ਕੈਂਸਰ ਠੀਕ ਹੋਣ ਮਗਰੋਂ ਦੁਬਾਰਾ ਕੈਂਸਰ ਹੋਣ ਦੀ ਕਿੰਨੀ ਸੰਭਾਵਨਾ ਹੈ, ਕਿਹੜੀਆਂ ਸਾਵਧਾਨੀਆਂ ਜ਼ਰੂਰੀ ਹੈ

ਤਸਵੀਰ ਸਰੋਤ, Getty Images
- ਲੇਖਕ, ਸੁਸ਼ੀਲਾ ਸਿੰਘ
- ਰੋਲ, ਬੀਬੀਸੀ ਪੱਤਰਕਾਰ
ਨਿਰਦੇਸ਼ਕ, ਨਿਰਮਾਤਾ ਅਤੇ ਲੇਖਕ ਤਾਹਿਰਾ ਕਸ਼ਯਪ ਨੂੰ ਦੁਬਾਰਾ ਛਾਤੀ ਦਾ ਕੈਂਸਰ ਹੋ ਗਿਆ ਹੈ। ਇਹ ਜਾਣਕਾਰੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਪੋਸਟ ਵਿੱਚ ਦਿੱਤੀ ਹੈ।
ਤਾਹਿਰਾ ਕਸ਼ਯਪ, ਅਭਿਨੇਤਾ ਆਯੁਸ਼ਮਾਨ ਖੁਰਾਨਾ ਦੇ ਪਤਨੀ ਹਨ। ਉਨ੍ਹਾਂ ਨੂੰ ਪਹਿਲੀ ਵਾਰ ਸਾਲ 2018 ਵਿੱਚ ਛਾਤੀ ਦੇ ਕੈਂਸਰ ਦਾ ਪਤਾ ਲੱਗਿਆ ਸੀ।
ਤਾਹਿਰਾ ਨੇ ਇੰਸਟਾਗ੍ਰਾਮ 'ਤੇ ਲਿਖਿਆ, "ਸੱਤ ਸਾਲ ਦੀ ਇਚ (ਪਰੇਸ਼ਾਨੀ) ਜਾਂ ਲਗਾਤਾਰ ਸਕ੍ਰੀਨਿੰਗ (ਚੈਕਅਪ) ਕਰਾਉਣ ਦੀ ਤਾਕਤ, ਇਹ ਨਜ਼ਰੀਏ ਹਨ ਅਤੇ ਮੈਂ ਇਸ 'ਚੋਂ ਦੂਜਾ ਰਸਤਾ ਚੁਣਦੀ ਹਾਂ। ਮੈਂ ਸਾਰਿਆਂ ਨੂੰ ਇਹੀ ਸੁਝਾਅ ਦਿਆਂਗੀ ਕਿ ਨਿਯਮਤ ਮੈਮੋਗ੍ਰਾਮ ਕਰਵਾਉਂਦੀਆਂ ਰਹੋ। ਇਹ ਮੇਰੇ ਲਈ ਦੂਜਾ ਰਾਊਂਡ ਹੈ।"
ਇਸ ਤੋਂ ਪਹਿਲਾਂ ਵੀ ਤਾਹਿਰਾ ਕਸ਼ਯਪ ਆਪਣੇ ਕੈਂਸਰ ਬਾਰੇ ਖੁੱਲ੍ਹ ਕੇ ਗੱਲ ਕਰਦੇ ਰਹੇ ਹਨ।

ਉਹ ਸੋਸ਼ਲ ਮੀਡੀਆ 'ਤੇ ਆਪਣੇ ਸੰਘਰਸ਼ ਨੂੰ ਸਾਂਝਾ ਕਰਦੇ ਰਹੇ ਹਨ। ਭਾਵੇਂ ਉਹ ਕੀਮੋਥੈਰੇਪੀ ਤੋਂ ਬਾਅਦ ਉਸਦਾ 'ਬਾਲਡ ਲੁੱਕ' ਹੋਵੇ ਜਾਂ ਉਨ੍ਹਾਂ ਦੀ ਪਿੱਠ 'ਤੇ ਦਾਗ਼.. ਉਨ੍ਹਾਂ ਨੇ ਕੈਂਸਰ ਵਿਰੁੱਧ ਆਪਣੇ ਸੰਘਰਸ਼ ਨੂੰ ਬਹਾਦਰੀ ਨਾਲ ਪੇਸ਼ ਕੀਤਾ ਹੈ।
ਇੱਕ ਵਾਰ ਵਿਸ਼ਵ ਕੈਂਸਰ ਦਿਵਸ 'ਤੇ ਉਨ੍ਹਾਂ ਨੇ ਪੋਸਟ ਕੀਤਾ ਸੀ, "ਅੱਜ ਮੇਰਾ ਦਿਨ ਹੈ। ਸਾਨੂੰ ਇਸ ਨਾਲ ਜੁੜੇ ਟੈਬੂ ਜਾਂ ਸਟਿਗਮਾ ਨੂੰ ਹਟਾ ਦੇਣਾ ਚਾਹੀਦਾ ਹੈ। ਸਾਨੂੰ ਕੈਂਸਰ ਬਾਰੇ ਜਾਗਰੂਕਤਾ ਫੈਲਾਉਣੀ ਚਾਹੀਦੀ ਹੈ। ਭਾਵੇਂ ਕੁਝ ਵੀ ਹੋਵੇ, ਆਪਣੇ ਆਪ ਨੂੰ ਪਿਆਰ ਕਰੋ। ਮੈਂ ਇਸ ਨਾਲ ਜੁੜੇ ਦਾਗ਼ ਨੂੰ ਗਲੇ ਲਗਾਉਂਦੀ ਹਾਂ ਅਤੇ ਇਨ੍ਹਾਂ ਨੂੰ ਆਪਣੀ ਸ਼ਾਨ ਵਿੱਚ ਬੈਜ ਵਜੋਂ ਲੈਂਦੀ ਹਾਂ।"
ਕੈਂਸਰ ਵਿਰੁੱਧ ਲੜਾਈ ਵਿੱਚ ਅੱਗੇ ਰਹੇ ਤਾਹਿਰਾ
ਪੱਤਰਕਾਰੀ ਅਤੇ ਜਨ ਸੰਚਾਰ ਵਿੱਚ ਡਿਗਰੀ ਪ੍ਰਾਪਤ ਤਾਹਿਰਾ ਇੱਕ ਰੇਡੀਓ ਜੌਕੀ ਰਹਿ ਚੁੱਕੇ ਹਨ। ਇਸ ਤੋਂ ਬਾਅਦ ਉਨ੍ਹਾਂ ਨੇ ਲਿਖਣ ਵੱਲ ਰੁਖ਼ ਕੀਤਾ। ਸਾਲ 2011 ਵਿੱਚ, ਉਨ੍ਹਾਂ ਨੇ 'ਆਈ ਪ੍ਰੌਮਿਸ' ਕਿਤਾਬ ਲਿਖੀ।
ਮੀਡੀਆ ਵਿੱਚ ਛਪੀ ਜਾਣਕਾਰੀ ਅਨੁਸਾਰ, ਇਸ ਤੋਂ ਬਾਅਦ ਉਨ੍ਹਾਂ ਨਿਰਦੇਸ਼ਨ ਵੱਲ ਰੁੱਖ ਕੀਤਾ ਅਤੇ ਜ਼ਿੰਦਗੀ ਇਨ ਸ਼ਾਰਟ, ਸ਼ਰਮਾਜੀ ਕੀ ਬੇਟੀ ਵਰਗੀਆਂ ਫਿਲਮਾਂ ਬਣਾਈਆਂ। ਇਸ ਤੋਂ ਇਲਾਵਾ, ਉਨ੍ਹਾਂ ਨੇ ਕੁਝ ਹੋਰ ਕਿਤਾਬਾਂ ਵੀ ਲਿਖੀਆਂ।
ਤਾਹਿਰਾ ਕਸ਼ਯਪ ਦੀ ਇੰਸਟਾਗ੍ਰਾਮ ਪੋਸਟ ਤੋਂ ਬਾਅਦ, ਬਹੁਤ ਸਾਰੇ ਲੋਕ ਉਨ੍ਹਾਂ ਲਈ ਸੰਦੇਸ਼ ਲਿਖ ਰਹੇ ਹਨ। ਅਦਾਕਾਰਾ ਸੋਨਾਲੀ ਬੇਂਦਰੇ ਨੇ ਲਿਖਿਆ, "ਕੋਈ ਸ਼ਬਦ ਨਹੀਂ ਹਨ ਬੇਬੀ। ਤੈਨੂੰ ਪਿਆਰ, ਹਿੰਮਤ ਅਤੇ ਪ੍ਰਾਰਥਨਾਵਾਂ ਭੇਜ ਰਹੀ ਹਾਂ।"
ਸੋਨਾਲੀ ਬੇਂਦਰੇ ਖੁਦ ਕੈਂਸਰ ਪੀੜਤ ਰਹਿ ਚੁੱਕੇ ਹਨ। ਉਹ ਵੀ ਇਸ ਬਾਰੇ ਖੁੱਲ੍ਹ ਕੇ ਬੋਲਦੇ ਰਹੇ ਹਨ ਅਤੇ ਜਾਗਰੂਕਤਾ 'ਤੇ ਜ਼ੋਰ ਦਿੰਦੇ ਰਹਿੰਦੇ ਹਨ।
ਅਦਾਕਾਰਾ ਅਤੇ ਲੇਖਕਾ ਟਵਿੰਕਲ ਖੰਨਾ ਨੇ ਪੋਸਟ ਕੀਤਾ, "ਮੈਂ ਤੁਹਾਡੇ ਨਾਲ ਹਾਂ ਦੋਸਤ। ਤੁਸੀਂ ਗੇਂਦਬਾਜ਼ੀ ਵਿੱਚ ਸਾਨੂੰ ਸਾਰਿਆਂ ਨੂੰ ਹਰਾ ਦਿੰਦੇ ਹੋ, ਉਸੇ ਤਰ੍ਹਾਂ ਇਸ ਨੂੰ ਵੀ ਹਰਾ ਦੇਵੋਗੇ। ਬਹੁਤ ਸਾਰਾ ਪਿਆਰ।"

ਤਸਵੀਰ ਸਰੋਤ, Getty Images
ਸਿਰਫ਼ ਤਾਹਿਰਾ ਕਸ਼ਯਪ ਹੀ ਨਹੀਂ, ਬਾਲੀਵੁੱਡ ਅਤੇ ਹਾਲੀਵੁੱਡ ਦੀਆਂ ਕਈ ਅਭਿਨੇਤਰੀਆਂ ਹਨ ਜਿਨ੍ਹਾਂ ਨੇ ਕੈਂਸਰ ਨਾਲ ਆਪਣੇ ਸੰਘਰਸ਼ ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ। ਉਨ੍ਹਾਂ ਵਿੱਚੋਂ ਕਈਆਂ ਨੂੰ ਦੁਬਾਰਾ ਕੈਂਸਰ ਹੋਇਆ ਹੈ ਅਤੇ ਉਹ ਇਸ ਬਾਰੇ ਜਾਗਰੂਕਤਾ ਫੈਲਾਉਣ ਲਈ ਲਗਾਤਾਰ ਕੰਮ ਕਰ ਰਹੇ ਹਨ।
ਹਾਲ ਹੀ ਵਿੱਚ ਅਦਾਕਾਰਾ ਹਿਨਾ ਖਾਨ ਨੇ ਆਪਣੇ ਬ੍ਰੈਸਟ ਕੈਂਸਰ ਬਾਰੇ ਜਾਣਕਾਰੀ ਦਿੱਤੀ ਸੀ। ਕਿਰਨ ਖੇਰ, ਲੀਜ਼ਾ ਰੇ, ਮਨੀਸ਼ਾ ਕੋਇਰਾਲਾ, ਛਵੀ ਮਿੱਤਲ, ਮਹਿਮਾ ਚੌਧਰੀ ਵਰਗੇ ਕਈ ਨਾਮ ਹਨ, ਜਿਨ੍ਹਾਂ ਨੇ ਕੈਂਸਰ ਦਾ ਸਾਹਮਣਾ ਕੀਤਾ ਹੈ। ਇਨ੍ਹਾਂ ਵਿੱਚੋਂ ਕੁਝ ਦਾ ਇਲਾਜ ਅਜੇ ਵੀ ਜਾਰੀ ਹੈ।
ਅਮਰੀਕੀ ਅਦਾਕਾਰਾ ਕੈਥੀ ਬੇਟਸ ਵੀ ਦੋ ਵਾਰ ਕੈਂਸਰ ਦਾ ਸਾਹਮਣਾ ਕਰ ਚੁੱਕੇ ਹਨ। ਪਹਿਲਾਂ ਉਨ੍ਹਾਂ ਨੂੰ ਓਵਰੀ ਦਾ ਕੈਂਸਰ ਹੋਇਆ ਸੀ ਅਤੇ ਫਿਰ ਛਾਤੀ ਦਾ ਕੈਂਸਰ।

ਤਸਵੀਰ ਸਰੋਤ, Getty Images
ਬਹੁਤ ਸਾਰੀਆਂ ਅਭਿਨੇਤਰੀਆਂ ਅਜਿਹੀਆਂ ਵੀ ਹਨ, ਜਿਨ੍ਹਾਂ ਨੇ 'ਬਾਈਲੇਟਰਲ ਮਾਸਟੇਕਟਮੀ' ਭਾਵ ਦੋਵੇਂ ਛਾਤੀਆਂ ਨੂੰ ਹਟਾਉਣ ਦਾ ਫੈਸਲਾ ਕੀਤਾ। ਉਨ੍ਹਾਂ ਵਿੱਚੋਂ ਕੁਝ ਨੂੰ ਸ਼ੁਰੂਆਤੀ ਪੜਾਅ ਦਾ ਕੈਂਸਰ ਸੀ, ਜਾਂ ਉਨ੍ਹਾਂ ਦੇ ਪਰਿਵਾਰ ਦਾ ਕੋਈ ਮੈਂਬਰ ਇਸ ਬਿਮਾਰੀ ਤੋਂ ਪੀੜਤ ਸੀ।
ਅਮਰੀਕੀ ਕਾਮੇਡੀ ਡਰਾਮਾ 'ਸੈਕਸ ਐਂਡ ਦਿ ਸਿਟੀ' ਦੇ ਅਦਾਕਾਰਾ ਸਿੰਥੀਆ ਨਿਕਸਨ ਨੇ 35 ਸਾਲ ਦੀ ਉਮਰ ਤੋਂ ਨਿਯਮਤ ਮੈਮੋਗ੍ਰਾਮ ਕਰਵਾਉਣਾ ਸ਼ੁਰੂ ਕਰ ਦਿੱਤਾ ਸੀ ਕਿਉਂਕਿ ਉਨ੍ਹਾਂ ਦੀ ਮਾਂ ਨੂੰ ਬ੍ਰੈਸਟ ਕੈਂਸਰ ਸੀ।
ਇਨ੍ਹਾਂ ਵਿੱਚੋਂ ਹੀ ਇੱਕ ਅਦਾਕਾਰਾ ਐਂਜਲੀਨਾ ਜੋਲੀ ਵੀ ਹਨ, ਜਿਨ੍ਹਾਂ ਨੇ ਕੈਂਸਰ ਤੋਂ ਬਚਣ ਲਈ 'ਪ੍ਰਿਵੈਂਟਿਵ ਡਬਲ ਮਾਸਟੇਕਟਮੀ' ਕਰਵਾ ਲਈ ਸੀ।
ਭਾਰਤ ਵਿੱਚ ਹਰ ਸਾਲ ਬ੍ਰੈਸਟ ਕੈਂਸਰ ਨਾਲ ਹਜ਼ਾਰਾਂ ਮੌਤਾਂ, ਪਰ ਸਕ੍ਰੀਨਿੰਗ ਅਜੇ ਵੀ ਬਹੁਤ ਘੱਟ
ਬਾਇਓਮੇਡ ਸੈਂਟਰਲ ਮੈਡੀਕਲ ਪਬਲਿਕ ਹੈਲਥ ਵਿੱਚ ਪ੍ਰਕਾਸ਼ਿਤ ਤਾਜ਼ਾ ਰਿਪੋਰਟ ਦੱਸਦੀ ਹੈ ਕਿ ਦੁਨੀਆਂ ਭਰ ਦੀਆਂ ਔਰਤਾਂ ਵਿੱਚ ਹੋਣ ਵਾਲੇ ਕੈਂਸਰ ਵਿੱਚੋਂ ਬ੍ਰੈਸਟ ਕੈਂਸਰ ਸਭ ਤੋਂ ਆਮ ਕੈਂਸਰ ਹੈ ਅਤੇ ਇਸ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵੀ ਸਭ ਤੋਂ ਜ਼ਿਆਦਾ ਹੈ। ਜਦਕਿ ਭਾਰਤ ਵਿੱਚ 45 ਸਾਲ ਅਤੇ ਇਸ ਤੋਂ ਵੱਧ ਉਮਰ ਦੀਆਂ ਸਿਰਫ਼ 1.3 ਫੀਸਦੀ ਔਰਤਾਂ ਨੇ ਮੈਮੋਗ੍ਰਾਫੀ ਕਰਵਾਈ ਹੈ।
ਕੈਂਸਰ ਨਾਲ ਸਬੰਧਤ ਮੁੱਦਿਆਂ ਦੇ ਸੰਬੰਧ ਵਿੱਚ ਲੋਕ ਸਭਾ ਵਿੱਚ ਇਹ ਸਵਾਲ ਪੁੱਛਿਆ ਗਿਆ ਸੀ ਕਿ ਕੀ ਕੈਂਸਰ ਦੇ ਮਾਮਲਿਆਂ ਵਿੱਚ ਵਾਧਾ ਹੋਵੇਗਾ ਅਤੇ ਕੀ ਬ੍ਰੈਸਟ ਕੈਂਸਰ ਭਾਰਤ ਅਤੇ ਵਿਸ਼ਵ ਪੱਧਰ 'ਤੇ ਸਭ ਤੋਂ ਆਮ ਕੈਂਸਰ ਹੈ?
ਇਸ 'ਤੇ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਰਾਜ ਮੰਤਰੀ, ਪ੍ਰੋਫੈਸਰ ਸੱਤਿਆਪਾਲ ਸਿੰਘ ਬਘੇਲ ਨੇ ਜਵਾਬ ਦਿੱਤਾ ਸੀ ਕਿ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ-ਨੈਸ਼ਨਲ ਕੈਂਸਰ ਰਜਿਸਟਰੀ ਪ੍ਰੋਗਰਾਮ (ਆਈਸੀਐਮਆਰ-ਐਨਸੀਆਰਪੀ) ਦੇ ਅਨੁਸਾਰ, ਭਾਰਤ ਵਿੱਚ ਕੈਂਸਰ ਦੇ ਮਾਮਲੇ ਸਾਲ 2022 ਵਿੱਚ 14.61 ਲੱਖ ਸੀ, ਜੋ ਕਿ 2025 ਤੱਕ ਵਧ ਕੇ 15.7 ਲੱਖ ਹੋ ਸਕਦੇ ਹਨ।
ਬ੍ਰੈਸਟ ਕੈਂਸਰ ਬਾਰੇ ਉਨ੍ਹਾਂ ਕਿਹਾ ਕਿ ਗਲੋਬਲ ਕੈਂਸਰ ਆਬਜ਼ਰਵੇਟਰੀ, ਆਈਏਆਰਸੀ-ਡਬਲਯੂਐਚਓ 2022 ਦੇ ਅਨੁਸਾਰ, ਬ੍ਰੈਸਟ ਕੈਂਸਰ ਵਿਸ਼ਵ ਪੱਧਰ 'ਤੇ ਸਭ ਤੋਂ ਆਮ ਕੈਂਸਰ ਹੈ। ਜਵਾਬ ਵਿੱਚ ਦੱਸਿਆ ਗਿਆ ਕਿ ਸਾਲ 2022 ਵਿੱਚ, ਭਾਰਤ ਵਿੱਚ ਬ੍ਰੈਸਟ ਕੈਂਸਰ ਨਾਲ 98,337 ਔਰਤਾਂ ਦੀ ਮੌਤ ਹੋਈ। ਇਹ ਗਿਣਤੀ ਦੁਨੀਆਂ ਭਰ ਵਿੱਚ ਇਸ ਕੈਂਸਰ ਕਾਰਨ ਹੋਣ ਵਾਲੀਆਂ ਮੌਤਾਂ ਵਿੱਚੋਂ ਸਭ ਤੋਂ ਵੱਧ ਹੈ।
ਕੈਂਸਰ ਦੀ ਵਾਪਸੀ: ਤਾਹਿਰਾ ਕਸ਼ਯਪ ਦੇ ਕੇਸ ਤੋਂ ਬਾਅਦ ਚਰਚਾ
ਤਾਹਿਰਾ ਕਸ਼ਯਪ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ, ਇਸ ਬਾਰੇ ਚਰਚਾ ਹੋ ਰਹੀ ਹੈ ਕਿ ਕੀ ਕੈਂਸਰ ਦੁਬਾਰਾ ਵਾਪਸ ਆ ਸਕਦਾ ਹੈ? ਕੀ ਕੈਂਸਰ ਦਾ ਪੂਰੀ ਤਰ੍ਹਾਂ ਇਲਾਜ ਸੰਭਵ ਨਹੀਂ ਹੈ?
ਨੈਸ਼ਨਲ ਇੰਸਟੀਚਿਊਟ ਆਫ਼ ਹੈਲਥ (ਐਨਆਈਐਚ) ਦੇ ਅਨੁਸਾਰ, ਜਦੋਂ ਇਲਾਜ ਤੋਂ ਬਾਅਦ ਕੈਂਸਰ ਵਾਪਸ ਆ ਜਾਂਦਾ ਹੈ, ਤਾਂ ਡਾਕਟਰ ਇਸਨੂੰ 'ਰੀਕਰੰਸ' ਜਾਂ 'ਰੀਕਰੰਟ ਕੈਂਸਰ' ਕਹਿੰਦੇ ਹਨ। ਇਸ ਨਾਲ ਮਰੀਜ਼ ਨੂੰ ਸਦਮਾ ਲੱਗਦਾ ਹੈ, ਗੁੱਸਾ ਆਉਂਦਾ ਹੈ, ਦੁੱਖ ਅਤੇ ਡਰ ਮਹਿਸੂਸ ਹੁੰਦਾ ਹੈ।
ਐਨਆਈਐਚ ਦੀ ਵੈੱਬਸਾਈਟ 'ਤੇ ਪ੍ਰਕਾਸ਼ਿਤ ਜਾਣਕਾਰੀ ਮੁਤਾਬਕ, ਰੀਕਰੰਟ ਕੈਂਸਰ ਉਨ੍ਹਾਂ ਸੈੱਲਾਂ ਤੋਂ ਸ਼ੁਰੂ ਹੁੰਦਾ ਹੈ ਜੋ ਪਹਿਲੇ ਇਲਾਜ ਦੌਰਾਨ ਪੂਰੀ ਤਰ੍ਹਾਂ ਹਟ ਨਹੀਂ ਸਕੇ ਜਾਂ ਨਸ਼ਟ ਨਹੀਂ ਹੋ ਸਕੇ ਸਨ। ਪਰ ਇਸਦਾ ਮਤਲਬ ਇਹ ਬਿਲਕੁਲ ਨਹੀਂ ਹੈ ਕਿ ਕੀਤਾ ਗਿਆ ਇਲਾਜ ਗਲਤ ਸੀ।
ਕੈਂਸਰ ਇਲਾਜ ਮਾਹਿਰ (ਓਨਕੋਲੋਜਿਸਟ) ਡਾਕਟਰ ਰਾਸ਼ੀ ਅਗਰਵਾਲ ਕਹਿੰਦੇ ਹਨ ਕਿ ਕੈਂਸਰ ਇੱਕ ਕ੍ਰੋਨਿਕ ਭਾਵ ਲੰਮੀ ਬਿਮਾਰੀ ਹੈ। ਇਹ ਸਰੀਰ ਵਿੱਚ ਹੌਲੀ-ਹੌਲੀ ਵਧਦਾ ਹੈ। ਅਜਿਹੀ ਸਥਿਤੀ ਵਿੱਚ, ਇਲਾਜ ਦੌਰਾਨ ਕੁਝ ਕੈਂਸਰ ਸੈੱਲ ਬਚ ਜਾਂਦੇ ਹਨ। ਇਹ ਸੈੱਲ ਹੌਲੀ-ਹੌਲੀ ਇਕੱਠੇ ਹੁੰਦੇ ਹਨ ਅਤੇ ਇਸਨੂੰ ਹੀ ਕੈਂਸਰ ਰੀਕਰੰਸ ਜਾਂ ਰੀਲੈਪਸ ਕਿਹਾ ਜਾਂਦਾ ਹੈ।
ਉਹ ਕਹਿੰਦੇ ਹਨ ਕਿ ਸਾਨੂੰ ਇਹ ਵੀ ਦੇਖਣਾ ਚਾਹੀਦਾ ਹੈ ਕਿ ਹੁਣ ਲੋਕ ਕੈਂਸਰ ਹੋਣ ਦੇ ਬਾਵਜੂਦ ਲੰਮਾ ਜੀਵਨ ਜੀ ਰਹੇ ਹਨ। ਇਸ ਲਈ ਵੀ ਕੈਂਸਰ ਦੇ ਵਾਪਸ ਆਉਣ ਦੇ ਮਾਮਲੇ ਦੇਖੇ ਜਾ ਰਹੇ ਹਨ।
ਅਮਰੀਕਨ ਕੈਂਸਰ ਸੋਸਾਇਟੀ 'ਤੇ ਪ੍ਰਕਾਸ਼ਿਤ ਜਾਣਕਾਰੀ ਮੁਤਾਬਕ, ਇਹ ਅੰਦਾਜ਼ਾ ਲਗਾਉਣਾ ਮੁਸ਼ਕਲ ਹੈ ਕਿ ਕੈਂਸਰ ਦੇ ਦੁਬਾਰਾ ਹੋਣ ਦਾ ਜੋਖ਼ਮ ਕਿੰਨਾ ਹੈ। ਪਰ ਜੇਕਰ ਇਹ ਤੇਜ਼ੀ ਨਾਲ ਵਧਣ ਵਾਲਾ, ਫੈਲਣ ਵਾਲਾ ਜਾਂ ਐਡਵਾਂਸ ਸਟੇਜ ਵਿੱਚ ਹੋਵੇ, ਤਾਂ ਇਸਦੇ ਦੁਬਾਰਾ ਹੋਣ ਦੀ ਸੰਭਾਵਨਾ ਰਹਿੰਦੀ ਹੈ।
ਕੈਂਸਰ ਦੀ ਵਾਪਸੀ ਦੀਆਂ ਕਿਸਮਾਂ

ਇਸ ਦੇ ਨਾਲ ਹੀ, ਇੱਥੇ ਉਪਲੱਬਧ ਜਾਣਕਾਰੀ ਤੋਂ ਪਤਾ ਚੱਲਦਾ ਹੈ ਕਿ ਕੈਂਸਰ ਦੀਆਂ ਵੱਖ-ਵੱਖ ਕਿਸਮਾਂ ਦੀ ਵਾਪਸੀ ਹੁੰਦੀ ਹੈ। ਇਸ ਵਿੱਚ ਇੱਕ ਸਥਿਤੀ ਇਹ ਹੁੰਦੀ ਹੈ ਜਦੋਂ ਕੈਂਸਰ ਉਸੇ ਥਾਂ 'ਤੇ ਵਾਪਸ ਆ ਜਾਂਦਾ ਹੈ ਜਿੱਥੋਂ ਇਹ ਸ਼ੁਰੂ ਹੋਇਆ ਸੀ। ਇਸਨੂੰ ਲੋਕਲ ਰੀਕਰੰਸ ਕਿਹਾ ਜਾਂਦਾ ਹੈ।
ਦੂਜੀ ਸਥਿਤੀ ਰੀਜਨਲ ਰੀਕਰੰਸ ਕਹਾਉਂਦੀ ਹੈ। ਇਸ ਵਿੱਚ ਕੈਂਸਰ ਉਸ ਖੇਤਰ ਦੇ ਲਿੰਫ ਨੋਡਸ ਵਿੱਚ ਵਾਪਸ ਆ ਜਾਂਦਾ ਹੈ, ਜਿੱਥੋਂ ਇਹ ਸ਼ੁਰੂ ਹੋਇਆ ਸੀ। ਲਿੰਫ ਨੋਡ ਸਾਡੀ ਰੋਗ ਪ੍ਰਤੀਰੋਧਕ ਪ੍ਰਣਾਲੀ ਦਾ ਇੱਕ ਮਹੱਤਵਪੂਰਨ ਹਿੱਸਾ ਹਨ।
ਪਰ ਜਦੋਂ ਕੈਂਸਰ ਸਰੀਰ ਦੇ ਕਿਸੇ ਹੋਰ ਹਿੱਸੇ ਵਿੱਚ ਫੈਲਦਾ ਹੈ, ਤਾਂ ਇਸਨੂੰ ਡਿਸਟੈਂਸ ਰੀਕਰੰਸ ਕਿਹਾ ਜਾਂਦਾ ਹੈ।
ਡਾਕਟਰ ਰਾਸ਼ੀ ਅਗਰਵਾਲ ਦੱਸਦੇ ਹਨ, "ਕਈ ਤਰ੍ਹਾਂ ਦੇ ਕੈਂਸਰ ਹੁੰਦੇ ਹਨ, ਜਿੱਥੇ ਕੁਝ ਵਿੱਚ, ਦਵਾਈਆਂ, ਕੀਮੋਥੈਰੇਪੀ ਆਦਿ ਨਾਲ ਇਲਾਜ ਲੰਬੇ ਸਮੇਂ ਤੱਕ ਚੱਲਦਾ ਰਹਿੰਦਾ ਹੈ। ਕੁਝ ਮਾਮਲਿਆਂ ਵਿੱਚ ਇਹ ਸੰਭਵ ਨਹੀਂ ਹੁੰਦਾ।''
''ਜਿਵੇਂ ਛਾਤੀ ਦੇ ਕੈਂਸਰ ਵਿੱਚ, ਘੱਟੋ-ਘੱਟ ਦਸ ਸਾਲਾਂ ਲਈ ਦਵਾਈਆਂ ਦਿੱਤੀਆਂ ਜਾਂਦੀਆਂ ਹਨ ਤਾਂ ਜੋ ਇਹ ਸੈੱਲ ਮੁੜ ਸਰਗਰਮ ਨਾ ਹੋ ਸਕਣ। ਹਾਲਾਂਕਿ, ਹੁਣ ਛਾਤੀ ਦਾ ਕੈਂਸਰ 20 ਸਾਲ ਦੀ ਉਮਰ ਵਾਲੀਆਂ ਕੁੜੀਆਂ ਵਿੱਚ ਵੀ ਦੇਖਿਆ ਜਾ ਰਿਹਾ ਹੈ, ਜਦੋਂ ਕਿ ਪਹਿਲਾਂ ਇਹ 40 ਸਾਲ ਦੀ ਉਮਰ ਤੋਂ ਬਾਅਦ ਹੁੰਦਾ ਸੀ।''
''ਕੈਂਸਰ ਦਾ ਦੁਬਾਰਾ ਹੋਣਾ ਟਿਊਮਰ ਫੈਕਟਰ ਦੇ ਕਾਰਨ ਹੋ ਸਕਦਾ ਹੈ, ਜੋ ਖ਼ਰਾਬ ਹੋਵੇ। ਜੇਕਰ ਸੈੱਲ ਟ੍ਰਿਪਲ ਨੈਗੇਟਿਵ ਹੋਣ, ਤਾਂ ਜਿੰਨਾ ਵੀ ਇਲਾਜ ਕੀਤਾ ਜਾਵੇ, ਇਸਦੇ ਅਸਫਲ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ।
ਇੱਕ ਨਿੱਜੀ ਹਸਪਤਾਲ ਦੇ ਓਨਕੋਲੋਜਿਸਟ ਸਵਸਤੀ ਕਹਿੰਦੇ ਹਨ, "ਸੌਖੇ ਸ਼ਬਦਾਂ 'ਚ ਸਮਝੀਏ ਤਾਂ ਸਾਡੇ ਸਰੀਰ ਵਿੱਚ ਅਜਿਹੇ ਜੀਨ ਹੁੰਦੇ ਹਨ ਜੋ ਕੈਂਸਰ ਨੂੰ ਬਣਨ ਤੋਂ ਰੋਕਦੇ ਹਨ। ਜੇਕਰ ਕੈਂਸਰ ਪੈਦਾ ਕਰਨ ਵਾਲੇ ਸੈੱਲ ਵਧ ਜਾਂਦੇ ਹਨ, ਤਾਂ ਇਸ ਤੋਂ ਬਚਾਅ ਕਰਨ ਵਾਲੀ ਪ੍ਰਕਿਰਿਆ ਕਮਜ਼ੋਰ ਪੈ ਜਾਂਦੀ ਹੈ।"
ਉਹ ਦੱਸਦੇ ਹਨ ਕਿ ਕੈਂਸਰ ਦੇ ਵਾਪਸ ਆਉਣ ਦਾ ਖ਼ਤਰਾ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਇਹ ਸਰੀਰ ਵਿੱਚ ਕਦੋਂ ਸ਼ੁਰੂ ਹੋਇਆ, ਕਿੰਨਾ ਫੈਲਿਆ, ਅਤੇ ਇਸਦਾ ਪਤਾ ਕਦੋਂ ਲੱਗਿਆ।
"ਇਸਦਾ ਇਲਾਜ ਹੈ"

ਹੁਣ ਤਾਂ ਇਹ ਵੀ ਦੇਖਿਆ ਜਾ ਰਿਹਾ ਹੈ ਕਿ ਛੋਟੀ ਉਮਰ ਦੀਆਂ ਕੁੜੀਆਂ ਵਿੱਚ ਵੀ ਬ੍ਰੈਸਟ ਕੈਂਸਰ ਦੇ ਮਾਮਲੇ ਸਾਹਮਣੇ ਆ ਰਹੇ ਹਨ। ਅਜਿਹੀ ਸਥਿਤੀ ਵਿੱਚ, ਕੀ ਉਨ੍ਹਾਂ 'ਚ ਇਸ ਦੇ ਦੁਬਾਰਾ ਹੋਣ ਦੀ ਸੰਭਾਵਨਾ ਨੂੰ ਵੱਧ ਮੰਨੀ ਜਾਵੇ?
ਇਸ ਸਵਾਲ ਦੇ ਜਵਾਬ ਵਿੱਚ, ਡਾਕਟਰ ਸਵਸਥੀ ਕਹਿੰਦੇ ਹਨ, "ਇਹ ਇਸ ਗੱਲ 'ਤੇ ਨਿਰਭਰ ਕਰੇਗਾ ਕਿ ਮਹਿਲਾ ਨੂੰ ਕਿਸ ਪੜਾਅ 'ਤੇ ਇਸ ਬਾਰੇ ਪਤਾ ਲੱਗਦਾ ਹੈ। ਉਸਨੂੰ ਕਿਸ ਤਰ੍ਹਾਂ ਦਾ ਟਿਊਮਰ ਸੀ ਅਤੇ ਉਸਨੇ ਪੂਰਾ ਇਲਾਜ ਕਰਵਾਇਆ ਜਾਂ ਨਹੀਂ। ਅਸੀਂ ਹਮੇਸ਼ਾ ਮਰੀਜ਼ਾਂ ਨੂੰ ਦੱਸਦੇ ਹਾਂ ਕਿ ਕੈਂਸਰ ਦੁਬਾਰਾ ਵਾਪਸ ਆ ਸਕਦਾ ਹੈ ਪਰ ਉਨ੍ਹਾਂ ਨੂੰ ਘਬਰਾਉਣਾ ਨਹੀਂ ਚਾਹੀਦਾ ਕਿਉਂਕਿ ਇਸਦਾ ਇਲਾਜ ਹੈ।"
ਇਸੇ ਗੱਲ ਨੂੰ ਅੱਗੇ ਤੋਰਦਿਆਂ ਡਾਕਟਰ ਰਾਸ਼ੀ ਕਹਿੰਦੇ ਹਨ, "ਇਹ ਵੀ ਦੇਖਿਆ ਜਾਂਦਾ ਹੈ ਕਿ ਅਜਿਹੀ ਔਰਤ ਦੀ ਸਿਹਤ ਕਿਹੋ ਜਿਹੀ ਸੀ? ਕਿਉਂਕਿ ਕਈ ਵਾਰ ਕੈਂਸਰ ਦੇ ਦੁਬਾਰਾ ਹੋਣ ਦਾ ਕਾਰਨ ਵਾਤਾਵਰਣ ਵੀ ਹੁੰਦਾ ਹੈ। ਤੁਸੀਂ ਇੱਕ ਅਜਿਹੇ ਵਾਤਾਵਰਣ ਵਿੱਚ ਰਹਿ ਰਹੇ ਹੁੰਦੇ ਹੋ ਜੋ ਬਹੁਤ ਪ੍ਰਦੂਸ਼ਿਤ ਹੈ। ਇਹ ਵੀ ਤੁਹਾਡੇ ਸਰੀਰ ਵਿੱਚ ਕੈਂਸਰ ਦੇ ਦੁਬਾਰਾ ਹੋਣ ਵਿੱਚ ਭੂਮਿਕਾ ਨਿਭਾ ਸਕਦਾ ਹੈ।"
ਡਾਕਟਰਾਂ ਦੱਸਦੇ ਹਨ ਕਿ ਜਦੋਂ ਕਿਸੇ ਵਿਅਕਤੀ ਨੂੰ ਕੈਂਸਰ ਮੁਕਤ ਐਲਾਨਿਆ ਜਾਂਦਾ ਹੈ, ਤਾਂ ਵੀ ਉਸਦੀ ਡਾਕਟਰੀ ਜਾਂਚ ਜਾਰੀ ਰਹਿੰਦੀ ਹੈ। ਅਜਿਹੇ ਵਿਅਕਤੀ ਨੂੰ ਦੋ ਸਾਲਾਂ ਤੱਕ ਹਰ ਤਿੰਨ ਮਹੀਨਿਆਂ ਬਾਅਦ ਬੁਲਾਇਆ ਜਾਂਦਾ ਹੈ। ਤੀਜੇ ਸਾਲ ਵਿੱਚ ਹਰ ਚਾਰ ਮਹੀਨਿਆਂ ਬਾਅਦ ਅਤੇ ਚੌਥੇ ਅਤੇ ਪੰਜਵੇਂ ਸਾਲ ਵਿੱਚ ਹਰ ਛੇ ਮਹੀਨਿਆਂ ਬਾਅਦ ਡਾਕਟਰ ਉਨ੍ਹਾਂ ਨੂੰ ਬੁਲਾਉਂਦੇ ਹਨ। ਇਸ ਦੇ ਨਾਲ ਹੀ ਮਰੀਜ਼ ਨੂੰ ਨਿਯਮਿਤ ਤੌਰ 'ਤੇ ਸਵੈ-ਜਾਂਚ ਵੀ ਕਰਵਾਉਣੀ ਪੈਂਦੀ ਹੈ।
ਨਾਲ ਹੀ ਸਿਗਰਟਨੋਸ਼ੀ, ਤੰਬਾਕੂ ਜਾਂ ਸ਼ਰਾਬ ਪੀਣ ਦੀ ਮਨਾਹੀ ਰਹਿੰਦੀ ਹੈ। ਇਸ ਤੋਂ ਇਲਾਵਾ, ਡਾਕਟਰ ਬਿਹਤਰ ਖੁਰਾਕ 'ਤੇ ਜ਼ੋਰ ਦਿੰਦੇ ਹਨ, ਜੋ ਕਿ ਮਰੀਜ਼ ਦੀ ਸਥਿਤੀ ਦੇ ਅਨੁਸਾਰ ਨਿਰਧਾਰਤ ਕੀਤੀ ਜਾਂਦੀ ਹੈ। ਨਿਯਮਤ ਕਸਰਤ 'ਤੇ ਵੀ ਜ਼ੋਰ ਦਿੱਤਾ ਜਾਂਦਾ ਹੈ।

ਤਸਵੀਰ ਸਰੋਤ, Peter Dazeley/Getty Images
ਡਾਕਟਰ ਸਲਾਹ ਦਿੰਦੇ ਹਨ ਕਿ ਇਨ੍ਹਾਂ ਚੀਜ਼ਾਂ ਦੀ ਵਰਤੋਂ ਤੋਂ ਬਚਣਾ ਚਾਹੀਦਾ ਹੈ:
- ਨਾਨ-ਸਟਿਕ ਕੁਕਵੇਅਰ
- ਹੇਅਰ ਡਾਈ
- ਪ੍ਰਦੂਸ਼ਣ
- ਪ੍ਰੀਜ਼ਰਵੇਟਿਵ ਯੁਕਤ ਭੋਜਨ
- ਪਲਾਸਟਿਕ ਦੀ ਵਰਤੋਂ
- ਫਲਾਂ ਅਤੇ ਸਬਜ਼ੀਆਂ ਵਿੱਚ ਮਿਲਾਏ ਜਾਣੇ ਵਾਲੇ ਰਸਾਇਣ
ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਵਾਤਾਵਰਣ ਲਗਾਤਾਰ ਬਦਲ ਰਿਹਾ ਹੈ, ਅਤੇ ਹੁਣ ਕੁਝ ਵੀ ਪੂਰੀ ਤਰ੍ਹਾਂ ਸ਼ੁੱਧ ਨਹੀਂ ਰਹਿ ਗਿਆ ਹੈ। ਅਜਿਹੀ ਸਥਿਤੀ ਵਿੱਚ, ਲੋਕਾਂ ਨੂੰ ਕੂੜ ਹੀ ਆਪਣਾ ਧਿਆਨ ਰੱਖਣਾ ਪਵੇਗਾ। ਹਾਲਾਂਕਿ, ਕੋਰੋਨਾ ਮਹਾਂਮਾਰੀ ਨੇ ਇੱਕ ਚੰਗੀ ਗੱਲ ਸਿਖਾਈ ਹੈ ਕਿ ਲੋਕ ਆਪਣੀ ਸਿਹਤ ਪ੍ਰਤੀ ਜਾਗਰੂਕ ਹੋ ਗਏ ਹਨ।
ਇੱਕ ਜ਼ਿੰਮੇਵਾਰ ਸਮਾਜ ਹੋਣ ਦੇ ਨਾਤੇ, ਸਾਨੂੰ ਸੋਚਣਾ ਪਵੇਗਾ ਕਿ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਕੀ ਛੱਡ ਕੇ ਜਾ ਰਹੇ ਹਾਂ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ













