ਸੁਖਬੀਰ ਬਾਦਲ ਨੇ ਬਲਵਿੰਦਰ ਸਿੰਘ ਭੂੰਦੜ ਨੂੰ ਥਾਪਿਆ ਪਾਰਟੀ ਦਾ ਕਾਰਜਕਾਰੀ ਪ੍ਰਧਾਨ, ਚਿਹਰਾ ਬਦਲਣ ਨਾਲ ਕੀ ਹੋਵੇਗਾ ?

ਤਸਵੀਰ ਸਰੋਤ, Balwinder Singh Bhunder/FB/BBC
ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਨੂੰ ਲੈ ਕੇ ਉੱਠ ਰਹੇ ਵਿਰੋਧਾਂ ਵਿਚਾਲੇ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ ਨੂੰ ਪਾਰਟੀ ਦਾ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਪਾਰਟੀ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਸਾਂਝੀ ਕੀਤੀ।
ਦਲਜੀਤ ਸਿੰਘ ਚੀਮਾ ਨੇ ਕਿਹਾ, "ਸੁਖਬੀਰ ਸਿੰਘ ਬਾਦਲ ਦੇ ਮਨ ਦੀ ਹੀ ਇਹ ਇੱਛਾ ਸੀ । ਜਿਹੜਾ ਸਪੱਸ਼ਟੀਕਰਨ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਮੰਗਿਆ ਸੀ ਉਹ ਜਾਤੀ ਤੌਰ ਉੱਤੇ ਪੇਸ਼ ਹੋ ਕੇ ਨਿਮਾਣੇ ਸਿੱਖ ਦੇ ਤੌਰ ਉੱਤੇ ਦਿੱਤਾ ਸੀ"।
"ਉਨ੍ਹਾਂ ਦੇ ਮਨ ਦੀ ਇੱਛਾ ਸੀ ਕਿ ਕੱਲ੍ਹ ਸੁਣਵਾਈ ਹੋਣੀ ਹੈ ਇਸ ਲਈ ਪ੍ਰਧਾਨਗੀ ਦੀ ਜ਼ਿੰਮੇਵਾਰੀ ਕੋਈ ਹੋਰ ਸੰਭਾਲੇ। ਸੋ ਉਨ੍ਹਾਂ ਨੇ ਇਹ ਜ਼ਿੰਮੇਵਾਰੀ ਬਲਵਿੰਦਰ ਸਿੰਘ ਭੂੰਦੜ ਨੂੰ ਦਿੱਤੀ ਹੈ ਅਤੇ ਇੱਕ ਨਿਮਾਣੇ ਸਿੱਖ ਵਾਂਗ ਜੋ ਫੈਸਲਾ ਅਕਾਲ ਤਖ਼ਤ ਸਾਹਿਬ ਦਾ ਆਏਗਾ ਉਸ ਨੂੰ ਉਹ ਪਰਵਾਨ ਕਰਨਗੇ"।

ਤਸਵੀਰ ਸਰੋਤ, @drcheemasad/X
ਬਲਵਿੰਦਰ ਸਿੰਘ ਭੂੰਦੜ ਨੂੰ ਪਾਰਟੀ ਦਾ ਕਾਰਜਕਾਰੀ ਪ੍ਰਧਾਨ ਲਾਉਣ ਦਾ ਫ਼ੈਸਲਾ ਅਜਿਹੇ ਸਮੇਂ ਵਿੱਚ ਸਾਹਮਣੇ ਆਇਆ ਹੈ ਜਦੋਂ ਪਾਰਟੀ ਲਗਾਤਾਰ 'ਨਿਘਾਰ' ਵੱਲ ਜਾ ਰਹੀ ਹੈ। ਪਾਰਟੀ ਦੇ ਸੀਨੀਅਰ ਆਗੂ ਪਾਰਟੀ ਨੂੰ ਅਲਵਿਦਾ ਆਖ ਚੁੱਕੇ ਹਨ।
ਹਾਲ ਹੀ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਗਿੱਦੜਬਾਹਾ ਵਿਧਾਨ ਸਭਾ ਹਲਕੇ ਵਿੱਚ ਪਾਰਟੀ ਨੂੰ ਇੱਕ ਵੱਡਾ ਸਿਆਸੀ ਝਟਕਾ ਲੱਗਿਆ ਹੈ।
ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਸੁਖਬੀਰ ਸਿੰਘ ਬਾਦਲ ਦੀ ਕਾਰਗੁਜ਼ਾਰੀ ਉੱਪਰ ਕਈ ਤਰ੍ਹਾਂ ਦੇ ਸਵਾਲ ਚੁੱਕਦੇ ਹੋਏ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ। ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ।

ਤਸਵੀਰ ਸਰੋਤ, DIMPY DHILLON/FB
'ਚਿਹਰਾ ਹੀ ਬਾਹਰਲਾ ਹੈ'
ਸੀਨੀਅਰ ਪੱਤਰਕਾਰ ਜਸਪਾਲ ਸਿੰਘ ਨੇ ਬੀਬੀਸੀ ਪੱਤਰਕਾਰ ਰਾਜਵੀਰ ਕੌਰ ਗਿੱਲ ਨਾਲ ਗੱਲਬਾਤ ਦੌਰਾਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਲਵਿੰਦਰ ਸਿੰਘ ਭੂੰਦੜ ਨੂੰ ਕਾਰਜਕਾਰੀ ਪ੍ਰਧਾਨ ਲਾਏ ਜਾਣ ਬਾਰੇ ਆਪਣੀ ਪ੍ਰਤੀਕਿਰਿਆ ਸਾਂਝੀ ਕੀਤੀ ਹੈ।
ਉਨ੍ਹਾਂ ਨੇ ਕਿਹਾ, “ਬਲਵਿੰਦਰ ਸਿੰਘ ਭੂੰਦੜ ਬਾਦਲ ਪਰਿਵਾਰ ਦੇ ਸਭ ਤੋਂ ਵਫ਼ਾਦਾਰ ਅਤੇ ਹਮਾਇਤੀ ਰਹੇ ਹਨ। ਅਸਲ ਵਿੱਚ ਤਾਂ ਇਹ ਕਹਿ ਸਕਦੇ ਹਾਂ ਕਿ ਕਾਰਜਕਾਰੀ ਪ੍ਰਧਾਨ ਬਣਾਉਣ ਨਾਲ ਚਿਹਰਾ ਹੀ ਬਾਹਰਲਾ ਪਰ ਪਾਰਟੀ ਦੀ ਵਾਗਡੋਰ ਹਾਲੇ ਵੀ ਬਾਦਲ ਪਰਿਵਾਰ ਦੇ ਹੱਥ ਹੀ ਹੈ।”
ਐਮਰਜੈਂਸੀ ਤੋਂ ਬਾਅਦ ਜਦੋਂ ਸੂਬੇ ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਬਣੀ ਸੀ ਉਸ ਸਮੇਂ ਵੀ ਭੂੰਦੜ ਨੂੰ ਮੰਤਰੀ ਬਣਾਇਆ ਗਿਆ ਸੀ।
ਇਹ ਪੁੱਛੇ ਜਾਣ ਉੱਤੇ ਕਿ ਕੀ ਭੂੰਦੜ ਦੀ ਅਗਵਾਈ ਹੇਠ ਬਾਗ਼ੀ ਹੋਏ ਅਕਾਲੀ ਆਗੂ ਵਾਪਸ ਆਉਣ ਦੀ ਸੰਭਾਵਨਾ ਹੈ, ਜਸਪਾਲ ਸਿੰਘ ਕਹਿੰਦੇ ਹਨ, “ਅਕਾਲੀ ਦਲ ਵਿੱਚ ਇਹ ਰਿਵਾਜ ਹੀ ਹੈ ਕਿ ਕਦੇ ਕੋਈ ਚਲਿਆ ਗਿਆ ਤੇ ਕਦੇ ਕੋਈ ਆ ਗਿਆ। ਹੁਣ ਵੀ ਜਿਹੜੇ ਰੁੱਸੇ ਹਨ ਉਨ੍ਹਾਂ ਵਿੱਚੋਂ ਕਈ ਵਾਪਸ ਆ ਸਕਦੇ ਹਨ। ਇਹ ਆਉਣ-ਜਾਣ ਦਾ ਸਿਲਸਿਲਾ ਤਾਂ ਸਿਆਸਤ ਦਾ ਹਿੱਸਾ ਹੀ ਹੈ।”
“ਭੂੰਦੜ ਨੂੰ ਕਾਰਜਾਕਰੀ ਬਣਾ ਕੇ ਪਾਰਟੀ ਬਚਾਉਣ ਦੀ ਬਾਦਲ ਪਰਿਵਾਰ ਦੀ ਕੋਸ਼ਿਸ਼, ਡੁੱਬਦੇ ਨੂੰ ਤਿਨਕੇ ਦੇ ਸਹਾਰੇ ਬਰਾਬਰ ਹੀ ਹੈ। ਇਸ ਨੂੰ ਇਸ ਤੋਂ ਵੱਧ ਨਹੀਂ ਦੇਖਿਆ ਜਾ ਸਕਦਾ।”
ਸੁਖਬੀਰ ਬਾਦਲ ਦੀ ਪ੍ਰਧਾਨਗੀ ਨੂੰ ਲੈ ਕੇ ਉੱਠ ਰਹੇ ਸਨ ਸਵਾਲ

ਤਸਵੀਰ ਸਰੋਤ, PARDEEP SHARMA/BBC
ਦਰਅਸਲ, ਸੁਖਬੀਰ ਸਿੰਘ ਬਾਦਲ ਦੀ ਪਾਰਟੀ ਪ੍ਰਧਾਨਗੀ ਨੂੰ ਲੈ ਕੇ ਕਾਫੀ ਪਾਰਟੀ ਵਿੱਚੋਂ ਕਈ ਬਾਗ਼ੀ ਸੁਰਾਂ ਉੱਠ ਚੁੱਕੀਆਂ ਹਨ।
ਲੰਘੀ ਜੂਨ ਵਿੱਚ ਸੀਨੀਅਰ ਅਕਾਲੀ ਆਗੂਆਂ ਦੇ ਇੱਕ ਧੜੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ।
ਉਸ ਵੇਲੇ ਜਲੰਧਰ ਵਿੱਚ ਸੁਖਬੀਰ ਬਾਦਲ ਦੀ ਪ੍ਰਧਾਨਗੀ ਨੂੰ ਚੁਣੌਤੀ ਦੇਣ ਵਾਲੀ ਮੀਟਿੰਗ ਵਿੱਚ ਪ੍ਰੇਮ ਸਿੰਘ ਚੰਦੂਮਾਜਰਾ, ਸਿਕੰਦਰ ਸਿੰਘ ਮਲੂਕਾ, ਪਰਮਿੰਦਰ ਸਿੰਘ ਢੀਂਡਸਾ, ਬੀਬੀ ਜਗੀਰ ਕੌਰ, ਸਿਕੰਦਰ ਸਿੰਘ ਮਲੂਕਾ, ਭਾਈ ਮਨਜੀਤ ਸਿੰਘ, ਸੁੱਚਾ ਸਿੰਘ ਛੋਟੇਪੁਰ, ਸੁਰਜੀਤ ਸਿੰਘ ਰੱਖੜਾ ਸਣੇ ਹੋਰ ਸੀਨੀਅਰ ਆਗੂ ਸ਼ਾਮਲ ਸਨ।
ਇਸ ਤੋਂ ਬਾਅਦ ਇਹ ਬਾਗ਼ੀ ਧੜੇ ਨੇ ਇੱਕ ਜੁਲਾਈ ਨੂੰ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋ ਕੇ ਚਾਰ ਸਫ਼ਿਆਂ ਦਾ ਮੁਆਫ਼ੀਨਾਮਾ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਰਘਬੀਰ ਸਿੰਘ ਨੂੰ ਸੌਂਪਿਆ ਸੀ।
ਜਿਸ ਦੇ ਜਵਾਬ ਵਿੱਚ ਅਕਾਲ ਤਖ਼ਤ ਸਾਹਿਬ ਵੱਲੋਂ ਸੁਖਬੀਰ ਬਾਦਲ ਕੋਲੋਂ ਲਿਖਤੀ ਰੂਪ ਵਿੱਚ ਜਵਾਬ ਤਲਬ ਕੀਤਾ ਸੀ।
ਆਪਣੇ ਮੁਆਫ਼ੀਨਾਮੇ ਵਿੱਚ ਉਨ੍ਹਾਂ ਨੇ 2007 ਤੋਂ ਲੈ ਕੇ 2017 ਤੱਕ ਅਕਾਲੀ ਦਲ ਦੀ ਸਰਕਾਰ ਵੇਲੇ ਹੋਈਆਂ ਗਲਤੀਆਂ ਦੀ ਮੁਆਫ਼ੀ ਮੰਗੀ ਸੀ।
ਇਸੇ ਮਾਮਲੇ ਵਿੱਚ 30 ਅਗਸਤ ਯਾਨਿ ਸ਼ੁੱਕਰਵਾਰ ਨੂੰ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ੀ ਹੋਣੀ ਹੈ। ਜਿਸ ਵਿੱਚ ਜਥੇਦਾਰ ਸੁਖਬੀਰ ਬਾਦਲ ਲਈ ਕਿਸੇ ਧਾਰਮਿਕ ਸਜ਼ਾ ਦਾ ਐਲਾਨ ਵੀ ਕਰ ਸਕਦੇ ਹਨ।
ਲੰਘੀਆਂ ਚੋਣਾਂ ਵਿੱਚ ਅਕਾਲੀ ਦਲ ਦੀ ਕਾਰਗੁਜ਼ਾਰੀ

ਤਸਵੀਰ ਸਰੋਤ, Getty Images
ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ ਲੋਕ ਸਭਾ ਚੋਣਾਂ 2024 ਦੌਰਾਨ ਪੰਜਾਬ ਦੀਆਂ ਕੁੱਲ 117 ਸੀਟਾਂ ਵਿੱਚੋਂ ਸਿਰਫ 11 ਵਿਧਾਨ ਸਭਾ ਸੀਟਾਂ 'ਤੇ ਸ਼੍ਰੋਮਣੀ ਅਕਾਲੀ ਦਲ ਅੱਗੇ ਰਿਹਾ।
13 ਲੋਕ ਸਭਾ ਸੀਟਾਂ ਵਿੱਚੋਂ ਅਕਾਲੀ ਦਲ ਸਿਰਫ ਬਠਿੰਡਾ ਦੀ ਸੀਟ ਹੀ ਜਿੱਤ ਸਕਿਆ।
ਵਿਧਾਨ ਸਭਾ ਚੋਣਾਂ 2022 ਵਿੱਚ ਵੀ ਅਕਾਲੀ ਦਲ ਦਾ ਪ੍ਰਦਰਸ਼ਨ ਚੰਗਾ ਨਹੀਂ ਮੰਨਿਆ ਗਿਆ।
ਅਕਾਲੀ ਦਲ ਨੇ ਬੀਜੇਪੀ ਨਾਲੋਂ ਗਠਜੋੜ ਟੁੱਟਣ ਮਗਰੋਂ ਇਕੱਲਿਆਂ ਚੋਣ ਲੜੀ ਸੀ ਅਤੇ 117 ਵਿੱਚੋਂ ਸਿਰਫ ਤਿੰਨ ਸੀਟਾਂ ਹੀ ਜਿੱਤ ਸਕਿਆ।
ਅਕਾਲੀ ਦਲ ਨੇ ਮਜੀਠਾ, ਲੁਧਿਆਣਾ ਦੇ ਦਾਖਾ ਅਤੇ ਬੰਗਾ ਤੋਂ ਵਿਧਾਨ ਸਭਾ ਚੋਣਾਂ ਜਿੱਤੀਆਂ ਸਨ।
ਸ਼੍ਰੋਮਣੀ ਅਕਾਲੀ ਦਲ ਦੇ ਤਿੰਨ ਵਿਧਾਇਕਾਂ ਵਿੱਚੋਂ ਇੱਕ ਡਾ. ਸੁਖਵਿੰਦਰ ਸੁੱਖੀ ਅਜੇ ਅਗਸਤ ਮਹੀਨੇ ਵਿੱਚ ਹੀ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












