ਅਮ੍ਰਿਤਪਾਲ ਸਿੰਘ ਦੇ ਪੰਥਕ ਸਿਆਸਤ 'ਚ ਉਭਾਰ ਦੇ ਕੀ ਮਾਅਨੇ ਹਨ ਅਤੇ ਉਨ੍ਹਾਂ ਬਾਰੇ ਕੀ ਉੱਠ ਰਹੇ ਹਨ ਸਵਾਲ

- ਲੇਖਕ, ਖੁਸ਼ਹਾਲ ਲਾਲੀ
- ਰੋਲ, ਬੀਬੀਸੀ ਪੱਤਰਕਾਰ
''ਅਸੀਂ ਰੋਜ਼ ਗੁਲਾਮੀ-ਗੁਲਾਮੀ ਕੂਕਦੇ ਹਾਂ, ਤੇ ਅਸੀਂ ਹੈ ਵੀ ਗੁਲਾਮ, ਇਸ ਵਿਚ ਕੋਈ ਸ਼ੱਕ ਨਹੀਂ। ਸਾਡੇ ਪਾਣੀ ਲੁੱਟੇ ਗਏ, ਸਾਡੇ ਤਖ਼ਤ ਢਹਿ ਗਏ। ਸਾਡੀਆਂ ਧੀਆਂ ਭੈਣਾਂ ਦੀਆਂ ਬੇਪਤੀਆਂ ਹੋਈਆਂ। ਸਾਡੇ ਨੌਜਵਾਨ ਕੋਹ-ਕੋਹ ਕੇ ਮਾਰੇ ਗਏ। ਥਾਣਿਆਂ ਵਿਚ ਸਾਡੀਆਂ ਪੱਗਾਂ ਲਾਹ ਕੇ ਜ਼ਲੀਲ ਕੀਤਾ ਗਿਆ। ਇਹ ਗੁਲਾਮੀ ਦੀਆਂ ਪ੍ਰਤੱਖ ਨਿਸ਼ਾਨੀਆਂ ਨੇ।''
ਇਹ ਸ਼ਬਦ 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਨਵੇਂ ਬਣੇ ਪ੍ਰਧਾਨ ਅਮ੍ਰਿਤਪਾਲ ਸਿੰਘ ਦੇ ਹਨ।
16 ਅਕਤੂਬਰ ਨੂੰ ਅੰਮ੍ਰਿਤਸਰ ਦੇ ਪਿੰਡ ਭੰਗਵਾ ਵਿਚ 14ਵੇਂ ਸਲਾਨਾ ਗੁਰਮਿਤ ਸਮਾਗਮ ਨੂੰ ਸੰਬੋਧਨ ਕਰਦਿਆਂ ਅਮ੍ਰਿਤਪਾਲ ਨੇ ਇਹ ਸ਼ਬਦ ਕਹੇ ਸਨ।
ਭਾਵੇਂ ਕਿ ਉਨ੍ਹਾਂ ਦੀ ਈਸਾ ਮਸੀਹ ਖ਼ਿਲਾਫ਼ ਇਤਰਾਜ਼ਯੋਗ ਸ਼ਬਦਾਵਲੀ ਨੂੰ ਲੈ ਕੇ ਮਸੀਹ ਭਾਈਚਾਰੇ ਵਲੋਂ ਧਰਨੇ ਦਾ ਐਲਾਨ ਹੋ ਚੁੱਕਾ ਸੀ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਦੀ ਮੰਗ ਹੋ ਰਹੀ ਸੀ।
ਅਮ੍ਰਿਤਪਾਲ ਦਾ ਗਰਮਸੁਰ ਵਾਲਾ ਏਜੰਡਾ
ਅਮ੍ਰਿਤਪਾਲ ਸਿੰਘ ਨੇ ਅਜਿਹੇ ਸ਼ਬਦ ਪਹਿਲੀ ਵਾਰ ਨਹੀਂ ਬੋਲੇ ਸਨ। ਉਨ੍ਹਾਂ 29 ਸਤੰਬਰ ਨੂੰ ਪਿੰਡ ਰੋਡੇ 'ਚ ਆਪਣੀ ਦਸਤਾਰਬੰਦੀ ਦੌਰਾਨ ਵੀ ਕੁਝ ਅਜਿਹਾ ਹੀ ਕਿਹਾ ਸੀ।
ਪੰਜਾਬ ਦੇ ਮੋਗਾ ਜ਼ਿਲ੍ਹੇ ਦਾ ਰੋਡੇ ਪਿੰਡ ਦਮਦਮੀ ਟਕਸਾਲ ਦੇ ਸਾਬਕਾ ਮੁਖੀ ਜਰਨੈਲ ਸਿੰਘ ਭਿੰਡਰਾਵਾਲੇ ਦਾ ਜੱਦੀ ਪਿੰਡ ਹੈ।
ਅਮ੍ਰਿਤਪਾਲ ਸਿੰਘ ਨੇ ਭਿੰਡਰਾਵਾਲੇ ਵਰਗਾ ਪਹਿਰਾਵਾ, ਭਾਸ਼ਾ ਤੇ ਚਾਲ-ਢਾਲ ਅਪਣਾਉਣ ਤੋਂ ਬਾਅਦ 'ਵਾਰਿਸ ਪੰਜਾਬ ਦੇ' ਜਥੇਬੰਦੀ ਦਾ ਮੁਖੀ ਬਣਨ ਲਈ ਸਮਾਗਮ ਲਈ ਇਸੇ ਪਿੰਡ ਦੀ ਚੋਣ ਕੀਤੀ ਸੀ।
'ਵਾਰਿਸ ਪੰਜਾਬ ਦੇ' ਜਥੇਬੰਦੀ ਕਿਸਾਨੀ ਅੰਦੋਲਨ ਦੌਰਾਨ ਮਰਹੂਮ ਪੰਜਾਬੀ ਅਦਾਕਾਰ ਦੀਪ ਸਿੱਧੂ ਨੇ ਬਣਾਈ ਸੀ।

ਦੀਪ ਸਿੱਧੂ ਦੀ 16 ਫਰਵਰੀ 2022 ਨੂੰ ਸੜਕ ਹਾਦਸੇ 'ਚ ਹੋਈ ਮੌਤ ਤੋਂ ਕੁਝ ਮਹੀਨੇ ਬਾਅਦ ਅੰਮ੍ਰਿਤਪਾਲ ਨੇ ਦੁਬਈ ਤੋਂ ਪੰਜਾਬ ਆ ਕੇ ਖੁਦ ਨੂੰ ਪ੍ਰਧਾਨ ਐਲਾਨ ਦਿੱਤਾ ਸੀ।
ਰੋਡੇ ਪਿੰਡ ਵਿੱਚ ਮੰਚ ਤੋਂ ਬੋਲਦਿਆਂ ਅਮ੍ਰਿਤਪਾਲ ਨੇ ਕਿਹਾ ਸੀ, ''ਅਸੀਂ ਸਾਰੇ (ਸਿੱਖ)ਗੁਲਾਮ ਹਾਂ, ਜਿਨ੍ਹਾਂ ਨੂੰ ਅਜੇ ਵੀ ਲੱਗਦਾ ਹੈ ਕਿ ਅਸੀਂ ਅਜ਼ਾਦ ਹਾਂ, ਉਹਨਾਂ ਨੂੰ ਡਾਕਟਰ ਤੋਂ ਸਲਾਹ ਲੈਣ ਦੀ ਲੋੜ ਹੈ।''
ਅਮ੍ਰਿਤਪਾਲ ਕਿਸੇ ਮੰਚ ਤੋਂ ਸਿੱਖ ਨੌਜਵਾਨਾਂ ਦੇ ਸਿਰਾਂ ਦੀ ਮੰਗ ਕਰਦੇ ਨਜ਼ਰ ਆ ਰਹੇ ਹਨ। ਕਿੱਧਰੇ ਵੱਖਰੇ ਸਿੱਖ ਰਾਜ ਲਈ ਲੜਨ ਦਾ ਸੱਦਾ ਦੇ ਰਹੇ ਹਨ।
ਅਗਸਤ ਮਹੀਨੇ ਵਿੱਚ ਦੁਬਈ ਤੋਂ ਪੰਜਾਬ ਆ ਕੇ ਸਰਗਰਮ ਹੋਏ ਇਸ 29 ਸਾਲਾਂ ਨੌਜਵਾਨ ਨੂੰ ਲੈਕੇ ਪੰਜਾਬ ਦੇ ਸਿਆਸੀ ਤੇ ਪੰਥਕ ਹਲਕਿਆਂ ਵਿਚ ਤਿੱਖੀ ਬਹਿਸ ਛਿੜੀ ਹੋਈ ਹੈ।

- 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਨਵੇਂ ਬਣੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਆਪਣੀ ਗਰਮ ਰਾਜਨੀਤੀ ਲਾਈ ਜਾਣੇ ਜਾਂਦੇ ਹਨ।
- 'ਵਾਰਿਸ ਪੰਜਾਬ ਦੇ' ਜਥੇਬੰਦੀ ਕਿਸਾਨੀ ਅੰਦੋਲਨ ਦੌਰਾਨ ਮਰਹੂਮ ਪੰਜਾਬੀ ਅਦਾਕਾਰ ਦੀਪ ਸਿੱਧੂ ਨੇ ਬਣਾਈ ਸੀ।
- ਅੰਮ੍ਰਿਤਪਾਲ ਦੇ ਗਰਮਸੁਰ ਵਾਲੇ ਬਿਆਨਾਂ ਦਾ ਭਾਰਤ ਦੀਆਂ ਏਜੰਸੀਆਂ ਨੇ ਵੀ ਨੋਟਿਸ ਲਿਆ ਹੈ।
- ਹਰਪਾਲ ਸਿੰਘ ਚੀਮਾ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਵੀ ਅੰਮ੍ਰਿਤਪਾਲ ਦੀਆਂ ਗਤੀਵਿਧੀਆਂ ਉਪਰ ਸਵਾਲ ਚੁੱਕੇ ਹਨ।
- ਸਵਾਲ ਉੱਠ ਰਹੇ ਹਨ ਕਿ ਅੰਮ੍ਰਿਤਪਾਲ ਸਿੰਘ ਪਿੱਛੇ ਕਿਹੜੀਆਂ ਤਾਕਤਾਂ ਹਨ।

ਅਮ੍ਰਿਤਪਾਲ ਉੱਤੇ ਉੱਠਦੇ ਸਵਾਲ
ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਇੱਕ ਬਿਆਨ ਰਾਹੀ ਅਮ੍ਰਿਤਪਾਲ ਦੀਆਂ ਸਰਗਰਮੀਆਂ ਦੀ ਜਾਂਚ ਕਰਵਾਉਣ ਦੀ ਗੱਲ ਕਹੇ ਚੁੱਕੇ ਹਨ।
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਹਨ, ''ਪੰਜਾਬ ਦੇ ਲੋਕ ਇਹ ਜਾਣਨਾ ਚਾਹੁੰਦੇ ਹਨ ਕਿ ਪਿਛਲੇ ਸਮੇਂ ਦੁਬਈ ਤੋਂ ਆਏ ਇਸ ਨੌਜਵਾਨ ਦੇ ਪਿੱਛੇ ਕੌਣ ਹੈ।''
''ਇਹ ਪੰਜਾਬ ਸਰਕਾਰ ਦੀ ਡਿਊਟੀ ਬਣਦੀ ਹੈ ਕਿ ਇਹ ਅਜਿਹੇ ਲੋਕਾਂ ਅਤੇ ਇਨ੍ਹਾਂ ਪਿਛਲੀਆਂ ਤਾਕਤਾਂ ਨੂੰ ਨੱਥ ਪਾਉਣ, ਜੇਕਰ ਪੰਜਾਬ ਸਰਕਾਰ ਆਪਣੀ ਡਿਊਟੀ ਨਹੀਂ ਨਿਭਾਉਂਦੀ ਤਾਂ ਸਾਨੂੰ ਸਾਰਿਆਂ ਨੂੰ ਮਿਲਕੇ ਇਸ ਖ਼ਿਲਾਫ਼ ਖੜਨਾ ਪਵੇਗਾ।''
ਕੈਪਟਨ ਅਮਰਿੰਦਰ ਸਿੰਘ ਅਮ੍ਰਿਤਪਾਲ ਨਾਲ ਆਈਐੱਸਆਈ ਦਾ ਨਾਂ ਜੋੜਦੇ ਹਨ।
ਆਪਣਾ ਨਾਂ ਏਜੰਸੀਆਂ ਨਾਲ ਜੋੜੇ ਜਾਣ ਬਾਰੇ ਅਮ੍ਰਿਤਪਾਲ ਕਹਿੰਦੇ ਹਨ, ''ਜੇਕਰ ਏਜੰਸੀਆਂ ਦੇ ਬੰਦੇ ਅੰਮ੍ਰਿਤ ਛਕਾਉਂਦੇ ਹਨ ਤੇ ਪੰਜਾਬ ਦੇ ਹਿੱਤਾਂ ਦੀ ਗੱਲ ਕਰਦੇ ਹਨ ਤਾਂ ਅਜਿਹੇ ਹੋਰ ਬੰਦਿਆਂ ਦੀ ਲੋੜ ਹੈ।''
ਉਹ ਇਹ ਵੀ ਕਹਿੰਦੇ ਹਨ ਕਿ ਉਹ ਇੱਥੇ ਸਾਰਿਆਂ ਦੇ ਇਲਜ਼ਾਮਾਂ ਦਾ ਜਵਾਬ ਦੇਣ ਨਹੀਂ ਆਏ। ਉਹ ਆਪਣਾ ਕੰਮ ਕਰ ਰਹੇ ਹਨ, ਕਿਸੇ ਨੂੰ ਖੁਸ਼ ਨਹੀਂ ਕਰਨ ਆਏ।
ਦੂਜੇ ਪਾਸੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਚਿੱਠੀ ਲਿਖ ਕੇ ਅਮ੍ਰਿਤਪਾਲ ਦੀਆਂ ਗਤੀਵਿਧੀਆਂ ਵੱਲ ਧਿਆਨ ਦੇਣ ਲਈ ਕਿਹਾ ਸੀ।
ਭਾਵੇਂ ਕਿ ਵੜਿੰਗ ਨੇ ਕਿਹਾ ਸੀ, ''ਅੰਮ੍ਰਿਤਪਾਲ ਦੀ ਧਾਰਮਿਕ ਗਤੀਵਿਧੀਆਂ ਨਾਲ ਕਿਸੇ ਨੂੰ ਕੋਈ ਇਤਰਾਜ਼ ਨਹੀਂ ਕਿ ਉਹ ਨੌਜਵਾਨਾਂ ਨੂੰ ਅੰਮ੍ਰਿਤ ਛਕਣ ਲਈ ਕਹਿ ਰਹੇ ਹਨ। ਪਰ ਉਹ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮਕਸਦ ਦੀ ਪੁਸ਼ਟੀ ਹੋਣੀ ਚਾਹੀਦੀ ਹੈ ਅਤੇ ਪਤਾ ਲੱਗਣਾ ਹੈ ਕਿ ਅਮ੍ਰਿਤਪਾਲ ਦੁਬਈ ਤੋਂ ਪੰਜਾਬ ਵਾਪਸ ਕਿਉਂ ਆਏ ਹਨ।''
ਪੰਜਾਬ ਪੁਲਿਸ ਜਾਂ ਕਿਸੇ ਸੁਰੱਖਿਆ ਏਜੰਸੀ ਨੇ ਅਜੇ ਤੱਕ ਅੰਮ੍ਰਿਤਪਾਲ ਬਾਰੇ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਹੈ।

ਤਸਵੀਰ ਸਰੋਤ, Getty Images
ਅਮ੍ਰਿਤਪਾਲ ਦਾ ਨਵਾਂ ਅਵਤਾਰ
ਅਮ੍ਰਿਤਪਾਲ ਦੇ ਪਹਿਰਾਵੇ, ਬੋਲਚਾਲ ਅਤੇ ਸਟਾਇਲ ਕਾਰਨ ਕੁਝ ਲੋਕ ਉਨ੍ਹਾਂ ਦੀ ਤੁਲਨਾ ਦਮਦਮੀ ਟਕਸਾਲ ਦੇ ਸਾਬਕਾ ਮੁਖੀ ਜਰਨੈਲ ਸਿੰਘ ਭਿੰਡਾਰਵਾਲਿਆਂ ਨਾਲ ਵੀ ਕਰਦੇ ਹਨ।
ਗੋਲ਼ ਦਸਤਾਰ, ਚਿੱਟਾ ਚੋਲਾ ਅਤੇ ਇਕਹਰਾ ਪਤਲਾ ਸਰੀਰ, ਹੱਥ ਵਿੱਚ ਤੀਰ ਤੇ ਸਹਿਜਤਾ ਨਾਲ ਗਰਮਸੁਰ ਵਾਲੇ ਭਾਸ਼ਣਾਂ ਕਾਰਨ ਲੋਕ ਅਜਿਹੀ ਤੁਲਨਾ ਕਰਨ ਲੱਗ ਪਏ।
ਭਿੰਡਰਾਵਾਲਿਆਂ ਨੂੰ ਬਹੁਤ ਵਾਰ ਨਿੱਜੀ ਤੌਰ ਉੱਤੇ ਬਤੌਰ ਪੱਤਰਕਾਰ ਮਿਲ ਚੁੱਕੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਨੂੰ ਵੀ ਅਚਾਨਕ ਪ੍ਰਗਟ ਹੋਇਆ ਇਹ ਰੂਪ ਰੋਚਕ ਲੱਗਿਆ।
ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ, ''ਪਹਿਲੀ ਵਾਰ ਮੈਂ ਕੋਈ ਵਿਅਕਤੀ ਦੇਖਿਆ, ਜਿਹੜਾ ਕਿਸੇ ਪਾਰਟੀ ਨਾਲ ਸਬੰਧਤ ਨਹੀਂ। ਜਿਸਦਾ ਉਂਝ ਵੀ ਕੋਈ ਪਿਛੋਕੜ ਨਹੀਂ। ਉਹ ਅਚਾਨਕ ਸੋਸ਼ਲ ਮੀਡੀਆ ਸਟਾਰ ਬਣ ਜਾਂਦਾ ਹੈ।''
ਉਹ ਕਹਿੰਦੇ ਹਨ ਕਿ ਮੈਨੂੰ ਉਨ੍ਹਾਂ ਦਾ ਵੀਡੀਓ ਦੇਖ ਕੇ ਦਿਲਚਸਪ ਗੱਲ, ਉਨ੍ਹਾਂ ਦੀ ਭਿੰਡਰਾਵਾਲਿਆਂ ਵਰਗੀ ਦਿੱਖ ਲੱਗੀ।
''ਗੱਲਬਾਤ ਦਾ ਤਰੀਕਾ, ਚਾਲ-ਢਾਲ ਸਾਰੀ, ਇੱਕ ਇੱਕ ਐਕਸ਼ਨ ਉਵੇਂ ਹੀ ਕਰਨਾ। ਉਸੇ ਤਰ੍ਹਾਂ ਦੀ ਖੜ੍ਹੇ ਹੋਣਾ। ਉਸ ਤਰ੍ਹਾਂ ਹੀ ਤੁਰਨਾ।''
ਇਸ ਦਾ ਇੱਕ ਹਾਂਪੱਖੀ ਪੱਖ਼ ਇਹ ਹੈ ਕਿ ਇਨ੍ਹਾਂ ਦੀ ਆਪਣੀ ਭਾਸ਼ਾ ਉੱਤੇ ਵੀ ਚੰਗੀ ਪਕੜ ਹੈ। ਜਿਹੜੀ ਗੱਲ ਕਹਿਣੀ ਨਾਪ-ਤੋਲ ਕੇ ਕਹਿਣੀ ਹੈ, ਤੇ ਸਾਰਾ ਕੁਝ ਉਹੀ ਹੈ।

ਇਹ ਵੀ ਪੜ੍ਹੋ-

ਜਗਤਾਰ ਸਿੰਘ ਅੱਗੇ ਕਹਿੰਦੇ ਹਨ ਕਿ ਇਨ੍ਹਾਂ ਦੀ ਇੱਕ ਹੋਰ ਵੀਡੀਓ ਮੈਂ ਦੇਖੀ, ਉਹ ਦੁਬਈ ਦੀ ਹੈ। ਇਹ ਗੱਡੀ ਵਿੱਚ ਬੈਠ ਕੇ ਗੱਲਬਾਤ ਕਰ ਰਹੇ ਹਨ, ਫੇਸਬੁੱਕ ਪੇਜ ਉੱਤੇ ਲਾਈਵ ਹਨ।
ਸਧਾਰਨ ਨੌਜਵਾਨ ਵਾਂਗ ਜਿਨ੍ਹਾਂ ਮੁੱਦਿਆਂ ਉੱਤੇ ਉਨ੍ਹਾਂ ਦੀ ਧਾਰਨਾ ਬਣੀ ਹੈ, ਉਹ ਉਸ ਉੱਤੇ ਵਧੀਆ ਗੱਲ ਕਰ ਰਿਹਾ ਹੈ।
ਪਰ ਉਹ ਸਧਾਰਨ ਮੁੰਡੇ ਵਾਲੀ ਗੱਲ ਹੈ ਅਤੇ ਜਦੋਂ ਅਚਾਨਕ ਨਵੇਂ ਰੂਪ ਵਿਚ ਆਉਂਦੇ ਹਨ ਤਾਂ ਹਾਅ ਭਾਅ ਵੱਖਰੇ ਹੋ ਜਾਂਦੇ ਹਨ।
''ਇਹ ਮੇਰੇ ਅਧਿਐਨ ਦਾ ਹਿੱਸਾ ਹੈ ਕਿ ਇਹ ਮੁੰਡਾ ਆਪਣੇ ਅਸਲ ਰੂਪ ਵਿੱਚ ਪੰਜਾਬ ਵਿੱਚ ਲੈਂਡ ਕਿਉਂ ਨਹੀਂ ਕੀਤਾ। ਆਪਣੇ ਆਪ ਨੂੰ ਬਦਲ ਕੇ ਪੇਸ਼ ਕਰਨ ਦੀ ਲੋੜ ਕਿਉਂ ਪੈ ਗਈ।''
ਜਗਤਾਰ ਸਿੰਘ ਕਹਿੰਦੇ ਹਨ ਕਿ ਮੈਨੂੰ ਲੱਗਦਾ ਹੈ ਕਿ ਅਜਿਹੀ ਟ੍ਰੇਨਿੰਗ ਕੁਝ ਹੀ ਦਿਨਾਂ ਵਿਚ ਨਹੀਂ ਹੁੰਦੀ।
ਉੱਧਰ ਆਪਣੀ ਤੁਲਨਾ ਭਿੰਡਰਾਲਿਆਂ ਨਾਲ ਕੀਤੇ ਜਾਣ ਉੱਤੇ ਅੰਮ੍ਰਿਤਪਾਲ ਕਹਿਦੇ ਹਨ, ''ਮੈਂ ਤਾਂ ਸੰਤਾਂ ਦੇ ਪੈਰਾਂ ਦੀ ਧੂੜ ਵਰਗਾ ਵੀ ਨਹੀਂ ਹਾਂ।''
ਅਮ੍ਰਿਤਪਾਲ ਦਾ ਪਿਛੋਕੜ
ਅੰਮ੍ਰਿਤਪਾਲ ਸਿੰਘ ਇੱਕ ਮੀਡੀਆ ਇੰਟਰਵਿਊ ਵਿੱਚ ਦੱਸਦੇ ਹਨ ਕਿ ਉਨ੍ਹਾਂ ਦਾ ਜਨਮ ਤੇ ਪਾਲਣ-ਪੋਸ਼ਣ ਅੰਮ੍ਰਿਤਸਰ ਦੇ ਜੱਦੂਖੇੜ੍ਹਾ ਪਿੰਡ ਵਿੱਚ ਹੋਇਆ ਹੈ।
ਉੱਥੇ ਹੀ ਸਕੂਲੀ ਪੜ੍ਹਾਈ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਦੇ ਦੱਸਣ ਮੁਤਾਬਕ ਉਹ ਰੁਜ਼ਗਾਰ ਦੀ ਭਾਲ ਵਿੱਚ ਅਰਬ ਚਲੇ ਗਏ।

ਤਸਵੀਰ ਸਰੋਤ, SANDHUAMRIT1984/INSTAGRAM
ਉਨ੍ਹਾਂ ਦੇ ਪਿਤਾ ਦਾ ਨਾਂ ਤਰਸੇਮ ਸਿੰਘ ਅਤੇ ਮਾਤਾ ਨਾਂ ਬਲਵਿੰਦਰ ਕੌਰ ਹੈ। ਤਰਸੇਮ ਸਿੰਘ ਦੁਬਈ ਵਿੱਚ ਟਰਾਂਸਪੋਰਟ ਦਾ ਕੰਮ ਕਰਦੇ ਹਨ।
ਤਿੰਨ ਭੈਣ ਭਰਾਵਾਂ ਵਿਚੋਂ ਇੱਕ ਅੰਮ੍ਰਿਤਪਾਲ ਸਭ ਤੋਂ ਛੋਟੇ ਹਨ ਅਤੇ ਉਹ ਵੀ ਬਾਰਵੀਂ ਤੱਕ ਪਿੰਡ ਵਿੱਚ ਹੀ ਪੜ੍ਹਨ ਤੋਂ ਬਾਅਦ ਪਰਿਵਾਰਕ ਕਾਰੋਬਾਰ ਲਈ ਦੁਬਈ ਚਲੇ ਗਏ।
ਉਨ੍ਹਾਂ ਦੀਆਂ ਸੋਸ਼ਲ ਮੀਡੀਆ ਉੱਤੇ ਉਪਲੱਬਧ ਤਸਵੀਰਾਂ ਵਿਚ ਉਹ ਸਿਰੋਂ ਮੋਨੇ ਅਤੇ ਜੀਨ ਟੀ-ਸ਼ਰਟ ਪਹਿਨਣ ਵਾਲੇ ਆਮ ਨੌਜਵਾਨ ਨਜ਼ਰ ਆਉਂਦੇ ਹਨ।
ਅੰਮ੍ਰਿਤਪਾਲ ਦਾ ਕਹਿਣਾ ਹੈ ਕਿ ਉਹ ਜਲਦੀ ਕਿਤੇ ਲੋਕਾਂ ਵਿੱਚ ਘੁਲਦੇ ਮਿਲਦੇ ਨਹੀਂ ਹਨ ਅਤੇ ਨਾ ਹੀ ਉਨ੍ਹਾਂ ਦੇ ਬਹੁਤ ਜ਼ਿਆਦਾ ਦੋਸਤ ਹਨ।
ਇੱਕ ਇੰਟਰਵਿਊ ਮੁਤਾਬਕ ਉਨ੍ਹਾਂ ਨੇ ਦਾਅਵਾ ਕੀਤਾ ਕਿ ਦੁਬਈ ਰਹਿਣ ਦੌਰਾਨ ਉਨ੍ਹਾਂ ਨੇ ਉੱਥੋਂ ਦੀਆਂ ਮਸ਼ਹੂਰ ਇਮਾਰਤਾਂ, ਜਿਨ੍ਹਾਂ ਨੂੰ ਦੇਖਣ ਦੂਰੋਂ-ਦੂਰੋਂ ਲੋਕ ਆਉਂਦੇ ਹਨ, ਉਹ ਵੀ ਨਹੀਂ ਦੇਖੀਆਂ।
ਪੜ੍ਹਨ ਬਾਰੇ ਉਹ ਦੱਸਦੇ ਹਨ ਕਿ ਸਕੂਲ ਦੌਰਾਨ ਪੜ੍ਹਾਈ ਵਿੱਚ ਦਿਲਚਸਪੀ ਨਹੀਂ ਸੀ ਅਤੇ ਉਸ ਤੋਂ ਬਾਅਦ ਦੁਬਈ ਚਲੇ ਗਏ ਅਤੇ ਫਿਰ ਵਕਤ ਨਹੀਂ ਮਿਲਿਆ।

ਤਸਵੀਰ ਸਰੋਤ, FB/DEEP SIDHU
ਦੀਪ ਸਿੱਧੂ ਤੇ 'ਵਾਰਿਸ ਪੰਜਾਬ ਦੇ' ਜਥੇਬੰਦੀ
ਨਵੰਬਰ 2020 ਤੋਂ ਸ਼ੁਰੂ ਹੋਏ ਅਤੇ ਦਸੰਬਰ 2021 ਤੱਕ ਚੱਲੇ ਭਾਰਤ ਵਿਚਲੇ ਕਿਸਾਨੀ ਅੰਦੋਨਲ ਦੌਰਾਨ ਉਹ ਸੋਸ਼ਲ ਮੀਡੀਆ ਉੱਤੇ ਕਾਫ਼ੀ ਸਰਗਰਮ ਦੇਖੇ ਗਏ।
ਉਹ ਪੰਜਾਬੀ ਅਦਾਕਾਰ ਦੀਪ ਸਿੱਧੂ ਦਾ ਵੀ ਖੁੱਲ੍ਹ ਕੇ ਸਮਰਥਨ ਕਰਦੇ ਦੇਖੇ ਗਏ। ਇੱਥੋਂ ਹੀ ਉਹ ਕੁਝ ਚਰਚਾ ਵਿਚ ਆਏ ਸਨ।
ਉਹ ਇਹ ਵੀ ਦਾਅਵਾ ਕਰਦੇ ਹਨ ਕਿ 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਗਠਨ ਵੇਲੇ ਉਹ ਪਿੱਛੇ ਰਹਿ ਕੇ ਕੰਮ ਕਰਦੇ ਸਨ।
ਪਰ ਉਹ ਦੀਪ ਸਿੱਧੂ ਦੀ ਮੌਤ ਮੌਕੇ ਅੰਤਿਮ ਸਸਕਾਰ ਅਤੇ ਭੋਗ ਸਮਾਗਮ ਵਿੱਚ ਹਾਜ਼ਰ ਨਹੀਂ ਸਨ।
ਦੂਜੇ ਪਾਸੇ ਦੀਪ ਸਿੱਧੂ ਦੇ ਭਰਾ ਮਨਦੀਪ ਸਿੰਘ ਇਹ ਵੀ ਦਾਅਵਾ ਕਰਦੇ ਹਨ,''ਅੰਮ੍ਰਿਤਪਾਲ ਦਾ ਮੋਬਾਇਲ ਨੰਬਰ ਦੀਪ ਸਿੱਧੂ ਨੇ ਬਲੌਕ ਕੀਤਾ ਹੋਇਆ ਸੀ। ਉਸਦੀ ਦੀਪ ਦੇ ਪਰਿਵਾਰ ਨਾਲ ਕਦੇ ਕੋਈ ਗੱਲਬਾਤ ਨਹੀਂ ਹੋਈ।''
ਅਮ੍ਰਿਤਪਾਲ ਸਿੰਘ ਦੇ ਪਿੱਛੇ ਕੌਣ
ਰਣਜੀਤ ਸਿੰਘ ਕੁੱਕੀ ਉਹ ਸਖ਼ਸ ਹਨ ਜਿਨ੍ਹਾਂ ਨੇ 1984 ਵਿੱਚ ਦਰਬਾਰ ਸਾਹਿਬ ਉੱਤੇ ਫੌਜੀ ਹਮਲੇ ਤੋਂ ਬਾਅਦ ਹੋਏ ਸਿੱਖ ਸੰਘਰਸ਼ ਵਿਚ ਭਰਵੀਂ ਸ਼ਮੂਲੀਅਤ ਕੀਤੀ ਅਤੇ ਕਈ ਸਾਲ ਅਮਰੀਕਾ ਤੇ ਭਾਰਤ ਵਿਚ ਜੇਲ੍ਹ ਕੱਟੀ ਹੈ।
ਬੀਬੀਸੀ ਪੰਜਾਬੀ ਨਾਲ ਗੱਲਬਾਤ ਵਿੱਚ ਉਨ੍ਹਾਂ ਕਿਹਾ, ''ਮੇਰੀ ਸਮਝ ਹੈ ਕਿ ਅੰਮ੍ਰਿਤਪਾਲ ਸਟੇਟ ਜਾਂ ਅਜਿਹੇ ਲੋਕਾਂ ਵਲੋਂ ਉਭਾਰਿਆ ਜਾ ਰਿਹਾ ਹੈ, ਜਿਨ੍ਹਾਂ ਦੇ ਹਿੱਤ ਪੰਜਾਬ ਵਿਚ ਗੜਬੜੀ ਨਾਲ ਪੂਰੇ ਹੁੰਦੇ ਹਨ।''

ਤਸਵੀਰ ਸਰੋਤ, FB/Ranjit Singh Gill (Kuki gill)
ਉਹ ਸਵਾਲ ਕਰਦੇ ਹਨ, ''ਜਦੋਂ ਉਸਦੀ ਐਂਟਰੀ ਹੁੰਦੀ ਹੈ ਤਾਂ ਸਾਰਾ ਸੋਸ਼ਲ ਮੀਡੀਆ ਇੱਕਦਮ ਹਾਈਜੈਕ ਹੋ ਜਾਂਦਾ ਹੈ।''
ਕੁੱਕੀ ਕਹਿੰਦੇ ਹਨ, ''ਇੰਝ ਲੱਗਦਾ ਹੈ ਕਿ ਜਿਵੇਂ ਉਸ ਨੂੰ ਸਾਡੇ ਉੱਤੇ ਆਗੂ ਵਜੋਂ ਥੋਪਿਆ ਜਾ ਰਿਹਾ ਹੋਵੇ, ਸਿਰਫ਼ ਇਸ ਲਈ ਕਿ ਉਹ ਵੱਖਰੇ ਰਾਜ ਦੇ ਨਾਅਰੇ ਲਾਉਂਦਾ ਹੈ ਅਤੇ ਸੋਧਾ ਲਾਉਣ ਦੀਆਂ ਗੱਲਾਂ ਕਰਦਾ ਹੈ।''
ਪੰਥਕ ਸਿਆਸਤ ਵਿੱਚ ਲੰਬਾ ਸਮਾਂ ਸਰਗਰਮ ਰਹੇ ਕੈਪਟਨ ਚੰਨਣ ਸਿੰਘ ਨੂੰ ਇਸ ਵਿੱਚ ਧਰੁਵੀਕਰਨ ਦੀ ਸਿਆਸਤ ਨਜ਼ਰ ਆ ਰਹੀ ਹੈ।
ਕੈਪਟਨ ਚੰਨਣ ਸਿੰਘ ਇੱਕ ਡਿਜੀਟਲ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਕਹਿੰਦੇ ਹਨ, ''ਅਮ੍ਰਿਤਪਾਲ ਰਾਹੀਂ ਮੁਲਕ ਦੇ ਸੱਤਾਧਾਰੀ ਵੋਟਾਂ ਲਈ ਪੰਜਾਬ ਦਾ ਧਰੁਵੀਕਰਨ ਕਰਨਾ ਚਾਹੁੰਦੇ ਹਨ, ਤਾਂ ਜੋ 2024 ਦੀਆਂ ਚੋਣਾਂ ਜਿੱਤੀਆਂ ਜਾ ਸਕਣ।''
ਉਹ ਕਹਿੰਦੇ ਹਨ ਕਿ ਪੰਜਾਬ ਦੇ ਅਸਲ ਮੁੱਦਿਆਂ ਨੂੰ ਹੱਲ ਕਰਨ ਦੀ ਬਜਾਇ ਇਸ ਨੂੰ ਹੋਰ ਦਿਸ਼ਾ ਵਿੱਚ ਭਟਕਾਉਣ ਦੀ ਇਹ ਕੋਸ਼ਿਸ਼ ਹੈ।
ਕੈਪਟਨ ਚੰਨਣ ਸਿੰਘ ਕਹਿੰਦੇ ਹਨ ਕਿ ਅਜੇ ਤਾਂ ਸਾਥੋਂ 1980ਵਿਆਂ ਦੌਰਾਨ ਹੋਈਆਂ ਮੌਤਾਂ ਦੀ ਗਿਣਤੀ ਨਹੀਂ ਹੋ ਸਕੀ, ਅਤੇ ਇਹ ਨਵਾਂ ਵਰਤਾਰਾ ਸ਼ੁਰੂ ਕਰ ਦਿੱਤਾ ਗਿਆ ਹੈ।

ਅਮ੍ਰਿਤਪਾਲ ਦੇ ਉਭਾਰ ਦਾ ਕਾਰਨ
ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਪੰਜਾਬ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਹਨ ਅਤੇ ਲੰਬੇ ਸਮੇਂ ਤੋਂ ਪੰਜਾਬ ਅਤੇ ਪੰਥਕ ਸਿਆਸਤ ਦਾ ਅਧਿਐਨ ਕਰਦੇ ਰਹੇ ਹਨ।
ਉਨ੍ਹਾਂ ਤੋਂ ਜਦੋਂ ਅਮ੍ਰਿਤਪਾਲ ਦੇ ਵਰਤਾਰੇ ਬਾਰੇ ਮੀਡੀਆ ਨੇ ਪੁੱਛਿਆ ਤਾਂ ਉਹਨਾਂ ਕਿਹਾ, ''ਨਾ ਮੈਂ ਅਮ੍ਰਿਤਪਾਲ ਸਿੰਘ ਨੂੰ ਕਦੇ ਮਿਲਿਆ ਹਾਂ, ਤੇ ਨਾ ਕਦੇ ਮੀਟਿੰਗ ਕੀਤੀ ਅਤੇ ਨਾ ਹੀ ਉਸ ਨੂੰ ਜਾਣਦਾ ਪਛਾਣਦਾ ਹਾਂ। ਪਰ ਉਸਦੇ ਬਾਰੇ ਜੋ ਚਰਚਾ ਹੋ ਰਹੀ ਹੈ, ਉਸ ਦਾ ਕਾਰਨ ਹੈ ਕਿ ਪੰਜਾਬ ਵਿੱਚ ਇੱਕ ਬਹੁਤ ਵੱਡਾ ਸਿਆਸੀ ਖਲਾਅ ਹੈ।''
ਉਹ ਕਹਿੰਦੇ ਹਨ ਕਿ ਪੰਜਾਬ ਵਿੱਚ ਅਤੇ ਖਾਸਕਰ ਸਿੱਖਾਂ ਵਿੱਚ ਬਹੁਤ ਵੱਡਾ ਖਲਾਅ ਹੈ। ਪੰਜਾਬ ਦੇ ਲੋਕ ਅਕਾਲੀ ਅਤੇ ਕਾਂਗਰਸ ਤੋਂ ਨਿਰਾਸ਼ ਹੋ ਚੁੱਕੇ ਸਨ, ਭਾਜਪਾ ਦਾ ਪੰਜਾਬ ਵਿੱਚ ਬਹੁਤਾ ਅਧਾਰ ਨਹੀਂ ਹੈ।
''ਇਸ ਲਈ 2022 ਦੀਆਂ ਚੋਣਾਂ ਵਿਚ ਆਮ ਆਦਮੀ ਪਾਰਟੀ ਨੂੰ ਮਿਲਿਆ ਸਮਰਥਨ ਅਸਲ ਵਿੱਚ ਲੋਕਾਂ ਦੇ ਗੁੱਸੇ ਦਾ ਪ੍ਰਗਟਾਵਾ ਸੀ। ਆਮ ਲੋਕਾਂ ਨੂੰ ਇੱਕ ਸਿਆਸੀ ਬਦਲ ਨਜ਼ਰ ਆਇਆ।''
ਡਾਕਟਰ ਢਿੱਲੋਂ ਕਹਿੰਦੇ ਹਨ ਕਿ ਪੰਜਾਬ ਦੀ ਮੌਜੂਦਾ ਲੀਡਰਸ਼ਿਪ ਵਿਚੋਂ ਕੋਈ ਵੀ ਆਗੂ ਸਿੱਖਾਂ ਦਾ ਲੀਡਰ ਨਹੀਂ ਬਣ ਸਕਿਆ, ਜਿਸ ਉੱਤੇ ਸਿੱਖ ਭਰੋਸਾ ਕਰ ਸਕੇ। ਭਾਵੇਂ ਪ੍ਰਕਾਸ਼ ਸਿੰਘ ਬਾਦਲ ਜਾਂ ਸਿਮਰਨਜੀਤ ਸਿੰਘ ਮਾਨ ਅਤੇ ਹੋਰ ਕਾਂਗਰਸ ਤੇ ਦੂਜੀਆਂ ਪਾਰਟੀਆਂ ਦੇ ਸਿੱਖ ਆਗੂ ਦਾਅਵਾ ਜੋ ਮਰਜ਼ੀ ਕਰੀ ਜਾਣ।
ਢਿੱਲੋਂ ਅੱਗੇ ਕਹਿੰਦੇ ਹਨ, ''ਜਿਸ ਤਰੀਕੇ ਨਾਲ ਅਮ੍ਰਿਤਪਾਲ ਆਇਆ ਹੈ, ਜਿਵੇਂ ਉਸ ਨੇ ਮਾਹੌਲ ਬਣਾਇਆ ਹੈ ਅਤੇ ਜਿਵੇਂ ਸਿੱਖ ਮੁੱਦਿਆਂ ਦੀ ਗੱਲ ਕਰਦਾ ਹੈ। ਉਸ ਨਾਲ ਸਿੱਖ ਨੌਜਵਾਨਾਂ ਨੂੰ ਆਕਰਸ਼ਿਤ ਕਰ ਰਿਹਾ ਹੈ।''

ਅਮ੍ਰਿਤਪਾਲ ਨੂੰ ਮਿਲਦਾ ਸਮਰਥਨ ਕਿੰਨਾ ਵੱਡਾ
ਸੀਨੀਅਰ ਪੱਤਰਕਾਰ ਜਗਤਾਰ ਸਿੰਘ ਕਹਿੰਦੇ ਹਨ ਕਿ ਪੰਜਾਬ ਵਿੱਚ ਇੱਕ ਵਰਗ ਹੈ ਜਿਨ੍ਹਾਂ ਦੀ ਮੈਂ ਗਿਣਤੀ ਦਾ ਅੰਦਾਜ਼ਾ 5 ਕੁ ਹਜ਼ਾਰ ਲਾਉਂਦਾ ਹਾਂ।
''ਪਿਛਲੀਆਂ ਚੋਣਾਂ ਦੌਰਾਨ ਕਿਸੇ ਨੇ ਸਿੱਖ ਕੈਦੀਆਂ ਦੀ ਰਿਹਾਈ ਲਈ ਚੰਡੀਗੜ੍ਹ ਵਿੱਚ ਸੱਦਾ ਦਿੱਤਾ ਸੀ। ਉੱਥੇ ਵੀ 5-7 ਹਜ਼ਾਰ ਲੋਕ ਪਹੁੰਚੇ ਸਨ, ਲੀਡਰ ਕੋਈ ਵੀ ਨਹੀਂ ਸੀ। ਇੱਕ ਭਾਵਨਾ ਹੈ, ਲੋਕ ਤੁਰਦੇ ਹਨ। ਪੰਜਾਬ ਵਿਚ ਇੱਕ ਖਲਾਅ ਹੈ, ਉਸ ਵਿਚੋਂ ਕਿਹੜੀ ਸਿਆਸਤ ਉੱਭਰਦੀ ਹੈ, ਇਹ ਗੱਲ ਦੇਖਣ ਵਾਲੀ ਹੈ।''
ਉਹ ਕਹਿੰਦੇ ਹਨ ਕਿ ਆਮ ਆਦਮੀ ਪਾਰਟੀ ਦਾ ਉਭਾਰ ਵੀ ਪੰਜਾਬ ਵਿਚ ਲੋਕਾਂ ਦੇ ਗੁੱਸੇ ਹੋਣ ਵਿੱਚੋਂ ਹੀ ਨਿਕਲਿਆ ਸੀ। ਇਹ ਨਹੀਂ ਕਿ ਆਮ ਲੋਕਾਂ ਨੂੰ 'ਆਪ' ਜ਼ਿਆਦਾ ਪਸੰਦ ਸੀ, ਬਸ ਲੋਕਾਂ ਦਾ ਗੁੱਸਾ ਸੀ ਤੇ ਉਨ੍ਹਾਂ ਕੱਢ ਦਿੱਤਾ।
ਕੈਪਟਨ ਚੰਨਣ ਸਿੰਘ ਵੀ ਪੱਤਰਕਾਰ ਜਗਤਾਰ ਸਿੰਘ ਵਰਗੀ ਹੀ ਦਲੀਲ ਦਿੰਦੇ ਹਨ।
ਅਮ੍ਰਿਤਪਾਲ ਨੂੰ ਮਿਲਣ ਵਾਲੇ ਹੁੰਗਾਰੇ ਬਾਰੇ ਚੰਨਣ ਸਿੰਘ ਕਹਿੰਦੇ ਹਨ ਕਿ 2-4 ਫੀਸਦ ਲੋਕ ਪਹਿਲਾਂ ਹੀ ਸਿਮਰਨਜੀਤ ਸਿੰਘ ਮਾਨ ਅਤੇ ਅਜਿਹੀਆਂ ਪੰਥਕ ਧਿਰਾਂ ਦੇ ਸਮਰਥਕ ਰਹੇ ਹਨ। ਇਨ੍ਹਾਂ ਨੂੰ ਹਰ ਹਲਕੇ ਵਿਚ 800-900 ਜਾਂ ਹਜ਼ਾਰ ਵੋਟਾਂ ਇੱਕ ਹਲਕੇ ਵਿਚ ਪੈਂਦੀਆਂ ਸੀ।
ਚੰਨਣ ਸਿੰਘ ਅੱਗੇ ਕਹਿੰਦੇ ਹਨ ਕਿ ਇਸ ਤਰ੍ਹਾਂ ਦੇ ਇਕੱਠ ਪੰਜਾਬ ਵਿਚ ਜਦੋਂ ਤੋਂ ਅਕਾਲੀ ਦਲ ਸਿਆਸੀ ਤੌਰ ਉੱਤੇ ਨੁੱਕਰੇ ਲੱਗ ਰਿਹਾ ਹੈ, ਉਦੋਂ ਤੋਂ ਅਜਿਹੇ ਇਕੱਠ ਪੰਜਾਬ ਵਿੱਚ ਆਮ ਦੇਖੇ ਗਏ ਹਨ।
ਸੰਗਰੂਰ ਲੋਕ ਸਭਾ ਦੀ ਚੋਣ ਵਿੱਚ ਸਿਮਰਨਜੀਤ ਸਿੰਘ ਮਾਨ ਦੀ ਜਿੱਤ ਤੋਂ ਬਾਅਦ ਸਿਆਸੀ ਟਿੱਪਣੀਕਾਰ ਡਾਕਟਰ ਪ੍ਰਮੋਦ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਕੀਤੀ ਸੀ।
ਉਨ੍ਹਾਂ ਕਿਹਾ ਸੀ ਇਹ ਜਿੱਤ ਸਿਮਰਜੀਤ ਮਾਨ ਨਾਲੋਂ ਵੱਧ ਅਕਾਲੀ ਦਲ ਦੀ ਹੈ। ਜਦੋਂ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲਾ ਅਕਾਲੀ ਦਲ ਹਾਸ਼ੀਏ ਉੱਤੇ ਚਲਾ ਗਿਆ, ਤਾਂ ਅਕਾਲੀ ਦਲ ਦੇ ਮਾਨ ਧੜ੍ਹੇ ਨੂੰ ਸਮਰਥਨ ਮਿਲ ਗਿਆ।

ਹਾਲਾਤ ਜੋ ਅਮ੍ਰਿਤਪਾਲ ਲਈ ਸਾਜਗਾਰ ਬਣੇ
ਭਾਵੇਂ ਕਿ ਸਵਾਲ ਇਹ ਹੋ ਰਹੇ ਹਨ ਅਮ੍ਰਿਤਪਾਲ ਨੂੰ ਦਿਨਾਂ ਵਿੱਚ ਹੀ ਇੰਨਾ ਵੱਡਾ ਸਮਰਥਨ ਕਿਵੇਂ ਮਿਲ ਰਿਹਾ ਹੈ।
ਪਰ ਪੰਜਾਬ ਦੀ ਸਿਆਸਤ ਦੇ ਜਾਣਕਾਰਾਂ ਦਾ ਮੰਨਣਾ ਹੈ ਕਿ ਇਹ ਪੰਜਾਬ ਵਿਚ ਪੰਥਕ ਸਿਆਸਤ ਵਿਚ ਪੈਦਾ ਹੋਏ ਖਲ਼ਾਅ ਵਿੱਚ ਅਮ੍ਰਿਤਪਾਲ ਆਪ ਹੀ ਫਿਟ ਹੋ ਰਿਹਾ ਹੈ।
ਦਿੱਲੀ ਬਾਰਡਰਾਂ ਉੱਤੇ ਕਿਸਾਨ ਅੰਦੋਲਨ ਦੌਰਾਨ ਜਦੋਂ ਦੀਪ ਸਿੱਧੂ, ਲੱਖਾ ਸਿਧਾਣਾ ਅਤੇ ਕੁਝ ਹੋਰ ਜਥੇਬੰਦੀਆਂ ਸੰਯੁਕਤ ਕਿਸਾਨ ਮੋਰਚੇ ਤੋਂ ਬਾਹਰੀ ਹੋਕੇ ਲਾਲ ਕਿਲੇ ਗਈਆਂ ਤਾਂ ਉੱਥੇ ਵੱਡੀ ਗਿਣਤੀ ਲੋਕ ਆਪ ਮੁਹਾਰੇ ਪਹੁੰਚ ਗਏ ਸਨ।
ਇਸ ਤੋਂ ਬਾਅਦ ਪੰਜਾਬ ਵਿੱਚ ਦੀਪ ਸਿੱਧੂ ਅਤੇ ਲੱਖਾ ਸਿਧਾਣਾ ਦੇ ਸਮਰਥਕਾਂ ਵਲੋਂ ਵੱਡੇ ਇਕੱਠ ਮਹਿਰਾਜ ਪਿੰਡ ਅਤੇ ਮਸਤੂਆਣਾ ਵਿੱਚ ਕੀਤੇ ਗਏ।
ਇਸ ਤੋਂ ਬਾਅਦ ਭਾਵੇਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਵੋਟਿੰਗ ਦੇ ਰੂਪ ਵਿਚ ਇਸ ਦਾ ਇੰਨਾ ਵੱਡਾ ਅਸਰ ਨਹੀਂ ਦੇਖਣ ਨੂੰ ਮਿਲਿਆ।
ਪਰ 16 ਫਰਵਰੀ ਨੂੰ ਦੀਪ ਸਿੱਧੂ ਦੀ ਮੌਤ ਅਤੇ ਫੇਰ 24 ਫਰਵਰੀ ਨੂੰ ਉਨ੍ਹਾਂ ਦੇ ਭੋਗ ਮੌਕੇ ਹੋਏ ਸਮਾਗਮਾਂ ਦੇ ਇਕੱਠ ਵੀ ਹੈਰਾਨ ਕਰਨ ਵਾਲੇ ਸਨ।
ਆਮ ਆਦਮੀ ਪਾਰਟੀ ਦੇ ਪੰਜਾਬ ਵਿਚ ਸੱਤਾ ਵਿਚ ਆਉਣ ਤੋਂ ਸਿਰਫ਼ ਚਾਰ ਮਹੀਨੇ ਬਾਅਦ ਸਿਮਰਨਜੀਤ ਸਿੰਘ ਮਾਨ ਦੀ ਸੰਗਰੂਰ ਲੋਕ ਸਭਾ ਵਿਚ ਇਸੇ ਖਲਾਅ ਨੂੰ ਦਰਸਾਉਂਦਾ ਹੈ।
2014-15 ਦੀਆਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਹਿਬਲ ਕਲਾਂ ਗੋਲੀਕਾਂਡ ਦੀਆਂ ਘਟਨਾਵਾਂ ਤੋਂ ਬਾਅਦ ਅਕਾਲੀ ਦਲ ਬਾਦਲ ਲਗਾਤਾਰ ਸਿਆਸੀ ਮੈਦਾਨ ਵਿਚੋਂ ਸਿਮਟਦਾ ਰਿਹਾ ਹੈ।
2022 ਦੀਆਂ ਚੋਣਾਂ ਵਿਚ ਉਹ ਬਿਲਕੁੱਲ 3 ਸੀਟਾਂ ਤੱਕ ਸਿਮਟ ਗਿਆ, ਇਸ ਨਾ ਪੰਜਾਬ ਦੇ ਸਿਆਸੀ ਮੈਦਾਨ ਵਿਚ ਜੋ ਖਲਾਅ ਬਣਿਆ ਹੋਇਆ ਹੈ, ਉਸ ਦਾ ਅਸਰ ਵਾਰ ਵਾਰ ਦੇਖਣ ਨੂੰ ਮਿਲਦਾ ਰਿਹਾ ਹੈ।
ਭਾਵੇਂ ਉਹ 2015 ਦਾ ਚੱਬਾ ਵਿਚ ਹੋਇਆ ਸਰਬੱਤ ਖਾਲਸਾ ਹੋਵੇ ਜਾਂ 2018 ਦਾ ਬਰਗਾੜੀ ਮੋਰਚਾ। ਪਰ ਇਹ ਕੋਈ ਠੋਸ ਸਿਆਸੀ ਬਦਲ ਦੇਣ ਵਿਚ ਸਫ਼ਲ ਨਹੀਂ ਰਹੇ।

ਇਹ ਵੀ ਪੜ੍ਹੋ-














