ਸੁਖਬੀਰ ਬਾਦਲ ਖਿਲਾਫ਼ ਬਗਾਵਤਾਂ ਵਿਚਾਲੇ ਅਕਾਲੀ ਦਲ ਦਾ ਭਵਿੱਖ ਇਨ੍ਹਾਂ ਗੱਲਾਂ ਉੱਤੇ ਨਿਰਭਰ ਕਰਦਾ ਹੈ

- ਲੇਖਕ, ਗਗਨਦੀਪ ਸਿੰਘ ਜੱਸੋਵਾਲ
- ਰੋਲ, ਬੀਬੀਸੀ ਪੱਤਰਕਾਰ
ਲੋਕ ਸਭਾ ਚੋਣਾਂ 'ਚ ਨਮੋਸ਼ੀ ਭਰੀ ਹਾਰ ਦਾ ਸਾਹਮਣਾ ਕਰਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਇਸ ਸਮੇਂ ਕਈ ਪੱਖਾਂ 'ਤੇ ਮੁਸੀਬਤਾਂ ਨਾਲ ਜੂਝ ਰਿਹਾ ਹੈ।
ਇੱਕ ਪਾਸੇ ਅਕਾਲੀ ਦਲ ਦੇ ਸੀਨੀਅਰ ਆਗੂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਖ਼ਿਲਾਫ਼ ਹੋ ਗਏ ਹਨ ਤੇ ਦੂਜੇ ਪਾਸੇ, ਪੰਜਾਬ ਵਿੱਚ ਖਡੂਰ ਸਾਹਿਬ ਦੇ ਸੰਸਦ ਮੈਂਬਰ ਅਤੇ ਵੱਖਵਾਦੀ ਸਿੱਖ ਆਗੂ ਅਮ੍ਰਿਤਪਾਲ ਸਿੰਘ ਦੇ ਨਾਲ-ਨਾਲ ਫਰੀਦਕੋਟ ਤੋਂ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਦੀ ਅਗਵਾਈ ਵਿੱਚ ਨਵੀਂ ਸਿੱਖ ਸਿਆਸੀ ਲਹਿਰ ਉਭਰ ਕੇ ਸਾਹਮਣੇ ਆਈ ਹੈ।
ਇਸ ਤੋਂ ਇਲਾਵਾ, ਬਰਗਾੜੀ ਬੇਅਦਬੀ ਮਾਮਲੇ ਦੇ ਮੁੱਖ ਮੁਲਜ਼ਮ ਪ੍ਰਦੀਪ ਕਲੇਰ ਨੇ ਸੁਖਬੀਰ ਸਿੰਘ ਬਾਦਲ 'ਤੇ ਕਤਲ ਅਤੇ ਬਲਾਤਕਾਰ ਦੇ ਦੋਸ਼ੀ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨਾਲ ਕਥਿਤ ਸਬੰਧਾਂ ਨੂੰ ਲੈ ਕੇ ਗੰਭੀਰ ਇਲਜ਼ਾਮ ਲਾਏ ਹਨ। ਭਾਵੇਂ ਸੁਖਬੀਰ ਬਾਦਲ ਨੇ ਇਨ੍ਹਾਂ ਇਲਜ਼ਾਮਾਂ ਨੂੰ ਨਕਾਰਿਆ ਹੈ।
ਹਾਲ ਹੀ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਜਗੀਰ ਕੌਰ, ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ, ਗੁਰਪ੍ਰਤਾਪ ਸਿੰਘ ਵਡਾਲਾ, ਪਰਮਿੰਦਰ ਸਿੰਘ ਢੀਂਡਸਾ ਸਮੇਤ ਅੱਠ ਸੀਨੀਅਰ ਆਗੂਆਂ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਹੈ।
ਫਰੀਦਕੋਟ ਤੋਂ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਨੇ ਮੀਡੀਆ ਨੂੰ ਐਲਾਨ ਕੀਤਾ ਕਿ ਉਹ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮ੍ਰਿਤਪਾਲ ਸਿੰਘ ਨਾਲ ਮਿਲ ਕੇ ਨਵੀਂ ਪਾਰਟੀ ਬਣਾਉਣ ਦੀ ਯੋਜਨਾ ਬਣਾ ਰਹੇ ਹਨ। ਉਨ੍ਹਾਂ ਕਿਹਾ ਕਿ ਅਮ੍ਰਿਤਪਾਲ ਸਿੰਘ ਦੇ ਜੇਲ੍ਹ ਤੋਂ ਰਿਹਾਅ ਹੋਣ ’ਤੇ ਇਸ ਨਵੀਂ ਪਾਰਟੀ ਦੀ ਸਥਾਪਨਾ ਕੀਤੀ ਜਾਵੇਗੀ।

ਸ਼੍ਰੋਮਣੀ ਅਕਾਲੀ ਦਲ ਦਾ ਨਿਘਾਰ 12 ਅਕਤੂਬਰ 2015 ਨੂੰ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਬਰਗਾੜੀ ਵਿੱਚ ਵਾਪਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾ ਤੋਂ ਬਾਅਦ ਸ਼ੁਰੂ ਹੋਇਆ ਸੀ।
ਇਸ ਘਟਨਾ ਦਾ ਵਿਰੋਧ ਕਰ ਰਹੇ ਦੋ ਸਿੱਖ ਨੌਜਵਾਨਾਂ ਦੀ ਮੌਤ ਪਿੰਡ ਬਹਿਬਲ ਕਲਾਂ ਵਿੱਚ ਪੰਜਾਬ ਪੁਲਿਸ ਵੱਲੋਂ ਕੀਤੀ ਗਈ ਕਥਿਤ ਗੋਲੀਬਾਰੀ ਵਿੱਚ ਹੋ ਗਈ ਸੀ।
ਬਰਗਾੜੀ ਬੇਅਦਬੀ ਕਾਂਡ ਤੋਂ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ 2007 ਦੇ ਈਸ਼ਨਿੰਦਾ ਮਾਮਲੇ ਵਿੱਚ ਮੁਆਫ਼ੀ ਦੇ ਦਿੱਤੀ ਸੀ।
ਇਸ ਦਾ ਸਿੱਖ ਭਾਈਚਾਰੇ ਵੱਲੋਂ ਸਖ਼ਤ ਵਿਰੋਧ ਕੀਤਾ ਗਿਆ ਸੀ ਅਤੇ ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ ਅਕਤੂਬਰ 2015 ਤੋਂ ਸ੍ਰੀ ਅਕਾਲ ਤਖ਼ਤ ਨੇ ਮੁਆਫ਼ੀ ਵਾਪਸ ਲੈ ਲਈ ਸੀ।
ਬੀਬੀਸੀ ਨੇ ਸਿਆਸੀ ਮਾਹਿਰਾਂ ਨਾਲ ਅਕਾਲੀ ਦਲ ਅੰਦਰਲੇ ਸੰਕਟ ਅਤੇ ਬਦਲਵੀਂ ਸਿੱਖ ਸਿਆਸਤ ਦੇ ਉਭਾਰ ਬਾਰੇ ਗੱਲਬਾਤ ਕੀਤੀ।
ਪੰਜਾਬ ਵਿੱਚ ਹੋਰ ਸਿੱਖ ਸਮੂਹਾਂ ਦਾ ਉਭਾਰ
2024 ਦੀਆਂ ਲੋਕ ਸਭਾ ਚੋਣਾਂ ਵਿੱਚ, ਵਾਰਿਸ ਪੰਜਾਬ ਦੇ ਆਗੂ ਅਤੇ ਵੱਖਵਾਦੀ ਸਿੱਖ ਆਗੂ ਅਮ੍ਰਿਤਪਾਲ ਸਿੰਘ ਨੇ ਖਡੂਰ ਸਾਹਿਬ ਸੀਟ ਤੋਂ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ।
ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਤਲ ਕਰਨ ਵਾਲੇ ਬੇਅੰਤ ਸਿੰਘ ਦੇ ਪੁੱਤਰ ਸਰਬਜੀਤ ਸਿੰਘ ਖਾਲਸਾ ਨੇ ਫਰੀਦਕੋਟ ਲੋਕ ਸਭਾ ਸੀਟ ਤੋਂ ਜਿੱਤ ਹਾਸਲ ਕੀਤੀ।
ਅਮ੍ਰਿਤਪਾਲ ਸਿੰਘ ਅਤੇ ਸਰਬਜੀਤ ਸਿੰਘ ਦੋਵਾਂ ਨੇ ਆਜ਼ਾਦ ਉਮੀਦਵਾਰਾਂ ਵਜੋਂ ਚੋਣ ਲੜੀ ਸੀ। ਅਮ੍ਰਿਤਪਾਲ ਸਿੰਘ ਇਸ ਸਮੇਂ ਰਾਸ਼ਟਰੀ ਸੁਰੱਖਿਆ ਐਕਟ ਯਾਨਿ ਐੱਨਐੱਸਏ ਤਹਿਤ ਆਸਾਮ ਵਿੱਚ ਨਜ਼ਰਬੰਦ ਹੈ।
ਇਸ ਦੌਰਾਨ, ਬਾਗ਼ੀ ਆਗੂਆਂ ਨੇ 103 ਸਾਲ ਪੁਰਾਣੀ ਪਾਰਟੀ ਨੂੰ ਮਜ਼ਬੂਤ ਕਰਨ ਲਈ 'ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ' ਦੀ ਸ਼ੁਰੂਆਤ ਕੀਤੀ ਅਤੇ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਸ਼ੁਰੂ ਹੋ ਕੇ ਅਕਾਲੀ ਦਲ ਦੀਆਂ ਚੋਣਾਵੀਂ ਹਾਰਾਂ ਤੋਂ ਬਾਅਦ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਅਸਤੀਫ਼ੇ ਦੀ ਮੰਗ ਕੀਤੀ।
ਬਾਗ਼ੀ ਆਗੂਆਂ ਨੇ 2007 ਤੋਂ 2017 ਤੱਕ ਅਕਾਲੀ-ਭਾਜਪਾ ਸਰਕਾਰ ਦੇ ਦੋ ਕਾਰਜਕਾਲ ਦੌਰਾਨ ਹੋਈਆਂ ਗ਼ਲਤੀਆਂ ਲਈ ਮੁਆਫ਼ੀ ਮੰਗਣ ਲਈ ਸਰਬਉੱਚ ਸਿੱਖ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਤੱਕ ਵੀ ਪਹੁੰਚ ਕੀਤੀ।
ਉਨ੍ਹਾਂ ਸੁਖਬੀਰ ਬਾਦਲ 'ਤੇ ਸੁਮੇਧ ਸਿੰਘ ਸੈਣੀ ਦੀ ਨਿਯੁਕਤੀ ਕਰਨ ਦਾ ਇਲਜ਼ਾਮ ਲਾਇਆ, ਅਤੇ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਪਣੇ ਪ੍ਰਭਾਵ ਰਾਹੀਂ ਮੁਆਫ਼ੀ ਦਿਵਾਉਣ ਦਾ ਵੀ ਇਲਜ਼ਾਮ ਲਾਇਆ।
ਉਨ੍ਹਾਂ ਦੀ ਸ਼ਿਕਾਇਤ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸੁਖਬੀਰ ਸਿੰਘ ਬਾਦਲ ਨੂੰ ਤਲਬ ਕਰਕੇ ਜਵਾਬ ਮੰਗਿਆ ਹੈ।
ਸੁਖਬੀਰ ਸਿੰਘ ਬਾਦਲ ਨੇ 24 ਜੁਲਾਈ ਨੂੰ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋ ਕੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਲਿਖਤੀ ਸਪੱਸ਼ਟੀਕਰਨ ਸੌਂਪਿਆ ਸੀ।

ਤਸਵੀਰ ਸਰੋਤ, RAVINDER SINGH ROBIN/BBC
ਸਿਆਸੀ ਮਾਹਿਰ ਮਾਲਵਿੰਦਰ ਸਿੰਘ ਮਾਲੀ ਨੇ ਬੀਬੀਸੀ ਨੂੰ ਦੱਸਿਆ, “ਸ਼੍ਰੋਮਣੀ ਅਕਾਲੀ ਦਲ ਵਿੱਚ 1996 ਵਿੱਚ ਸ਼ੁਰੂ ਹੋਈ ਪਰਿਵਾਰਵਾਦ, ਨਿੱਜਪ੍ਰਸਤੀ ਦੀ ਰਾਜਨੀਤੀ ਤੇ ਗੁੱਟ ਹੁਣ ਟੁੱਟਣ ਲੱਗੇ ਹਨ। ਸ਼੍ਰੋਮਣੀ ਅਕਾਲੀ ਦਲ ਨੇ ਕੇਂਦਰ ਸਰਕਾਰਾਂ ਦੇ ਸਾਰੇ ਸੰਘ ਵਿਰੋਧੀ ਫ਼ੈਸਲਿਆਂ ਦਾ ਸਮਰਥਨ ਕੀਤਾ ਹੈ।”
ਉਨ੍ਹਾਂ ਨੇ ਅੱਗੇ ਕਿਹਾ, “ਮੈਨੂੰ ਨਹੀਂ ਲਗਦਾ ਕਿ ਅਮ੍ਰਿਤਪਾਲ ਸਿੰਘ ਜਾਂ ਹੋਰ ਅਕਾਲੀ ਬਾਗ਼ੀ ਅਕਾਲੀ ਨੇਤਾਵਾਂ ਦਾ ਕੋਈ ਭਵਿੱਖ ਹੈ, ਕਿਉਂਕਿ ਉਨ੍ਹਾਂ ਕੋਲ ਸੰਗਠਨਾਤਮਕ ਨਿਰਮਾਣ ਦੀ ਸਮਰੱਥਾ ਦੀ ਘਾਟ ਹੈ।”
“ਪੰਜਾਬ ਵਿੱਚ ਪੰਥ, ਪੰਜਾਬ ਅਤੇ ਸੰਘਵਾਦ ਦੀ ਸਿਆਸਤ ਚਲੇਗੀ ਅਤੇ ਉਦੋਂ ਤੱਕ ਪੰਜਾਬ ਦੇ ਲੋਕ ਨਵੇਂ ਨਵੇਂ ਤਜਰਬੇ ਕਰਦੇ ਰਹਿਣਗੇ।”
ਮਾਲਵਿੰਦਰ ਸਿੰਘ ਮਾਲੀ ਨੇ ਇਹ ਵੀ ਕਿਹਾ, “ਪੰਜਾਬ ਦੇ ਲੋਕ ਆਪਣੀ ਅਸਹਿਮਤੀ ਜ਼ਾਹਰ ਕਰਨ ਲਈ ਚੋਣ ਪ੍ਰਕਿਰਿਆ ਦੀ ਵਰਤੋਂ ਕਰ ਰਹੇ ਹਨ। ਲੋਕਾਂ ਨੇ ਅਮ੍ਰਿਤਪਾਲ ਸਿੰਘ ਨੂੰ ਵੋਟਾਂ ਪਾਈਆਂ ਕਿਉਂਕਿ ਉਨ੍ਹਾਂ ਦਾ ਮੰਨਣਾ ਸੀ ਕਿ ਉਸ ਨਾਲ ਗ਼ਲਤ ਹੋਇਆ ਹੈ।”
“ਇਸ ਦੇ ਨਾਲ ਹੀ ਜਦੋ ਲੋਕਾਂ ਨੇ ਦੇਖਿਆ ਕਿ ਬੇਅੰਤ ਸਿੰਘ ਦਾ ਪਰਿਵਾਰ ਉਜੜ ਰਿਹਾ ਹੈ ਤੇ ਉਨ੍ਹਾਂ ਨੇ ਸਰਬਜੀਤ ਸਿੰਘ ਨੂੰ ਵੀ ਵੋਟ ਪਾਈ।"

ਤਸਵੀਰ ਸਰੋਤ, BBC/ BHARAT BHUSHAN
ਬਰਗਾੜੀ 'ਚ ਪ੍ਰਦੀਪ ਕਲੇਰ ਨੇ ਸੁਖਬੀਰ 'ਤੇ ਲਾਏ ਇਲਜ਼ਾਮ
ਸੁਖਬੀਰ ਸਿੰਘ ਬਾਦਲ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਆਪਣਾ ਸਪੱਸ਼ਟੀਕਰਨ ਸੌਂਪਿਆ।
ਇਸ ਤੋਂ ਬਾਅਦ ਬਰਗਾੜੀ ਬੇਅਦਬੀ ਮਾਮਲੇ ਦੇ ਮੁੱਖ ਮੁਲਜ਼ਮ ਡੇਰਾ ਸਿਰਸਾ ਸਮਰਥਕ ਪ੍ਰਦੀਪ ਕਲੇਰ ਨੇ ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਦਿੰਦਿਆਂ ਸੁਖਬੀਰ ਸਿੰਘ ਬਾਦਲ 'ਤੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨਾਲ ਮੁਲਾਕਾਤਾਂ ਕਰਨ ਦਾ ਇਲਜ਼ਾਮ ਲਗਾਇਆ ਹੈ।
ਕਲੇਰ ਨੇ ਇਹ ਵੀ ਇਲਜ਼ਾਮ ਲਾਇਆ ਕਿ ਸੁਖਬੀਰ ਸਿੰਘ ਬਾਦਲ ਨੇ ਈਸ਼ਨਿੰਦਾ ਕਾਂਡ ਵਿੱਚ ਗੁਰਮੀਤ ਰਾਮ ਰਹੀਮ ਲਈ ਸ੍ਰੀ ਅਕਾਲ ਤਖ਼ਤ ਤੋਂ ਮੁਆਫ਼ੀ ਦਵਾਈ ਸੀ।
ਇਨ੍ਹਾਂ ਇਲਜ਼ਾਮਾਂ ਤੋਂ ਬਾਅਦ ਅਕਾਲੀ ਦਲ ਅੰਦਰ ਸੰਕਟ ਹੋਰ ਤੇਜ਼ ਹੋ ਗਿਆ ਕਿਉਂਕਿ ਵਿਰੋਧੀਆਂ ਵੱਲੋਂ ਸੁਖਬੀਰ ਬਾਦਲ 'ਤੇ ਹਮਲੇ ਤੇਜ ਕਰ ਦਿੱਤੇ।
ਕਲੇਰ ਦੇ ਇਲਜ਼ਾਮਾਂ ਦੇ ਜਵਾਬ ਵਿੱਚ ਸੁਖਬੀਰ ਸਿੰਘ ਬਾਦਲ ਨੇ ਕਿਹਾ, "ਪ੍ਰਦੀਪ ਦੇ ਮੇਰੇ 'ਤੇ ਬੇਬੁਨਿਆਦ ਅਤੇ ਰਾਜਨੀਤੀ ਤੋਂ ਪ੍ਰੇਰਿਤ ਇਲਜ਼ਾਮ ਬਿਲਕੁਲ ਝੂਠੇ, ਰਾਜਨੀਤੀ ਤੋਂ ਪ੍ਰੇਰਿਤ ਅਤੇ ਪੂਰੀ ਤਰ੍ਹਾਂ ਅਸਵੀਕਾਰਨਯੋਗ ਹਨ।"
ਉਨ੍ਹਾਂ ਅੱਗੇ ਕਿਹਾ, "ਕਿਉਂਕਿ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪਹਿਲਾਂ ਹੀ ਇਹ ਮਾਮਲੇ ਵਿਚਾਰ ਅਧੀਨ ਹੈ, ਮੈਂ ਉਨ੍ਹਾਂ ਦੇ ਫ਼ੈਸਲੇ ਦੀ ਉਡੀਕ ਕਰਾਂਗਾ ਅਤੇ ਇਸ ਪਾਪੀ ਵਿਰੁੱਧ ਸਖ਼ਤ ਕਾਰਵਾਈ ਕਰਾਂਗਾ।"

ਤਸਵੀਰ ਸਰੋਤ, RAVINDER SINGH ROBIN/BBC
ਅਕਾਲੀ ਦਲ ਦਾ ਭਵਿੱਖ ਚੋਣ ਪ੍ਰਦਰਸ਼ਨ 'ਤੇ ਨਿਰਭਰ ਕਰਦਾ ਹੈ
ਪੰਜਾਬ ਯੂਨੀਵਰਸਿਟੀ ਦੇ ਪ੍ਰੋਫੈਸਰ ਆਸ਼ੂਤੋਸ਼ ਕੁਮਾਰ ਦਾ ਕਹਿਣਾ ਹੈ, “ਅਕਾਲੀ ਦਲ ਦੀਆਂ ਚੋਣਾਵੀਂ ਅਸਫ਼ਲਤਾਵਾਂ ਤੋਂ ਇਹ ਸੰਕੇਤ ਮਿਲਦਾ ਹੈ ਕਿ ਪਾਰਟੀ ਦੇ ਪਤਨ ਲਈ ਸੁਖਬੀਰ ਸਿੰਘ ਬਾਦਲ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ।”
“ਡੇਰਾ ਸਿਰਸਾ ਨਾਲ ਸਬੰਧਤ ਗੰਭੀਰ ਇਲਜ਼ਾਮਾਂ ਕਾਰਨ ਬਾਦਲ ਦੇ ਅਕਸ ਨੂੰ ਨੁਕਸਾਨ ਪਹੁੰਚਿਆ ਹੈ।”
ਉਨ੍ਹਾਂ ਅੱਗੇ ਕਿਹਾ, “ਜਦੋਂ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਬਣੇ ਸਨ, ਪਾਰਟੀ ਦਾ ਜਥੇਬੰਦਕ ਢਾਂਚਾ ਮਜ਼ਬੂਤ ਸੀ। ਹੁਣ, ਇਹ ਇਕਸੁਰਤਾ ਵਾਲੀ ਇਕਾਈ ਦੀ ਬਜਾਏ ਵਿਅਕਤੀਆਂ ਦਾ ਸੰਗ੍ਰਹਿ ਬਣ ਗਿਆ ਹੈ।”
ਅਕਾਲੀ ਦਲ ਦੇ ਅੰਦਰਲੇ ਪਿਛਲੇ ਧੜਿਆਂ ਦਾ ਹਵਾਲਾ ਦਿੰਦੇ ਹੋਏ, ਪ੍ਰੋ. ਆਸ਼ੂਤੋਸ਼ ਨੇ ਕਿਹਾ, “ਅਕਾਲੀ ਦਲ ਵਿੱਚ ਧੜੇ ਹਮੇਸ਼ਾ ਮੌਜੂਦ ਰਹੇ ਹਨ ਤੇ ਪਹਿਲਾਂ ਵੀ ਵਿਵਾਦ ਰਹੇ ਹਨ ਜਿਵੇਂ ਕਿ ਸੁਰਜੀਤ ਸਿੰਘ ਬਰਨਾਲਾ ਬਨਾਮ ਪ੍ਰਕਾਸ਼ ਸਿੰਘ ਬਾਦਲ ਦੇ ਦੌਰ ਤੋਂ ਲੈ ਕੇ ਪ੍ਰਕਾਸ਼ ਸਿੰਘ ਬਾਦਲ ਬਨਾਮ ਸਾਬਕਾ ਐੱਸਜੀਪੀਸੀ ਪ੍ਰਧਾਨ ਗੁਰਚਰਨ ਸਿੰਘ ਟੌਹੜਾ, ਅਤੇ ਬਾਅਦ ਬ੍ਰਹਮਪੁਰਾ ਅਤੇ ਢੀਂਡਸਾ ਨੇ ਬਗਾਵਤ ਕੀਤੀ ਸੀ।”
ਉਨ੍ਹਾਂ ਨੇ ਅੱਗੇ ਕਿਹਾ, “ਜੇ ਪਾਰਟੀ ਚੋਣਾਂ ਹਾਰ ਰਹੀ ਹੈ ਤਾਂ ਸੁਖਬੀਰ ਬਾਦਲ ਦੀ ਜਵਾਬਦੇਹੀ ਬਣਦੀ ਹੈ। ਆਖ਼ਰਕਾਰ, ਅਕਾਲੀ ਦਲ ਦਾ ਭਵਿੱਖ ਸਭ ਚੋਣਾਵੀਂ ਪ੍ਰਦਰਸ਼ਨ 'ਤੇ ਨਿਰਭਰ ਕਰਦਾ ਹੈ।”

ਤਸਵੀਰ ਸਰੋਤ, Getty Images
‘ਅਕਾਲੀ ਦਲ ਨੂੰ ਸੰਘੀ ਰਾਜਨੀਤੀ ਨੂੰ ਮੁੜ ਸੁਰਜੀਤ ਕਰਨ ਦੀ ਲੋੜ ਹੈ
ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਦਾ ਕਹਿਣਾ ਹੈ, “ਅਕਾਲੀ ਦਲ ਕੇਂਦਰੀ ਸਿਆਸੀ ਖੇਤਰ ਵਿੱਚ ਪਛੜ ਗਿਆ ਹੈ। ਅਕਾਲੀ ਦਲ ਨੇ ਪਹਿਲਾਂ ਆਪਣੀ ਰਾਜਨੀਤੀ ਨੂੰ ਅੱਗੇ ਵਧਾਉਣ ਲਈ ਧਰਮ ਅਤੇ ਇਸ ਦੀਆਂ ਸੰਸਥਾਵਾਂ ਦੀ ਵਰਤੋਂ ਕੀਤੀ।”
“ਸ੍ਰੀ ਅਕਾਲ ਤਖ਼ਤ ਦੀ ਸਿਆਸੀ ਲਾਹੇ ਲਈ, ਖ਼ਾਸ ਕਰਕੇ ਡੇਰਾ ਸਿਰਸਾ ਮੁਖੀ ਨੂੰ ਮੁਆਫ਼ੀ ਦਿਵਾਉਣ ਲਈ, ਬਹੁਤ ਜ਼ਿਆਦਾ ਵਰਤੋਂ ਕੀਤੀ ਗਈ ਸੀ।”
ਜਸਪਾਲ ਸਿੰਘ ਸਿੱਧੂ ਅੱਗੇ ਦੱਸਦੇ ਹਨ, “ਬਾਗ਼ੀ ਅਕਾਲੀ ਆਗੂ ਤਾਂ ਪਹਿਲਾ ਸੁਖਬੀਰ ਸਿੰਘ ਬਾਦਲ ਨਾਲ ਹੀ ਸੀ। ਉਨ੍ਹਾਂ ਦਾ ਮੌਜੂਦਾ ਉਦੇਸ਼ ਸਿਰਫ਼ ਚੋਣ ਸਫ਼ਲਤਾ ਹਾਸਲ ਕਰਨਾ ਹੈ ਤੇ ਉਹ ਉਸ ਬੰਦੇ ਦੀ ਭਾਲ ਵਿਚ ਹਨ ਜੋ ਉਨ੍ਹਾਂ ਨੂੰ ਜਿੱਤ ਦਿਵਾ ਸਕੇ।”
ਸਿੱਧੂ ਨੇ ਅੱਗੇ ਕਿਹਾ, “ਬਾਗ਼ੀ ਆਗੂ ਅਤੇ ਅਕਾਲੀ ਦਲ ਦੋਵੇਂ ਹੀ ਭਾਜਪਾ ਵੱਲ ਝੁਕਾਅ ਰੱਖਦੇ ਹਨ। ਪ੍ਰਦੀਪ ਕਲੇਰ ਮਾਮਲੇ ਵਿੱਚ ਵੀ ਸੁਖਬੀਰ ਬਾਦਲ ਨੇ ਭਾਜਪਾ ਦੀ ਆਲੋਚਨਾ ਨਹੀਂ ਕੀਤੀ।”
“ਅਕਾਲੀ ਦਲ ਨੂੰ ਆਪਣੀ ਰਾਜਨੀਤੀ ਨੂੰ ਮਜ਼ਬੂਤ ਸੰਘੀ ਪ੍ਰਣਾਲੀ ਅਤੇ ਖੇਤਰੀ ਲੋਕਤੰਤਰ ਨੂੰ ਉਤਸ਼ਾਹਿਤ ਕਰਨ ਵੱਲ ਬਦਲਣ ਦੀ ਲੋੜ ਹੈ, ਜਿਵੇਂ ਕਿ ਕੇਂਦਰ ਵਿੱਚ ਵਿਰੋਧੀ ਧਿਰਾਂ ਕਰ ਰਹੀਆਂ ਹਨ ਜਿਸ ਕਰਕੇ ਭਾਜਪਾ ਨੇ ਰੱਖਿਆਤਮਕ ਰੁਖ ਧਾਰਨ ਕੀਤਾ ਹੋਇਆ।”

ਤਸਵੀਰ ਸਰੋਤ, Getty Images
ਅਕਾਲੀ ਦਲ ਦੇ ਪੁਰਾਣੇ ਵਿਵਾਦ
ਸ਼੍ਰੋਮਣੀ ਅਕਾਲੀ ਦਲ ਅੰਦਰ ਵੱਖ-ਵੱਖ ਧੜੇ ਹਮੇਸ਼ਾ ਮੌਜੂਦ ਰਹੇ ਹਨ ਪਰ ਪਾਰਟੀ ਨਾਲੋਂ ਵੱਖ ਹੋਣ ਤੋਂ ਬਾਅਦ ਉਹ ਬਹੁਤ ਕਾਮਯਾਬ ਨਹੀਂ ਹੋਏ।
ਸਾਲ 1998 ਵਿੱਚ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਚਰਨ ਸਿੰਘ ਟੌਹੜਾ ਵਿਚਕਾਰ ਵਿਵਾਦ ਹੋ ਗਿਆ ਸੀ।
ਇਹ ਵਿਵਾਦ ਉਸ ਵੇਲੇ ਪੈਦਾ ਹੋਇਆ ਜਦੋਂ ਟੌਹੜਾ ਨੇ ਅਕਾਲੀ ਦਲ ਦੇ ਆਗੂਆਂ ਲਈ ‘ਇੱਕ ਲੀਡਰ, ਇੱਕ ਅਹੁਦਾ’ ਦਾ ਸਿਧਾਂਤ ਤਜਵੀਜ਼ ਕੀਤਾ।
ਸਾਲ 2018 ਵਿੱਚ ਰਣਜੀਤ ਸਿੰਘ ਬ੍ਰਹਮਪੁਰਾ, ਰਤਨ ਸਿੰਘ ਅਜਨਾਲਾ ਅਤੇ ਸੇਵਾ ਸਿੰਘ ਸੇਖਵਾਂ ਸਮੇਤ ਅਕਾਲੀ ਦਲ ਦੇ ਤਿੰਨ ਦਿੱਗਜ ਆਗੂਆਂ ਨੇ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੀ ਅਕਾਲੀ ਦਲ ਲੀਡਰਸ਼ਿਪ ਵਿਰੁੱਧ ਬਗ਼ਾਵਤ ਕਰ ਦਿੱਤੀ।
ਸਾਲ 2020 ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਅਤੇ ਉਨ੍ਹਾਂ ਦੇ ਪੁੱਤਰ ਤੇ ਸਾਬਕਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ, ਜਿਨ੍ਹਾਂ ਨੇ ਪਾਰਟੀ ਵਿਰੁੱਧ ਬਗ਼ਾਵਤ ਵੀ ਕੀਤੀ ਸੀ।
ਇਸ ਵੇਲੇ ਪੰਜਾਬ ਵਿੱਚ ਅਕਾਲੀ ਦਲ ਦੇ ਤਿੰਨ ਵਿਧਾਇਕਾਂ ਵਿੱਚੋਂ ਇੱਕ ਮਨਪ੍ਰੀਤ ਸਿੰਘ ਇਆਲੀ ਨੇ ਪਾਰਟੀ ਗਤੀਵਿਧੀਆਂ ਵਿੱਚ ਹਿੱਸਾ ਨਾ ਲੈਣ ਦਾ ਐਲਾਨ ਕੀਤਾ ਹੈ।
ਅਕਾਲੀ ਦਲ ਵਿੱਚ ਧੜੇਬੰਦੀਆਂ ਦਾ ਜ਼ਿਕਰ ਕਰਦਿਆਂ ਪ੍ਰੋਫੈਸਰ ਆਸ਼ੂਤੋਸ਼ ਕੁਮਾਰ ਨੇ ਕਿਹਾ, “ਅਕਾਲੀ ਦਲ ਵਿੱਚ ਧੜੇਬੰਦੀ ਕੋਈ ਨਵੀਂ ਗੱਲ ਨਹੀਂ ਹੈ। ਸਿਰਫ਼ ਉਹੀ ਧੜਾ ਕਾਮਯਾਬ ਹੈ ਜਿਸ ਕੋਲ ਸ਼੍ਰੋਮਣੀ ਕਮੇਟੀ ਨੂੰ ਕੰਟਰੋਲ ਹੈ।”












