ਪੰਜਾਬ ’ਚ ਖੇਤਰੀ ਪਾਰਟੀ ਦੀ ਲੋੜ ਕਿਉਂ ਹੈ, ਕੀ ਅਕਾਲੀ ਦਲ ਚਿਹਰਾ ਬਦਲੇ ਜਾਂ ਏਜੰਡਾ? ਅਕਾਲੀਆਂ ਕੋਲ ਕੀ ਰਾਹ ਹੈ

ਤਸਵੀਰ ਸਰੋਤ, Getty Images
- ਲੇਖਕ, ਨਵਦੀਪ ਕੌਰ ਗਰੇਵਾਲ
- ਰੋਲ, ਬੀਬੀਸੀ ਸਹਿਯੋਗੀ
ਭਾਰਤ ਦੀ ਸਭ ਤੋਂ ਪੁਰਾਣੀ ਖੇਤਰੀ ਸਿਆਸੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਸੰਕਟ ਦੀ ਘੜੀ ਦਾ ਸਾਹਮਣਾ ਕਰ ਰਹੀ ਹੈ।
ਪਾਰਟੀ ਦੀ ਲੋਕ ਸਭਾ ਚੋਣਾਂ ਵਿੱਚ ਹੋਈ ਹਾਰ ਤੋਂ ਬਾਅਦ ਸੀਨੀਅਰ ਆਗੂਆਂ ਦੇ ਇੱਕ ਧੜੇ ਨੇ ਬਗਾਵਤ ਕਰ ਦਿੱਤੀ ਹੈ। ਬਾਗੀ ਧੜੇ ਦੇ ਆਗੂ ਪ੍ਰੇਮ ਸਿੰਘ ਚੰਦੂਮਾਜਰਾ, ਬੀਬੀ ਜਗੀਰ ਕੌਰ ਅਤੇ ਸਿਕੰਦਰ ਸਿੰਘ ਮਲੂਕਾ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਅਹੁਦਾ ਛੱਡਣ ਤੇ ਲੀਡਰਸ਼ਿਪ ਤਬਦੀਲੀ ਦੀ ਮੰਗ ਕੀਤੀ ਹੈ।
ਜਦਕਿ ਬਲਵਿੰਦਰ ਸਿੰਘ ਭੂੰਦੜ, ਦਲਜੀਤ ਸਿੰਘ ਚੀਮਾ, ਮਹੇਸ਼ਇੰਦਰ ਸਿੰਘ ਗਰੇਵਾਲ਼, ਅਨਿਲ ਜੋਸ਼ੀ ਸਮੇਤ ਇੱਕ ਧੜਾ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਵਿੱਚ ਵਿਸ਼ਵਾਸ ਜਤਾਉਂਦਿਆ, ਵਿਰੋਧ ਕਰਨ ਵਾਲੇ ਲੀਡਰਾਂ ਨੂੰ ਬੀਜੇਪੀ ਦੀ ਬੀ-ਟੀਮ ਦੱਸ ਰਿਹਾ ਹੈ।
ਪਰ ਮੀਡੀਆ ਤੇ ਸਿਆਸੀ ਹਲਕਿਆਂ ਵਿੱਚ ਸਭ ਤੋਂ ਵੱਡਾ ਸਵਾਲ ਇਹ ਪੁੱਛਿਆ ਜਾ ਰਿਹਾ ਹੈ ਕਿ ਕੀ ਪਾਰਟੀ ਪ੍ਰਧਾਨ ਬਦਲਣ ਨਾਲ ਹੀ ਅਕਾਲੀ ਦਲ ਮੁੜ ਤੋਂ ਆਪਣੀ ਸਿਆਸੀ ਜ਼ਮੀਨ ਹਾਸਲ ਕਰ ਲਵੇਗਾ।
ਵੋਟ ਫੀਸਦ ਦੇ ਲਿਹਾਜ਼ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਨਿਘਾਰ, ਅੰਦਰੂਨੀ ਸੰਕਟ, ਪਾਰਟੀ ਦੀ ਪੰਜਾਬ ਲਈ ਅਹਿਮੀਅਤ ਅਤੇ ਭਵਿੱਖ ਬਾਰੇ ਵਿਸ਼ਲੇਸ਼ਣ ਕਰਨ ਤੋਂ ਪਹਿਲਾਂ ਇੱਕ ਝਾਤ ਸ਼੍ਰੋਮਣੀ ਅਕਾਲੀ ਦਲ ਦੇ ਸੰਖੇਪ ਇਤਿਹਾਸ ‘ਤੇ ਮਾਰਦੇ ਹਾਂ।
ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ

ਤਸਵੀਰ ਸਰੋਤ, X/SAD
ਅਕਾਲੀ ਦਲ ਦਾ ਗਠਨ 14 ਦਸੰਬਰ, 1920 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਇਆ ਸੀ।
ਪਾਰਟੀ ਦੇ ਪਹਿਲੇ ਪ੍ਰਧਾਨ ਸੁਰਮੁਖ ਸਿੰਘ ਝੱਬਲ ਸਨ। 1920-25 ਦੌਰਾਨ ਚੱਲੀ ਗੁਰਦੁਆਰਾ ਸੁਧਾਰ ਲਹਿਰ ਤੋਂ ਇਸ ਪਾਰਟੀ ਦਾ ਜਨਮ ਹੋਇਆ ਸੀ।
ਇਹ ਲਹਿਰ ਇਤਿਹਾਸਕ ਗੁਰਦੁਆਰਿਆਂ ਨੂੰ ਮਹੰਤਾਂ ਦੇ ਕਬਜ਼ੇ ਵਿੱਚੋਂ ਛੁਡਾਉਣ ਅਤੇ ਇਨ੍ਹਾਂ ਦਾ ਪ੍ਰਬੰਧ ਸਿੱਖ ਸੰਗਤ ਦੇ ਹੱਥਾਂ ਵਿੱਚ ਦੇਣ ਦੇ ਮਕਸਦ ਨਾਲ ਸ਼ੁਰੂ ਹੋਈ ਸੀ।
ਇਸੇ ਲਹਿਰ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲੀ ਦਲ ਨਾਮੀ ਜਥੇਬੰਦੀ ਹੋਂਦ ਵਿੱਚ ਆਈ ਸੀ।
ਸ਼ੁਰੂਆਤ ਵਿੱਚ ਗੁਰਦੁਆਰਿਆਂ ਦਾ ਪ੍ਰਬੰਧ ਹਾਸਲ ਕਰਨ ਲਈ ਲੋੜੀਂਦੇ ਵਾਲੰਟੀਅਰ ਇਕੱਠੇ ਕਰਨ ਲਈ ਬਣਾਏ ਗਏ ਗੁੱਟ ਨੂੰ ਅਕਾਲੀ ਦਲ ਕਿਹਾ ਗਿਆ, ਜੋ ਕਿ ਬਾਅਦ ਵਿੱਚ ਹੌਲੀ-ਹੌਲੀ ਇੱਕ ਸਿਆਸੀ ਪਾਰਟੀ ਦਾ ਰੂਪ ਲੈ ਗਿਆ। ਬਾਅਦ ਵਿੱਚ ਅਕਾਲੀ ਦਲ ਅੱਗੇ ਸ਼੍ਰੋਮਣੀ ਸ਼ਬਦ ਵੀ ਜੋੜਿਆ ਗਿਆ।
ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਸੰਘਰਸ਼ਾਂ ਅਤੇ ਕੁਰਬਾਨੀਆਂ ਭਰਿਆ ਹੈ।
ਗੁਰਦੁਆਰਾ ਸੁਧਾਰ ਲਹਿਰ ਤਹਿਤ ਲਗਾਏ ਕਈ ਮੋਰਚਿਆਂ ਤੋਂ ਇਲਾਵਾ ਪੰਜਾਬੀ ਸੂਬੇ ਦਾ ਮੋਰਚਾ ਅਤੇ ਧਰਮ-ਯੁੱਧ ਮੋਰਚਾ ਵੀ ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ਵਿੱਚ ਵੱਡੇ ਮੀਲ-ਪੱਥਰ ਰਹੇ ਹਨ।
ਤੇਜਾ ਸਿੰਘ ਸਮੁੰਦਰੀ, ਸਰਦਾਰ ਸੇਵਾ ਸਿੰਘ ਠੀਕਰੀਵਾਲਾ, ਬਾਬੂ ਲਾਭ ਸਿੰਘ ਸਮੇਤ ਹਜ਼ਾਰਾਂ ਅਕਾਲੀ ਲੀਡਰਾਂ ਤੇ ਵਰਕਰਾਂ ਨੇ ਵੱਖ-ਵੱਖ ਸੰਘਰਸ਼ਾਂ ਵਿੱਚ ਕੁਰਬਾਨੀਆਂ ਦਿੱਤੀਆਂ, ਲੱਖਾਂ ਨੇ ਜੇਲ੍ਹਾਂ ਕੱਟੀਆਂ।
ਪਾਰਟੀ ਦੀ ਮੌਜੂਦਾ ਸਥਿਤੀ

ਤਸਵੀਰ ਸਰੋਤ, Getty Images
2024 ਦੀਆਂ ਲੋਕ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀਆਂ 13 ਸੀਟਾਂ ਵਿੱਚੋਂ ਮਹਿਜ਼ ਇੱਕ 1 ਸੀਟ ਹੀ ਜਿੱਤ ਸਕਿਆ ਹੈ।
ਸ਼੍ਰੋਮਣੀ ਅਕਾਲੀ ਦਲ ਵੱਲੋਂ ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ ਸੰਸਦ ਮੈਂਬਰ ਚੁਣੇ ਗਏ।
ਇਨ੍ਹਾਂ ਚੋਣਾਂ ਵਿੱਚ ਪਾਰਟੀ ਦਾ ਵੋਟ ਸ਼ੇਅਰ ਮਹਿਜ਼ 13.26 ਫੀਸਦ ਰਿਹਾ ਜੋ ਕਿ ਆਮ ਆਦਮੀ ਪਾਰਟੀ(26.02) ਅਤੇ ਕਾਂਗਰਸ(26.30) ਦੇ ਪੰਜਾਬ ਵਿੱਚੋਂ ਵੋਟ ਸ਼ੇਅਰ ਦਾ ਤਕਰੀਬਨ ਅੱਧਾ ਹੈ।
ਇੱਥੋਂ ਤੱਕ ਕਿ ਪੰਜਾਬ ਵਿੱਚ ਬੀਜੇਪੀ (18.) ਦਾ ਵੋਟ ਸ਼ੇਅਰ ਸ਼੍ਰੋਮਣੀ ਅਕਾਲੀ ਦਲ ਦੇ ਵੋਟ ਸ਼ੇਅਰ ਤੋਂ ਤਕਰੀਬਨ ਪੰਜ ਫੀਸਦ ਵੱਧ ਰਿਹਾ।
ਪੰਜਾਬ ਵਿਧਾਨ ਸਭਾ ਦੀਆਂ 117 ਸੀਟਾਂ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਕੋਲ ਮਹਿਜ਼ 3 ਸੀਟਾਂ ਹਨ।
ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਵੋਟ ਸ਼ੇਅਰ 18.38 ਫੀਸਦ ਸੀ।
ਇਨ੍ਹਾਂ ਲੋਕ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਵੋਟ ਫੀਸਦ ਦੋ ਸਾਲ ਪਹਿਲਾਂ ਹੋਈਆਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਤੋਂ ਵੀ ਪੰਜ ਫੀਸਦੀ ਘਟ ਗਿਆ ਹੈ।

ਤਸਵੀਰ ਸਰੋਤ, X/Akali Dal
2017 ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਦਾ ਵੋਟ ਸ਼ੇਅਰ 25.4 ਫੀਸਦ ਸੀ। ਰਾਜ ਸਭਾ ਵਿੱਚ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਸੰਸਦ ਮੈਂਬਰ ਨਹੀਂ ਹੈ।
ਸਿਆਸੀ ਮਾਹਿਰ ਪ੍ਰੋਫੈਸਰ ਮੁਹੰਮਦ ਖਾਲਿਦ ਕਹਿੰਦੇ ਹਨ ਕਿ ਅਕਾਲੀ ਦਲ ਦਾ ਵੋਟ ਬੈਂਕ ਖਿੰਡਰਦਾ ਜਾ ਰਿਹਾ ਹੈ।
ਉਹ ਕਹਿੰਦੇ ਹਨ, “ਇਨ੍ਹਾਂ ਦੇ ਵੋਟ ਬੈਂਕ ਦਾ ਕੁਝ ਹਿੱਸਾ 'ਆਪ' ਵੱਲ ਵੀ ਜਾ ਰਿਹਾ ਹੈ, ਕਾਂਗਰਸ ਵੱਲ ਵੀ ਜਾ ਰਿਹਾ ਹੈ। ਬੀਜੇਪੀ ਦਾ ਵੋਟ ਸ਼ੇਅਰ ਵਧਣ ਦਾ ਇੱਕ ਕਾਰਨ ਅਕਾਲੀ ਦਲ ਦਾ ਵੋਟ ਸ਼ੇਅਰ ਟੁੱਟਣਾ ਵੀ ਹੈ। ਕਿਉਂਕਿ ਅਕਾਲੀ ਦਲ ਨਾਲ ਜੁੜਿਆ ਸ਼ਹਿਰੀ ਵੋਟਰ ਬੀਜੇਪੀ ਵੱਲ ਝੁਕਿਆ ਹੈ।”
ਸੀਨੀਅਰ ਪੱਤਰਕਾਰ ਜਸਪਾਲ ਸਿੱਧੂ ਕਹਿੰਦੇ ਹਨ ਕਿ ਮੌਜੂਦਾ ਚੋਣਾਂ ਵਿੱਚ ਉਕਤ ਹਲਕਿਆਂ ਵਿੱਚੋਂ ਪੰਥਕ ਵੋਟ ਬੈਂਕ ਅੰਮ੍ਰਿਤਪਾਲ ਸਿੰਘ ਅਤੇ ਸਰਬਜੀਤ ਸਿੰਘ ਖ਼ਾਲਸਾ ਦੇ ਹੱਕ ਵਿੱਚ ਭੁਗਤਿਆ ਹੈ।

ਪਾਰਟੀ ਵਿੱਚ ਆਪਸੀ ਗੁੱਟਬਾਜ਼ੀ ਬਾਰੇ ਸੀਨੀਅਰ ਪੱਤਰਕਾਰ ਜਸਪਾਲ ਸਿੱਧੂ ਕਹਿੰਦੇ ਹਨ ਕਿ ਹਰ ਪਾਰਟੀ ਵਿੱਚ ਗੁੱਟਬਾਜ਼ੀ ਚਲਦੀ ਰਹਿੰਦੀ ਹੈ। ਪਰ ਅਕਾਲੀ ਦਲ ਵਿੱਚ ਇਸ ਤਰ੍ਹਾਂ ਦੀ ਫੁੱਟ ਪਿਛਲੇ ਤਕਰੀਬਨ 40 ਸਾਲਾਂ ਵਿੱਚ ਪਹਿਲੀ ਵਾਰ ਸਾਹਮਣੇ ਆਈ ਹੈ।
ਉਹ ਕਹਿੰਦੇ ਹਨ, “ਮਾਸਟਰ ਤਾਰਾ ਸਿੰਘ ਤੇ ਸੰਤ ਫ਼ਤਿਹ ਸਿੰਘ ਵਿਚਕਾਰ ਵੀ ਗੁੱਟਬਾਜ਼ੀ ਰਹੀ ਸੀ। ਜਗਦੇਵ ਸਿੰਘ ਤਲਵੰਡੀ ਅਤੇ ਪ੍ਰਕਾਸ਼ ਸਿੰਘ ਬਾਦਲ ਦਰਮਿਆਨ ਵੀ ਪਰ ਪਿਛਲੇ ਤਕਰੀਬਨ 40 ਸਾਲ ਤੋਂ ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਪਾਰਟੀ ਅਤੇ ਐੱਸਜੀਪੀਸੀ ‘ਤੇ ਪੂਰੀ ਤਰ੍ਹਾਂ ਕਾਬਜ਼ ਸਨ ਜਿਸ ਕਰਕੇ ਕਦੇ ਕਿਸੇ ਨੇ ਚੁਣੌਤੀ ਨਹੀਂ ਸੀ ਦਿੱਤੀ।”
ਸਿਆਸੀ ਮਾਹਰ ਪ੍ਰੋਫੈਸਰ ਨਵਜੋਤ ਨੇ ਦੱਸਿਆ ਕਿ ਵੱਖ-ਵੱਖ ਸਮਿਆਂ ’ਤੇ ਸ਼੍ਰੋਮਣੀ ਅਕਾਲੀ ਦਲ ਵਿੱਚੋਂ ਕਈ ਧੜੇ ਨਿਕਲਦੇ ਰਹੇ ਹਨ, ਜਿਵੇਂ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਢੀਂਡਸਾ ਧੜਾ ਅਤੇ ਕਈ ਹੋਰ, ਪਰ ਮੁੱਖ ਧਿਰ ਵਜੋਂ ਸ਼੍ਰੋਮਣੀ ਅਕਾਲੀ ਦਲ ਦਾ ਵਜੂਦ ਕਾਇਮ ਰਿਹਾ ਅਤੇ ਪਿਛਲੇ ਕਈ ਦਹਾਕਿਆਂ ਤੋਂ ਪ੍ਰਕਾਸ਼ ਸਿੰਘ ਬਾਦਲ ਧੜੇ ਨੂੰ ਹੀ ਮੁੱਖ ਸ਼੍ਰੋਮਣੀ ਅਕਾਲੀ ਦਲ ਮੰਨਿਆ ਜਾਂਦਾ ਰਿਹਾ ਹੈ। ਪਾਰਟੀ ਲਈ ਅਜਿਹਾ ਸੰਕਟ ਪਿਛਲੇ ਕਈ ਸਾਲਾਂ ਬਾਅਦ ਨਜ਼ਰ ਆਇਆ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਨਿਘਾਰ ਪਿੱਛੇ ਕਾਰਨ

ਤਸਵੀਰ ਸਰੋਤ, Getty Images
ਮੌਜੂਦਾ ਸਥਿਤੀ ਵਿੱਚ ਇੰਝ ਜਾਪ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਨਾ ਸਿਰਫ਼ ਵੋਟਰਾਂ ਦਾ ਭਰੋਸਾ ਗਵਾਇਆ ਹੈ, ਬਲਕਿ ਪਾਰਟੀ ਦੇ ਅੰਦਰੂਨੀ ਲੀਡਰਾਂ ਵਿੱਚ ਵੀ ਗਹਿਰੇ ਮਤਭੇਦ ਉਜਾਗਰ ਹੋਏ ਹਨ।
ਪੰਜਾਬ ਵਿੱਚ ਬੇਅਦਬੀ ਦੀਆਂ ਘਟਨਾਵਾਂ, ਸਿਰਸਾ ਦੇ ਡੇਰਾ ਸੱਚਾ ਸੌਦਾ ਦੇ ਮੁਖੀ ਨੂੰ ਮਾਫ਼ੀ ਮਿਲਣਾ, ਸਰਕਾਰ ਦੀ ਮਿਲੀਭੁਗਤ ਨਾਲ ਸੂਬੇ ਅੰਦਰ ਨਸ਼ੇ ਵਿਕਣ ਦੇ ਇਲਜ਼ਾਮਾਂ ਨੇ ਸ਼੍ਰੋਮਣੀ ਅਕਾਲੀ ਦਲ ਖ਼ਿਲਾਫ਼ ਪੰਜਾਬ ਵਿੱਚ ਵਿਰੋਧ ਅਤੇ ਗ਼ੁੱਸਾ ਸ਼ੁਰੂ ਕਰ ਦਿੱਤਾ ਸੀ। ਉਸ ਤੋਂ ਬਾਅਦ ਕੇਂਦਰ ਦੇ ਖੇਤੀ ਕਾਨੂੰਨਾਂ ਬਾਰੇ ਅਸਿਹਮਤੀ ਜਤਾਉਣ ਵਿੱਚ ਹੋਈ ਦੇਰੀ ਨੇ ਇਹ ਗ਼ੁੱਸਾ ਹੋਰ ਵਧਾਇਆ।
ਭਾਵੇਂ ਸ਼੍ਰੋਮਣੀ ਅਕਾਲੀ ਦਲ ਨੇ ਬੀਜੇਪੀ ਨਾਲ ਗਠਜੋੜ ਤੋੜਿਆ, ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ, ਪੰਜਾਬ ਬਚਾਓ ਯਾਤਰਾ ਕੀਤੀ, ਪਰ ਫਿਰ ਵੀ ਪਾਰਟੀ ਗਵਾਏ ਭਰੋਸੇ ਦੇ ਨੁਕਸਾਨ ਦੀ ਭਰਪਾਈ ਨਹੀਂ ਕਰ ਸਕੀ।
ਜਸਪਾਲ ਸਿੱਧੂ ਕਹਿੰਦੇ ਹਨ ਕਿ ਕਿਸਾਨ ਮੋਰਚੇ ਦੇ ਦਬਾਅ ਹੇਠ ਸ਼੍ਰੋਮਣੀ ਅਕਾਲੀ ਦਲ ਨੂੰ ਬੀਜੇਪੀ ਨਾਲ ਗਠਜੋੜ ਤੋੜਣ ਲਈ ਮਜਬੂਰ ਹੋਣਾ ਪਿਆ, ਪੰਜਾਬ ਬਚਾਓ ਯਾਤਰਾ ਵੀ ਅੱਧ ਵਿਚਕਾਰ ਛੱਡ ਦਿੱਤੀ ਗਈ।
ਉਹ ਕਹਿੰਦੇ ਹਨ ਕਿ ਅਕਾਲੀ ਸਾਂਸਦ ਹਰਸਿਮਰਤ ਕੌਰ ਬਾਦਲ ਹੁਣ ਵੀ ਐਨਡੀਏ ਵੱਲ ਖੜ੍ਹੇ ਹੋਏ ਨਜ਼ਰ ਆਉਂਦੇ ਹਨ, ਉਹ ਵਿਰੋਧੀ ਧਿਰ ਵਿੱਚ ਨਹੀਂ ਦਿਖਦੇ।
ਉਹ ਕਹਿੰਦੇ ਹਨ, “ਇਹ ਖੇਤਰੀ ਪਾਰਟੀਆਂ ਦਾ ਏਜੰਡਾ, ਵਿਰੋਧੀ ਧਿਰ ਦਾ ਏਜੰਡਾ ਹੈ ਅਤੇ ਇਹ ਏਜੰਡਾ ਬੀਜੇਪੀ ਤੋਂ ਉਲਟ ਹੈ। ਹਾਲੇ ਵੀ ਅਕਾਲੀ ਦਲ ਦੇ ਦੋਵੇਂ ਧੜੇ ਬੀਜੇਪੀ ਨਾਲ ਸਮਝੌਤੇ ਦੀ ਉਮੀਦ ਵਿੱਚ ਹੀ ਨਜ਼ਰ ਆ ਰਹੇ ਹਨ।”
ਪ੍ਰੋਫੈਸਰ ਨਵਜੋਤ ਮਹਿਸੂਸ ਕਰਦੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਖੇਤੀ ਕਾਨੂੰਨਾਂ ‘ਤੇ ਵਿਰੋਧ ਜਤਾਉਣ ਵਿੱਚ ਲਗਾਈ ਦੇਰੀ ਕਾਰਨ ਹੀ ਹੋਇਆ।
ਉਹ ਕਹਿੰਦੇ ਹਨ, “ਲੋਕਾਂ ਨੂੰ ਲੱਗਿਆ ਕਿ ਕਾਨੂੰਨ ਬਣਨ ਵੇਲੇ ਹਰਸਿਮਰਤ ਕੌਰ ਬਾਦਲ ਸੰਸਦ ਵਿੱਚ ਸਨ ਅਤੇ ਕੇਂਦਰ ਸਰਕਾਰ ਵਿੱਚ ਮੰਤਰੀ ਵੀ ਸਨ। ਬਾਅਦ ਵਿੱਚ ਕਿਸਾਨੀ ਮੋਰਚੇ ਦੇ ਦਬਾਅ ਹੇਠ ਗਠਜੋੜ ਟੁੱਟਿਆ। ਪਰ ਇਸ ਦੇਰੀ ਕਾਰਨ ਲੋਕਾਂ ਦਾ ਭਰੋਸਾ ਉੱਠਿਆ ਅਤੇ ਸ਼੍ਰੋਮਣੀ ਅਕਾਲੀ ਦਲ ਉਹ ਭਰੋਸਾ ਦੁਬਾਰਾ ਬਣਾਉਣ ਵਿੱਚ ਕਾਮਯਾਬ ਨਹੀਂ ਹੋਇਆ। ”

ਤਸਵੀਰ ਸਰੋਤ, Getty Images
ਸਿਆਸੀ ਮਾਹਿਰ ਪ੍ਰੋਫੈਸਰ ਮੁਹੰਮਦ ਖਾਲਿਦ ਕਹਿੰਦੇ ਹਨ, “ਜਦੋਂ ਵੀ ਖੇਤਰੀ ਮੁੱਦਿਆਂ ਜਾਂ ਸੂਬੇ ਦੇ ਹੱਕਾਂ ‘ਤੇ ਹਮਲਾ ਹੋਇਆ ਹੈ, ਤਾਂ ਅਕਾਲੀ ਦਲ ਸੰਘਰਸ਼ ਲਈ ਤਿਆਰ ਰਿਹਾ ਹੈ। ਇੱਥੋਂ ਤੱਕ ਕਿ ਐਮਰਜੈਂਸੀ ਦਾ ਵਿਰੋਧ ਕਰਨ ਵਿੱਚ ਵੀ ਅਕਾਲੀ ਦਲ ਦੀ ਅਹਿਮ ਭੂਮਿਕਾ ਰਹੀ।ਪਰ ਹੌਲੀ ਹੌਲੀ ਅਕਾਲੀ ਦਲ ਸੰਘਰਸ਼ਾਂ ਤੋਂ ਉੱਠ ਕੇ ਸੱਤਾ ਦੇ ਇਰਦ-ਗਿਰਦ ਘੁੰਮਣ ਵਾਲੀ ਪਾਰਟੀ ਬਣ ਗਈ।”
ਪ੍ਰੋਫੈਸਰ ਖਾਲਿਦ ਕਹਿੰਦੇ ਹਨ ਕਿ ਪੰਜਾਬ ਵਿੱਚ ਲਗਾਤਾਰ 10 ਸਾਲ ਅਕਾਲੀ ਦਲ ਦੀ ਰਹੀ ਸੱਤਾ ਦੌਰਾਨ ਕੁਝ ਗਲਤੀਆਂ ਵੀ ਹੋਈਆਂ, ਭਾਵੇਂ ਉਹ ਬੇਅਦਬੀ ਦਾ ਮਸਲਾ ਹੋਵੇ, ਬਰਗਾੜੀ ਕਾਂਡ ਹੋਵੇ। ਇਸ ਤੋਂ ਇਲਾਵਾ ਲੋਕਾਂ ਵਿੱਚ ਇਹ ਸੰਦੇਸ਼ ਗਿਆ ਹੈ ਕਿ ਪੰਥਕ ਸੋਚ ਰੱਖਣ ਵਾਲੀ ਪਾਰਟੀ ਇੱਕ ਪਰਿਵਾਰ ਦੀ ਪਾਰਟੀ ਬਣ ਕੇ ਰਹਿ ਗਈ ਹੈ।
ਉਹ ਕਹਿੰਦੇ ਹਨ ਕਿ ਬਾਦਲ ਪਰਿਵਾਰ ਦੇ ਕਾਰੋਬਾਰਾਂ ਬਾਰੇ ਕੁਝ ਅਫ਼ਵਾਹਾਂ ਉੱਡੀਆਂ, ਕਈ ਸਹੀ ਇਲਜ਼ਾਮ ਲੱਗੇ, ਜਿਨ੍ਹਾਂ ਕਾਰਨ ਲੋਕਾਂ ਨੂੰ ਮਹਿਸੂਸ ਹੋਇਆ ਕਿ ਇਹ ਪਰਿਵਾਰ ਆਪਣੇ ਫ਼ਾਇਦੇ ਲਈ ਅਕਾਲੀ ਦਲ ਦਾ ਸਹਾਰਾ ਲੈ ਰਿਹਾ ਹੈ ਅਤੇ ਅਸਲ ਵਿੱਚ ਇਨ੍ਹਾਂ ਨੂੰ ਪੰਥਕ ਮਸਲਿਆਂ ਨਾਲ ਕੋਈ ਸਰੋਕਾਰ ਨਹੀਂ ਹੈ।
ਪ੍ਰੋਫੈਸਰ ਖਾਲਿਦ ਕਹਿੰਦੇ ਹਨ ਕਿ ਅਕਾਲੀ ਦਲ ਇਸ ਬਿਰਤਾਂਤ ਨੂੰ ਖਤਮ ਨਹੀਂ ਕਰ ਸਕਿਆ ਅਤੇ ਲਗਾਤਾਰ ਇਸ ਦਾ ਨੁਕਸਾਨ ਹੁੰਦਾ ਗਿਆ।
ਬੀਜੇਪੀ ਨਾਲ ‘ਘਿਓ-ਖਿਚੜੀ’ ਦੇ ਰਿਸ਼ਤੇ ਦਾ ਅਸਰ

ਤਸਵੀਰ ਸਰੋਤ, Getty Images
ਗਠਜੋੜ ਟੁੱਟਣ ਤੋਂ ਪਹਿਲਾਂ ਤੱਕ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਬੀਜੇਪੀ ਨਾਲ ਆਪਣੇ ਗਠਜੋੜ ਨੂੰ ‘ਘਿਓ-ਖਿਚੜੀ’ ਵਾਲਾ, ਕਦੇ ‘ਨਹੁੰ-ਮਾਸ’ ਵਾਲਾ ਰਿਸ਼ਤਾ ਦੱਸਦਾ ਰਿਹਾ ਸੀ ਅਤੇ ਦਾਅਵਾ ਕਰਦਾ ਰਿਹਾ ਸੀ ਕਿ ਇਹ ਗਠਜੋੜ ਕਦੇ ਨਹੀਂ ਟੁੱਟੇਗਾ।
ਜਦਕਿ ਸੀਨੀਅਰ ਪੱਤਰਕਾਰ ਜਸਪਾਲ ਸਿੰਧੂ ਮਹਿਸੂਸ ਕਰਦੇ ਹਨ ਕਿ ਅਕਾਲੀ ਦਲ ਦਾ ਬੀਜੇਪੀ ਨਾਲ ਸਮਝੌਤਾ ਹੀ ਇਸ ਪਾਰਟੀ ਦੇ ਸੁਭਾਅ ਤੋਂ ਉਲਟ ਸੀ।
ਸਿੱਧੂ ਕਹਿੰਦੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਇੱਕ ਖੇਤਰੀ ਪਾਰਟੀ ਵਜੋਂ ਖੜ੍ਹਾ ਹੋਇਆ ਸੀ, ਪਰ ਜਦੋਂ ਤੋਂ ਇੱਕ ਰਾਸ਼ਟਰਵਾਦੀ ਪਾਰਟੀ ਬੀਜੇਪੀ ਨਾਲ ਜੁੜਿਆ ਤਾਂ ਹਰ ਮਸਲੇ ‘ਤੇ ਬਗੈਰ ਸ਼ਰਤ ਸਹਿਯੋਗ ਦਿੰਦਾ ਰਿਹਾ।
ਅਕਾਲੀ ਦਲ ਨੇ ਇੱਕ ਤਰ੍ਹਾਂ ਆਪਣੀਆਂ ਸਾਰੀਆਂ ਨੀਤੀਆਂ ਸਰੰਡਰ ਕਰਕੇ ਬੀਜੇਪੀ ਦੀਆਂ ਕੇਂਦਰਵਾਦੀ ਨੀਤੀਆਂ ‘ਤੇ ਸਹਿਯੋਗ ਦਿੱਤਾ। ਜਿਸ ਕਰਕੇ ਸੰਕਟ ਪੈਦਾ ਹੋਣਾ ਸੁਭਾਵਿਕ ਹੀ ਸੀ।
ਉਹ ਕਹਿੰਦੇ ਹਨ, “ਜਿਨ੍ਹਾਂ ਸਮਾਂ ਪੰਜਾਬ ਵਿੱਚ ਮਿਲੀਟੈਂਸੀ ਦਾ ਦੌਰ ਸੀ, ਉਦੋਂ ਤੱਕ ਤਾਂ ਠੀਕ ਹੈ ਕਿ ਕੇਂਦਰ ਨੇ ਕੰਟਰੋਲ ਕਰਨਾ ਸੀ। ਪਰ ਉਸ ਤੋਂ ਬਾਅਦ ਵੀ ਕੇਂਦਰ ਦੇ ਏਜੰਡੇ ‘ਤੇ ਸਿਆਸਤ ਕੀਤੀ। ਇੱਕ ਖੇਤਰੀ ਪਾਰਟੀ ਵਜੋਂ ਪੰਜਾਬ, ਪੰਜਾਬੀਆਂ ਅਤੇ ਸਿੱਖਾਂ ਦੀਆਂ ਮੰਗਾਂ ਪਾਰਟੀ ਦਾ ਅਮਲ ਨਹੀਂ ਰਿਹਾ, ਜਿਸ ਕਰਕੇ ਸੰਕਟ ਆਇਆ। ਹੌਲੀ-ਹੌਲੀ ਪੰਥ ਪਾਰਟੀ ਤੋਂ ਦੂਰ ਹੋ ਗਿਆ।”
ਉਹ ਕਹਿੰਦੇ ਹਨ ਕਿ ਪੰਥਕ ਵੋਟ ਬੈਂਕ ਗਵਾਉਣ ਕਰਕੇ ਸ਼੍ਰੋਮਣੀ ਅਕਾਲੀ ਦਲ ਲਗਾਤਾਰ ਚਾਰ ਚੋਣਾਂ ਹਾਰਿਆ।ਇਸ ਵਾਰ ਦੀਆਂ ਚੋਣਾਂ ਵਿੱਚ ਹੋਈ ਹਾਰ ਤੇ ਮਾੜੇ ਪਰਦਰਸ਼ਨ ਕਰਕੇ ਪੈਦਾ ਹੋਈ ਨਿਰਾਸ਼ਾ ਦੇ ਆਲਮ ਨੇ ਆਪਸੀ ਗੁੱਟਬੰਦੀ ਨੂੰ ਜਨਮ ਦਿੱਤਾ।
ਜਸਪਾਲ ਸਿੱਧੂ ਕਹਿੰਦੇ ਹਨ, “ਅਕਾਲੀ ਦਲ ਹਮੇਸ਼ਾ ਅਨੰਦਰਪੁਰ ਸਾਹਿਬ ਦੇ ਮਤੇ ਦੀ ਗੱਲ ਕਰਦਾ ਹੈ ਜਿਸ ਵਿੱਚ ਸੂਬਿਆਂ ਨੂੰ ਵੱਧ ਅਧਿਕਾਰ ਦੇਣ, ਸੰਘੀ ਢਾਂਚਾ ਬਣੇ ਰਹਿਣ ਸਮੇਤ ਕਈ ਮੰਗਾਂ ਸਨ। ਪਰ ਹੁਣ ਅਕਾਲੀ ਦਲ ਨੇ ਜੰਮੂ ਕਸ਼ਮੀਰ ਵਿੱਚੋਂ ਧਾਰਾ 370 ਖਤਮ ਕਰਨ ‘ਤੇ ਵੀ ਸਹਿਯੋਗ ਕਰ ਦਿੱਤਾ, ਤਿੰਨ ਖੇਤੀ ਕਾਨੂੰਨਾਂ ਦਾ ਵੀ ਸਹਿਯੋਗ ਕੀਤਾ। ਯਾਨੀ ਕਿ ਪਿਛਲੇ 10-20 ਸਾਲਾਂ ਵਿੱਚ ਹਰ ਕੇਂਦਰੀ ਕਦਮ ਦਾ ਇਹ ਸਹਿਯੋਗ ਕਰ ਰਹੇ ਹਨ, ਜਿਸ ਕਰਕੇ ਖੇਤਰੀ ਪਾਰਟੀ ਵਜੋਂ ਇਨ੍ਹਾਂ ਦਾ ਵਜੂਦ ਖਤਮ ਹੋ ਗਿਆ।”
ਖੇਤਰੀ ਪਾਰਟੀ ਵਜੋਂ ਅਕਾਲੀ ਦਲ ਦੀ ਪੰਜਾਬ ਲਈ ਅਹਿਮੀਅਤ

ਸ਼੍ਰੋਮਣੀ ਅਕਾਲੀ ਦਲ ਦੇ ਇਸ ਸੰਕਟ ਦਰਮਿਆਨ ਪੰਜਾਬ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਦਾ ਇੱਕ ਬਿਆਨ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ।
ਸ਼੍ਰੋਮਣੀ ਅਕਾਲੀ ਦਲ ਦੀ ਧੜੇਬੰਦੀ ਖੁੱਲ੍ਹ ਕੇ ਸਾਹਮਣੇ ਆਉਣ ਤੋਂ ਕੁਝ ਦਿਨ ਪਹਿਲਾਂ ਸੁਨੀਲ ਜਾਖੜ ਨੇ 'ਦ ਟ੍ਰਿਬਿਊਨ' ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੇ ਨਾਲ ਜਾਂ ਉਨ੍ਹਾਂ ਤੋਂ ਬਿਨ੍ਹਾਂ, ਕੱਟੜਪੰਥ ਦੇ ਵਧਦੇ ਖਤਰੇ ਖ਼ਿਲਾਫ਼ ਸ਼੍ਰੋਮਣੀ ਅਕਾਲੀ ਦਲ ਪੰਜਾਬ ਦਾ ਸੁਰੱਖਿਆ ਵਾਲਵ ਸੀ।
ਸੁਨੀਲ ਜਾਖੜ ਨੇ ਇਹ ਵੀ ਕਿਹਾ ਸੀ, “ਸ਼੍ਰੋਮਣੀ ਅਕਾਲੀ ਦਲ ਕੋਈ ਆਮ ਖੇਤਰੀ ਪਾਰਟੀ ਨਹੀਂ ਹੈ। ਮੈਂ ਮਹਿਸੂਸ ਕਰਦਾ ਹਾਂ ਕਿ ਅੱਜ ਵੀ ਮਜ਼ਬੂਤ ਅਕਾਲੀ ਦਲ ਸ੍ਰੀ ਅਕਾਲ ਤਖਤ ਅਤੇ ਪੰਥ ਦੀ ਨੁਮਾਇੰਦਗੀ ਕਰਨ ਵਾਲੀ ਸਿਆਸੀ ਪਾਰਟੀ ਹੈ।”
ਪੰਜਾਬ ਯੁਨੀਵਰਸਿਟੀ ਵਿੱਚ ਰਾਜਨੀਤੀ ਸ਼ਾਸਤਰ ਦੀ ਪ੍ਰੋਫੈਸਰ ਨਵਜੋਤ ਕਹਿੰਦੇ ਹਨ, “ਇਹ ਪਾਰਟੀ ਪੰਜਾਬ, ਪੰਜਾਬੀਆਂ ਤੇ ਪੰਜਾਬੀਅਤ ਦੇ ਹੱਕਾਂ ਦੀ ਗੱਲ ਕਰਨ ਦਾ ਦਾਅਵਾ ਕਰਦੀ ਹੈ, ਜੇ ਇਹ ਪਾਰਟੀ ਨਿਘਾਰ ਵੱਲ ਜਾਂਦੀ ਹੈ ਤਾਂ ਉਹ ਪੰਜਾਬ ਲਈ ਵੀ ਚੰਗਾ ਨਹੀਂ। ਸ਼੍ਰੋਮਣੀ ਅਕਾਲੀ ਦਲ ਨੂੰ ਪੰਥਕ ਪਾਰਟੀ ਵਜੋਂ ਜਾਣਿਆ ਜਾਂਦਾ ਹੈ, ਪਰ ਸਿੱਖ ਵੋਟ ਬੈਕ ਨੂੰ ਦੇਖਦਿਆਂ ਇਸ ਦੇ ਨਿਘਾਰ ਕਾਰਨ ਪੈਦਾ ਹੋਏ ਖ਼ਲਾਅ ਨੂੰ ਜੋ ਲੋਕ ਭਰਨ ਦੀ ਕੋਸ਼ਿਸ਼ ਕਰ ਰਹੇ ਹਨ, ਇਹ ਪੰਜਾਬ ਲਈ ਚਿੰਤਾ ਦਾ ਵਿਸ਼ਾ ਬਣ ਸਕਦਾ ਹੈ।”
ਜਸਪਾਲ ਸਿੱਧੂ ਮੁਤਾਬਕ, ਪੰਜਾਬ ਨੂੰ ਇੱਕ ਖੇਤਰੀ ਪਾਰਟੀ ਦੀ ਬਹੁਤ ਲੋੜ ਹੈ।
ਉਹ ਕਹਿੰਦੇ ਹਨ, “ਹਰ ਖੇਤਰ ਵਿੱਚ ਖੇਤਰੀ ਪਾਰਟੀ ਦੀ ਲੋੜ ਹੈ, ਇਸ ਵਿੱਚ ਕੋਈ ਸ਼ੱਕ ਨਹੀਂ। ਯੂ.ਪੀ. ਵਿੱਚ ਸਮਾਜਵਾਦੀ ਪਾਰਟੀ ਉਸ ਭੂਮਿਕਾ ਵਿੱਚ ਹੈ। ਬਸਪਾ, ਡੀਐੱਮਕੇ, ਟੀਡੀਪੀ, ਤ੍ਰਿਣਾਮੂਲ ਕਾਂਗਰਸ ਆਦਿ ਸਾਰੀਆਂ ਖੇਤਰੀ ਪਾਰਟੀਆਂ ਹਨ। ”
ਉਹ ਕਹਿੰਦੇ ਹਨ ਕਿ ਜਿਸ ਤਰ੍ਹਾਂ ਖੇਤਰੀ ਪਾਰਟੀਆਂ ਦੇ ਸਹਿਯੋਗ ਨਾਲ ਬਣੇ ਇੰਡੀਆ ਗਠਜੋੜ ਨੇ ਹੁਣ ਜਦੋਂ ਬੀਜੇਪੀ ਦੇ ਰਾਸ਼ਟਰਵਾਦੀ ਏਜੰਡੇ ਨੂੰ ਟੱਕਰ ਦਿੱਤੀ ਹੈ ਤਾਂ ਅਜਿਹੇ ਵਿੱਚ ਖੇਤਰੀ ਪਾਰਟੀਆਂ ਤੋਂ ਆਸ ਵਧੀ ਹੈ। ਪੰਜਾਬ ਵਿੱਚ ਵੀ ਖੇਤਰੀ ਪਾਰਟੀ ਦੀ ਉਮੀਦ ਜਾਗ ਰਹੀ ਹੈ, ਜੋ ਅਸਲ ਵਿੱਚ ਪੰਜਾਬੀਆਂ ਦੀ, ਪੰਜਾਬ ਦੀ ਗੱਲ ਕਰੇ ਅਤੇ ਦਿੱਲੀ ਤੋਂ ਆਏ ਨਿਰਦੇਸ਼ਾਂ ਮੁਤਾਬਕ ਨਾ ਚੱਲੇ।
ਸੰਕਟ ਵਿੱਚੋਂ ਕਿਵੇਂ ਨਿਕਲੇਗੀ ਪਾਰਟੀ ?

ਜਸਪਾਲ ਸਿੱਧੂ ਨੂੰ ਨਹੀਂ ਲਗਦਾ ਕਿ ਸਿਰਫ਼ ਲੀਡਰਸ਼ਿਪ ਦੀ ਤਬਦੀਲੀ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਸੰਕਟ ਖਤਮ ਹੋ ਜਾਏਗਾ।
ਉਹ ਕਹਿੰਦੇ ਹਨ, “ਲੀਡਰਸ਼ਿਪ ਵਿੱਚ ਤਬਦੀਲੀ ਨਾਲ਼ੋਂ ਪਾਰਟੀ ਕੋਈ ਖੇਤਰੀ ਸਿਆਸੀ ਪ੍ਰੋਗਰਾਮ ਦੇਵੇ, ਪਹਿਲਾਂ ਦੇ ਕੇਂਦਰਵਾਦੀ ਪ੍ਰੋਗਰਾਮ ਨੂੰ ਤਿਆਗਣ, ਫਿਰ ਕਿਤੇ ਜਾ ਕੇ ਇਹ ਪਾਰਟੀ ਖੜ੍ਹੀ ਹੋ ਸਕਦੀ ਹੈ।”
ਉਹ ਕਹਿੰਦੇ ਹਨ ਕਿ ਚਿਹਰਿਆਂ ਦੇ ਬਦਲਣ ਨਾਲ ਪਾਰਟੀ ਮੁੜ ਖੜ੍ਹੀ ਨਹੀਂ ਹੋਣੀ।
ਸਿੱਧੂ ਮੁਤਾਬਕ, “ਕਾਂਗਰਸ ਮੁੜ ਖੜ੍ਹੀ ਹੋਈ ਹੈ ਕਿਉਂਕਿ ਰਾਹੁਲ ਗਾਂਧੀ ਸੜਕਾਂ ‘ਤੇ ਉਤਰਿਆ ਹੈ, ਲੋਕਾਂ ਦੀ ਗੱਲ ਕੀਤੀ, ਲੋਕ ਪੱਖੀ ਏਜੰਡਾ ਲੈ ਕੇ ਆਇਆ। ਇਹੀ ਅਕਾਲੀ ਦਲ ਨੂੰ ਵੀ ਕਰਨਾ ਪਵੇਗਾ”
ਇਸ ਬਾਰੇ ਪ੍ਰੋਫੈਸਰ ਮੁੰਹਮਦ ਖਾਲਿਦ ਕਹਿੰਦੇ ਹਨ ਕਿ ਜੇ ਅਕਾਲੀ ਦਲ ਨੂੰ ਬਚਾਉਣਾ ਹੈ ਤਾਂ ਪਾਰਟੀ ਨੂੰ ਲੀਡਰਸ਼ਿਪ ਵਿੱਚ ਬਦਲਾਅ ਕਰਨਾ ਪਵੇਗਾ ਅਤੇ ਪਾਰਟੀ ਨੂੰ ਪੰਥਕ ਵਿਚਾਰਧਾਰਾ ਨਾਲ ਜੋੜਣਾ ਪਵੇਗਾ, ਸੂਬੇ ਦੀ ਖੁਦਮੁਖਤਿਆਰੀ ਤੇ ਸੰਘੀ ਢਾਂਚੇ ਨਾਲ ਜੋੜਣਾ ਪਵੇਗਾ।
ਉਹ ਕਹਿੰਦੇ ਹਨ, “ਮੋਰਚਿਆਂ, ਸੰਘਰਸ਼ਾਂ ਵਿੱਚੋਂ ਸੱਤਾ ਨਿਕਲਦੀ ਹੈ, ਸੱਤਾ ਆਪਣੇ ਆਪ ਵਿੱਚ ਕੁਝ ਨਹੀਂ ਹੈ। ਅਕਾਲੀ ਦਲ ਨੂੰ ਇਹ ਸਮਝਣਾ ਪਵੇਗਾ। ਸੱਤਾ ਵਿੱਚ ਵਾਪਸ ਆਉਣ ਲਈ ਅਕਾਲੀ ਦਲ ਨੂੰ ਆਪਣੀ ਵਿਚਾਰਧਾਰਾ ਵੱਲ ਆਉਣਾ ਪਵੇਗਾ।”
ਹਾਲਾਂਕਿ ਪ੍ਰੋਫੈਸਰ ਖਾਲਿਦ ਵੀ ਇਹ ਮੰਨਦੇ ਹਨ ਕਿ ਸਿਰਫ਼ ਸੁਖਬੀਰ ਸਿੰਘ ਬਾਦਲ ਦੇ ਅਸਤੀਫ਼ੇ ਨਾਲ ਹੱਲ ਨਹੀਂ ਹੋਣਾ।
ਉਹ ਕਹਿੰਦੇ ਹਨ, “ਜਾਂ ਤਾਂ ਸੁਖਬੀਰ ਸਿੰਘ ਬਾਦਲ ਖੁਦ ਇਹ ਸੰਦੇਸ਼ ਦੇਣ ਜਾਂ ਅਹੁਦੇ ਤੋਂ ਪਾਸੇ ਹੋ ਕੇ ਕਿਸੇ ਹੋਰ ਜ਼ਰੀਏ ਸੰਦੇਸ਼ ਆਵੇ ਕਿ ਇਹ ਪਰਿਵਾਰ ਦੀ ਰਾਜਨੀਤੀ ਨਹੀਂ ਹੈ, ਪੰਥ ਦੀ ਰਾਜਨੀਤੀ ਹੈ।”
ਸੁਖਬੀਰ ਸਿੰਘ ਬਾਦਲ ਦੇ ਅਸਤੀਫ਼ੇ ਦੀ ਮੰਗ ਬਾਰੇ ਜਸਪਾਲ ਸਿੱਧੂ ਨੂੰ ਲਗਦਾ ਹੈ ਕਿ ਉਹ ਅਸਤੀਫ਼ਾ ਨਹੀਂ ਦੇਣਗੇ।
ਉਹ ਕਹਿੰਦੇ ਹਨ, “ਅਕਾਲੀ ਦਲ ਵਿੱਚ ਇਹ ਹੁੰਦਾ ਆਇਆ ਹੈ ਕਿ ਵੱਖ ਹੋਇਆ ਲੀਡਰ ਵੱਖਰਾ ਗਰੁੱਪ ਬਣਾ ਲੈਂਦਾ ਹੈ। ਜੇ ਹੁਣ ਵੀ ਅਜਿਹਾ ਹੋਇਆ ਤਾਂ ਜਿਹੜਾ ਧੜਾ ਵੱਡਾ ਹੋਇਆ, ਲੋਕ ਉਸ ਨੂੰ ਅਕਾਲੀ ਦਲ ਮੰਨ ਲੈਣਗੇ।”
ਪ੍ਰੋਫੈਸਰ ਨਵਜੋਤ ਕਹਿੰਦੇ ਹਨ ਕਿ ਜਿਸ ਤਰ੍ਹਾਂ ਪਾਰਟੀ ਦਾ ਵੋਟ ਸ਼ੇਅਰ ਬੁਰੀ ਤਰ੍ਹਾਂ ਡਿੱਗਿਆ ਹੈ, ਇਸ ਪਿੱਛੇ ਪਾਰਟੀ ਨੂੰ ਬਹਿ ਕੇ ਵਿਸ਼ਲੇਸ਼ਣ ਕਰਨ ਦੀ ਲੋੜ ਹੈ ਤਾਂ ਕਿ ਪੰਜਾਬੀਅਤ ਦੀ ਨੁਮਾਇੰਦਗੀ ਦਾ ਦਾਅਵਾ ਕਰਦੀ ਪਾਰਟੀ ਨੂੰ ਖ਼ਾਤਮੇ ਤੋਂ ਬਚਾਇਆ ਜਾ ਸਕੇ।












