ਇਸ ਪਿੰਡ 'ਚ ਜੇਕਰ ਤੁਸੀਂ ਗਾਲ਼ ਕੱਢੀ ਤਾਂ ਜੁਰਮਾਨਾ ਭਰਨ ਲਈ ਤਿਆਰ ਰਹੋ

- ਲੇਖਕ, ਸ਼੍ਰੀਕਾਂਤ ਬੰਗਲੇ
- ਰੋਲ, ਬੀਬੀਸੀ ਪੱਤਰਕਾਰ
"ਮੈਨੂੰ ਬਹੁਤ ਗੁੱਸਾ ਸੀ। ਜੇਕਰ ਕੋਈ ਇਸ ਤਰ੍ਹਾਂ ਮਾਂ ਅਤੇ ਭੈਣ ਦੀ ਬੇਇੱਜ਼ਤੀ ਕਰਦਾ ਹੈ ਤਾਂ ਮੈਨੂੰ ਗੁੱਸਾ ਆਉਂਦਾ ਹੈ। ਕਿਤੇ ਨਾ ਕਿਤੇ ਵਿਰੋਧ ਤਾਂ ਹੋਣਾ ਹੀ ਚਾਹੀਦਾ ਸੀ। ਸਾਡੇ ਪਿੰਡ ਨੇ ਇਸ ਬਾਰੇ ਫ਼ੈਸਲਾ ਲਿਆ। ਇਸ ਲਈ ਮੈਨੂੰ ਆਪਣੇ ਪਿੰਡ 'ਤੇ ਮਾਣ ਹੈ।"
ਇਹ ਗੱਲ ਪਿੰਡ ਸੌਂਦਾਲਾ ਦੇ ਮੰਗਲ ਚਾਮੁਟੇ ਨੇ ਕਹੀ। ਅਸੀਂ ਦੁਪਹਿਰ ਵੇਲੇ ਉਨ੍ਹਾਂ ਨੂੰ ਪਿੰਡ ਵਿੱਚ ਮਿਲੇ।
ਸੌਂਦਾਲਾ ਪਿੰਡ ਅਹਿਲਿਆਨਗਰ (ਅਹਿਮਦਨਗਰ) ਜ਼ਿਲ੍ਹੇ ਦੇ ਨੇਵਾਸਾ ਤਾਲੁਕਾ ਵਿੱਚ ਹੈ, ਜਿਸਦੀ ਆਬਾਦੀ ਲਗਭਗ 1800 ਹੈ।
ਇਹ ਪਿੰਡ ਇਸ ਸਮੇਂ ਸੁਰਖ਼ੀਆਂ ਵਿੱਚ ਹੈ ਕਿਉਂਕਿ ਇੱਥੇ ਮਾਂ-ਭੈਣ ਦੀ ਗਾਲ਼ ਦੇਣ ਵਾਲੇ ਕੋਲੋਂ ਜੁਰਮਾਨਾ ਵਸੂਲਿਆ ਜਾਂਦਾ ਹੈ। ਇਸ ਸਬੰਧੀ ਗ੍ਰਾਮ ਪੰਚਾਇਤ ਨੇ ਮਤਾ ਪਾਸ ਕੀਤਾ ਹੈ।

ਪਿੰਡ ਵਿੱਚ ਵੜਦਿਆਂ ਹੀ ਇੱਕ ਵੱਡਾ ਬੈਨਰ ਨਜ਼ਰ ਆਉਂਦਾ ਹੈ। ਇਸ 'ਤੇ ਇਸ ਮਤੇ ਨਾਲ ਸਬੰਧਤ ਗੱਲਾਂ ਲਿਖੀਆਂ ਗਈਆਂ ਸਨ। ਇੱਥੇ ਅਸੀਂ ਗ੍ਰਾਮ ਪੰਚਾਇਤ ਦਫ਼ਤਰ ਨੇੜੇ ਸਰਪੰਚ ਸ਼ਰਦ ਅਰਗੜੇ ਨੂੰ ਮਿਲੇ।
ਮਤੇ ਬਾਰੇ ਜਾਣਕਾਰੀ ਦਿੰਦਿਆਂ ਅਰਗੜੇ ਨੇ ਦੱਸਿਆ, "ਇਸ ਮਤੇ ਦਾ ਸਿਰਲੇਖ ਹੈ, 'ਇਹ ਮਾਵਾਂ-ਭੈਣਾਂ ਦੇ ਸਨਮਾਨ ਲਈ ਹੈʼ।"
"ਜਿਸ ਔਰਤ ਦੀ ਕੁੱਖ ਵਿੱਚ ਅਸੀਂ 9 ਮਹੀਨੇ ਬਿਤਾਉਣ ਤੋਂ ਬਾਅਦ ਜਨਮ ਲਿਆ ਹੈ, ਉਹ ਦੇਹ ਕਿੰਨੀ ਪਵਿੱਤਰ ਹੈ, ਸਾਨੂੰ ਉਸ ਪਵਿੱਤਰ ਸਰੀਰ ਦਾ ਅਪਮਾਨ ਨਹੀਂ ਕਰਨਾ ਚਾਹੀਦਾ।"
"ਜਦੋਂ ਅਸੀਂ ਗਾਲ਼ ਕੱਢਦੇ ਹਾਂ ਤਾਂ ਅਸੀਂ ਆਪਣੀ ਮਾਂ-ਭੈਣ ਨੂੰ ਹੀ ਗਾਲ਼ ਦੇ ਰਹੇ ਹੁੰਦੇ ਹਾਂ। ਗ੍ਰਾਮ ਸਭਾ ਨੇ ਗਾਲ਼ ਕੱਢਣ ਵਾਲਿਆਂ 'ਤੇ 500 ਰੁਪਏ ਜੁਰਮਾਨਾ ਲਾਉਣ ਦਾ ਫ਼ੈਸਲਾ ਕੀਤਾ ਹੈ।"

ਔਰਤਾਂ ਅਤੇ ਨੌਜਵਾਨਾਂ ਨੇ ਇਸ ਫ਼ੈਸਲੇ ਦਾ ਸਵਾਗਤ ਕੀਤਾ
ਪਿੰਡ ਵਿੱਚ ਘੁੰਮਦੇ ਹੋਏ ਕਈ ਥਾਵਾਂ 'ਤੇ ਇਸ ਮਤੇ ਦੇ ਪੋਸਟਰ ਦੇਖੇ ਜਾ ਸਕਦੇ ਹਨ। ਗਿਆਨੇਸ਼ਵਰ ਥੋਰਾਟ ਪਿੰਡ ਦੇ ਚੁਰਾਹੇ 'ਤੇ ਆਪਣੇ ਦੋਸਤਾਂ ਨਾਲ ਚਰਚਾ ਕਰ ਰਹੇ ਸਨ।
ਜਦੋਂ ਅਸੀਂ ਉਨ੍ਹਾਂ ਤੋਂ ਇਸ ਮਤੇ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ, "ਇਹ ਸਹੀ ਫ਼ੈਸਲਾ ਹੈ ਕਿਉਂਕਿ ਕਈ ਵਾਰ ਜਦੋਂ ਦੋਸਤ ਇਕੱਠੇ ਬੈਠਦੇ ਹਨ ਤਾਂ ਉਹ ਬਿਨਾਂ ਕਿਸੇ ਕਾਰਨ ਇੱਕ-ਦੂਜੇ ਨੂੰ ਗਾਲ਼ਾਂ ਕੱਢਦੇ ਹਨ। ਇਹ ਗ਼ਲਤ ਹੈ।"
"ਕਿਉਂਕਿ, ਇਹ ਸਹੀ ਗੱਲ ਨਹੀਂ ਹੈ ਕਿ ਲੜਾਈ ਸਾਡੇ ਦੋਸਤਾਂ ਵਿਚਾਲੇ ਹੋਵੇ ਅਤੇ ਅਸੀਂ ਉਸ ਵਿੱਚ ਪਰਿਵਾਰ ਨੂੰ ਲੈ ਕੇ ਆ ਜਾਈਏ। ਜੋ ਫ਼ੈਸਲਾ ਲਿਆ ਗਿਆ ਹੈ, ਉਹ ਚੰਗਾ ਹੈ। ਕਿਉਂਕਿ ਜੁਰਮਾਨੇ ਦੇ ਡਰੋਂ ਕੋਈ ਉਨ੍ਹਾਂ ਨੂੰ (ਮਾਂ-ਭੈਣ ਨੂੰ) ਘੱਟੋ-ਘੱਟ ਗਾਲ਼ ਤਾਂ ਨਹੀਂ ਕੱਢੇਗਾ।"
ਸੌਂਦਾਲਾ ਪਿੰਡ ਦੀਆਂ ਔਰਤਾਂ ਇਸ ਫ਼ੈਸਲਾ ਨੂੰ ਅਹਿਮ ਮੰਨਦੀਆਂ ਹਨ।
ਪਿੰਡ ਵਾਸੀ ਜਯੋਤੀ ਬੋਧਕ ਦਾ ਕਹਿਣਾ ਹੈ, "ਸਾਡੇ ਪਿੰਡ ਸੌਂਦਾਲਾ ਵਿੱਚ ਗ੍ਰਾਮ ਪੰਚਾਇਤ ਨੇ 500 ਰੁਪਏ ਜੁਰਮਾਨਾ ਵਸੂਲਣ ਦਾ ਫ਼ੈਸਲਾ ਕੀਤਾ ਹੈ। ਇਸ ਲਈ ਜਦੋਂ ਲੋਕ 500 ਰੁਪਏ ਦਾ ਜੁਰਮਾਨਾ ਭਰਨਗੇ ਤਾਂ ਗਾਲ਼ਾਂ ਵੀ ਘੱਟ ਹੋ ਜਾਣਗੀਆਂ।"

ਦੋਵਾਂ ਤੋਂ ਜੁਰਮਾਨਾ ਵਸੂਲਿਆ
ਇਹ ਮਤਾ 28 ਨਵੰਬਰ, 2024 ਨੂੰ ਪਾਸ ਅਤੇ ਲਾਗੂ ਕੀਤਾ ਗਿਆ ਸੀ। ਪਿੰਡ ਵਿੱਚ ਗਾਲ਼ਾਂ ਕੱਢਣ ਵਾਲਿਆਂ ਕੋਲੋਂ ਜੁਰਮਾਨਾ ਵਸੂਲਿਆ ਗਿਆ।
ਸਰਪੰਚ ਸ਼ਰਦ ਅਰਗੜੇ ਨੇ ਦੱਸਿਆ, "ਖੇਤ 'ਚ ਬੰਨ੍ਹ ਨੂੰ ਲੈ ਕੇ ਦੋਵਾਂ 'ਚ ਝਗੜਾ ਹੋ ਗਿਆ। ਇਸ ਗੱਲ ਦਾ ਅਸਰ ਉਨ੍ਹਾਂ ਦੇ ਘਰਾਂ ਤੱਕ ਵੀ ਪਹੁੰਚ ਗਿਆ। ਦੋਵਾਂ ਨੇ ਇੱਕ-ਦੂਜੇ ਨੂੰ ਗਾਲ਼ਾਂ ਕੱਢੀਆਂ। ਦੋਵਾਂ ਨੇ ਇਮਾਨਦਾਰੀ ਨਾਲ ਇਹ ਗੱਲ ਕਬੂਲੀ ਵੀ।"
"ਮੈਂ ਅਗਲੀ ਸਵੇਰ ਬੰਨ੍ਹ ʼਤੇ ਗਿਆ। ਅਸੀਂ ਤੈਅ ਕੀਤਾ ਕਿ ਬੰਨ੍ਹ ʼਤੇ ਖੰਭੇ ਲਗਾ ਕੇ ਇਸ ਵਿਵਾਦ ਦਾ ਨਿਪਟਾਰਾ ਕਰਾਂਗੇ। ਦੋਵਾਂ ਨੇ ਇਹ ਗੱਲ ਮੰਨ ਲਈ ਸੀ ਕਿ ਉਨ੍ਹਾਂ ਨੇ ਇੱਕ-ਦੂਜੇ ਨੂੰ ਗਾਲ਼ ਕੱਢੀ ਹੈ।"
"ਇਸ ਤੋਂ ਬਾਅਦ ਦੋਵਾਂ ਨੇ 500 ਰੁਪਏ ਜੁਰਮਾਨਾ ਭਰਿਆ।"
ਪਰ, ਜੇਕਰ ਕੋਈ ਗਾਲ਼ ਕੱਢਣ ਤੋਂ ਬਾਅਦ ਵੀ ਜੁਰਮਾਨਾ ਭਰਨ ਤੋਂ ਇਨਕਾਰ ਕਰ ਦੇਵੇ ਤਾਂ ਕੀ ਹੋਵੇਗਾ? ਇਸ ਲਈ ਗ੍ਰਾਮ ਪੰਚਾਇਤ ਨੇ ਵੀ ਪ੍ਰਬੰਧ ਕੀਤੇ ਹਨ।
ਸਰਪੰਚ ਅਰਗੜੇ ਨੇ ਕਿਹਾ, "ਅਸੀਂ ਸੋਚਿਆ ਕਿ ਸਭ ਤੋਂ ਪਹਿਲਾਂ ਇਸ ਸਬੰਧੀ ਗ੍ਰਾਮ ਪੰਚਾਇਤ ਦਫ਼ਤਰ ਵਿੱਚ ਰਜਿਸਟਰੇਸ਼ਨ ਕਰਵਾਈ ਜਾਵੇ। ਇਸ ਤੋਂ ਬਾਅਦ ਉਨ੍ਹਾਂ (ਗਾਲ਼ ਕੱਢਣ ਵਾਲਿਆਂ ) ਨੂੰ ਨੋਟਿਸ ਦਿੱਤਾ ਜਾਣਾ ਚਾਹੀਦਾ ਹੈ।"
"ਜੇਕਰ ਉਹ ਨੋਟਿਸ ਦੇਣ ਤੋਂ ਬਾਅਦ ਵੀ ਜੁਰਮਾਨਾ ਅਦਾ ਨਹੀਂ ਕਰਦੇ, ਤਾਂ ਸਾਨੂੰ ਇਸ ਬਾਰੇ ਕੁਝ ਕਰਨਾ ਹੋਵੇਗਾ।"
"ਉਸ ਸਥਿਤੀ ਵਿੱਚ, ਸਾਨੂੰ ਉਨ੍ਹਾਂ 'ਤੇ ਦਬਾਅ ਪਾ ਕੇ ਇਹ ਜੁਰਮਾਨਾ ਵਸੂਲਣਾ ਪਵੇਗਾ। ਅਸੀਂ ਉਨ੍ਹਾਂ ਨੂੰ ਇਸ ਤੋਂ ਇਲਾਵਾ ਕੋਈ ਹੋਰ ਦਸਤਾਵੇਜ਼ ਨਹੀਂ ਦੇਵਾਂਗੇ।"

ਸੀਸੀਟੀਵੀ ਰਾਹੀਂ ਗਾਲ਼ ਦੇਣ ਵਾਲਿਆਂ 'ਤੇ ਨਜ਼ਰ
ਅਕਸਰ ਜਦੋਂ ਗ੍ਰਾਮ ਸਭਾ ਕੋਈ ਫ਼ੈਸਲਾ ਲੈਂਦੀ ਹੈ ਤਾਂ ਪਿੰਡ ਦੇ ਕਈ ਲੋਕ ਜਾਂ ਤਾਂ ਖੇਤਾਂ ਵਿੱਚ ਹੁੰਦੇ ਹਨ ਜਾਂ ਕਿਸੇ ਕੰਮ ਲਈ ਬਾਹਰ ਹੁੰਦੇ ਹਨ। ਇਸ ਲਈ ਉਹ ਗ੍ਰਾਮ ਸਭਾ ਵਿੱਚ ਸ਼ਾਮਲ ਨਹੀਂ ਹੋ ਸਕਦੇ।
ਅਜਿਹੇ 'ਚ ਪਿੰਡ 'ਚ ਵੱਖ-ਵੱਖ ਥਾਵਾਂ 'ਤੇ ਬੈਨਰ ਲਗਾ ਦਿੱਤੇ ਹਨ, ਤਾਂ ਜੋ ਲੋਕਾਂ ਨੂੰ ਸੌਂਦਾਲਾ ਗ੍ਰਾਮ ਪੰਚਾਇਤ ਵੱਲੋਂ ਹਾਲ ਹੀ 'ਚ ਪਾਸ ਕੀਤੇ ਗਏ ਮਤਿਆਂ ਦੀ ਜਾਣਕਾਰੀ ਮਿਲ ਸਕੇ |
ਇਸ ਰਾਹੀਂ ਲੋਕਾਂ ਵਿੱਚ ਮਤਿਆਂ ਬਾਰੇ ਜਾਗਰੂਕਤਾ ਫੈਲਾਈ ਗਈ।
ਇਹ ਨਿਯਮ ਪੁਰਸ਼ਾਂ ਅਤੇ ਔਰਤਾਂ ਦੋਵਾਂ 'ਤੇ ਲਾਗੂ ਹੋਵੇਗਾ, ਜੋ ਵੀ ਗਾਲ਼ ਦਿੰਦਾ ਹੈ। ਪਰ, ਗਾਲ਼ ਕੱਢਣ ਵਾਲੇ ਉੱਤੇ ਨਜ਼ਰ ਕਿਵੇਂ ਰੱਖੀ ਜਾਵੇ?
ਸਰਪੰਚ ਅਰਗੜੇ ਨੇ ਕਿਹਾ, "ਅਸੀਂ ਪਿੰਡ ਵਿੱਚ ਥਾਂ-ਥਾਂ ਸੀਸੀਟੀਵੀ ਲਗਾਏ ਹਨ ਅਤੇ ਸੀਸੀਟੀਵੀ ਵਿੱਚ ਮਾਈਕ੍ਰੋਫੋਨਜ਼ ਲੱਗੇ ਹੋਏ ਹਨ। ਜਦੋਂ ਵੀ ਕੋਈ ਸ਼ਰੇਆਮ ਗਾਲ਼ਾਂ ਕੱਢਦਾ ਹੈ ਜਾਂ ਉਹ ਉੱਚੀ-ਉੱਚੀ ਗ਼ਾਲਾਂ ਕੱਢਦਾ ਹੈ ਤਾਂ ਸੀਸੀਟੀਵੀ ਵਿੱਚਯ ਦਰਜ ਹੋ ਜਾਂਦਾ ਹੈ।"
"ਉਸ ਤੋਂ ਬਾਅਦ ਉਸ ਦੀ ਤਸਦੀਕ ਹੋਵੇਗੀ। ਦੂਜੀ ਗੱਲ, ਜਦੋਂ ਬਹਿਸ ਸ਼ੁਰੂ ਹੁੰਦੀ ਹੈ ਤਾਂ ਇਹ ਦੋ ਲੋਕਾਂ ਵਿਚਾਲੇ ਹੁੰਦੀ ਹੈ, ਪਰ ਉੱਥੇ ਦਸ-ਬਾਰਾਂ ਲੋਕ ਇਕੱਠੇ ਹੋ ਜਾਂਦੇ ਹਨ ਅਤੇ ਫਿਰ ਉਹੀ ਲੋਕ ਦੱਸਦੇ ਹਨ ਕਿ ਉਨ੍ਹਾਂ ਨੇ ਗਾਲ਼ਾਂ ਕੱਢੀਆਂ।"

ਬੱਚਿਆਂ ਲਈ ਮੋਬਾਈਲ ਫੋਨ 'ਤੇ ਪਾਬੰਦੀ
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਅਜਿਹੇ ਫ਼ੈਸਲਿਆਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਗੰਭੀਰਤਾ ਨਾਲ ਲਾਗੂ ਕਰਨਾ ਚਾਹੀਦਾ ਹੈ।
ਸੌਂਦਾਲਾ ਪਿੰਡ ਦੀ ਇੱਕ ਗ੍ਰਾਮ ਸੇਵਿਕਾ, ਪ੍ਰਤਿਭਾ ਪਿਸੋਟੇ ਨੇ ਕਿਹਾ, "ਜਦੋਂ ਅਸੀਂ ਬਾਲਗ਼ ਨੂੰ ਗਾਲ਼ ਦਿੰਦੇ ਹਾਂ ਜਾਂ ਅਣਉਚਿਤ ਭਾਸ਼ਾ ਵਿੱਚ ਗੱਲ ਕਰਦੇ ਹਾਂ, ਤਾਂ ਬੱਚੇ ਉਸ ਦੀ ਨਕਲ ਕਰਦੇ ਹਨ।"
"ਇਸ ਲਈ, ਜੇਕਰ ਅਸੀਂ ਖ਼ੁਦ ਤੋਂ ਸ਼ੁਰੂਆਤ ਕਰੀਏ ਅਤੇ ਇਸ ਨੂੰ ਰੋਕਣ ਦੀ ਕੋਸ਼ਿਸ਼ ਕਰੀਏ, ਤਾਂ ਯਕੀਨੀ ਤੌਰ 'ਤੇ ਇਸ ʼਤੇ ਲਗਾਮ ਕੱਸਣ ਵਿੱਚ ਮਦਦ ਮਿਲੇਗੀ।"
ਗਾਲ਼ੀ-ਗਲੋਚ 'ਤੇ ਪਾਬੰਦੀ ਲਗਾਉਣ ਤੋਂ ਇਲਾਵਾ, ਗ੍ਰਾਮ ਪੰਚਾਇਤ ਨੇ ਸ਼ਾਮ 7 ਵਜੇ ਤੋਂ ਰਾਤ 9 ਵਜੇ ਤੱਕ ਸਕੂਲੀ ਬੱਚਿਆਂ ਦੇ ਮੋਬਾਈਲ ਫੋਨ ਦੀ ਵਰਤੋਂ 'ਤੇ ਪਾਬੰਦੀ ਲਗਾਉਣ ਦਾ ਫ਼ੈਸਲਾ ਕੀਤਾ ਹੈ। ਮਾਪੇ ਇਸ ਨੂੰ ਲਾਗੂ ਕਰ ਰਹੇ ਹਨ।
ਮੰਗਲ ਚਾਮੁਟੇ ਦਾ ਮੁੰਡਾ ਪਿੰਡ ਦੇ ਸਕੂਲ ਵਿੱਚ ਦੂਜੀ ਜਮਾਤ ਵਿੱਚ ਪੜ੍ਹਦਾ ਹੈ।
ਗ੍ਰਾਮ ਪੰਚਾਇਤ ਦੇ ਫ਼ੈਸਲੇ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ, "ਅਸੀਂ ਬੱਚਿਆਂ ਨੂੰ ਕਹਿੰਦੇ ਹਾਂ ਕਿ ਸਾਡੀ ਗ੍ਰਾਮ ਪੰਚਾਇਤ ਨੇ ਫ਼ੈਸਲਾ ਲਿਆ ਹੈ ਕਿ 7 ਤੋਂ 9 ਸਾਲ ਦੇ ਬੱਚਿਆਂ ਨੂੰ ਮੋਬਾਈਲ ਫੋਨ ਨਹੀਂ ਦੇਣੇ।"
"ਉਸ ਤੋਂ ਬਾਅਦ ਸਾਡੇ ਬੱਚੇ ਖ਼ੁਦ ਕਹਿੰਦੇ ਹਨ, 'ਸਾਨੂੰ ਪੜ੍ਹਾਓ, ਸਾਡੀਆਂ ਫੋਟੋਆਂ ਖਿੱਚੋ। ਗਰੁੱਪ ਵਿੱਚ ਪਾਓʼ।"
ਸਰਪੰਚ ਅਰਗੜੇ ਨੇ ਪਿੰਡ ਦੇ ਵਟਸਐਪ ਗਰੁੱਪ ਵਿੱਚ ਪੜ੍ਹਦੇ ਬੱਚਿਆਂ ਦੀਆਂ ਤਸਵੀਰਾਂ ਵੀ ਦਿਖਾਈਆਂ।
ਇਸ ਦੌਰਾਨ ਪਿੰਡ ਸੌਂਦਾਲਾ ਦੇ ਲੋਕਾਂ ਨੇ ਅਪੀਲ ਕੀਤੀ ਹੈ ਕਿ ਹੋਰ ਪਿੰਡਾਂ ਨੂੰ ਵੀ ਮਾੜੀ ਸ਼ਬਦਾਵਲੀ 'ਤੇ ਪਾਬੰਦੀ ਲਾਉਣ ਲਈ ਉਪਰਾਲੇ ਕਰਨੇ ਚਾਹੀਦੇ ਹਨ, ਤਾਂ ਜੋ ਉਨ੍ਹਾਂ ਦੀਆਂ ਮਾਵਾਂ-ਭੈਣਾਂ ਦਾ ਅਪਮਾਨ ਨਾ ਹੋਵੇ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












