ਅਕਾਲ ਤਖ਼ਤ ਦਾ ਕੀ ਹੈ ਇਤਿਹਾਸ, ਮਸਲਿਆਂ ਦੇ ਹੱਲ ਲਈ ਸਿੱਖਾਂ ਦੀ ਟੇਕ ਜਥੇਦਾਰ ਉੱਤੇ ਕਿਉਂ ਰਹਿੰਦੀ ਹੈ

ਤਸਵੀਰ ਸਰੋਤ, FB/SukhbirSinghBadal
- ਲੇਖਕ, ਅਰਸ਼ਦੀਪ ਕੌਰ
- ਰੋਲ, ਬੀਬੀਸੀ ਪੱਤਰਕਾਰ
ਸ਼੍ਰੋਮਣੀ ਅਕਾਲੀ ਦਲ ਭਾਰਤ ਦੀ ਸਭ ਤੋਂ ਪੁਰਾਣੀ ਖੇਤਰੀ ਸਿਆਸੀ ਪਾਰਟੀ ਹੈ, 100 ਸਾਲ ਤੋਂ ਵੱਧ ਪੁਰਾਣੇ ਇਤਿਹਾਸ ਵਾਲੀ ਇਹ ਪਾਰਟੀ ਇਸ ਵੇਲੇ ਔਖੇ ਸਮੇਂ ਤੋਂ ਗੁਜ਼ਰ ਰਹੀ ਹੈ।
ਸਿੱਖ ਕੌਮ ਦੀ ਸਿਆਸੀ ਨੁੰਮਾਇਦਾ ਪਾਰਟੀ ਹੋਣ ਦਾ ਦਾਅਵਾ ਕਰਨ ਵਾਲੀ ਇਸ ਪਾਰਟੀ ਦੇ ਸੀਨੀਅਰ ਆਗੂ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਅੱਜ ਅਕਾਲ ਤਖ਼ਤ ਫੈਸਲਾ ਸੁਣਾਵੇਗਾ।
ਦਰਅਸਲ ਅਕਾਲੀ ਦਲ ਤੋਂ ਬਾਗੀ ਹੋਏ ਧੜੇ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਅਕਾਲੀ ਸਰਕਾਰ ਸਮੇਂ ਲਏ ਗਏ ਕੁੱਝ ਫੈਸਲਿਆਂ ਉੱਤੇ ਸਵਾਲ ਚੁੱਕੇ ਸਨ।
30 ਅਗਸਤ ਨੂੰ ਪੰਜ ਸਿੰਘ ਸਾਹਿਬਾਨਾਂ ਨੇ ਅਕਾਲ ਤਖਤ ਤੋਂ ਸੁਖਬੀਰ ਸਿੰਘ ਬਾਦਲ ਨੂੰ 2007 ਤੋਂ 2017 ਤੱਕ ਰਹੀ ਅਕਾਲੀ ਸਰਕਾਰ ਦੇ ਵਿਵਾਦਿਤ ਫੈਸਲਿਆਂ ਕਰਕੇ ਤਨਖਾਹੀਆ ਕਰਾਰ ਦਿੱਤਾ ਸੀ।
ਸੁਖਬੀਰ ਸਿੰਘ ਬਾਦਲ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਰਘਬੀਰ ਸਿੰਘ ਨੂੰ ਇੱਕ ਚਿੱਠੀ ਲਿਖੀ ਸੀ ਅਤੇ ਜਲਦੀ ਫੈਸਲਾ ਸੁਣਵਾਉਣ ਦੀ ਬੇਨਤੀ ਕੀਤੀ ਸੀ।
ਅੱਜ ਇਸ ਰਿਪੋਰਟ ਵਿੱਚ ਜਾਨਣ ਦੀ ਕੋਸ਼ਿਸ਼ ਕਰਾਂਗੇ ਕਿ ਧਾਰਮਿਕ ਜਾਂ ਰਾਜਨੀਤਿਕ ਸੰਕਟ ਦੌਰਾਨ ਸਿੱਖ ਅਕਾਲ ਤਖ਼ਤ ਸਾਹਿਬ ਦਾ ਰੁਖ ਕਿਉਂ ਕਰਦੇ ਹਨ ।
ਇਸ ਦਾ ਇਤਿਹਾਸਿਕ ਪਿਛੋਕੜ ਅਤੇ ਇਸ ਮਾਮਲੇ ਵਿੱਚ ਅੱਗੇ ਕੀ ਹੋ ਸਕਦਾ ਹੈ, ਇਸ ਰਿਪੋਰਟ ਰਾਹੀਂ ਅਸੀਂ ਜਾਨਣ ਦੀ ਕੋਸ਼ਿਸ਼ ਕਰਾਂਗੇ।

ਤਸਵੀਰ ਸਰੋਤ, Ravinder Singh Robin/BBC
ਸਿੱਖੀ ਦੇ ਤਖਤਾਂ ਦਾ ਸਕੰਲਪ
ਭਾਰਤ ਵਿੱਚ ਸਿੱਖ ਕੌਮ ਦੇ 5 ਸ਼੍ਰੋਮਣੀ ਅਸਥਾਨ ਹਨ, ਜਿਨ੍ਹਾਂ ਨੂੰ ਤਖ਼ਤ ਕਿਹਾ ਜਾਂਦਾ ਹੈ, ਤਖ਼ਤ ਫਾਰਸੀ ਦਾ ਸ਼ਬਦ ਹੈ, ਜਿਸ ਦਾ ਅਰਥ ਹੈ, ਸ਼ਾਹੀ ਸਿੰਘਾਸਣ । ਜਿਸ ਉੱਤੇ ਬੈਠ ਕੇ ਰਾਜਾ, ਮਹਾਰਾਜਾ ਆਪਣਾ ਸਾਸ਼ਨ ਚਲਾਉਦਾ ਹੈ। ਅਜਿਹੇ ਸਾਰੇ ਤਖ਼ਤ ਸਮੇਂ ਵਿੱਚ ਬੱਝੇ ਹੋਏ ਹਨ ਅਤੇ ਨਾਸ਼ਵਾਨ ਹਨ।
ਪਰ ਸ਼੍ਰੋਮਣੀ ਕਮੇਟੀ ਦੀ ਵੈੱਬਸਾਇਟ ਉੱਤੇ ਉਪਲੱਬਧ ਜਾਣਕਾਰੀ ਮੁਤਾਬਕ, ‘‘ਗੁਰਮਤਿ ਵਿਚ ਜਿਸ ਤਖ਼ਤ ਦਾ ਜਿਕਰ ਆਉਂਦਾ ਹੈ, ਉਹ ਨਾਸ਼ਮਾਨ ਨਹੀਂ ਹੈ, ਸਦੀਵੀ ਹੈ। ਤਖ਼ਤ ਦੇ ਅਜਿਹੇ ਸਕੰਲਪ ਨੂੰ ਗੁਰੂ ਸਾਹਿਬਾਨ ਨੇ ਆਪ ਰੂਪਮਾਨ ਕੀਤਾ ਹੈ। ਅਤੇ ਅਮਲੀ ਜਾਮਾ ਪਹਿਨਾਇਆ ਹੈ।’’
‘‘ਸੋ ਸਿੱਖ ਵਿੱਚ ਤਖ਼ਤ ਕੋਈ ਵਿਅਕਤੀ ਸਮੂਹ ਦੀਆਂ ਗਤੀਵਿਧੀਆਂ ਦਾ ਕੇਂਦਰ ਨਹੀਂ ਬਲਕਿ ਸਗੋਂ ਗੁਰੂ ਪੰਥ ਦੀ ਨਿਰਪੱਖ਼- ਸੁਤੰਤਰ ਪ੍ਰਭੂਸੱਤਾ ਸੰਪੰਨ ਸੰਸਥਾ ਹੈ।’’
ਸ਼੍ਰੋਮਣੀ ਕਮੇਟੀ ਵਲੋਂ ਉਪਲੱਬਧ ਜਾਣਕਾਰੀ ਮੁਤਾਬਕ ‘ਗੁਰਦੁਆਰੇ ਸਭ ਦੇ ਸਾਂਝੇ ਹਨ, ਪਰ ਤਖਤਾਂ ਦਾ ਸਬੰਧ ਵਿਸ਼ੇਸ਼ ਤੌਰ ਉੱਤੇ ਗੁਰਸਿੱਖਾਂ ਨਾਲ ਹੈ।
ਤਖ਼ਤਾਂ ਦੀਆਂ ਗਤੀਵਿਧੀਆਂ ਦਾ ਸੰਚਾਲਨ ਸ਼੍ਰੋਮਣੀ ਕਮੇਟੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਨਾਮਜ਼ਦ ਜਥੇਦਾਰ ਕਰਦੇ ਹਨ।
ਸਿੱਖਾਂ ਦੇ 5 ਤਖ਼ਤ ਹਨ, ਅਕਾਲ ਤਖ਼ਤ ਅਮ੍ਰਿਤਸਰ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਬਿਲਕੁੱਲ ਸਾਹਮਣੇ ਹੈ।
ਦੂਜਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਅਨੰਦਪੁਰ ਸਾਹਿਬ ਵਿੱਚ ਹੈ। ਇੱਥੇ 1699 ਦੀ ਵਿਸਾਖੀ ਨੂੰ ਖਾਲਸਾ ਪੰਥ ਦੀ ਸਾਜਨਾ ਕੀਤੀ ਗਈ ਸੀ। ਇੱਥੋਂ ਹੀ ਸਿੱਖਾਂ ਨੂੰ ਕੇਸਾਂ ਸਣੇ 5 ਕਕਾਰ ਰੱਖਣ ਦੀ ਰਹਿਤ ਸ਼ੁਰੂ ਹੋਈ ਸੀ।
ਤੀਜਾ ਤਖ਼ਤ ਦਮਦਮਾ ਸਾਹਿਬ ਹੈ, ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਨੌਵੇਂ ਗੁਰੂ ਸ੍ਰੀ ਤੇਗ ਬਹਾਦਰ ਸਾਹਿਬ ਦੀ ਬਾਣੀ ਦਰਜ ਕਰਵਾਈ ਅਤੇ ਸਰੂਪ ਸੰਪੰਨ ਕੀਤਾ ਸੀ।
ਚੌਥਾ ਤਖ਼ਤ ਸ੍ਰੀ ਹਰਿਮੰਦਰ ਜੀ, ਪਟਨਾ ਵਿੱਚ ਹੈ। ਇੱਥੇ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ ਸੀ।
ਪੰਜਵਾ ਤਖ਼ਤ ਅਬਚਲ ਨਗਰ ਨਾਂਦੇੜ , ਮਹਾਰਾਸਟਰ ਵਿੱਚ ਹੈ, ਇੱਥੇ ਦਸਵ ਗੁਰੂ ਦਾ ਆਖ਼ਰੀ ਸਮਾਂ ਬੀਤਿਆ, ਇੱਥੇ ਹੀ ਉਨ੍ਹਾਂ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਦੇ ਕੇ ਕੌਮ ਨੂੰ ਸ਼ਬਦ ਗੁਰੂ ਲੜ ਲਾਇਆ।
ਅਕਾਲ ਤਖ਼ਤ ਕੀ ਹੈ

ਤਸਵੀਰ ਸਰੋਤ, Ravinder Singh Robin/BBC
ਅਕਾਲ ਤਖ਼ਤ ਸਿੱਖਾਂ ਦੇ ਪੰਜ ਤਖਤਾਂ ਵਿੱਚੋਂ ਪਹਿਲਾ ਅਤੇ ਸਰਬਉੱਚ ਤਖ਼ਤ ਹੈ। ਇਤਿਹਾਸਕ ਸਰੋਤਾਂ ਮੁਤਾਬਕ ਇਸ ਦੀ ਸਥਾਪਨਾ ਸਿੱਖਾਂ ਦੇ ਛੇਵੇਂ ਗੁਰੂ, ਗੁਰੂ ਹਰਗੋਬਿੰਦ ਜੀ ਨੇ ਕੀਤੀ ਸੀ।
ਇਹ ਹਰਿਮੰਦਰ ਸਾਹਿਬ ਸਮੂਹ, ਅੰਮ੍ਰਿਤਸਰ ਸਾਹਿਬ ਦੇ ਅੰਦਰ ਹੀ ਉਸਰਿਆ ਹੋਇਆ ਹੈ।
ਸਿੱਖ ਇਤਿਹਾਸਕਾਰ ਡਾਕਟਰ ਸੁਖਦਿਆਲ ਸਿੰਘ ਆਪਣੀ ਕਿਤਾਬ ‘ਖ਼ਾਲਸਾ ਪੰਥ ਦੇ ਪੰਜ ਤਖ਼ਤ’ ਵਿੱਚ ਲਿਖਦੇ ਹਨ-‘ਅਕਾਲ ਤਖ਼ਤ ਸਮੁੱਚੇ ਸਿੱਖ ਪੰਥ ਦਾ ਕੇਂਦਰ ਹੈ ਅਤੇ ਜਿਹੜਾ ਹੁਕਮਨਾਮਾ ਅਕਾਲ ਤਖ਼ਤ ਵੱਲੋਂ ਜਾਰੀ ਹੁੰਦਾ ਹੈ,ਉਹ ਸਮੁੱਚੇ ਪੰਥ ਦੇ ਨਾਮ ਜਾਰੀ ਹੁੰਦਾ ਹੈ,ਇਸ ਲਈ ਇਹ ਹੁਕਮਨਾਮਾ ਸਾਰੇ ਸਿੱਖਾਂ ਲਈ ਮੰਨਣਾ ਜਰੂਰੀ ਹੁੰਦਾ ਹੈ।’
ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਨੂੰ 400 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਹੈ ਅਤੇ ਇਤਿਹਾਸ ਵਿੱਚ ਕਈ ਉਦਾਹਰਨਾਂ ਮਿਲਦੀਆਂ ਹਨ ਜਿਸ ਤੋਂ ਪਤਾ ਲੱਗਦਾ ਹੈ ਕਿ ਸੰਕਟ ਦੇ ਸਮੇਂ ਧਾਰਮਿਕ ਫੈਸਲਿਆਂ ਅਤੇ ਅੱਗੇ ਦੀ ਰਣਨੀਤੀ ਲਈ ਸਿੱਖ ਇੱਥੇ ਇਕੱਤਰ ਹੁੰਦੇ ਰਹੇ ਹਨ।

ਅਕਾਲੀ ਦਲ ਦੇ ਮਾਮਲੇ ਵਿੱਚ ਅੱਗੇ ਕੀ ਸੰਭਵ

ਤਸਵੀਰ ਸਰੋਤ, Pardeep Sharma/BBC
ਜੇਕਰ ਕਿਸੇ ਸਿੱਖ ਤੋਂ ਕੋਈ ਗਲਤੀ ਹੁੰਦੀ ਹੈ ਤਾਂ ਉਸ ਹਾਲਾਤ ਵਿੱਚ ਜਾਂ ਤਾਂ ਅਕਾਲ ਤਖ਼ਤ ਸਾਹਿਬ 'ਗੁਨਾਹਗਾਰ' ਨੂੰ ਆਪ ਤਲਬ ਕਰਦਾ ਹੈ ਜਾਂ ਫਿਰ ਉਹ ਸਿੱਖ ਆਪ ਹੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋ ਸਕਦਾ ਹੈ।
ਜੇਕਰ ਕੋਈ ਸਿੱਖ ਆਪ ਪੇਸ਼ ਹੁੰਦਾ ਹੈ ਤਾਂ ਉਸ ਨੂੰ ਕਾਰਵਾਈ ਲਈ ਬੁਲਾਇਆ ਜਾਂਦਾ ਹੈ।
ਮੌਜੂਦਾ ਮਾਮਲੇ ਵਿੱਚ ਅਕਾਲੀ ਆਗੂ ਆਪ ਪੇਸ਼ ਹੋ ਕੇ ਇੱਕ ਚਿੱਠੀ ਜਥੇਦਾਰ, ਅਕਾਲ ਤਖ਼ਤ ਸਾਹਿਬ ਦੇ ਨਾਮ ਭੇਜਣਗੇ, ਜਿਸ ਵਿੱਚ ਆਪਣੀਆਂ ਗਲਤੀਆਂ ਦਾ ਜਿਕਰ ਕਰਦੇ ਹੋਏ ਸਜ਼ਾ ਦੀ ਅਪੀਲ ਕੀਤੀ ਜਾਵੇਗੀ। ਪੰਜ ਸਿੰਘ ਸਾਹਿਬਾਨ ਬੈਠਕ ਵਿੱਚ ਫੈਸਲਾ ਕਰਨਗੇ ਕਿ ਕੀ ਇਹਨਾਂ ਆਗੂਆਂ ਨੂੰ ਸਜ਼ਾ ਦੇਣੀ ਚਾਹੀਦੀ ਹੈ।
ਜੇਕਰ ਇਹ ਆਗੂ ਦੋਸ਼ੀ ਪਾਏ ਜਾਂਦੇ ਹਨ ਤਾਂ ਉਹਨਾਂ ਨੂੰ ਅਕਾਲ ਤਖ਼ਤ ਸਾਹਿਬ 'ਤੇ ਸੰਮਨ ਕਰਕੇ ਸਜ਼ਾ ਸੁਣਾਈ ਜਾਵੇਗੀ। ਦਰਅਸਲ ਇਹ ‘ਸਜ਼ਾ’ ਸੇਵਾ ਦਾ ਹੀ ਇੱਕ ਰੂਪ ਹੁੰਦਾ ਹੈ, ਜਿਸ ਵਿੱਚ ਦੋਸ਼ੀ ਸਿੱਖ ਨੂੰ ਗੁਰਦੁਆਰੇ ਵਿੱਚ ਕੁਝ ਸਮਾਂ ਪਾਠ ਕਰਨ,ਬਰਤਨ,ਜੋੜੇ ਆਦਿ ਸਾਫ਼ ਕਰਨ ਨੂੰ ਆਖਿਆ ਜਾਂਦਾ ਹੈ।
ਇਸ ਦਾ ਮੰਤਵ ਸਿੱਖ ਵਿੱਚ ਨਮਰਤਾ ਅਤੇ ਹਲੀਮੀ ਪੈਦਾ ਕਰਨਾ ਹੁੰਦਾ ਹੈ।
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਨੂੰ ਵੀ ਅਕਾਲ ਤਖ਼ਤ ਸਾਹਿਬ ਵੱਲੋਂ 1988 ਵਿੱਚ ਧਾਰਮਿਕ ਸਜ਼ਾ ਸੁਣਾਈ ਗਈ ਸੀ, ਜਿਸ ਦੌਰਾਨ ਉਹਨਾਂ ਨੂੰ 21 ਦਿਨ ਗੁਰੂ ਘਰ ਦੀ ਸੇਵਾ ਕਰਨ ਲਈ ਆਖਿਆ ਗਿਆ ਸੀ।
1985-87 ਦੌਰਾਨ ਆਪਣੀ ਸਰਕਾਰ ਸਮੇਂ ਲਏ 'ਗ਼ਲਤ ਫੈਸਲਿਆਂ' ਲਈ ਇਹ ਧਾਰਮਿਕ ਸਜ਼ਾ ਮਿਲੀ ਸੀ।
ਅਕਾਲ ਤਖ਼ਤ ਦੇ ਫੈਸਲੇ ਜਿੰਨ੍ਹਾ ਨੇ ਇਤਿਹਾਸ ਦਾ ਰੁਖ਼ ਬਦਲਿਆ

ਤਸਵੀਰ ਸਰੋਤ, SGPC Archives
1606--ਅਕਾਲ ਤਖ਼ਤ ਸਾਹਿਬ ਤੋਂ ਪਹਿਲਾ ਹੁਕਮਨਾਮਾ 1606 ਵਿੱਚ ਗੁਰੂ ਹਰਿਗੋਬਿੰਦ ਵੱਲੋਂ ਜਾਰੀ ਕੀਤਾ ਗਿਆ ਸੀ, ਜਿਸ ਵਿੱਚ ਸਿੱਖਾਂ ਨੂੰ ਚੰਗੇ ਸ਼ਸਤਰ ਅਤੇ ਘੋੜਿਆਂ ਦੀ ਭੇਟਾ ਲੈ ਕੇ ਆਉਣ ਵਾਸਤੇ ਆਖਿਆ ਗਿਆ। ਇਸਦਾ ਮਕਸਦ ਸਿੱਖਾਂ ਨੂੰ ਜੰਗਜੂ ਬਣਾਉਣਾ ਸੀ।
ਅਠਾਰਵੀਂ ਸਦੀ ਵਿੱਚ ਕਈ ਮਹੱਤਵਪੂਰਨ ਫੈਸਲੇ ਅਕਾਲ ਤਖ਼ਤ 'ਤੇ ਲਏ ਗਏ ਸਨ।
1762--ਸਿੱਖ ਇਤਿਹਾਸ ਦੇ ਜਾਣਕਾਰ ਪ੍ਰੋਫੈਸਰ ਸੁਖਦਿਆਲ ਸਿੰਘ ਆਖਦੇ ਹਨ,' ਫਰਵਰੀ 1762 ਦੇ ਵੱਡੇ ਘੱਲੂਘਾਰੇ ਤੋਂ ਬਾਅਦ ਇਸੇ ਸਾਲ ਅਕਤੂਬਰ ਵਿੱਚ ਸਿੱਖਾਂ ਵੱਲੋਂ ਅਕਾਲ ਤਖ਼ਤ ਸਾਹਿਬ 'ਤੇ ਸਰਬੱਤ ਖਾਲਸਾ ਦੌਰਾਨ ਇਕੱਤਰ ਹੋ ਕੇ ਫੈਸਲਾ ਲਿਆ ਕਿ ਅਹਿਮਦ ਸ਼ਾਹ ਅਬਦਾਲੀ ਤੋਂ ਬਦਲਾ ਲਿਆ ਜਾਵੇਗਾ।'
ਉਹ ਅੱਗੇ ਆਖਦੇ ਹਨ,'ਅਬਦਾਲੀ ਉਸ ਵੇਲੇ ਲਾਹੌਰ ਸੀ ਅਤੇ ਸਿੱਖਾਂ ਵੱਲੋਂ ਅਕਾਲ ਤਖ਼ਤ ਸਾਹਿਬ ਤੋਂ ਹੀ ਕੂਚ ਕੀਤਾ ਗਿਆ। ਅਬਦਾਲੀ ਲਾਹੌਰ ਤੋਂ ਆਇਆ ,ਅੰਮ੍ਰਿਤਸਰ ਨਜ਼ਦੀਕ ਜੰਗ ਹੋਈ ਅਤੇ ਉਸ ਦੇ ਇਤਿਹਾਸਕਾਰਾਂ ਵੱਲੋਂ ਲਿਖਿਆ ਗਿਆ ਹੈ ਕਿ ਸਿੱਖ ਬਹੁਤ ਬਹਾਦੁਰੀ ਨਾਲ ਲੜੇ। ਸ਼ਾਮ ਤੱਕ ਅਬਦਾਲੀ ਲੜਾਈ ਵਿੱਚੋਂ ਭੱਜ ਕੇ ਲਾਹੌਰ ਪਹੁੰਚ ਗਿਆ ਸੀ।'
'ਇਸ ਤੋਂ ਬਾਅਦ 1764 ਵਿੱਚ ਵੀ ਅਬਦਾਲੀ ਨੇ ਹਮਲਾ ਕੀਤਾ ਨੁਕਸਾਨ ਵੀ ਹੋਇਆ ਅਤੇ ਅੰਤ ਸਿੱਖਾਂ ਨੇ ਫਿਰ ਉਸ ਨੂੰ ਵਾਪਸ ਭੇਜ ਦਿੱਤਾ। 1765 ਵਿੱਚ ਸਿੱਖਾਂ ਨੇ ਲਾਹੌਰ ਵਿੱਚ ਖਾਲਸਾ ਰਾਜ ਦੀ ਸਥਾਪਨਾ ਕਰ ਦਿੱਤੀ।'
ਜਿਸ ਦਾ ਮਤਲਬ ਹੈ ਕਿ ਖਾਲਸਾ ਰਾਜ ਦੀ ਸਥਾਪਨਾ ਦਾ ਮੁੱਢ ਅਕਾਲ ਤਖ਼ਤ ਸਾਹਿਬ ਤੋਂ ਹੀ ਬੱਝਿਆ ਸੀ।

ਤਸਵੀਰ ਸਰੋਤ, Ravinder Singh Robin/BBC
1978-ਆਧੁਨਿਕ ਸਮੇਂ ਦੀ ਗੱਲ ਕੀਤੀ ਜਾਵੇ ਤਾਂ 10 ਜੂਨ,1978 ਨੂੰ ਨਿਰੰਕਾਰੀਆਂ ਦੇ ਬਾਈਕਾਟ ਦਾ ਹੁਕਮਨਾਮਾ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋਇਆ ਸੀ।
ਅਪ੍ਰੈਲ 1978 ਸਿੱਖਾਂ ਅਤੇ ਨਿਰੰਕਾਰੀਆਂ ਦਰਮਿਆਨ ਹੋਏ ਝੜਪ ਤੋਂ ਬਾਅਦ 13 ਸਿੱਖਾਂ ਅਤੇ 3 ਨਿਰੰਕਾਰੀ ਸਮਰਥਕਾਂ ਦੀ ਜਾਨ ਗਈ ਸੀ।
ਇਹਨਾਂ ਘਟਨਾਵਾਂ ਨੇ ਅਗਲੇ ਦੋ ਦਹਾਕਿਆਂ ਤੱਕ ਪੰਜਾਬ ਅਤੇ ਸਿੱਖ ਰਾਜਨੀਤੀ ਨੂੰ ਪ੍ਰਭਾਵਿਤ ਕੀਤਾ ਜਿਨਾਂ ਵਿੱਚ ਆਪਰੇਸ਼ਨ ਬਲੂ ਸਟਾਰ ਵੀ ਸ਼ਾਮਿਲ ਹੈ।
2007-ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਵੱਲੋਂ ਸਲਾਮਤਪੁਰਾ ਵਿਖੇ ਗੁਰੂ ਗੋਬਿੰਦ ਸਿੰਘ ਵੇਸ਼ ਭੂਸ਼ਾ ਅਤੇ ਅੰਮ੍ਰਿਤ ਸੰਚਾਰ ਦੀ ਨਕਲ ਤੋਂ ਬਾਅਦ ਅਕਾਲ ਤਖ਼ਤ ਸਾਹਿਬ ਵੱਲੋਂ ਕਰਕੇ ਸਿੱਖਾਂ ਨੂੰ ਡੇਰੇ ਦਾ ਬਾਈਕਾਟ ਕਰਨ ਨੂੰ ਆਖਿਆ ਗਿਆ ਸੀ।
2015- 2015 ਵਿੱਚ ਅਕਾਲ ਤਖ਼ਤ ਸਾਹਿਬ ਵੱਲੋਂ ਡੇਰਾ ਮੁਖੀ ਨੂੰ ਮੁਆਫ਼ੀ ਦਿੱਤੀ ਗਈ, ਸਿੱਖਾਂ ਦੇ ਵਿਰੋਧ ਤੋਂ ਬਾਅਦ ਅਕਤੂਬਰ 2015 ਵਿੱਚ ਇਹ ਫੈਸਲਾ ਵਾਪਸ ਲੈਂਦੇ ਹੋਏ 2007 ਦੇ ਹੁਕਮਨਾਮੇ ‘ਤੇ ਕਾਇਮ ਰਹਿਣ ਦੀ ਗੱਲ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ ਆਖੀ ਗਈ।
ਜ਼ਿਕਰਯੋਗ ਹੈ ਕਿ ਇਸੇ ਸਮੇਂ ਦੌਰਾਨ ਫਰੀਦਕੋਟ ਦੇ ਬਰਗਾੜੀ ਵਿਖੇ ਬੇਅਦਬੀ ਦੀ ਘਟਨਾ ਤੋਂ ਬਾਅਦ ਬਹਿਬਲ ਕਲਾਂ ਗੋਲੀ ਕਾਂਡ ਹੋਇਆ ਸੀ, ਜਿਸ ਨੇ ਪੰਜਾਬ ਦੀ ਰਾਜਨੀਤੀ ਅਤੇ ਸਿਆਸੀ ਸਮੀਕਰਨਾਂ ਨੂੰ ਪ੍ਰਭਾਵਿਤ ਕੀਤਾ।
ਇਹ ਅਕਾਲੀ ਦਲ ਦੇ ਪੰਜਾਬ ਵਿੱਚ ਸਿਆਸੀ ਨਿਘਾਰ ਦਾ ਇੱਕ ਕਾਰਨ ਬਣਿਆ, ਕਿਉਂਕਿ ਉਦੋਂ ਅਕਾਲੀ ਦਲ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿੱਚ ਸੱਤਾ ਹੰਢਾ ਰਿਹਾ ਸੀ। ਬੇਅਦਬੀ ਦੀਆਂ ਇਹਨਾਂ ਘਟਨਾਵਾਂ ਵਿੱਚ ਪੁਲਿਸ ਵੱਲੋਂ ਡੇਰਾ ਸਮਰਥਕਾਂ ਦੀ ਸ਼ਮੂਲੀਅਤ ਨੂੰ ਕਾਰਨ ਮੰਨਿਆ ਗਿਆ।
ਅਕਾਲ ਤਖ਼ਤ ਦੀ ਉਸਾਰੀ ਅਤੇ ਮੰਤਵ

ਤਸਵੀਰ ਸਰੋਤ, Ravinder Singh Robin/BBC
ਅਕਾਲ ਤਖ਼ਤ ਦੀ ਸਥਾਪਨਾ ਕਰਕੇ ਗੁਰੂ ਹਰਿਗੋਬਿੰਦ ਨੇ ਸਿੱਖਾਂ ਦੀ ਖੁਦ ਮੁਖਤਿਆਰ ਹਸਤੀ ਦਾ ਪ੍ਰਗਟਾਵਾ ਕੀਤਾ ਸੀ।
ਸਿੱਖ ਇਤਿਹਾਸਕਾਰਾਂ ਮੁਤਾਬਿਕ ਅਕਾਲ ਤਖ਼ਤ ਦੇ ਸਾਹਮਣੇ ਦੋ ਕੇਸਰੀ ਨਿਸ਼ਾਨ ਸਾਹਿਬ ਮੀਰੀ-ਪੀਰੀ ਦਾ ਪ੍ਰਤੀਕ ਹਨ, ਜੋ ਕਿਸੇ ਦੇ ਅਧੀਨ ਨਹੀਂ। ਗੁਰੂ ਹਰਿਗੋਬਿੰਦ ਦੁਆਰਾ-ਮੀਰੀ ਪੀਰੀ ਦੀਆਂ ਦੋ ਕਿਰਪਾਨਾਂ ਵੀ ਇੱਥੇ ਹੀ ਧਾਰੀਆਂ ਗਈਆਂ।
ਅਕਾਲ ਤਖ਼ਤ ਸਾਹਿਬ ਕੇਵਲ ਧਾਰਮਿਕ ਸਥਾਨ ਨਹੀਂ ਬਲਕਿ 'ਸਟੇਟ ਪਾਵਰ' ਦਾ ਪ੍ਰਤੀਕ ਹੈ।
ਧਾਰਮਿਕ ਕਾਰਜਾਂ ਲਈ ਗੁਰੂ ਸਾਹਿਬ ਵੱਲੋਂ ਸਾਹਮਣੇ ਦਰਬਾਰ ਸਾਹਿਬ ਦੀ ਸਥਾਪਨਾ ਕੀਤੀ ਗਈ ਸੀ। ਇਹ ਤਖ਼ਤ ਹੈ,ਜਿਸ 'ਤੇ ਹਮੇਸ਼ਾ ਹੀ ਇਕੱਠੇ ਹੋ ਕੇ ਪੰਥ ਨੇ ਆਪਣੇ ਫੈਸਲੇ ਕੀਤੇ ਹਨ,ਰਣਨੀਤੀ ਤਿਆਰ ਕੀਤੀ ਹੈ ਅਤੇ 'ਸਜ਼ਾਵਾਂ' ਵੀ ਲਗਾਈਆਂ ਹਨ।
ਸਿੱਖ ਮਿਸਲਾਂ ਦੇ ਸਮੇਂ ਅਕਾਲ ਤਖ਼ਤ ਸਾਹਿਬ ਸਿੱਖ ਜਮਹੂਰੀਅਤ ਦਾ ਕੇਂਦਰ ਬਣ ਗਿਆ ਸੀ। ਸਿੱਖ ਮਿਸਲਾਂ ਦੇ ਲੀਡਰ ਇਥੇ ਬੈਠ ਕੇ ਸਰਬ ਸੰਮਤੀ ਨਾਲ ਫੈਸਲੇ ਲੈਂਦੇ ਸਨ। ਇਹਨਾਂ ਫੈਸਲਿਆਂ ਨੂੰ ਗੁਰਮਤਾ ਆਖਿਆ ਜਾਂਦਾ ਸੀ ਅਤੇ ਅਤੇ ਚੁਣੇ ਹੋਏ ਜਥੇਦਾਰ ਉਸ ਨੂੰ ਲਾਗੂ ਕਰਦੇ ਸਨ।
ਸਿੱਖ ਪੰਥ ਦੇ ਦਰਪੇਸ਼ ਸਮੱਸਿਆਵਾਂ ਦਾ ਨਿਪਟਾਰਾ

ਤਸਵੀਰ ਸਰੋਤ, Ravinder Singh Robin/BBC
ਪੰਜ ਸਿੰਘ ਸਾਹਿਬਾਨ ਦੀਆਂ ਬੈਠਕਾਂ ਵਿੱਚ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਗਵਾਈ ਵਾਲੀ ਭੂਮਿਕਾ ਵਿੱਚ ਸ਼ਾਮਲ ਹੁੰਦੇ ਹਨ।
ਰਵਾਇਤ ਹੈ ਕਿ ਜਥੇਦਾਰਾਂ ਦੀਆਂ ਇਨ੍ਹਾਂ ਬੈਠਕਾਂ ਵਿੱਚ ਸਿੱਖ ਧਰਮ ਨੂੰ ਦਰਪੇਸ਼ ਸਮੱਸਿਆਵਾਂ ਉੱਪਰ ਵਿਚਾਰ ਕੀਤੀ ਜਾਂਦੀ ਹੈ ਅਤੇ ਗੁਰੂ ਗ੍ਰੰਥ ਸਾਹਿਬ ਦੀ ਰੌਸ਼ਨੀ ਵਿੱਚ ਗੁਰਮਤਿ ਮਰਿਆਦਾ ਦੇ ਆਧਾਰ ’ਤੇ ਢੁਕਵਾਂ ਫ਼ੈਸਲਾ ਲਿਆ ਜਾਂਦਾ ਹੈ।
ਸਮੁੱਚੀ ਸਿੱਖ ਕੌਮ ਆਪਣੀ ਅਗਵਾਈ ਲਈ ਅਕਾਲ ਤਖ਼ਤ ਦੇ ਜਥੇਦਾਰ ਵੱਲ ਦੇਖਦੀ ਹੈ ਅਤੇ ਉਮੀਦ ਕੀਤੀ ਜਾਂਦੀ ਹੈ ਕਿ ਜਥੇਦਾਰ ਬਿਨਾਂ ਕਿਸੇ ਪੱਖ਼ਪਾਤ ਦੇ ਨਿਰੋਲ ਪੰਥਕ ਰਵਾਇਤਾਂ, ਗੁਰੂ ਗ੍ਰੰਥ ਸਾਹਿਬ ਦੀ ਫ਼ਿਲਾਸਫੀ ਅਤੇ ਗੁਰ-ਮਰਿਆਦਾ ਦੀ ਰੌਸ਼ਨੀ ਵਿੱਚ ਹੀ ਆਪਣੇ ਫ਼ੈਸਲੇ ਕਰਨ।
ਅਕਾਲ ਤਖ਼ਤ ਸਾਹਿਬ ਦਾ ਨਿਰਮਾਣ ਅਤੇ ਸੁੰਦਰੀਕਰਨ

ਤਸਵੀਰ ਸਰੋਤ, Ravinder Singh Robin/BBC
ਅਕਾਲ ਤਖ਼ਤ ਸਾਹਿਬ ਦੀ ਨੀਂਹ ਸਿੱਖਾਂ ਦੀ ਛੇਵੇਂ ਗੁਰੂ,ਗੁਰੂ ਹਰਿਗੋਬਿੰਦ ਨੇ ਆਪ ਹੀ 1606 ਈਸਵੀ ਵਿੱਚ ਰੱਖੀ ਸੀ। ਉਸ ਵੇਲੇ ਇਸ ਨੂੰ 'ਅਕਾਲ ਬੁੰਗਾ' ਆਖਿਆ ਜਾਂਦਾ ਸੀ ਅਤੇ ਇਸ ਦੀ ਉਸਾਰੀ ਕਿਸੇ ਮਿਸਤਰੀ ਤੋਂ ਕਰਵਾਉਣ ਦੀ ਜਗ੍ਹਾ ਦੋ ਸਿੱਖ ਵਿਦਵਾਨ ਬਾਬਾ ਬੁੱਢਾ ਅਤੇ ਭਾਈ ਗੁਰਦਾਸ ਦੇ ਹੱਥੋਂ ਕਰਵਾਈ ਸੀ।
ਗਿਆਨੀ ਕਿਰਪਾਲ ਸਿੰਘ ਦੀ ਕਿਤਾਬ 'ਸ਼੍ਰੀ ਅਕਾਲ ਤਖ਼ਤ ਸਾਹਿਬ ਅਤੇ ਜਥੇਦਾਰ ਸਹਿਬਾਨ' ਮੁਤਾਬਕ ਹਰਿਮੰਦਰ ਸਾਹਿਬ ਨੂੰ ਮੁੱਖ ਰੱਖਦਿਆਂ ਗੁਰੂ ਹਰਿਗੋਬਿੰਦ ਨੇ ਅਕਾਲ ਤਖ਼ਤ ਸਾਹਿਬ ਦਾ ਰੁਖ ਥੋੜਾ ਜਿਹਾ ਉੱਤਰ ਦਿਸ਼ਾ ਵੱਲ ਰੱਖਿਆ ਹੈ।
ਹਰਿਮੰਦਰ ਸਾਹਿਬ ਦੇ ਦਰਸ਼ਨੀ ਦਿਉੜੀ ਦੇ ਪੱਛਮ ਵਿੱਚ ਸਰੋਵਰ ਦੀ ਮਿੱਟੀ ਬਾਹਰ ਸੁੱਟਣ ਨਾਲ ਇੱਕ ਕੱਚਾ ਥੜਾ ਬਣਿਆ ਸੀ।
ਦਰਬਾਰ ਸਾਹਿਬ ਦੀ ਉਸਾਰੀ ਵੇਲੇ ਗੁਰੂ ਅਰਜਨ ਦੇਵ ਜੀ ਨੇ ਇਸ ਥੜੇ ਉੱਪਰ ਇੱਕ ਕੋਠੜੀ ਬਣਵਾਈ ਸੀ, ਜਿਸ ਨੂੰ ਹੁਣ ਕੋਠਾ ਸਾਹਿਬ ਆਖਿਆ ਜਾਂਦਾ ਹੈ ਅਤੇ ਹਰਿਮੰਦਰ ਸਾਹਿਬ ਅਤੇ ਅਕਾਲ ਤਖ਼ਤ ਸਾਹਿਬ ਵਿਖੇ ਪ੍ਰਕਾਸ਼ ਹੋਣ ਵਾਲੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਸੁਖਾਸਣ (ਬਿਰਾਜਮਾਨ) ਕੀਤਾ ਜਾਂਦਾ ਹੈ।

ਤਸਵੀਰ ਸਰੋਤ, Ravinder Singh Robin/BBC
ਕੋਠਾ ਸਾਹਿਬ ਦੇ ਉੱਤਰ-ਪੂਰਬ ਵਿੱਚ ਗੁਰੂ ਹਰਿਗੋਬਿੰਦ ਨੇ ਉੱਚੇ ਥੜੇ ਦੀ ਬੁਨਿਆਦ ਰੱਖੀ ਸੀ ਅਤੇ ਇਸੇ ਨੂੰ ਅਕਾਲ ਬੁੰਗਾ ਦਾ ਨਾਮ ਦਿੱਤਾ ਗਿਆ, ਜੋ ਬਾਅਦ ਵਿੱਚ ਅਕਾਲ ਤਖ਼ਤ ਸਾਹਿਬ ਬਣਿਆ ਜਿਸ ਦਾ ਮਤਲਬ ਹੈ ਉਹ ਚੌਂਕੀ ਜੋ ਮੌਤ ਤੇ ਸਮੇਂ ਦੇ ਪ੍ਰਭਾਵ ਹੇਠ ਨਹੀਂ।
ਅਕਾਲ ਬੁੰਗਾ ਪੱਕੇ ਥੜੇ ਦੇ ਰੂਪ ਵਿੱਚ 1773 ਤੱਕ ਰਿਹਾ ਅਤੇ ਸੰਨ 1774 ਵਿੱਚ ਇਸ ਦੀ ਵੱਡੀ ਇਮਾਰਤ ਅਤੇ ਭੋਰੇ ਦੀ ਛੱਤ ਦਾ ਨਿਰਮਾਣ ਹੋਇਆ। ਪਹਿਲੀ ਮੰਜ਼ਿਲ ਦਾ ਨਿਰਮਾਣ ਸਿੱਖ ਮਿਸਲਾਂ ਵੱਲੋਂ ਕਰਵਾਇਆ ਗਿਆ,ਤਕਰੀਬਨ 3 ਲੱਖ ਰੁਪਏ ਖਰਚ ਕੇ ਮਹਾਰਾਜਾ ਰਣਜੀਤ ਸਿੰਘ ਨੇ ਤਿੰਨ ਮੰਜ਼ਿਲਾਂ ਦਾ ਨਿਰਮਾਣ ਕਰਵਾਇਆ ਅਤੇ ਸਭ ਤੋਂ ਉੱਪਰਲੇ ਬੰਗਲੇ ਤੇ ਸੁਨਹਿਰੀ ਗੁੰਬਦ ਦਾ ਨਿਰਮਾਣ ਸਿੱਖ ਜਰਨੈਲ ਹਰੀ ਸਿੰਘ ਨਲੂਆ ਨੇ ਕਰਵਾਇਆ।
ਅੰਦਰ ਮੌਜੂਦ ਥੜੇ ਉੱਪਰ ਸੁਨਹਿਰੀ ਬੰਗਲਾ ਅਤੇ ਗੁੰਬਦ ਵੀ ਮਹਾਰਾਜਾ ਰਣਜੀਤ ਸਿੰਘ ਨੇ ਤਿਆਰ ਕਰਵਾਇਆ ਸੀ ਅਤੇ ਇਸੇ ਥੜੇ ਉੱਪਰ ਬੈਠ ਕੇ ਗੁਰੂ ਹਰਿਗੋਬਿੰਦ ਸਿੱਖਾਂ ਨੂੰ ਮਿਲਦੇ ਸਨ,ਸਮਾਜਿਕ ਮਸਲਿਆਂ ਦੇ ਹੱਲ ਕਰਿਆ ਕਰਦੇ ਸਨ ਅਤੇ ਢਾਡੀ ਵਾਰਾਂ ਸੁਣਦੇ ਸਨ। ।
ਅਕਾਲ ਤਖ਼ਤ ਨਾਲ ਜੁੜੇ ਇਤਿਹਾਸਿਕ ਸਥਾਨ
ਕੋਠਾ ਸਾਹਿਬ

ਅਕਾਲ ਤਖ਼ਤ ਸਾਹਿਬ ਅੰਦਰ ਮੌਜੂਦ ਇਹ ਉਹ ਇਤਿਹਾਸਿਕ ਸਥਾਨ ਹੈ ਜਿੱਥੇ ਹਰਿਮੰਦਰ ਸਾਹਿਬ ਵਿਖੇ ਪ੍ਰਕਾਸ਼ ਤੋਂ ਪਹਿਲਾਂ ਅਤੇ ਸੁਖਾਸਨ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਰੱਖਿਆ ਜਾਂਦਾ ਹੈ।
ਗਿਆਨੀ ਕਿਰਪਾਲ ਸਿੰਘ ਦੀ ਕਿਤਾਬ ‘'ਸ਼੍ਰੀ ਅਕਾਲ ਤਖ਼ਤ ਸਾਹਿਬ ਅਤੇ ਜਥੇਦਾਰ ਸਹਿਬਾਨ' ਮੁਤਾਬਕ ਇਸੇ ਕੋਠਾ ਸਾਹਿਬ ਵਿੱਚ ਗੁਰੂ ਅਰਜਨ ਦੇਵ ਨੇ ਗੁਰੂ ਹਰਿਗੋਬਿੰਦ ਸਾਹਿਬ ਨੂੰ ਗੁਰਤਾ ਗੱਦੀ ਸੌਂਪੀ ਸੀ ਅਤੇ ਇੱਥੇ ਹੀ ਗੁਰੂ ਹਰਿਗੋਬਿੰਦ ਦੀ ਦਸਤਾਰਬੰਦੀ ਦੀ ਰਸਮ ਹੋਈ ਸੀ।
ਗੁਰੂ ਅਰਜਨ ਦੇਵ ਕੋਠਾ ਸਾਹਿਬ ਵਿਖੇ ਪਲੰਘ ਉੱਤੇ ਅਕਸਰ ਬੈਠਿਆ ਕਰਦੇ ਸਨ ਪਰ ਜਦੋਂ ਪਹਿਲੀ ਵਾਰ ਗੁਰੂ ਗ੍ਰੰਥ ਸਾਹਿਬ ਦਾ ਸੁਖਾਸਨ ਕਰਾਇਆ ਗਿਆ ਤਾਂ ਉਸ ਦਿਨ ਤੋਂ ਬਾਅਦ ਸਤਿਕਾਰ ਵਜੋਂ ਗੁਰੂ ਸਾਹਿਬ ਲੰਘ ਹੇਠ ਦਰੀ ਅਤੇ ਚਾਦਰ ਵਿਛਾ ਕੇ ਰਾਤ ਨੂੰ ਬਿਰਾਜਦੇ ਰਹੇ ਜੋ ਅੱਜ ਵੀ ਕੀਤਾ ਜਾਂਦਾ ਹੈ।
ਇਤਿਹਾਸਿਕ ਸ਼ਸਤਰ
ਅਕਾਲ ਤਖ਼ਤ ਸਾਹਿਬ ਉੱਪਰ ਸੁਨਹਿਰੀ ਬੰਗਲਾ ਬਣਿਆ ਹੋਇਆ ਹੈ ਜਿਸ ਦੇ ਅੰਦਰ ਸਿੱਖ ਗੁਰੂ,ਸਾਹਿਬਜ਼ਾਦੇ ਅਤੇ ਸਿੱਖ ਇਤਿਹਾਸ ਨਾਲ ਜੁੜੀਆਂ ਸ਼ਖਸੀਅਤਾਂ ਦੇ ਸ਼ਸਤਰ ਰੱਖੇ ਗਏ ਹਨ। ਤਕਰੀਬਨ 15 ਤਰ੍ਹਾਂ ਦੇ ਇਹਨਾਂ 50 ਸ਼ਾਸਤਰਾਂ ਵਿੱਚ ਸਿੱਖ ਗੁਰੂਆਂ ਦੀ ਕਿਰਪਾਨ,ਖੰਡੇ,ਤੀਰ ਅਤੇ ਸਿੱਖ ਜਰਨੈਲਾਂ ਦੇ ਤੀਰ,ਪਿਸਤੌਲ ਅਤੇ ਕਟਾਰ ਸ਼ਾਮਿਲ ਹਨ।
ਗੁਰੂ ਹਰਿਗੋਬਿੰਦ ਸਾਹਿਬ ਦੀ ਮੀਰੀ- ਪੀਰੀ ਦੀ ਕਿਰਪਾਨ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾਨ ਵੀ ਇਹਨਾਂ ਸ਼ਾਸਤਰਾਂ ਵਿੱਚ ਸ਼ਾਮਿਲ ਹੈ
1984 ਦੇ ਆਪਰੇਸ਼ਨ ਬਲੂ ਸਟਾਰ (ਸਾਕਾ ਨੀਲਾ ਤਾਰਾ) ਤੋਂ ਬਾਅਦ ਇਸ ਸੁਨਹਿਰੀ ਬੰਗਲੇ ਦਾ ਨੁਕਸਾਨ ਹੋਇਆ ਸੀ ਅਤੇ ਇਸਦਾ ਪੁਨਰ ਨਿਰਮਾਣ ਹੋਇਆ ਹੈ। ਕੁਝ ਸ਼ਾਸਤਰਾਂ ਦੇ ਲੱਕੜ ਦੇ ਮੁੱਠੇ ਵੀ ਸੜ ਗਏ ਸਨ ਜਿਨਾਂ ਨੂੰ ਬਾਅਦ ਵਿੱਚ ਤਜੁਰਬੇਕਾਰ ਸਿਗਲੀਗਰਾਂ ਦੁਆਰਾ ਠੀਕ ਕੀਤਾ ਗਿਆ ਹੈ।
ਨਿਸ਼ਾਨ ਸਾਹਿਬ

ਤਸਵੀਰ ਸਰੋਤ, Ravinder Singh Robin/BBC
ਅਕਾਲ ਤਖ਼ਤ ਸਾਹਿਬ ਅਤੇ ਹਰਿਮੰਦਰ ਸਾਹਿਬ ਦਰਮਿਆਨ ਉੱਤਰ ਦਿਸ਼ਾ ਵਿੱਚ ਦੋ ਨਿਸ਼ਾਨ ਸਾਹਿਬ ਹਨ।ਇਹ ਨਿਸ਼ਾਨ ਸਾਹਿਬ ਮੀਰੀ-ਪੀਰੀ ਦਾ ਪ੍ਰਤੀਕ ਹਨ।
ਅਕਾਲ ਤਖ਼ਤ ਵੱਲ ਮੌਜੂਦ ਨਿਸ਼ਾਨ ਸਾਹਿਬ ਦੇ ਉਚਾਈ 105 ਫੁੱਟ ਹੈ ਅਤੇ ਦਰਬਾਰ ਸਾਹਿਬ ਵੱਲ ਮੌਜੂਦ ਨਿਸ਼ਾਨ ਸਾਹਿਬ ਦੀ ਉਚਾਈ 107 ਫੁੱਟ ਹੈ ਕਿਉਂਕਿ ਮੀਰੀ ਨੂੰ ਪੀਰੀ ਦਾ ਤਾਬਿਆ ਮੰਨਿਆ ਗਿਆ ਹੈ।\
ਸਟੀਲ ਦੇ ਇਹਨਾਂ ਨਿਸ਼ਾਨ ਸਾਹਿਬਾਂ ਉੱਪਰ ਪਿੱਤਲ ਅਤੇ ਫੇਰ 15 ਕਿਲੋ ਸੋਨੇ ਦੇ ਵਰਕ ਨੂੰ ਚੜਾਇਆ ਗਿਆ ਹੈ। ਇਨ੍ਹਾਂ ਦੇ ਵਿਚਕਾਰ ਖੰਡਾ ਹੈ।
ਇਮਲੀ ਦਾ ਰੁੱਖ

ਅਕਾਲ ਤਖ਼ਤ ਸਾਹਿਬ ਦੇ ਪ੍ਰਵੇਸ਼ ਦੁਆਰ ਸਾਹਮਣੇ ਇਮਲੀ ਦਾ ਇੱਕ ਰੁੱਖ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਕਾਲ ਤਖ਼ਤ ਸਾਹਿਬ ਸਾਹਿਬ ਬਾਰੇ ਮੋਹਨ ਸਿੰਘ ਉਰਲਾਣਾ ਦੀ ਕਿਤਾਬ ਮੁਤਾਬਿਕ ਮਹਾਰਾਜਾ ਰਣਜੀਤ ਸਿੰਘ ਦੇ ਮੋਰਾਂ ਨਾਲ ਵਿਆਹ ਕਰਾਉਣ ਤੋਂ ਬਾਅਦ ਅਕਾਲ ਤਖ਼ਤ ਦੇ ਜਥੇਦਾਰ ਅਕਾਲੀ ਫੂਲਾ ਸਿੰਘ ਨੇ ਉਹਨਾਂ ਨੂੰ ਤਲਬ ਕੀਤਾ ਸੀ ਅਤੇ ਇਸੇ ਇਮਲੀ ਰੁੱਖ ਨਾਲ ਬੰਨ ਕੇ ਕੌੜੇ ਮਾਰਨ ਦੀ ਤਨਖਾਹ ਲਗਾਈ ਸੀ।
ਮਹਾਰਾਜਾ ਰਣਜੀਤ ਸਿੰਘ ਨੇ ਇਸ ਨੂੰ ਪ੍ਰਵਾਨ ਕੀਤਾ ਸੀ ਅਤੇ ਅਕਾਲੀ ਫੂਲਾ ਸਿੰਘ ਨੇ ਬਾਅਦ ਵਿੱਚ ਇਹ ਸਜ਼ਾ ਮੁਆਫ ਕਰ ਦਿੱਤੀ ਸੀ ਹਾਲਾਂਕਿ ਸਿੱਖ ਇਤਿਹਾਸ ਦੀ ਜਾਣਕਾਰਾਂ ਮੁਤਾਬਕ ਇਸ ਘਟਨਾ ਦਾ ਲਿਖਤੀ ਰੂਪ ਵਿੱਚ ਜ਼ਿਕਰ ਮੌਜੂਦ ਨਹੀਂ ਹੈ।
1984 ਦੇ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਇਸ ਰੁੱਖ ਦਾ ਨੁਕਸਾਨ ਵੀ ਹੋਇਆ ਸੀ ਅਤੇ ਹੁਣ ਮਾਹਰ ਇਸ ਦੀ ਸਾਂਭ ਸੰਭਾਲ ਕਰ ਰਹੇ ਹਨ।
ਅਕਾਲ ਤਖ਼ਤ 'ਤੇ ਹਮਲੇ

ਤਸਵੀਰ ਸਰੋਤ, Ravinder Singh Robin/BBC
ਅਕਾਲ ਤਖ਼ਤ ਉੱਪਰ ਕਈ ਵਾਰ ਹਮਲੇ ਹੋਏ ਹਨ ਅਤੇ ਇਸ ਦਾ ਪੁਨਰ ਨਿਰਮਾਣ ਕੀਤਾ ਗਿਆ ਹੈ।
ਸਿੱਖ ਇਤਿਹਾਸਕਾਰਾਂ ਮੁਤਾਬਕ 1762 ਨੂੰ ਅਹਿਮਦ ਸ਼ਾਹ ਦੁਰਾਨੀ ਨੇ ਅਕਾਲ ਤਖ਼ਤ ਉੱਪਰ ਹਮਲਾ ਕੀਤਾ ਸੀ ਜਿਸ ਤੋਂ ਬਾਅਦ 1765 ਵਿੱਚ ਇਸ ਨੂੰ ਦੁਬਾਰਾ ਬਣਾਇਆ ਗਿਆ।
ਸਾਲ 1984 ਵਿੱਚ ਆਪਰੇਸ਼ਨ ਬਲੂਸਟਾਰ (ਸਾਕਾ ਨੀਲਾ ਤਾਰਾ) ਤੋਂ ਬਾਅਦ ਅਕਾਲ ਤਖ਼ਤ ਦੀ ਇਮਾਰਤ ਦਾ ਭਾਰੀ ਨੁਕਸਾਨ ਹੋਇਆ ਸੀ।ਬਾਅਦ ਵਿੱਚ ਭਾਰਤ ਸਰਕਾਰ ਵਲੋਂ ਇਸ ਦੀ ਮੁਰੰਮਤ ਕਰਵਾਈ ਗਈ।
ਉਸ ਵੇਲੇ ਦੇ ਕੇਂਦਰੀ ਗ੍ਰਹਿ ਮੰਤਰੀ ਬੂਟਾ ਸਿੰਘ ਅਤੇ ਬੁੱਢਾ ਦਲ ਦੇ ਸੰਤਾ ਸਿੰਘ ਵੱਲੋਂ ਇਸ ਦੀ ਜਿੰਮੇਦਾਰੀ ਲਈ ਗਈ ਸੀ।
ਸਰਕਾਰੀ ਸਹਾਇਤਾ ਨਾਲ ਬਣੀ ਇਸੇ ਇਮਾਰਤ ਨੂੰ ਸਿੱਖਾਂ ਵੱਲੋਂ ਨਾ ਮਨਜ਼ੂਰ ਕਰ ਦਿੱਤਾ ਗਿਆ ਅਤੇ 1986 ਵਿੱਚ ਸਰਬੱਤ ਖਾਲਸਾ ਬੁਲਾਉਣ ਤੋਂ ਬਾਅਦ ਇਸ ਨੂੰ ਤੋੜਨ ਦਾ ਫੈਸਲਾ ਕੀਤਾ ਗਿਆ। ਸੰਤਾ ਸਿੰਘ ਨੂੰ ਸਿੱਖ ਪੰਥ ਵਿੱਚੋਂ ਛੇਕ ਕੇ 'ਤਨਖਾਹੀਆ' ਕਰਾਰ ਦਿੱਤਾ ਗਿਆ। ਆਪਰੇਸ਼ਨ ਬਲੂਸਟਾਰ ਕਰਕੇ ਕਈ ਇਤਿਹਾਸਿਕ ਕਲਾਕ੍ਰਿਤੀਆਂ ਹੁਣ ਮੌਜੂਦ ਨਹੀਂ ਹਨ।
ਕੋਠਾ ਸਾਹਿਬ ਅਤੇ ਅਸਲ ਥੜਾ ਜਿਸ ਦੀ ਨੀਂਹ ਗੁਰੂ ਹਰਿਗੋਬਿੰਦ ਨੇ ਰੱਖੀ ਸੀ, ਨੂੰ ਬਚਾ ਲਿਆ ਗਿਆ ਅਤੇ ਬਾਕੀ ਇਮਾਰਤ ਦਾ ਫਿਰ ਤੋਂ ਨਿਰਮਾਣ ਕੀਤਾ ਗਿਆ।
1984 ਤੋਂ ਪਹਿਲਾਂ ਅਤੇ ਬਾਅਦ ਦਾ ਅਕਾਲ ਤਖ਼ਤ

ਤਸਵੀਰ ਸਰੋਤ, Ravinder Singh Robin/BBC
ਗਿਆਨੀ ਕਿਰਪਾਲ ਸਿੰਘ ਦੀ ਕਿਤਾਬ ‘ਸ਼੍ਰੀ ਅਕਾਲ ਤਖ਼ਤ’ ਮੁਤਾਬਕ ਨਵੀਂ ਇਮਾਰਤ ਪੁਰਾਣੀ ਇਮਾਰਤ ਨਾਲੋਂ ਥੋੜੀ ਵੱਡੀ ਹੈ।
ਸਾਹਮਣੇ ਤੋਂ 51 ਫੁੱਟ ਦੀ ਸੀ ਪਰ ਮੌਜੂਦਾ ਇਮਾਰਤ 77 ਫੁੱਟ ਦੀ ਹੈ,ਪਹਿਲਾਂ ਚੌੜਾਈ 41 ਫੁੱਟ ਸੀ ਜਦੋਂ ਕਿ ਹੁਣ 48 ਫੁੱਟ ਹੈ।
ਸਾਰੀਆਂ ਮੰਜ਼ਿਲਾਂ ਦੀਆਂ ਛੱਤਾਂ ਪਹਿਲਾਂ ਨਾਲੋਂ ਉੱਚੀਆਂ ਹਨ।
ਕੋਠਾ ਸਾਹਿਬ ਸਮੇਤ ਸਾਰੇ ਕਮਰੇ ਪਹਿਲਾਂ ਨਾਲੋਂ ਥੋੜੇ ਵੱਡੇ ਹਨ।
ਹੁਣ ਦੋ ਪਾਸਿਆਂ ਤੋਂ ਪੌੜੀਆਂ ਹਨ ਜਦੋਂ ਕਿ ਪਹਿਲਾਂ ਅਜਿਹਾ ਨਹੀਂ ਸੀ।
ਅਕਾਲਸਰ ਖੂਹ ਪਹਿਲਾਂ ਇਮਾਰਤ ਦੇ ਬਾਹਰ ਸੀ ਜਦੋਂ ਕਿ ਹੁਣ ਉਹ ਇਮਾਰਤ ਦੇ ਅੰਦਰ ਹੀ ਹੈ।ਇਸ ਖੂਹ ਦੇ ਪਾਣੀ ਨਾਲ ਥੜੇ ਦੀ ਸਫ਼ਾਈ ਹੁੰਦੀ ਸੀ।
ਅਕਾਲ ਤਖ਼ਤ ਦੇ ਗੁੰਬਦ ਉੱਪਰ ਵੀ ਸੋਨਾ ਲਗਾਇਆ ਗਿਆ ਹੈ।












