ਕੈਨੇਡਾ ਵਿੱਚ ਤਰਨਤਾਰਨ ਦੇ ਨੌਜਵਾਨ ਦਾ ਕਤਲ: 'ਮੈਂ ਦਰਵਾਜ਼ੇ ਖੜਕਾਏ, ਚੀਕਦਾ ਰਿਹਾ ਪਰ ਸਾਡੀ ਮਦਦ ਲਈ ਕੋਈ ਨਹੀਂ ਆਇਆ'

ਪ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੀ ਮਾਂ

ਤਸਵੀਰ ਸਰੋਤ, family/BBC

ਤਸਵੀਰ ਕੈਪਸ਼ਨ, ਪ੍ਰਿਤਪਾਲ ਅਜੇ 6-7 ਮਹੀਨੇ ਪਹਿਲਾਂ ਹੀ ਕੈਨੇਡਾ ਗਏ ਸਨ

"ਮੈਂ ਗੁਆਂਢੀਆਂ ਦੇ ਦਰਵਾਜ਼ੇ ਖੜਕਾਏ, ਇਲਾਕੇ ਵਿੱਚ ਮੈਂ ਚੀਕ ਰਿਹਾ ਸੀ ਪਰ ਮੇਰੀ ਮਦਦ ਲਈ ਕੋਈ ਨਹੀਂ ਆਇਆ। ਮੈਂ ਉਸ ਵੇਲੇ ਇਕੱਲਾ ਹੀ ਉੱਥੇ ਸੀ ਅਤੇ ਮਜਬੂਰ ਸੀ ਕਿਉਂਕਿ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਕਿਵੇਂ ਆਪਣੇ ਭਰਾ ਨੂੰ ਬਚਾਵਾਂ।"

ਇਹ ਸ਼ਬਦ 30 ਸਾਲਾ ਖੁਸ਼ਵੰਤਪਾਲ ਸਿੰਘ ਦੇ ਹਨ, ਜਿਨ੍ਹਾਂ ਦੇ ਭਰਾ ਦਾ ਕੈਨੇਡਾ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ।

ਪੰਜਾਬ ਦੇ ਤਰਨਤਾਰਨ ਦੇ ਰਹਿਣ ਵਾਲੇ 27 ਸਾਲਾ ਨੌਜਵਾਨ ਪ੍ਰਿਤਪਾਲ ਸਿੰਘ ਦਾ ਕੈਨੇਡਾ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ।

ਪਰਿਵਾਰ ਮੁਤਾਬਕ ਇਹ ਵਾਰਦਾਤ 5 ਦਸੰਬਰ ਨੂੰ ਹੋਈ ਸੀ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਪਿੰਡ ਨੰਦਪੁਰ ਦੇ ਰਹਿਣ ਵਾਲੇ ਦੋ ਭਰਾਵਾਂ ʼਤੇ ਗੋਲੀਆਂ ਚਲਾਈਆਂ ਗਈਆਂ, ਜਿਸ ਵਿੱਚ ਛੇ ਮਹੀਨੇ ਪਹਿਲਾਂ ਕੈਨੇਡਾ ਗਏ ਛੋਟੇ ਭਰਾ ਦੀ ਮੌਤ ਹੋ ਗਈ ਅਤੇ ਵੱਡੇ ਭਰਾ ਨੂੰ ਜਖ਼ਮੀ ਹੋਣ ਕਾਰਨ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ।

ਸੀਬੀਸੀ ਨਿਊਜ਼ ਦੀ ਰਿਪੋਰਟ ਮੁਤਾਬਕ ਪੁਲਿਸ ਦਾ ਕਹਿਣਾ ਹੈ ਕਿ ਇਹ ਟਾਰਗੇਟ ਕਿਲਿੰਗ (ਤੈਅ ਕਰਕੇ ਕੀਤਾ ਗਿਆ ਕਤਲ) ਸੀ ਪਰ ਖੁਸ਼ਵੰਤਪਾਲ ਦਾ ਕਹਿਣਾ ਹੈ ਕਿ ਉਹ ਅਤੇ ਉਨ੍ਹਾਂ ਦਾ ਭਰਾ ਟਾਰਗੇਟ ਨਹੀਂ ਸਨ।

ਸੀਬੀਸੀ ਮੁਤਾਬਕ ਪੀਲ ਰੀਜਨਲ ਪੁਲਿਸ ਦਾ ਕਹਿਣਾ ਹੈ ਕਿ ਉਹ ਮੰਨਦੇ ਹਨ ਕਿ ਗੋਲੀਬਾਰੀ ਗ਼ਲਤ ਪਛਾਣ ਦਾ ਮਾਮਲਾ ਸੀ ਪਰ ਪਹਿਲਾਂ ਇਸ ਨੂੰ ਨਿਸ਼ਾਨਾ ਦੱਸਿਆ ਗਿਆ ਸੀ।

ਬਰੈਂਪਟਨ ਵਿੱਚ ਰਹਿੰਦੇ ਦੋਵੇਂ ਭਰਾ ਖੁਸ਼ਵੰਤਪਾਲ ਸਿੰਘ ਅਤੇ ਪ੍ਰਿਤਪਾਲ ਸਿੰਘ ਕੰਮ ʼਤੇ ਜਾ ਰਹੇ ਸਨ, ਜਿਸ ਵੇਲੇ ਅਚਨਚੇਤ ਉਨ੍ਹਾਂ ਉੱਤੇ ਹਮਲਾ ਹੋ ਗਿਆ।

ਪ੍ਰਿਤਪਾਲ ਦਾ ਘਰ
ਤਸਵੀਰ ਕੈਪਸ਼ਨ, ਦੋਵੇਂ ਭਰਾ ਤਰਨਤਾਰਨ ਦੇ ਪਿੰਡ ਨੰਦਪੁਰ ਦੇ ਰਹਿਣ ਵਾਲੇ ਹਨ

ਖੁਸ਼ਵੰਤਪਾਲ ਨੇ ਦੱਸਿਆ ਕਿ ਉਹ ਅਤੇ ਉਨ੍ਹਾਂ ਦਾ ਭਰਾ ਘਰੋਂ ਬਾਹਰ ਆਪਣੀ ਕਾਰ ਤੋਂ ਬਰਫ਼ ਹਟਾ ਰਹੇ ਸਨ, ਜਿਸ ਵੇਲੇ ਇਹ ਘਟਨਾ ਵਾਪਰੀ।

ਸੁਰੱਖਿਆ ਕੈਮਰੇ ਦੀ ਵੀਡੀਓ ਮੁਤਾਬਕ, ਦੋ ਲੋਕ ਗੱਡੀ ਵਿੱਚ ਆਏ ਅਤੇ ਉਨ੍ਹਾਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।

ਇਸ ਵਾਰਦਾਤ ਵਿੱਚ ਖੁਸ਼ਵੰਤਪਾਲ ਦੀ ਬਾਂਹ ਵਿੱਚ ਗੋਲੀ ਵੱਜੀ ਜਦਕਿ ਉਨ੍ਹਾਂ ਦੇ ਭਰਾ ʼਤੇ ਨੇੜਿਓਂ ਕਈ ਗੋਲੀਆਂ ਚਲਾਈਆਂ ਗਈਆਂ।

ਘਰ ਵਿੱਚ ਛਾਇਆ ਮਾਤਮ
ਤਸਵੀਰ ਕੈਪਸ਼ਨ, ਖ਼ਬਰ ਮਿਲਣ ਮਗਰੋਂ ਉਨ੍ਹਾਂ ਦੇ ਘਰੇ ਲੋਕਾਂ ਦਾ ਆਉਣਾ ਜਾਣਾ ਸ਼ੁਰੂ ਹੋ ਗਿਆ ਹੈ

ਭਰਾ ਨੇ ਸੁਣਾਇਆ ਵਾਰਦਾਤ ਵੇਲੇ ਦਾ ਹਾਲ

ਕੁਝ ਵੇਰਵੇ ਤੁਹਾਨੂੰ ਪਰੇਸ਼ਾਨ ਕਰ ਸਕਦੇ ਹਨ

ਖੁਸ਼ਵੰਤ ਸਿੰਘ ਦੱਸਦੇ ਹਨ ਕਿ ਜਿਵੇਂ ਹੀ ਗੋਲੀ ਚੱਲੀ ਉਹ ਘਰ ਵੱਲ ਭੱਜੇ ਤੇ ਉਨ੍ਹਾਂ ਨੂੰ ਲੱਗਾ ਕਿ ਉਨ੍ਹਾਂ ਦਾ ਭਰਾ ਵੀ ਭੱਜ ਕੇ ਆ ਰਿਹਾ ਹੈ।

ਉਨ੍ਹਾਂ ਕਿਹਾ, "ਮੈਂ ਉੱਥੋਂ ਭੱਜਿਆ, ਮੈਨੂੰ ਲੱਗਾ ਮੇਰਾ ਭਰਾ ਵੀ ਉੱਥੋਂ ਭੱਜ ਗਿਆ ਹੈ। ਮੈਂ ਆਪਣੇ ਪਿੱਛੇ ਗੋਲੀਆਂ ਦੀਆਂ ਚਿੰਗਾੜੀਆਂ ਦੇਖੀਆਂ ਅਤੇ ਮੈਂ ਘਰ ਵੱਲ ਭੱਜਦਾ ਰਿਹਾ। ਮੈਂ ਤਾਂ ਬੰਦੂਕ ਤੱਕ ਵੀ ਨਹੀਂ ਦੇਖੀ।"

ਖੁਸ਼ਵੰਤਪਾਲ ਦੱਸਦੇ ਹਨ ਕਿ ਬਾਅਦ ਵਿੱਚ ਪਤਾ ਲੱਗਾ ਕਿ ਉਹ ਕਾਰ ਦੇ ਪਿੱਛੇ ਲੁਕਣ ਦੀ ਕੋਸ਼ਿਸ਼ ਕਰ ਰਿਹਾ ਸੀ। ਸੁਰੱਖਿਆ ਕੈਮਰੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਜ਼ਮੀਨ ʼਤੇ ਡਿੱਗੇ ਪ੍ਰਿਤਪਾਲ ਕੋਲ ਆ ਕੇ ਬੰਦੂਕਧਾਰੀਆਂ ਨੇ ਕਈ ਗੋਲੀਆਂ ਚਲਾਈਆਂ।

ਗੁਰਵਿੰਦਰ ਕੌਰ
ਤਸਵੀਰ ਕੈਪਸ਼ਨ, ਪ੍ਰਿਤਪਾਲ ਦੀ ਮਾਂ ਗੁਰਵਿੰਦਰ ਕੌਰ ਦਾ ਰੋ-ਰੋ ਕੇ ਬੁਰਾ ਹਾਲ ਹੈ

ਖੁਸ਼ਵੰਤਪਾਲ ਨੇ ਦੱਸਿਆ ਕਿ ਉਨ੍ਹਾਂ ਨੇ ਦੋ ਵਾਰ 911 ʼਤੇ ਕਾਲ ਕੀਤਾ ਪਰ ਉਹ ਬਿਜ਼ੀ ਆ ਰਿਹਾ ਸੀ।

ਉਹ ਦੱਸਦੇ ਹਨ, "ਮੈਂ ਆਪਣੇ ਭਰਾ ਨੂੰ ਜ਼ਮੀਨ ʼਤੇ ਪਿਆ ਦੇਖਿਆ ਅਤੇ ਉਸ ਦੇ ਥੋੜ੍ਹੇ-ਬਹੁਤ ਸਾਹ ਅਜੇ ਚੱਲ ਰਹੇ ਸਨ।"

ਉਹ ਆਪਣੇ ਭਰਾ ਨੂੰ ਖ਼ੁਦ ਹਸਪਤਾਲ ਲੈ ਕੇ ਗਏ ਪਰ ਉਨ੍ਹਾਂ ਨੂੰ ਲੱਗਦਾ ਹੈ ਉਨ੍ਹਾਂ ਦੇ ਭਰਾ ਦੀ ਜਾਨ ਉਨ੍ਹਾਂ ਦੀਆਂ ਬਾਂਹਾਂ ਵਿੱਚ ਹੀ ਨਿਕਲ ਗਈ ਸੀ।

ਉਨ੍ਹਾਂ ਨੇ ਦੱਸਿਆ ਕਿ ਇੱਕ ਗੋਲੀ ਉਸ ਦੀ ਬਾਂਹ ʼਤੇ ਵੱਜੀ ਦੂਜੇ ਪਾਸਿਓਂ ਬਾਹਰ ਨਿਕਲ ਗਈ ਸੀ।

ਉਹ ਦੱਸਦੇ ਹਨ, "ਮੈਂ ਬਸ ਉਸ ਨੂੰ ਬਚਾਉਣਾ ਚਾਹੁੰਦਾ ਸੀ। ਮੈਂ ਹਰ ਉਹ ਹੀਲਾ ਲੱਭ ਰਿਹਾ ਸੀ ਕਿ ਉਸ ਨੂੰ ਬਚਾ ਸਕਾਂ। ਮੈਂ ਉਸ ਨੂੰ ਚੁੱਕਿਆ ਅਤੇ ਆਪਣੀ ਕਾਰ ਵਿੱਚ ਪਾ ਕੇ ਹਸਪਤਾਲ ਲੈ ਆਇਆ। ਮੇਰੀਆਂ ਬਾਂਹਾਂ ਵਿੱਚ ਉਸ ਨੂੰ ਚੁੱਕਣ ਦੀ ਹਿੰਮਤ ਨਹੀਂ ਬਚੀ ਸੀ।"

ਉਨ੍ਹਾਂ ਦੇ ਘਰ ਵਿੱਚ ਮਾਤਾ-ਪਿਤਾ ਹੀ ਰਹਿੰਦੇ ਹਨ
ਤਸਵੀਰ ਕੈਪਸ਼ਨ, ਉਨ੍ਹਾਂ ਦੇ ਘਰ ਵਿੱਚ ਮਾਤਾ-ਪਿਤਾ ਹੀ ਰਹਿੰਦੇ ਹਨ

ਉਹ ਅੱਗੇ ਕਹਿੰਦੇ ਹਨ, "ਇਸ ਤੋਂ ਪਹਿਲਾਂ ਮੈਂ ਗੁਆਂਢੀਆਂ ਦੇ ਦਰਵਾਜ਼ੇ ਖੜਕਾਏ, ਇਲਾਕੇ ਵਿੱਚ ਮੈਂ ਚੀਕਦਾ ਰਿਹਾ ਪਰ ਮੇਰੀ ਮਦਦ ਲਈ ਕੋਈ ਨਹੀਂ ਆਇਆ। ਮੈਂ ਇਸ ਵੇਲੇ ਇਕੱਲਾ ਹੀ ਉੱਥੇ ਸੀ ਅਤੇ ਮਜਬੂਰ ਸੀ ਕਿਉਂਕਿ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਕਿਵੇਂ ਆਪਣੇ ਭਰਾ ਨੂੰ ਬਚਾਵਾਂ।"

ਛੇ ਕੁ ਮਹੀਨੇ ਪਹਿਲਾਂ ਕੈਨੇਡਾ ਗਏ ਪ੍ਰਿਤਪਾਲ ਸਿੰਘ ਨੇ ਹਮਰ ਕਾਲਜ ਵਿੱਚ ਪਲੰਬਿੰਗ ਦਾ ਕੋਰਸ ਸ਼ੁਰੂ ਕੀਤਾ ਸੀ।

ਖੁਸ਼ਵੰਤਪਾਲ ਨੇ ਗੱਲ ਕਰਦਿਆਂ ਕਿਹਾ, "ਅਸੀਂ ਕੁਝ ਵੀ ਗ਼ਲਤ ਨਹੀਂ ਕੀਤਾ। ਮੈਂ ਵੀ ਬੇਕਸੂਰ ਹਾਂ ਅਤੇ ਮੇਰਾ ਭਰਾ ਵੀ ਬੇਕਸੂਰ ਸੀ।"

ਇਧਰ ਪੰਜਾਬ ਵਿੱਚ ਜਿਵੇਂ ਹੀ ਇਸ ਖ਼ਬਰ ਬਾਰੇ ਪਤਾ ਲੱਗਿਆ ਤਾਂ ਘਰ ਵਿੱਚ ਮਾਤਮ ਛਾ ਗਿਆ।

ਮ੍ਰਿਤਕ ਨੌਜਵਾਨ ਦੀ ਮਾਂ ਦਾ ਰੋ-ਰੋ ਬੁਰਾ ਹਾਲ ਹੈ ਅਤੇ ਘਰ ਵਿੱਚ ਸਕੇ-ਸਬੰਧੀਆਂ ਦਾ ਆਉਣਾ ਸ਼ੁਰੂ ਹੋ ਗਿਆ ਹੈ।

ਗੁਰਵਿੰਦਰ ਕੌਰ
ਤਸਵੀਰ ਕੈਪਸ਼ਨ, ਮਾਂ ਦੀ ਅਪੀਲ ਹੈ ਕਿ ਬੱਚੇ ਦੀ ਦੇਹ ਨੂੰ ਪੰਜਾਬ ਲਿਆਂਦਾ ਜਾਵੇ

ਬੀਬੀਸੀ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਦੀ ਰਿਪੋਰਟ ਮੁਤਾਬਕ ਮਾਂ ਗੁਰਵਿੰਦਰ ਕੌਰ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਵੱਡਾ ਬੇਟਾ ਖੁਸ਼ਵੰਤਪਾਲ ਸਿੰਘ ਉੱਥੇ ਪੀਆਰ ਸੀ ਅਤੇ ਛੋਟਾ ਬੇਟਾ ਸਟੱਡੀ ਵੀਜ਼ਾ ʼਤੇ ਗਿਆ।

ਉਨ੍ਹਾਂ ਸਰਕਾਰ ਨੂੰ ਰੋ-ਰੋ ਕੇ ਅਪੀਲ ਕੀਤੀ ਕਿ ਉਨ੍ਹਾਂ ਨੂੰ ਇਨਸਾਫ ਮਿਲੇ ਅਤੇ ਦੋਸ਼ੀਆਂ ਨੂੰ ਸਜ਼ਾ ਮਿਲੇ। ਹੁਣ ਪਰਿਵਾਰ ਵਿੱਚ ਮਾਤਾ-ਪਿਤਾ ਅਤੇ ਇੱਕ ਭਰਾ ਹੀ ਰਹਿ ਗਿਆ ਹੈ।

ਇਸ ਦੇ ਨਾਲ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਬੇਟੇ ਦੀ ਮ੍ਰਿਤਕ ਦੇਹ ਪੰਜਾਬ ਲਿਆਂਦੀ ਜਾਵੇ।

ਸਰਬਜੀਤ ਸਿੰਘ
ਤਸਵੀਰ ਕੈਪਸ਼ਨ, ਸਰਬਜੀਤ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਰਜ਼ਾ ਚੁੱਕੇ ਕੇ ਬੇਟੇ ਕੈਨੇਡਾ ਭੇਜੇ ਸਨ

ਕਰਜ਼ਾ ਚੁੱਕ ਕੇ ਭੇਜਿਆ ਕੈਨੇਡਾ

ਪਿਤਾ ਸਰਬਜੀਤ ਸਿੰਘ ਦੱਸਦੇ ਹਨ ਕਿ ਉਨ੍ਹਾਂ ਦਾ ਵੱਡਾ ਬੇਟਾ 7 ਸਾਲ ਪਹਿਲਾਂ ਕੈਨੇਡਾ ਗਿਆ ਸੀ ਅਤੇ ਛੋਟਾ ਬੇਟਾ ਹੁਣੇ ਕੁਝ ਮਹੀਨੇ ਪਹਿਲਾਂ ਹੀ ਗਿਆ ਸੀ। ਉਹ ਸਟੱਡੀ ਦੇ ਨਾਲ ਕੰਮ ਕਰਦੇ ਸਨ ਅਤੇ ਕੰਮ ʼਤੇ ਹੀ ਚੱਲੇ ਸਨ। ਇਸੇ ਦੌਰਾਨ ਹੀ ਕਿਸੇ ਨੇ ਗੋਲੀਆਂ ਮਾਰ ਦਿੱਤੀਆਂ।

ਉਨ੍ਹਾਂ ਦਾ ਕਹਿਣਾ ਹੈ, "ਸਾਨੂੰ ਨਹੀਂ ਪਤਾ ਕਿ ਕੀ ਹੋਇਆ ਕੀ ਨਹੀਂ। ਸਾਡੇ ਵੱਡੇ ਬੇਟੇ ਨੇ ਸਾਨੂੰ ਅਗਲੇ ਦਿਨ ਦੱਸਿਆ ਅਤੇ ਸਾਡੇ ਘਰ ਮਾਤਮ ਪਸਰ ਗਿਆ।"

"ਸਾਡੀ ਹੁਣ ਪੰਜਾਬ ਸਰਕਾਰ, ਕੇਂਦਰ ਸਰਕਾਰ ਅਤੇ ਕੈਨੇਡਾ ਸਰਕਾਰ ਨੂੰ ਇਹੀ ਬੇਨਤੀ ਹੈ ਕਿ ਸਾਡੇ ਬੇਟੇ ਦੀ ਮ੍ਰਿਤਕ ਦੇਹ ਪੰਜਾਬ ਭੇਜੀ ਜਾਵੇ ਅਤੇ ਉਨ੍ਹਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ।"

"ਅਸੀਂ ਆਪਣੇ ਬੇਟੇ ਪ੍ਰਿਤਪਾਲ ਨੂੰ ਪੈਸੇ ਇਧਰੋ-ਉਧਰੋ ਫੜ ਕੇ, ਕਰਜ਼ਾ ਲੈ ਕੇ ਅਤੇ ਪੈਲ਼ੀ ਵੇਚ ਕੇ ਭੇਜਿਆ ਸੀ।"

ਨਿਰਮਲ ਸਿੰਘ
ਤਸਵੀਰ ਕੈਪਸ਼ਨ, ਨਿਰਮਲ ਸਿੰਘ ਦੱਸਦੇ ਹਨ ਕਿ ਪਰਿਵਾਰ ਬੇਹੱਦ ਮਿਹਨਤੀ ਹੈ

ਉਨ੍ਹਾਂ ਦੇ ਘਰ ਬੈਠੇ ਨਿਰਮਲ ਸਿੰਘ ਦੱਸਦੇ ਹਨ ਕਿ ਉਹ ਉਨ੍ਹਾਂ ਦੇ ਗੁਆਂਢ ਵਿੱਚ ਰਹਿੰਦੇ ਹਨ ਅਤੇ ਮ੍ਰਿਤਕ ਉਨ੍ਹਾਂ ਦਾ ਭਤੀਜਾ ਲੱਗਦਾ ਸੀ।

ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਦੇ ਘਰੋਂ ਅਚਾਨਕ ਰੋਣ-ਕੁਰਲਾਉਣ ਦੀਆਂ ਆਵਾਜ਼ਾਂ ਆਉਣ ਲੱਗੀਆਂ ਤਾਂ ਅਸੀਂ ਫਟਾਫਟ ਭੱਜੇ ਆਏ।

ਇੱਥੇ ਆ ਕੇ ਪਤਾ ਲੱਗਾ ਕਿ ਇਹ ਭਾਣਾ ਵਰਤ ਗਿਆ ਹੈ। ਕੁਦਰਤੀ ਤੌਰ ʼਤੇ ਹਾਲਾਤ ਤਾਂ ਗ਼ਮਗੀਨ ਹੋ ਹੀ ਜਾਂਦਾ ਹੈ।

ਉਹ ਆਖਦੇ ਹਨ, "ਪਰਿਵਾਰ ਬਹੁਤ ਭਲਾ-ਮਾਨਸ ਅਤੇ ਮਿਹਨਤ ਕਰਨ ਵਾਲਾ ਹੈ। ਪਰਿਵਾਰ ਵਿੱਚ ਚਾਰ ਜੀਅ ਸਨ, ਦੋ ਬੇਟੇ ਅਤੇ ਮਾਤਾ-ਪਿਤਾ ਅਤੇ ਦੋਵੇਂ ਬੇਟੇ ਕੈਨੇਡਾ ਚਲੇ ਗਏ ਸਨ।"

"ਮਾਤਾ-ਪਿਤਾ ਮਿਹਨਤ ਕਰ ਕੇ ਪੈਸੇ ਇਕੱਠੇ ਕਰ ਕੇ ਵੱਡੇ ਬੇਟੇ ਨੂੰ ਪਹਿਲਾਂ ਬਾਹਰ ਭੇਜਿਆ ਅਤੇ ਹੁਣ ਜਿਸ ਦੀ ਬੇਟੇ ਮੌਤ ਹੋਈ ਹੈ, ਉਸ ਨੂੰ ਛੇ ਕੁ ਮਹੀਨੇ ਪਹਿਲਾਂ ਹੀ ਕੈਨੇਡਾ ਭੇਜਿਆ ਸੀ।"

ਉਹ ਅੱਗੇ ਆਖਦੇ ਹਨ, "ਇੱਥੋਂ ਬੱਚੇ ਪੜ੍ਹਾਈ ਦੇ ਨਾਲ-ਨਾਲ ਮਿਹਨਤ ਕਰ ਕੇ ਆਪਣੇ ਭਵਿੱਖ ਬਣਾਉਣ ਲਈ ਜਾਂਦੇ ਹਨ ਪਰ ਜਦੋਂ ਅਜਿਹੀਆਂ ਅਣਹੋਣੀਆਂ ਘਟਨਾਵਾਂ ਵਾਪਰਦੀਆਂ ਹਨ ਤਾਂ ਮਾਪਿਆਂ ʼਤੇ ਦੁੱਖਾਂ ਦਾ ਪਹਾੜ ਟੁੱਟ ਕੇ ਪੈ ਜਾਂਦਾ ਹੈ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)