ਅਕਾਲ ਤਖ਼ਤ ਨੇ ਸੁਖਬੀਰ ਸਿੰਘ ਬਾਦਲ ਤੇ ਹੋਰ ਅਕਾਲੀ ਆਗੂਆਂ ਨੂੰ ਕੀ-ਕੀ ਸਜ਼ਾ ਲਗਾਈ

ਬਾਦਲ

ਤਸਵੀਰ ਸਰੋਤ, Ravinder Singh Robin/BBC

ਤਸਵੀਰ ਕੈਪਸ਼ਨ, ਇਸ ਮੌਕੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤਾ ਗਿਆ ਫਖ਼ਰ-ਏ-ਕੌਮ ਖਿਤਾਬ ਵਾਪਸ ਲਏ ਜਾਣ ਦਾ ਵੀ ਐਲਾਨ ਕੀਤਾ ਗਿਆ।

ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸੁਖਬੀਰ ਸਿੰਘ ਬਾਦਲ ਤੇ ਹੋਰ ਅਕਾਲੀ ਆਗੂਆਂ ਨੂੰ ਸੋਮਵਾਰ ਨੂੰ ਧਾਰਿਮਕ ਸਜ਼ਾ ਸੁਣਾਈ ਹੈ।

ਇਸ ਤੋਂ ਬਾਅਦ ਉਹਨਾਂ ਸਾਰੇ ਆਗੂਆਂ ਦੇ ਗ਼ਲਾਂ ਵਿੱਚ ਤਖ਼ਤੀਆਂ ਵੀ ਪਾਈਆਂ ਗਈਆਂ।

ਇਸ ਮੌਕੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤਾ ਗਿਆ ਫਖ਼ਰ-ਏ-ਕੌਮ ਖਿਤਾਬ ਵਾਪਸ ਲਏ ਜਾਣ ਦਾ ਵੀ ਐਲਾਨ ਕੀਤਾ ਗਿਆ।

ਸੁਖਬੀਰ ਸਿੰਘ ਬਾਦਲ ਦਾ ਅਸਤੀਫ਼ਾ ਤਿੰਨ ਦਿਨਾਂ ਵਿੱਚ ਮਨਜ਼ੂਰ ਕਰਨ ਦਾ ਆਦੇਸ਼ ਵੀ ਦਿੱਤਾ ਗਿਆ ਹੈ।

ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸੁਖਬੀਰ ਸਿੰਘ ਬਾਦਲ ਸਣੇ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਅਤੇ ਸਾਲ 2015 ਵਿੱਚ ਜੋ ਆਗੂ ਕੈਬਨਿਟ ਮੈਂਬਰ ਰਹੇ ਹਨ, ਉਨ੍ਹਾਂ ਲਈ ਸਜ਼ਾ ਲਗਾਈ ਹੈ।

ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਜਿਨ੍ਹਾਂ ਨੇ ਸੁਖਬੀਰ ਸਿੰਘ ਦੇ ਨਾਲ ਆਪਣੇ ਗ਼ੁਨਾਹ ਕਬੂਲ ਕੀਤੇ ਹਨ, ਉਨ੍ਹਾਂ ਵਿੱਚ ਸੁਖਦੇਵ ਸਿੰਘ ਢੀਂਡਸਾ, ਸੁੱਚਾ ਸਿੰਘ ਲੰਗਾਹ, ਹੀਰਾ ਸਿੰਘ, ਬਲਵਿੰਦਰ ਸਿੰਘ ਭੂੰਦੜ, ਦਲਜੀਤ ਸਿੰਘ ਚੀਮਾ, ਗੁਲਜ਼ਾਰ ਸਿੰਘ ਰਣੀਕੇ ਸ਼ਾਮਲ ਹਨ।

ਇਨ੍ਹਾਂ ਬਾਰੇ ਸਜ਼ਾ ਦਾ ਐਲਾਨ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਇਹ ਸਾਰੇ 3 ਦਸੰਬਰ ਨੂੰ ਦੁਪਹਿਰ 12 ਤੋਂ 1 ਵਜੇ ਤੱਕ ਬਾਥਰੂਮਾਂ ਦੀ ਸਫ਼ਾਈ, ਇਸ ਤੋਂ ਬਾਅਦ ਇਸ਼ਨਾਨ ਕਰਕੇ ਲੰਗਰ ਦੀ ਸੇਵਾ, ਫਿਰ ਨਿਤਨੇਮ ਅਤੇ ਸੁਖਮਨੀ ਸਾਹਿਬ ਦਾ ਪਾਠ ਕਰਨਗੇ।

ਵੀਡੀਓ ਕੈਪਸ਼ਨ, ਅਕਾਲ ਤਖ਼ਤ ਨੇ ਸੁਖਬੀਰ ਸਿੰਘ ਬਾਦਲ ਤੇ ਹੋਰ ਅਕਾਲੀ ਆਗੂਆਂ ਨੂੰ ਕੀ-ਕੀ ਸਜ਼ਾ ਲਗਾਈ

ਇਸ ਦੇ ਨਾਲ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਜਿਵੇਂ ਕਿ ਸੁਖਬੀਰ ਸਿੰਘ ਬਾਦਲ ਦੀ ਲੱਤ ਉੱਤੇ ਸੱਟ ਲੱਗੀ ਹੋਈ ਅਤੇ ਸੁਖਦੇਵ ਸਿੰਘ ਢੀਂਡਸਾ ਬਜ਼ੁਰਗ ਹਨ, ਜਿਸ ਕਾਰਨ ਉਹ ਉਪਰਲੀ ਸਜ਼ਾ ਕਰਨ ਵਿੱਚ ਅਸਮਰੱਥ ਹਨ।

ਇਸ ਲਈ ਇਹ ਦੋਵੇਂ ਦੋ ਦਿਨ ਇੱਕ ਘੰਟੇ ਲਈ ਗੁਰੂ ਘਰ ਦੀ ਦਿਓਡੀ ਦੇ ਬਾਹਰਵਾਰ ਸੇਵਾਦਾਰ ਵਾਲਾ ਚੋਲਾ ਪਾ ਕੇ ਹੱਥ ਵਿੱਚ ਬਰਛਾਂ ਫੜ੍ਹ ਕੇ ਸੇਵਾ ਨਿਭਾਉਣਗੇ। ਇਸ ਤਰ੍ਹਾਂ ਹੀ ਇਹ ਤਖ਼ਤ ਕੇਸਗੜ੍ਹ ਸਾਹਿਬ, ਦਮਦਮਾ ਸਾਹਿਬ, ਫਤਹਿਗੜ੍ਹ ਸਾਹਿਬ ਅਤੇ ਮੁਕਤਸਾਰ ਸਾਹਿਬ ਵਿਖੇ ਸੇਵਾ ਕਰਨਗੇ।

ਇਸ ਤੋਂ ਇਲਾਵਾ ਇੱਕ ਘੰਟਾ ਲੰਗਰ ਵਿੱਚ ਭਾਂਡੇ ਮਾਂਜਣੇ ਹਨ ਅਤੇ ਜੋ ਵੀ ਸੇਵਾ ਸਿਹਤ ਮੁਤਾਬਕ ਕਰ ਸਕਦੇ ਹੋਣ ਕਰਨੀ ਹੈ। ਇੱਕ ਘੰਟਾ ਕੀਰਤਨ ਵੀ ਸੁਣਨਾ ਅਤੇ ਸੁਖਮਨੀ ਸਾਹਿਬ ਦਾ ਪਾਠ ਵੀ ਕਰਨਾ।

ਫ਼ੈਸਲਿਆਂ ਦੀ ਹਮਾਇਤ ਕਰਨ ਵਾਲਿਆਂ ਨੂੰ ਸਜ਼ਾ

ਸੁਖਬੀਰ

ਇਸ ਤੋਂ ਇਲਾਵਾ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਜਿਨ੍ਹਾਂ ਨੇ ਇਨ੍ਹਾਂ ਫ਼ੈਸਲਿਆਂ ਦੀ ਹਮਾਇਤ ਕੀਤੀ, ਚੁੱਪੀ ਸਾਧੀ ਅਤੇ ਅਹੁਦੇ ਵੀ ਮਾਣੇ, ਉਨ੍ਹਾਂ ਵਿੱਚ, ਬੀਬੀ ਜਗੀਰ ਕੌਰ, ਪ੍ਰੇਮ ਸਿੰਘ ਚੰਦੂਮਾਜਰਾ, ਬਿਕਰਮ ਸਿੰਘ ਮਜੀਠੀਆ, ਸੁਰਜੀਤ ਸਿੰਘ, ਮਹੇਸ਼ਇੰਦਰ ਸਿੰਘ, ਸਰਬਜੀਤ ਸਿੰਘ, ਸੋਹਣ ਸਿੰਘ ਠੰਡਲ, ਚਰਨਜੀਤ ਸਿੰਘ ਅਤੇ ਆਦੇਸ਼ ਪ੍ਰਤਾਪ ਸਿੰਘ, 3 ਦਸੰਬਰ ਤੋਂ 12 ਤੋਂ ਇੱਕ ਵਜੇ ਤੱਕ ਦਰਬਾਰ ਸਾਹਿਬ ਦੇ ਪ੍ਰਤੱਖ ਅਧੀਨ ਬਾਥਰੂਮਾਂ ਦੀ ਸਫਾਈ ਕਰਨਗੇ।

ਇਨ੍ਹਾਂ ਦੀ ਹਾਜ਼ਰੀ ਦੀ ਤਸਦੀਕ ਕੀਤੀ ਜਾਵੇਗੀ। ਇਸ ਤੋਂ ਇਲਾਵਾ ਇਹ ਪੰਜ ਆਪਣੇ ਨਗਰ, ਸ਼ਹਿਰ ਜਾਂ ਨੇੜਲੇ ਗੁਰਦੁਆਰਿਆਂ ਵਿੱਚ ਰੋਜ਼ਾਨਾ ਇੱਕ ਘੰਟਾ ਭਾਂਡੇ ਮਾਂਜਣ, ਲੰਗਰ, ਜੋੜੇ ਸਾਫ ਕਰਨ ਕਿਸੇ ਵੀ ਤਰ੍ਹਾਂ ਦੀ ਇੱਕ ਘੰਟੇ ਦੀ ਸੇਵਾ ਕਰਨੀ ਹੈ।

ਅਕਾਲੀ ਆਗੂ

ਤਸਵੀਰ ਸਰੋਤ, SPGC

ਤਸਵੀਰ ਕੈਪਸ਼ਨ, ਸੱਚੇ ਸੌਦੇ ਸਬੰਧੀ ਇਸ਼ਤਿਹਾਰਾਂ ਲਈ ਵਰਤੇ ਗਏ ਸ਼੍ਰੋਮਣੀ ਕਮੇਟੀ ਦੇ ਪੈਸੇ ਨੂੰ ਵਿਆਜ਼ ਸਣੇ ਭਰਪਾਈ ਕਰਨ ਦਾ ਵੀ ਆਦੇਸ਼ ਦਿੱਤਾ ਗਿਆ।

ਸੱਚੇ ਸੌਦੇ ਸਬੰਧੀ ਇਸ਼ਤਿਹਾਰਾਂ ਲਈ ਵਰਤੇ ਗਏ ਸ਼੍ਰੋਮਣੀ ਕਮੇਟੀ ਦੇ ਪੈਸੇ ਨੂੰ ਵਿਆਜ਼ ਸਣੇ ਭਰਪਾਈ ਕਰਨ ਦਾ ਵੀ ਆਦੇਸ਼ ਦਿੱਤਾ ਗਿਆ।

ਜਥੇਦਾਰਾਂ ਨੇ ਕਿਹਾ ਕਿ ਇਸ ਦੀ ਭਰਪਾਈ ਸੁਖਬੀਰ ਸਿੰਘ ਬਾਦਲ, ਸੁੱਚਾ ਸਿੰਘ ਲੰਗਾਹ, ਗੁਲਜ਼ਾਰ ਸਿੰਘ, ਦਲਜੀਤ ਸਿੰਘ ਚੀਮਾ, ਭੂੰਦੜ ਅਤੇ ਗਾਬੜੀਆਂ ਕੋਲੋਂ ਵਸੂਲੇ ਜਾਣਗੇ।

ਇੱਕ ਮਾਰਚ ਤੋਂ 30 ਅਪ੍ਰੈਲ ਤੱਕ ਸਾਰੇ ਅਕਾਲੀ ਵਰਕਰ ਇੱਕ ਲੱਖ ਬੂਟੇ ਲਗਾਉਣ ਅਤੇ ਉਨ੍ਹਾਂ ਦੀ ਪਾਲਣਾ ਵੀ ਕਰਨਗੇ।

ਇਸ ਦੇ ਨਾਲ ਹੀ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਨੂੰ ਦਿੱਤੀਆਂ ਗਈਆਂ ਸਾਰੀਆਂ ਸਹੂਲਤਾਂ ਵਾਪਸ ਲਈਆਂ ਜਾਣ ਅਤੇ ਉਹਨਾਂ ਦੇ ਜਨਤਕ ਸਮਾਗ਼ਮਾਂ ʼਤੇ ਬੋਲਣ ʼਤੇ ਵੀ ਰੋਕ ਲਗਾਈ ਜਾਂਦੀ ਹੈ।

ਇਹ ਵੀ ਪੜ੍ਹੋ-

ਅਕਾਲੀ ਦਲ ਦੀ ਨਵੀਂ ਭਰਤੀ

ਅਕਾਲੀ ਆਗੂ

ਤਸਵੀਰ ਸਰੋਤ, SPGC

ਤਸਵੀਰ ਕੈਪਸ਼ਨ, ਇੱਕ ਮਾਰਚ ਤੋਂ 30 ਅਪ੍ਰੈਲ ਤੱਕ ਸਾਰੇ ਅਕਾਲੀ ਵਰਕਰ ਇੱਕ ਲੱਖ ਬੂਟੇ ਲਗਾਉਣ ਅਤੇ ਉਨ੍ਹਾਂ ਦੀ ਪਾਲਣਾ ਵੀ ਕਰਨਗੇ।

ਜਥੇਦਾਰਾਂ ਨੇ ਹੁਕਮਨਾਮੇ ਵਿੱਚ ਕਿਹਾ ਹੈ ਕਿ ਸੁਖਬੀਰ ਬਾਦਲ ਦਾ ਅਸਤੀਫਾ ਅਕਾਲੀ ਦਲ ਦੀ ਕੋਰ ਕਮੇਟੀ ਤਿੰਨ ਦਿਨ ਦੇ ਅੰਦਰ ਪ੍ਰਵਾਨ ਕਰੇ। ਅਕਾਲੀ ਦਲ ਦੇ ਸਾਰੇ ‘ਬਾਗੀ ਤੇ ਦਾਗੀ’ ਧੜ੍ਹੇ ਭੰਗ ਹਨ, ਅਕਾਲੀ ਦਲ ਦੀ ਭਰਤੀ ਦੁਬਾਰਾ ਕੀਤੀ ਜਾਵੇ ਅਤੇ ਤਿੰਨ ਮਹੀਨੇ ਦੇ ਅੰਦਰ- ਅੰਦਰ ਨਵੀਂ ਚੋਣ ਕਰਵਾਈ ਜਾਵੇ।

ਅਕਾਲੀ ਦਲ ਦੀ ਨਵੀਂ ਭਰਤੀ ਲਈ ਪੰਜ ਮੈਂਬਰੀ ਕਮੇਟੀ ਬਣਾਈ ਗਈ ਹੈ, ਜਿਸ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਗੁਰਪ੍ਰਤਾਪ ਸਿੰਘ ਵਡਾਲ਼ਾ, ਮਨਪ੍ਰੀਤ ਸਿੰਘ ਇਯਾਲੀ, ਇਕਬਾਲ ਸਿੰਘ ਝੂੰਦਾ, ਅਤੇ ਸਤਵੰਤ ਕੌਰ (ਪੁੱਤਰੀ ਅਮਰੀਕ ਸਿੰਘ) ਨੂੰ ਸ਼ਾਮਲ ਕੀਤਾ ਗਿਆ ਹੈ।

ਜਥੇਦਾਰਾਂ ਨੇ ਬਾਗੀ ਤੇ ਦਾਗੀ ਅਕਾਲੀਆਂ ਨੂੰ ਆਪਣੇ ਚੁੱਲ੍ਹੇ ਸਮੇਟਣ ਬੰਦ, ਆਪੋ-ਆਪਣੇ ਸੁਰ ਬੰਦ ਕਰਨ, ਇੱਕ ਦੂਜੇ ਨੂੰ ਨੀਵਾਂ ਦਿਖਾਉਣ ਦੇ ਵਰਤਾਰੇ ਤੇ ਹਊਮੈ ਨੂੰ ਖ਼ਤਮ ਕਰਨ ਲ਼ਈ ਕਿਹਾ ਹੈ।

ਅਕਾਲ ਤਖ਼ਤ ਸਾਹਿਬ ਨੇ 2007 ਤੋਂ 2017 ਦੀਆਂ ਅਕਾਲੀ ਸਰਕਾਰਾਂ ਦੇ ਮੁੱਖ ਮੰਤਰੀ ਰਹੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤਾ ਗਿਆ ਫਖ਼ਕ-ਏ-ਕੌਮ ਦਾ ਐਵਾਰਡ ਵੀ ਵਾਪਸ ਲੈ ਲਿਆ ਹੈ। ਬਾਦਲ ਦੀ ਗੱਲ ਮੰਨਕੇ ਜਿਹੜੇ ਜਥੇਦਾਰਾਂ ਨੇ ਡੇਰਾ ਮੁਖੀ ਰਾਮ ਰਹੀਮ ਨੂੰ ਮਾਫੀ ਦਿੱਤੀ ਸੀ। ਉਨ੍ਹਾਂ ਦੀਆਂ ਚਿੱਠੀਆਂ ਜਨਤਕ ਕਰਨ ਦਾ ਐਲਾਨ ਕੀਤਾ ਗਿਆ ਹੈ।

ਉਨ੍ਹਾਂ ਦਾ ਸਪੱਸ਼ਟੀਕਰਨ ਮਿਲਣ ਤੱਕ ਸਾਬਕਾ ਜਥੇਦਾਰ ਗੁਰਬਚਨ ਸਿੰਘ ਦੀ ਸਹੂਲਤਾਂ ਵਾਪਸ ਲੈਣ ਅਤੇ ਗੁਰਮੁਖ ਦਾ ਤਬਾਦਲਾ ਪੰਜਾਬ ਤੋਂ ਬਾਹਰ ਕਰਨ ਦਾ ਹੁਕਮ ਸੁਣਾਇਆ ਗਿਆ ਹੈ।

ਸੁਖਦੇਵ ਢੀਂਡਸਾ

ਗੋਲਕ ਵਿੱਚੋਂ ਖਰਚੇ ਪੈਸੇ ਦੀ ਹੋਵਗੀ ਵਿਆਜ ਸਮੇਤ ਭਰਪਾਈ

ਜਥੇਦਾਰਾਂ ਨੇ ਹੁਕਮ ਦਿੱਤਾ ਹੈ ਕਿ ਡੇਰਾ ਸੱਚਾ ਸੌਦਾ ਦੀ ਮਾਫੀ ਨੂੰ ਸਹੀ ਸਾਬਿਤ ਕਰਨ ਲਈ ਜੋ ਲੱਖਾਂ ਰੁਪਏ ਸ਼੍ਰੋਮਣੀ ਕਮੇਟੀ ਦੀ ਗੋਲਕ ਵਿੱਚੋਂ ਖਰਚੇ ਗਏ, ਉਸ ਦੀ ਭਰਪਾਈ ਵਿਆਜ ਸਮੇਤ ਸੁਖਬੀਰ ਬਾਦਲ, ਦਲਜੀਤ ਚੀਮਾ, ਸੁਖਦੇਵ ਢੀਂਡਸਾ ਅਤੇ ਬਲਵਿੰਦਰ ਸਿੰਘ ਭੂਦੜ ਤੋਂ ਕੀਤੀ ਜਾਵੇ।

ਸਮੁੱਚੇ ਵਰਤਾਰੇ ਉੱਤੇ ਪਛਤਾਵੇ ਲ਼ਈ ਅਕਾਲੀ ਦਲ ਦੇ ਵਰਕਰਾਂ ਨੂੰ ਇੱਕ ਲੱਖ 25 ਹਜਾਰ ਬੂਟੇ ਲਾਉਣ ਅਤੇ ਉਨ੍ਹਾਂ ਦਾ ਰਾਖੀ ਕਰਨ ਲਈ ਕਿਹਾ ਗਿਆ ਹੈ।

ਹਰਵਿੰਦਰ ਸਿੰਘ ਸਰਨਾ ਬਾਰੇ ਕੀ ਕਿਹਾ

ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਸਰਨਾ ਨੂੰ ਜਥੇਦਾਰਾਂ ਖਿਲਾਫ਼ ਬਿਆਨਬਾਜੀ ਕਰਨ ਕਰਕੇ ਤਨਖਾਹੀਆ ਐਲਾਨਿਆ ਗਿਆ ਹੈ। ਇਸ ਦੇ ਨਾਲ ਦੀ ਸਾਬਕਾ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਤੇ ਫੈਡਰੇਸ਼ਨ ਦੇ ਆਗੂਆਂ ਨੂੰ ਜਥੇਦਾਰਾਂ ਬਾਰੇ ਬਿਆਨਬਾਜੀ ਕਰਨ ਨੂੰ ਲੈਕੇ ਸਖ਼ਤ ਤਾੜਨਾ ਕੀਤੀ ਗਈ ਹੈ।

ਜਥੇਦਾਰ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਜਥੇਦਾਰਾਂ ਨੇ ਬਾਗੀ ਤੇ ਦਾਗੀ ਅਕਾਲੀਆਂ ਨੂੰ ਆਪਣੇ ਚੁੱਲ੍ਹੇ ਸਮੇਟਣ ਬੰਦ, ਆਪੋ-ਆਪਣੇ ਸੁਰ ਬੰਦ ਕਰਨ, ਇੱਕ ਦੂਜੇ ਨੂੰ ਨੀਵਾਂ ਦਿਖਾਉਣ ਦੇ ਵਰਤਾਰੇ ਤੇ ਹਊਮੈ ਨੂੰ ਖ਼ਤਮ ਕਰਨ ਲ਼ਈ ਕਿਹਾ ਹੈ।

ਪਿਛਲੇ ਸਮੇਂ ਦੌਰਾਨ ਅਕਾਲ ਤਖ਼ਤ ਵਲੋਂ ਤਨਖ਼ਾਹੀਆਂ ਐਲਾਨੇ ਗਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਆਪਣੀ ਸਰਕਾਰ ਦੇ ਸਮੇਂ ਦੌਰਾਨ ਮੰਤਰੀ ਰਹੇ ਅਕਾਲੀ ਆਗੂਆਂ ਧਾਰਮਿਕ ਸਜ਼ਾ ਲੁਆਉਣ ਲਈ ਪੇਸ਼ ਹੋਏ ਸਨ।

ਅਕਾਲ ਤਖ਼ਤ ਸਾਹਿਬ ਸਿੱਖ ਕੌਮ ਦਾ ਸਰਬਉੱਚ ਅਸਥਾਨ ਹੈ, ਜਿੱਥੇ ਕਿਸੇ ਵੀ ਸਿੱਖ ਵਲੋਂ ਕੀਤੀ ਨਿੱਜੀ ਤੇ ਜਨਤਕ ਗਲਤੀ ਲਈ ਸੱਦਿਆ ਜਾ ਸਕਦਾ ਹੈ ਅਤੇ ਦੋਸ਼ੀ ਪਾਏ ਜਾਣ ਉੱਥੇ ਉਸ ਨੂੰ ਧਾਰਮਿਕ ਸਜਾ ਸੁਣਾਈ ਜਾ ਸਕਦੀ ਹੈ। ਇਸ ਨੂੰ ਪੰਥਕ ਭਾਸ਼ਾ ਵਿੱਚ ਤਨਖਾਹ ਕਿਹਾ ਜਾਂਦਾ ਹੈ।

ਅਕਾਲੀ ਦਲ ਉੱਤੇ ਇਲਜਾਮ ਲੱਗਦੇ ਹਨ ਕਿ ਉਨ੍ਹਾਂ ਦੀਆਂ ਸਰਕਾਰਾਂ ਦੇ ਸਾਲ 2007 ਤੋਂ ਲੈ ਕੇ 2017 ਤੱਕ ਦਸ ਦੇ ਕਾਰਜਕਾਲ ਦੌਰਾਨ ਪੰਥਕ ਭਾਵਨਾਵਾਂ ਮੁਤਾਬਕ ਕੰਮ ਨਹੀਂ ਕੀਤੇ ਗਏ।

ਜਿਵੇਂ ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਦੀ ਕਾਰਵਾਈ ਸਮੇਂ ਆਪਣੇ ਸੰਬੋਧਨ ਵਿੱਚ ਕਿਹਾ, ‘‘ਅਕਾਲੀ ਦਲ ਦੀ ਸਰਕਾਰ ਆਉਣ ਨਾਲ ਉਮੀਦ ਸੀ ਕਿ ਕੌਮ ਦੇ ਜਖ਼ਮਾਂ ਉੱਤੇ ਮੱਲ੍ਹਮ ਲੱਗੇਗੀ, ਪਰ ਅਫ਼ਸੋਸ ਸਿੱਖਾਂ ਦੇ ਜ਼ਖ਼ਮਾਂ ਨੂੰ ਕੁਰੇਦਿਆ ਗਿਆ।’’

ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸੁਖਬੀਰ ਸਿੰਘ ਨਾਲ ਸਵਾਲ-ਜਵਾਬ ਕੀਤੇ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਇਸ ਫੈਸਲਾ ਦੀ ਘੜੀ ਮੌਕੇ ਉਹਨਾਂ ਉਪਰ ਵੀ ਦਬਾਅ ਨਹੀਂ ਹੈ।

ਅਕਾਲ ਤਖ਼ਤ ਸਾਹਿਬ ਸਾਹਮਣੇ ਜਿੱਥੇ ਸੁਖਬੀਰ ਸਿੰਘ ਬਾਦਲ ਅਤੇ ਸੁਖਦੇਵ ਸਿੰਘ ਢੀਂਡਸਾ ਨੇ ਆਪਣੇ ਗੁਨਾਹ ਮੰਨੇ ਉੱਥੇ ਹੀ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਉਨ੍ਹਾਂ ਉੱਤੇ ਲੱਗੇ ਇਲਜ਼ਾਮ ਗਲਤ ਹਨ।

ਸੁਖਬੀਰ ਸਿੰਘ ਬਾਦਲ

ਤਸਵੀਰ ਸਰੋਤ, BBC/Ravinder Singh Robin

ਤਸਵੀਰ ਕੈਪਸ਼ਨ, ਸੁਖਬੀਰ ਸਿੰਘ ਬਾਦਲ ਵ੍ਹੀਲ ਚੇਅਰ ਉੱਤੇ ਅਕਾਲ ਤਖ਼ਤ ਪੁੱਜੇ ਸਨ

ਸੁਖਬੀਰ ਬਾਦਲ ਨੇ ਹੇਠ ਲਿਖੇ ਗੁਨਾਹ ਮੰਨੇ:

  • ਅਕਾਲੀ ਦਲ ਦੀ ਸਰਕਾਰ ਵੇਲ਼ੇ ਪੰਥਕ ਮੁੱਦਿਆਂ ਜਿਨ੍ਹਾਂ ਲਈ ਹਜਾਰਾ ਸ਼ਹੀਦੀਆਂ ਹੋ ਉਨ੍ਹਾਂ ਨੂੰ ਤੁਸੀਂ ਵਿਰਾਸਿਆ
  • ਸਿੱਖ ਨੌਜਵਾਨਾਂ ਨੂੰ ਕੋਹ-ਕੋਹ ਕੇ ਮਾਰਨ ਵਾਲੇ ਪੁਲਿਸ ਅਫ਼ਸਰਾਂ ਨੂੰ ਤਰੱਕੀਆ ਦੇਣ ਅਤੇ ਪਰਿਵਾਰਾਂ ਨੂੰ ਟਿਕਟਾਂ ਦੇਣ ਦਾ ਗੁਨਾਹ ਕੀਤਾ, ਇਹ ਗੁਨਾਹ ਕੀਤਾ ਹੈ ਜਾਂ ਨਹੀਂ। ਹਾਂ ਜਾਂ ਨਾਂਹ ਵਿੱਚ ਜਵਾਬ ਦਿਓ
  • ਜਥੇਦਾਰਾਂ ਨੂੰ ਘਰ ਬੁਲਾ ਕੇ ਡੇਰਾ ਸੱਚਾ ਸੌਦਾ ਸਾਧ ਨੂੰ ਮਾਫੀ ਦੇਣ ਬਾਰੇ ਕਿਹਾ ਜਾਂ ਨਹੀਂ ਕਿਹਾ, ਇਹ ਗੁਨਾਹ ਤੁਸੀਂ ਕੀਤਾ ਹੈ ਜਾਂ ਨਹੀਂ। ਜਵਾਬ ਹਾਂ ਜਾਂ ਨਾਂਹ ਵਿੱਚ ਦਿਓ
  • ਸਰਕਾਰ ਵੇਲੇ ਗੁਰੂ ਬੇਅਦਬੀ ਹੋਈ, ਗੰਦੇ ਪੋਸਟਰ ਲਾਏ ਗਏ, ਉਨ੍ਹਾਂ ਦੋਸ਼ੀਆਂ ਨੂੰ ਲੱਭਣ ਵਿੱਚ ਨਾਕਾਮ ਰਹੇ ਜਾਂ ਲੱਭਿਆ ਨਹੀਂ, ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਪਾੜੇ ਗਏ ਅਤੇ ਬਾਅਦ ਵਿੱਚ ਇਸ ਦਾ ਰੋਸ ਪ੍ਰਗਟਾ ਰਹੀਆਂ ਸੰਗਤਾਂ ਉੱਤੇ ਗੋਲੀਬਾਰੀ ਹੋਈ, ਇਹ ਗੁਨਾਹ ਤੁਹਾਡੀ ਸਰਕਾਰ ਵੇਲ਼ੇ ਹੋਇਆ
  • ਡੇਰਾ ਮੁਖੀ ਨੂੰ ਆਪਣੇ ਵਲੋਂ ਦੁਆਈ ਗਈ ਮਾਫੀ ਨੂੰ ਜਾਇਜ਼ ਠਹਿਰਾਉਣ ਲਈ ਤੁਸੀਂ ਸ਼੍ਰੋਮਣੀ ਕਮੇਟੀ ਦੇ ਪੈਸੇ ਦੀ ਇਤਿਸ਼ਹਾਰ ਦੇਣ ਲਈ ਦੁਰਵਰਤੋਂ ਕੀਤੀ।

ਸੁਖਬੀਰ ਬਾਦਲ ਦੇ ਪੈਰ੍ਹ ਉੱਤੇ ਫਰੈਕਚਰ ਸੀ, ਇਸ ਲਈ ਉਹ ਵੀਲ੍ਹ ਚੇਅਰ ਉੱਤੇ ਆਏ ਸਨ।

ਇਸ ਨਾਲ ਅਕਾਲੀ ਦੇ ਬਾਗੀ ਹੋਏ ਆਗੂ ਜਿਨ੍ਹਾਂ ਨੇ ਖੁਦ ਪੇਸ਼ ਹੋ ਕੇ ਤਨਖਾਹ ਲਾਉਣ ਲਈ ਕਿਹਾ ਸੀ, ਉਹ ਵੀ ਹਾਜ਼ਰ ਸਨ।

ਇਹ ਬਾਗੀ ਅਕਾਲੀ ਆਗੂ 2007 ਤੋਂ 2017 ਦੀਆਂ ਸਰਕਾਰਾਂ ਦਾ ਹਿੱਸਾ ਸੀ, ਇਸ ਲਈ ਉਨ੍ਹਾਂ ਖ਼ਿਲਾਫ਼ ਵੀ ਇਲਜ਼ਾਮ ਲਾਏ ਗਏ ਹਨ।

ਇਸ ਤਰ੍ਹਾਂ 2015 ਤੋਂ ਸੇਵਾ ਕਰ ਰਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ਦੇ ਤਤਕਾਲੀ ਮੈਂਬਰ ਅਤੇ ਤਖ਼ਤਾਂ ਦੇ ਜਥੇਦਾਰ ਵੀ ਤਖ਼ਤ ਸਾਹਿਬ ਬੁਲਾਏ ਗਏ ਸਨ।

ਸੁਖਬੀਰ ਬਾਦਲ ਨੂੰ ਕੀ ਸਵਾਲ ਪੁੱਛੇ ਗਏ?

ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸੁਖਬੀਰ ਸਿੰਘ ਬਾਦਲ ਨੂੰ ਸਵਾਲਾਂ ਦੇ ਜਵਾਬ ਹਾਂ ਜਾਂ ਨਾ ਵਿੱਚ ਦੇਣ ਲਈ ਕਿਹਾ ਸੀ।

ਉਹਨਾਂ ਕੋੋਲੋ ਇਹ ਸਵਾਲ ਪੁੱਛੇ ਗਏ....

ਜਥੇਦਾਰ - ਅਕਾਲੀ ਸਰਕਾਰ ਵੇਲੇ ʻਜ਼ਾਲਮ ਅਫ਼ਸਰਾਂʼ ਨੂੰ ਤਰੱਕੀਆਂ ਦਿੱਤੀਆਂ ਗਈਆਂ ਸਨ, ਜਿਨ੍ਹਾਂ ਨੇ ਝੂਠੇ ਮੁਕਾਬਲਿਆਂ ਵਿੱਚ ਪੰਜਾਬ ਦੇ ਕਈ ਨੌਜਵਾਨਾਂ ਨੂੰ ਸ਼ਹੀਦ ਕੀਤਾ?

ਸੁਖਬੀਰ ਸਿੰਘ ਬਾਦਲ- ਹਾਂਜੀ

ਸਵਾਲ-ਸੌਦਾ ਸਾਧ ਨੂੰ ਬਿਨਾਂ ਮੰਗੇ ਮੁਆਫ਼ੀ ਦਿਵਾਉਣਂ ਅਤੇ ਜਥੇਦਾਰਾਂ ਨੂੰ ਆਪਣੀ ਰਿਹਾਇਸ਼ ʼਤੇ ਬੁਲਾ ਚਿੱਠੀ ਦੇਣਾ, ਕੀ ਇਹ ਗ਼ੁਨਾਹ ਤੁਸੀਂ ਕੀਤਾ ਹੈ?

ਸੁਖਬੀਰ ਸਿੰਘ ਬਾਦਲ- ਹਾਂਜੀ

ਸਵਾਲ- ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੋਏ, ਕੰਧਾਂ ਉੱਤੇ ਪੋਸਟਰ ਲਗਾਏ ਗਏ, ਚੋਰੀ ਕਰਨ ਵਾਲਿਆਂ ਨੇ ਸਰੂਪਾਂ ਦੇ ਅੰਗ ਪਾੜੇ, ਬਹਿਬਲ ਕਲਾਂ ਵਿੱਚ ਗੋਲੀਕਾਂਡ ਵਿੱਚ ਦੋ ਲੋਕਾਂ ਦੀ ਮੌਤ ਹੋਈ, ਕੀ ਗੁਨਾਹ ਹੋਏ?

ਸੁਖਬੀਰ ਸਿੰਘ ਬਾਦਲ- ਹੋਇਆ ਜੀ ਗ਼ੁਨਾਹ

ਸਵਾਲ- ਸ਼੍ਰੋਮਣੀ ਕਮੇਟੀ ਨੂੰ ਕਹਿ ਕੇ ਸੌਦਾ ਸਾਧ ਦੀ ਮੁਆਫ਼ੀ ਬਾਰੇ ਫ਼ੈਸਲੇ ਨੂੰ ਸਹੀ ਠਹਿਰਾਉਣ ਲਈ ਪੋਸਟਰ ਛਪਵਾਉਣ ਲਈ ਗੋਲਕ ਦੇ ਪੈਸੇ ਖਰਚੇ ਕੀਤੇ ਸੀ?

ਸੁਖਬੀਰ ਸਿੰਘ ਬਾਦਲ- ਹਾਂਜੀ

ਚੰਦੂਮਾਜਰਾ ਉੱਤੇ ਲੱਗੇ ਦੋ ਇਲਜਾਮ ਜੋ ਉਨ੍ਹਾਂ ਮੰਨੇ ਨਹੀਂ

ਅਕਾਲੀ ਦਲ ਦੇ ਬਾਗੀ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਉੱਤੇ ਦੋ ਇਲਜ਼ਾਮ ਲਾਏ ਗਏ ਜੋ ਉਹਨਾਂ ਨੇ ਮੰਨੇ ਨਹੀਂ

ਪਹਿਲਾ ਇਲਜ਼ਾਮ – ਕੀ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਮਾਫੀ ਦੇਣ ਦਾ ਸਮਰਥਨ ਕੀਤਾ।

ਚੰਦੂਮਾਜਰਾ ਨੇ ਇਸ ਇਲਜਾਮ ਨੂੰ ਮੰਨਣ ਤੋਂ ਇਨਕਾਰ ਕੀਤਾ ਪਰ ਸਿੰਘ ਸਾਹਿਬ ਨੇ ਜਦੋਂ ਉਨ੍ਹਾਂ ਨੂੰ ਅਖ਼ਬਾਰ ਦੀ ਕਟਿੰਗ ਦਿਖਾਈ ਤਾਂ ਉਨ੍ਹਾਂ ਕਿਹਾ ਕਿ ਇਹ ਬਿਆਨ ਉਨ੍ਹਾਂ ਨੇ ਨਹੀਂ ਦਿੱਤਾ, ਪਰ ਉਨ੍ਹਾਂ ਮੰਨਿਆ ਕਿ ਉਨ੍ਹਾਂ ਨੇ ਇਸ ਬਿਆਨ ਨੂੰ ਖਾਰਿਜ ਵੀ ਨਹੀਂ ਕੀਤਾ ਸੀ।

ਇਸ ਤੋਂ ਬਾਅਦ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਕਿਹਾ ਗਿਆ ਕਿ ਉਹ ਸੰਗਤ ਅੱਗੇ ਜਾ ਕੇ ਸਪੱਸ਼ਟੀਕਰਨ ਦੇਵੇ ਅਤੇ ਮਾਫੀ ਮੰਗੇ। ਫਿਰ ਚੰਦੂਮਾਜਰਾ ਨੇ ਸੰਗਤ ਅੱਗੇ ਜਾ ਕੇ ਆਪਣੇ ਬਿਆਨ ਦਾ ਸਪੱਸ਼ਟੀਕਰਨ ਦਿੱਤਾ। ਚੰਦੂਮਾਜਰਾ ਨੇ ਸੰਗਤ ਸਾਹਮਣੇ ਮੁੜ ਇਸ ਗੱਲ ਨੂੰ ਦੁਹਰਾਇਆ ਕਿ ਉਨ੍ਹਾਂ ਨੇ ਕੋਈ ਗੁਨਾਹ ਨਹੀਂ ਕੀਤਾ।

ਦੂਜਾ ਇਲਜ਼ਾਮ – ਪ੍ਰੇਮ ਸਿੰਘ ਚੰਦੂਮਾਜਰਾ ਉੱਤੇ ਦੂਜਾ ਇਲਜ਼ਾਮ ਲਾਇਆ ਗਿਆ ਕਿ ਉਹ ਆਪਰੇਸ਼ਨ ਬਲੈਕ ਥੰਡਰ ਦੌਰਾਨ ਉੱਥੇ ਮੌਜੂਦ ਸੀ। ਚੰਦੂਮਾਜਰਾ ਨੇ ਇਸ ਇਲਜ਼ਾਮ ਨੂੰ ਵੀ ਨਹੀਂ ਮੰਨਿਆ। ਉਨ੍ਹਾਂ ਕਿਹਾ ਕਿ ਉਹ ਬਲੈਕ ਥੰਡਰ ਵੇਲ਼ੇ ਮੌਜੂਦ ਨਹੀਂ ਸਨ।

ਇਸ ਬਾਰੇ ਸਾਬਕਾ ਅਕਾਲੀ ਮੰਤਰੀ ਮਹੇਸ਼ਇੰਦਰ ਸਿੰਘ ਨੇ ਇਲਜ਼ਾਮ ਲਾਇਆ ਕਿ ਆਪਰੇਸ਼ਨ ਬਲੈਕ ਥੰਡਰ ਵੇਲੇ ਸੁਰਜੀਤ ਸਿੰਘ ਬਰਨਾਲਾ ਦੀ ਸਰਕਾਰ ਸੀ ਅਤੇ ਪ੍ਰੇਮ ਸਿੰਘ ਚੰਦੂਮਾਜਰਾ ਉਸ ਵਿੱਚ ਵਜੀਰ ਸਨ ਅਤੇ ਇਸ ਦਾ ਫੈਸਲਾ ਸਰਕਾਰ ਨੇ ਕੀਤਾ ਸੀ।

ਸਜ਼ਾਵਾਂ ʼਤੇ ਆਗੂਆਂ ਦੀ ਪ੍ਰਤੀਕਿਰਿਆ

ਚੀਮਾ

ਤਸਵੀਰ ਸਰੋਤ, ANI

ਡਾ. ਦਲਜੀਤ ਸਿੰਘ ਚੀਮਾ ਨੇ ਸਜ਼ਾ ਬਾਰੇ ਗੱਲ ਕਰਦੇ ਹੋਏ ਕਿਹਾ, "ਸਾਡਾ ਸ਼ੁਰੂ ਤੋਂ ਹੀ ਸੀ ਕਿ ਜੋ ਵੀ ਹੁਕਮ ਅਕਾਲ ਤਖ਼ਤ ਸਾਹਿਬ ਵੱਲੋਂ ਦਿੱਤਾ ਜਾਵੇਗਾ, ਸਾਨੂੰ ਕਬੂਲ ਹੋਵੇਗਾ।"

"ਅੱਜ ਜੋ ਹੁਣ ਆਦੇਸ਼ ਆਇਆ ਅਸੀਂ ਇਸ ਨੂੰ ਖਿੜੇ ਮੱਥੇ ਲਵਾਂਗੇ। ਤਨਖਾਹ ਦੇ ਰੂਪ ਵਿੱਚ ਜਿਹੜੀ ਵੀ ਸਜ਼ਾ ਵਜੋਂ ਸੇਵਾ ਲੱਗੀ ਹੈ ਉਹ ਕਰਾਂਗੇ।।"

ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤੇ ਫਖ਼ਰ-ਏ-ਕੌਮ ਦਾ ਖਿਤਾਬ ਵਾਪਸ ਲਏ ਜਾਣ ਬਾਰੇ ਉਨ੍ਹਾਂ ਨੇ ਕਿਹਾ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਇਹ ਤਾਂ ਅਕਾਲ ਤਖ਼ਤ ਸਾਹਿਬ ਦਾ ਫ਼ੈਸਲਾ ਹੈ।

ਸਜ਼ਾ ਬਾਰੇ ਬੋਲਦਿਆਂ ਬੀਬੀ ਜਗੀਰ ਕੌਰ ਨੇ ਕਿਹਾ ਕਿ ਜੋ ਵੀ ਸੇਵਾ ਲਗਾਈ ਗਈ ਹੈ, ਉਹ ਸਿਰ ਮੱਥੇ ਪ੍ਰਵਾਨ ਹੈ।

ਅਕਾਲ ਤਖ਼ਤ ਨੇ ਸੁਖਬੀਰ ਬਾਦਲ ਨੂੰ ਤਨਖ਼ਾਹੀਆ ਕਿਉਂ ਐਲਾਨਿਆ ਸੀ ?

ਅਗਸਤ ਮਹੀਨੇ 'ਚ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸੁਖਬੀਰ ਨੂੰ ਤਨਖ਼ਾਹੀਆ ਕਰਾਰੀਆਂ ਸੀ
ਤਸਵੀਰ ਕੈਪਸ਼ਨ, ਅਗਸਤ ਮਹੀਨੇ 'ਚ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸੁਖਬੀਰ ਨੂੰ ਤਨਖ਼ਾਹੀਆ ਕਰਾਰੀਆਂ ਸੀ

ਇਸ ਸਾਲ ਅਗਸਤ ਦੇ ਮਹੀਨੇ 'ਚ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਤਨਖ਼ਾਹੀਆ ਕਰਾਰ ਕੀਤਾ ਸੀ।

ਉਸ ਵਕਤ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਬੋਲਦਿਆਂ ਕਿਹਾ ਸੀ ਕਿ ਸੁਖਬੀਰ ਬਾਦਲ ਨੇ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਹੁੰਦਿਆ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵਜੋਂ ਕੁਝ ਅਜਿਹੇ ਫ਼ੈਸਲੇ ਲਏ ਸਨ, ਜਿਸ ਨਾਲ ਪੰਥਕ ਸਰੂਪ ਦੇ ਅਕਸ ਨੂੰ ਭਾਰੀ ਢਾਹ ਲੱਗੀ ਸੀ।

ਜਥੇਦਾਰ ਗਿਆਨੀ ਰਘਬੀਰ ਸਿੰਘ ਵਲੋਂ ਕਿਹਾ ਗਿਆ ਸੀ ਕਿ ਸੁਖਬੀਰ ਸਿੰਘ ਬਾਦਲ ਜਿੰਨਾ ਚਿਰ ਇੱਕ ਨਿਮਾਣੇ ਸਿੱਖ ਦੀ ਤਰ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸਿੱਖ ਸੰਗਤ ਅਤੇ ਪੰਜ ਸਿੰਘ ਸਾਹਿਬਾਨਾਂ ਦੀ ਹਾਜ਼ਰੀ ਵਿੱਚ ਆਪਣੇ ਕੀਤੇ ਹੋਏ ਗੁਨਾਹਾਂ ਦੀ ਮੁਆਫ਼ੀ ਨਹੀਂ ਮੰਗਦੇ, ਓਨਾ ਚਿਰ ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਤਨਖਾਹੀਆ ਘੋਸ਼ਿਤ ਕੀਤਾ ਜਾਂਦਾ ਹੈ।

14 ਅਕਤੂਬਰ 2015 ਨੂੰ ਬੇਅਦਬੀ ਦੇ ਵਿਰੁੱਧ ਰੋਸ ਮੁਜ਼ਾਹਰਾ ਕਰ ਰਹੇ ਲੋਕਾਂ ਵਿੱਚੋਂ ਗੁਰਜੀਤ ਸਿੰਘ ਤੇ ਕ੍ਰਿਸ਼ਨ ਭਗਵਾਨ ਸਿੰਘ 'ਪੁਲਿਸ ਦੀ ਗੋਲੀ ਨਾਲ ਮਾਰੇ' ਗਏ ਸਨ।
ਤਸਵੀਰ ਕੈਪਸ਼ਨ, 14 ਅਕਤੂਬਰ 2015 ਨੂੰ ਬੇਅਦਬੀ ਦੇ ਵਿਰੁੱਧ ਰੋਸ ਮੁਜ਼ਾਹਰਾ ਕਰ ਰਹੇ ਲੋਕਾਂ ਵਿੱਚੋਂ ਗੁਰਜੀਤ ਸਿੰਘ ਤੇ ਕ੍ਰਿਸ਼ਨ ਭਗਵਾਨ ਸਿੰਘ 'ਪੁਲਿਸ ਦੀ ਗੋਲੀ ਨਾਲ ਮਾਰੇ' ਗਏ ਸਨ।

ਤਨਖ਼ਾਹੀਆ ਹੋਣਾ ਕੀ ਹੁੰਦਾ ਹੈ?

ਸਿੱਖ ਧਰਮ ਵਿੱਚ ਤਨਖ਼ਾਹ ਧਾਰਮਿਕ ਸਜ਼ਾ ਨੂੰ ਕਿਹਾ ਜਾਂਦਾ ਹੈ।

ਸਿੱਖ ਲੇਖਕ ਅਤੇ ਸਾਬਕਾ ਪ੍ਰੋਫ਼ੈਸਰ ਗੁਰਦਰਸ਼ਨ ਸਿੰਘ ਢਿੱਲੋਂ ਨੇ ਬੀਬੀਸੀ ਪੱਤਰਕਾਰ ਸਰਬਜੀਤ ਸਿੰਘ ਨਾਲ ਗੱਲ ਕਰਦਿਆਂ ਦੱਸਿਆ, "ਇਹ ਇੱਕ ਨੈਤਿਕ ਸਜ਼ਾ ਹੈ, ਇਸ ਦਾ ਅਰਥ ਹੈ ਜਿਸ ਬੰਦੇ ਨੂੰ ਤਨਖ਼ਾਹ ਲਗਾਈ ਗਈ ਹੈ ਸਿੱਖ ਪੰਥ ਵਿੱਚ ਉਸ ਦਾ ਮਿਆਰ ਥੱਲੇ ਡਿੱਗ ਜਾਂਦਾ ਹੈ।"

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੈੱਬਸਾਈਟ ਮੁਤਾਬਕ, "ਸਿੱਖ ਰਹਿਤ ਮਰਿਆਦਾ ਵਿਰੁੱਧ ਕਰਮ-ਧਰਮ ਦੰਡ ਦਾ ਨਾਉਂ ‘ਤਨਖਾਹ’ ਹੈ,ਜੋ ਸਿੱਖ ਰਹਿਤ ਦੇ ਨਿਯਮ ਭੰਗ ਕਰਦਾ ਹੈ, ਉਹ ਤਨਖਾਹੀਆ ਸੱਦੀਦਾ ਹੈ।"

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਨੂੰ ਵੀ ਅਕਾਲ ਤਖ਼ਤ ਸਾਹਿਬ ਵੱਲੋਂ 1988 ਵਿੱਚ ਧਾਰਮਿਕ ਸਜ਼ਾ ਸੁਣਾਈ ਗਈ ਸੀ, ਜਿਸ ਦੌਰਾਨ ਉਹਨਾਂ ਨੂੰ 21 ਦਿਨ ਗੁਰੂ ਘਰ ਦੀ ਸੇਵਾ ਕਰਨ ਲਈ ਆਖਿਆ ਗਿਆ ਸੀ।

1985-87 ਦੌਰਾਨ ਆਪਣੀ ਸਰਕਾਰ ਸਮੇਂ ਲਏ 'ਗ਼ਲਤ ਫੈਸਲਿਆਂ' ਲਈ ਇਹ ਧਾਰਮਿਕ ਸਜ਼ਾ ਮਿਲੀ ਸੀ।

ਪਾਰਟੀ ਦਾ ਸਿਆਸੀ ਨਿਘਾਰ

2024 ਦੀ ਜਲੰਧਰ ਜ਼ਿਮਨੀ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦੀ ਜ਼ਮਾਨਤ ਜ਼ਬਤ ਹੋ ਗਈ ਸੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 2024 ਦੀ ਜਲੰਧਰ ਜ਼ਿਮਨੀ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦੀ ਜ਼ਮਾਨਤ ਜ਼ਬਤ ਹੋ ਗਈ ਸੀ

ਪਾਰਟੀ ਦਾ ਸਿਆਸੀ ਪ੍ਰਦਰਸ਼ਨ ਵੀ 2017 ਦੀਆਂ ਆਮ ਵਿਧਾਨ ਸਭਾ ਚੋਣਾਂ ਦੌਰਾਨ ਸੱਤਾ ਖੁੱਸਣ ਤੋਂ ਬਾਅਦ ਲਗਾਤਾਰ ਨਿਘਾਰ ਵੱਲ ਜਾ ਰਿਹਾ ਹੈ।

ਵਿਧਾਨ ਸਭਾ ਵਿੱਚ ਪਾਰਟੀ ਦੇ ਸਿਰਫ਼ ਤਿੰਨ ਵਿਧਾਇਕ ਰਹਿ ਗਏ ਹਨ ਅਤੇ 2024 ਦੀਆਂ ਲੋਕ ਸਭਾ ਚੋਣਾਂ ਦੌਰਾਨ ਪਾਰਟੀ ਬਠਿੰਡਾ ਦੀ ਇੱਕ ਸੀਟ ਤੱਕ ਸੀਮਤ ਹੋ ਕੇ ਰਹਿ ਗਈ।

ਪਾਰਟੀ ਦੇ ਚੋਣ ਮੈਦਾਨ ਵਿੱਚ ਹਾਸ਼ੀਏ ’ਤੇ ਜਾਣ ਲਈ ਵੀ ਪਾਰਟੀ ਦੇ ਸੀਨੀਅਰ ਆਗੂ ਤੇ ਸਿਆਸੀ ਮਾਹਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਉੱਤੇ ਸਵਾਲ ਕਰਦੇ ਰਹੇ ਹਨ।

ਇੱਥੇ ਅਸੀਂ ਉਨ੍ਹਾਂ ਤੱਥਾਂ ਦੀ ਗੱਲ ਕਰ ਰਹੇ ਹਾਂ ਜਿਨ੍ਹਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਲਈ ਮਜ਼ਬੂਰ ਕੀਤਾ ਹੋ ਸਕਦਾ ਹੈ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)