾ ਸਕਦਾ ਹੈ

ਕੈਂਸਰ ਦੀ ਰੋਕਥਾਮ ਦਾ ਸਭ ਤੋਂ ਚੰਗਾ ਉਪਾਅ ਇਹੀ ਹੈ ਕਿ ਕੈਂਸਰ ਨੂੰ ਹੋਣ ਤੋਂ ਰੋਕਣ ਵਾਲੀਆਂ ਚੀਜ਼ਾਂ 'ਤੇ ਧਿਆਨ ਦਿੱਤਾ ਜਾਵੇ।

ਕੋਈ ਵੀ ਚੀਜ਼ ਜੋ ਕੈਂਸਰ ਹੋਣ ਦੀ ਸੰਭਾਵਨਾ ਨੂੰ ਵਧਾਉਂਦੀ ਹੈ ਉਸਨੂੰ ਜੋਖ਼ਮ ਕਾਰਕ ਕਿਹਾ ਜਾਂਦਾ ਹੈ। ਕੋਈ ਵੀ ਚੀਜ਼ ਜੋ ਕੈਂਸਰ ਹੋਣ ਦੀ ਸੰਭਾਵਨਾ ਨੂੰ ਘਟਾਉਂਦੀ ਹੈ ਉਸਨੂੰ ਕੈਂਸਰ ਸੁਰੱਖਿਆ ਕਾਰਕ ਕਿਹਾ ਜਾਂਦਾ ਹੈ। ਕੈਂਸਰ ਦੀ ਰੋਕਥਾਮ ਲਈ ਜੋਖ਼ਮ ਕਾਰਕਾਂ ਤੋਂ ਬਚਣਾ ਅਤੇ ਸੁਰੱਖਿਆ ਕਾਰਕਾਂ ਨੂੰ ਵਧਾਉਣਾ ਜ਼ਰੂਰੀ ਹੈ।

ਲਿਵਰ ਕੈਂਸਰ ਲਈ ਸੁਰੱਖਿਆ ਕਾਰਕ ਹਨ:

  • ਹੈਪੇਟਾਈਟਸ ਬੀ ਰੋਕਥਾਮ ਲਈ ਟੀਕਾ ਲਗਵਾਉਣਾ: ਇਹ ਦੇਖਿਆ ਗਿਆ ਹੈ ਕਿ ਨਵਜੰਮੇ ਬੱਚਿਆਂ ਨੂੰ ਇਹ ਟੀਕਾ ਲਗਵਾ ਕੇ ਉਨ੍ਹਾਂ ਵਿੱਚ ਲਿਵਰ ਕੈਂਸਰ ਦਾ ਜੋਖ਼ਮ ਘਟਾਉਣ ਵਿੱਚ ਮਦਦ ਮਿਲਦੀ ਹੈ। ਹਾਲਾਂਕਿ ਅਜੇ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਟੀਕਾਕਰਨ ਨਾਲ ਬਾਲਗਾਂ ਵਿੱਚ ਜੋਖ਼ਮ ਘੱਟ ਹੁੰਦਾ ਹੈ।
  • ਪੁਰਾਣੀ ਹੈਪੇਟਾਈਟਸ ਬੀ ਲਾਗ ਦਾ ਇਲਾਜ ਕਰਵਾਉਣਾ: ਪੁਰਾਣੀ ਹੈਪੇਟਾਈਟਸ ਬੀ ਦੀ ਲਾਗ ਵਾਲੇ ਲੋਕਾਂ ਲਈ ਇਲਾਜ ਦੇ ਵਿਕਲਪਾਂ ਵਿੱਚ ਇੰਟਰਫੇਰੋਨ ਅਤੇ ਨਿਊਕਲੀਓਸ (ਟੀ) ਆਈਡੀ ਐਨਾਲਾਗ ਥੈਰੇਪੀ ਸ਼ਾਮਲ ਹਨ। ਇਹ ਇਲਾਜ ਲਿਵਰ ਕੈਂਸਰ ਦੇ ਵਿਕਾਸ ਦੇ ਜੋਖਮ ਨੂੰ ਘਟਾ ਸਕਦੇ ਹਨ।
  • ਐਫਲਾਟੌਕਸਿਨ ਬੀ1 ਦੇ ਸੰਪਰਕ ਨੂੰ ਘਟਾਉਣਾ: ਐਫਲਾਟੌਕਸਿਨ ਬੀ1 ਦੀ ਉੱਚ ਮਾਤਰਾ ਵਾਲੇ ਭੋਜਨਾਂ ਦੀ ਬਜਾਏ ਘੱਟ ਮਾਤਰਾ ਵਾਲੇ ਭੋਜਨ ਦਾ ਸੇਵਨ ਕਰਨ ਨਾਲ ਕੈਂਸਰ ਦੇ ਜੋਖਮ ਨੂੰ ਘਟਾਇਆ ਜਾ ਸਕਦਾ ਹੈ।
ਇਹ ਵੀ ਪੜ੍ਹੋ:

ਲਿਵਰ ਕੈਂਸਰ ਦੀਆਂ ਸਟੇਜਾਂ

ਲਿਵਰ ਦਾ ਕੈਂਸਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬੀਸੀਐਲਸੀ ਸਟੇਜਿੰਗ ਸਿਸਟਮ ਦੀਆਂ ਪੰਜ ਸਟੇਜਾਂ ਹਨ

ਕੈਂਸਰ ਦੀ ਸਟੇਜ ਇਹ ਦੱਸਦੀ ਹੈ ਕਿ ਸਰੀਰ ਵਿੱਚ ਕੈਂਸਰ ਕਿਸ ਹੱਦ ਤੱਕ ਫੈਲ ਚੁੱਕਿਆ ਹੈ। ਲਿਵਰ ਕੈਂਸਰ ਦੀਆਂ ਸਟੇਜਾਂ ਬਾਰੇ ਜਾਣਨਾ ਇਸ ਦੇ ਇਲਾਜ ਲਈ ਵਿੱਚ ਬਹੁਤ ਅਹਿਮ ਭੂਮਿਕਾ ਨਿਭਾਉਂਦਾ ਹੈ।

ਅਮਰੀਕਾ ਦੇ ਨੈਸ਼ਨਲ ਕੈਂਸਰ ਇੰਸਟੀਚਿਊਟ ਦੀ ਵੈਬਸਾਈਟ ਮੁਤਾਬਕ, ਲਿਵਰ ਕੈਂਸਰ ਲਈ ਕਈ ਸਟੇਜਿੰਗ ਸਿਸਟਮ ਹਨ। ਬਾਰਸੀਲੋਨਾ ਕਲੀਨਿਕ ਲਿਵਰ ਕੈਂਸਰ (ਬੀਸੀਐਲਸੀ) ਸਟੇਜਿੰਗ ਸਿਸਟਮ ਵਿਆਪਕ ਤੌਰ 'ਤੇ ਪ੍ਰਾਇਮਰੀ ਲਿਵਰ ਕੈਂਸਰ ਨੂੰ ਸਟੇਜ ਕਰਨ ਲਈ ਵਰਤਿਆ ਜਾਂਦਾ ਹੈ। ਇਸ ਸਿਸਟਮ ਦੀ ਵਰਤੋਂ ਮਰੀਜ਼ ਦੇ ਠੀਕ ਹੋਣ ਦੀ ਸੰਭਾਵਨਾ ਦਾ ਅੰਦਾਜ਼ਾ ਲਗਾਉਣ ਅਤੇ ਇਲਾਜ ਦੀ ਯੋਜਨਾ ਬਣਾਉਣ ਲਈ ਕੀਤੀ ਜਾਂਦੀ ਹੈ।

ਕੈਂਸਰ ਦੀ ਸਟੇਜਿੰਗ ਇਨ੍ਹਾਂ ਆਧਾਰਾਂ 'ਤੇ ਕੀਤੀ ਜਾਂਦੀ ਹੈ:

  • ਕੀ ਕੈਂਸਰ ਜਿਗਰ ਦੇ ਅੰਦਰ ਫੈਲਿਆ ਹੈ ਜਾਂ ਸਰੀਰ ਦੇ ਹੋਰ ਹਿੱਸਿਆਂ ਵਿੱਚ ਵੀ ਫੈਲ ਗਿਆ ਹੈ
  • ਜਿਗਰ ਕਿੰਨੀ ਚੰਗੀ ਤਰ੍ਹਾਂ ਕੰਮ ਕਰ ਰਿਹਾ ਹੈ
  • ਮਰੀਜ਼ ਦੀ ਆਮ ਸਿਹਤ ਕਿਹੋ-ਜਿਹੀ ਹੈ, ਉਹ ਕਿੰਨਾ ਤੰਦਰੁਸਤ ਹੈ
  • ਕੈਂਸਰ ਕਾਰਨ ਹੋਣ ਵਾਲੇ ਲੱਛਣ ਕੀ ਹਨ

ਬੀਸੀਐਲਸੀ ਸਟੇਜਿੰਗ ਸਿਸਟਮ ਦੀਆਂ ਪੰਜ ਸਟੇਜਾਂ ਹਨ:

  • ਸਟੇਜ 0: ਬਹੁਤ ਸ਼ੁਰੂਆਤੀ
  • ਸਟੇਜ A: ਸ਼ੁਰੂਆਤੀ
  • ਸਟੇਜ B: ਵਿਚਕਾਰਲਾ
  • ਸਟੇਜ C: ਉੱਨਤ
  • ਸਟੇਜ D: ਅੰਤਮ-ਪੜਾਅ

(ਦੱਸ ਦੇਈਏ ਕਿ ਇਹ ਸਟੇਜਿੰਗ ਸਿਸਟਮ ਬਾਲਗਾਂ ਲਈ ਅਪਣਾਇਆ ਜਾਂਦਾ ਹੈ, ਬੱਚਿਆਂ ਲਈ ਇਸਦੇ ਪੈਮਾਨੇ ਵੱਖਰੇ ਹੁੰਦੇ ਹਨ)

ਲਿਵਰ ਕੈਂਸਰ ਦਾ ਕੀ ਹੈ ਇਲਾਜ

ਲਿਵਰ ਦਾ ਕੈਂਸਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਲਿਵਰ ਕੈਂਸਰ ਦੇ ਇਲਾਜ ਦੇ ਵੱਖ-ਵੱਖ ਪੜਾਅ ਹੁੰਦੇ ਹਨ

ਅਮਰੀਕਾ ਦੇ ਨੈਸ਼ਨਲ ਕੈਂਸਰ ਇੰਸਟੀਚਿਊਟ ਦੀ ਵੈਬਸਾਈਟ ਮੁਤਾਬਕ, ਲਿਵਰ ਕੈਂਸਰ ਵਾਲੇ ਲੋਕਾਂ ਲਈ ਵੱਖ-ਵੱਖ ਕਿਸਮਾਂ ਦੇ ਇਲਾਜ ਹਨ। ਕੁਝ ਇਲਾਜ ਮਿਆਰੀ ਹਨ (ਜੋ ਵਰਤਮਾਨ ਵਿੱਚ ਵਰਤੇ ਜਾ ਰਹੇ ਹਨ), ਅਤੇ ਕੁਝ ਕਲੀਨਿਕਲ ਅਜ਼ਮਾਇਸ਼ਾਂ ਵਿੱਚ ਟੈਸਟ ਕੀਤੇ ਜਾ ਰਹੇ ਹਨ।

ਲਿਵਰ ਕੈਂਸਰ ਦੇ ਇਲਾਜ

1. ਨਿਗਰਾਨੀ

ਸਕ੍ਰੀਨਿੰਗ ਦੌਰਾਨ ਪਾਏ ਜਾਣ ਵਾਲੇ 1 ਸੈਂਟੀਮੀਟਰ ਤੋਂ ਛੋਟੇ ਜਖ਼ਮਾਂ ਦੀ ਨਿਗਰਾਨੀ ਕੀਤੀ ਜਾਂਦੀ ਹੈ। ਹਰ 3 ਮਹੀਨਿਆਂ ਬਾਅਦ ਫਾਲੋ-ਅੱਪ ਕਰਨਾ ਪੈਂਦਾ ਹੈ। ਇਸ ਦੌਰਾਨ ਇਲਾਜ ਨਹੀਂ ਦਿੱਤਾ ਜਾਂਦਾ, ਸਗੋਂ ਇਹ ਦੇਖਿਆ ਜਾਂਦਾ ਹੈ ਕਿ ਸਥਿਤੀ ਵਿੱਚ ਕੋਈ ਬਦਲਾਅ ਤਾਂ ਨਹੀਂ ਆਇਆ ਭਾਵ ਸਥਿਤੀ ਪਹਿਲਾਂ ਨਾਲੋਂ ਵਿਗੜੀ ਤਾਂ ਨਹੀਂ। ਸਥਿਤੀ ਵਿੱਚ ਬਦਲਾਅ ਆਉਣ ਤੋਂ ਬਾਅਦ ਹੀ ਇਲਾਜ ਸ਼ੁਰੂ ਹੁੰਦਾ ਹੈ।

2. ਸਰਜਰੀ

ਇੱਕ ਅੰਸ਼ਕ ਸਰਜਰੀ ਵਿੱਚ ਲਿਵਰ ਦੇ ਉਸ ਹਿੱਸੇ ਨੂੰ ਹਟਾਇਆ ਜਾਂਦਾ ਹੈ ਜਿੱਥੇ ਕੈਂਸਰ ਪਾਇਆ ਜਾਂਦਾ ਹੈ। ਕਿਉਂਕਿ ਲਿਵਰ ਸਾਡੇ ਸਰੀਰ ਦਾ ਅਜਿਹਾ ਅੰਗ ਹੈ ਜੋ ਦੁਬਾਰਾ ਵਿਕਸਿਤ ਹੋ ਸਕਦਾ ਹੈ, ਇਸ ਲਈ ਇਹ ਮੁੜ ਵੱਧ ਜਾਂਦਾ ਹੈ ਅਤੇ ਆਪਣਾ ਕੰਮ ਜਾਰੀ ਰੱਖ ਸਕਦਾ ਹੈ।

3. ਲਿਵਰ ਟ੍ਰਾਂਸਪਲਾਂਟ

ਲਿਵਰ ਟ੍ਰਾਂਸਪਲਾਂਟ ਵਿੱਚ, ਪੂਰੇ ਲਿਵਰ ਨੂੰ ਹਟਾ ਦਿੱਤਾ ਜਾਂਦਾ ਹੈ ਅਤੇ ਇੱਕ ਸਿਹਤਮੰਦ ਦਾਨ ਕੀਤਾ ਗਿਆ ਲਿਵਰ ਲਗਾਇਆ ਜਾਂਦਾ ਹੈ। ਪਰ ਇਹ ਉਦੋਂ ਹੀ ਹੋ ਸਕਦਾ ਹੈ ਜਦੋਂ ਬਿਮਾਰੀ ਸਿਰਫ਼ ਲਿਵਰ ਤੱਕ ਫੈਲੀ ਹੋਵੇ ਅਤੇ ਹੋਰ ਅੰਗਾਂ ਤੱਕ ਨਾ ਪਹੁੰਚੀ ਹੋਵੇ। ਨਾਲ ਹੀ ਲਿਵਰ ਦਾਨ ਵਿੱਚ ਮਿਲਣਾ ਵੀ ਸੌਖਾ ਨਹੀਂ ਹੁੰਦਾ।

4. ਐਬਲੇਸ਼ਨ ਥੈਰੇਪੀ

ਐਬਲੇਸ਼ਨ ਥੈਰੇਪੀ ਕੈਂਸਰ ਟਿਸ਼ੂ ਨੂੰ ਹਟਾ ਦਿੰਦੀ ਹੈ ਜਾਂ ਨਸ਼ਟ ਕਰ ਦਿੰਦੀ ਹੈ। ਜਿਗਰ ਦੇ ਕੈਂਸਰ ਲਈ ਵੱਖ-ਵੱਖ ਕਿਸਮਾਂ ਦੀਆਂ ਐਬਲੇਸ਼ਨ ਥੈਰੇਪੀ ਦੀ ਵਰਤੋਂ ਕੀਤੀ ਜਾਂਦੀ ਹੈ।

ਲਿਵਰ ਦਾ ਕੈਂਸਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜਦੋਂ ਟਿਊਮਰ ਨੂੰ ਲੋੜੀਂਦੀ ਆਕਸੀਜਨ ਅਤੇ ਪੌਸ਼ਟਿਕ ਤੱਤ ਨਹੀਂ ਮਿਲਦੇ, ਤਾਂ ਇਸ ਦੇ ਵਧਣ ਦੀ ਸਮਰੱਥਾ ਘੱਟ ਜਾਂਦੀ ਹੈ

5. ਐਂਬੋਲਾਇਜ਼ੇਸ਼ਨ ਥੈਰੇਪੀ

ਇਹ ਥੈਰੇਪੀ ਉਨ੍ਹਾਂ ਲੋਕਾਂ ਲਈ ਵਰਤੀ ਜਾਂਦੀ ਹੈ ਜੋ ਟਿਊਮਰ ਜਾਂ ਐਬਲੇਸ਼ਨ ਥੈਰੇਪੀ ਲਈ ਸਰਜਰੀ ਨਹੀਂ ਕਰਵਾ ਸਕਦੇ ਅਤੇ ਜਿਨ੍ਹਾਂ ਦਾ ਟਿਊਮਰ ਲਿਵਰ ਤੋਂ ਬਾਹਰ ਵੀ ਨਹੀਂ ਫੈਲਿਆ ਹੁੰਦਾ। ਇਸ ਵਿੱਚ ਟਿਊਮਰ ਤੱਕ ਖੂਨ ਦੇ ਪ੍ਰਵਾਹ ਨੂੰ ਰੋਕਿਆ ਜਾਂ ਘਟਾਇਆ ਜਾਂਦਾ ਹੈ। ਜਦੋਂ ਟਿਊਮਰ ਨੂੰ ਲੋੜੀਂਦੀ ਆਕਸੀਜਨ ਅਤੇ ਪੌਸ਼ਟਿਕ ਤੱਤ ਨਹੀਂ ਮਿਲਦੇ, ਤਾਂ ਇਸ ਦੇ ਵਧਣ ਦੀ ਸਮਰੱਥਾ ਘੱਟ ਜਾਂਦੀ ਹੈ।

6. ਟਾਰਗੇਟਿਡ ਥੈਰੇਪੀ

ਟਾਰਗੇਟਿਡ ਥੈਰੇਪੀ ਇੱਕ ਕਿਸਮ ਦਾ ਇਲਾਜ ਹੈ ਜੋ ਖ਼ਾਸ ਕੈਂਸਰ ਸੈੱਲਾਂ ਦੀ ਪਛਾਣ ਕਰਨ ਅਤੇ ਹਮਲਾ ਕਰਨ ਲਈ ਦਵਾਈਆਂ ਜਾਂ ਹੋਰ ਪਦਾਰਥਾਂ ਦੀ ਵਰਤੋਂ ਕਰਦਾ ਹੈ।

7. ਇਮਯੂਨੋਥੈਰੇਪੀ

ਇਮਯੂਨੋਥੈਰੇਪੀ ਇੱਕ ਅਜਿਹਾ ਇਲਾਜ ਹੈ ਜੋ ਕੈਂਸਰ ਨਾਲ ਲੜਨ ਲਈ ਵਿਅਕਤੀ ਦੇ ਇਮਿਊਨ ਸਿਸਟਮ (ਰੋਗ ਪ੍ਰਤੀਰੋਸ਼ਕ ਸ਼ਕਤੀ) ਦੀ ਵਰਤੋਂ ਕਰਦਾ ਹੈ। ਸਰੀਰ ਦੁਆਰਾ ਬਣਾਏ ਗਏ ਜਾਂ ਪ੍ਰਯੋਗਸ਼ਾਲਾ ਵਿੱਚ ਬਣਾਏ ਗਏ ਪਦਾਰਥਾਂ ਦੀ ਵਰਤੋਂ ਕਰਕੇ ਇਮਿਊਨ ਸਿਸਟਮ ਨੂੰ ਸ਼ਕਤੀ ਪ੍ਰਦਾਨ ਕੀਤੀ ਜਾਂਦੀ ਹੈ।

8. ਰੇਡੀਏਸ਼ਨ ਥੈਰੇਪੀ

ਬਾਹਰੀ ਰੇਡੀਏਸ਼ਨ ਥੈਰੇਪੀ ਸਰੀਰ ਦੇ ਕੈਂਸਰ ਵਾਲੇ ਖੇਤਰ ਵੱਲ ਉੱਚ-ਊਰਜਾ ਵਾਲੀਆਂ ਐਕਸ-ਰੇਜ਼ ਜਾਂ ਹੋਰ ਕਿਸਮਾਂ ਦੇ ਰੇਡੀਏਸ਼ਨ ਭੇਜਦੀ ਹੈ। ਇਹ ਪ੍ਰਕਿਰਿਆ ਕਈ ਵਾਰ ਕਰਨੀ ਪੈਂਦੀ ਹੈ।

ਹਾਲਾਂਕਿ, ਮੋਟੇ ਤੌਰ 'ਤੇ ਲਿਵਰ ਕੈਂਸਰ ਦਾ ਇਲਾਜ ਕਿੱਥੋਂ ਤੱਕ ਸੰਭਵ ਹੈ, ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਵਿਅਕਤੀ ਨੂੰ ਕਿਸ ਸਟੇਜ ਦਾ ਕੈਂਸਰ ਹੈ ਅਤੇ ਉਹ ਕਿੱਥੇ-ਕਿੱਥੇ ਫੈਲਿਆ ਹੋਇਆ ਹੈ।

ਕੌਣ ਹਨ ਦੀਪਿਕਾ ਕੱਕੜ

ਦੀਪਿਕਾ ਕੱਕੜ ਅਤੇ ਸ਼ੋਏਬ ਇਬ੍ਰਾਹਿਮ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਦੀਪਿਕਾ ਕੱਕੜ ਅਤੇ ਸ਼ੋਏਬ ਇਬ੍ਰਾਹਿਮ

ਦੀਪਿਕਾ ਕੱਕੜ ਭਾਰਤੀ ਟੀਵੀ ਦਾ ਜਾਣਿਆ-ਪਛਾਣਿਆ ਚਿਹਰਾ ਹਨ। ਉਨ੍ਹਾਂ ਨੂੰ ਸੀਰੀਅਲ 'ਸਸੁਰਾਲ ਸਿਮਰ ਕਾ' ਤੋਂ ਪਛਾਣ ਮਿਲੀ ਸੀ ਅਤੇ ਉਹ 'ਪਲਟਨ' ਫ਼ਿਲਮ ਵਿੱਚ ਵੀ ਨਜ਼ਰ ਆਏ ਸਨ।

ਦੀਪਿਕਾ ਬਿਗ ਬੌਸ ਸੀਜ਼ਨ 12 ਦੇ ਵੀ ਜੇਤੂ ਰਹੇ ਹਨ। ਹਾਲ ਹੀ ਵਿੱਚ ਉਹ ਟੀਵੀ ਸੀਰੀਜ਼ 'ਸਿਲੇਬਰਟੀ ਮਾਸਟਰ ਸ਼ੈਫ ਇੰਡੀਆ' ਵਿੱਚ ਵੀ ਸ਼ਾਮਲ ਹੋਏ ਸਨ ਪਰ ਮੋਢੇ ਦੀ ਸੱਟ ਕਾਰਨ ਉਨ੍ਹਾਂ ਨੂੰ ਇਹ ਸ਼ੋਅ ਅੱਧ ਵਿਚਕਾਰ ਹੀ ਛੱਡਣਾ ਪਿਆ ਸੀ।

ਦੀਪਿਕਾ ਨੇ ਆਪਣੇ ਕਰੀਅਰ ਸ਼ੁਰੂਆਤ ਇੱਕ ਏਅਰ ਹੋਸਟੇਸ ਵਜੋਂ ਕੀਤੀ ਸੀ ਅਤੇ ਫਿਰ ਉਨ੍ਹਾਂ ਦਾ ਝੁਕਾਅ ਟੀਵੀ ਵੱਲ ਹੋ ਗਿਆ।

ਦੀਪਿਕਾ ਨੇ ਟੀਵੀ ਅਦਾਕਰ ਸ਼ੋਏਬ ਇਬ੍ਰਾਹਿਮ ਨਾਲ ਵਿਆਹ ਕੀਤਾ ਹੈ ਅਤੇ ਦੋਵਾਂ ਦਾ ਇੱਕ ਬੇਟਾ ਵੀ ਹਨ।

ਸ਼ੋਏਬ ਨਾਲ ਦੀਪਿਕਾ ਦਾ ਦੂਜਾ ਵਿਆਹ ਹੈ। ਉਨ੍ਹਾਂ ਨੇ ਆਪਣੇ ਪਹਿਲੇ ਪਤੀ ਰੌਣਕ ਤੋਂ 2015 ਵਿੱਚ ਤਲਾਕ ਲੈ ਲਿਆ ਸੀ।

ਇਹ ਵੀ ਪੜ੍ਹੋ:

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)