ਸੁਖਬੀਰ ਬਾਦਲ ’ਤੇ ਹਮਲੇ ਦੀ ਕੋਸ਼ਿਸ਼ ਮਗਰੋਂ ਅਕਾਲੀ ਦਲ ਨੇ ਚੁੱਕੇ ਸਵਾਲ ਤੇ ਸੀਐੱਮ ਨੇ ਪੁਲਿਸ ਨੂੰ ਥਾਪੜਾ ਦਿੱਤਾ

ਬਿਕਰਮ ਮਜੀਠੀਆ ਤੇ ਭਗਵੰਤ ਮਾਨ

ਤਸਵੀਰ ਸਰੋਤ, Getty Images

ਦਰਬਾਰ ਸਾਹਿਬ ਅੰਮ੍ਰਿਤਸਰ ਦੇ ਪ੍ਰਵੇਸ਼ ਦੁਆਰ ਉੱਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉੱਤੇ ਗੋਲੀਬਾਰੀ ਦੀ ਖ਼ਬਰ ਸਾਹਮਣੇ ਆਈ ਹੈ।

ਬੀਬੀਸੀ ਪੰਜਾਬੀ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਮੁਤਾਬਕ, ਗੋਲੀ ਚਲਾਉਣ ਵਾਲਾ ਵਿਅਕਤੀ ਭੀੜ ਵਿੱਚ ਸ਼ਾਮਿਲ ਸੀ। ਸੁਖਬੀਰ ਬਾਦਲ ਉੱਤੇ ਹਮਲੇ ਦੀ ਕੋਸ਼ਿਸ਼ ਬਹੁਤ ਹੀ ਨੇੜਿਓਂ ਹੋਈ ਹੈ।

ਇਸ ਮਾਮਲੇ ਦੇ ਵੀਡੀਓ ਫੁਟੇਜ਼ ਵਿੱਚ ਦੇਖੇ ਜਾ ਸਕਦੇ ਹਨ ਕਿ ਸੁਖਬੀਰ ਬਾਦਲ ਦੀ ਲੱਤ ਉੱਤੇ ਸੱਟ ਲੱਗੀ ਹੋਣ ਕਾਰਨ ਉਹ ਵ੍ਹੀਲ ਚੇਅਰ ਉੱਤੇ ਬੈਠ ਕੇ ਦਰਬਾਰ ਸਾਹਿਬ ਦੇ ਬਾਹਰ ਸੇਵਾ ਨਿਭਾ ਰਹੇ ਸਨ। ਜਿਸ ਦੌਰਾਨ ਉਨ੍ਹਾਂ ਉੱਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਗਈ। ਇਸ ਹਾਦਸੇ ਵਿੱਚ ਸੁਖਬੀਰ ਬਾਦਲ ਦਾ ਬਚਾਅ ਹੋ ਗਿਆ ਹੈ।

ਸੁਖਬੀਰ ਸਿੰਘ ਬਾਦਲ ਇੰਨੀ ਦਿਨੀਂ ਅੰਮ੍ਰਿਤਸਰ ਦਰਬਾਰ ਸਾਹਿਬ ਵਿਖੇ ਅਕਾਲ ਤਖ਼ਤ ਵੱਲੋਂ ਮੁਕਰਰ ਤਨਖ਼ਾਹ ਨਿਭਾ ਰਹੇ ਹਨ।

ਵੀਡੀਓ ਕੈਪਸ਼ਨ, ਦਰਬਾਰ ਸਾਹਿਬ ਬਾਹਰ ਸੁਖਬੀਰ ਬਾਦਲ 'ਤੇ ਹਮਲੇ ਦੀ ਕੋਸ਼ਿਸ਼

ਗੋਲੀ ਚਲਾਉਣ ਵਾਲੇ ਸ਼ਖ਼ਸ ਦੀ ਸ਼ਨਾਖ਼ਤ ਹੋਈ

ਸੁਖਬੀਰ ਬਾਦਲ 'ਤੇ ਹਮਲੇ ਦੀ ਕੋਸ਼ਿਸ਼

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਸੁਖਬੀਰ ਬਾਦਲ 'ਤੇ ਹਮਲੇ ਦੀ ਕੋਸ਼ਿਸ਼

ਬੀਬੀਸੀ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਅੰਮ੍ਰਿਤਸਰ ਪੁਲਿਸ ਕਮਸ਼ਿਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਸੁਖਬੀਰ ਸਿੰਘ ਬਾਦਲ ਦੇ ਕਤਲ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਗਿਆ ਹੈ।

ਭੁੱਲਰ ਨੇ ਦੱਸਿਆ ਕਿ ਗੋਲੀ ਚਲਾਉਣ ਵਾਲਾ ਸ਼ਖਸ ਨਰਾਇਣ ਸਿੰਘ ਚੌੜਾ ਸੀ, ਜਿਸ ਨੂੰ ਮੌਕੇ 'ਤੇ ਹੀ ਕਾਬੂ ਕਰ ਲਿਆ ਗਿਆ।

ਜ਼ਿਕਰਯੋਗ ਹੈ ਕਿ ਨਰਾਇਣ ਸਿੰਘ ਚੌੜਾ ਖ਼ਾਲਿਸਤਾਨ ਲਹਿਰ ਦੌਰਾਨ ਸਰਗਰਮ ਰਹੇ ਹਨ, ਚੌੜਾ ਦਾ ਸਬੰਧ ਕਥਿਤ ਤੌਰ 'ਤੇ ਖ਼ਾਲਿਸਤਾਨ ਲਿਬਰੇਸ਼ਨ ਫੋਰਸ ਅਤੇ ਅਕਾਲ ਫੈਡਰੇਸ਼ਨ ਨਾਲ ਰਿਹਾ ਹੈ।

ਚੌੜਾ ਬੁੜੈਲ ਜੇਲ੍ਹ ਬਰੇਕ ਮਾਮਲੇ ਵਿੱਚ ਵੀ ਮੁਲਜ਼ਮ ਸੀ। ਪੁਲਿਸ ਨੇ ਉਨ੍ਹਾਂ ਨੂੰ 2013 ਵਿੱਚ ਗ੍ਰਿਫ਼ਤਾਰ ਕੀਤਾ ਸੀ।

ਸੀਨੀਅਰ ਪੱਤਰਕਾਰ ਕਰਮਜੀਤ ਸਿੰਘ ਮੁਤਾਬਕ ਨਰਾਇਣ ਸਿੰਘ ਚੌੜਾ ਦਾ ਸਬੰਧ ਡੇਰਾ ਬਾਬਾ ਨਾਨਕ ਕਸਬੇ ਦੇ ਚੌੜਾ ਪਿੰਡ ਨਾਲ ਹੈ ਅਤੇ ਉਨ੍ਹਾਂ ਦੇ ਦੋ ਪੁੱਤਰ ਹਨ ਅਤੇ ਦੋਵੇਂ ਪੇਸ਼ੇ ਵਜੋਂ ਵਕੀਲ ਹਨ।

ਨਰਾਇਣ ਸਿੰਘ ਚੌੜਾ ਨੇ ਖ਼ੁਦ ਵੀ ਐੱਮਏ ਰਾਜਨੀਤੀ ਸ਼ਾਸਤਰ ਕੀਤੀ ਹੋਈ ਹੈ।

ਉਹ ‘ਪੰਥਕ ਦਸਤਾਵੇਜ਼’, ‘ਖ਼ਾਲਿਸਤਾਨ ਵਿਰੁੱਧ ਸਾਜ਼ਿਸ਼’ ਕਿਤਾਬਾਂ ਦੇ ਲੇਖਕ ਹਨ।

ਹਮਲਾ ਕਿਸ ਨੇ ਰੋਕਿਆ

ਪੁਲਿਸ ਮੁਲਾਜ਼ਮ ਜਸਬੀਰ ਸਿੰਘ ਤੇ ਪਰਮਿੰਦਰ ਸਿੰਘ ਹਮਲਾ ਰੋਕਦੇ ਹੋਏ

ਤਸਵੀਰ ਸਰੋਤ, PTI

ਤਸਵੀਰ ਕੈਪਸ਼ਨ, ਪੁਲਿਸ ਮੁਲਾਜ਼ਮ ਜਸਬੀਰ ਸਿੰਘ ਤੇ ਪਰਮਿੰਦਰ ਸਿੰਘ ਨੇ ਹਮਲਾ ਨਾਕਾਮ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ

ਮੀਡੀਆ ਨਾਲ ਗੱਲਬਾਤ ਦੌਰਾਨ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਦਰਬਾਰ ਸਾਹਿਬ ਅੰਦਰ ਸੁਰੱਖਿਆ ਦੇ ਪੁਖਤਾ ਪ੍ਰਬੰਦ ਕੀਤੇ ਗਏ ਸੀ ।

“ਸੁਰੱਖਿਆ ਦੇ ਮੱਦੇਨਜ਼ਰ 175 ਤੋਂ ਵੱਧ ਮੁਲਾਜ਼ਮ ਦਰਬਾਰ ਸਾਹਿਬ ਦੀ ਹਦੂਦ ਅੰਦਰ ਮੌਜੂਦ ਹਨ।”

ਉਨ੍ਹਾਂ ਦੱਸਿਆ, "ਸਾਡੇ ਮੁਲਾਜ਼ਮ ਰਿਸ਼ਪਾਲ ਸਿੰਘ ਵੱਲੋਂ ਸਭ ਤੋਂ ਪਹਿਲਾ ਮੁਲਜ਼ਮ ਨੂੰ ਦੇਖਿਆ ਗਿਆ ਸੀ। ਇਸ ਤੋਂ ਬਾਅਦ ਪੁਲਿਸ ਮੁਲਾਜ਼ਮ ਜਸਬੀਰ ਸਿੰਘ ਤੇ ਪਰਮਿੰਦਰ ਸਿੰਘ ਨੇ ਹਮਲਾ ਦੀ ਕੋਸ਼ਿਸ ਸਮੇਂ ਨਰਾਇਣ ਸਿੰਘ ਚੌੜਾ ਨੂੰ ਦੀ ਬਾਂਹ ਨੂੰ ਫੜ੍ਹ ਕੇ ਕਾਰਤੂਸ ਦਾ ਮੂੰਹ ਉੱਪਰ ਨੂੰ ਕਰ ਦਿੱਤਾ ਜਿਸ ਨਾਲ ਹਮਲੇ ਦੀ ਕੋਸ਼ਿਸ਼ ਨੂੰ ਨਾਕਾਮ ਕੀਤੀ ਜਾ ਸਕੀ।”

ਉਨ੍ਹਾਂ ਅੱਗੇ ਦੱਸਿਆ ਕਿ ਨਰਾਇਣ ਸਿੰਘ ਚੌੜਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਹਥਿਆਰ ਵੀ ਰਿਕਵਰ ਕਰ ਲਿਆ ਗਿਆ ਹੈ ।

ਉਨ੍ਹਾਂ ਕਿਹਾ ਕਿ ਇਸ ਮਾਮਲੇ ਹਰ ਪੱਖੋ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ-

ਪੁਲਿਸ ਨੇ ਹਮਲੇ ਬਾਰੇ ਕੀ ਦੱਸਿਆ

 ਏਡੀਸੀਪੀ ਹਰਪਾਲ ਸਿੰਘ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਏਡੀਸੀਪੀ ਹਰਪਾਲ ਸਿੰਘ ਹਮਲੇ ਬਾਰੇ ਜਾਣਕਾਰੀ ਦਿੰਦੇ ਹੋਏ

ਇਸ ਮਾਮਲੇ ਉੱਤੇ ਅਡੀਸ਼ਨਲ ਡਿਪਟੀ ਕਮਿਸ਼ਨਰ ਪੁਲਿਸ (ਏਡੀਸੀਪੀ) ਹਰਪਾਲ ਸਿੰਘ ਨੇ ਖ਼ਬਰ ਏਜੰਸੀ ਏਐੱਨਆਈ ਨੂੰ ਦੱਸਿਆ, “ਸਾਡਾ ਬਕਾਇਦਾ ਸੁਰੱਖਿਆ ਪ੍ਰਬੰਧ ਸੀ। ਕਮਿਸ਼ਨਰ ਵੱਲੋਂ ਸੁਰੱਖਿਆ ਨੂੰ ਲੈ ਕੇ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ।”

“ਅਸੀਂ ਸਵੇਰੇ 7 ਵਜੇ ਤੋਂ ਇੱਥੇ ਸੁਰੱਖਿਆ ਪ੍ਰਬੰਧ ਦੇਖ ਰਹੇ ਸੀ ਅਤੇ ਇਸ ਵਿਅਕਤੀ ਉੱਤੇ ਨਿਗ੍ਹਾ ਰੱਖ ਰਹੇ ਸੀ ਅਤੇ ਸੁਰੱਖਿਆ ਦੇ ਮੱਦੇਨਜ਼ਰ ਸੁਖਬੀਰ ਸਿੰਘ ਬਾਦਲ ਦੁਆਲੇ ਘੇਰਾਬੰਦੀ ਕੀਤੀ ਸੀ।”

“ਹਮਲਾ ਕਰਨ ਵਾਲਾ ਵਿਅਕਤੀ ਨਰਾਇਣ ਸਿੰਘ ਚੌੜਾ ਹੈ ਜੋ ਕਿ ਕੱਲ੍ਹ ਵੀ ਦਰਬਾਰ ਸਾਹਿਬ ਵਿੱਚ ਘੁੰਮਦਾ ਦੇਖਿਆ ਗਿਆ ਸੀ। ਅੱਜ ਇਹ ਪਹਿਲਾਂ ਗੁਰੂ ਘਰ ਮੱਥਾ ਟੇਕਣ ਗਿਆ।”

“ਉਸ ਤੋਂ ਸਿੱਧੀ ਗੋਲੀ ਇਸ ਲਈ ਨਹੀਂ ਚੱਲ ਸਕੀ ਕਿਉਂਕਿ ਸਾਡਾ ਸੁਰੱਖਿਆ ਕਰਮੀ ਅਲਰਟ ’ਤੇ ਸੀ। ਅਸੀਂ ਅਲਰਟ ’ਤੇ ਸੀ ਅਤੇ ਇਸ ਦੀਆਂ ਗਤੀਵਿਧੀਆਂ ਉੱਤੇ ਨਿਗ੍ਹਾ ਰੱਖ ਰਹੇ ਸੀ।

ਨਰਾਇਣ ਸਿੰਘ ਚੌੜਾ ਦੇ ਪਰਿਵਾਰ ਨੇ ਕੀ ਕਿਹਾ

ਨਰਾਇਣ ਸਿੰਘ ਦੀ ਪਤਨੀ ਜਸਮੀਤ ਕੌਰ

ਤਸਵੀਰ ਸਰੋਤ, Gurpreet Chawla/BBC

ਤਸਵੀਰ ਕੈਪਸ਼ਨ, ਨਰਾਇਣ ਸਿੰਘ ਦੀ ਪਤਨੀ ਜਸਮੀਤ ਕੌਰ

ਬੀਬੀਸੀ ਸਹਿਯੋਗੀ ਗੁਰਪ੍ਰੀਤ ਸਿੰਘ ਚਾਵਲਾ ਡੇਰਾ ਬਾਬਾ ਨਾਨਕ ਸਥਿਤ ਨਰਾਇਣ ਸਿੰਘ ਚੌੜਾ ਦੇ ਪਰਿਵਾਰ ਨੂੰ ਮਿਲੇ।

ਨਰਾਇਣ ਸਿੰਘ ਦੀ ਪਤਨੀ ਜਸਮੀਤ ਕੌਰ ਨੇ ਦੱਸਿਆ ਕਿ ਜਦੋਂ ਲੋਕਾਂ ਨੇ ਉਨ੍ਹਾਂ ਦੇ ਘਰ ਆਉਣਾ ਸ਼ੁਰੂ ਕੀਤਾ ਉਸ ਸਮੇਂ ਉਨ੍ਹਾਂ ਨੂੰ ਸਾਰੇ ਘਟਨਾਕ੍ਰਮ ਦਾ ਪਤਾ ਲੱਗਿਆ।

ਉਨ੍ਹਾਂ ਦੱਸਿਆ,“ਮੈਂ ਆਪਣੇ ਘਰ ਵਿੱਚ ਅਰਾਮ ਕਰ ਰਹੀ ਸੀ। ਕਰੀਬ ਸਾਢੇ 10 ਵਜੇ ਬਾਹਰ ਕੋਈ ਆਇਆ ਅਤੇ ਇਸ ਘਟਨਾ ਬਾਰੇ ਪੁੱਛਿਆ। ਮੈਂ ਕਿਹਾ ਕਿ ਮੈਨੂੰ ਕੋਈ ਜਾਣਕਾਰੀ ਨਹੀਂ ਹੈ।

ਜਸਮੀਤ ਕੌਰ ਨੇ ਦੱਸਿਆ ਕਿ ਨਰਾਇਣ ਸਿੰਘ ਚੌੜਾ ਸਵੇਰੇ ਪੌਣੇ 6 ਵਜੇ ਘਰੋਂ ਗਏ ਸਨ।

ਜਸਮੀਤ ਕੌਰ ਨੇ ਦੱਸਿਆ ਕਿ ਪਰਿਵਾਰ ਨੂੰ ਉਨ੍ਹਾਂ ਨੇ ਕੁਝ ਨਹੀਂ ਸੀ ਦੱਸਿਆ। ਨਰਾਇਣ ਸਿੰਘ ਬੀਤੇ ਕਰੀਬ ਛੇ ਸਾਲ ਤੋਂ ਘਰ ਵਿੱਚ ਰਹਿ ਰਹੇ ਸਨ ਅਤੇ ਖੇਤੀਬਾੜੀ ਦਾ ਕੰਮ ਦੇਖਦੇ ਸਨ।

ਪਤਨੀ ਮੁਤਾਬਕ ਨਰਾਇਣ ਸਿੰਘ ਅਕਸਰ ਦਰਬਾਰ ਸਾਹਿਬ ਨਹੀਂ ਸਨ ਜਾਂਦੇ, ਪਰ ਜੇ ਕੋਈ ਸ਼ਹੀਦੀ ਸਮਾਗਮ ਹੁੰਦਾ ਤਾਂ ਸ਼ਿਰਕਤ ਕਰਨ ਜ਼ਰੂਰ ਪਹੁੰਚਦੇ ਸਨ।

ਉਨ੍ਹਾਂ ਦੱਸਿਆ ਕਿ ਨਰਾਇਣ ਸਿੰਘ ਦੇ ਦੋ ਬੇਟੇ ਹਨ ਹਨ ਅਤੇ ਦੋਵੇਂ ਪੇਸ਼ੇ ਵੱਜੋਂ ਵਕੀਲ ਹਨ।

ਪਰਿਵਾਰ 1994 ਵਿੱਚ ਪਿੰਡ ਚੌੜਾ ਤੋਂ ਡੇਰਾ ਬਾਬਾ ਨਾਨਕ ਸ਼ਿਫ਼ਟ ਹੋ ਚੁੱਕਿਆ ਹੈ। ਉਨ੍ਹਾਂ ਦੱਸਿਆ ਕਿ ਹਾਲੇ ਤੱਕ ਪੁਲਿਸ ਨੇ ਉਨ੍ਹਾਂ ਤੋਂ ਕੋਈ ਪੁੱਛ-ਪੜਤਾਲ ਨਹੀਂ ਕੀਤੀ, ਪਰ ਪੱਤਰਕਾਰਾਂ ਲਗਾਤਾਰ ਆ ਰਹੇ ਹਨ।

‘ਹਮਲਾ ਸੁਖਬੀਰ ਸਿੰਘ ਬਾਦਲ ’ਤੇ ਨਹੀਂ, ਅਕਾਲ ਤਖ਼ਤ ਦੇ ਸੇਵਾਦਾਰ ’ਤੇ ਹੋਇਆ’- ਰਘਬੀਰ ਸਿੰਘ

ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ

ਤਸਵੀਰ ਸਰੋਤ, Akal Takhat Amritsar

ਤਸਵੀਰ ਕੈਪਸ਼ਨ, ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ

ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸੁਖਬੀਰ ਸਿੰਘ ਬਾਦਲ ’ਤੇ ਹਮਲੇ ਦੀ ਕੋਸ਼ਿਸ਼ ਦੀ ਘਟਨਾ ਨੂੰ ਮੰਦਭਾਗੀ ਦੱਸਿਆ ਹੈ।

ਉਨ੍ਹਾਂ ਕਿਹਾ, “ਅੱਜ ਜਦੋਂ ਸੁਖਬੀਰ ਸਿੰਘ ਬਾਦਲ ਅਕਾਲ ਤਖ਼ਤ ਸਾਹਿਬ ਵੱਲੋਂ ਲੱਗੀ ਤਨਖ਼ਾਹ ਤਹਿਤ ਘੰਟਾ ਘਰ ਡਿਓੜੀ ਦੇ ਬਾਹਰ ਸੇਵਾ ਨਿਭਾ ਰਹੇ ਸਨ। ਇਸ ਸੇਵਾ ਦੌਰਾਨ ਉਨ੍ਹਾਂ ਉੱਤੇ ਜਾਨਲੇਵਾ ਹਮਲਾ ਹੋਇਆ।”

“ਮੌਕੇ ਉੱਤੇ ਸੇਵਾਦਾਰਾਂ ਅਤੇ ਸਕਿਊਰਿਟੀ ਵੱਲੋਂ ਮੁਸ਼ਤੈਦੀ ਦਿਖਾਈ ਗਈ ਅਤੇ ਹਮਲੇ ਨੂੰ ਨਾਕਾਮ ਕਰ ਦਿੱਤਾ ਗਿਆ। ਪਰ ਉਹ ਗੋਲੀ ਜਿਸ ਚਰਨਕੁੰਡ ਵਿੱਚ ਚਰਨ ਧੋ ਕੇ ਦਰਬਾਰ ਸਾਹਿਬ ਅੰਦਰ ਦਾਖ਼ਲ ਹੁੰਦੀ ਹੈ ਉਸ ਚਰਨਕੁੰਡ ’ਚ ਲੱਗੀ ਹੈ।”

“ਇਹ ਹਮਲਾ ਸੁਖਬੀਰ ਸਿੰਘ ਬਾਦਲ ਉੱਤੇ ਨਹੀਂ ਹੈ। ਇਹ ਹਮਲਾ ਅਕਾਲ ਤਖ਼ਤ ਦੇ ਹੁਕਮਾਂ ਉੱਤੇ ਸੇਵਾਦਾਰ ਦਾ ਚੋਲਾ ਪਾ ਕੇ ਅਕਾਲ ਤਖ਼ਤ ਦੀ ਡਿਓੜੀ ਦੇ ਬਾਹਰ ਸੇਵਾ ਨਿਭਾ ਰਹੇ ਅਕਾਲ ਤਖ਼ਤ ਦੇ ਸੇਵਾਦਾਰ ਉੱਤੇ ਹੋਇਆ ਹੈ, ਜੋ ਹੱਥ ਵਿੱਚ ਬਰਛਾ ਫ਼ੜ੍ਹ ਕੇ ਅਕਾਲ ਤਖ਼ਤ ਦੀ ਸੇਵਾ ਕਰ ਰਿਹਾ ਸੀ।”

“ਇਸ ਦੀ ਅਸੀਂ ਘੋਰ ਨਿੰਦਾ ਕਰਦੇ ਹਾਂ। ਜਿੰਨੀ ਵੀ ਨਿੰਦਾ ਕੀਤੀ ਜਾਵੇ ਉਨੀ ਹੀ ਘੱਟ ਹੈ। ਸਰਕਾਰ ਨੂੰ ਤਾੜਨਾ ਕਰਦੇ ਹਾਂ ਕਿ ਇਸ ਹਮਲੇ ਪਿੱਛੇ ਕੌਣ ਹੈ, ਇਹ ਸਾਰਾ ਵਰਤਾਰਾ ਕਿਉਂ ਵਾਪਰਿਆ ਉਸ ਦੀ ਮੁਸ਼ਤੈਦੀ ਅਤੇ ਬਾਰੀਕੀ ਨਾਲ ਜਾਂਚ ਜ਼ਰੂਰ ਕੀਤੀ ਜਾਵੇ।”

ਬਿਕਰਮ ਮਜੀਠੀਆ ਨੇ ਸੁਰੱਖਿਆ ’ਤੇ ਚੁੱਕੇ ਸਵਾਲ

ਬਿਕਰਮ ਮਜੀਠੀਆ

ਤਸਵੀਰ ਸਰੋਤ, Akali Dal

ਤਸਵੀਰ ਕੈਪਸ਼ਨ, ਬਿਕਰਮ ਮਜੀਠੀਆ ਨੇ ਨਰਾਇਣ ਸਿੰਘ ਚੌੜਾ ਦੇ ਖੁੱਲ੍ਹੇਆਮ ਘੁੰਮਣ ਉੱਤੇ ਸਵਾਲ ਚੁੱਕੇ ਹਨ

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਨੇ ਪ੍ਰੈਸ ਕਾਨਫਰੰਸ ਕਰ ਕੇ ਪੰਜਾਬ ਸਰਕਾਰ ’ਤੇ ਸਵਾਲ ਚੁੱਕੇ ਹਨ।

ਉਨ੍ਹਾਂ ਨੇ ਇਸ ਦੌਰਾਨ ਸੀਸੀਟੀਵੀ ਫੁਟੇਜ ਦਿਖਾਉਂਦਿਆਂ ਪੰਜਾਬ ਪੁਲਿਸ ’ਤੇ ਸਵਾਲ ਚੁੱਕਦਿਆਂ ਕਿਹਾ,“ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੇ ਜਦੋਂ ਮੁਲਜ਼ਮ ਨੂੰ ਦੇਖ ਲਿਆ ਸੀ ਤਾਂ ਉਨ੍ਹਾਂ ਫੜਿਆ ਕਿਉਂ ਨਹੀਂ। ਪੁਲਿਸ ਉਸ ਨੂੰ ਵੀਆਈਪੀ ਵਾਂਗ ਲਈ ਫਿਰਦੀ ਸੀ।”

ਬਿਕਰਮ ਮਜੀਠੀਆ ਨੇ ਕਿਹਾ,“ਇਹ ਹਾਲਾਤ ਬਣਾਏ ਜਾ ਰਹੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਖਤਮ ਕਰ ਦਿੱਤਾ ਜਾਵੇ। ਹਾਲੇ ਇੱਕ ਚਿਹਰਾ ਬੇਨਕਾਬ ਹੋਇਆ, ਹੋਰ ਪਤਾ ਨਹੀਂ ਕਿੰਨੇ ਲੋਕ ਬੈਠੇ ਹਨ ਸਾਨੂੰ ਟਾਰਗੇਟ ਕਰਨ ਲਈ।”

ਨਰਾਇਣ ਸਿੰਘ ਚੌੜ ਦੇ ਖਾਲਿਸਤਾਨੀ ਲਿੰਕ ਬਾਰੇ ਪੁੱਛੇ ਸਵਾਲ ’ਤੇ ਬਿਕਰਮ ਮਜੀਠੀਆ ਨੇ ਕਿਹਾ,“ਇਹ ਖਾਲਿਸਤਾਨੀ ਨਹੀਂ ਪਾਕਿਸਤਾਨ ਦੇ ਏਜੰਟ ਹਨ, ਜੋ ਸਿੱਖਾਂ ਦੇ ਪਹਿਰਾਵੇ ਵਿੱਚ ਲੁਕੀ ਬੈਠੇ ਹਨ।”

“ਜਿਸ ਵਿਅਕਤੀ ਦੀ ਇੰਨੇ ਅਪਰਾਧਿਕ ਕੇਸਾਂ ਵਿੱਚ ਸ਼ਮੂਲੀਅਤ ਹੋਵੇ, ਉਸ ਨੂੰ ਪੁਲਿਸ ਨੇ ਦੋ ਦਿਨ ਘੁੰਮਣ ਦਿੱਤਾ, ਪੁਲਿਸ ਇੰਨੀ ਹੀ ਮੁਸਤੈਦ ਸੀ ਤਾਂ ਉਸ ਨੂੰ ਗ੍ਰਿਫ਼ਤਾਰ ਕਿਉਂ ਨਹੀਂ ਕੀਤਾ ਗਿਆ।”

ਬਿਕਰਮ ਮਜੀਠੀਆ ਨੇ ਕਿਹਾ, “ਇਸ ਸਭ ਦੇ ਬਾਵਜੂਦ ਸਾਡੀ ਸੇਵਾ ਜਾਰੀ ਰਹੇਗੀ।”

ਸ਼੍ਰੋਮਣੀ ਅਕਾਲੀ ਦਲ ਤੇ ਐੱਸਜੀਪੀਸੀ ਨੇ ਕੀਤੀ ਨਿਖੇਧੀ

ਸੁਖਬੀਰ ਬਾਦਲ

ਤਸਵੀਰ ਸਰੋਤ, PTI

ਤਸਵੀਰ ਕੈਪਸ਼ਨ, ਸੁਖਬੀਰ ਬਾਦਲ ਦਰਬਾਰ ਸਾਹਿਬ ਅੰਦਰ ਦਾਖ਼ਲ ਹੋ ਰਹੇ ਸਨ

ਇਸ ਮਾਮਲੇ ਉੱਤੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਵੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਉੱਤੇ ਇੱਕ ਨਿਮਾਣੇ ਸਿੱਖ ਵਾਂਗ ਨਤਮਸਤਕ ਹੋਏ ਹਾਂ।

“ਆਪਣੀ ਸੇਵਾ ਕਰ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਜਿਹੜੇ ਇਸ ਵੇਲੇ ਰਾਮਦਾਸ ਦੇ ਦੁਆਰ 'ਤੇ ਸੇਵਾ ਦੇ ਰਹੇ ਸੀ, ਉੱਤੇ ਫਾਇਰਿੰਗ ਕਰਕੇ ਜਾਨ ਲੇਵਾ ਹਮਲਾ ਹੋਇਆ ਹੈ।”

“ਇਸ ਘਟਨਾ ਦੀ ਮੈਂ ਪਾਰਟੀ ਵੱਲੋਂ ਨਿਖੇਧੀ ਕਰਦਾ ਹਾਂ, ਪੰਜਾਬ ਵਾਸਤੇ ਇਹ ਬਹੁਤ ਵੱਡੀ ਘਟਨਾ ਹੈ ਕਿ ਅੱਜ ਪੰਜਾਬ ਨੂੰ ਕਿਹੜੇ ਪਾਸੇ ਧੱਕ ਰਹੇ ਹਾਂ।”

"ਇਹ ਸਾਰੀ ਘਟਨਾ ਦੀ ਜੁਡੀਸ਼ੀਅਲ ਇਨਕੁਆਇਰੀ ਹੋਣੀ ਚਾਹੀਦੀ ਹੈ। ਸਾਨੂੰ ਸਟੇਟ 'ਤੇ ਭਰੋਸਾ ਨਹੀਂ ਹੈ। ਮੇਰਾ ਸਵਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਦੇ ਡੀਜੀਪੀ ਨੂੰ ਹੈ...ਕਿਸੇ ਨੂੰ ਤਾਂ ਇਸ ਘਟਨਾ ਦੀ ਜ਼ਿੰਮੇਵਾਰੀ ਲੈਣੀ ਪਵੇਗੀ।"

ਹਰਜਿੰਦਰ ਸਿੰਘ ਧਾਮੀ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਮੀਡੀਆ ਨਾਲ ਗੱਲਬਾਤ ਕਰਦੇ ਹੋਏ ਹਰਜਿੰਦਰ ਸਿੰਘ ਧਾਮੀ

ਐੱਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਸੁਖਬੀਰ ਸਿੰਘ ਬਾਦਲ 'ਤੇ ਹੋਏ ਹਮਲੇ ਦੇ ਬਾਅਦ ਕਿਹਾ, " ਗੁਰੂ ਰਾਮਦਾਸ ਜੀ ਦੀ ਕ੍ਰਿਪਾ ਹੈ ਕਿ ਸੁਖਬੀਰ ਬਾਦਲ ਦੀ ਜਾਨ ਦਾ ਬਚਾਅ ਹੋ ਗਿਆ।”

“ਅਸੀਂ ਆਪਣੇ ਸਰੋਤਾਂ ਰਾਹੀਂ ਇਸ ਘਟਨਾ ਦੀ ਚੰਗੀ ਤਰ੍ਹਾਂ ਜਾਂਚ ਕਰਾਂਗੇ। ਉਸ (ਹਮਲਾਵਰ) ਨੂੰ ਪੁਲਿਸ ਫੜ੍ਹ ਕੇ ਲੈ ਗਈ ਹੈ।”

“ਗੁਰੂ ਰਾਮਦਾਸ ਜੀ ਨੇ ਸੁਖਬੀਰ ਸਿੰਘ ਬਾਦਲ ਨੂੰ ਬਚਾਇਆ ਹੈ। ਸੁਰੱਖਿਆ ਪ੍ਰਬੰਧਾਂ ਵਿੱਚ ਵੀ ਜੇਕਰ ਕੋਈ ਕੋਤਾਹੀ ਰਹੀ ਤਾਂ ਉਸ ਦੀ ਵੀ ਜਾਂਚ ਕੀਤੀ ਜਾਵੇਗੀ।"

ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਮੀਡੀਆ ਨਾਲ ਗੱਲ ਕਰਦਿਆ ਕਿਹਾ ਕਿ ਇਹ ਹਮਲਾ 9 ਐੱਮਐੱਮ ਦੇ ਕਾਰਤੂਸ ਨਾਲ ਬਹੁਤ ਨਜ਼ਦੀਕ ਤੋਂ ਕੀਤਾ ਗਿਆ ਸੀ। ਉਨ੍ਹਾਂ ਇਸ ਨੂੰ ਸਰਕਾਰ ਤੇ ਇਟੈਲੀਜੈਂਸ ਦੀ ਨਾਕਾਮੀ ਕਰਾਰ ਦਿੱਤਾ।

ਇਸ ਦੌਰਾਨ ਉਨ੍ਹਾਂ ਨੇ ਮੁਲਜ਼ਮ ਨਰਾਇਣ ਸਿੰਘ ਚੌੜਾ ਦੀ ਸਿਆਸਤਦਾਨਾਂ ਨਾਲ ਨਜ਼ਦੀਕੀ ਦੇ ਵੀ ਇਲਜ਼ਾਮ ਲਾਏ।

ਮਜੀਠੀਆ ਨੇ ਪੁਲਿਸ ਮੁਲਾਜ਼ਮ ਜਸਬੀਰ ਸਿੰਘ ਦਾ ਧੰਨਵਾਦ ਕੀਤਾ।

ਉਨ੍ਹਾਂ ਕਿਹਾ ਕਿ ਇਹ ਜਸਬੀਰ ਸਿੰਘ ਦੀ ਮੁਸ਼ਤੈਦੀ ਹੀ ਸੀ ਜਿਸ ਨਾਲ ਸੁਖਬੀਰ ਸਿੰਘ ਬਾਦਲ ਅਤੇ ਮੌਕੇ ਤੇ ਮੌਜੂਦ ਹੋਰ ਲੋਕਾਂ ਨੂੰ ਬਚਾਇਆ ਜਾ ਸਕਿਆ ਹੈ।

ਉਨ੍ਹਾਂ ਇਸ ਨੂੰ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਕੋਝੀ ਕੋਸ਼ਿਸ ਦੱਸਿਆ ਹੈ।

ਸਿਆਸੀ ਖੇਮਿਆਂ ਨੇ ਕੀਤੀ ਘਟਨਾ ਦੀ ਨਿਖੇਧੀ

ਘਟਨਾ ਬਾਰੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਆਪਣੇ ਐਕਸ ਹੈਂਡਲ ਉੱਤੇ ਲਿਖਿਆ ਹੈ, "ਪੰਜਾਬ ਪੁਲਿਸ ਨੇ ਅੱਜ ਇੱਕ ਵੱਡੀ ਵਾਰਦਾਤ ਹੋਣ ਤੋਂ ਰੋਕੀ। ਪੰਜਾਬ ਪੁਲਿਸ ਦੀ ਮੁਸਤੈਦੀ ਦਾ ਨਤੀਜਾ ਹੈ ਜੋ ਪੰਜਾਬ ਅਤੇ ਪੰਜਾਬੀਆਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਨਾਕਾਮ ਹੋਈ ਹੈ।"

"ਪੁਲਿਸ ਨੇ ਆਪਣੀ ਮੁਸਤੈਦੀ ਨਾਲ ਮੌਕੇ 'ਤੇ ਹੀ ਹਮਲਾਵਰ ਨੂੰ ਗ੍ਰਿਫ਼ਤਾਰ ਕ ਰਕੇ ਵੱਡੀ ਕਾਮਯਾਬੀ ਹਾਸਲ ਕੀਤੀ। ਮੈਂ ਪੁਲਿਸ ਦੀ ਮੁਸਤੈਦੀ ਦੀ ਸ਼ਲਾਘਾ ਕਰਦਾ ਹਾਂ, ਸੁਖਬੀਰ ਬਾਦਲ ਜੀ 'ਤੇ ਹੋਏ ਹਮਲੇ ਦੀ ਮੈਂ ਸਖ਼ਤ ਨਿੰਦਾ ਕਰਦਾ ਹਾਂ। ਮੈਂ ਪੁਲਿਸ ਨੂੰ ਸਖ਼ਤ ਨਿਰਦੇਸ਼ ਜਾਰੀ ਕਰ ਦਿੱਤੇ ਹਨ ਕਿ ਇਸ ਘਟਨਾ ਦੀ ਤੁਰੰਤ ਜਾਂਚ ਕਰਕੇ ਰਿਪੋਰਟ ਸੌਂਪਣ।"

ਭਗਵੰਤ ਮਾਨ

ਤਸਵੀਰ ਸਰੋਤ, @BhagwantMann/X

ਇਸ ਤੋਂ ਇਲਾਵਾ ਵੱਖ ਵੱਖ ਸਿਆਸੀ ਪਾਰਟੀਆਂ ਵੱਲੋਂ ਘਟਨਾ ਦੀ ਨਿਖੇਧੀ ਕੀਤੀ ਗਈ ਹੈ।

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੁਖਬੀਰ ਸਿੰਘ ਬਾਦਲ 'ਤੇ ਹੋਏ ਹਮਲੇ ਦੀ ਨਿੰਦਾ ਕਰਦਿਆਂ ਕਿਹਾ, "ਇਸ ਤੋਂ ਪਤਾ ਲੱਗਦਾ ਹੈ ਕਿ ਸੂਬੇ 'ਚ ਕਾਨੂੰਨ ਦੀ ਸਥਿਤੀ ਕਿਹੋ ਜਿਹੀ ਹੈ।”

“ਜੇ 'ਜ਼ੀ ਸਕਿਊਰਿਟੀ ਪ੍ਰੋਟੈਕਟੀ' ਸੁਖਬੀਰ ਬਾਦਲ 'ਤੇ ਗੋਲੀ ਚਲਾਈ ਜਾ ਸਕਦੀ ਹੈ ਤਾਂ ਪੰਜਾਬ 'ਚ ਕਿਸੇ ਵੀ ਆਮ ਬੰਦੇ ਨੂੰ ਵੀ ਗੋਲੀ ਮਾਰੀ ਜਾ ਸਕਦੀ ਹੈ।”

“ਉਸ ਨੂੰ (ਹਮਲਾਵਰ ਨੂੰ) ਹਿਰਾਸਤ ਵਿੱਚ ਲੈਣਾ ਪੁਲਿਸ ਦੀ ਪ੍ਰਾਪਤੀ ਨਹੀਂ ਹੈ, ਜੇਕਰ ਗੋਲੀ ਲੱਗ ਜਾਂਦੀ ਫਿਰ ਵੀ ਹਿਰਾਸਤ 'ਚ ਲੈ ਲੈਂਦੇ। ਜਿਸ ਵੀ ਵਿਅਕਤੀ ਨੇ ਇਸ ਹਮਲੇ ਨੂੰ ਅੰਜ਼ਾਮ ਦਿੱਤਾ ਹੈ ਉਸ 'ਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।"

ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ

ਤਸਵੀਰ ਸਰੋਤ, PTI

ਤਸਵੀਰ ਕੈਪਸ਼ਨ, ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਸੂਬੇ ਦੀ ਕਾਨੂੰਨ ਵਿਵਸਥਾ ਉੱਤੇ ਸਵਾਲ ਖੜੇ ਕੀਤੇ ਹਨ

ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੁਖਬੀਰ ਬਾਦਲ 'ਤੇ ਹਮਲੇ ਦੀ ਕੀਤੀ ਨਿੰਦਾ ਕਰਦਿਆਂ ਕਿਹਾ ਕਿ ਪੰਜਾਬ ਅੱਤਵਾਦ ਦੇ ਇੱਕ ਹੋਰ ਕਾਲੇ ਦੌਰ ਨੂੰ ਬਰਦਾਸ਼ਤ ਨਹੀਂ ਕਰ ਸਕਦਾ।

ਇੱਕ ਬਿਆਨ ਵਿੱਚ, ਕੈਪਟਨ ਅਮਰਿੰਦਰ ਨੇ ਰਾਹਤ ਜ਼ਾਹਰ ਕੀਤੀ ਕਿ ਬਾਦਲ ਸੁਰੱਖਿਅਤ ਹਨ ਅਤੇ ਉਨ੍ਹਾਂ ਨੂੰ ਗੋਲੀ ਨਹੀਂ ਲੱਗੀ ਅਤੇ ਨਾ ਹੀ ਕੋਈ ਨੁਕਸਾਨ ਹੋਇਆ।

ਉਨ੍ਹਾਂ ਨੇ ਮੌਕੇ 'ਤੇ ਮੌਜੂਦ ਵਿਅਕਤੀ ਦੀ ਸ਼ਲਾਘਾ ਕੀਤੀ ਜਿਸ ਨੇ ਹਮਲਾਵਰ ਨੂੰ ਕਾਬੂ ਕਰ ਲਿਆ, ਜਿਸ ਸਦਕਾਂ ਗੋਲੀ ਸੁਖਬੀਰ ਬਾਦਲ ਨੂੰ ਲੱਗਣ ਤੋਂ ਰੋਕੀ ਜਾ ਸਕੀ।

ਸਾਬਕਾ ਮੁੱਖ ਮੰਤਰੀ ਨੇ ਕਿਹਾ, ਬਾਦਲ ਨੇ ਅਕਾਲ ਤਖਤ ਤੋਂ ਭੁੱਲਾਂ ਬਖਸ਼ਾਈਆਂ ਸਨ ਅਤੇ ਉਸ ਨੂੰ ਸੁਣਾਈ ਗਈ ਤਨਖ਼ਾਹ ਹਰਿਮੰਦਰ ਸਾਹਿਬ ਕੰਪਲੈਕਸ ਦੇ ਅੰਦਰ ਹੀ ਭੁਗਤ ਰਹੇ ਸਨ।

ਉਨ੍ਹਾਂ ਕਿਹਾ ਕਿ ਅਕਾਲੀ ਆਗੂ 'ਤੇ ਹਮਲਾ ਕਰਨ ਵਾਲਿਆਂ ਨੇ ਸਿੱਖ ਮਰਿਆਦਾ ਦੀ ਉਲੰਘਣਾ ਕੀਤੀ ਹੈ।

ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਸੁਖਬੀਰ ਸਿੰਘ ਬਾਦਲ 'ਤੇ ਹੋਏ ਜਾਨਲੇਵਾ ਹਮਲੇ ਦੀ ਨਿਖੇਧੀ ਕਰਦੇ ਹੋਏ ਕਿਹਾ, " ਮੇਰੇ ਬਿਆਨਾਂ ਦੀ ਆਲੋਚਨਾ ਕੀਤੀ ਜਾਂਦੀ ਹੈ ਜਦੋ ਮੈਂ ਕਹਿਣਾ ਹਾਂ ਕਿ ਅਜਿਹੇ ਅੱਤਵਾਦੀ ਜੇਲ੍ਹ ਤੋਂ ਬਾਹਰ ਨਹੀਂ ਆਉਣੇ ਚਾਹੀਦੇ।”

“ਮੈਂ ਰੱਬ ਦਾ ਸ਼ੁਕਰਗੁਜ਼ਾਰ ਹਾਂ ਕਿ ਉਨ੍ਹਾਂ ਦੀ ਜਾਨ ਬਚ ਗਈ ਪਰ ਅੱਜ ਪਤਾ ਲੱਗਿਆ ਹੋਵੇਗਾ ਬਾਦਲ ਪਰਿਵਾਰ ਨੂੰ, ਅਕਾਲੀ ਦਲ ਨੂੰ ਅਤੇ ਐੱਜੀਪੀਸੀ ਨੂੰ ਜੋ ਅੱਤਵਾਦੀਆਂ ਨੂੰ ਜੇਲ੍ਹ 'ਤੋਂ ਬਾਹਰ ਕੱਡਣ ਲਈ ਤਰਲੋ-ਮੱਛੀ ਰਹਿੰਦੇ ਹਨ ਕਿ ਇਨ੍ਹਾਂ ਅੱਤਵਾਦੀਆਂ ਵੱਲੋਂ ਜਦੋ ਆਪਣਿਆਂ 'ਤੇ ਹਮਲਾ ਕੀਤਾ ਜਾਂਦਾ ਹੈ ਤਾਂ ਕਿਹੋ ਜਿਹੋ ਮਹਿਸੂਸ ਹੁੰਦਾ ਹੈ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)