ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਦਿੱਤਾ ਅਸਤੀਫ਼ਾ, ਅੱਗੇ ਕੀ ਹੋਵੇਗਾ

ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ।
ਇਹ ਜਾਣਕਾਰੀ ਪਾਰਟੀ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਸੋਸ਼ਲ ਮੀਡੀਆ ਪਲੇਟਫ਼ਾਰਮ ਐਕਸ ਉੱਤੇ ਸਾਂਝੀ ਕੀਤੀ ਹੈ।
ਚੀਮਾ ਨੇ ਲਿਖਿਆ,“ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣਾ ਅਸਤੀਫ਼ਾ ਪਾਰਟੀ ਦੀ ਵਰਕਿੰਗ ਕਮੇਟੀ ਨੂੰ ਸੌਂਪਿਆ ਹੈ ਤਾਂ ਜੋ ਨਵੇਂ ਪ੍ਰਧਾਨ ਦੀ ਚੋਣ ਪ੍ਰੀਕਿਰਿਆ ਮੁਕੰਮਲ ਕੀਤੀ ਜਾ ਸਕੇ।”
ਡਾਕਟਰ ਚੀਮਾ ਨੇ ਸੁਖਬੀਰ ਬਾਦਲ ਦੇ ਹਵਾਲੇ ਨਾਲ ਲਿਖਿਆ, “ਉਨ੍ਹਾਂ ਨੇ ਪਾਰਟੀ ਦੇ ਸਾਰੇ ਆਗੂਆਂ ਅਤੇ ਵਰਕਰਾਂ ਦਾ ਉਨ੍ਹਾਂ ਦੀ ਅਗਵਾਈ 'ਤੇ ਭਰੋਸਾ ਜਤਾਉਣ ਅਤੇ ਪੂਰੇ ਕਾਰਜਕਾਲ ਦੌਰਾਨ ਪੂਰਾ ਸਹਿਯੋਗ ਅਤੇ ਸਮਰਥਨ ਦੇਣ ਲਈ ਧੰਨਵਾਦ ਕੀਤਾ।”

ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਹਾਲਾਂਕਿ ਇਹ ਪਾਰਟੀ ਦੀ ਵਰਕਿੰਗ ਕਮੇਟੀ ਅਤੇ ਪਾਰਟੀਆਂ ਦੀਆਂ ਅਗਲੀਆਂ ਕਾਰਵਾਈਆਂ ’ਤੇ ਨਿਰਭਰ ਕਰਦਾ ਹੈ ਕਿ ਕੋਈ ਨਵਾਂ ਚਿਹਰਾ ਪ੍ਰਧਾਨ ਬਣੇਗਾ ਜਾਂ ਸੁਖਬੀਰ ਬਾਦਲ ਹੀ ਵਾਪਸੀ ਕਰਨਗੇ।
ਉਨ੍ਹਾਂ ਕਿਹਾ ਕਿ ਇਸ ਨਾਲ ਸੁਖਬੀਰ ਬਾਦਲ ਨੂੰ ਤਨਖ਼ਾਹੀਆ ਕਰਾਰ ਦਿੱਤੇ ਜਾਣ ਤੋਂ ਬਣੀ ਸਥਿਤੀ ਉੱਪਰ ਫ਼ਰਕ ਪਵੇਗਾ।
ਸਿੱਧੂ ਕਹਿੰਦੇ ਹਨ, ‘‘ਸੁਖਬੀਰ ਬਾਦਲ ਦੇ ਵਿਰੋਧੀਆਂ ਵੱਲੋਂ ਵੀ ਲਗਾਤਾਰ ਅਸਤੀਫ਼ੇ ਦੀ ਮੰਗ ਕੀਤੀ ਜਾਂਦੀ ਰਹੀ ਹੈ ਅਤੇ ਹੁਣ ਜਦੋਂ ਸੁਖਬੀਰ ਬਾਦਲ ਨੇ ਅਸਤੀਫ਼ਾ ਦੇ ਦਿੱਤਾ ਹੈ ਤਾਂ ਹੋ ਸਕਦਾ ਹੈ ਕਿ ਉਹ ਕਿਸੇ ਸਖ਼ਤ ਸਜ਼ਾ ਤੋਂ ਬਚ ਜਾਣ।’’

ਤਸਵੀਰ ਸਰੋਤ, Dr. Daljit S Cheema/X
ਦਸੰਬਰ ਮਹੀਨੇ ਪਾਰਟੀ ਪ੍ਰਧਾਨ ਸਣੇ ਹੋਰ ਅਹੁਦਿਆਂ ਲਈ ਚੋਣਾਂ
ਡਾਕਟਰ ਦਲਜੀਤ ਸਿੰਘ ਚੀਮਾ ਨੇ ਇੱਕ ਹੋਰ ਟਵੀਟ ਕਰਕੇ ਦੱਸਿਆ ਕਿ ਵਰਕਿੰਗ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਵਰਕਿੰਗ ਕਮੇਟੀ ਦੀ ਇੱਕ ਐਮਰਜੈਂਸੀ ਮੀਟਿੰਗ 18 ਨਵੰਬਰ ਦੀ ਦੁਪਹਿਰ ਨੂੰ ਪਾਰਟੀ ਦਫ਼ਤਰ ਚੰਡੀਗੜ੍ਹ ਵਿੱਚ ਰੱਖੀ ਹੈ।
ਉਨ੍ਹਾਂ ਲਿਖਿਆ,“ਕਮੇਟੀ ਪਾਰਟੀ ਸੁਖਬੀਰ ਸਿੰਘ ਬਾਦਲ ਵਲੋਂ ਦਿੱਤੇ ਗਏ ਅਸਤੀਫ਼ੇ ਅਤੇ ਪਾਰਟੀ ਦੀ ਅਗਲੀ ਕਾਰਵਾਈ ਬਾਰੇ ਫ਼ੈਸਲਾ ਲਵੇਗੀ।”
ਉਨ੍ਹਾਂ ਇਹ ਜਾਣਕਾਰੀ ਵੀ ਦਿੱਤੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ, ਅਹੁਦੇਦਾਰਾਂ ਅਤੇ ਵਰਕਿੰਗ ਕਮੇਟੀ ਦੇ ਅਹੁਦੇ ਲਈ ਚੋਣਾਂ 14 ਦਸੰਬਰ, 2024 ਨੂੰ ਹੋਣੀਆਂ ਹਨ, ਜਦੋਂ ਮੌਜੂਦਾ ਸਦਨ ਦੀ ਪੰਜ ਸਾਲ ਦੀ ਮਿਆਦ ਖ਼ਤਮ ਹੋ ਰਹੀ ਹੈ।

ਤਸਵੀਰ ਸਰੋਤ, Getty Images
ਤਨਖ਼ਾਹੀਆ ਕਰਾਰ ਦਿੱਤੇ ਜਾਣ ਤੋਂ ਬਾਅਦ ਪਾਰਟੀ ਨੇ ਕੀਤਾ ਸੀ ਜ਼ਿਮਨੀ ਚੋਣਾਂ ਤੋਂ ਕਿਨਾਰਾ
24 ਅਕਤੂਬਰ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਦੀ ਪ੍ਰਧਾਨਗੀ ਹੇਠ ਪਾਰਟੀ ਦੀ ਵਰਕਿੰਗ ਕਮੇਟੀ ਮੈਂਬਰਾਂ, ਜ਼ਿਲ੍ਹਾ ਪ੍ਰਧਾਨਾਂ ਅਤੇ ਸੀਨੀਅਰ ਅਕਾਲੀ ਆਗੂਆਂ ਦੀ ਹੋਈ ਮੀਟਿੰਗ ਵਿੱਚ ਜ਼ਿਮਨੀ ਚੋਣਾਂ ਨਾ ਲੜਨ ਦਾ ਫ਼ੈਸਲਾ ਕੀਤਾ ਗਿਆ ਹੈ।
ਅਕਾਲੀ ਦਲ ਦੇ ਮੁੱਖ ਬੁਲਾਰੇ ਦਲਜੀਤ ਸਿੰਘ ਚੀਮਾ ਇਸ ਪਿੱਛੇ ਮੁੱਖ ਕਾਰਨ ਤਖ਼ਤ ਸ਼੍ਰੀ ਅਕਾਲ ਤਖ਼ਤ ਵਲੋਂ ਸੁਖਬੀਰ ਸਿੰਘ ਬਾਦਲ ਨੂੰ ਤਨਖ਼ਾਹੀਆ ਕਰਾਰ ਦਿੱਤੇ ਜਾਣਾ ਦੱਸਿਆ।
ਉਨ੍ਹਾਂ ਕਿਹਾ ਸੀ, "ਪਾਰਟੀ ਇਹ ਮਹਿਸੂਸ ਕਰਦੀ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਪਿਛਲੀਆਂ ਅਕਾਲੀ ਸਰਕਾਰਾਂ ਵੇਲੇ ਵਾਪਰੀਆਂ ਘਟਨਾਵਾਂ ਦੀ ਜ਼ਿੰਮੇਵਾਰੀ ਬਿਨ੍ਹਾਂ ਸ਼ਰਤ ਆਪਣੇ ਸਿਰ ਲਈ ਹੈ, ਜੋ ਬਹੁਤ ਵੱਡੀ ਗੱਲ ਹੈ।"
"ਸੁਖਬੀਰ ਸਿੰਘ ਬਾਦਲ ਵੱਲੋਂ ਅਕਾਲੀ ਸਰਕਾਰ ਵੇਲੇ ਲਏ ਗਏ ਫ਼ੈਸਲਿਆਂ ਵਿੱਚ ਸਮੁੱਚੀ ਲੀਡਰਸ਼ਿਪ ਬਰਾਬਰ ਦੀ ਭਾਗੀਦਾਰ ਸੀ।"
"ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਤਨਖ਼ਾਹੀਆ ਕਰਾਰ ਦਿੱਤੇ ਜਾਣ ਕਾਰਨ ਸੁਖਬੀਰ ਸਿੰਘ ਬਾਦਲ ਚੋਣ ਨਹੀਂ ਲੜ ਸਕਦੇ। ਇਸ ਲਈ ਸਾਡੀ ਵੀ ਜ਼ਿੰਮੇਵਾਰੀ ਬਣਦੀ ਹੈ ਕੇ ਅਸੀਂ ਜ਼ਿਮਨੀ ਚੋਣਾਂ ਨਾ ਲੜ ਕੇ ਉਨ੍ਹਾਂ ਦਾ ਸਾਥ ਦੇਈਏ।"

ਤਸਵੀਰ ਸਰੋਤ, Getty Images
ਅਕਾਲ ਤਖ਼ਤ ਵੱਲੋਂ ਤਨਖ਼ਾਹੀਆ ਕਰਾਰ ਤੇ ਸੁਖਬੀਰ ਵੱਲੋਂ ਤਨਖ਼ਾਹ ਦੀ ਮੰਗ
30 ਅਗਸਤ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਤਨਖ਼ਾਹੀਆ ਕਰਾਰ ਦਿੱਤਾ ਸੀ।
ਸ੍ਰੀ ਅਕਾਲ ਤਖਤ ਸਾਹਿਬ ਤੋਂ ‘ਤਨਖ਼ਾਹੀਆ’ ਕਰਾਰ ਦਿੱਤੇ ਜਾਣ ਤੋਂ ਬਾਅਦ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਇੱਕ ਦਿਨ ਬਾਅਦ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚ ਕੇ ਨਤਮਸਤਕ ਹੋਏ ਸਨ।
ਉਨ੍ਹਾਂ ਦੇ ਨਾਲ-ਨਾਲ ਅਕਾਲੀ ਸਰਕਾਰ ਸਮੇਂ ਕੈਬਨਿਟ ਮੰਤਰੀ ਰਹੇ ਕਈ ਸਿੱਖ ਆਗੂ ਵੀ ਹਾਜ਼ਰ ਹੋਏ ਸਨ।
ਉਨ੍ਹਾਂ ਨੇ ਕਿਹਾ ਕਿ ਸਿੰਘ ਸਾਹਿਬ ਨੂੰ ਬੇਨਤੀ ਹੈ ਕਿ ਉਹ ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਬੁਲਾ ਕੇ ਜਲਦੀ ਤੋਂ ਜਲਦੀ ਇਸ ਬਾਰੇ ਫ਼ੈਸਲਾ ਲੈਣ।
ਇਸ ਤੋਂ ਬਾਅਦ ਇੱਕ ਵਾਰ ਫ਼ਿਰ 13 ਨਵੰਬਰ ਨੂੰ ਸੁਖਬੀਰ ਸਿੰਘ ਬਾਦਲ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚੇ ਅਤੇ ਆਪਣੇ ਲਈ ਤਨਖ਼ਾਹ ਯਾਨਿ ਧਾਰਮਿਕ ਸਜ਼ਾ ਦੀ ਮੰਗ ਕੀਤੀ ਸੀ ।
ਉਨ੍ਹਾਂ ਕਿਹਾ ਸੀ,“ਸਿੰਘ ਸਹਿਬਾਨ ਵੱਲੋਂ ਜੋ ਵੀ ਸਜ਼ਾ ਸੁਣਾਈ ਜਾਵੇਗੀ ਉਹ ਮਨਜ਼ੂਰ ਹੋਵੇਗੀ। ਪਰ ਕਿਉਂਕਿ ਸਮਾਂ ਬਹੁਤ ਹੋ ਗਿਆ ਹੈ ਇਸ ਲਈ ਜੇ ਜਲਦੀ ਤੋਂ ਜਲਦੀ ਫ਼ੈਸਲਾ ਹੋ ਜਾਵੇ ਤਾਂ ਚੰਗਾ ਹੋਵੇਗਾ।”
ਜ਼ਿਕਰਯੋਗ ਹੈ ਕਿ ਇਸ ਮਾਮਲੇ ਉੱਤੇ 30 ਅਗਸਤ ਤੋਂ ਬਾਅਦ ਹਾਲੇ ਤੱਕ ਅਕਾਲ ਤਖ਼ਤ ਵੱਲੋਂ ਕੋਈ ਸਜ਼ਾ ਨਹੀਂ ਸੁਣਾਈ ਗਈ ਅਤੇ ਸੁਖਬੀਰ ਸਿੰਘ ਬਾਦਲ ਜ਼ਿਮਨੀ ਚੋਣਾਂ ਵਿੱਚ ਵੀ ਹਿੱਸਾ ਲੈਣ ਉੱਤੇ ਵੀ ਅਕਾਲ ਤਖ਼ਤ ਵੱਲੋਂ ਪਾਬੰਦੀ ਸੀ।
ਇਸੇ ਨੂੰ ਕਾਰਨ ਦੱਸਦਿਆਂ ਪਾਰਟੀ ਨੇ ਜ਼ਿਮਨੀ ਚੋਣਾਂ ਨਾ ਲੜਨ ਦਾ ਐਲਾਨ ਕੀਤਾ ਸੀ।
ਹਾਲਾਂਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸਪੱਸ਼ਟ ਕੀਤਾ ਸੀ ਕਿ ਮਨਾਹੀ ਸਿਰਫ਼ ਸੁਖਬੀਰ ਸਿੰਘ ਬਾਦਲ ਲਈ ਹੈ। ਪਾਰਟੀ ਜ਼ਿਮਨੀ ਚੋਣਾਂ ਵਿੱਚ ਲੜ ਸਕਦੀ ਹੈ।

ਤਸਵੀਰ ਸਰੋਤ, Sukhbir Singh Badal/X
2008 ’ਚ ਸਾਂਭੀ ਸੀ ਪਾਰਟੀ ਦੀ ਵਾਗਡੋਰ
ਸ਼੍ਰੋਮਣੀ ਅਕਾਲੀ ਦਲ ਦੀ ਅਧਿਕਾਰਤ ਵੈੱਬਸਾਈਟ ਮੁਤਾਬਕ ਸੁਖਬੀਰ ਸਿੰਘ ਬਾਦਲ 2008 ਤੋਂ ਪਾਰਟੀ ਦੇ ਪ੍ਰਧਾਨ ਚੱਲੇ ਆ ਰਹੇ ਹਨ। ਉਹ ਅਕਾਲੀ ਦਲ ਦੇ ਇਤਿਹਾਸ ਵਿੱਚ ਸਭ ਤੋਂ ਨੌਜਵਾਨ ਪ੍ਰਧਾਨ ਬਣਨ ਵਾਲੇ ਆਗੂ ਹਨ।
2009 ਤੋਂ 2017 ਤੱਕ ਉਹ ਆਪਣੇ ਪਿਤਾ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਅਧੀਨ ਪੰਜਾਬ ਦੇ ਉਪ-ਮੁੱਖ ਮੰਤਰੀ ਰਹੇ।
ਪੰਜਾਬ ਵਿਧਾਨ ਸਭਾ ਚੋਣਾਂ 2022 ਵਿੱਚ ਉਹ ਪਾਰਟੀ ਦੀ ਅਗਵਾਈ ਕੀਤੀ ਸੀ। ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਗੱਠਜੋੜ ਦਾ ਮੁੱਖ ਮੰਤਰੀ ਚਿਹਰਾ ਵੀ ਸੁਖਬੀਰ ਸਿੰਘ ਬਾਦਲ ਹੀ ਸਨ।
ਸੁਖਬੀਰ ਬਾਦਲ ਦਾ ਜਨਮ 9 ਜੁਲਾਈ 1962 ਨੂੰ ਪ੍ਰਕਾਸ਼ ਸਿੰਘ ਬਾਦਲ ਅਤੇ ਮਾਤਾ ਸੁਰਿੰਦਰ ਕੌਰ ਦੇ ਘਰ ਹੋਇਆ। ਪ੍ਰਕਾਸ਼ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਲੰਬਾ ਸਮਾਂ ਪ੍ਰਧਾਨ ਰਹੇ ਹਨ ਅਤੇ ਉਹ ਪੰਜਾਬ ਦੇ 5 ਵਾਰ ਮੁੱਖ ਮੰਤਰੀ ਰਹਿ ਚੁੱਕੇ ਹਨ।

ਤਸਵੀਰ ਸਰੋਤ, Getty Images
ਬਾਦਲ ਪਿੰਡ ਤੋਂ ਲੌਸ ਏਂਜਲਸ ਤੇ ਫ਼ਿਰ ਸਿਆਸਤ
ਸੁਖਬੀਰ ਸਿੰਘ ਬਾਦਲ ਨੇ 2022 ਵਿੱਚ ਇੱਕ ਟੀਵੀ ਇੰਟਰਵਿਊ ਵਿੱਚ ਦੱਸਿਆ ਸੀ ਕਿ ਉਨ੍ਹਾਂ ਆਪਣੀ ਪੜ੍ਹਾਈ ਦੀ ਸ਼ੁਰੂਆਤ ਪਿੰਡ ਬਾਦਲ ਦੇ ਸਰਕਾਰੀ ਸਕੂਲ ਤੋਂ ਕੀਤੀ ਸੀ।
ਕਰੀਬ ਡੇਢ ਸਾਲ ਬਾਅਦ ਉਹ ਡੱਬਵਾਲੀ ਦੇ ਰਾਜਾਰਾਮ ਸਕੂਲ ਵਿੱਚ ਜਾਣ ਲੱਗ ਪਏ, ਉੱਥੇ ਵੀ ਇੱਕ ਸਾਲ ਪੜ੍ਹਨ ਤੋਂ ਬਾਅਦ ਉਹ ਬਠਿੰਡਾ ਕੌਨਵੈਂਟ ਬੋਰਡਿੰਗ ਸਕੂਲ ਵਿੱਚ 2 ਸਾਲ ਪੜ੍ਹੇ।
ਸੁਖਬੀਰ ਮੁਤਾਬਕ ਇਸ ਤੋਂ ਬਾਅਦ ਉਨ੍ਹਾਂ ਨੇ ਸਕੂਲੀ ਪੜ੍ਹਾਈ ਦੇਹਰਾਦੂਨ ਅਤੇ ਲਾਰੈਂਸ ਸਕੂਲ ਸਨਾਵਰ ਵਿੱਚ ਪੂਰੀ ਕੀਤੀ।
ਆਪਣੀਆਂ ਸਕੂਲੀ ਯਾਦਾਂ ਬਾਰੇ ਗੱਲ ਕਰਦਿਆਂ ਸੁਖਬੀਰ ਨੇ ਦੱਸਿਆ ਸੀ ਕਿ, ''ਬੋਰਡਿੰਗ ਸਕੂਲ ਵਿੱਚ ਜਾਣਾ ਉਨ੍ਹਾਂ ਲਈ ਕਾਫ਼ੀ ਔਖਾ ਫ਼ੈਸਲਾ ਸੀ ਪਰ ਉਹ ਸਮਝਦੇ ਹਨ ਕਿ ਬੱਚਿਆਂ ਨੂੰ ਬੋਰਡਿੰਗ ਸਕੂਲ ਭੇਜਿਆ ਜਾਣਾ ਚਾਹੀਦਾ ਹੈ, ਕਿਉਂਕਿ ਇਸ ਨਾਲ ਬੱਚੇ ਜ਼ਿੰਦਗੀ ਦਾ ਅਨੁਸ਼ਾਸਨ ਸਿੱਖਦੇ ਹਨ, ਜੋ ਬੱਚਾ ਘਰ ਮਾਪਿਆਂ ਨਾਲ ਰਹਿ ਕੇ ਨਹੀਂ ਸਿੱਖਦਾ।''
ਸੁਖਬੀਰ ਬਾਦਲ ਨੇ ਦੱਸਿਆ ਸੀ ਕਿ ਉਨ੍ਹਾਂ ਦੀ ਜ਼ਿਆਦਾ ਸੁਰ ਮਾਤਾ ਨਾਲ ਮਿਲਦੀ ਸੀ, ਕਿਉਂਕਿ ਪਿਤਾ ਤਾਂ ਸਿਆਸੀ ਗਤੀਵਿਧੀਆਂ ਅਤੇ ਜੇਲ੍ਹ ਯਾਤਰਾਵਾਂ ਉੱਤੇ ਰਹਿੰਦੇ ਸਨ। ਇਸ ਲਈ ਦੇਖ-ਭਾਲ ਅਤੇ ਪੜ੍ਹਾਈ ਦਾ ਪੂਰਾ ਖ਼ਿਆਲ ਮਾਤਾ ਹੀ ਰੱਖਦੇ ਸਨ।
ਸੁਖਬੀਰ ਬਾਦਲ ਨੇ ਪੋਸਟ ਗਰੈਜੂਏਟ ਡਿਗਰੀ (1980-1984) ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਕੀਤੀ। ਇਸ ਤੋਂ ਬਾਅਦ ਉਹ ਪੜ੍ਹਨ ਲਈ ਅਮਰੀਕਾ ਚਲੇ ਗਏ।
ਸੁਖਬੀਰ ਦੱਸਿਆ ਸੀ ਕਿ ਉਹ ਬੀਏ ਤੋਂ ਬਾਅਦ ਖੇਤੀ ਕਰਨਾ ਚਾਹੁੰਦੇ ਸਨ, ਪਰ ਪਿਤਾ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਜ਼ਮੀਨ ਜਾਇਦਾਦ ਦਾ ਕੀ ਹੈ, ਅੱਜ ਹੈ, ਕੱਲ੍ਹ ਨਹੀਂ ਹੋਵੇਗੀ, ਪਰ ਪੜ੍ਹਾਈ ਕੋਈ ਨਹੀਂ ਖੋਹ ਸਕਦਾ।
ਪਿਤਾ ਦੇ ਸਮਝਾਉਣ ਤੋਂ ਬਾਅਦ ਉਨ੍ਹਾਂ ਨੇ ਨਾ ਸਿਰਫ਼ ਪੰਜਾਬ ਯੂਨੀਵਰਸਿਟੀ ਵਿੱਚ ਆਪਣੀ ਐੱਮਏ ਅਰਥ ਸਾਸ਼ਤਰ ਪੂਰੀ ਕੀਤੀ ਸਗੋਂ ਅਮਰੀਕਾ ਦੀ ਕੈਲੇਫੋਰਨੀਆ ਸਟੇਟ ਯੂਨੀਵਰਸਿਟੀ, ਲੌਸ ਏਂਜਲਸ ਤੋਂ ਐੱਮਬੀਏ ਦੀ ਡਿਗਰੀ ਹਾਸਲ ਕੀਤੀ।
ਸੁਖਬੀਰ ਬਾਦਲ ਨੇ ਆਪ ਦੱਸਿਆ ਸੀ ਕਿ ਉਨ੍ਹਾਂ ਦੀ ਰੂਚੀ ਸਿਆਸਤ ਵਿੱਚ ਬਿਲਕੁੱਲ ਨਹੀਂ ਸੀ। ਉਹ ਆਪਣਾ ਭਵਿੱਖ਼ ਖੇਤੀ ਕਰਨ ਜਾਂ ਕਾਰੋਬਾਰੀ ਵਜੋਂ ਦੇਖਦੇ ਸਨ।
ਉਨ੍ਹਾਂ ਅਮਰੀਕਾ ਵਿੱਚ ਨੌਕਰੀ ਕਰਨੀ ਵੀ ਸ਼ੁਰੂ ਕਰ ਦਿੱਤੀ ਪਰ 6 ਕੁ ਮਹੀਨੇ ਬਾਅਦ ਉਨ੍ਹਾਂ ਨੂੰ ਵਾਪਸ ਬੁਲਾ ਲਿਆ ਗਿਆ।
ਇਸ ਤੋਂ ਬਾਅਦ ਉਨ੍ਹਾਂ ਟੂਰਿਜ਼ਮ ਇੰਡਸਟਰੀ ਵਿੱਚ ਕੰਮ ਸ਼ੁਰੂ ਕੀਤਾ ਪਰ ਇਸ ਦੌਰਾਨ ਚੋਣਾਂ ਮੌਕੇ ਪਰਿਵਾਰਕ ਮੈਂਬਰਾਂ ਲਈ ਛੋਟੀਆਂ-ਛੋਟੀਆਂ ਬੈਠਕਾਂ ਕਰਦਿਆਂ ਉਹ ਵੀ ਸਿਆਸਤ ਦੇ ਗੇੜ ਵਿੱਚ ਆ ਹੀ ਗਏ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












