ਅਕਾਲ ਤਖ਼ਤ ਵੱਲੋਂ ਸੁਖਬੀਰ ਬਾਦਲ ਤੇ ਸ਼੍ਰੋਮਣੀ ਕਮੇਟੀ ਨੂੰ ਤਲਬ ਕਰਨ ਦੇ ਕੀ ਮਾਅਨੇ ਹਨ, ਅੱਗੇ ਕੀ ਹੋ ਸਕਦਾ ਹੈ

ਤਸਵੀਰ ਸਰੋਤ, Ravinder Singh Robin/BBC
- ਲੇਖਕ, ਗੁਰਜੋਤ ਸਿੰਘ
- ਰੋਲ, ਬੀਬੀਸੀ ਪੱਤਰਕਾਰ
ਬਾਗ਼ੀ ਅਕਾਲੀ ਆਗੂਆਂ ਦੀ ਸੁਖਬੀਰ ਬਾਦਲ ਦੀ ਪ੍ਰਧਾਨਗੀ ਖ਼ਿਲਾਫ਼ ਵਿੱਢੀ ਗਈ ਮੁਹਿੰਮ ਦੇ ਵਿਚਾਲੇ ਸ੍ਰੀ ਅਕਾਲ ਤਖ਼ਤ ਸਕੱਤਰੇਤ ਨੇ ਸੁਖਬੀਰ ਬਾਦਲ ਨੂੰ ਤਲਬ ਕੀਤਾ ਹੈ।
ਸ੍ਰੀ ਅਕਾਲ ਤਖ਼ਤ ਸਾਹਿਬ ਸਕਤਰੇਤ ਵਿਖੇ ਪੰਜ ਸਿੰਘ ਸਾਹਿਬਾਨਾਂ ਦੀ ਬੈਠਕ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ 15 ਦਿਨਾਂ ਦੇ ਅੰਦਰ-ਅੰਦਰ ਨਿੱਜੀ ਤੌਰ ਉੱਤੇ ਪੁੱਜ ਕੇੇ ਲਿਖ਼ਤੀ ਰੂਪ ਵਿੱਚ ਸਪੱਸ਼ਟੀਕਰਨ ਦੇਣ ਲਈ ਕਿਹਾ ਗਿਆ ਗਿਆ ਹੈ।
ਦਰਅਸਲ 1 ਜੁਲਾਈ ਨੂੰ ਬਾਗ਼ੀ ਧੜੇ ਵਿੱਚ ਸ਼ਾਮਲ ਸੀਨੀਅਰ ਆਗੂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਏ ਸਨ। ਉਨ੍ਹਾਂ ਨੇ ਇਸ ਮੌਕੇ ਚਾਰ ਸਫ਼ਿਆਂ ਦਾ ਮੁਆਫ਼ੀਨਾਮਾ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਰਘਬੀਰ ਸਿੰਘ ਨੂੰ ਸੌਂਪਿਆ ਸੀ।
ੳੇੁਨ੍ਹਾਂ ਨੇ ਇਹ ਵੀ ਇਲਜ਼ਾਮ ਲਗਾਏ ਸਨ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਥਕ ਭਾਵਨਾਵਾਂ ਦੀ ਤਰਜਨਮਾਨੀ ਨਹੀਂ ਕੀਤੀ।
ਆਪਣੇ ਮੁਆਫ਼ੀਨਾਮੇ ਵਿੱਚ ਉਨ੍ਹਾਂ ਨੇ 2007 ਤੋਂ ਲੈ ਕੇ 2017 ਤੱਕ ਅਕਾਲੀ ਦਲ ਦੀ ਸਰਕਾਰ ਵੇਲੇ ਹੋਈਆਂ ਗਲਤੀਆਂ ਦੀ ਮੁਆਫ਼ੀ ਮੰਗੀ ਸੀ।
ਸੋਮਵਾਰ ਨੂੰ ਜਾਰੀ ਕੀਤੀਆਂ ਗਈਆਂ ਹਦਾਇਤਾਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੋਂ ਸਾਲ 2015 ਵਿੱਚ ਡੇਰਾ ਸੱਚਾ ਸੌਦਾ ਦੇ ਮੁਖੀ ਨੂੰ ਮੁਆਫ਼ੀ ਦੇਣ ਬਾਰੇ ਦਿੱਤੇ ਗਏ 90 ਲੱਖ ਰੁਪਏ ਦੇ ਇਸ਼ਤਿਹਾਰਾਂ ਬਾਰੇ ਵੀ ਸਪਸ਼ਟੀਕਰਨ ਮੰਗਿਆ ਗਿਆ ਹੈ।
ਸੋਮਵਾਰ ਨੂੰ ਹੀ ਇੱਕ ਪਾਸੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦੀ ਵੀ ਚੰਡੀਗੜ੍ਹ ਵਿੱਚ ਮੀਟਿੰਗ ਹੋਈ ਉੱਥੇ ਹੀ ਦੂਜੇ ਪਾਸੇ ਬਾਗ਼ੀ ਧੜੇ ਦੇ ਆਗੂਆਂ ਨੇ ਵੀ ਬੈਠਕ ਤੋਂ ਬਾਅਦ ਐਲਾਨ ਕੀਤੇ।
ਮੰਗਲਵਾਰ ਨੂੰ ਸੁਖਬੀਰ ਬਾਦਲ ਨੇ ਆਪਣੇ ਐਕਸ ਅਕਾਊਂਟ ਉੱਤੇ ਲਿਖਿਆ ਕਿ ਉਹ ਨਿਮਰਤਾ ਸਹਿਤ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋਣਗੇ।

ਤਸਵੀਰ ਸਰੋਤ, X/SukhbirBadal
ਬਾਗ਼ੀ ਧੜੇ ਨੇ ਕੀ ਐਲਾਨ ਕੀਤਾ
ਸੋਮਵਾਰ ਨੂੰ ਬੋਲਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਜਗੀਰ ਕੌਰ ਨੇ ਕਿਹਾ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਸ਼ੁਰੂ ਹੋ ਰਹੀ ਹੈ।

ਤਸਵੀਰ ਸਰੋਤ, RAVINDER SINGH ROBIN/BBC
ਉਨ੍ਹਾਂ ਕਿਹਾ ਕਿ ਇਸ ਲਹਿਰ ਦੇ ਕਨਵੀਨਰ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਬਣਾਇਆ ਗਿਆ ਹੈ।
ਗੁਰਪ੍ਰਤਾਪ ਸਿੰਘ ਵਡਾਲਾ ਮਰਹੂਮ ਅਕਾਲੀ ਆਗੂ ਕੁਲਦੀਪ ਸਿੰਘ ਵਡਾਲਾ ਦੇ ਪੁੱਤਰ ਹਨ, ਉਹ ਨਕੋਦਰ ਤੋਂ ਵਿਧਾਇਕ ਵੀ ਰਹਿ ਚੁੱਕੇ ਹਨ।
ਅਕਾਲੀ ਆਗੂਆਂ ਨੇ ਕੀ ਕਿਹਾ

ਤਸਵੀਰ ਸਰੋਤ, SAD
ਇਸ ਮਗਰੋਂ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਅਕਾਲੀ ਦਲ ਦੀ ਲੀਡਰਸ਼ਿਪ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਦੀ ਪਾਲਣਾ ਕਰੇਗੀ।
ਅਕਾਲੀ ਆਗੂ ਦਲਜੀਤ ਸਿੰਘ ਚੀਮਾ ਕਿਹਾ ਕਿ ਬਾਗ਼ੀ ਅਕਾਲੀ ਆਗੂ ਪਾਰਟੀ ਦਾ ਨੁਕਸਾਨ ਕਰਨਾ ਚਾਹੁੰਦੇ ਹਨ। ਉਹ ਕਹਿੰਦੇ ਹਨ ਸੁਖਬੀਰ ਬਾਦਲ ਨੇ ਕਈ ਮੀਟਿੰਗਾਂ ਕੀਤੀਆਂ ਉਦੋਂ ਉਨ੍ਹਾਂ ਨੇ ਆਪਣਾ ਪੱਖ ਨਹੀਂ ਰੱਖਿਆ।
'ਅਕਾਲੀ ਦਲ ਆਪਣੇ ਪੰਥਕ ਧੁਰੇ ਨੂੰ ਨਹੀਂ ਛੱਡ ਸਕਦਾ'

ਤਸਵੀਰ ਸਰੋਤ, Getty Images
ਪੰਜਾਬ ਵਿੱਚ ਅਕਾਲੀ ਸਿਆਸਤ ਬਾਰੇ ਕਿਤਾਬ ਲਿਖ ਚੁੱਕੇੇ ਅਮਨਪ੍ਰੀਤ ਸਿੰਘ ਗਿੱਲ ਪੰਜ ਸਿੰਘ ਸਾਹਿਬਾਨਾਂ ਵੱਲੋਂ ਅਕਾਲੀ ਦਲ ਬਾਰੇ ਦਿੱਤੀਆਂ ਗਈਆਂ ਹਦਾਇਤਾਂ ਨੂੰ ਅਹਿਮ ਮੰਨਦੇ ਹਨ।
ਅਮਨਪ੍ਰੀਤ ਸਿੰਘ ਗਿੱਲ ਦਿੱਲੀ ਦੇ ਸ੍ਰੀ ਗੁਰੂ ਤੇਗ਼ ਬਹਾਦਰ ਖਾਲਸਾ ਕਾਲਜ ਵਿੱਚ ਰਾਜਨੀਤੀ ਸ਼ਾਸਤਰ ਦੇ ਪ੍ਰੋਫ਼ੈਸਰ ਹਨ।
ਉਹ ਦੱਸਦੇ ਹਨ, “ਪਿਛਲੇ ਸਮੇਂ ਤੋਂ ਅਕਾਲੀ ਦਲ ਨੇ ਆਪਣੇ ਆਪ ਨੂੰ ਇੱਕ ਪੰਜਾਬੀ ਪਾਰਟੀ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਇਹ ਘਟਨਾ ਇਹ ਦਰਸਾਉਂਦੀ ਹੈ ਕਿ ਅਕਾਲੀ ਦਲ ਆਪਣੇ ਪੰਥਕ ਧੁਰੇ ਨੂੰ ਨਹੀਂ ਛੱਡ ਸਕਦਾ।”
ਅਕਾਲੀ ਦਲ ਵਿੱਚ ਅਗਲੇ ਸਮੇਂ ਵਿੱਚ ਬਦਲਾਅ ਦੀ ਸੰਭਾਵਨਾ ਬਾਰੇ ਉਹ ਕਹਿੰਦੇ ਹਨ ਕਿ ਬਾਗ਼ੀ ਧੜੇ ਵਿੱਚ ਸੀਨੀਅਰ ਅਕਾਲੀ ਆਗੂ ਸ਼ਾਮਲ ਹਨ ਜੋ ਕਿ ਨਾ ਇੱਕ ਪਰਿਵਾਰ ਹਨ ਨਾ ਇੱਕ ਗਰੁੱਪ ਹਨ।
ਉਹ ਦੱਸਦੇ ਹਨ ਕਿ ਪਿਛਲੇ ਸਮੇਂ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਦੇ ਸੰਦਰਭ ਵਿੱਚ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਹਦਾਇਤਾਂ ਜਾਂ ਹੁਕਮ ਜਾਰੀ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਸਾਲ 1987 ਵਿੱਚ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਦੀ ਸਰਕਾਰ ਮੌਕੇ ਪੰਜ ਸਿੰਘ ਸਾਹਿਬਾਨਾਂ ਨੇ ਸਾਰੇ ਅਕਾਲੀ ਧੜ੍ਹਿਆਂ ਨੂੰ ਇੱਕਜੁੱਟ ਹੋਣ ਦਾ ਹੁਕਮ ਦਿੱਤਾ ਸੀ।
ਉਹ ਦੱਸਦੇ ਹਨ ਕਿ ਉਸ ਵੇਲੇ ਅਕਾਲ ਤਖ਼ਤ ਦੇ ਜਥੇਦਾਰ ਦਰਸ਼ਨ ਸਿੰਘ ਵੱਲੋਂ ਸਾਰੇ ਅਕਾਲੀ ਧੜ੍ਹਿਆਂ ਨੂੰ ਜੋਗਿੰਦਰ ਸਿੰਘ ਵਾਲੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਲਈ ਕਿਹਾ ਗਿਆ ਸੀ।
ਉਹ ਕਹਿੰਦੇ ਹਨ ਕਿ ਬੀਤੇ ਸਾਲਾਂ ਵਿੱਚ ਅਕਾਲੀ ਦਲ ਵਿੱਚ ਆਏ ਨਿਘਾਰ ਨੇ ਪਾਰਟੀ ਦੀ ਹੋਂਦ ਬਾਰੇ ਹੀ ਸੰਕਟ ਖੜ੍ਹਾ ਕਰ ਦਿੱਤਾ ਹੈ।

'ਬਾਗ਼ੀ ਧੜ੍ਹੇ ਨੂੰ ਪ੍ਰਵਾਨਗੀ ਮਿਲੀ'

ਸੀਨੀਅਰ ਪੱਤਰਕਾਰ ਬਲਜੀਤ ਬੱਲੀ ਕਹਿੰਦੇ ਹਨ ਕਿ ਸੁਖਬੀਰ ਬਾਦਲ ਨੂੰ ਜਿਵੇਂ ਨਿੱਜੀ ਤੌਰ ਉੱਤੇ ਪਹੁੰਚ ਕੇ ਜਵਾਬ ਦੇਣ ਲਈ ਕਿਹਾ ਗਿਆ ਹੈ ਤੇ ਬਾਗ਼ੀ ਧੜੇ ਦੇ ਇਲਜ਼ਾਮਾਂ ਦਾ ਪੰਜ ਸਿੰਘ ਸਾਹਿਬਾਨਾਂ ਵੱਲੋਂ ਨੋਟਿਸ ਲਿਆ ਗਿਆ ਹੈ ਉਸ ਨਾਲ ਬਾਗ਼ੀ ਆਗੂਆਂ ਨੂੰ ਇੱਕ ਤਰੀਕੇ ਨਾਲ ਮਾਨਤਾ ਮਿਲੀ ਹੈ।
ਉਨ੍ਹਾਂ ਨੇ ਦੱਸਿਆ ਕਿ ਸੁਖਬੀਰ ਬਾਦਲ ਦਾ ਜਵਾਬ ਪਹੁੰਚਣ ਤੋਂ ਬਾਅਦ ਪੰਜ ਸਿੰਘ ਸਾਹਿਬਾਨ ਫ਼ਿਰ ਇਸ ਦੀ ਸਮੀਖਿਆ ਕਰਨਗੇ ਅਤੇ ਦੇਖਣਗੇ ਕਿ ਇਹ ਤੱਥਾਂ ਨਾਲ ਮੇਲ ਖਾਂਦਾ ਹੈ ਜਾਂ ਨਹੀਂ, ਇਸ ਤੋਂ ਇਲਾਵਾ ਜਵਾਬ ’ਤੇ ਸਵਾਲ ਹੋ ਸਕਦੇ ਹਨ।
ਉਨ੍ਹਾਂ ਕਿਹਾ ਕਿ ਐੱਸਜੀਪੀਸੀ ਵੱਲੋਂ ਦਿੱਤੇੇ ਗਏ ਇਸ਼ਤਿਹਾਰਾਂ ਬਾਰੇ ਵੀ ਪਹਿਲਾਂ ਮੁਆਫ਼ੀ ਨਹੀਂ ਮੰਗੀ ਗਈ।
ਉਹ ਕਹਿੰਦੇ ਹਨ ਕਿ ਸੋਮਵਾਰ ਦੀਆਂ ਹਦਾਇਤਾਂ ਨੂੰ ਗਜਿੰਦਰ ਸਿੰਘ ਦੇ ਭੋਗ ਮੌਕੇ ਦਿੱਤੀਆਂ ਗਈਆਂ ਹਦਾਇਤਾਂ ਨਾਲ ਵੀ ਜੋੜ ਕੇ ਦੇਖਣਾ ਚਾਹੀਦਾ ਹੈ।
ਗਜਿੰਦਰ ਸਿੰਘ ਜਰਨੈਲ ਸਿੰਘ ਭਿੰਡਰਾਵਾਲੇ ਦੀ ਰਿਹਾਈ ਲਈ ਜਹਾਜ਼ ਅਗਵਾ ਕਰਨ ਵਾਲੇ ਦਲ ਖਾਲਸਾ ਦੇ ਆਗੂਆਂ ਵਿੱਚੋ ਇੱਕ ਸਨ।
ਉਨ੍ਹਾਂ ਦੀ ਜੁਲਾਈ ਮਹੀਨੇ ਦੀ ਸ਼ੁਰੂਆਤ ਵਿੱਚ ਪਾਕਿਸਤਾਨ ਵਿੱਚ ਮੌਤ ਹੋ ਗਈ ਸੀ।

ਤਸਵੀਰ ਸਰੋਤ, Ravinder Singh Robin/BBC
ਇਸ ਮੌਕੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੇ ਗਜਿੰਦਰ ਸਿੰਘ, ਹਰਦੀਪ ਸਿੰਘ ਨਿੱਝਰ ਅਤੇ ਪਰਮਜੀਤ ਸਿੰਘ ਪੰਜਵੜ ਦੀਆਂ ਤਸਵੀਰਾਂ ਕੇਂਦਰੀ ਸਿੱਖ ਅਜਾਇਬਘਰ ਵਿੱਚ ਲਗਾਏ ਜਾਣ ਦੀ ਗੱਲ ਕਹੀ ਸੀ।
ਬਲਜੀਤ ਬੱਲੀ ਦੱਸਦੇ ਹਨ ਕਿ ਇਹ ਤਿੰਨੋ ਨਾਂ ਖਾਲਿਸਤਾਨ ਲਹਿਰ ਨਾਲ ਜੁੜੇ ਰਹੇ ਹਨ।
ਉਹ ਕਹਿੰਦੇ ਹਨ ਇਹ ਇਸ ਗੱਲ ਵੱਲ੍ਹ ਸੰਕੇਤ ਕਰਦਾ ਹੈ ਕਿ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਅਤੇ ਪੰਜ ਸਿੰਘ ਸਾਹਿਬਾਨ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦੇ ਮੁਤਾਬਕ ਨਹੀਂ ਚੱਲ ਰਹੇੇ।
ਲੰਬੇ ਸਮੇਂ ਤੋਂ ਪੰਜਾਬ ਕਵਰ ਕਰਦੇ ਆ ਰਹੇ ਬਲਜੀਤ ਬੱਲੀ ਦੱਸਦੇ ਹਨ, “ਜਦੋਂ ਵੀ ਅਕਾਲੀ ਦਲ ਵਿੱਚ ਧੜ੍ਹੇਬੰਦੀ ਹੁੰਦੀ ਹੈ ਜਾਂ ਨਿਘਾਰ ਆਉਂਦਾ ਹੈ ਉਦੋਂ ਹਮੇਸ਼ਾ ਹੀ ਕੱਟੜਪੰਥੀ ਧਿਰਾਂ ਹਾਵੀ ਹੁੰਦੀਆਂ ਹਨ।”
ਉਹ ਕਹਿੰਦੇ ਹਨ, “ਜਦੋਂ ਨਰਮ ਅਕਾਲੀ ਧਿਰਾਂ ਕਮਜ਼ੋਰ ਹੁੰਦੀਆਂ ਹਨ ਉਦੋਂ ਗਰਮਦਲੀਏ ਅਕਾਲੀਆਂ ਨੂੰ ਥਾਂ ਮਿਲਦੀ ਹੈ, ਹੁਣ ਵੀ ਅਜਿਹਾ ਹੀ ਹੋ ਰਿਹਾ ਹੈ।”
ਬਾਗ਼ੀ ਅਕਾਲੀਆਂ ਅਤੇ ਅਕਾਲੀ ਦਲ ਬਾਰੇ ਉਹ ਕਹਿੰਦੇ ਹਨ ਦੋਵੇਂ ਧਿਰਾਂ ਆਪਣੇ ਆਪ ਨੂੰ ਇੱਕ ਤੋਂ ਵੱਡੇ ਪੰਥਕ ਦਿਖਾਉਣ ਦੀ ਕੋਸ਼ਿਸ਼ ਵਿੱਚ ਹਨ।
ਅਕਾਲੀ ਦਲ ਦੇ ਭਵਿੱਖ ਬਾਰੇ ਉਹ ਕਹਿੰਦੇ ਹਨ ਕਿ ਆਉਂਦੇ ਸਮੇਂ ਵਿੱਚ ਅਜਿਹੀ ਸੰਭਾਵਨਾ ਹੈ ਕਿ ਅਕਾਲੀ ਦਲ ਦਾ ਸੰਕਟ ਹੋਰ ਡੂੰਘਾ ਹੋਵੇਗਾ, ਇਸ ਵਿੱਚ ਖਿੰਡਾਅ ਵਧੇਗਾ ਤੇ ਅਕਾਲੀ ਦਲ ਹੋਰ ਕਮਜ਼ੋਰ ਹੋਵੇਗਾ।
ਸੁਖਬੀਰ ਬਾਦਲ ਸਾਲ 2008 ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣੇ ਸਨ।
ਸੁਖਬੀਰ ਬਾਦਲ ਦੀ ਪ੍ਰਧਾਨਗੀ ਦੇ ਵਿਰੋਧ ਵਿੱਚ ਅਕਾਲੀ ਆਗੂਆਂ ਦੇ ਨਿੱਤਰਨ ਦੇ ਇਹ ਪਹਿਲੀ ਘਟਨਾ ਨਹੀਂ ਹੈ।
ਇਸ ਤੋਂ ਪਹਿਲਾਂ ਸਾਲ 2018 ਵਿੱਚ ਮਾਝੇ ਦੇ ਸੀਨੀਅਰ ਆਗੂ ਮੰਨੇ ਜਾਂਦੇ ਮਰਹੂਮ ਸੇਵਾ ਸਿੰਘ ਸੇਖਵਾਂ, ਰਤਨ ਸਿੰਘ ਅਜਨਾਲਾ ਤੇ ਮਰਹੂਮ ਰਣਜੀਤ ਸਿੰਘ ਬ੍ਰਹਮਪੁਰਾ ਨੇ ਵੀ ਸੁਖਬੀਰ ਬਾਦਲ ਨੂੰ ਪਾਰਟੀ ਦੀ ਪ੍ਰਧਾਨਗੀ ਤੋਂ ਲਾਂਭੇ ਕੀਤੇ ਜਾਣ ਦੀ ਆਵਾਜ਼ ਚੁੱਕੀ ਸੀ।
ਉਨ੍ਹਾਂ ਨੇ ਇਕੱਠਿਆਂ ਅਕਾਲੀ ਦਲ ਟਕਸਾਲੀ ਦਾ ਗਠਨ ਕੀਤਾ ਸੀ।
ਇਸ ਤੋਂ ਇੱਕ ਸਾਲ ਬਾਅਦ ਹੀ ਮਾਲਵੇ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਨੇ ਵੀ ਬਾਗੀ ਸੁਰਾਂ ਨਾਲ ਆਪਣੀ ਆਵਾਜ਼ ਰਲਾਈ ਸੀ।
2022 ਵਿੱਚ ਭਾਜਪਾ ਨਾਲ ਰਲ ਕੇ ਚੋਣਾਂ ਲੜਨ ਤੋਂ ਬਾਅਦ ਸੁਖਦੇਵ ਸਿੰਘ ਢੀਂਡਸਾ ਮੁੜ ਮਾਰਚ 2024 ਵਿੱਚ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੇ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਸਨ।
ਜਥੇਦਾਰਾਂ ਦੀ ਬੈਠਕ ਵਿੱਚ ਹੋਰ ਕੀ ਫ਼ੈਸਲੇ ਕੀਤੇ ਗਏ

ਤਸਵੀਰ ਸਰੋਤ, X/SGPC
ਪੰਜ ਸਿੰਘ ਸਾਹਿਬਾਨਾਂ ਦੀ ਬੈਠਕ ਵਿੱਚ ਗੁਰਦੁਆਰਾ ਸਹਿਬਾਨਾਂ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਰੋਕਣ ਲਈ ਵੀ ਹਦਾਇਤਾਂ ਕੀਤੀਆਂ ਗਈਆਂ।
ਅਕਾਲ ਤਖ਼ਤ ਸਕੱਤਰੇਤ ਵੱਲੋਂ ਜਾਰੀ ਹੋਏ ਪ੍ਰੈੱਸ ਨੋਟ ਮੁਤਾਬਕ ਇਹ ਹਦਾਇਤ ਕੀਤੀ ਗਈ ਕਿ ਹਰੇਕ ਗੁਰਦੁਆਰਾ ਸਾਹਿਬ ਵਿੱਚ 24 ਘੰਟਿਆਂ ਲਈ ਪੱਕੇ ਤੌਰ ਉੱਤੇ ਸੇਵਾਦਾਰਾਂ ਦੀ ਡਿਊਟੀ ਯਕੀਨੀ ਬਣਾਈ ਜਾਵੇ।
ਇਹ ਵੀ ਕਿਹਾ ਗਿਆ ਕਿ ਇਸ ਵਿੱਚ ਕੁਤਾਹੀ ਹੋਣ ਉੱਤੇ ਜਾਂ ਬੇਅਦਬੀ ਹੋਣ ਦੀ ਸੂਰਤ ਵਿੱਚ ਸਬੰਧਤ ਗੁਰਦੁਆਰਾ ਸਾਹਿਬ ਕਮੇਟੀ ਜ਼ਿੰਮੇਵਾਰ ਹੋਵੇਗੀ ਅਤੇ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇਸ ਤੋਂ ਇਲਾਵਾ ਜਿੱਥੇ ਇੱਕ ਸਿੱਖ ਸ਼ਖ਼ਸੀਅਤ ਨੂੰ 'ਪੰਥ ਸੇਵਕ' ਦਾ ਸਨਮਾਨ ਦਿੱਤਾ ਗਿਆ ਉੱਥੇ ਹੀ ਵਾਤਾਵਰਣ ਪ੍ਰਤੀ ਭੂਮਿਕਾ ਨਿਭਾਉਣ ਲਈ ਵੀ ਸਿੱਖਾਂ ਨੂੰ ਹਦਾਇਤ ਕੀਤੀ ਗਈ ਅਤੇ ਹਰੇਕ ਨੂੰ ਇੱਕ ਰੁੱਖ ਲਗਾਉਣ ਲਈ ਕਿਹਾ ਗਿਆ।

ਤਸਵੀਰ ਸਰੋਤ, Getty Images
ਅਕਾਲ ਤਖ਼ਤ ਕੀ ਹੈ

ਤਸਵੀਰ ਸਰੋਤ, RAVINDER SINGH ROBIN/BBC
ਅਕਾਲ ਤਖ਼ਤ ਸਿੱਖਾਂ ਦੇ ਪੰਜ ਤਖਤਾਂ ਵਿੱਚੋਂ ਪਹਿਲਾ ਅਤੇ ਸਰਬਉੱਚ ਤਖ਼ਤ ਹੈ। ਇਤਿਹਾਸਕ ਸਰੋਤਾਂ ਮੁਤਾਬਕ ਇਸ ਦੀ ਸਥਾਪਨਾ ਸਿੱਖਾਂ ਦੇ ਛੇਵੇਂ ਗੁਰੂ, ਗੁਰੂ ਹਰਗੋਬਿੰਦ ਜੀ ਨੇ ਕੀਤੀ ਸੀ।
ਇਹ ਹਰਿਮੰਦਰ ਸਾਹਿਬ ਸਮੂਹ, ਅੰਮ੍ਰਿਤਸਰ ਸਾਹਿਬ ਦੇ ਅੰਦਰ ਹੀ ਉਸਰਿਆ ਹੋਇਆ ਹੈ।
ਸਿੱਖ ਇਤਿਹਾਸਕਾਰ ਡਾਕਟਰ ਸੁਖਦਿਆਲ ਸਿੰਘ ਆਪਣੀ ਕਿਤਾਬ ‘ਖ਼ਾਲਸਾ ਪੰਥ ਦੇ ਪੰਜ ਤਖ਼ਤ’ ਵਿੱਚ ਲਿਖਦੇ ਹਨ-‘ਅਕਾਲ ਤਖ਼ਤ ਸਮੁੱਚੇ ਸਿੱਖ ਪੰਥ ਦਾ ਕੇਂਦਰ ਹੈ ਅਤੇ ਜਿਹੜਾ ਹੁਕਮਨਾਮਾ ਅਕਾਲ ਤਖ਼ਤ ਵੱਲੋਂ ਜਾਰੀ ਹੁੰਦਾ ਹੈ,ਉਹ ਸਮੁੱਚੇ ਪੰਥ ਦੇ ਨਾਮ ਜਾਰੀ ਹੁੰਦਾ ਹੈ,ਇਸ ਲਈ ਇਹ ਹੁਕਮਨਾਮਾ ਸਾਰੇ ਸਿੱਖਾਂ ਲਈ ਮੰਨਣਾ ਜ਼ਰੂਰੀ ਹੁੰਦਾ ਹੈ।’
ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਨੂੰ 400 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਹੈ ਅਤੇ ਇਤਿਹਾਸ ਵਿੱਚ ਕਈ ਉਦਾਹਰਨਾਂ ਮਿਲਦੀਆਂ ਹਨ ਜਿਸ ਤੋਂ ਪਤਾ ਲੱਗਦਾ ਹੈ ਕਿ ਸੰਕਟ ਦੇ ਸਮੇਂ ਧਾਰਮਿਕ ਫੈਸਲਿਆਂ ਅਤੇ ਅੱਗੇ ਦੀ ਰਣਨੀਤੀ ਲਈ ਸਿੱਖ ਇੱਥੇ ਇਕੱਤਰ ਹੁੰਦੇ ਰਹੇ ਹਨ।












