ਕੀ ਕੈਂਸਰ ਦਾ ਇਲਾਜ ਦਵਾਈਆਂ ਤੋਂ ਬਿਨਾਂ ਵੀ ਹੋ ਸਕਦਾ ਹੈ? ਰਵਾਇਤੀ ਇਲਾਜ ਤੋਂ ਇਲਾਵਾ ਵਰਤੇ ਜਾਂਦੇ ਤਰੀਕਿਆਂ ਦੇ ਕੀ ਖ਼ਤਰੇ ਹਨ

ਤਸਵੀਰ ਸਰੋਤ, Getty Images
- ਲੇਖਕ, ਜੈਕੀ ਵੇਕਫ਼ਿਲਡ
- ਰੋਲ, ਗਲੋਬਲ ਡਿਸਇਨਫਾਰਮੇਸ਼ਨ ਰਿਪੋਰਟਰ
ਬਹੁਤ ਸਾਰੀਆਂ ਮਸ਼ਹੂਰ ਹਸਤੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੀ ਖੁਰਾਕ ਨੂੰ ਬਦਲ ਕੇ ਅਤੇ ਰਵਾਇਤੀ ਦਵਾਈਆਂ ਦੀ ਬਜਾਏ ਇਲਾਜ ਦੇ ਹੋਰ ਤਰੀਕਿਆਂ ਦੀ ਮਦਦ ਨਾਲ ਕੈਂਸਰ ਤੋਂ ਨਿਜਾਤ ਪਾਇਆ ਹੈ।
ਪਰ ਜ਼ਿਆਦਾਤਰ ਕੈਂਸਰ ਚੈਰਿਟੀਜ਼ ਦਾ ਕਹਿਣਾ ਹੈ ਕਿ ਇਨ੍ਹਾਂ ਦਾਅਵਿਆਂ ਨੂੰ ਸਾਬਤ ਕਰਨ ਲਈ ਕੋਈ ਡਾਕਟਰੀ ਸਬੂਤ ਮੌਜੂਦ ਨਹੀਂ ਹਨ। ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਵਿਕਲਪਕ ਥੈਰੇਪੀਆਂ ਕੈਂਸਰ ਦਾ ਇਲਾਜ ਜਾਂ ਇਲਾਜ ਵਿੱਚ ਮਦਦ ਕਰ ਸਕਦੀਆਂ ਹਨ।
ਤਾਂ ਫਿਰ ਇਹ ਇਲਾਜ ਦੇ ਦਾਅਵੇ ਕਿਉਂ ਹਨ ਅਤੇ ਇਨ੍ਹਾਂ ਦੀ ਵਰਤੋਂ ਕਿਉਂ ਵਧ ਰਹੀ ਹੈ?
ਨਵੰਬਰ ਵਿੱਚ, ਸਾਬਕਾ ਭਾਰਤੀ ਕ੍ਰਿਕਟਰ ਅਤੇ ਸਿਆਸਤਦਾਨ ਨਵਜੋਤ ਸਿੰਘ ਸਿੱਧੂ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੀ ਪਤਨੀ ਆਪਣੀ ਖੁਰਾਕ 'ਚ ਨਿੰਬੂ ਪਾਣੀ, ਕੱਚੀ ਹਲਦੀ, ਸੇਬ ਦਾ ਸਿਰਕਾ, ਨਿੰਮ ਦੇ ਪੱਤੇ, ਤੁਲਸੀ, ਕੱਦੂ, ਅਨਾਰ, ਆਂਵਲਾ, ਚੁਕੰਦਰ ਅਤੇ ਅਖਰੋਟ ਵਰਗੀਆਂ ਚੀਜ਼ਾਂ ਸ਼ਾਮਲ ਕਰਕੇ ਹੁਣ ਕੈਂਸਰ ਮੁਕਤ ਹੋ ਗਏ ਹਨ।

ਨਵਜੋਤ ਜੋੜੇ ਦੇ ਇਸ ਦਾਅਵੇ ਤੋਂ ਬਾਅਦ ਭਾਰਤ ਦੇ ਇੱਕ ਹਸਪਤਾਲ ਵਿੱਚ 200 ਤੋਂ ਵੱਧ ਕੈਂਸਰ ਮਾਹਿਰਾਂ ਨੇ ਇੱਕ ਬਿਆਨ ਜਾਰੀ ਕੀਤਾ।
ਉਸ ਵਿੱਚ ਉਨ੍ਹਾਂ ਵਲੋਂ ਕਿਹਾ ਗਿਆ ਹੈ ਕਿ ਹਾਲਾਂਕਿ ਇਹਨਾਂ ਵਿੱਚੋਂ ਕੁਝ ਉਤਪਾਦਾਂ ਬਾਰੇ ਖੋਜ ਜਾਰੀ ਹੈ, ਇਨ੍ਹਾਂ ਚੀਜ਼ਾਂ ਦੀ ਕੈਂਸਰ ਦੇ ਇਲਾਜ ਵਜੋਂ ਵਰਤੋਂ ਦਾ ਸਮਰਥਨ ਕਰਨ ਲਈ ਕੋਈ ਸਬੂਤ ਨਹੀਂ ਹਨ।
ਅੱਗੇ ਆਪਣੇ ਬਿਆਨ 'ਚ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਗੈਰ-ਪ੍ਰਮਾਣਿਤ ਉਪਚਾਰਾਂ ਦੀ ਪਾਲਣਾ ਕਰਕੇ ਆਪਣੇ ਇਲਾਜ ਵਿੱਚ ਦੇਰੀ ਨਾ ਕਰਨ।
ਸਤੰਬਰ ਵਿੱਚ ਇੱਕ ਆਸਟ੍ਰੇਲੀਅਨ ਮਾਡਲ ਐਲੇ ਮੈਕਫਰਸਨ ਨੇ ਖੁਲਾਸਾ ਕੀਤਾ ਕਿ ਜਦੋਂ ਸੱਤ ਸਾਲ ਪਹਿਲਾਂ ਉਨ੍ਹਾਂ ਨੂੰ ਆਪਣੇ ਛਾਤੀ ਦੇ ਕੈਂਸਰ ਬਾਰੇ ਪਤਾ ਲੱਗਾ ਤਾਂ ਇਲਾਜ ਲਈ ਉਨ੍ਹਾਂ ਨੇ ਕੀਮੋਥੈਰੇਪੀ ਦੀ ਬਜਾਏ "ਆਪਣੇ ਦਿਲ ਅਤੇ ਮਨ ਦੀ ਸੁਣ' ਕੇ ਆਪਣੇ ਕੈਂਸਰ ਦਾ ਉਪਚਾਰ ਕੀਤਾ।
ਹੋਰ ਥੈਰੇਪੀਆਂ ਜਿਵੇਂ ਕਿ ਐਕਯੂਪੰਕਚਰ, ਯੋਗਾ ਅਤੇ ਮੈਡੀਟੇਸ਼ਨ ਅਕਸਰ ਬ੍ਰੈਸਟ ਕੈਂਸਰ ਦੇ ਰਵਾਇਤੀ ਇਲਾਜ ਜਿਵੇਂ ਕਿ ਕੀਮੋਥੈਰੇਪੀ ਦੇ ਨਾਲ ਅਪਣਾਈਆਂ ਜਾਂਦੀਆਂ ਹਨ।
ਡਾਕਟਰਾਂ ਦਾ ਕਹਿਣਾ ਹੈ ਕਿ ਅਜਿਹੀਆਂ ਪੂਰਕ ਥੈਰੇਪੀਆਂ ਸਰੀਰ ਦੀ ਬਾਕੀ ਤੰਦਰੁਸਤੀ ਨੂੰ ਬਿਹਤਰ ਕਰਨ ਅਤੇ ਦਰਦ ਨੂੰ ਘਟਾਉਣ 'ਚ ਮਦਦ ਕਰ ਸਕਦੀਆਂ ਹਨ।
ਪਰ ਹੋਰ ਥੈਰੇਪੀਆਂ 'ਚ ਜੇ ਕਿਸੇ ਤਰ੍ਹਾਂ ਦੀ ਖੁਰਾਕ, ਖਣਿਜ ਸਮੱਗਰੀ ਅਤੇ ਵਿਟਾਮਿਨਜ਼ ਸ਼ਾਮਲ ਹੁੰਦੇ ਹਨ ਤਾਂ ਜ਼ਿਆਦਾਤਰ ਡਾਕਟਰ ਇਸ ਦੇ ਵਿਰੁੱਧ ਸਲਾਹ ਦਿੰਦੇ ਹਨ। ਖਾਸ ਕਰਕੇ ਜਦੋਂ ਇਨ੍ਹਾਂ ਥੈਰੇਪੀਆਂ ਨੂੰ ਡਾਕਟਰੀ ਇਲਾਜ ਦੀ ਥਾਂ ਵਰਤਿਆ ਜਾਂਦਾ ਹੋਵੇ।

ਤਸਵੀਰ ਸਰੋਤ, Facebook/NavjotSinghSidhu
ਚੈਰਿਟੀਆਂ ਇਹ ਵੀ ਚਿਤਾਵਨੀ ਦਿੰਦੀਆਂ ਹਨ ਕਿ ਕੁਝ ਵਿਕਲਪਕ ਇਲਾਜ ਨੁਕਸਾਨਦੇਹ ਹੋ ਸਕਦੇ ਹਨ।
ਨਾ ਸਿਰਫ਼ ਇਹ ਮਾੜੇ ਪ੍ਰਭਾਵਾਂ ਦਾ ਕਾਰਨ ਬਣ ਸਕਦੇ ਹਨ ਸਗੋਂ ਡਾਕਟਰੀ ਇਲਾਜ ਵਿੱਚ ਵੀ ਦਖਲ ਦੇ ਸਕਦੇ ਹਨ। 2018 ਦੇ ਇੱਕ ਜਾਮਾ ਓਨਕੋਲੋਜੀ ਅਧਿਐਨ ਵਿੱਚ ਪਾਇਆ ਗਿਆ ਕਿ ਕੈਂਸਰ ਵਾਲੇ ਮਰੀਜ਼ਾਂ ਦੁਆਰਾ ਪੂਰਕ ਅਤੇ ਵਿਕਲਪਕ ਥੈਰੇਪੀਆਂ ਦੀ ਵਰਤੋਂ ਉਨ੍ਹਾਂ ਦੀ ਕੈਂਸਰ ਤੋਂ ਬਚਣ ਦੀ ਸੰਭਾਵਨਾਵਾਂ ਨੂੰ ਘਟਾ ਸਕਦਾ ਹੈ।
ਇਸ ਦੇ ਬਾਵਜੂਦ, ਬਹੁਤ ਸਾਰੇ ਕੈਂਸਰ ਦੇ ਮਰੀਜ਼ ਪੂਰਕ ਅਤੇ ਵਿਕਲਪਕ ਇਲਾਜਾਂ ਦੀ ਭਾਲ ਕਰਦੇ ਹਨ ਅਤੇ ਤਾਂ ਹੀ ਉਹਨਾਂ ਦੀ ਪ੍ਰਸਿੱਧੀ ਵਧ ਰਹੀ ਹੈ।
ਇੱਕ ਅਮਰੀਕਨ ਸੋਸਾਇਟੀ ਆਫ਼ ਕਲੀਨਿਕਲ ਓਨਕੋਲੋਜੀ ਕੈਂਸਰ ਓਪੀਨੀਅਨਜ਼ ਸਰਵੇਖਣ ਸੰਕੇਤ ਦਿੰਦੇ ਹਨ ਕਿ ਸੰਯੁਕਤ ਰਾਜ ਅਮਰੀਕਾ ਵਿੱਚ ਲਗਭਗ 40 ਫ਼ੀਸਦੀ ਬਾਲਗ ਮੰਨਦੇ ਹਨ ਕਿ ਕੈਂਸਰ ਨੂੰ ਸਿਰਫ਼ ਵਿਕਲਪਕ ਇਲਾਜਾਂ ਦੁਆਰਾ ਵੀ ਠੀਕ ਕੀਤਾ ਜਾ ਸਕਦਾ ਹੈ।
'ਕੈਂਸਰ ਠੀਕ ਕਰਨ ਵਾਲੀਆਂ ਖੁਰਾਕਾਂ' ਉੱਤੇ ਬਣੀਆਂ ਵੀਡੀਓਜ਼ ਆਨਲਾਈਨ ਲੱਖਾਂ ਹੀ ਵਿਊਜ਼ ਪ੍ਰਾਪਤ ਕਰਦੀਆਂ ਹਨ। 'ਕੈਂਸਰ ਨੂੰ ਠੀਕ ਕਰਨ ਵਾਲੀ ਡਾਇਟ' 'ਤੇ ਲਿਖੀਆਂ ਕਿਤਾਬਾਂ ਅਕਸਰ ਐਮਾਜ਼ਾਨ 'ਤੇ ਸਭ ਤੋਂ ਵੱਧ ਵਿਕਣ ਵਾਲੀਆਂ ਕਿਤਾਬਾਂ ਹੁੰਦੀਆਂ ਹਨ।
ਹਾਲ ਹੀ ਵਿੱਚ, ਬਹੁਤ ਸਾਰੀਆਂ ਮਸ਼ਹੂਰ ਹਸਤੀਆਂ ਵੱਲੋਂ ਇੱਕ ਟਵਿੱਟਰ ਥ੍ਰੈੱਡ ਨੂੰ ਸਾਂਝਾ ਕੀਤਾ ਗਿਆ ਸੀ, ਜਿਸ ਵਿੱਚ ਕਿਹਾ ਗਿਆ ਹੈ ਕਿ ਖੁਰਾਕ 'ਚ ਹੀ ਕੁਝ ਤਬਦੀਲੀਆਂ ਕਰਕੇ ਕੈਂਸਰ ਨੂੰ "ਕੁਦਰਤੀ ਢੰਗ" ਨਾਲ ਠੀਕ ਕੀਤਾ ਜਾ ਸਕਦਾ ਹੈ। ਇਸ ਪੋਸਟ ਨੂੰ ਸਿਰਫ 48 ਘੰਟਿਆਂ ਵਿੱਚ ਹੀ 2,00,000 ਲਾਇਕ ਮਿਲੇ।
ਇਸ ਪੋਸਟ ਰਾਹੀਂ ਲੋਕਾਂ ਨੂੰ ਕੈਂਸਰ ਨੂੰ "ਖ਼ਤਮ ਕਰਨ" ਅਤੇ "ਆਪਣੇ ਡੀਐਨਏ ਨੂੰ ਹੈਕ" ਕਰਨ ਦੀ ਸਲਾਹ ਦਿੱਤੀ ਗਈ। ਕੁਝ ਖਾਸ ਭੋਜਨ ਖਾ ਕੇ "ਸਟੈਮ ਸੈੱਲਾਂ ਨੂੰ ਵਧਾਉਣ" ਦੇ ਤਰੀਕੇ ਵੀ ਸਾਂਝੇ ਕੀਤੇ ਗਏ ਸਨ।
ਕੈਂਸਰ ਚੈਰਿਟੀ ਮੈਕਮਿਲਨ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਵਿਕਲਪਕ ਥੈਰੇਪੀਆਂ ਦੀ ਵਰਤੋਂ ਕਰਨ ਬਾਰੇ ਵਿਚਾਰ ਕਰ ਰਹੇ ਹੋ, ਤਾਂ ਇਸ ਬਾਰੇ ਸਲਾਹ ਅਤੇ ਸਹਾਇਤਾ ਲਈ ਕੈਂਸਰ ਦੇ ਮਾਹਰ ਡਾਕਟਰ ਨਾਲ ਗੱਲ ਕਰੋ।
ਇਸ ਚਲਣ ਨੂੰ ਹੁੰਗਾਰਾ ਕਿਉਂ ਮਿਲ ਰਿਹਾ ਹੈ ?

ਤਸਵੀਰ ਸਰੋਤ, Getty Images
ਇਸ ਚਲਣ ਨੂੰ ਵਧਾਉਣ 'ਚ ਗਲਤ ਜਾਣਕਾਰੀ ਇੱਕ ਅਹਿਮ ਭੂਮਿਕਾ ਨਿਭਾਉਂਦੀ ਹੈ।
ਸੋਸ਼ਲ ਮੀਡੀਆ 'ਤੇ ਬਿਨਾਂ ਕਿਸੇ ਵਿਗਿਆਨਕ ਸਬੂਤ ਦੇ ਇਨ੍ਹਾਂ ਵਿਕਲਪਕ ਇਲਾਜਾਂ ਨੂੰ "ਚਮਤਕਾਰੀ ਇਲਾਜ" ਵਜੋਂ ਦਰਸਾਇਆ ਜਾਂਦਾ ਹੈ।
ਬ੍ਰਿਟਿਸ਼ ਕੈਂਸਰ ਸਰਜਨ ਡਾ. ਲਿਜ਼ ਓ'ਰਿਓਰਡਨ ਕਹਿੰਦੇ ਹਨ, "ਕੈਂਸਰ ਡਰਾਉਣੀ ਬਿਮਾਰੀ ਹੈ। ਲੋਕ ਇਸ ਤੋਂ ਬਚਣ ਦੀ ਪੱਕੀ ਉਮੀਦ ਅਤੇ ਵਾਅਦਾ ਭਾਲਦੇ ਹਨ। ਪਰ ਇੱਕ ਮੁੱਖ ਧਾਰਾ ਦਾ ਡਾਕਟਰ ਤੁਹਾਨੂੰ ਅਜਿਹਾ ਕੋਈ ਵਾਅਦਾ ਨਹੀਂ ਦੇ ਸਕਦਾ ਹੈ। ਸਾਨੂੰ ਇਸ ਦੇ ਇਲਾਜ ਨਾਲ ਸਬੰਧਤ ਜੋਖ਼ਮਾਂ ਅਤੇ ਫਾਇਦਿਆਂ ਬਾਰੇ ਮਰੀਜ਼ ਨੂੰ ਦੱਸਣਾ ਹੀ ਪਵੇਗਾ।"
ਇਹ ਅਖੌਤੀ "ਇਲਾਜ" ਅਕਸਰ ਦਰਦ ਰਹਿਤ ਅਤੇ ਕੁਦਰਤੀ ਹੋਣ ਵਜੋਂ ਦੱਸੇ ਜਾਂਦੇ ਹਨ। ਇਹੀ ਕਾਰਨ ਹੈ ਕਿ ਇਹ "ਇਲਾਜ" ਕਮਜ਼ੋਰ ਮਰੀਜ਼ਾਂ ਲਈ ਰਵਾਇਤੀ ਅਤੇ ਪ੍ਰਭਾਵੀ ਇਲਾਜ (ਜਿਸ ਦੇ ਮਾੜੇ ਪ੍ਰਭਾਵ ਵੀ ਹੋ ਸਕਦੇ ਹਨ) ਨਾਲੋਂ ਜ਼ਿਆਦਾ ਲੁਭਾਉਣੇ ਹੋ ਸਕਦੇ ਹਨ।
ਇਸ ਦੇ ਪਿੱਛੇ ਇੱਕ ਹੋਰ ਕਾਰਨ ਹੈ। ਉਹ ਇਹ ਹੈ ਕਿ ਦੁਨੀਆ ਭਰ ਦੇ ਬਹੁਤ ਸਾਰੇ ਮਰੀਜ਼ਾਂ ਨੂੰ ਉੱਚ ਗੁਣਵੱਤਾ ਵਾਲਾ ਕੈਂਸਰ ਦਾ ਇਲਾਜ ਆਸਾਨੀ ਨਾਲ ਨਹੀਂ ਮਿਲ ਪਾਉਂਦਾ ਹੈ। ਜੇ ਮਿਲਦਾ ਵੀ ਹੈ ਤਾਂ ਇਹ ਇਲਾਜ ਮਹਿੰਗਾ ਹੋ ਸਕਦਾ ਹੈ।
ਡਾ ਓ'ਰਿਓਰਡਨ ਅੱਗੇ ਦੱਸਦੇ ਹਨ, "ਜਦੋਂ ਪੈਸਾ (ਮਹਿੰਗਾ ਇਲਾਜ) ਇੱਕ ਮੁੱਦਾ ਹੁੰਦਾ ਹੈ, ਤਾਂ ਸੰਭਾਵੀ ਤੌਰ 'ਤੇ ਇਹ ਸਸਤੇ ਵਿਕਲਪਕ ਰਸਤੇ ਮਰੀਜ਼ਾਂ ਲਈ ਬਹੁਤ, ਬਹੁਤ ਆਕਰਸ਼ਕ ਹੋ ਸਕਦੇ ਹਨ।"
"ਮੇਰੀ ਚਿੰਤਾ ਇਹ ਹੈ ਕਿ ਲੋਕ ਕਮਜ਼ੋਰ ਮਰੀਜ਼ਾਂ ਦਾ ਸੋਸ਼ਣ ਕਰ ਰਹੇ ਹਨ। ਉਹ ਉਨ੍ਹਾਂ ਨੂੰ ਉਹ ਉਤਪਾਦ ਵੇਚ ਰਹੇ ਹਨ ਜਿਨ੍ਹਾਂ ਦੀ ਉਨ੍ਹਾਂ ਨੂੰ ਜ਼ਰੂਰਤ ਨਹੀਂ ਹੈ।"
ਬ੍ਰਿਟਿਸ਼ ਮੈਡੀਕਲ ਜਰਨਲ ਵਿੱਚ ਪ੍ਰਕਾਸ਼ਿਤ ਖੋਜ ਦੇ ਅਨੁਸਾਰ, ਅਫਰੀਕਾ ਵਿੱਚ ਕੈਂਸਰ ਬਾਰੇ ਜਾਗਰੂਕਤਾ ਅਤੇ ਰਵਾਇਤੀ ਡਾਕਟਰੀ ਇਲਾਜਾਂ ਦੀ ਪ੍ਰਭਾਵਸ਼ੀਲਤਾ ਘੱਟ ਹੈ, ਜਿਸ ਕਰਕੇ ਵਿਕਲਪਕ ਉਪਚਾਰਾਂ 'ਤੇ ਨਿਰਭਰਤਾ ਬਹੁਤ ਜ਼ਿਆਦਾ ਹੈ।
ਇਸ ਤੋਂ ਇਲਾਵਾ ਸਿਖਲਾਈ ਪ੍ਰਾਪਤ ਡਾਕਟਰਾਂ ਦੀ ਅਤੇ ਬੀਮਾ ਨਾਲ ਸੁਰੱਖਿਅਤ ਆਬਾਦੀ ਦੀ ਵੀ ਵਿਆਪਕ ਘਾਟ ਹੈ।
ਵਿਕਲਪਕ ਥੈਰੇਪੀਆਂ ਸੱਭਿਆਚਾਰ ਦਾ ਵੀ ਹਿੱਸਾ ਹੋ ਸਕਦੀਆਂ ਹਨ।
ਅਫਰੀਕਾ, ਏਸ਼ੀਆ ਅਤੇ ਭਾਰਤ ਵਿੱਚ ਕੁਝ ਪ੍ਰਾਚੀਨ ਇਲਾਜ ਪ੍ਰਣਾਲੀਆਂ ਮੌਜੂਦ ਹਨ, ਜੋ ਸਥਾਨਕ ਲੋਕਾਂ ਵਿੱਚ ਇਨ੍ਹਾਂ 'ਇਲਾਜਾਂ' ਪ੍ਰਤੀ ਵਿਸ਼ਵਾਸ ਨੂੰ ਵਧਾਉਂਦੀਆਂ ਹਨ।
ਹਾਲਾਂਕਿ ਚੀਨ ਦੀਆਂ ਰਵਾਇਤੀ ਦਵਾਈਆਂ ਅਤੇ ਆਯੁਰਵੇਦ ਦੇ ਇਲਾਜ ਕੁਝ ਬਿਮਾਰੀਆਂ ਦੇ ਇਲਾਜ 'ਚ ਮਦਦਗਾਰ ਹੋ ਸਕਦੇ ਹਨ, ਪਰ ਇਸ ਦੇ ਬਹੁਤ ਘੱਟ ਸਬੂਤ ਹਨ ਕਿ ਇਹ ਵਿਕਲਪ ਕੈਂਸਰ ਦੇ ਇਲਾਜ ਵਜੋਂ ਕੰਮ ਵੀ ਕਰਦੇ ਹਨ।
ਕੀ ਹਨ ਵਿਸ਼ਵ ਪੱਧਰ 'ਤੇ ਸਭ ਤੋਂ ਵੱਡੇ ਵਿਕਲਪਕ ਇਲਾਜ ਤੇ ਖੁਰਾਕ ?
ਆਯੁਰਵੈਦਿਕ 'ਇਲਾਜ'
ਹਲਦੀ, ਭਾਰਤ ਵਿੱਚ ਉਗਾਏ ਜਾਣ ਵਾਲੇ ਇਸ ਮਸਾਲੇ ਨੂੰ ਅਕਸਰ ਆਯੁਰਵੇਦ ਦੇ ਅੰਦਰ ਕੈਂਸਰ ਦਾ ਇੱਕ ਵਿਕਲਪਕ ਇਲਾਜ ਮੰਨਿਆ ਜਾਂਦਾ ਹੈ।
ਆਯੁਰਵੇਦ ਇੱਕ ਪ੍ਰਾਚੀਨ ਭਾਰਤੀ ਇਲਾਜ ਪ੍ਰਣਾਲੀ ਹੈ ਜੋ ਕਿ ਜੜ੍ਹੀ-ਬੂਟੀਆਂ ਅਤੇ ਮਾਲਸ਼ ਦੇ ਆਲੇ ਦੁਆਲੇ ਆਧਾਰਿਤ ਹੈ।
ਮਾਰਕਿਟ ਰਿਸਰਚ ਫਿਊਚਰ ਦੀ ਇੱਕ ਰਿਪੋਰਟ ਦੇ ਅਨੁਸਾਰ, ਆਯੁਰਵੇਦ ਦੁਨੀਆ ਭਰ ਵਿੱਚ ਵਧੇਰੇ ਪ੍ਰਸਿੱਧ ਹੋ ਰਿਹਾ ਹੈ ਅਤੇ ਇਹ 2028 ਤੱਕ ਤਿੰਨ ਗੁਣਾ ਵਧ ਜਾਵੇਗਾ।
ਲੈਂਸੇਟ ਦੀ ਰਿਪੋਰਟ ਦੇ ਅਨੁਸਾਰ, ਭਾਰਤ ਵਿੱਚ ਖਾਸ ਤੌਰ 'ਤੇ ਪੇਂਡੂ ਖੇਤਰਾਂ ਵਿੱਚ ਵਰਤੇ ਜਾ ਰਹੇ ਹੋਰ ਵਿਕਲਪਕ ਕੈਂਸਰ 'ਇਲਾਜਾਂ' ਵਿੱਚ ਨੈਚੂਰੋਪੈਥੀ, ਬਾਇਓਪੈਥੀ, ਹੋਮਿਓਪੈਥੀ, ਘਰੇਲੂ ਉਪਚਾਰ, ਕਣਕ-ਘਾਹ ਨਾਲ ਹੋਣ ਵਾਲੀ ਥੈਰੇਪੀ, ਹਾਈਡਰੋਥੈਰੇਪੀ, ਐਕੂਪੰਕਚਰ, ਆਟੋਯੂਰੀਨ ਥੈਰੇਪੀ, ਓਸਟੀਓਪੈਥੀ ਅਤੇ ਵਿਪਾਸਨਾ ਸ਼ਾਮਲ ਹਨ।
ਹਾਲਾਂਕਿ ਇਹਨਾਂ ਵਿੱਚੋਂ ਕੁਝ ਥੈਰੇਪੀਆਂ ਡਾਕਟਰੀ ਇਲਾਜ ਦੇ ਨਾਲ-ਨਾਲ ਦਰਦ ਪ੍ਰਬੰਧਨ ਵਿੱਚ ਮਦਦ ਕਰ ਸਕਦੇ ਹਨ, ਪਰ ਡਾ. ਓ'ਰਿਓਰਡਨ ਦਾ ਕਹਿਣਾ ਹੈ ਕਿ ਇਨ੍ਹਾਂ ਵਿੱਚੋਂ ਕੁਝ ਵਿਕਲਪ ਕੈਂਸਰ ਦੇ ਡਾਕਟਰੀ ਇਲਾਜਾਂ 'ਤੇ ਮਾੜਾ ਪ੍ਰਭਾਵ ਪਾ ਸਕਦੇ ਹਨ।
ਕੈਂਸਰ ਰਿਸਰਚ ਯੂਕੇ ਦਾ ਕਹਿਣਾ ਹੈ ਕਿ ਕੁਝ ਸਬੂਤ ਹਨ ਕਿ ਹਲਦੀ ਵਿੱਚ ਮੌਜੂਦ ਕਰਕਿਊਮਿਨ ਕੁਝ ਕੈਂਸਰਾਂ ਵਿੱਚ ਕੈਂਸਰ ਸੈੱਲਾਂ ਨੂੰ ਮਾਰ ਸਕਦਾ ਹੈ ਪਰ ਇਸ ਸੰਬੰਧਤ ਹੋਰ ਖੋਜ ਦੀ ਲੋੜ ਹੈ।
ਪਰ ਜ਼ਿਕਰਯੋਗ ਹੈ ਕਿ ਹਲਦੀ ਜਾਂ ਕਰਕਿਊਮਿਨ ਕੈਂਸਰ ਨੂੰ ਰੋਕ ਸਕਦੇ ਹਨ ਜਾਂ ਇਸ ਦਾ ਇਲਾਜ ਕਰ ਸਕਦੇ ਹਨ ਇਹ ਦਰਸਾਉਣ ਲਈ ਕੋਈ ਸਪੱਸ਼ਟ ਸਬੂਤ ਮੌਜੂਦ ਨਹੀਂ ਹੈ।
ਰਵਾਇਤੀ ਚੀਨੀ ਦਵਾਈ
ਕਲੀਨਿਕਲ ਓਨਕੋਲੋਜੀ ਜਰਨਲ ਵਿੱਚ ਇੱਕ ਖੋਜ ਸਮੀਖਿਆ ਲੇਖ ਦੇ ਅਨੁਸਾਰ, ਪੂਰਬ ਅਤੇ ਪੱਛਮ ਦੇਸ਼ਾਂ ਵਿੱਚ ਕੈਂਸਰ ਦੇ ਮਰੀਜ਼ਾਂ ਵਿੱਚ ਚੀਨੀ ਰਵਾਇਤੀ ਦਵਾਈਆਂ ਦੀ ਵਰਤੋਂ ਦਾ ਰੁਝਾਨ ਵਧ ਰਿਹਾ ਹੈ। ਪਰ ਇਨ੍ਹਾਂ ਦਵਾਈਆਂ ਦੀ ਸੁਰੱਖਿਆ ਅਤੇ ਪ੍ਰਭਾਵਸ਼ੀਲਤਾ ਦੇ ਵਿਗਿਆਨਕ ਸਬੂਤਾਂ 'ਤੇ ਓਨਕੋਲੋਜਿਸਟਸ ਵੱਲੋਂ ਸਵਾਲੀਆ ਚਿੰਨ੍ਹ ਲਾਏ ਗਏ ਹਨ।
ਪਰੰਪਰਾਗਤ ਚੀਨੀ ਉਪਚਾਰ ਜਾਂ ਟ੍ਰੈਡੀਸ਼ਨਲ ਚਾਈਨੀਜ਼ ਮੈਡੀਸਿਨ (ਟੀਸੀਐੱਮ) ਇੱਕ ਪੂਰੀ ਪ੍ਰਣਾਲੀ ਹੈ ਜਿਸ ਵਿੱਚ ਐਕਯੂਪੰਕਚਰ, ਮਸਾਜ ਥੈਰੇਪੀ, ਜੜੀ-ਬੂਟੀਆਂ ਦੇ ਇਲਾਜ ਅਤੇ ਤਾਈ ਚੀ ਸ਼ਾਮਲ ਹਨ।
ਇਹ ਪੌਦਿਆਂ ਤੋਂ ਮਿਲਣ ਵਾਲੇ ਸੈਂਕੜੇ ਦਵਾਈ ਵਜੋਂ ਕੰਮ ਕਰਨ ਵਾਲੇ ਪਦਾਰਥਾਂ ਦੀ ਵਰਤੋਂ ਕਰਦਾ ਹੈ।
ਡਾਕਟਰ ਓ'ਰਿਓਰਡਨ ਦਾ ਕਹਿਣਾ ਹੈ ਕਿ ਡਾਕਟਰੀ ਸਲਾਹ ਦੇ ਨਾਲ ਟੀਸੀਐੱਮ ਦੀ ਵਰਤੋਂ ਕੀਤੀ ਜਾ ਸਕਦੀ ਹੈ, ਪਰ ਇਸ 'ਚ ਸ਼ਾਮਲ ਕੁਝ ਜੜੀ-ਬੂਟੀਆਂ ਦਾ ਡਾਕਟਰੀ ਇਲਾਜ 'ਤੇ ਪ੍ਰਭਾਵ ਪੈਣ ਦਾ ਖ਼ਤਰਾ ਹੁੰਦਾ ਹੈ।
ਆਪਣੀ ਖੁਰਾਕ ਨੂੰ ਬਦਲਣਾ
ਇਹ ਦਾਅਵਾ ਵੀ ਵਿਸ਼ਵ ਪੱਧਰ 'ਤੇ ਪ੍ਰਸਿੱਧ ਹੋ ਰਹੇ ਹਨ ਕਿ "ਖ਼ਾਸ ਖੁਰਾਕਾਂ", ਜਿਵੇਂ ਕਿ ਕੇਟੋ, ਸ਼ਾਕਾਹਾਰੀ ਭੋਜਨ ਆਦਿ ਰਾਹੀਂ ਕੈਂਸਰ ਸੈੱਲਾਂ ਨੂੰ 'ਭੁੱਖੇ' ਮਾਰਿਆ ਜਾ ਸਕਦਾ ਹੈ।
ਕੈਂਸਰ ਖੋਜਕਰਤਾ ਡਾਕਟਰ ਡੇਵਿਡ ਰੌਬਰਟ ਗ੍ਰੀਮਜ਼ ਨੇ ਬੀਬੀਸੀ ਨੂੰ ਦੱਸਿਆ, "ਤੁਸੀਂ ਕੈਂਸਰ ਨੂੰ ਭੁੱਖੇ ਨਹੀਂ ਮਾਰ ਸਕਦੇ, ਤੁਸੀਂ ਸਿਰਫ਼ ਆਪਣੇ ਆਪ ਨੂੰ ਭੁੱਖਾ ਮਾਰਦੇ ਹੋ।"
"ਜੇਕਰ ਕੈਂਸਰ ਮਰੀਜ਼ ਦਾ ਭਾਰ ਘੱਟ ਜਾਂਦਾ ਹੈ ਤਾਂ ਇਹ ਬਹੁਤ ਖ਼ਤਰਨਾਕ ਹੋ ਸਕਦਾ ਹੈ।"
"ਸੋਸ਼ਲ ਮੀਡੀਆ 'ਤੇ ਅਜਿਹਿਆਂ ਦਾਅਵਿਆਂ ਦਾ ਹੜ੍ਹ ਹੈ। ਅਜਿਹੇ ਦਾਅਵੇ ਮਰੀਜ਼ ਨੂੰ ਇਹ ਸੋਚ ਕੇ ਸ਼ਰਮਿੰਦਾ ਹੋਣ ਨੂੰ ਮਜਬੂਰ ਕਰ ਦਿੰਦੇ ਹਨ ਕਿ ਉਨ੍ਹਾਂ ਨੂੰ ਹੋਏ ਕੈਂਸਰ ਦੇ ਉਹ ਆਪ ਜ਼ਿੰਮੇਵਾਰ ਹਨ। ਇਸ ਤੋਂ ਵੀ ਮਾੜਾ ਹੈ ਬਿਨਾਂ ਇਨ੍ਹਾਂ ਖੁਰਾਕਾਂ ਨਾਲ ਸੰਬੰਧਤ ਖਤਰਿਆਂ ਨੂੰ ਜਾਣੇ, ਉਨ੍ਹਾਂ ਮਰੀਜ਼ਾ ਵੱਲੋਂ ਇਨ੍ਹਾਂ ਨੂੰ ਅਪਣਾ ਲੈਣਾ।"
ਭਾਰਤ ਵਿੱਚ ਮੋਹਨ ਦਾਈ ਓਸਵਾਲ ਹਸਪਤਾਲ ਦੇ ਕੈਂਸਰ ਸਪੈਸ਼ਲਿਸਟ ਡਾਕਟਰ ਕਨੂਪ੍ਰਿਆ ਭਾਟੀਆ ਨੇ ਮਰੀਜ਼ਾਂ ਨੂੰ ਸੋਸ਼ਲ ਮੀਡੀਆ ਤੋਂ ਪ੍ਰਭਾਵਿਤ ਨਾ ਹੋਣ ਦੀ ਅਪੀਲ ਕੀਤੀ ਹੈ।
ਉਨ੍ਹਾਂ ਕਿਹਾ, "ਖੁਦ ਤੋਂ ਕੁਝ ਵੀ ਖਾਣਾ ਜਾਂ ਪੀਣਾ ਸ਼ੁਰੂ ਨਾ ਕਰੋ ਕਿਉਂਕਿ ਅਜਿਹਾ ਕਰਨਾ ਨੁਕਸਾਨਦੇਹ ਹੋ ਸਕਦਾ ਹੈ।"
ਫੇਨਬੇਂਡਾਜ਼ੋਲ
ਫੇਨਬੇਂਡਾਜ਼ੋਲ ਇੱਕ ਦਵਾਈ ਹੈ ਜੋ ਜਾਨਵਰਾਂ ਵਿੱਚ ਪਰਜੀਵੀ ਲਾਗਾਂ ਦੇ ਇਲਾਜ ਲਈ ਵਰਤੀ ਜਾਂਦੀ ਹੈ। ਕੈਂਸਰ ਦੇ ਇਲਾਜ ਵਜੋਂ ਇਸਦੀ ਪ੍ਰਸਿੱਧੀ ਉਦੋਂ ਵਧੀ ਜਦੋਂ ਇੱਕ ਅਮਰੀਕੀ ਵਪਾਰੀ ਨੇ ਦਾਅਵਾ ਕੀਤਾ ਕਿ ਉਹ ਹੋਰ ਵਿਕਲਪਕ ਥੈਰੇਪੀਆਂ ਦੇ ਨਾਲ ਫੈਨਬੇਂਡਾਜ਼ੋਲ ਲੈਣ ਕਰਕੇ ਕੈਂਸਰ ਮੁਕਤ ਹੋਇਆ ਹੈ।
ਪਰ ਉਸ ਨੇ ਇਹ ਨਹੀਂ ਦੱਸਿਆ ਕਿ ਉਹ ਉਸ ਸਮੇਂ ਕੈਂਸਰ ਦੇ ਹੋਰ ਇਲਾਜਾਂ ਲਈ ਹੋ ਰਹੀ ਇੱਕ ਕਲੀਨਿਕਲ ਅਜ਼ਮਾਇਸ਼ ਦਾ ਹਿੱਸਾ ਸੀ।
ਫੇਫੜਿਆਂ ਦੇ ਕੈਂਸਰ ਨਾਲ ਪੀੜਤ ਇੱਕ ਕਾਮੇਡੀਅਨ ਅਤੇ ਗਾਇਕ ਨੇ ਦਾਅਵਾ ਕੀਤਾ ਕਿ ਉਸ ਨੇ ਦੱਖਣੀ ਕੋਰੀਆ ਵਿੱਚ ਵਿਕਣ ਵਾਲੀ ਇਸ ਦਵਾਈ ਦਾ ਉਪਯੋਗ ਕੀਤਾ ਸੀ।
ਹਾਲਾਂਕਿ ਉਸ ਨੇ ਬਾਅਦ ਵਿੱਚ ਇਸ ਦਵਾਈ ਨੂੰ 'ਬੇਅਸਰ' ਦੱਸ ਕੇ ਲੈਣਾ ਬੰਦ ਕਰ ਦਿੱਤਾ ਸੀ।
ਕੈਂਸਰ ਰਿਸਰਚ ਯੂਕੇ ਮੁਤਾਬਕ ਇਸ ਦਵਾਈ ਦੀ ਸੁਰੱਖਿਆ ਅਤੇ ਪ੍ਰਭਾਵਸ਼ੀਲਤਾ ਬਾਰੇ ਪਤਾ ਲਗਾਉਣ ਲਈ ਹੁਣ ਤੱਕ ਕੋਈ ਵੀ ਕਲੀਨਿਕਲ ਅਜ਼ਮਾਇਸ਼ਾਂ ਨਹੀਂ ਹੋਈਆਂ ਹਨ।
ਗ੍ਰੇਵੀਓਲਾ
ਗ੍ਰੈਵੀਓਲਾ ਦੇ ਦਰੱਖਤ ਦੇ ਫਲ, ਪੱਤੇ ਅਤੇ ਹੋਰ ਹਿੱਸਿਆਂ ਨੂੰ ਲੰਬੇ ਸਮੇਂ ਤੋਂ ਅਫ਼ਰੀਕਾ ਅਤੇ ਦੱਖਣੀ ਅਮਰੀਕਾ ਦੇ ਹਿੱਸਿਆਂ ਵਿੱਚ ਅਣਗਿਣਤ ਸਿਹਤ ਵਿਗਾੜਾਂ ਲਈ ਇੱਕ ਉਪਾਅ ਵਜੋਂ ਵਰਤਿਆ ਗਿਆ ਹੈ। ਕੁਝ ਸਬੂਤ ਦੱਸਦੇ ਹਨ ਕਿ ਇਹ ਕੁਝ ਲਾਗਾਂ ਦੇ ਇਲਾਜ 'ਚ ਮਦਦਗਾਰ ਹੋ ਸਕਦਾ ਹੈ।
ਬਹੁਤ ਲੰਬੇ ਸਮੇਂ ਤੋਂ ਸੋਸ਼ਲ ਮੀਡੀਆ ਅਤੇ ਸਥਾਨਕ ਲੋਕਾਂ ਦਾ ਇਸ ਦਾਅਵੇ ’ਤੇ ਵਿਸ਼ਵਾਸ ਹੈ ਕਿ ਇਹ ਫ਼ਲ ਕੈਂਸਰ ਦੇ 'ਇਲਾਜ' ਦੀ ਸਮਰੱਥਾ ਰੱਖਦਾ ਹੈ ਅਤੇ ਇਹ ਕੀਮੋਥੈਰੇਪੀ ਨਾਲੋਂ 10,000 ਗੁਣਾ ਜ਼ਿਆਦਾ ਪ੍ਰਭਾਵਸ਼ਾਲੀ ਹੈ।
ਹਾਲਾਂਕਿ, ਕੈਂਸਰ ਚੈਰਿਟੀਜ਼ ਅਤੇ ਫ੍ਰੈਂਚ ਨੈਸ਼ਨਲ ਕੈਂਸਰ ਇੰਸਟੀਚਿਊਟ ਦਾ ਕਹਿਣਾ ਹੈ ਕਿ ਕੈਂਸਰ ਦੇ ਇਲਾਜ ਲਈ ਕਿਸੇ ਤਰ੍ਹਾਂ ਦੇ ਵੀ "ਚਮਤਕਾਰੀ ਭੋਜਨ" ਨਹੀਂ ਹੁੰਦੇ ਹਨ।
ਡਾਕਟਰ ਅਤੇ ਕੈਂਸਰ ਚੈਰਿਟੀਜ਼ ਦਾ ਕੀ ਕਹਿਣਾ ਹੈ ?

ਤਸਵੀਰ ਸਰੋਤ, Getty Images
ਮਾਹਰ ਚਿਤਾਵਨੀ ਦਿੰਦੇ ਹਨ ਕਿ ਵਿਕਲਪਕ ਥੈਰੇਪੀਆਂ ਦੀ ਵਰਤੋਂ ਕਰਨ ਵਿੱਚ ਵੱਡੇ ਖ਼ਤਰੇ ਸ਼ਾਮਲ ਹਨ।
ਇਸ ਬਾਰੇ ਹੋਈਆਂ ਖੋਜਾਂ ਸੰਕੇਤ ਦਿੰਦੀਆਂ ਹਨ ਕਿ ਅਜਿਹੀਆਂ ਵਿਕਲਪਕ ਥੈਰੇਪੀਆਂ ਨੂੰ ਅਪਣਾਉਣ ਵਾਲੇ ਮਰੀਜ਼ ਰਵਾਇਤੀ ਇਲਾਜਾਂ ਤੋਂ ਦੂਰੀ ਬਣਾ ਲੈਂਦੇ ਹਨ, ਜਿਸ ਨਾਲ ਉਹ ਆਪਣੇ ਬਚਣ ਦੀਆਂ ਸੰਭਾਵਨਾਵਾਂ ਨੂੰ ਖਤਰੇ ਵਿੱਚ ਪਾ ਸਕਦੇ ਹਨ।
ਡਾ ਰਿਓਰਡਨ ਦਾ ਕਹਿਣਾ ਹੈ, "ਇਨ੍ਹਾਂ ਵਿੱਚੋਂ ਕੁਝ ਥੈਰੇਪੀਆਂ ਜੇਕਰ ਰਿਵਾਇਤੀ ਇਲਾਜਾਂ ਨਾਲ ਲਈਆਂ ਜਾਣ ਤਾਂ ਠੀਕ ਹੈ। ਪਰ ਸਮੱਸਿਆ ਉਦੋਂ ਆਉਂਦੀ ਹੈ ਜਦੋਂ ਲੋਕ ਪੂਰੀ ਤਰ੍ਹਾਂ ਇਨ੍ਹਾਂ ਵਿਕਲਪਕ ਥੈਰੇਪੀਆਂ 'ਤੇ ਨਿਰਭਰ ਹੋ ਜਾਂਦੇ ਹਨ। ਅਸੀਂ ਜਾਣਦੇ ਹਾਂ ਕਿ ਜੇਕਰ ਲੋਕ ਸਿਰਫ਼ ਇਨ੍ਹਾਂ ਵਿਕਲਪਕ ਇਲਾਜਾਂ ਦੀ ਚੋਣ ਕਰਦੇ ਹਨ, ਤਾਂ ਉਨ੍ਹਾਂ ਦੇ ਕੈਂਸਰ ਨਾਲ ਮਰਨ ਦੀ ਸੰਭਾਵਨਾ ਢਾਈ ਗੁਣਾ ਵੱਧ ਜਾਂਦੀ ਹੈ।"
ਡਾਕਟਰ ਗ੍ਰੀਮਜ਼ ਦਾ ਕਹਿਣ ਹੈ ਕਿ ਮੈਡੀਕਲ ਕੈਂਸਰ ਦੇ ਇਲਾਜ ਮਜ਼ਬੂਤ ਵਿਗਿਆਨਕ ਖੋਜ 'ਤੇ ਆਧਾਰਿਤ ਹੁੰਦੇ ਹਨ।
ਉਨ੍ਹਾਂ ਕਿਹਾ "ਦੁਨੀਆਂ ਭਰ ਵਿੱਚ ਕੈਂਸਰ 'ਤੋਂ ਬਚਨ ਦੀਆਂ ਸੰਭਵਨਾਵਾਂ ਬਿਹਤਰ ਹੋਈਆਂ ਹਨ। ਵਿਗਿਆਨੀਆਂ ਅਤੇ ਡਾਕਟਰਾਂ ਦੇ ਕੰਮ ਨਾਲ ਇਹ ਹੋਰ ਵੀ ਬਿਹਤਰ ਹੋਣਗੀਆਂ ਨਾ ਕਿ ਵਿਕਲਪਕ ਥੈਰੇਪੀਆਂ ਨਾਲ।"
ਭਾਰਤ ਦੇ ਮੈਕਸ ਇੰਸਟੀਚਿਊਟ ਆਫ਼ ਕੈਂਸਰ ਕੇਅਰ ਦੇ ਚੇਅਰਮੈਨ ਡਾ. ਹਰਿਤ ਚਤੁਰਵੇਦੀ ਦਾ ਕਹਿਣਾ ਹੈ ਕਿ ਕੈਂਸਰ "ਅਜਿਹੀ ਬਿਮਾਰੀ ਨਹੀਂ ਹੈ ਜਿਸਦਾ ਇਲਾਜ ਇੱਕ ਜਾਦੂਈ ਦੇ ਫਾਰਮੂਲੇ ਰਾਹੀਂ ਕੀਤਾ ਜਾ ਸਕੇ।"
"ਆਧੁਨਿਕ ਦਵਾਈਆਂ ਦੇ ਰਾਹੀਂ ਹੋਣ ਵਾਲੇ ਇਲਾਜ 'ਚ ਕੈਂਸਰ ਦੀ ਕਿਸਮ, ਕੈਂਸਰ ਸੈੱਲਾਂ ਦੀ ਜੈਨੇਟਿਕ ਤਬਦੀਲੀਆਂ, ਕੈਂਸਰ ਕਾਰਕ ਮੂਲ ਅੰਗ ਅਤੇ ਬਿਮਾਰੀ ਦੇ ਫੈਲਣ ਦੀ ਹੱਦ ਵਰਗੀਆਂ ਚੀਜ਼ਾਂ ਦੇ ਆਧਾਰ 'ਤੇ ਹਰ ਇੱਕ ਮਰੀਜ਼ ਲਈ ਵੱਖ-ਵੱਖ ਯੋਜਨਾਵਾਂ ਤਿਆਰ ਕੀਤੀਆਂ ਜਾਂਦੀਆਂ ਹਨ।"
ਜੇਕਰ ਇਹ ਵਿਕਲਪਕ ਥੈਰੇਪੀਆਂ ਦੀ ਵਰਤੋਂ ਨਾਲ ਮਰੀਜ਼ਾਂ ਦੀ ਸਿਹਤ 'ਚ ਸੁਧਾਰ ਆਉਂਦਾ ਹੋਵੇ ਤਾਂ ਆਮ ਤੌਰ 'ਤੇ ਡਾਕਟਰ ਇਸ ਦੇ ਲਈ ਮਨ੍ਹਾਂ ਨਹੀਂ ਕਰਦੇ, ਪਰ ਡਾਕਟਰੀ ਇਲਾਜ ਦੀ ਬਜਾਏ ਸਿਰਫ਼ ਵਿਕਲਪਕ ਥੈਰੇਪੀਆਂ 'ਤੇ ਨਿਰਭਰ ਹੋਣ ਦਾ ਵਿਰੋਧ ਜ਼ਰੂਰ ਕਰਦੇ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












