ਅਕਾਲ ਤਖ਼ਤ ਤੋਂ ਮਨਪ੍ਰੀਤ ਬਾਦਲ, ਬਲਵੰਤ ਰਾਮੂਵਾਲੀਆ ਤੇ ਮਨਜਿੰਦਰ ਸਿਰਸਾ ਨੂੰ ਸਜ਼ਾ ਕਿਉਂ ਨਹੀਂ ਸੁਣਾਈ ਗਈ

ਬਲਵੰਤ ਸਿੰਘ ਰਾਮੂਵਾਲੀਆ, ਮਨਪ੍ਰੀਤ ਸਿੰਘ ਬਾਦਲ ਤੇ ਮਨਜਿੰਦਰ ਸਿੰਘ ਸਿਰਸਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬਲਵੰਤ ਸਿੰਘ ਰਾਮੂਵਾਲੀਆ, ਮਨਪ੍ਰੀਤ ਸਿੰਘ ਬਾਦਲ ਤੇ ਮਨਜਿੰਦਰ ਸਿੰਘ ਸਿਰਸਾ ਨੂੰ ਅਕਾਲ ਤਖ਼ਤ ਸਾਹਿਬ ਵੱਲੋਂ ਧਾਰਮਿਕ ਸਜ਼ਾ ਅਜੇ ਨਹੀਂ ਸੁਣਾਈ ਗਈ ਹੈ
    • ਲੇਖਕ, ਬਰਿੰਦਰ ਸਿੰਘ
    • ਰੋਲ, ਬੀਬੀਸੀ ਪੱਤਰਕਾਰ

ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਹੋਰ ਸੀਨੀਅਰ ਅਕਾਲੀ ਆਗੂਆਂ ਨੂੰ ਧਾਰਮਿਕ ਸਜ਼ਾ ਸੁਣਾਈ ਹੈ।

ਅਕਾਲੀ ਆਗੂਆਂ ਵੱਲੋਂ ਆਪਣੇ ਕਾਰਜਕਾਲ ਦੌਰਾਨ ਹੋਏ ਗੁਨਾਹਾਂ ਨੂੰ ਕਬੂਲ ਕਰਨ ਤੋਂ ਬਾਅਦ ਜਥੇਦਾਰ ਵੱਲੋਂ ਧਾਰਮਿਕ ਸਜ਼ਾ ਦੇ ਹੁਕਮ ਸੁਣਾਏ ਗਏ ਹਨ।

ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਸਾਲ 2015 ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਜੋ ਆਗੂ ਕੈਬਨਿਟ ਮੈਂਬਰ ਰਹੇ ਹਨ, ਉਨ੍ਹਾਂ ਲਈ ਇਹ ਸਜ਼ਾ ਲਗਾਈ ਹੈ।

ਜਥੇਦਾਰਾਂ ਵੱਲੋਂ ਬਲਵੰਤ ਸਿੰਘ ਰਾਮੂਵਾਲੀਆ, ਮਨਜਿੰਦਰ ਸਿੰਘ ਸਿਰਸਾ ਅਤੇ ਮਨਪ੍ਰੀਤ ਸਿੰਘ ਬਾਦਲ ਦੀ ਸੁਣਵਾਈ ਨਹੀਂ ਕੀਤੀ ਗਈ। ਇਨ੍ਹਾਂ ਆਗੂਆਂ ਦੇ ਪਤਿਤ ਹੋਣ ਕਾਰਨ ਜਥੇਦਾਰ ਵੱਲੋਂ ਇਨ੍ਹਾਂ ਲਈ ਕੋਈ ਹੁਕਮ ਨਹੀਂ ਦਿੱਤੇ ਗਏ ਹਨ।

ਇਸ ਰਿਪੋਰਟ ਵਿੱਚ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ ਪਤਿਤ ਕੌਣ ਹੁੰਦਾ ਹੈ ਤੇ ਜੋ ਆਗੂ ਪਤਿਤ ਹਨ, ਉਨ੍ਹਾਂ ਦੀ ਸੁਣਵਾਈ ਕਿਵੇਂ ਹੋਵੇਗੀ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਸਿੱਖ ਧਰਮ ਵਿੱਚ ਪਤਿਤ ਦਾ ਕੀ ਅਰਥ ਹੈ?

ਅਕਾਲ ਤਖ਼ਤ ਸਾਹਿਬ ’ਤੇ ਬੀਤੇ ਕੱਲ੍ਹ ਯਾਨੀ ਸੋਮਵਾਰ ਨੂੰ ਸੁਖਬੀਰ ਬਾਦਲ ਸਣੇ ਅਕਾਲੀ ਆਗੂਆਂ ਦੀ ਸੁਣਵਾਈ ਕੀਤੀ ਗਈ।

ਇਸ ਦੌਰਾਨ ਸਾਬਕਾ ਅਕਾਲੀ ਆਗੂ ਬਲਵੰਤ ਸਿੰਘ ਰਾਮੂਵਾਲੀਆ, ਅਕਾਲੀ ਦਲ ਤੋਂ ਭਾਜਪਾ ਵਿੱਚ ਸ਼ਾਮਲ ਹੋਏ ਮਨਜਿੰਦਰ ਸਿੰਘ ਸਿਰਸਾ ਤੇ ਮਨਪ੍ਰੀਤ ਸਿੰਘ ਬਾਦਲ ਵੀ ਅਕਾਲ ਤਖ਼ਤ ਸਾਹਿਬ ’ਤੇ ਸੁਣਵਾਈ ਲਈ ਪੁੱਜੇ ਸਨ।

ਪਰ ਜਥੇਦਾਰ ਵੱਲੋਂ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਆਦੇਸ਼ ਦਿੱਤਾ ਗਿਆ ਕਿ ਜੋ ਆਗੂ ਪਤਿਤ ਹਨ, ਉਹ ਉਠ ਕੇ ਚਲੇ ਜਾਣ ਤੇ ਸਕੱਤਰੇਤ ਨੂੰ ਆਪਣਾ ਲਿਖਤੀ ਸਪੱਸ਼ਟੀਕਰਨ ਸੌਂਪਣ।

ਅਕਾਲ ਤਖ਼ਤ ਸਾਹਿਬ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਜਥੇਦਾਰਾਂ ਨੇ ਪਤਿਤ ਆਗੂਆਂ ਨੂੰ ਸੁਣਵਾਈ ਦੌਰਾਨ ਚੱਲੇ ਜਾਣ ਲਈ ਕਿਹਾ ਸੀ

ਇਸ ਘਟਨਾਕ੍ਰਮ ਵਿਚਾਲੇ ਪਤਿਤ ਹੋਣਾ ਕੀ ਹੈ, ਇਸ ਬਾਰੇ ਚਰਚਾ ਹੋ ਰਹੀ ਹੈ।

ਮਹਾਨ ਕੋਸ਼ ਵਿੱਚ ਪਤਿਤ ਸ਼ਬਦ ਦਾ ਅਰਥ ਡਿੱਗਿਆ ਹੋਇਆ ਭਾਵ ਉਸ ਨੂੰ ਧਰਮ ਕਰਮ ਤੋਂ ਡਿੱਗਿਆ ਹੋਇਆ ਵਿਅਕਤੀ ਦੱਸਿਆ ਗਿਆ ਹੈ। ਸਿੱਖ ਮਰਿਆਦਾ ਅਨੁਸਾਰ ਚਾਰ ਕੁਰਹਿਤਾਂ ਵਿੱਚੋਂ ਕਿਸੇ ਵੀ ਇੱਕ ਦੇ ਕਰਨ ਨਾਲ ਵੀ ਉਸ ਵਿਅਕਤੀ ਨੂੰ ਪਤਿਤ ਮੰਨਿਆ ਜਾਂਦਾ ਹੈ।

ਸਿੱਖ ਧਰਮ ਵਿੱਚ ਇਹ ਚਾਰ ਕੁਰਹਿਤਾਂ ਇਸ ਪ੍ਰਕਾਰ ਹਨ:-

  • ਕੇਸਾਂ ਦੀ ਬੇਅਦਬੀ
  • ਕੁੱਠਾ ਭਾਵ ਹਲਾਲ ਕੀਤਾ ਮਾਸ ਖਾਣਾ
  • ਪਰਾਈ ਇਸਤਰੀ ਜਾਂ ਪਰਾਏ ਮਰਦ ਨਾਲ ਸੰਗ ਕਰਨਾ
  • ਤੰਬਾਕੂ ਤੋਂ ਬਣੀਆਂ ਚੀਜ਼ਾਂ ਦਾ ਸੇਵਨ ਕਰਨਾ

ਪੰਥਕ ਸਿਆਸਤ ਅਤੇ ਸਿੱਖ ਇਤਿਹਾਸ ਦੇ ਜਾਣਕਾਰ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਦਾ ਕਹਿਣਾ ਕਿ ਪੰਥਕ ਪਰਿਭਾਸ਼ਾ ਵਿੱਚ ਸਿੱਖ ਨੂੰ ਪਵਿੱਤਰ ਮੰਨਿਆ ਗਿਆ ਹੈ।

ਉਨ੍ਹਾਂ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਕਿਹਾ, “ਸਿੱਖ ਧਰਮ ਵਿੱਚ ਕਿਹਾ ਗਿਆ ਕਿ ਜੋ ਪਵਿੱਤਰਤਾ ਦੇ ਵਿਰੁੱਧ ਜਾਵੇਗਾ ਉਹ ਪਤਿਤ ਹੈ ਭਾਵ ਕੋਈ ਕੇਸ ਕਟਵਾਉਂਦਾ ਹੈ ਜਾਂ ਰੰਗਦਾ ਹੈ ਉਹ ਪਤਿਤ ਹੈ।”

ਪਤਿਤ ਆਗੂਆਂ ’ਤੇ ਕੀ ਕਾਰਵਾਈ ਹੋ ਸਕਦੀ ਹੈ?

ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਰਘਬੀਰ ਸਿੰਘ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਰਘਬੀਰ ਸਿੰਘ ਨੇ ਅਕਾਲੀ ਆਗੂਆਂ ਨੂੰ ਧਾਰਮਿਕ ਸਜ਼ਾ ਸੁਣਾਈ ਹੈ

ਅਕਾਲ ਤਖ਼ਤ ਸਾਹਿਬ ’ਤੇ ਸਿੰਘ ਸਾਹਿਬਾਨਾਂ ਵੱਲੋਂ ਪਤਿਤ ਆਗੂਆਂ ਨੂੰ ਲੈ ਕੇ ਕੋਈ ਕਾਰਵਾਈ ਨਹੀਂ ਕੀਤੀ ਗਈ।

ਉਨ੍ਹਾਂ ਤੋਂ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਲਿਖਤੀ ਸਪੱਸ਼ਟੀਕਰਨ ਲਿਆ ਗਿਆ ਹੈ।

ਇਸ ਵਿਚਾਲੇ ਇਹ ਵੀ ਚਰਚਾ ਹੋ ਰਹੀ ਹੈ ਕਿ ਹੁਣ ਉਨ੍ਹਾਂ ਆਗੂਆਂ ਦਾ ਕੀ ਹੋਣਾ? ਉਨ੍ਹਾਂ ’ਤੇ ਕੋਈ ਕਾਰਵਾਈ ਹੋਵੇਗੀ ਜਾਂ ਨਹੀਂ?

ਇਨ੍ਹਾਂ ਸਵਾਲਾਂ ਸਬੰਧੀ ਅਸੀਂ ਸਿੱਖ ਇਤਿਹਾਸ ਦੇ ਜਾਣਕਾਰ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਤੇ ਸਿੱਖ ਮਾਮਲਿਆਂ ਦੇ ਮਾਹਿਰ ਤੇ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਨਾਲ ਗੱਲਬਾਤ ਵੀ ਕੀਤੀ ਹੈ।

ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਦਾ ਕਹਿਣਾ, “ਅਕਾਲ ਤਖ਼ਤ ਸਾਹਿਬ ਤੋਂ ਸਜ਼ਾ ਉਸ ਨੂੰ ਹੀ ਸੁਣਾਈ ਜਾ ਸਕਦੀ ਹੈ, ਜੋ ਸਿੱਖ ਹੋਵੇਗਾ ਪਰ ਜੋ ਸਿੱਖ ਹੈ ਹੀ ਨਹੀਂ ਉਸ ਨੂੰ ਜਥੇਦਾਰਾਂ ਵੱਲੋਂ ਸਜ਼ਾ ਨਹੀਂ ਸੁਣਾਈ ਜਾ ਸਕਦੀ। ਸਿੱਖਾਂ ਦਾ ਅਨੁਸ਼ਾਸਨ ਸਿੱਖੀ ਵਿੱਚ ਹੀ ਹੈ ਤੇ ਜੋ ਰਹਿਤ ਮਰਿਆਦਾ ਹੈ ਉਹ ਸਿਰਫ ਸਿੱਖ ਲਈ ਹੈ, ਨਾ ਕਿ ਗੈਰ-ਸਿੱਖ ਲਈ।”

“ਜੇ ਬਲਵੰਤ ਸਿੰਘ ਰਾਮੂਵਾਲੀਆ, ਮਨਜਿੰਦਰ ਸਿੰਘ ਸਿਰਸਾ ਤੇ ਮਨਪ੍ਰੀਤ ਸਿੰਘ ਬਾਦਲ ਦੀ ਗੱਲ ਕਰੀਏ ਤਾਂ ਉਨ੍ਹਾਂ ਨੂੰ ਉਹ ਸਿੱਖ ਮੰਨਦੇ ਹੀ ਨਹੀਂ ਹਨ।”

ਉਕਤ ਤਿੰਨਾਂ ਆਗੂਆਂ ’ਤੇ ਕਾਰਵਾਈ ਹੋਣ ਸਬੰਧੀ ਜਸਪਾਲ ਸਿੰਘ ਸਿੱਧੂ ਕਹਿੰਦੇ ਹਨ,“ਅਕਾਲ ਤਖ਼ਤ ਸਾਹਿਬ ਦੀ ਇਹ ਮਰਿਆਦਾ ਹੈ ਕਿ ਉੱਥੇ ਪਤਿਤ ਦੀ ਸੁਣਵਾਈ ਨਹੀਂ ਹੋ ਸਕਦੀ ਤੇ ਨਾ ਹੀ ਉਨ੍ਹਾਂ ਨੂੰ ਸੁਣਿਆ ਜਾ ਸਕਦਾ। ਇਨ੍ਹਾਂ ਤਿੰਨ ਆਗੂਆਂ ਬਲਵੰਤ ਸਿੰਘ ਰਾਮੂਵਾਲੀਆ, ਮਨਜਿੰਦਰ ਸਿੰਘ ਸਿਰਸਾ ਤੇ ਮਨਪ੍ਰੀਤ ਸਿੰਘ ਬਾਦਲ ਖ਼ਿਲਾਫ਼ ਜਥੇਦਾਰ ਕੀ ਕਾਰਵਾਈ ਕਰਦੇ ਹਨ, ਇਹ ਉਨ੍ਹਾਂ ਦੇ ਹੱਥ ਵਿੱਚ ਹੈ।”

“ਇਹ ਤਿੰਨੇ ਆਗੂ ਵੀ ਖੁਦ ਆਪਣੇ ਗੁਨਾਹਾਂ ਦੀ ਭੁੱਲ ਬਖਸ਼ਾ ਸਕਦੇ ਹਨ। ਜੋ ਇਨ੍ਹਾਂ ਆਗੂਆਂ ਨੂੰ ਰਾਜਨੀਤੀ ਸਜ਼ਾ ਮਿਲਣੀ ਸੀ, ਉਹ ਤਾਂ ਮਿਲ ਹੀ ਚੁੱਕੀ ਹੈ, ਹੁਣ ਤਾਂ ਧਾਰਮਿਕ ਸਜ਼ਾ ਹੀ ਮਿਲਣੀ ਹੈ।”

ਜਸਪਾਲ ਸਿੰਘ ਇਹ ਵੀ ਕਹਿੰਦੇ ਹਨ ਕਿ ਇਨ੍ਹਾਂ ਆਗੂਆਂ ਨੂੰ ਵੀ ਧਾਰਮਿਕ ਸਜ਼ਾ ਮਿਲ ਸਕਦੀ ਹੈ। ਹੁਣ ਇਨ੍ਹਾਂ ਤਿੰਨੇ ਆਗੂਆਂ ਬਾਰੇ ਸੰਖੇਪ ਵਿੱਚ ਜਾਣਦੇ ਹਾਂ। ਇਨ੍ਹਾਂ ਤਿੰਨੇ ਆਗੂਆਂ ਦਾ ਪਿਛੋਕੜ ਸ਼੍ਰੋਮਣੀ ਅਕਾਲੀ ਦਲ ਨਾਲ ਰਿਹਾ ਹੈ।

ਬਲਵੰਤ ਸਿੰਘ ਰਾਮੂਵਾਲੀਆ

ਬਲਵੰਤ ਸਿੰਘ ਰਾਮੂਵਾਲੀਆ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨਾਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬਲਵੰਤ ਸਿੰਘ ਰਾਮੂਵਾਲੀਆ ਕਈ ਸਾਲ ਤੱਕ ਅਕਾਲੀ ਦਲ ਨਾਲ ਰਹੇ

ਅਕਾਲੀ ਦਲ ਤੋਂ ਆਪਣਾ ਸਫ਼ਰ ਸ਼ੁਰੂ ਕਰਨ ਵਾਲੇ ਬਲਵੰਤ ਸਿੰਘ ਰਾਮੂਵਾਲੀਆ ਕਈ ਸਾਲ ਅਕਾਲੀ ਦਲ ਵਿੱਚ ਰਹੇ ਹਨ।

ਉਹ 1996 ਵਿੱਚ ਸਮਾਜਵਾਦੀ ਪਾਰਟੀ ਅਤੇ ਹੋਰ ਪਾਰਟੀਆਂ ਦੀ ਹਮਾਇਤ ਨਾਲ ਰਾਜ ਸਭਾ ਮੈਂਬਰ ਬਣੇ ਤੇ ਯੂਨਾਈਟਿਡ ਫਰੰਟ ਦੀ ਕੇਂਦਰ ਸਰਕਾਰ ਵਿੱਚ ਮੰਤਰੀ ਵੀ ਰਹੇ।

ਉਨ੍ਹਾਂ ਨੇ 1997 ਵਿੱਚ ਆਪਣੀ ਲੋਕ ਭਲਾਈ ਪਾਰਟੀ ਬਣਾ ਲਈ। ਰਾਮੂਵਾਲੀਆ ਨੇ ਕੁਝ ਸਾਲਾਂ ਬਾਅਦ 2011 ਵਿੱਚ ਆਪਣੀ ਪਾਰਟੀ ਦਾ ਅਕਾਲੀ ਦਲ ਵਿੱਚ ਰਲੇਵਾਂ ਕਰ ਲਿਆ ਸੀ।

2015 ਵਿੱਚ ਬਲਵੰਤ ਸਿੰਘ ਰਾਮੂਵਾਲੀਆ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ, ਜਦੋਂ ਉਹ ਯੂਪੀ ਦੀ ਮੁੱਖ ਸਿਆਸੀ ਪਾਰਟੀ ਸਮਾਜਵਾਦੀ ਪਾਰਟੀ ਵਿੱਚ ਸ਼ਾਮਿਲ ਹੋ ਕੇ ਅਖਿਲੇਸ਼ ਯਾਦਵ ਦੀ ਸਰਕਾਰ ਵਿੱਚ ਮੰਤਰੀ ਬਣ ਗਏ।

ਮਨਜਿੰਦਰ ਸਿੰਘ ਸਿਰਸਾ

ਮਨਜਿੰਦਰ ਸਿੰਘ ਸਿਰਸਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਨਜਿੰਦਰ ਸਿੰਘ ਸਿਰਸਾ ਅਕਾਲੀ ਦਲ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ

ਇਸ ਤੋਂ ਬਾਅਦ ਮਨਜਿੰਦਰ ਸਿੰਘ ਸਿਰਸਾ ਦੀ ਗੱਲ ਕਰੀਏ ਤਾਂ ਦਿੱਲੀ ਵਿਧਾਨ ਸਭਾ ਦੀ ਵੈਬਸਾਈਟ ਮੁਤਾਬਕ ਉਨ੍ਹਾਂ ਨੇ ਆਪਣਾ ਪੇਸ਼ਾ ਇੱਕ ਕਾਰੋਬਾਰੀ ਹੋਣਾ ਦੱਸਿਆ ਹੈ।

ਪਹਿਲੀ ਚੋਣ ਸਾਲ 2007 ਵਿੱਚ ਉਨ੍ਹਾਂ ਨੇ ਐੱਮਸੀਡੀ ਲਈ ਲੜੀ ਅਤੇ ਕੌਂਸਲਰ ਚੁਣੇ ਗਏ।

ਇਸ ਤੋਂ ਬਾਅਦ ਉਨ੍ਹਾਂ ਨੇ ਅਕਾਲੀ ਦਲ ਵਿੱਚ ਰਹਿੰਦਿਆਂ ਭਾਜਪਾ ਦੇ ਚੋਣ ਨਿਸ਼ਾਨ ’ਤੇ ਸਾਲ 2017 ਵਿੱਚ ਚੋਣ ਲੜੀ ਤੇ ਦਿੱਲੀ ਦੇ ਰਾਜੌਰੀ ਗਾਰਡਨ ਤੋਂ ਵਿਧਾਇਕ ਬਣੇ।

ਉਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੋ ਵਾਰ ਪ੍ਰਧਾਨ ਰਹੇ ਹਨ। ਇਸ ਤੋਂ ਪਹਿਲਾਂ ਉਹ ਜਨਰਲ ਸਕੱਤਰ ਵੀ ਚੁਣੇ ਗਏ ਸਨ।

22 ਅਗਸਤ, 2021 ਨੂੰ ਹੋਈਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਉਹ ਹਾਰ ਗਏ ਸਨ।

ਇਸ ਤੋਂ ਬਾਅਦ ਉਹ ਅਕਾਲੀ ਦਲ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ।

ਮਨਪ੍ਰੀਤ ਸਿੰਘ ਬਾਦਲ

ਮਨਪ੍ਰੀਤ ਸਿੰਘ ਬਾਦਲ

ਤਸਵੀਰ ਸਰੋਤ, Getty Images

ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੇ ਭਤੀਜੇ ਮਨਪ੍ਰੀਤ ਨੇ ਆਪਣਾ ਸਿਆਸੀ ਕਰੀਅਰ ਅਕਾਲੀ ਦਲ ਤੋਂ ਸ਼ੁਰੂ ਕੀਤਾ ਸੀ। ਮਨਪ੍ਰੀਤ ਬਾਦਲ ਅਕਾਲੀ ਸਰਕਾਰ ਵਿੱਚ ਮੰਤਰੀ ਵੀ ਰਹੇ ਪਰ ਅਕਾਲੀ ਦਲ ਵਿੱਚ ਸੁਖਬੀਰ ਬਾਦਲ ਨਾਲ ਨਹੀਂ ਬਣੀ ਤਾਂ ਆਪਣੀ ਪਾਰਟੀ ਬਣਾ ਲਈ।

2012 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮਨਪ੍ਰੀਤ ਬਾਦਲ ਦੀ ਪਾਰਟੀ ਪੀਪੀਪੀ ਯਾਨੀ, ਪੀਪਲਜ਼ ਪਾਰਟੀ ਆਫ ਪੰਜਾਬ ਹੋਂਦ ਵਿੱਚ ਆਈ ਪਰ ਉਹ ਇੱਕ ਵੀ ਸੀਟ ਨਹੀਂ ਜਿੱਤੇ।

ਬਾਅਦ ਵਿੱਚ ‘ਆਪ’ ਨਾਲ ਵੀ ਗੱਲ ਚੱਲੀ ਪਰ ਗੱਲ ਨਹੀਂ ਬਣੀ। ਆਖਿਰ ਮਨਪ੍ਰੀਤ ਬਾਦਲ ਨੇ 2016 ਵਿੱਚ ਆਪਣੀ ਪਾਰਟੀ ਦਾ ਰਲੇਵਾਂ ਕਾਂਗਰਸ ਵਿੱਚ ਕਰ ਲਿਆ ਤੇ ਕਾਂਗਰਸੀ ਬਣ ਗਏ ਸਨ।

ਬਾਅਦ ਵਿੱਚ ਉਹ ਭਾਜਪਾ ਵਿੱਚ ਸ਼ਾਮਲ ਹੋਏ।

ਹਾਲ ਹੀ ਵਿੱਚ ਹੋਈਆਂ ਜ਼ਿਮਨੀ ਚੋਣਾਂ ’ਚ ਉਹ ਗਿੱਦੜਬਾਹਾ ਤੋਂ ਭਾਜਪਾ ਵੱਲੋਂ ਚੋਣ ਲੜੇ ਸਨ, ਉਨ੍ਹਾਂ ਨੂੰ ਇਥੋਂ ਹਾਰ ਦਾ ਸਾਹਮਣਾ ਕਰਨਾ ਪਿਆ।

ਕੁੰਵਰ ਵਿਜੈ ਪ੍ਰਤਾਪ ਨੇ ਅਕਾਲ ਤਖ਼ਤ ਸਾਹਿਬ ਦੀ ਕਾਰਵਾਈ ’ਤੇ ਕੀ ਕਿਹਾ

ਕੁੰਵਰ ਵਿਜੈ ਪ੍ਰਤਾਪ ਸਿੰਘ

ਤਸਵੀਰ ਸਰੋਤ, Kunwar Vijay Pratap Singh/FB

ਤਸਵੀਰ ਕੈਪਸ਼ਨ, ਕੁੰਵਰ ਵਿਜੈ ਪ੍ਰਤਾਪ ਸਿੰਘ ਅਕਾਲ ਤਖ਼ਤ ਸਾਹਿਬ ਦੀ ਕਾਰਵਾਈ ’ਤੇ ਟਿੱਪਣੀ ਕੀਤੀ ਹੈ

ਅਕਾਲ ਤਖ਼ਤ ਸਾਹਿਬ ਦੀ ਕਾਰਵਾਈ ’ਤੇ ਵਿਧਾਇਕ ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਵੀ ਪ੍ਰਤੀਕਿਰਿਆ ਆਈ ਹੈ।

ਉਨ੍ਹਾਂ ਨੇ ਆਪਣੇ ਫੇਸਬੁੱਕ ਅਕਾਊਂਟ ’ਤੇ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਉਨ੍ਹਾਂ ਕਿਹਾ, “ਅਕਾਲ ਤਖ਼ਤ ਸਾਹਿਬ ਤੋਂ ਆਏ ਫ਼ੈਸਲੇ ਨਾਲ ਦੇਸ਼-ਵਿਦੇਸ਼ ਰਹਿੰਦੇ ਸਿੱਖਾਂ ਨੂੰ ਥੋੜ੍ਹੀ ਬਹੁਤ ਤਾਂ ਖੁਸ਼ੀ ਹੋਈ ਹੋਵੇਗੀ। ਇਸ ਕਾਰਵਾਈ ਵਿੱਚ ਜਿਨ੍ਹਾਂ ਨੂੰ ਮੈਂ ਦੋਸ਼ੀ ਪਰਿਵਾਰ ਕਹਿੰਦਾ ਹੁੰਦਾ ਸੀ, ਉਨ੍ਹਾਂ ਨੇ ਆਪਣਾ ਜ਼ੁਲਮ ਕਬੂਲ ਕੀਤਾ ਹੈ।”

ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਕਿਹਾ,“ਮੈਂ ਜੋ-ਜੋ ਰਿਪੋਰਟ ਵਿੱਚ ਲਿਖਿਆ ਸੀ, ਉਹੀ ਸਭ ਇਨ੍ਹਾਂ ਨੇ ਕਬੂਲ ਕੀਤਾ ਹੈ, ਫਿਰ ਇਸ ਰਿਪੋਰਟ ਵਿੱਚ ਕੀ ਗਲਤ ਸੀ, ਜਿਸ ਨੂੰ ਖਾਰਿਜ ਕਰਾ ਦਿੱਤਾ ਗਿਆ। ਅਕਾਲ ਤਖ਼ਤ ਸਾਹਿਬ ਦੀ ਇਹ ਕਾਰਵਾਈ ਸਿਰਫ ਇੱਕ ਟਰੇਲਰ ਹੈ, ਅੱਗੇ-ਅੱਗੇ ਹੋਰ ਵੀ ਬਹੁਤ ਕੁਝ ਹੋਣਾ ਹੈ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)