ਅਕਾਲ ਤਖ਼ਤ ਨੇ ਸੁਖਬੀਰ ਬਾਦਲ ਨੂੰ ਤਨਖ਼ਾਹੀਆ ਐਲਾਨਿਆ, ਸਿੱਖ ਧਰਮ ਵਿੱਚ ਇਸ ਦੇ ਕੀ ਮਾਅਨੇ ਹਨ?

ਸੁਖਬੀਰ ਬਾਦਲ,ਅਕਾਲ ਤਖ਼ਤ

ਤਸਵੀਰ ਸਰੋਤ, RAVINDER SINGH ROBIN/BBC

ਸ਼ੁੱਕਰਵਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਤਨਖ਼ਾਹੀਆ ਕਰਾਰ ਦਿੱਤਾ ਹੈ।

ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਬੋਲਦਿਆਂ ਕਿਹਾ, "ਪੰਜ ਸਿੰਘ ਸਾਹਿਬਾਨਾਂ ਦੀ ਸਰਵਸੰਮਤੀ ਨਾਲ ਫ਼ੈਸਲਾ ਹੋਇਆ ਕਿ ਸੁਖਬੀਰ ਬਾਦਲ ਨੇ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਹੁੰਦਿਆ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੁੰਦਿਆ ਹੋਇਆ ਕੁਝ ਅਜਿਹੇ ਫ਼ੈਸਲੇ ਲਏ ਜਿਸ ਨਾਲ ਪੰਥਕ ਸਰੂਪ ਦੇ ਅਕਸ ਨੂੰ ਭਾਰੀ ਢਾਹ ਲੱਗੀ।"

ਜਥੇਦਾਰ ਰਘਬੀਰ ਸਿੰਘ

ਉਨ੍ਹਾਂ ਨੇ ਕਿਹਾ, "ਇਸ ਸਮੇਂ ਦੌਰਾਨ ਸ਼੍ਰੋਮਣੀਅਕਾਲੀ ਦਲ ਦੀ ਹਾਲਤ ਪਤਲੀ ਹੋਈ, ਸਿੱਖ ਹਿੱਤਾਂ ਦਾ ਨੁਕਸਾਨ ਹੋਇਆ ਇਸ ਲਈ 2007 ਤੋਂ 2017 ਤੱਕ ਸਰਕਾਰ ਵਿੱਚ ਮੌਜੂਦ ਰਹੇ ਇਸ ਦੇ ਭਾਈਵਾਲ ਸਿੱਖ ਕੈਬਨਿਟ ਮੰਤਰੀ ਇਸ ਸਬੰਧੀ ਆਪਣਾ ਸਪੱਸ਼ਟੀਕਰਨ 15 ਦਿਨਾਂ ਦੇ ਅੰਦਰ-ਅੰਦਰ ਨਿੱਜੀ ਰੂਪ ਵਿੱਚ ਪੇਸ਼ ਹੋ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਦੇਣ।"

ਉਨ੍ਹਾਂ ਨੇ ਕਿਹਾ, "ਸੁਖਬੀਰ ਸਿੰਘ ਬਾਦਲ ਜਿੰਨਾ ਚਿਰ ਇੱਕ ਨਿਮਾਣੇ ਸਿੱਖ ਦੀ ਤਰ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸਿੱਖ ਸੰਗਤ ਅਤੇ ਪੰਜ ਸਿੰਘ ਸਾਹਿਬਾਨਾਂ ਦੀ ਹਾਜ਼ਰੀ ਵਿੱਚ ਆਪਣੇ ਕੀਤੇ ਹੋਏ ਗੁਨਾਹਾਂ ਦੀ ਮੁਆਫ਼ੀ ਨਹੀਂ ਮੰਗਦਾ, ਓਨਾ ਚਿਰ ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਤਨਖਾਹੀਆ ਘੋਸ਼ਿਤ ਕੀਤਾ ਜਾਂਦਾ ਹੈ।"

ਸੁਖਬੀਰ ਸਿੰਘ ਬਾਦਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੁਖਬੀਰ ਸਿੰਘ ਬਾਦਲ

ਜੁਲਾਈ ਮਹੀਨੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਸਕਤਰੇਤ ਵਿਖੇ ਪੰਜ ਸਿੰਘ ਸਾਹਿਬਾਨਾਂ ਦੀ ਬੈਠਕ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ 15 ਦਿਨਾਂ ਦੇ ਅੰਦਰ-ਅੰਦਰ ਨਿੱਜੀ ਤੌਰ ਉੱਤੇ ਪੁੱਜ ਕੇੇ ਲਿਖ਼ਤੀ ਰੂਪ ਵਿੱਚ ਸਪੱਸ਼ਟੀਕਰਨ ਦੇਣ ਲਈ ਕਿਹਾ ਗਿਆ ਗਿਆ ਸੀ।

ਦਰਅਸਲ 1 ਜੁਲਾਈ ਨੂੰ ਬਾਗ਼ੀ ਧੜੇ ਵਿੱਚ ਸ਼ਾਮਲ ਸੀਨੀਅਰ ਆਗੂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਏ ਸਨ।

ਉਨ੍ਹਾਂ ਨੇ ਇਸ ਮੌਕੇ ਚਾਰ ਸਫ਼ਿਆਂ ਦਾ ਮੁਆਫ਼ੀਨਾਮਾ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਰਘਬੀਰ ਸਿੰਘ ਨੂੰ ਸੌਂਪਿਆ ਸੀ।

ੳੇੁਨ੍ਹਾਂ ਨੇ ਇਹ ਵੀ ਇਲਜ਼ਾਮ ਲਗਾਏ ਸਨ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਥਕ ਭਾਵਨਾਵਾਂ ਦੀ ਤਰਜਨਮਾਨੀ ਨਹੀਂ ਕੀਤੀ।

ਆਪਣੇ ਮੁਆਫ਼ੀਨਾਮੇ ਵਿੱਚ ਉਨ੍ਹਾਂ ਨੇ 2007 ਤੋਂ ਲੈ ਕੇ 2017 ਤੱਕ ਅਕਾਲੀ ਦਲ ਦੀ ਸਰਕਾਰ ਵੇਲੇ ਹੋਈਆਂ ਗਲਤੀਆਂ ਦੀ ਮੁਆਫ਼ੀ ਮੰਗੀ ਸੀ।

ਜਥੇਦਾਰ ਰਘਬੀਰ ਸਿੰਘ
ਇਹ ਵੀ ਪੜ੍ਹੋ-

ਤਨਖ਼ਾਹੀਆ ਹੋਣਾ ਕੀ ਹੁੰਦਾ ਹੈ?

ਸਿੱਖ ਧਰਮ ਵਿੱਚ ਤਨਖ਼ਾਹ ਧਾਰਮਿਕ ਸਜ਼ਾ ਨੂੰ ਕਿਹਾ ਜਾਂਦਾ ਹੈ।

ਸਿੱਖ ਲੇਖਕ ਅਤੇ ਸਾਬਕਾ ਪ੍ਰੋਫ਼ੈਸਰ ਗੁਰਦਰਸ਼ਨ ਸਿੰਘ ਢਿੱਲੋਂ ਨੇ ਬੀਬੀਸੀ ਪੱਤਰਕਾਰ ਸਰਬਜੀਤ ਸਿੰਘ ਨਾਲ ਗੱਲ ਕਰਦਿਆਂ ਦੱਸਿਆ, "ਇਹ ਇੱਕ ਨੈਤਿਕ ਸਜ਼ਾ ਹੈ, ਇਸ ਦਾ ਅਰਥ ਹੈ ਜਿਸ ਬੰਦੇ ਨੂੰ ਤਨਖ਼ਾਹ ਲਗਾਈ ਗਈ ਹੈ ਸਿੱਖ ਪੰਥ ਵਿੱਚ ਉਸ ਦਾ ਮਿਆਰ ਥੱਲੇ ਡਿੱਗ ਜਾਂਦਾ ਹੈ।"

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੈੱਬਸਾਈਟ ਮੁਤਾਬਕ, "ਸਿੱਖ ਰਹਿਤ ਮਰਿਆਦਾ ਵਿਰੁੱਧ ਕਰਮ-ਧਰਮ ਦੰਡ ਦਾ ਨਾਉਂ ‘ਤਨਖਾਹ’ ਹੈ,ਜੋ ਸਿੱਖ ਰਹਿਤ ਦੇ ਨਿਯਮ ਭੰਗ ਕਰਦਾ ਹੈ, ਉਹ ਤਨਖਾਹੀਆ ਸੱਦੀਦਾ ਹੈ।"

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਨੂੰ ਵੀ ਅਕਾਲ ਤਖ਼ਤ ਸਾਹਿਬ ਵੱਲੋਂ 1988 ਵਿੱਚ ਧਾਰਮਿਕ ਸਜ਼ਾ ਸੁਣਾਈ ਗਈ ਸੀ, ਜਿਸ ਦੌਰਾਨ ਉਹਨਾਂ ਨੂੰ 21 ਦਿਨ ਗੁਰੂ ਘਰ ਦੀ ਸੇਵਾ ਕਰਨ ਲਈ ਆਖਿਆ ਗਿਆ ਸੀ।

1985-87 ਦੌਰਾਨ ਆਪਣੀ ਸਰਕਾਰ ਸਮੇਂ ਲਏ 'ਗ਼ਲਤ ਫੈਸਲਿਆਂ' ਲਈ ਇਹ ਧਾਰਮਿਕ ਸਜ਼ਾ ਮਿਲੀ ਸੀ।

'ਜਲਦੀ ਹੀ ਪੇਸ਼ ਹੋਵਾਂਗਾ'

ਸੁਖਬੀਰ ਬਾਦਲ

ਤਸਵੀਰ ਸਰੋਤ, X/officeofssbadal

ਤਸਵੀਰ ਕੈਪਸ਼ਨ, ਸੁਖਬੀਰ ਬਾਦਲ ਨੇ ਅਕਾਲ ਤਖ਼ਤ ਸਾਹਿਬ ਦੇ ਹੁਕਮ ਬਾਰੇ ਆਪਣੇ 'ਐਕਸ' ਅਕਾਊਂਟ ਉੱਤੇ ਲਿਖਿਆ ਹੈ।

ਸੁਖਬੀਰ ਬਾਦਲ ਨੇ ਆਪਣੇ ਅਧਿਕਾਰਤ ਐਕਸ ਅਕਾਊਂਟ ਉੱਤੇ ਲਿਖਿਆ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਹੁਕਮ ਨੂੰ ਸਿਰ ਨਿਵਾਂ ਕੇ ਪ੍ਰਵਾਨ ਕਰਦੇ ਹਨ।

ਉਨ੍ਹਾਂ ਲਿਖਿਆ, "ਹੁਕਮ ਅਨੁਸਾਰ ਜਲਦ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਪੇਸ਼ ਹੋ ਕੇ ਖ਼ਿਮਾ ਜਾਚਨਾ ਕਰਾਂਗਾ ਜੀ।"

ਸ਼੍ਰੋਮਣੀ ਅਕਾਲੀ ਦਲ ਦਾ ਕੀ ਪੱਖ ਹੈ

ਸ਼੍ਰੋਮਣੀ ਅਕਾਲੀ ਦਲ ਦੇ ਆਗੂ ਦਲਜੀਤ ਸਿੰਘ ਚੀਮਾ
ਤਸਵੀਰ ਕੈਪਸ਼ਨ, ਸ਼੍ਰੋਮਣੀ ਅਕਾਲੀ ਦਲ ਦੇ ਆਗੂ ਦਲਜੀਤ ਸਿੰਘ ਚੀਮਾ

ਸ਼੍ਰੋਮਣੀ ਅਕਾਲੀ ਦਲ ਦੇ ਆਗੂ ਦਲਜੀਤ ਸਿੰਘ ਚੀਮਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਬਾਰੇ ਪ੍ਰਤੀਕਿਰਿਆ ਦਿੱਤੀ ਹੈ।

ਉਨ੍ਹਾਂ ਕਿਹਾ, "ਜੋ ਵੀ ਹੁਕਮ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਕੀਤਾ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਉਸ ਹੁਕਮ ਨੂੰ ਸਿਰ ਨਿਵਾ ਕੇ ਪ੍ਰਵਾਨ ਕਰਦਾ ਹੈ।"

ਉਨਾਂ੍ਹ ਕਿਹਾ, "ਜਿਸ ਦਿਨ ਸੁਖਬੀਰ ਬਾਦਲ ਬਤੌਰ ਪ੍ਰਧਾਨ ਸਪੱਸ਼ਟੀਕਰਨ ਦੇ ਕੇ ਆਏ ਸੀ ਉਨ੍ਹਾਂ ਨੇ ਉਸ ਦਿਨ ਵੀ ਬਿਲਕੁਲ ਸਪੱਸ਼ਟ ਕੀਤਾ ਸੀ ਕਿ ਜੋ ਹੁਕਮ ਸ਼੍ਰੋਮਣੀ ਅਕਾਲੀ ਦਲ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਏਗਾ ਅਸੀਂ ਪ੍ਰਵਾਨ ਕਰਾਂਗੇ।"

ਉਨ੍ਹਾਂ ਨੇ ਸੁਖਬੀਰ ਬਾਦਲ ਬਾਰੇ ਹੋਏ ਹੁਕਮ ਬਾਰੇ ਕਿਹਾ ਕਿ ਉਹ(ਸੁਖਬੀਰ ਬਾਦਲ) ਉਸ ਨੂੰ ਪੂਰਾ ਕਰਨਗੇ।

ਅਕਾਲ ਤਖ਼ਤ ਕੀ ਹੈ

ਅਕਾਲ ਤਖ਼ਤ

ਤਸਵੀਰ ਸਰੋਤ, RAVINDER SINGH ROBIN/BBC

ਤਸਵੀਰ ਕੈਪਸ਼ਨ, ਇਤਿਹਾਸਕ ਸਰੋਤਾਂ ਮੁਤਾਬਕ ਅਕਾਲ ਤਖ਼ਤ ਦੀ ਸਥਾਪਨਾ ਸਿੱਖਾਂ ਦੇ ਛੇਵੇਂ ਗੁਰੂ, ਗੁਰੂ ਹਰਗੋਬਿੰਦ ਜੀ ਨੇ ਕੀਤੀ ਸੀ

ਅਕਾਲ ਤਖ਼ਤ ਸਿੱਖਾਂ ਦੇ ਪੰਜ ਤਖਤਾਂ ਵਿੱਚੋਂ ਪਹਿਲਾ ਅਤੇ ਸਰਬਉੱਚ ਤਖ਼ਤ ਹੈ। ਇਤਿਹਾਸਕ ਸਰੋਤਾਂ ਮੁਤਾਬਕ ਇਸ ਦੀ ਸਥਾਪਨਾ ਸਿੱਖਾਂ ਦੇ ਛੇਵੇਂ ਗੁਰੂ, ਗੁਰੂ ਹਰਗੋਬਿੰਦ ਜੀ ਨੇ ਕੀਤੀ ਸੀ।

ਇਹ ਹਰਿਮੰਦਰ ਸਾਹਿਬ ਸਮੂਹ, ਅੰਮ੍ਰਿਤਸਰ ਸਾਹਿਬ ਦੇ ਅੰਦਰ ਹੀ ਉਸਰਿਆ ਹੋਇਆ ਹੈ।

ਸਿੱਖ ਇਤਿਹਾਸਕਾਰ ਡਾਕਟਰ ਸੁਖਦਿਆਲ ਸਿੰਘ ਆਪਣੀ ਕਿਤਾਬ ‘ਖ਼ਾਲਸਾ ਪੰਥ ਦੇ ਪੰਜ ਤਖ਼ਤ’ ਵਿੱਚ ਲਿਖਦੇ ਹਨ-‘ਅਕਾਲ ਤਖ਼ਤ ਸਮੁੱਚੇ ਸਿੱਖ ਪੰਥ ਦਾ ਕੇਂਦਰ ਹੈ ਅਤੇ ਜਿਹੜਾ ਹੁਕਮਨਾਮਾ ਅਕਾਲ ਤਖ਼ਤ ਵੱਲੋਂ ਜਾਰੀ ਹੁੰਦਾ ਹੈ,ਉਹ ਸਮੁੱਚੇ ਪੰਥ ਦੇ ਨਾਮ ਜਾਰੀ ਹੁੰਦਾ ਹੈ,ਇਸ ਲਈ ਇਹ ਹੁਕਮਨਾਮਾ ਸਾਰੇ ਸਿੱਖਾਂ ਲਈ ਮੰਨਣਾ ਜ਼ਰੂਰੀ ਹੁੰਦਾ ਹੈ।’

ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਨੂੰ 400 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਹੈ ਅਤੇ ਇਤਿਹਾਸ ਵਿੱਚ ਕਈ ਉਦਾਹਰਨਾਂ ਮਿਲਦੀਆਂ ਹਨ ਜਿਸ ਤੋਂ ਪਤਾ ਲੱਗਦਾ ਹੈ ਕਿ ਸੰਕਟ ਦੇ ਸਮੇਂ ਧਾਰਮਿਕ ਫੈਸਲਿਆਂ ਅਤੇ ਅੱਗੇ ਦੀ ਰਣਨੀਤੀ ਲਈ ਸਿੱਖ ਇੱਥੇ ਇਕੱਤਰ ਹੁੰਦੇ ਰਹੇ ਹਨ।

ਅਕਾਲ ਤਖ਼ਤ

ਤਸਵੀਰ ਸਰੋਤ, RAVINDER SINGH ROBIN/BBC

ਪੰਜ ਸਿੰਘ ਸਾਹਿਬਾਨ ਦੀਆਂ ਬੈਠਕਾਂ ਵਿੱਚ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਗਵਾਈ ਵਾਲੀ ਭੂਮਿਕਾ ਵਿੱਚ ਸ਼ਾਮਲ ਹੁੰਦੇ ਹਨ।

ਰਵਾਇਤ ਹੈ ਕਿ ਜਥੇਦਾਰਾਂ ਦੀਆਂ ਇਨ੍ਹਾਂ ਬੈਠਕਾਂ ਵਿੱਚ ਸਿੱਖ ਧਰਮ ਨੂੰ ਦਰਪੇਸ਼ ਸਮੱਸਿਆਵਾਂ ਉੱਪਰ ਵਿਚਾਰ ਕੀਤੀ ਜਾਂਦੀ ਹੈ ਅਤੇ ਗੁਰੂ ਗ੍ਰੰਥ ਸਾਹਿਬ ਦੀ ਰੌਸ਼ਨੀ ਵਿੱਚ ਗੁਰਮਤਿ ਮਰਿਆਦਾ ਦੇ ਆਧਾਰ ’ਤੇ ਢੁਕਵਾਂ ਫ਼ੈਸਲਾ ਲਿਆ ਜਾਂਦਾ ਹੈ।

ਸਮੁੱਚੀ ਸਿੱਖ ਕੌਮ ਆਪਣੀ ਅਗਵਾਈ ਲਈ ਅਕਾਲ ਤਖ਼ਤ ਦੇ ਜਥੇਦਾਰ ਵੱਲ ਦੇਖਦੀ ਹੈ ਅਤੇ ਉਮੀਦ ਕੀਤੀ ਜਾਂਦੀ ਹੈ ਕਿ ਜਥੇਦਾਰ ਬਿਨਾਂ ਕਿਸੇ ਪੱਖ਼ਪਾਤ ਦੇ ਨਿਰੋਲ ਪੰਥਕ ਰਵਾਇਤਾਂ, ਗੁਰੂ ਗ੍ਰੰਥ ਸਾਹਿਬ ਦੀ ਫ਼ਿਲਾਸਫੀ ਅਤੇ ਗੁਰ-ਮਰਿਆਦਾ ਦੀ ਰੌਸ਼ਨੀ ਵਿੱਚ ਹੀ ਆਪਣੇ ਫ਼ੈਸਲੇ ਕਰਨ।

ਇਹ ਵੀ ਪੜ੍ਹੋ-

(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)