ਪੰਜਾਬ: ਪਿੰਡ ਦੇ ਮੁੰਡੇ-ਕੁੜੀ ਨੇ ਕਰਵਾਇਆ ਆਪਸ ਵਿੱਚ ਜਾਂ ਪਰਵਾਸੀ ਨਾਲ ਵਿਆਹ ਤਾਂ.... ਪੰਚਾਇਤ ਨੇ ਪਾਸ ਕੀਤਾ ਸਖ਼ਤ ਮਤਾ

ਤਸਵੀਰ ਸਰੋਤ, Surinder Mann/BBC
- ਲੇਖਕ, ਸੁਰਿੰਦਰ ਮਾਨ
- ਰੋਲ, ਬੀਬੀਸੀ ਸਹਿਯੋਗੀ
ਨੌਜਵਾਨਾਂ ਦੇ ਆਪਣੇ ਪਿੰਡ ਵਿਚ ਹੀ ਵਿਆਹ ਕਰਵਾਉਣ ਨੂੰ ਲੈ ਕੇ ਪਾਏ ਗਏ ਇੱਕ ਪੰਚਾਇਤੀ ਮਤੇ ਕਾਰਨ ਪੰਜਾਬ ਦੇ ਜ਼ਿਲ੍ਹਾ ਮਾਨਸਾ ਦਾ ਪਿੰਡ ਜਵਾਹਰਕੇ ਇਸ ਵੇਲੇ ਚਰਚਾ ਵਿੱਚ ਹੈ।
ਇਸ ਪਿੰਡ ਦੀ ਪੰਚਾਇਤ ਨੇ ਸਰਬ ਸੰਮਤੀ ਨਾਲ ਮਤਾ ਪਾਇਆ ਹੈ ਕਿ ਜੇਕਰ ਪਿੰਡ ਦਾ ਕੋਈ ਨੌਜਵਾਨ ਪਿੰਡ ਦੀ ਕੁੜੀ ਨਾਲ ਵਿਆਹ ਕਰਾਉਂਦਾ ਹੈ ਤਾਂ ਉਸ ਨੂੰ ਪਿੰਡ ਵਿੱਚ ਰਹਿਣ ਦੀ ਇਜਾਜ਼ਤ ਨਹੀਂ ਹੋਵੇਗੀ।
ਹਾਲ ਹੀ ਵਿੱਚ ਹੋਈਆਂ ਪੰਚਾਇਤ ਚੋਣਾਂ ਤੋਂ ਬਾਅਦ ਨਵੀਂ ਬਣੀ ਗਰਾਮ ਪੰਚਾਇਤ ਨੇ ਪਿੰਡ ਜਵਾਹਰਕੇ ਵਿੱਚ 24 ਨਵੰਬਰ ਨੂੰ ਇਹ ਮਤਾ ਪਾਸ ਕੀਤਾ ਹੈ।
ਮਤੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਪਿੰਡ ਦਾ ਕੋਈ ਵੀ ਮੁੰਡਾ ਜਾਂ ਕੁੜੀ ਕਿਸੇ ਪਰਵਾਸੀ ਨਾਲ ਵਿਆਹ ਕਰਵਾਉਂਦੀ ਹੈ ਤਾਂ ਉਸ ਨੂੰ ਵੀ ਪਿੰਡ ਵਿੱਚ ਰਹਿਣ ਨਹੀਂ ਦਿੱਤਾ ਜਾਵੇਗਾ।
ਇਸ ਤੋਂ ਇਲਾਵਾ ਕਈ ਹੋਰ ਵੀ ਮਤੇ ਪਾਸ ਕੀਤੇ ਗਏ ਹਨ, ਜਿਸ ਨੂੰ 'ਸਮਾਜ ਸੁਧਾਰ' ਦਾ ਨਾਮ ਦਿੱਤਾ ਗਿਆ ਹੈ।
ਪਾਏ ਗਏ ਮਤਿਆਂ ਉੱਪਰ ਪਿੰਡ ਦੀ ਸਰਪੰਚ ਰਣਵੀਰ ਕੌਰ ਸਮੇਤ ਸਮੂਹ ਨਵੇਂ ਚੁਣੇ ਗਏ ਪੰਚਾਂ ਦੇ ਮੋਹਰ ਅਤੇ ਦਸਤਖ਼ਤ ਹਨ।
ਪਿੰਡ ਦੇ ਨੰਬਰਦਾਰ ਨਛੱਤਰ ਸਿੰਘ ਨੇ ਵੀ ਇਨਾਂ ਮਤਿਆਂ ਉੱਪਰ ਮੋਹਰ ਲਗਾ ਕੇ ਤੇ ਦਸਤਖ਼ਤ ਕਰਕੇ ਆਪਣੀ ਸਹਿਮਤੀ ਪ੍ਰਗਟਾਈ ਹੈ।
ਭਾਵੇਂ ਪਿੰਡ ਦੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹ ਪਿੰਡ ਦੇ ਵਿੱਚ ਸਮਾਜ ਸੁਧਾਰ ਲਈ ਇੱਕ ਚੰਗਾ ਕਦਮ ਹੈ ਪਰ ਪਿੰਡ ਦੇ ਬਹੁਤੇ ਲੋਕ ਇਸ ਬਾਰੇ ਖੁੱਲ੍ਹ ਕੇ ਬੋਲਣ ਨੂੰ ਹੀ ਤਿਆਰ ਨਹੀਂ ਹਨ।

ਕੀ ਹਨ ਪੰਚਾਇਤੀ ਮਤੇ
ਇਸ ਪਿੰਡ ਦੀ ਗਰਾਮ ਪੰਚਾਇਤ ਵੱਲੋਂ ਪਾਏ ਗਏ ਮਤੇ ਵਿੱਚ ਕਿਹਾ ਗਿਆ ਹੈ ਕਿ ਪਿੰਡ ਵਿੱਚ ਨਸ਼ੇ ਦਾ ਸੇਵਨ ਕਰਨ ਵਾਲੇ ਜਾਂ 'ਚਿੱਟਾ' ਵੇਚਣ ਵਾਲੇ ਕਿਸੇ ਵੀ ਵਿਅਕਤੀ ਦੀ ਪੈਰਵੀ ਪਿੰਡ ਦਾ ਕੋਈ ਪੰਚ-ਸਰਪੰਚ ਨਹੀਂ ਕਰੇਗਾ।
ਇਸੇ ਤਰ੍ਹਾਂ ਸਕੂਲੀ ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਕੋਈ ਵੀ ਦੁਕਾਨਦਾਰ ਤੰਬਾਕੂ ਜਾਂ 'ਐਨਰਜੀ' ਡਰਿੰਕ ਨਹੀਂ ਵੇਚ ਸਕੇਗਾ।
ਪਿੰਡ ਦੀ ਪੰਚਾਇਤ ਦਾ ਕਹਿਣਾ ਹੈ ਕਿ 'ਐਨਰਜੀ' ਡਰਿੰਕ ਦੀ ਆੜ ਹੇਠ ਕੁਝ ਦੁਕਾਨਦਾਰਾਂ ਵੱਲੋਂ 'ਨਸ਼ੇ' ਵਾਲੇ ਤਰਲ ਪਦਾਰਥ ਵੇਚੇ ਜਾ ਰਹੇ ਹਨ, ਜੋ ਬਾਅਦ ਵਿਚ ਨੌਜਵਾਨਾਂ ਨੂੰ ਨਸ਼ੇ ਦਾ ਆਦੀ ਬਣਾਉਂਦੇ ਹਨ।
ਪੰਚਾਇਤ ਦਾ ਕਹਿਣਾ ਹੈ ਕਿ ਇਸ ਮਤੇ ਦੀ ਪਾਲਣਾ ਨਾ ਕਰਨ ਦੀ ਸੂਰਤ ਵਿੱਚ ਸਬੰਧਤ ਦੁਕਾਨਦਾਰ ਨੂੰ 15 ਹਜ਼ਾਰ ਰੁਪਏ ਜੁਰਮਾਨਾ ਕੀਤਾ ਜਾਵੇਗਾ।
ਇਸ ਤੋਂ ਇਲਾਵਾ ਸਕੂਲ ਟਾਈਮ ਦੌਰਾਨ ਕੋਈ ਵੀ ਨੌਜਵਾਨ ਜਾਂ ਪਿੰਡ ਦਾ ਵਿਅਕਤੀ ਬਿਨਾਂ ਕੰਮ ਤੋਂ ਚੌਰਾਹੇ ਜਾਂ ਗ਼ਲੀਆਂ ਵਿੱਚ ਨਹੀਂ ਖੜ੍ਹ ਸਕਦਾ।
ਅਜਿਹਾ ਕਰਨ ਦੀ ਸੂਰਤ ਵਿੱਚ ਪੰਚਾਇਤ ਵੱਲੋਂ ਵੱਡਾ ਜੁਰਮਾਨਾ ਕੀਤਾ ਜਾ ਸਕਦਾ ਹੈ।
ਪਿੰਡ ਦੇ ਲੋਕਾਂ ਦਾ ਮੰਨਣਾ ਹੈ ਕਿ ਸਕੂਲ ਟਾਈਮ ਸਮੇਂ ਜਦੋਂ ਕੁੜੀਆਂ ਸਕੂਲ ਜਾਂਦੀਆਂ ਹਨ ਅਤੇ ਅਜਿਹੇ ਵਿੱਚ ਕਈ ਵਾਰ ਕੁਝ ਮੁਸ਼ਟੰਡੇ ਕਿਸਮ ਦੇ ਲੋਕ ਉਨਾਂ ਨੂੰ ਤੰਗ-ਪ੍ਰੇਸ਼ਾਨ ਕਰਨ ਦਾ ਯਤਨ ਕਰਦੇ ਹਨ।
ਇਸੇ ਤਰ੍ਹਾਂ ਪਿੰਡ ਵਿੱਚ ਵਿਆਹ-ਸ਼ਾਦੀਆਂ ਸਮੇਂ ਸਪੀਕਰ ਵਜਾਉਣ ਦਾ ਸਮਾਂ ਤੈਅ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਪਿੰਡ ਵਿੱਚ ਬਣੀਆਂ ਸਰਕਾਰੀ ਇਮਾਰਤਾਂ ਵਿੱਚ ਬਿਨਾਂ ਕੰਮ ਤੋਂ ਬੈਠਣ ਅਤੇ ਉੱਥੇ ਨਸ਼ੇ ਦਾ ਸੇਵਨ ਕਰਨ ਵਾਲਿਆਂ ਉੱਪਰ ਸਖ਼ਤ ਨਿਗਰਾਨੀ ਰੱਖਣ ਦੀ ਗੱਲ ਕਹੀ ਗਈ ਹੈ।

ਤਸਵੀਰ ਸਰੋਤ, Surinder Mann/BBC
ਪਿੰਡ ਵਿੱਚ ਵਿਆਹ ਕਰਵਾਉਣ ਦਾ ਕੀ ਹੈ ਮਾਮਲਾ
ਪਿੰਡ ਦੀ ਪੰਚਾਇਤ ਵੱਲੋਂ ਪਾਏ ਗਏ ਮਤਿਆਂ ਉੱਪਰ ਪਿੰਡ ਦੇ ਮੋਹਤਬਾਰਾਂ ਦਾ ਕਹਿਣਾ ਹੈ ਕਿ ਇਹ ਸਮਾਜ ਸੁਧਾਰ ਲਈ ਇੱਕ ਚੰਗਾ ਕਦਮ ਮੰਨਿਆ ਜਾ ਸਕਦਾ ਹੈ।
ਜਿੱਥੋਂ ਤੱਕ ਪਿੰਡ ਦੇ ਨੌਜਵਾਨ ਵੱਲੋਂ ਪਿੰਡ ਵਿੱਚ ਹੀ ਵਿਆਹ ਕਰਵਾਉਣ ਜਾਂ ਪਰਵਾਸੀ ਨਾਲ ਵਿਆਹ ਕਰਵਾਉਣ ਦੀ ਗੱਲ ਹੈ, ਉਸ ਉੱਪਰ ਪਿੰਡ ਦੇ ਲੋਕਾਂ ਨੇ ਆਪਣੀ ਰਾਏ ਰੱਖੀ ਹੈ।
ਗਰਾਮ ਪੰਚਾਇਤ ਵੱਲੋਂ ਇਸ ਸੰਦਰਭ ਵਿੱਚ ਪਾਏ ਗਏ ਮਤੇ ਵਿੱਚ ਕਿਹਾ ਗਿਆ ਹੈ ਕਿ ਅਜਿਹੇ ਵਿਆਹ ਕਰਵਾਉਣ ਵਾਲੇ ਲੋਕਾਂ ਦਾ ਬਾਈਕਾਟ ਕੀਤਾ ਜਾਵੇਗਾ।
ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਅਸਲ ਵਿੱਚ ਪਿਛਲੇ ਅਰਸੇ ਦੌਰਾਨ ਪਿੰਡ ਦੇ ਕੁਝ ਨੌਜਵਾਨਾ ਵੱਲੋਂ ਪਿੰਡ ਦੀਆਂ ਕੁੜੀਆਂ ਨਾਲ ਹੀ ਵਿਆਹ ਕਰਵਾਏ ਗਏ ਹਨ।
ਪਿੰਡ ਵਾਸੀਆਂ ਅਨੁਸਾਰ ਵਿਆਹ ਕਰਵਾਉਣ ਤੋਂ ਬਾਅਦ ਇਹ ਜੋੜੇ ਇਸੇ ਪਿੰਡ ਵਿੱਚ ਵਸ ਗਏ।
ਪਿੰਡ ਦੀ ਪੰਚਾਇਤ ਵੱਲੋਂ ਪਿੰਡ ਵਿੱਚ ਹੀ ਵਿਆਹ ਕਰਵਾਉਣ ਜਾਂ ਪਰਵਾਸੀ ਲੋਕਾਂ ਨਾਲ ਵਿਆਹ ਕਰਾਉਣ ਉੱਪਰ ਪਿੰਡ ਦੇ ਲੋਕ ਕੈਮਰੇ ਉੱਪਰ ਬੋਲਣ ਲਈ ਤਿਆਰ ਨਹੀਂ ਹਨ।
ਸੁਖਦੇਵ ਸਿੰਘ ਪਿੰਡ ਦੀ ਲੋਕਲ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਹਨ।
ਉਹ ਕਹਿੰਦੇ ਹਨ ਕਿ ਪੰਜਾਬੀ ਸੱਭਿਆਚਾਰ ਦਾ ਆਪਣਾ ਇੱਕ ਅਮੀਰ ਵਿਰਸਾ ਹੈ।
"ਅੱਜ ਸਾਡੇ ਨੌਜਵਾਨ ਵਰਗ ਨੂੰ ਚੰਗੀ ਸੇਧ ਦੇਣ ਦੀ ਲੋੜ ਹੈ। ਨਸ਼ੇ ਸਾਡੇ ਸਮਾਜ ਲਈ ਗੰਭੀਰ ਖ਼ਤਰਾ ਹਨ। ਸਾਡੇ ਪਿੰਡ ਵਿੱਚ ਹੀ ਚਿੱਟੇ ਕਾਰਨ ਕਈ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ।"

ਤਸਵੀਰ ਸਰੋਤ, Surinder Mann/BBC
ਪਿੰਡ ਵਾਸੀਆਂ ਦੀ ਚਿੰਤਾ ਕੀ ਹੈ
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਿੰਡ ਜਵਾਹਰਕੇ ਤੋਂ ਮਾਨਸਾ ਸ਼ਹਿਰ ਦੀ ਦੂਰੀ ਸਿਰਫ ਤਿੰਨ ਕਿਲੋਮੀਟਰ ਹੈ।
ਪਿੰਡ ਦੇ ਲੋਕ ਅਤੇ ਨੌਜਵਾਨ ਮੁੰਡੇ-ਕੁੜੀਆਂ ਰੁਜ਼ਗਾਰ ਲਈ ਸ਼ਹਿਰ ਆਉਂਦੇ ਜਾਂਦੇ ਰਹਿੰਦੇ ਹਨ।
ਪਿੰਡ ਜਵਾਹਰਕੇ ਦੇ ਐਨ ਵਿਚਕਾਰ ਬਣੀ ਧਰਮਸ਼ਾਲਾ ਵਿੱਚ ਬਣੇ ਥੜ੍ਹੇ ਉੱਪਰ ਕੁਝ ਬਜ਼ੁਰਗ ਬੈਠੇ ਹੋਏ ਹਨ।
ਪੰਚਾਇਤ ਵੱਲੋਂ ਪਾਏ ਗਏ ਮਤਿਆਂ ਬਾਰੇ ਗੱਲ ਕਰਨ ਦਾ ਯਤਨ ਕੀਤਾ ਗਿਆ ਤਾਂ ਉਹ ਇਕਦਮ ਚੁੱਪ ਹੋ ਗਏ।
ਇਧਰ-ਉਧਰ ਦੀਆਂ ਗੱਲਾਂ ਕਰਨ ਤੋਂ ਬਾਅਦ ਇੱਕ ਬਜ਼ੁਰਗ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਕਿਹਾ ਕਿ ਪਿੰਡ ਦੇ ਮੁੰਡੇ ਕੁੜੀਆਂ ਵੱਲੋਂ ਆਪਸ ਵਿੱਚ ਕਰਵਾਏ ਜਾ ਰਹੇ ਵਿਆਹ ਸਾਡੇ ਲਈ ਗੰਭੀਰ ਚਿੰਤਾ ਦਾ ਵਿਸ਼ਾ ਹਨ।
ਇਸ ਬਜ਼ੁਰਗ ਨੇ ਕਿਹਾ "ਜੇਕਰ ਮੈਂ ਇਨ੍ਹਾਂ ਵਿਆਹਾਂ ਬਾਰੇ ਕੁਝ ਖੁੱਲ੍ਹ ਕੇ ਬੋਲਿਆ ਤਾਂ ਅਜਿਹੇ ਲੋਕ ਮੇਰੇ ਪਿੱਛੇ ਹੱਥ ਧੋ ਕੇ ਪੈ ਜਾਣਗੇ।"

ਤਸਵੀਰ ਸਰੋਤ, Surinder Mann/BBC
ਆਪਣੀ ਗੱਲ ਜਾਰੀ ਰੱਖਦੇ ਹੋਏ ਉਹ ਕਹਿੰਦੇ ਹਨ, "ਅਜਿਹੇ ਵਿਆਹ ਕਰਵਾਉਣ ਵਾਲੇ ਨੌਜਵਾਨ ਇੱਕ ਖਾਸ ਬਰਾਦਰੀ ਨਾਲ ਸਬੰਧਤ ਹਨ। ਪਿੰਡ ਵਿੱਚ ਹੋਣ ਵਾਲੇ ਵਿਆਹ ਸਾਡੀਆਂ ਧੀਆਂ-ਭੈਣਾਂ ਲਈ ਇੱਕ ਖਤਰਾ ਹਨ।"
"ਅਸੀਂ ਨਹੀਂ ਚਾਹੁੰਦੇ ਕਿ ਕੱਲ ਨੂੰ ਸਾਡੀਆਂ ਕੁੜੀਆਂ ਵੀ ਅਜਿਹੇ ਵਿਆਹ ਕਰਵਾਉਣ। ਜੇ ਅਜਿਹਾ ਕਿਧਰੇ ਹੁੰਦਾ ਹੈ ਤਾਂ ਇਹ ਸਾਡੇ ਲਈ ਮਰਨ ਦੇ ਬਰਾਬਰ ਹੋਵੇਗਾ।"
"ਹਾਂ, ਵੱਡੇ ਹੋਣ ਦੇ ਨਾਤੇ ਸਾਡਾ ਫਰਜ਼ ਹੈ ਕਿ ਅਸੀਂ ਨੌਜਵਾਨਾਂ ਨੂੰ ਚੰਗੇ ਰਸਤੇ ਵੱਲ ਤੋਰਨ ਦਾ ਯਰਨ ਕਰੀਏ।"
ਹਰਦੀਪ ਸਿੰਘ ਪਿੰਡ ਦੇ ਨੌਜਵਾਨ ਸਮਾਜ ਸੇਵੀ ਆਗੂ ਹਨ।
ਉਹ ਕਹਿੰਦੇ ਹਨ ਕਿ ਪਿੰਡ ਵਾਸੀਆਂ ਨੂੰ ਇਸ ਵਾਰ ਨਵੀਂ ਬਣੀ ਪੰਚਾਇਤ ਤੋਂ ਚੰਗੀਆਂ ਆਸਾਂ ਹਨ।
ਹਰਦੀਪ ਸਿੰਘ ਕਹਿੰਦੇ ਹਨ, "ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਪਿੰਡ ਦੀ ਪੰਚਾਇਤ ਨੇ ਅਜਿਹੇ ਮਤੇ ਪਾਏ ਹੋਣ, ਜੋ ਸਮਾਜ ਲਈ ਸੁਧਾਰ ਦਾ ਕੰਮ ਕਰਦੇ ਹੋਏ ਨਜ਼ਰ ਆਉਂਦੇ ਹੋਣ।"
"ਪਿੰਡ ਦੇ ਮੁੰਡੇ ਕੁੜੀਆਂ ਦਾ ਪਰਵਾਸੀਆਂ ਨਾਲ ਵਿਆਹ ਕਰਾਉਣ ਉੱਪਰ ਰੋਕ ਲਗਾਉਣਾ ਇੱਕ ਸ਼ਲਾਘਾਯੋਗ ਕਦਮ ਹੈ। ਇਹ ਪੰਜਾਬੀ ਸੱਭਿਆਚਾਰ ਲਈ ਇੱਕ ਨਰੋਈ ਸੇਧ ਸਿੱਧ ਹੋਵੇਗਾ।"
ਇੱਥੇ ਇਹ ਦੱਸਣਾ ਬਣਦਾ ਹੈ ਕਿ ਪਿੰਡ ਵਾਸੀਆਂ ਅਨੁਸਾਰ ਇਸ ਵੇਲੇ ਪਿੰਡ ਜਵਾਹਰਕੇ ਵਿੱਚ ਭਾਰਤ ਦੇ ਦੂਸਰੇ ਹਿੱਸਿਆਂ ਜਿਵੇਂ ਬਿਹਾਰ, ਬੰਗਾਲ, ਉੱਤਰ ਪ੍ਰਦੇਸ਼ ਜਾਂ ਹੋਰਨਾਂ ਸੂਬਿਆਂ ਤੋਂ ਆ ਕੇ ਕੋਈ ਵੀ ਪਰਵਾਸੀ ਨਹੀਂ ਵਸਿਆ ਹੈ।

ਤਸਵੀਰ ਸਰੋਤ, Surinder Mann/BBC
ਨਸ਼ਿਆਂ ਵਾਲੇ ਮਤੇ ਉੱਪਰ ਪਿੰਡ ਵਾਸੀਆਂ ਦਾ ਵਿਚਾਰ
ਹਰਦੀਪ ਸਿੰਘ ਕਹਿੰਦੇ ਹਨ, "ਸਭ ਤੋਂ ਅਹਿਮ ਫੈਸਲਾ ਪੰਚਾਇਤ ਨੇ ਨਸ਼ਿਆਂ ਦੇ ਸਬੰਧ ਵਿੱਚ ਲਿਆ ਹੈ। ਨੌਜਵਾਨ ਨਸ਼ਿਆਂ ਨਾਲ ਮਰ ਰਹੇ ਹਨ ਤੇ ਅਜਿਹੇ ਵਿੱਚ ਇਹ ਅਹਿਮ ਕਦਮ ਹੈ।"
"ਜਦੋਂ ਨਸ਼ੇ ਖਾਣ ਜਾਂ ਵੇਚਣ ਵਾਲੇ ਮਗਰ ਪੰਚਾਇਤ ਦਾ ਕੋਈ ਵੀ ਬੰਦਾ ਜਾਂ ਨੰਬਰਦਾਰ ਵਗੈਰਾ ਨਹੀਂ ਜਾਵੇਗਾ ਤਾਂ ਕਿਸੇ ਦੀ ਕੀ ਜ਼ੁਰਅਤ ਹੈ ਕਿ ਉਹ ਪਿੰਡ ਵਿਚ ਚਿੱਟਾ ਵੇਚ ਸਕੇ।"
ਰਜਿੰਦਰ ਸਿੰਘ ਪਿੰਡ ਜਵਾਹਰਕੇ ਦੇ ਸਾਬਕਾ ਸਰਪੰਚ ਹਨ। ਇਸ ਤੋਂ ਇਲਾਵਾ ਉਹ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਵੀ ਸੀਨੀਅਰ ਆਗੂ ਹਨ।
ਉਹ ਪਿੰਡ ਦੀ ਗਰਾਮ ਪੰਚਾਇਤ ਵੱਲੋਂ ਨਸ਼ਿਆਂ ਖਿਲਾਫ ਪਾਏ ਗਏ ਮਤੇ ਨੂੰ ਸਭ ਤੋਂ ਅਹਿਮ ਮੰਨਦੇ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












