ਅਕਾਲ ਤਖ਼ਤ ਵਲੋਂ ਅਕਾਲੀਆਂ ਨੂੰ ਲਾਈ ਸਜ਼ਾ ਨਾਲ ਪੰਜਾਬ ਦੇ ਪੰਥਕ ਤੇ ਸਿਆਸੀ ਹਲਕਿਆਂ ਉੱਤੇ ਕੀ ਅਸਰ ਪੈ ਸਕਦਾ ਹੈ

ਤਸਵੀਰ ਸਰੋਤ, akali dal
ਅਕਾਲ ਤਖ਼ਤ ਸਾਹਿਬ ਵਲੋਂ ਸੁਖਬੀਰ ਸਿੰਘ ਬਾਦਲ ਅਤੇ ਹੋਰ ਸੀਨੀਅਰ ਅਕਾਲੀ ਆਗੂਆਂ ਨੂੰ ਧਾਰਮਿਕ ਸਜ਼ਾ ਸੁਣਾਏ ਜਾਣ ਨੂੰ ਪੰਥਕ ਸਿਆਸਤ ਵਿੱਚ ਇੱਕ ਇਤਿਹਾਸਿਕ ਫੈਸਲਾ ਮੰਨਿਆ ਜਾ ਰਿਹਾ ਹੈ।
ਇਸ ਤੋਂ ਬਾਅਦ ਨਵਾਂ ਅਕਾਲੀ ਦਲ ਉਸਾਰਨ ਦੀਆਂ ਦਲੀਲਾਂ ਦਿੱਤੀਆਂ ਜਾ ਰਹੀਆਂ ਹਨ।
ਤਖ਼ਤਾਂ ਦੇ ਜਥੇਦਾਰਾਂ ਨੇ ਸੋਮਵਾਰ ਨੂੰ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਪੰਥ ਦੇ ਹਿੱਤਾਂ ਦੀ ਰਾਖੀ ਨਹੀਂ ਕੀਤੀ ਗਈ, ਜਿਸ ਦੀ ਇੱਕ ਪੰਥਕ ਪਾਰਟੀ ਤੋਂ ਉਮੀਦ ਕੀਤੀ ਜਾ ਰਹੀ ਸੀ।
ਹਾਲਾਂਕਿ, ਇਸ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਆਪਣੇ ਤੋਂ ਹੋਈਆਂ ਗ਼ਲਤੀਆਂ ਨੂੰ ਅਕਾਲ ਤਖ਼ਤ ਸਾਹਿਬ ਉੱਤੇ ਸਭ ਦੇ ਸਾਹਮਣੇ ਮੰਨਿਆ।
ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸੁਖਬੀਰ ਸਿੰਘ ਬਾਦਲ ਸਣੇ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਅਤੇ ਸਾਲ 2015 ਦੇ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਦੇ ਸੱਤਾਧਾਰੀ ਧਿਰ ਦੇ ਮੈਂਬਰ ਰਹੇ ਹਨ, ਉਨ੍ਹਾਂ ਲਈ ਸਜ਼ਾ ਲਗਾਈ ਹੈ।
ਪਰ ਕੀ ਇਹ ਸਜ਼ਾ ਸਮੇਂ ਦੀ ਲੋੜ ਸੀ? ਇਸ ਫੈਸਲੇ ਨਾਲ ਕੀ ਸੁਨੇਹਾ ਦਿੱਤਾ ਜਾ ਰਿਹਾ ਹੈ? ਕੀ ਇਸ ਨਾਲ ਅਕਾਲੀ ਦਲ ਦੀ ਨਵੀਂ ਸ਼ੁਰੂਆਤ ਦਾ ਮੁੱਢ ਬੱਝੇਗਾ?
ਇਸ ਸਭ ਬਾਰੇ ਗੱਲ ਕਰਾਂਗੇ ਪਰ ਸਭ ਤੋਂ ਪਹਿਲਾ ਜਾਣਦੇ ਹਾਂ ਕਿ ਸੁਖਬੀਰ ਸਿੰਘ ਬਾਦਲ ਅਤੇ ਹੋਰ ਅਕਾਲੀ ਆਗੂਆਂ ਨੂੰ ਕੀ ਸਜ਼ਾ ਸੁਣਾਈ ਗਈ ਅਤੇ ਉਹਨਾਂ ਦਾ ਕੀ ਦੋਸ਼ ਸੀ?

ਕਿਸ ਨੂੰ ਕੀ ਸਜ਼ਾ ਲੱਗੀ
ਸਜ਼ਾਵਾਂ ਸੁਨਾਉਣ ਤੋਂ ਪਹਿਲਾਂ ਸਿੰਘ ਸਾਹਿਬਾਨਾਂ ਨੇ ਸੁਖਬੀਰ ਸਿੰਘ ਬਾਦਲ ਅਤੇ ਕੁਝ ਹੋਰ ਆਗੂਆਂ ਕੋਲੋਂ ਸਵਾਲ ਪੁੱਛੇ, ਜਿਨ੍ਹਾਂ ਵਿੱਚ ਉਨ੍ਹਾਂ ਆਪਣੇ ਉਪਰ ਲੱਗੇ ਕੁਝ ਇਲਜ਼ਾਮਾਂ ਨੂੰ ਕਬੂਲ ਕੀਤਾ ਅਤੇ ਕੁਝ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ।
ਪੰਜ ਸਿੰਘ ਸਾਹਿਬਾਨ ਵੱਲੋਂ ਪਾਏ ਮਤੇ ਮੁਤਾਬਕ ਦੋਸ਼ੀ ਪਾਏ ਗਏ ਅਕਾਲੀ ਮੰਤਰੀਆਂ ਤੇ ਆਗੂਆਂ ਨੂੰ ਦਰਬਾਰ ਸਾਹਿਬ ਵਿੱਚ ਪੰਜ ਦਿਨਾਂ ਲਈ ਰੋਜ਼ ਇੱਕ ਘੰਟੇ ਬਾਥਰੂਮ ਤੇ ਟਾਇਲਟ ਸਾਫ਼ ਕਰਨ, ਇੱਕ ਘੰਟੇ ਭਾਂਡੇ ਮਾਜਣ, ਇੱਕ ਘੰਟੇ ਕੀਰਤਨ ਸੁਣਨ ਤੇ ਰੋਜ਼ ਸੁਖਮਨੀ ਸਾਹਿਬ ਦਾ ਪਾਠ ਕਰਨ ਦਾ ਹੁਕਮ ਦਿੱਤਾ ਗਿਆ ਹੈ।
ਇਸ ਦੌਰਾਨ ਸੁਖਬੀਰ ਸਿੰਘ ਬਾਦਲ ਕੋਲੋਂ, ਗੁਰਮੀਤ ਰਾਮ ਰਹੀਮ ਦੀ ਮੁਆਫ਼ੀ, ਉਸ ਦੇ ਮੁਆਫ਼ੀਨਾਮੇ ਨੂੰ ਸਹੀ ਠਹਿਰਾਉਣ ਲਈ ਇਸ਼ਤਿਹਾਰ ਲਗਾਉਣ ਲਈ ਵਰਤੇ ਸ਼੍ਰੋਮਣੀ ਕਮੇਟੀ ਦੇ ਪੈਸੇ, ਉਸ ਵੇਲੇ ਉਨ੍ਹਾਂ ਪੁਲਿਸ ਅਫ਼ਸਰਾਂ ਨੂੰ ਤਰੱਕੀਆਂ ਦੇਣ ਅਤੇ ਪਰਿਵਾਰਾਂ ਨੂੰ ਟਿਕਟ ਦੇਣ ਸਬੰਧੀ ਇਲਜ਼ਾਮਾਂ ਬਾਰੇ ਪੁੱਛਿਆ, ਜਿਨ੍ਹਾਂ ਨੇ ਪੰਜਾਬ ਵਿੱਚ ਕਥਿਤ ਝੂਠੇ ਮੁਕਾਬਲੇ ਕਰਵਾ ਕੇ ਬੇਕਸੂਰ ਨੌਜਵਾਨਾਂ ਨੂੰ ਮਾਰਿਆ ਸੀ।
ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਵਿੱਚ ਸੁਖਬੀਰ ਸਿੰਘ ਬਾਦਲ ਨੇ ‘ਹਾਂ ਜੀ’ ਕਿਹਾ।
ਇਸ ਦੇ ਨਾਲ ਹੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੂੰ 2011 ਵਿੱਚ ਦਿੱਤਾ ਗਿਆ ਫ਼ਖ਼ਰ-ਏ-ਕੌਮ ਦਾ ਖ਼ਿਤਾਬ ਵੀ ਵਾਪਸ ਲੈ ਲਿਆ ਗਿਆ।
ਇਸ ਤੋਂ ਇਲਾਵਾ ਅਕਾਲੀ ਦਲ ਦੀ ਕੋਰ ਕਮੇਟੀ ਨੂੰ ਸੁਖਬੀਰ ਸਿੰਘ ਬਾਦਲ ਦਾ ਅਸਤੀਫ਼ਾ ਮਨਜ਼ੂਰ ਕਰਨ ਅਤੇ 6 ਮਹੀਨਿਆਂ ਦੇ ਅੰਦਰ ਨਵੀਂ ਭਰਤੀਆਂ ਕਰ ਕੇ ਅਹੁਦੇਦਾਰਾਂ ਦੀ ਚੋਣ ਕਰਨ ਲਈ ਅਕਾਲ ਤਖ਼ਤ ਸਾਹਿਬ ਤੋਂ ਆਦੇਸ਼ ਦਿੱਤਾ ਗਿਆ ਹੈ।
ਦੋ ਧੜਿਆਂ ਵਿੱਚ ਵੰਡ ਕੇ ਦਿੱਤੀਆਂ ਸਜ਼ਾਵਾਂ
ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਸਜ਼ਾ ਦਾ ਐਲਾਨ ਕਰਦਿਆਂ ਗਿਆਨੀ ਰਘਬੀਰ ਸਿੰਘ ਸਣੇ ਮੌਜੂਦ ਸਿੰਘ ਸਾਹਿਬਾਨਾਂ ਨੇ ਪਹਿਲਾਂ ਗ਼ੁਨਾਹ ਕਬੂਲ ਕਰਨ ਵਾਲੇ ਅਤੇ ਇਸ ਵਿੱਚ ਸ਼ਮੂਲੀਅਤ ਰੱਖਣ ਵਾਲੇ ਆਗੂਆਂ ਨੂੰ ਵੱਖ ਕੀਤਾ।
ਇਸ ਤੋਂ ਬਾਅਦ, ਦੂਜੇ ਧੜੇ ਵਿੱਚ ਉਨ੍ਹਾਂ ਆਗੂਆਂ ਨੂੰ ਖੜ੍ਹੇ ਹੋਣ ਲਈ ਕਿਹਾ ਗਿਆ, ਜਿਨ੍ਹਾਂ ਨੇ ਉਸ ਵੇਲੇ ਇਨ੍ਹਾਂ ਫ਼ੈਸਲਿਆਂ ʼਤੇ ਚੁੱਪੀ ਸਾਧੀ, ਹਮਾਇਤ ਕੀਤੀ ਅਤੇ ਅਹੁਦਿਆਂ ਨੂੰ ਮਾਣਿਆ।
ਪਹਿਲੇ ਧੜੇ ਵਿੱਚ ਜਿਨ੍ਹਾਂ ਨੇ ਸੁਖਬੀਰ ਸਿੰਘ ਬਾਦਲ ਦੇ ਨਾਲ ਆਪਣੇ ਗ਼ੁਨਾਹ ਕਬੂਲ ਕੀਤੇ, ਉਨ੍ਹਾਂ ਵਿੱਚ ਸੁਖਦੇਵ ਸਿੰਘ ਢੀਂਡਸਾ, ਸੁੱਚਾ ਸਿੰਘ ਲੰਗਾਹ, ਹੀਰਾ ਸਿੰਘ ਗਾਬੜੀਆ, ਬਲਵਿੰਦਰ ਸਿੰਘ ਭੂੰਦੜ, ਦਲਜੀਤ ਸਿੰਘ ਚੀਮਾ, ਗੁਲਜ਼ਾਰ ਸਿੰਘ ਰਣੀਕੇ ਦੇ ਨਾਮ ਸ਼ਾਮਲ ਹਨ।

ਤਸਵੀਰ ਸਰੋਤ, Ravinder Singh Robin/BBC
ਇਨ੍ਹਾਂ ਬਾਰੇ ਸਜ਼ਾ ਦਾ ਐਲਾਨ ਕਰਦਿਆਂ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਇਹ ਸਾਰੇ 3 ਦਸੰਬਰ ਤੋਂ ਦੁਪਹਿਰ 12 ਤੋਂ 1 ਵਜੇ ਤੱਕ ਬਾਥਰੂਮਾਂ ਦੀ ਸਫ਼ਾਈ, ਇਸ ਤੋਂ ਬਾਅਦ ਇਸ਼ਨਾਨ ਕਰਕੇ ਲੰਗਰ ਦੀ ਸੇਵਾ, ਫਿਰ ਨਿਤਨੇਮ ਅਤੇ ਸੁਖਮਨੀ ਸਾਹਿਬ ਦਾ ਪਾਠ ਕਰਨਗੇ।
ਇੰਨਾਂ ਹੀ ਨਹੀਂ, ਉਨ੍ਹਾਂ ਦੇ ਗ਼ਲ ਵਿੱਚ ਤਖ਼ਤੀ ਵੀ ਪਵਾਈ ਗਈ।
ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਜਿਵੇਂ ਕਿ ਸੁਖਬੀਰ ਸਿੰਘ ਬਾਦਲ ਦੀ ਲੱਤ ਉੱਤੇ ਸੱਟ ਲੱਗੀ ਹੋਈ ਹੈ ਅਤੇ ਸੁਖਦੇਵ ਸਿੰਘ ਢੀਂਡਸਾ ਬਜ਼ੁਰਗ ਹਨ, ਜਿਸ ਕਾਰਨ ਉਹ ਉਪਰਲੀ ਸਜ਼ਾ ਕਰਨ ਵਿੱਚ ਅਸਮਰੱਥ ਹਨ।
ਇਸ ਲਈ ਇਹ ਦੋਵੇਂ ਦੋ ਦਿਨ ਇੱਕ ਘੰਟੇ ਲਈ ਗੁਰੂ ਘਰ ਦੀ ਦਿਓਡੀ ਦੇ ਬਾਹਰਵਾਰ ਸੇਵਾਦਾਰ ਵਾਲਾ ਚੋਲਾ ਪਾ ਕੇ ਹੱਥ ਵਿੱਚ ਬਰਛਾਂ ਫੜ੍ਹ ਕੇ ਸੇਵਾ ਨਿਭਾਉਣਗੇ। ਇਸ ਤਰ੍ਹਾਂ ਹੀ ਇਹ ਤਖ਼ਤ ਕੇਸਗੜ੍ਹ ਸਾਹਿਬ, ਦਮਦਮਾ ਸਾਹਿਬ, ਫਤਹਿਗੜ੍ਹ ਸਾਹਿਬ ਅਤੇ ਮੁਕਤਸਰ ਸਾਹਿਬ ਵਿਖੇ ਸੇਵਾ ਕਰਨਗੇ।

ਤਸਵੀਰ ਸਰੋਤ, Ravinder Singh Robin/BBC
ਦੂਜੇ ਧੜੇ ਨੂੰ ਸਜ਼ਾ
ਇਸ ਤੋਂ ਇਲਾਵਾ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਜਿਨ੍ਹਾਂ ਨੇ ਇਨ੍ਹਾਂ ਫ਼ੈਸਲਿਆਂ ਦੀ ਹਮਾਇਤ ਕੀਤੀ, ਚੁੱਪੀ ਸਾਧੀ ਅਤੇ ਅਹੁਦੇ ਵੀ ਮਾਣੇ, ਉਨ੍ਹਾਂ ਵਿੱਚ, ਬੀਬੀ ਜਗੀਰ ਕੌਰ, ਪ੍ਰੇਮ ਸਿੰਘ ਚੰਦੂਮਾਜਰਾ, ਬਿਕਰਮ ਸਿੰਘ ਮਜੀਠੀਆ, ਸੁਰਜੀਤ ਸਿੰਘ, ਮਹੇਸ਼ਇੰਦਰ ਸਿੰਘ, ਸਰਬਜੀਤ ਸਿੰਘ, ਸੋਹਣ ਸਿੰਘ ਠੰਡਲ, ਚਰਨਜੀਤ ਸਿੰਘ ਅਤੇ ਆਦੇਸ਼ ਪ੍ਰਤਾਪ ਸਿੰਘ ਸ਼ਾਮਿਲ ਹਨ, ਉਹ ਇੱਕ ਘੰਟਾ ਦਰਬਾਰ ਸਾਹਿਬ ਦੇ ਪ੍ਰਤੱਖ ਅਧੀਨ ਬਾਥਰੂਮਾਂ ਦੀ ਸਫਾਈ ਕਰਨਗੇ।
ਇਸ ਤੋਂ ਇਲਾਵਾ ਇਹ ਪੰਜ ਜਣੇ ਆਪਣੇ ਨਗਰ, ਸ਼ਹਿਰ ਜਾਂ ਨੇੜਲੇ ਗੁਰਦੁਆਰਿਆਂ ਵਿੱਚ ਰੋਜ਼ਾਨਾ ਇੱਕ ਘੰਟਾ ਭਾਂਡੇ ਮਾਂਜਣ, ਲੰਗਰ ਸੇਵਾ, ਜੋੜੇ ਸਾਫ ਕਰਨ ਦੀ ਸੇਵਾ ਵਿਚੋਂ ਕਿਸੇ ਵੀ ਤਰ੍ਹਾਂ ਦੀ ਇੱਕ ਘੰਟੇ ਦੀ ਸੇਵਾ ਕਰਨਗੇ।
ਸੱਚੇ ਸੌਦੇ ਸਬੰਧੀ ਇਸ਼ਤਿਹਾਰਾਂ ਲਈ ਵਰਤੇ ਗਏ ਸ਼੍ਰੋਮਣੀ ਕਮੇਟੀ ਦੇ ਪੈਸੇ ਨੂੰ ਵਿਆਜ਼ ਸਣੇ ਭਰਪਾਈ ਕਰਨ ਦਾ ਵੀ ਆਦੇਸ਼ ਦਿੱਤਾ ਗਿਆ।
ਅਕਾਲੀ ਦਲ ਦੇ ਸਾਰੇ ‘ਬਾਗੀ ਤੇ ਦਾਗੀ’ ਧੜ੍ਹੇ ਭੰਗ ਹਨ, ਅਕਾਲੀ ਦਲ ਦੀ ਭਰਤੀ ਦੁਬਾਰਾ ਕੀਤੀ ਜਾਵੇ ਅਤੇ ਤਿੰਨ ਮਹੀਨੇ ਦੇ ਅੰਦਰ- ਅੰਦਰ ਨਵੀਂ ਚੋਣ ਕਰਵਾਈ ਜਾਵੇ।
ਅਕਾਲੀ ਦਲ ਦੀ ਨਵੀਂ ਭਰਤੀ ਲਈ ਪੰਜ ਮੈਂਬਰੀ ਕਮੇਟੀ ਬਣਾਈ ਗਈ ਹੈ, ਜਿਸ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਗੁਰਪ੍ਰਤਾਪ ਸਿੰਘ ਵਡਾਲ਼ਾ, ਮਨਪ੍ਰੀਤ ਸਿੰਘ ਇਯਾਲੀ, ਇਕਬਾਲ ਸਿੰਘ ਝੂੰਦਾ ਅਤੇ ਸਤਵੰਤ ਕੌਰ (ਪੁੱਤਰੀ ਅਮਰੀਕ ਸਿੰਘ) ਨੂੰ ਸ਼ਾਮਲ ਕੀਤਾ ਗਿਆ ਹੈ।

ਤਸਵੀਰ ਸਰੋਤ, ProfGurdarshan Singh Dhillon/BBC
ਇਨ੍ਹਾਂ ਸਜ਼ਾਵਾਂ ਦੇ ਕੀ ਮਾਅਨੇ
ਹੁਣ ਜਾਣਦੇ ਹਾਂ ਕਿ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਦਿੱਤੀਆਂ ਗਈਆਂ ਇਨ੍ਹਾਂ ਸਜ਼ਾਵਾਂ ਨੂੰ ਪੰਥਕ ਸਿਆਸਤ ਅਤੇ ਸਿੱਖ ਇਤਿਹਾਸ ਦੇ ਜਾਣਕਾਰ ਕਿਵੇਂ ਦੇਖਦੇ ਹਨ ਅਤੇ ਇਸ ਦੇ ਕੀ ਮਾਅਨੇ ਕੱਢਦੇ ਹਨ।
ਪੰਥਕ ਸਿਆਸਤ ਅਤੇ ਸਿੱਖ ਇਤਿਹਾਸ ਦੇ ਜਾਣਕਾਰ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਅਕਾਲ ਤਖ਼ਤ ਦੇ ਫ਼ੈਸਲੇ ਨੂੰ ‘ਇਤਿਹਾਸਕ, ਸੁਚੱਜਾ ਅਤੇ ਸਮੇਂ ਮੁਤਾਬਕ ਲਿਆ ਗਿਆ ਫ਼ੈਸਲਾ’ ਮੰਨਦੇ ਹੋਏ ਕਹਿੰਦੇ ਹਨ, "ਮੈਂ ਇਸ ਫ਼ੈਸਲੇ ਦੀ ਦਾਦ ਦਿੰਦਾ ਹਾਂ, ਸਾਰੇ ਹੀ ਫ਼ੈਸਲੇ ਬਹੁਤ ਦੀ ਸਿਆਣਪ ਤੇ ਸੂਝਬੂਝ ਨਾਲ ਲਏ ਗਏ ਹਨ।"
ਗੁਰਦਰਸ਼ਨ ਸਿੰਘ ਢਿੱਲੋਂ ਸਿੱਖ ਇਤਿਹਾਸਕਾਰ ਅਤੇ ਪੰਜਾਬ ਯੂਨੀਵਰਿਸਟੀ ਚੰਡੀਗੜ੍ਹ ਦੇ ਸਾਬਕਾ ਪ੍ਰੋਫੈਸਰ ਹਨ।
ਬੀਬੀਸੀ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ, "ਅਕਾਲ ਤਖ਼ਤ ਵੱਲੋਂ ਅਕਾਲੀ ਦਲ ਦੇ ਆਗੂਆਂ ਖ਼ਿਲਾਫ਼ ਸੁਣਾਇਆ ਗਿਆ ਫ਼ੈਸਲਾ ਧਾਰਮਿਕ, ਸਮਾਜਿਕ ਤੇ ਸਿਆਸੀ ਹਲਕਿਆਂ ਵਿੱਚ ਮੀਲ ਪੱਥਰ ਸਾਬਿਤ ਹੋਵੇਗਾ। ਇਸ ਨੇ ਅਕਾਲੀ ਦਲ ਦੀ ਸਥਾਪਿਤ ਧਿਰ ਦੀਆਂ ਗ਼ਲਤੀਆਂ ਦਾ ਪਰਦਾਸ਼ਫਾਸ਼ ਕਰਨ ਦੇ ਨਾਲ-ਨਾਲ ਕੌਮ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਿਆ ਹੈ।"
ਡਾਕਟਰ ਢਿੱਲੋਂ ਕਹਿੰਦੇ ਹਨ, "ਇਸ ਫ਼ੈਸਲੇ ਦਾ ਦੂਰਗਾਮੀ ਅਸਰ ਪਵੇਗਾ, ਇਸ ਨੇ ਨਾ ਸਿਰਫ਼ ਮੌਜੂਦਾ ਲੀਡਰਸ਼ਿਪ ਬਲਕਿ ਭਵਿੱਖ ਦੀ ਲੀਡਰਸ਼ਿਪ ਲਈ ਵੀ ਮਿਸਾਲ ਕਾਇਮ ਕਰ ਦਿੱਤੀ ਹੈ, ਕਿ ਜੇਕਰ ਉਹ ਆਪਹੁਦਰੇਪਣ ਕਰਨਗੇ ਤਾਂ ਉਨ੍ਹਾਂ ਦਾ ਵੀ ਹਾਲ਼ ਇਹੀ ਹੋਵੇਗਾ ਅਤੇ ਇਸ ਲਈ ਉਹ ਘੱਟੋ-ਘੱਟ ਸਿੱਖ ਸਿਧਾਂਤਾਂ ਨਾਲ ਖਿਲਵਾੜ ਕਰਨ ਤੋਂ ਪਹਿਲਾਂ ਜ਼ਰੂਰ ਸੋਚਣਗੇ।"
ਉਹ ਆਖਦੇ ਹਨ ਕਿ ਇਹ ਫ਼ੈਸਲਾ ਅਕਾਲੀ ਦਲ ਦੀ ਸਿਆਸਤ ਲਈ ਇੱਕ ਨਵੀਂ ਸ਼ੁਰੂਆਤ ਦਾ ਮੁੱਢ ਬੰਨ੍ਹੇਗਾ।

ʻਨਵਾਂ ਅਕਾਲੀ ਦਲ ਉਸਰੇਗਾʼ
ਕੁਝ ਇਸੇ ਤਰ੍ਹਾਂ ਦੇ ਹੀ ਵਿਚਾਰ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਦੇ ਵੀ ਹਨ ਉਹ ਇਸ ਨੂੰ ਸਭ ਤੋਂ ਵੱਡਾ ਸਿਆਸੀ ਫ਼ੈਸਲਾ ਦੱਸਦੇ ਹਨ।
ਉਨ੍ਹਾਂ ਦਾ ਕਹਿਣਾ ਹੈ, "ਜੇਕਰ ਸੁਖਬੀਰ ਸਿੰਘ ਬਾਦਲ ਦੇ ਅਕਾਲੀ ਦਲ ਦੀ ਗੱਲ ਕਰੀਏ ਤਾਂ ਸਾਰਿਆਂ ਦੀ ਕੋਸ਼ਿਸ਼ ਸੀ ਇਸ ਨੂੰ ਮੁੜ ਸੁਰਜੀਤ ਕਰੀਏ, ਪਰ ਹੋਇਆ ਇਸ ਦੇ ਉਲਟ ਕਿਉਂਕਿ ਹੁਣ 6 ਮਹੀਨਿਆਂ ਦੇ ਅੰਦਰ ਨਵੇਂ ਅਕਾਲੀ ਦਲ ਦੀ ਉਸਾਰੀ ਲਈ ਆਖ ਦਿੱਤਾ ਗਿਆ ਹੈ।"
ਉਨ੍ਹਾਂ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਕੋਲੋਂ ਦੋ ਕਬੂਲਨਾਮੇ ਲਏ ਗਏ ਹਨ। ਇਸ ਦਾ ਮਤਲਬ ਹੈ ਕਿ ਉਸ ਵੇਲੇ ਦੀ ਸਿਆਸਤ ਨੂੰ ਰੱਦ ਕੀਤਾ ਗਿਆ ਹੈ ਜਿਸ ਦਾ ਇਸ ਅਸਰ ਬਹੁਤ ਅੱਗੇ ਤੱਕ ਜਾਵੇਗਾ।
ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਅਕਾਲੀ ਦਲ ਇਸੇ ਲੈਅ ਵਿੱਚ ਰਹਿੰਦਾ ਤਾਂ ਉਹ ਅਜਿਹੀਆਂ ਗ਼ਲਤੀਆਂ ਮੁੜ ਕਰਦਾ। ਇਸ ਨਾਲ ਘੱਟੋ-ਘੱਟ ਜਥੇਬੰਧਕ ਤੌਰ ʼਤੇ ਅਕਾਲੀ ਦਲ ਨਵਾਂ ਤਾਂ ਹੋਵੇਗਾ।
ਉਹ ਆਖਦੇ ਹਨ, "ਇਹੀ ਵੱਡੀ ਗੱਲ ਨਿਕਲਦੀ ਹੈ ਕਿ ਇੱਕ ਤਾਂ ਉਹ ਸਿਆਸਤ ਰੱਦ ਹੋਈ ਅਤੇ ਉਸ ਵਿੱਚੋਂ ਨਿਕਲੀਆਂ ਸਾਰੀਆਂ ਗੜਬੜਾਂ ਰੱਦ ਹੋਈਆਂ ਹਨ। ਇਸ ਨਾਲ ਉਸੇ ਕਿਸਮ ਦੇ ਅਕਾਲੀ ਦਲ ਦੇ ਖੜ੍ਹੇ ਹੋਣ ਦੇ ਮੌਕੇ ਖ਼ਤਮ ਹੋਏ ਹਨ।"
"ਅਕਾਲ ਤਖ਼ਤ ਨੂੰ ਨੈਤਿਕ ਪੱਧਰ ਦੀ ਸੰਸਥਾ ਮੰਨਿਆ ਜਾਂਦਾ ਹੈ ਅਤੇ ਅਜਿਹੇ ਵਿੱਚ ਜਨਤਕ ਤੌਰ ʼਤੇ ਆਪਣੀਆਂ ਗ਼ਲਤੀਆਂ ਮੰਨਣ ਦਾ ਮਤਲਬ ਇਹ ਹੈ ਕਿ ਤੁਹਾਨੂੰ ਉਸੇ ਕਿਸਮ ਦੇ ਅਕਾਲੀ ਦਲ ਨੂੰ ਚਲਾਉਣ ਦੀ ਮੁਸ਼ਕਲ ਹੋ ਜਾਵੇਗੀ।
ਜਸਪਾਲ ਸਿੰਘ ਆਖਦੇ ਹਨ ਕਿ ਹੁਣ ਅਕਾਲੀ ਦਲ ਉਸਰੇਗਾ ਅਤੇ ਆਸ ਹੈ ਕਿ ਲੋਕਤੰਤਰੀ ਢੰਗ ਨਾਲ ਅਕਾਲੀ ਦਲ ਉਸਰ ਕੇ ਆਵੇਗਾ।
ਉਨ੍ਹਾਂ ਦਾ ਕਹਿਣਾ ਹੈ, "ਵੱਖਰਾ ਅਕਾਲੀ ਦਲ ਬਣੇਗਾ, ਵੱਖਰੀ ਹੋਂਦ ਹੋਵੇਗੀ ਅਤੇ ਪੁਰਾਣੇ ਅਕਾਲੀ ਦਲ ਨੂੰ ਖ਼ਤਮ ਕਰ ਕਰ ਦਿੱਤਾ ਜਾਵੇਗਾ। ਇਸ ਤੋਂ ਵੱਡਾ ਕੋਈ ਹੋਰ ਸਿਆਸੀ ਫ਼ੈਸਲਾ ਨਹੀਂ ਹੋ ਸਕਦਾ ਹੈ। ਹੁਣ ਨਵੇਂ ਸਿਰੇ ਤੋਂ ਸਾਰਿਆਂ ਦੀ ਚੋਣ ਹੋਵੇਗੀ।"
"ਜਦੋਂ ਤੱਕ ਪਾਰਟੀ ਨਹੀਂ ਬਣੇਗੀ ਉਦੋਂ ਤੱਕ ਸੁਖਬੀਰ ਸਿੰਘ ਬਾਦਲ ਦੀ ਕੋਈ ਕਾਰਗੁਜ਼ਾਰੀ ਨਹੀਂ ਹੋਵੇਗੀ। ਹੁਣ ਤਾਂ ਆਦੇਸ਼ ਇਹ ਵੀ ਦੇ ਦਿੱਤਾ ਗਿਆ ਕਿ ਸੁਖਬੀਰ ਸਿੰਘ ਬਾਦਲ ਦਾ ਅਸਤੀਫ਼ਾ ਮਨਜ਼ੂਰ ਕੀਤਾ ਜਾਵੇ।"
ਉਨ੍ਹਾਂ ਮੁਤਾਬਕ, ਹੁਣ ਵੱਡੀ ਗੱਲ ਇਹ ਵੀ ਹੋਵੇਗੀ ਕਿ ਅਕਾਲੀ ਦਲ ਕਿਸ ਪਾਰਟੀ ਨਾਲ ਸਬੰਧ ਰੱਖੇਗਾ, ਭਾਜਪਾ ਨਾਲ ਜਾਵੇਗਾ, ਬਸਪਾ ਨਾਲ ਜਾਵੇਗਾ ਜਾਂ ਕਿਸੇ ਹੋਰ ਨਾਲ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ













