ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਕੌਣ ਚੁਣਦਾ ਹੈ, ਕੀ ਹੁੰਦੀ ਹੈ ਪ੍ਰਕਿਰਿਆ

ਸੁਖਬੀਰ ਸਿੰਘ ਬਾਦਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੁਖਬੀਰ ਸਿੰਘ ਬਾਦਲ ਨੇ 16 ਨਵੰਬਰ ਨੂੰ ਅਸਤੀਫ਼ਾ ਦੇ ਦਿੱਤਾ ਸੀ
    • ਲੇਖਕ, ਹਰਮਨਦੀਪ ਸਿੰਘ
    • ਰੋਲ, ਬੀਬੀਸੀ ਪੱਤਰਕਾਰ

ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ 16 ਨਵੰਬਰ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਪਰ ਅਜੇ ਤੱਕ ਉਨ੍ਹਾਂ ਦਾ ਅਸਤੀਫਾ ਪ੍ਰਵਾਨ ਨਹੀਂ ਹੋਇਆ ਹੈ।

ਹਾਲਾਂਕਿ, 18 ਨਵੰਬਰ ਨੂੰ ਹੋਈ ਅਕਾਲੀ ਦਲ ਵਰਕਿੰਗ ਕਮੇਟੀ ਵੱਲੋਂ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਅਸਤੀਫ਼ੇ ’ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਗਈ ਹੈ।

ਇੱਥੋਂ ਤੱਕ ਕਿ ਕਮੇਟੀ ਮੈਂਬਰਾਂ ਨੇ ਕਿਹਾ ਕਿ ਜੇਕਰ ਉਨ੍ਹਾਂ ਨੇ ਪ੍ਰਧਾਨਗੀ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ ਵਾਪਸ ਨਾ ਲਿਆ ਤਾਂ ਉਹ ਵੀ ਅਸਤੀਫ਼ਾ ਦੇ ਦੇਣਗੇ।

ਕਮੇਟੀ ਮੈਂਬਰਾਂ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਜਾਣਦੇ ਹਨ ਕਿ ਅਕਾਲੀ ਦਲ ਦੇ ਖ਼ਿਲਾਫ਼ ਸਾਜ਼ਿਸ਼ ਰਚੀ ਗਈ ਹੈ ਅਤੇ ਇਸ ਦਾ ਮਕਸਦ ਪਾਰਟੀ ਨੂੰ ਆਗੂ ਵਿਹੂਣਾ ਬਣਾਉਣਾ ਹੈ ਅਤੇ ਉਹ ਇਸ ਨੂੰ ਕਿਸੇ ਵੀ ਕੀਮਤ ’ਤੇ ਸਫਲ ਨਹੀਂ ਹੋਣ ਦੇਣਗੇ।

ਕਮੇਟੀ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ, "ਕੁਝ ਮੈਂਬਰਾਂ ਨੇ ਤਾਂ ਪਾਰਟੀ ਪ੍ਰਧਾਨ ਨਾਲ ਇਕਜੁੱਟਤਾ ਪ੍ਰਗਟ ਕਰਨ ਲਈ ਅਸਤੀਫ਼ੇ ਵੀ ਭੇਜ ਦਿੱਤੇ ਹਨ। ਸਾਰੇ ਵਾਪਰ ਰਹੇ ਘਟਨਾਕ੍ਰਮ ਤੋਂ ਚਿੰਤਤ ਹਨ ਅਤੇ ਨਿੱਜੀ ਤੌਰ ’ਤੇ ਆਪਣਾ ਰੋਸ ਵੀ ਜ਼ਾਹਰ ਕਰ ਰਹੇ ਹਨ।"

"ਜ਼ਿਲ੍ਹਾ ਪ੍ਰਧਾਨਾਂ, ਹਲਕਾ ਇੰਚਾਰਜਾਂ ਤੇ ਸ਼੍ਰੋਮਣੀ ਕਮੇਟੀ ਮੈਂਬਰਾਂ ਦੀਆਂ ਮੀਟਿੰਗਾਂ ਸੱਦ ਲਈਆਂ ਹਨ ਤਾਂ ਜੋ ਉਨ੍ਹਾਂ ਦੇ ਵਿਚਾਰ ਸੁਣੇ ਜਾ ਸਕਣ ਅਤੇ ਇਸ ਔਖੀ ਘੜੀ ਵਿਚ ਵਿਆਪਕ ਆਮ ਰਾਇ ਬਣਾਈ ਜਾ ਸਕੇ।"

ਇਹ ਤਾਂ ਸੀ ਕਮੇਟੀ ਜੋ ਕੁਝ ਹੋਇਆ ਉਸ ਦਾ ਹਾਲ ਪਰ ਜੇਕਰ ਵਰਕਿੰਗ ਕਮੇਟੀ ਵੱਲੋਂ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਪ੍ਰਵਾਨ ਕਰ ਲਿਆ ਜਾਂਦਾ ਹੈ ਤਾਂ ਅਕਾਲੀ ਦਲ ਵੱਲੋਂ ਨਵੇਂ ਪ੍ਰਧਾਨ ਦੀ ਚੋਣ ਵਾਸਤੇ ਪ੍ਰਕਿਰਿਆ ਆਰੰਭ ਦਿੱਤੀ ਜਾਵੇਗੀ।

ਇਹ ਪ੍ਰਕਿਰਿਆ ਕੀ ਹੋਵੇਗੀ, ਪਾਰਟੀ ਵੱਲੋਂ ਆਪਣਾ ਪ੍ਰਧਾਨ ਕਿਵੇਂ ਚੁਣਿਆ ਜਾਂਦਾ ਹੈ ਅਤੇ ਪ੍ਰਧਾਨ ਚੁਣਨ ਦਾ ਅਧਿਕਾਰ ਕਿਸ ਕੋਲ ਹੈ, ਇਸ ਰਿਪੋਰਟ ਵਿੱਚ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਪਾਰਟੀ ਪ੍ਰਧਾਨ ਚੁਣਨ ਦਾ ਅਧਿਕਾਰ ਕਿਸ ਕੋਲ ਹੈ?

ਪ੍ਰੋਫੈਸਰ ਜਸਪਾਲ ਸਿੰਘ, ਜਿੰਨ੍ਹਾ ਦਾ ਪੱਤਰਕਾਰੀ ਵਿੱਚ ਵੀ ਲੰਬਾ ਤਜਰਬਾ ਹੈ, ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੰਵਿਧਾਨ ਅਨੁਸਾਰ ਪਾਰਟੀ ਦਾ ਪ੍ਰਧਾਨ ਡੈਲੀਗੇਟਾਂ ਵੱਲੋਂ ਚੁਣਿਆ ਜਾਂਦਾ ਹੈ। ਡੈਲੀਗੇਟਸ ਪਾਰਟੀ ਦੇ ਜਰਨਲ ਹਾਊਸ ਦੇ ਮੈਂਬਰ ਹੁੰਦੇ ਹਨ।

ਡੈਲੀਗੇਟਾਂ ਵੱਲੋਂ ਪਾਰਟੀ ਦੇ ਪ੍ਰਧਾਨ ਦੇ ਉਮੀਦਵਾਰਾਂ ਵਿੱਚੋਂ ਪ੍ਰਧਾਨ ਦੀ ਚੋਣ ਕੀਤੀ ਜਾਂਦੀ ਹੈ। ਜਿਸ ਉਮੀਦਵਾਰ ਤੇ ਹੱਕ ਵਿੱਚ ਵੱਧ ਡੈਲੀਗੇਟਾਂ ਭੁਗਤਦੇ ਹਨ ਉਸ ਨੂੰ ਪਾਰਟੀ ਦਾ ਪ੍ਰਧਾਨ ਚੁਣ ਲਿਆ ਜਾਂਦਾ ਹੈ।

ਪ੍ਰੋਫੈਸਰ ਜਸਪਾਲ ਸਿੰਘ ਦੱਸਦੇ ਹਨ ਕਿ ਪਾਰਟੀ ਦੇ 500 ਦੇ ਕਰੀਬ ਡੈਲੀਗੇਟ ਹਨ। ਪੰਜਾਬ ਦੇ ਹਰੇਕ ਵਿਧਾਨ ਸਭਾ ਹਲਕੇ ਵਿੱਚ ਪਾਰਟੀ ਦੇ ਚਾਰ ਡੈਲੀਗੇਟ ਹੋ ਸਕਦੇ ਹਨ ਜਦਕਿ ਹੋਰਨਾਂ ਸੂਬਿਆਂ ਤੋਂ ਵੀ ਪਾਰਟੀ ਦੇ ਡੈਲੀਗੇਟਸ ਹੁੰਦੇ ਹਨ।

ਪਿਛਲੇ ਕੁਝ ਸਾਲਾਂ ਦੌਰਾਨ ਕਈ ਡੈਲੀਗੇਟਾਂ ਦਾ ਦੇਹਾਂਤ ਹੋ ਗਿਆ ਹੈ, ਕਈ ਹੋਰ ਪਾਰਟੀਆਂ ਵਿੱਚ ਸ਼ਾਮਲ ਹੋਣ ਲਈ ਅਕਾਲੀ ਦਲ ਛੱਡ ਗਏ ਹਨ ਅਤੇ ਕਈਆਂ ਨੂੰ ਪਾਰਟੀ ਵਿੱਚੋਂ ਕੱਢਿਆ ਗਿਆ ਹੈ।

ਸੁਖਬੀਰ ਸਿੰਘ ਬਾਦਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੁਖਬੀਰ ਸਿੰਘ ਬਾਦਲ ਅਕਾਲ ਤਖ਼ਤ ਵਿਖੇ ਨਤਮਸਤਕ ਹੁੰਦੇ ਹੋ

ਪਾਰਟੀ ਵਿੱਚ ਕਿੰਨੇ ਤਰ੍ਹਾਂ ਦੇ ਡੈਲੀਗੇਟ ਹਨ?

ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਅਨੁਸਾਰ ਪਾਰਟੀ ਵਿੱਚ ਤਿੰਨ ਤਰ੍ਹਾਂ ਦੇ ਡੈਲੀਗੇਟ ਹੁੰਦੇ ਹਨ। ਪਹਿਲੇ ਡੈਲੀਗੇਟ ਸਰਕਲ ਪੱਧਰ, ਦੂਜੇ ਜ਼ਿਲ੍ਹਾ ਪੱਧਰ ਦੇ ਅਤੇ ਤੀਜੇ ਡੈਲੀਗੇਟਸ ਸੂਬਾ ਪੱਧਰ ਦੇ ਹੁੰਦੇ ਹਨ।

ਸ਼੍ਰੋਮਣੀ ਅਕਾਲੀ ਦਲ ਦੇ ਬਾਗ਼ੀ ਲੀਡਰ ਚਰਨਜੀਤ ਬਰਾੜ ਨੇ ਦੱਸਿਆ ਕਿ ਪਾਰਟੀ ਦੇ 100 ਮੈਂਬਰਾਂ ਪਿੱਛੇ ਇੱਕ ਸਰਕਲ ਡੈਲੀਗੇਟ ਚੁਣਿਆ ਜਾਂਦਾ ਹੈ। 40 ਸਰਕਲ ਡੈਲੀਗੇਟਾਂ ਪਿੱਛੇ ਇੱਕ ਜ਼ਿਲ੍ਹਾ ਡੈਲੀਗੇਟ ਚੁਣਿਆ ਜਾਂਦਾ ਹੈ।

ਜਿਲ੍ਹੇ ਦੇ ਡੈਲੀਗੇਟ ਹਰ ਵਿਧਾਨ ਸਭਾ ਹਲਕੇ ਵਿੱਚੋਂ ਚਾਰ ਸੂਬਾ ਪੱਧਰ ਦੇ ਡੈਲੀਗੇਟ ਚੁਣਦੇ ਹਨ। ਇਹ ਡੈਲੀਗੇਟ ਪਾਰਟੀ ਦੇ ਜਨਰਲ ਹਾਊਸ ਦੇ ਮੈਂਬਰ ਹੁੰਦੇ ਹਨ ਅਤੇ ਇਹ ਹੀ ਵਰਕਿੰਗ ਕਮੇਟੀ ਅਤੇ ਸੂਬਾ ਪ੍ਰਧਾਨ ਨੂੰ ਚੁਣਦੇ ਹਨ।

ਡੈਲੀਗੇਟਸ ਤੋਂ ਬਿਨਾਂ ਹੋਰ ਕੌਣ ਅਕਾਲੀ ਦਲ ਦਾ ਪ੍ਰਧਾਨ ਚੁਣ ਸਕਦਾ ਹੈ?

ਬਰਾੜ ਨੇ ਦੱਸਿਆ ਕਿ ਡੈਲੀਗੇਟ ਤੋਂ ਬਿਨਾਂ ਵਰਕਿੰਗ ਕਮੇਟੀ ਵੀ ਪਾਰਟੀ ਦਾ ਪ੍ਰਧਾਨ ਚੁਣਨ ਦੇ ਸਮਰੱਥ ਹੈ।

ਪਰ ਵਰਕਿੰਗ ਕਮੇਟੀ ਵੱਲੋਂ ਚੁਣੇ ਗਏ ਪ੍ਰਧਾਨ ਦੀ ਮਿਆਦ ਜਨਰਲ ਹਾਊਸ ਦੀ ਮਿਆਦ ਤੱਕ ਹੀ ਹੁੰਦੀ ਹੈ। ਵਰਕਿੰਗ ਕਮੇਟੀ ਜਨਰਲ ਹਾਊਸ ਦੀ ਮਿਆਦ ਕੁਝ ਸਮੇਂ ਤੱਕ ਵਧਾ ਵੀ ਸਕਦੀ ਹੈ।

ਬਰਾੜ ਨੇ ਕਿਹਾ, “ਸੰਵਿਧਾਨ ਮੁਤਾਬਕ ਜਦੋਂ ਨਵੇਂ ਜਰਨਲ ਹਾਊਸ ਯਾਨਿ ਕਿ ਡੈਲੀਗੇਟਸ ਦੀ ਚੋਣ ਹੋਵੇਗੀ ਤਾਂ ਸੂਬਾ ਪ੍ਰਧਾਨ ਦੀ ਚੋਣ ਇਨਾਂ ਡੈਲੀਗੇਟ ਵੱਲੋਂ ਹੀ ਕੀਤੀ ਜਾਵੇਗੀ।”

ਬਲਵਿੰਦਰ ਸਿੰਘ ਭੂੰਦੜ

ਤਸਵੀਰ ਸਰੋਤ, BALWINDER SINGH BHUNDER/FB/BBC

ਤਸਵੀਰ ਕੈਪਸ਼ਨ, ਸੁਖਬੀਰ ਸਿੰਘ ਬਾਦਲ ਨੇ ਬਲਵਿੰਦਰ ਸਿੰਘ ਭੂੰਦੜ ਨੂੰ ਲਗਾਇਆ ਸੀ ਪਾਰਟੀ ਦਾ ਕਾਰਜਕਾਰੀ ਪ੍ਰਧਾਨ

ਕੀ ਵਰਕਿੰਗ ਕਮੇਟੀ ਮੌਜੂਦਾ ਸਮੇਂ ਵਿੱਚ ਨਵਾਂ ਪ੍ਰਧਾਨ ਚੁਣ ਸਕਦੀ ਹੈ?

ਬਰਾੜ ਨੇ ਜਾਣਕਾਰੀ ਸਾਂਝੀ ਕੀਤੀ ਕਿ ਮੌਜੂਦਾ ਸਮੇਂ ਵਿੱਚ ਅਕਾਲੀ ਦਲ ਦੀ ਵਰਕਿੰਗ ਕਮੇਟੀ ਨਵਾਂ ਪਾਰਟੀ ਪ੍ਰਧਾਨ ਚੁਣ ਸਕਦੀ ਹੈ। ਪਰ ਇਹ ਪਾਰਟੀ ਪ੍ਰਧਾਨ ਦੀ ਟਰਮ ਉਦੋਂ ਤੱਕ ਹੀ ਹੋਵੇਗੀ ਜਦੋਂ ਤੱਕ ਨਵੇਂ ਸਿਰਿਓਂ ਜਨਰਲ ਹਾਊਸ ਦੀ ਚੋਣ ਨਹੀਂ ਹੁੰਦੀ।

ਮੌਜੂਦਾ ਹਾਲਤਾਂ ਦਾ ਹਵਾਲਾ ਦਿੰਦਿਆਂ ਹੋਇਆ ਉਨ੍ਹਾਂ ਨੂੰ ਦੱਸਿਆ ਕਿ ਅਕਾਲੀ ਦਲ ਦੇ ਜਨਰਲ ਹਾਊਸ ਦੀ ਟਰਮ ਦਸੰਬਰ ਵਿੱਚ ਪੂਰੀ ਹੋ ਰਹੀ ਹੈ। ਪਰ ਪਾਰਟੀ ਦੀ ਵਰਕਿੰਗ ਕਮੇਟੀ ਕੋਲੇ ਇਹ ਅਧਿਕਾਰ ਹੈ ਕਿ ਉਹ ਜਨਰਲ ਹਾਊਸ ਦੀ ਮਿਆਦ ਅਗਲੇ ਕੁਝ ਮਹੀਨਿਆਂ ਤੱਕ ਵਧਾ ਸਕਦੀ ਹੈ।

ਬਾਗ਼ੀ ਅਕਾਲੀ ਆਗੂ

ਤਸਵੀਰ ਸਰੋਤ, PARDEEP SHARMA/BBC

ਤਸਵੀਰ ਕੈਪਸ਼ਨ, ਬਾਗ਼ੀ ਅਕਾਲੀ ਆਗੂ

ਸੁਖਬੀਰ ਬਾਦਲ ਨੂੰ ਕਿਉਂ ਦੇਣਾ ਪਿਆ ਅਸਤੀਫ਼ਾ

ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ।

ਜ਼ਿਕਰਯੋਗ ਹੈ ਕਿ ਇਸ ਮਾਮਲੇ ਉੱਤੇ 30 ਅਗਸਤ ਨੂੰ, ਜਦੋਂ ਸੁਖਬੀਰ ਸਿੰਘ ਬਾਦਲ ਨੂੰ ਅਕਾਲ ਤਖ਼ਤ ਵੱਲੋਂ ਤਨਖ਼ਾਹੀਆਂ ਕਰਾਰ ਦਿੱਤਾ ਗਿਆ ਹੈ, ਉਸ ਤੋਂ ਬਾਅਦ ਹਾਲੇ ਤੱਕ ਅਕਾਲ ਤਖ਼ਤ ਵੱਲੋਂ ਕੋਈ ਸਜ਼ਾ ਨਹੀਂ ਸੁਣਾਈ ਗਈ ਅਤੇ ਸੁਖਬੀਰ ਸਿੰਘ ਬਾਦਲ ਜ਼ਿਮਨੀ ਚੋਣਾਂ ਵਿੱਚ ਵੀ ਹਿੱਸਾ ਲੈਣ ਉੱਤੇ ਵੀ ਅਕਾਲ ਤਖ਼ਤ ਵੱਲੋਂ ਪਾਬੰਦੀ ਸੀ।

ਇਸੇ ਨੂੰ ਕਾਰਨ ਦੱਸਦਿਆਂ ਪਾਰਟੀ ਨੇ ਜ਼ਿਮਨੀ ਚੋਣਾਂ ਨਾ ਲੜਨ ਦਾ ਐਲਾਨ ਕੀਤਾ ਸੀ।

ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਲੈ ਕੇ ਲੰਬੇ ਸਮੇਂ ਤੋਂ ਪਾਰਟੀ ਵਿੱਚ ਬਗ਼ਾਵਤੀ ਸੁਰਾਂ ਉੱਠ ਰਹੀਆਂ ਹਨ।

ਪਾਰਟੀ ਅੰਦਰਲੀ ਬਗ਼ਾਵਤ ਉਸ ਸਮੇਂ ਖੁੱਲ੍ਹ ਕੇ ਸਾਹਮਣੇ ਆਈ ਜਦੋਂ ਜੁਲਾਈ ਮਹੀਨੇ ਬੀਬੀ ਜਗੀਰ ਕੌਰ ਤੇ ਪ੍ਰੇਮ ਸਿੰਘ ਚੰਦੂਮਾਜਰਾ ਸਣੇ ਕਈ ਸੀਨੀਅਰ ਅਕਾਲੀ ਆਗੂਆਂ ਨੇ ਸ੍ਰੀ ਅਕਾਲ ਤਖ਼ਤ ਵਿਖੇ ਹਾਜ਼ਰ ਹੋ ਕੇ ਪਾਰਟੀ ਦੀਆਂ ਗ਼ਲਤੀਆਂ ਲਈ ਮਾਫ਼ੀਨਾਮਾ ਦਿੱਤਾ ਸੀ ਅਤੇ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਚੁਣੌਤੀ ਦਿੱਤੀ।

ਜਥੇਦਾਰ ਅਕਾਲ ਤਖ਼ਤ ਗਿਆਨੀ ਰਘਬੀਰ ਸਿੰਘ ਨੂੰ ਦਿੱਤੀ ਗਈ ਚਿੱਠੀ ਵਿੱਚ ਮੁਆਫ਼ੀ ਮੰਗਦਿਆਂ ਕਿਹਾ ਗਿਆ ਕਿ 2007 ਤੋਂ ਲੈ ਕੇ 2017 ਤੱਕ ਪਾਰਟੀ ਵੱਲੋਂ ਕਈ ਗ਼ਲਤੀਆਂ ਹੋਈਆਂ।

ਜਿਨ੍ਹਾਂ ਵਿੱਚ ਬੇਅਦਬੀ ਤੇ ਡੇਰਾ ਸੱਚਾ ਸੌਦਾ, ਸਿਰਸਾ ਮੁਖੀ ਰਾਮ ਰਹੀਮ ਸਬੰਧੀ ਲਏ ਗਏ ਫ਼ੈਸਲਿਆਂ ਦਾ ਜ਼ਿਕਰ ਕੀਤਾ ਗਿਆ ਹੈ।

ਪਾਰਟੀ ਦਾ ਸਿਆਸੀ ਪ੍ਰਦਰਸ਼ਨ ਵੀ 2017 ਦੀਆਂ ਆਮ ਵਿਧਾਨ ਸਭਾ ਚੋਣਾਂ ਦੌਰਾਨ ਸੱਤਾ ਖੁੱਸਣ ਤੋਂ ਬਾਅਦ ਲਗਾਤਾਰ ਨਿਘਾਰ ਵੱਲ ਜਾ ਰਿਹਾ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)