ਅਕਾਲ ਤਖ਼ਤ ਵੱਲੋਂ ਸੁਖਬੀਰ ਬਾਦਲ ਦਾ ‘ਮੁਆਫ਼ੀਨਾਮਾ’ ਜਨਤਕ, ਪ੍ਰਕਾਸ਼ ਸਿੰਘ ਬਾਦਲ ਦੀ ਚਿੱਠੀ ਦਾ ਵੀ ਦਿੱਤਾ ਹਵਾਲਾ

ਅਕਾਲ ਤਖ਼ਤ ਨੇ ਅੱਜ ਸੁਖਬੀਰ ਸਿੰਘ ਬਾਦਲ ਵੱਲੋਂ ਸਪੱਸ਼ਟੀਕਰਨ ਵਿੱਚ ਲਿਖੀ ਗਈ ਚਿੱਠੀ ਨੂੰ ਜਨਤਕ ਕਰ ਦਿੱਤਾ ਹੈ।
ਸੁਖਬੀਰ ਸਿੰਘ ਬਾਦਲ ਨੇ 24 ਜੁਲਾਈ ਨੂੰ ਬਾਗ਼ੀ ਅਕਾਲੀ ਆਗੂਆਂ ਵੱਲੋਂ ਕੀਤੀ ਸ਼ਿਕਾਇਤ ਦੇ ਸੰਦਰਭ ਵਿੱਚ ਅਕਾਲ ਤਖ਼ਤ ਵਿਖੇ ਖ਼ੁਦ ਪੇਸ਼ ਹੋ ਕੇ ਆਪਣਾ ਸਪੱਸ਼ਟੀਕਰਨ ਸੌਂਪਿਆ ਸੀ।
ਪੰਜ ਸਿੰਘ ਸਾਹਿਬਾਨਾਂ ਦੀ ਬੈਠਕ ਤੋਂ ਬਾਅਦ ਅਕਾਲ ਤਖ਼ਤ ਵੱਲੋਂ ਇਹ ਚਿੱਠੀ ਅੱਜ ਮੀਡੀਆ ਸਾਹਮਣੇ ਜਨਤਕ ਕੀਤੀ ਗਈ ਹੈ। ਹਾਲਾਂਕਿ, ਇਸ ਸੰਬਧੀ ਅਗਲਾ ਫ਼ੈਸਲਾ ਪੰਜ ਸਿੰਘ ਸਾਹਿਬਾਨਾਂ ਦੀ ਅਗਲੀ ਬੈਠਕ ਵਿੱਚ ਲਿਆ ਜਾਵੇਗਾ।
ਅੱਜ ਸਿਰਫ਼ ਚਿੱਠੀ ਜਨਤਕ ਕੀਤੀ ਹੈ, ਜਿਸ ਨੂੰ ਜਨਤਕ ਕਰਨ ਲਈ ਆਵਾਜ਼ਾਂ ਚੁੱਕੀਆਂ ਜਾ ਰਹੀਆਂ ਸਨ। ਇਸ ਵਿੱਚ ਸੁਖਬੀਰ ਬਾਦਲ ਖਿਮਾ ਜਾਚਨਾ ਕਰ ਰਹੇ ਹਨ।
ਇਸ ਚਿੱਠੀ ਵਿੱਚ ਸੁਖਬੀਰ ਸਿੰਘ ਬਾਦਲ ਨੇ ਲਿਖਿਆ ਹੈ, “ਦਾਸ ਗੁਰੂ ਘਰ ਦਾ ਨਿਮਾਣਾ ਸੇਵਕ ਹੈ। ਹਮੇਸ਼ਾ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਰਿਹਾ ਹੈ। ਮੈਂ ਬਿਨਾਂ ਕਿਸੇ ਸਵਾਲ-ਜਵਾਬ ਦੇ ਸੱਚੇ ਦਿੱਲੋਂ ਵਾਹਿਗੁਰੂ ਅੱਗੇ ਜੋਦੜੀ ਕਰ ਰਿਹਾ ਹਾਂ।”

ਤਸਵੀਰ ਸਰੋਤ, RAVINDER SINGH ROBIN/BBC
“ਜੋ ਵੀ ਸਾਡੇ ਖ਼ਿਲਾਫ਼ ਲਿਖ ਕੇ ਦਿੱਤਾ ਗਿਆ ਹੈ, ਦਾਸ ਉਸ ਵਾਸਤੇ ਗੁਰੂ ਦੇ ਮਹਾਨ ਤਖ਼ਤ ’ਤੇ ਹਾਜ਼ਰ ਹੋ ਕੇ ਗੁਰੂ ਸਾਹਿਬ ਅਤੇ ਗੁਰੂ ਪੰਥ ਪਾਸੋਂ ਬਿਨਾਂ ਸ਼ਰਤ ਖਿਮਾ ਜਾਚਨਾ ਕਰਦਾ ਹੈ।”
“ਚਾਹੇ ਇਹ ਭੁੱਲਾਂ ਪਾਰਟੀ ਕੋਲੋਂ ਹੋਈਆਂ ਹਨ ਜਾਂ ਸਰਕਾਰ ਕੋਲੋਂ, ਦਾਸ ਚੇਤ-ਅਚੇਤ ਵਿੱਚ ਹੋਈਆਂ ਇਹਨਾਂ ਸਾਰੀਆਂ ਭੁੱਲਾਂ-ਚੁੱਕਾਂ ਲਈ ਖ਼ਿਮਾ ਦਾ ਜਾਚਕ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪ੍ਰੰਪਰਾਵਾਂ ਅਨੁਸਾਰ ਜਾਰੀ ਕੀਤੇ ਹਰ ਹੁਕਮ ਨੂੰ ਦਾਸ ਅਤੇ ਮੇਰੇ ਸਾਥੀ ਖਿੜੇ ਮੱਥੇ ਪ੍ਰਵਾਨ ਕਰਨਗੇ।”

ਬਾਗ਼ੀ ਧੜੇ ਦੇ ਕੀ ਇਲਜ਼ਾਮ ਸਨ
ਬਾਗੀ ਆਗੂ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਤੋਂ ਪ੍ਰਧਾਨਗੀ ਛੱਡਣ ਦੀ ਮੰਗ ਕਰ ਰਹੇ ਹਨ। ਜਦਕਿ ਸੁਖਬੀਰ ਬਾਦਲ ਲਗਾਤਾਰ ਹੋਰ ਪਾਰਟੀ ਆਗੂਆਂ ਨਾਲ ਬੈਠਕਾਂ ਕਰਕੇ ਪਾਰਟੀ ਉੱਤੇ ਪੂਰੀ ਕਮਾਂਡ ਹੋਣ ਦਾ ਪ੍ਰਭਾਵ ਦੇਣ ਦੀ ਕੋਸ਼ਿਸ਼ ਕਰ ਰਹੇ ਹਨ।
ਸ਼੍ਰੋਮਣੀ ਅਕਾਲੀ ਦਲ ਦੇ ਸਿਆਸੀ ਸੰਕਟ ਦੌਰਾਨ ਸਾਬਕਾ ਲੋਕ ਸਭਾ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਜਗੀਰ ਕੌਰ ਦੀ ਅਗਵਾਈ ਵਿੱਚ ਬਾਗੀ ਧੜ੍ਹੇ ਨੇ ਅਕਾਲ ਤਖ਼ਤ ਸਾਹਿਬ ਦਾ ਰੁਖ਼ ਕੀਤਾ।
1 ਜੁਲਾਈ ਨੂੰ ਬਾਗ਼ੀ ਧੜੇ ਵਿੱਚ ਸ਼ਾਮਲ ਸੀਨੀਅਰ ਆਗੂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਏ ਸਨ। ਉਨ੍ਹਾਂ ਨੇ ਇਸ ਮੌਕੇ ਚਾਰ ਸਫ਼ਿਆਂ ਦਾ ਮੁਆਫ਼ੀਨਾਮਾ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਰਘਬੀਰ ਸਿੰਘ ਨੂੰ ਸੌਂਪਿਆ ਸੀ।
ਉਨ੍ਹਾਂ ਨੇ ਇਹ ਵੀ ਇਲਜ਼ਾਮ ਲਗਾਏ ਸਨ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਥਕ ਭਾਵਨਾਵਾਂ ਦੀ ਤਰਜਨਮਾਨੀ ਨਹੀਂ ਕੀਤੀ।
ਆਪਣੇ ਮੁਆਫ਼ੀਨਾਮੇ ਵਿੱਚ ਉਨ੍ਹਾਂ ਨੇ 2007 ਤੋਂ ਲੈ ਕੇ 2017 ਤੱਕ ਅਕਾਲੀ ਦਲ ਦੀ ਸਰਕਾਰ ਵੇਲੇ ਹੋਈਆਂ ਗ਼ਲਤੀਆਂ ਦੀ ਮੁਆਫ਼ੀ ਮੰਗੀ ਸੀ।
ਇਹਨਾਂ ‘ਗਲਤੀਆਂ’ ਵਿੱਚ 2015 ਦੀ ਬੇਅਦਬੀ ਘਟਨਾ, ਬਰਗਾੜੀ ਗੋਲੀ ਕਾਂਡ,ਸੱਚਾ ਸੌਦਾ ਦੇ ਮੁਖੀ ਨੂੰ ਮੁਆਫ਼ੀ ਸ਼ਾਮਲ ਹਨ।
ਉਸ ਵੇਲੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਜਗੀਰ ਕੌਰ ਨੇ ਕਿਹਾ ਸੀ, “ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਸ਼ੁਰੂ ਹੋ ਰਹੀ ਹੈ ਅਤੇ ਇਸ ਲਹਿਰ ਦੇ ਕਨਵੀਨਰ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਬਣਾਇਆ ਗਿਆ ਹੈ।”
ਗੁਰਪ੍ਰਤਾਪ ਸਿੰਘ ਵਡਾਲਾ ਮਰਹੂਮ ਅਕਾਲੀ ਆਗੂ ਕੁਲਦੀਪ ਸਿੰਘ ਵਡਾਲਾ ਦੇ ਪੁੱਤਰ ਹਨ, ਉਹ ਨਕੋਦਰ ਤੋਂ ਵਿਧਾਇਕ ਵੀ ਰਹਿ ਚੁੱਕੇ ਹਨ।

ਤਸਵੀਰ ਸਰੋਤ, RAVINDER SINGH ROBIN/BBC
ਸੁਖਬੀਰ ਬਾਦਲ ਦੀ ਚਿੱਠੀ ਵਿੱਚ ਹੋਰ ਕੀ
ਇਸ ਤੋਂ ਇਲਾਵਾ ਇਸ ਚਿੱਠੀ ਵਿੱਚ ਸੁਖਬੀਰ ਸਿੰਘ ਬਾਦਲ ਨੇ ਅਕਤੂਬਰ, 2015 ਵਿੱਚ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਲਿਖੀ ਚਿੱਠੀ ਦਾ ਹਵਾਲਾ ਵੀ ਦਿੱਤਾ ਹੈ।
ਚਿੱਠੀ ਵਿੱਚ ਸੁਖਬੀਰ ਬਾਦਲ ਨੇ 17 ਅਕਤੂਬਰ 2015 ਨੂੰ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਲਿਖੀ ਗਈ ਸੀ। ਸੁਖਬੀਰ ਸਿੰਘ ਬਾਦਲ ਨੇ ਆਪਣੇ ਚਿੱਠੀ ਦੇ ਨਾਲ ਇਸ ਚਿੱਠੀ ਨੂੰ ਨੱਥੀ ਕੀਤਾ ਹੈ।
ਚਿੱਠੀ ਮੁਤਾਬਕ ਉਸ ਵਿੱਚ ਪ੍ਰਕਾਸ਼ ਸਿੰਘ ਬਾਦਲ ਨੇ ਲਿਖਿਆ ਸੀ, “ਪਿਛਲੇ ਦਿਨੀਂ ਜੋ ਘਟਨਾਕ੍ਰਮ ਵਾਪਰਿਆ ਹੈ ਉਹ ਬੇਹੱਦ ਦੁੱਖਦਾਈ ਅਤੇ ਪੀੜ੍ਹਾ ਭਰਿਆ ਹੈ। ਇਸ ਨਾਲ ਪੰਜਾਬੀ ਸਮਾਜ ਅਤੇ ਖ਼ਾਸ ਤੌਰ ’ਤੇ ਸਿੱਖ ਭਾਈਚਾਰੇ ਦੀ ਮਾਨਸਿਕਤਾ ਨੂੰ ਵੱਡੀ ਸੱਟ ਵੱਜੀ ਹੈ ਅਤੇ ਮਨਾਂ ਵਿੱਚ ਦਰਦ ਦਾ ਅਹਿਸਾਸ ਬੇਹੱਦ ਡੂੰਘਾ ਹੋਇਆ ਹੈ।”
“ਅਣਕਿਆਸੀਆਂ ਘਟਨਾਵਾਂ ਨਵੇਂ ਰਸਤੇ ਅਖ਼ਤਿਆਰ ਕਰ ਰਹੀਆਂ ਹਨ ਜੋ ਹੋਰ ਵੀ ਜੋਖ਼ਮ ਭਰੇ ਬਣ ਸਕਦੇ ਹਨ। ਪੰਜਾਬ ਦਾ ਪ੍ਰਸ਼ਾਸਨਿਕ ਮੁੱਖੀ ਹੋਣ ਕਾਰਨ ਮੈਨੂੰ ਵਾਪਰ ਰਹੇ ਅਜਿਹੇ ਅਣਕਿਆਸੇ ਘਟਨਾਕ੍ਰਮ ਦਾ ਅਹਿਸਾਸ ਹੈ।”

ਤਸਵੀਰ ਸਰੋਤ, Ravinder Singh Robin/BBC
“ਪਿਛਲੇ ਲੰਬੇ ਸਮੇਂ ਤੋਂ ਮੈਂ ਸੌਂਪੇ ਗਏ ਫਰਜ਼ਾਂ ਦੀ ਪਾਲਣਾ ਪੂਰੀ ਤਨਦੇਹੀ ਅਤੇ ਸ਼ਿਦਤ ਨਾਲ ਕਰਨ ਦਾ ਯਤਨ ਕੀਤਾ ਹੈ। ਮੈਂ ਆਪਣਾ ਸਮੁੱਚਾ ਜੀਵਨ ਸਿਦਕ ਅਤੇ ਧਾਰਮਿਕ ਮਾਣਤਾਵਾਂ ਦੇ ਅਨੁਸਾਰੀ ਹੋ ਕੇ ਬਤੀਤ ਕੀਤਾ ਹੈ। ”
“ਸਿਦਕਦਿਲੀ ਨਾਲ ਆਪਣੇ ਫਰਜ਼ਾਂ ਦੀ ਪਾਲਣਾ ਕਰਦਿਆਂ ਕਈ ਵਾਰ ਅਜਿਹਾ ਕੁਝ ਵਾਪਰ ਜਾਂਦਾ ਹੈ ਜੋ ਕਿਆਸ ਤੋਂ ਬਾਹਰ ਹੁੰਦਾ ਹੈ। ਜਿਸ ਨਾਲ ਤੁਹਾਡੇ ਮਨ ਨੂੰ ਗਹਿਰੀ ਪੀੜ੍ਹ ’ਚੋਂ ਗੁਜ਼ਰਨਾ ਪੈਂਦਾ ਹੈ ਅਤੇ ਤੁਸੀਂ ਆਤਮਿਕ ਤੌਰ ’ਤੇ ਝੰਜੋੜੇ ਜਾਂਦੇ ਹੋ।”
“ਤੁਹਾਡੇ ਅੰਦਰ ਪਛਚਾਤਾਪ ਦੀਆਂ ਭਾਵਨਾਵਾਂ ਪ੍ਰਬਲ ਹੋ ਜਾਂਦੀਆਂ ਹਨ। ਇਸ ਸਮੇਂ ਮੈਂ ਅਜਿਹੀ ਅੰਤਰ-ਮਨ ਦੀਆਂ ਪੀੜਾ ਤੋਂ ਗੁਜ਼ਰ ਰਿਹਾ ਹਾਂ। ਇਸ ਦਿਸ਼ਾ ਵਿੱਚ ਪਿਛਲੇ ਸਮੇਂ ਵਿੱਚ ਜੋ ਵੀ ਦੁਖਦਾਈ ਵਾਪਰਿਆ ਹੈ। ਉਸ ਨੇ ਆਤਮਿਕ ਤੌਰ ’ਤੇ ਮੈਨੂੰ ਧੁਰ ਅੰਦਰ ਤੋਂ ਝੰਜੋੜ ਕੇ ਰੱਖ ਦਿੱਤਾ ਹੈ।”
“ਅਜਿਹੀਆਂ ਭਾਵਨਾਵਾਂ ਨੂੰ ਆਪਣੇ ਮਨ ਅੰਦਰ ਸਮੋਈ ਮੈਂ ਆਪਣੇ ਗੁਰੂ ਅੱਗੇ ਨਤਮਸਤਕ ਹੁੰਦਾ ਹਾਂ ਅਤੇ ਅਰਦਾਸ ਕਰਦਾ ਹਾਂ ਕਿ ਵਾਹਿਗੁਰੂ ਬਲ ਬਖਸ਼ਣ ਅਤੇ ਮਿਹਰ ਕਰਨ।”

ਤਸਵੀਰ ਸਰੋਤ, Getty Images
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚਿੱਠੀ ਵੀ ਕੀਤੀ ਜਨਤਕ
ਇਸ ਤੋਂ ਇਲਾਵਾ ਅਕਾਲ ਤਖ਼ਤ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੋਂ ਵੀ ਜਵਾਬ ਤਲਬ ਕੀਤਾ ਸੀ।
ਜਿਸ ਵਿੱਚ ਇਸ ਕੋਲੋਂ ਸਾਲ 2015 ਵਿੱਚ ਡੇਰਾ ਸੱਚਾ ਸੌਦਾ ਦੇ ਮੁਖੀ ਨੂੰ ਮੁਆਫ਼ੀ ਦੇਣ ਬਾਰੇ ਦਿੱਤੇ ਗਏ 90 ਲੱਖ ਰੁਪਏ ਦੇ ਇਸ਼ਤਿਹਾਰਾਂ ਬਾਰੇ ਵੀ ਸਪਸ਼ਟੀਕਰਨ ਮੰਗਿਆ ਗਿਆ ਸੀ।
ਪ੍ਰਬੰਧਕ ਕਮੇਟੀ ਵੱਲੋਂ ਸੌਂਪੀ ਗਈ ਚਿੱਠੀ ਵਿੱਚ ਉਨ੍ਹਾਂ ਨੇ ਸਪੱਸ਼ਟੀਕਰਨ ਦਿੱਤਾ ਹੈ, “24 ਸਤੰਬਰ 2015 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨਾਂ ਦੀ ਹੋਈ ਇਕੱਤਰਤਾ ’ਚ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੇ ਮਾਮਲੇ ਵਿੱਚ ਗੁਰਮਤਾ ਕੀਤਾ ਗਿਆ ਸੀ।”
“ਜਿਸ ਮਗਰੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਤਕਾਲੀ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਦੇ ਹੁਕਮ ’ਤੇ ਮੁੱਖ ਸਕੱਤਰ ਹਰਚਰਨ ਸਿੰਘ ਵੱਲੋਂ ਵੱਖ-ਵੱਖ ਇਸ਼ਤਿਹਾਰ ਜਾਕਰੀ ਕਰਵਾਏ ਗਏ ਸਨ।”
“ਇਹ ਇਸ਼ਤਿਹਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਾਣ ਮਰਯਾਦਾ ਅਤੇ ਆਦੇਸ਼ ਦੇ ਸਤਿਕਾਰ, ਬੇਅਦਬੀਆਂ ਸਬੰਧੀ ਪਸ਼ਚਾਤਾਪ ਵਜੋਂ ਗੁਰਦੁਆਰਾ ਕਮੇਟੀਆਂ ਤੇ ਸਭਾ ਸੁਸਾਇਟੀਆਂ ਨੂੰ ਸ੍ਰੀ ਅਖੰਡ ਪਾਠ ਸਾਹਿਬ ਕਰਵਾਉਣ ਦੀ ਅਪੀਲ, ਬੇਅਦਬੀ ਦੀਆਂ ਘਟਨਾਵਾਂ ਪ੍ਰਤੀ ਸੁਚੇਤ ਰਹਿਣ ਅਤੇ ਗੁਰੂ ਘਰਾਂ ਅੰਦਰ ਪਹਿਰੇਦਾਰੀ ਯਕੀਨੀ ਬਣਾਉਣ ਦੀ ਅਪੀਲ ਆਦਿ ਨਾਲ ਸਬੰਧਤ ਸਨ।”












