ਇੰਸਟਾਗ੍ਰਾਮ 'ਤੇ ਪਿਆਰ: ਵਿਆਹ ਕਰਵਾਉਣ ਦੁਬਈ ਤੋਂ ਪੰਜਾਬ ਆਇਆ ਲਾੜਾ, ਵਿਆਹ ਵਾਲੇ ਦਿਨ ਨਾ ਪੈਲੇਸ ਲੱਭਿਆ ਨਾ ਲਾੜੀ

ਦੁਬਈ ਤੋਂ ਪੰਜਾਬ ਪਰਤੇ ਨੌਜਵਾਨ ਦਾ ਸੋਸ਼ਲ ਮੀਡੀਆ ਸਾਈਟ ਇੰਸਟਾਗ੍ਰਾਮ ਉੱਤੇ ਕੁੜੀ ਨਾਲ ਸੰਪਰਕ ਹੋਇਆ ਸੀ

ਤਸਵੀਰ ਸਰੋਤ, UGC/SMViral

ਤਸਵੀਰ ਕੈਪਸ਼ਨ, ਦੁਬਈ ਤੋਂ ਪੰਜਾਬ ਪਰਤੇ ਨੌਜਵਾਨ ਦਾ ਸੋਸ਼ਲ ਮੀਡੀਆ ਸਾਈਟ ਇੰਸਟਾਗ੍ਰਾਮ ਉੱਤੇ ਕੁੜੀ ਨਾਲ ਸੰਪਰਕ ਹੋਇਆ ਸੀ
    • ਲੇਖਕ, ਹਰਮਨਦੀਪ ਸਿੰਘ
    • ਰੋਲ, ਬੀਬੀਸੀ ਪੱਤਰਕਾਰ

ਜਲੰਧਰ ਦੇ ਇੱਕ 28 ਸਾਲਾ ਨੌਜਵਾਨ ਨੂੰ ਸੋਸ਼ਲ ਮੀਡੀਆ ਸਾਈਟ ਇੰਸਟਾਗ੍ਰਾਮ ਉੱਤੇ ਮੁਹੱਬਤ ਕਰਨੀ ਭਾਰੀ ਪੈ ਗਈ। ਨੌਜਵਾਨ ਮੁਤਾਬਕ ਉਸਨੂੰ ਮੁਹੱਬਤ ਵਿੱਚ ਧੋਖੇ ਦਾ ਅਹਿਸਾਸ ਉਸ ਦਿਨ ਹੋਇਆ ਜਦੋਂ ਵਿਆਹ ਵਾਲੇ ਦਿਨ ਲਾੜੀ ਹੀ ਨਹੀਂ ਲੱਭੀ।

ਵਿਆਹ ਵਾਲੇ ਦਿਨ ਲਾੜੇ ਨੂੰ ਆਪਣੀ ਫੁੱਲਾਂ ਵਾਲੀ ਸਜੀ ਸਜਾਈ ਕਾਰ ਨਾਲ ਬਰਾਤ ਸਮੇਤ ਖਾਲੀ ਹੱਥ ਵਾਪਸ ਘਰ ਪਰਤਣਾ ਪਿਆ।

ਦਰਅਸਲ 6 ਦਸੰਬਰ ਨੂੰ ਲਾੜਾ ਤਿਆਰ ਹੋ ਕੇ, ਸਿਹਰਾ ਬੰਨ੍ਹ ਕੇ, ਬਰਾਤ ਲੈ ਕੈ ਮੋਗਾ ਪਹੁੰਚਿਆ ਸੀ, ਜਿੱਥੇ ਉਸ ਨੂੰ ਲਾੜੀ ਤਾਂ ਦੂਰ ਦੀ ਗੱਲ ਵਿਆਹ ਲਈ ਦੱਸਿਆ ਗਿਆ ਪੈਲੇਸ ਵੀ ਨਹੀਂ ਲੱਭਿਆ।

ਸਿੱਟੇ ਵਜੋਂ ਪਿਛਲੇ ਤਿੰਨ ਸਾਲਾਂ ਤੋਂ ਦੀਪਕ ਜਿਸ ਦਿਨ ਦੀ ਉਡੀਕ ਕਰ ਰਿਹਾ ਸੀ, ਉਸ ਦਿਨ ਹੀ ਸੁਪਨਾ ਟੁੱਟ ਗਿਆ। ਇਸ ਮੌਕੇ ਹੀ ਲਾੜੇ ਨੂੰ ਅਹਿਸਾਸ ਹੋਇਆ ਕਿ ਉਸ ਨਾਲ ਭਾਵਨਾਤਮਕ ਹੀ ਨਹੀਂ ਸਗੋਂ ਕਥਿਤ ਵਿੱਤੀ ਠੱਗੀ ਵੱਜ ਚੁੱਕੀ ਹੈ।

ਜਲੰਧਰ ਜ਼ਿਲ੍ਹੇ ਦੀ ਤਹਿਸੀਲ ਨਕੋਦਰ ਵਿੱਚ ਪੈਂਦੇ ਪਿੰਡ ਮੜਿਆਲਾ ਦੇ ਵਸਨੀਕ ਦੀਪਕ ਮੁਤਾਬਕ ਉਹ ਵਿਆਹ ਲਈ ਮੁਕੱਰਰ ਹੋਈ ਤਾਰੀਖ਼ ਨੂੰ ਸਾਰਾ ਦਿਨ ਲਾੜੀ ਦਾ ਇੰਤਜ਼ਾਰ ਕਰਦਾ ਰਿਹਾ।

ਉਸ ਦਿਨ ਉਸਨੇ ਲਾੜੀ ਨੂੰ ਫ਼ੋਨ ਜ਼ਰੀਏ ਸੰਪਰਕ ਕਰਨ ਦੀ ਕਈ ਵਾਰੀ ਕੋਸ਼ਿਸ਼ ਕੀਤੀ। ਪਹਿਲਾ ਤਾਂ ਲਾੜੀ ਨੇ ਫ਼ੋਨ ਦਾ ਕੋਈ ਜਵਾਬ ਨਹੀਂ ਦਿੱਤਾ ਅਤੇ ਬਾਅਦ ਵਿੱਚ ਫੋਨ ਸਵਿੱਚ ਆਫ਼ ਕਰ ਲਿਆ।

ਦੀਪਕ ਦੇ ਦਾਅਵੇ ਮੁਤਾਬਕ ਲਾੜੀ ਦਾ ਨਾਮ ਮਨਪ੍ਰੀਤ ਕੌਰ ਹੈ ਅਤੇ ਪੇਸ਼ੇ ਵਜੋਂ ਉਸ ਨੇ ਆਪਣੇ-ਆਪ ਨੂੰ ਵਕੀਲ ਦੱਸਿਆ ਸੀ।

ਦੀਪਕ ਪਿਛਲੇ ਸੱਤ ਸਾਲਾਂ ਤੋਂ ਦੁਬਈ ਰਹਿ ਰਹੇ ਸਨ ਅਤੇ ਵਿਆਹ ਤੋਂ ਕੁਝ ਦਿਨ ਪਹਿਲਾਂ ਹੀ ਪੰਜਾਬ ਆਏ ਸਨ।

ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਵਿਆਹ ਵਾਲੇ ਦਿਨ ਕੀ-ਕੀ ਵਾਪਰਿਆ

ਦੀਪਕ ਦਾ ਦਾਅਵਾ ਹੈ ਕਿ ਉਸ ਦੀ ਪ੍ਰੇਮਿਕਾ ਨੇ ਕਿਹਾ ਸੀ ਕਿ ਵਿਆਹ ਵਾਸਤੇ ਰੋਜ਼ ਗਾਰਡਨ ਨਾਮ ਦਾ ਪੈਲੇਸ ਬੁੱਕ ਕੀਤਾ ਹੈ।

ਵਿਆਹ ਵਾਲੇ ਦਿਨ ਦੀਪਕ ਸੱਜ ਧੱਜ ਕੇ ਅਤੇ ਕਾਰਾਂ ਨੂੰ ਸ਼ਿੰਗਾਰ ਕੇ ਤਕਰੀਬਨ 100 ਬਰਾਤੀਆਂ ਨਾਲ ਮੋਗਾ ਪਹੁੰਚੇ ਸਨ।

ਦੀਪਕ ਨੇ ਦੱਸਿਆ ਉਨ੍ਹਾਂ ਦੀ ਲਾੜੀ ਨੇ ਕਿਹਾ ਸੀ ਕਿ ਜਦੋਂ ਉਹ ਮੋਗਾ ਪਹੁੰਚ ਜਾਣਗੇ ਤਾਂ ਉਹ ਭੇਜੀ ਲੋਕੇਸ਼ਨ 'ਤੇ ਪਹੁੰਚ ਜਾਣ।

ਉਹ ਅੱਗੇ ਦੱਸਦੇ ਹਨ ਕਿ, "ਅਸੀ ਜਦੋਂ ਲੋਕੇਸ਼ਨ ਉੱਤੇ ਪਹੁੰਚੇ,ਉੱਥੇ ਨਾ ਤਾਂ ਕੋਈ ਪੈਲਸ ਸੀ, ਨਾ ਹੀ ਲਾੜੀ ਸੀ ਅਤੇ ਨਾ ਹੀ ਲਾੜੀ ਦੇ ਪਰਿਵਾਰ 'ਚੋਂ ਕੋਈ ਮੈਂਬਰ ਉੱਥੇ ਮੌਜੂਦ ਸੀ। ਇਸ ਮਗਰੋਂ ਅਸੀਂ ਮੌਕੇ ਉੱਤੇ ਪੁਲਿਸ ਨੂੰ ਬੁਲਾਇਆ।"

ਦੀਪਕ ਨੇ ਕਿਹਾ, "ਮੋਗਾ ਪਹੁੰਚਣ ਮਗਰੋਂ ਮੈਂ ਆਪਣੀ ਪ੍ਰੇਮਿਕਾ ਨੂੰ ਫੋਨ ਕੀਤਾ। ਪਹਿਲਾਂ ਉਸਨੇ ਫੋਨ ਕੱਟ ਦਿੱਤਾ ਅਤੇ ਬਾਅਦ ਵਿੱਚ ਆਪਣਾ ਫੋਨ ਬੰਦ ਕਰ ਲਿਆ।”

“5 ਦਸੰਬਰ ਤੱਕ ਸਾਡੀ ਵਧੀਆ ਗੱਲਬਾਤ ਹੁੰਦੀ ਰਹੀ। ਪਿਛਲੇ ਤਿੰਨ ਸਾਲਾਂ ਦੌਰਾਨ ਵੀ ਸਾਡੀ ਗੱਲਬਾਤ ਲਗਾਤਾਰ ਸਾਰਾ ਦਿਨ ਹੁੰਦੀ ਰਹਿੰਦੀ ਸੀ ਅਤੇ ਕਦੀ ਵੀ ਕੋਈ ਸਮੱਸਿਆ ਨਹੀਂ ਆਈ ਸੀ। ਨਾ ਹੀ ਮੈਨੂੰ ਕਦੀ ਕੋਈ ਸ਼ੱਕ ਹੋਇਆ ਸੀ ਕਿ ਮੈਨੂੰ ਅਜਿਹਾ ਧੋਖਾ ਮਿਲੇਗਾ।"

ਦੀਪਕ ਮੁਤਾਬਕ ਉਹ ਵਿਆਹ ਵਾਲੇ ਦਿਨ 100 ਬੰਦਿਆਂ ਸਮੇਤ ਮੋਗਾ ਪਹੁੰਚ ਗਿਆ ਸੀ

ਤਸਵੀਰ ਸਰੋਤ, UGC/SMViral

ਤਸਵੀਰ ਕੈਪਸ਼ਨ, ਦੀਪਕ ਮੁਤਾਬਕ ਉਹ ਵਿਆਹ ਵਾਲੇ ਦਿਨ 100 ਬਰਾਤੀਆਂ ਸਣੇ ਮੋਗਾ ਪਹੁੰਚੇ ਸਨ

ਰਿਸ਼ਤੇ ਦੀ ਸ਼ੁਰੂਆਤ ਕਿਵੇਂ ਹੋਈ ?

ਦੀਪਕ ਮੁਤਾਬਕ ਮੋਗਾ ਜ਼ਿਲ੍ਹੇ ਦੀ ਰਹਿਣ ਵਾਲੀ ਮਨਪ੍ਰੀਤ ਕੌਰ ਨਾਲ ਉਨ੍ਹਾਂ ਦੇ ਰਿਸ਼ਦੇ ਦੀ ਸ਼ੁਰੂਆਤ ਆਨਲਾਈਨ ਹੋਈ ਸੀ।

ਦੋਵਾਂ ਦਾ ਪਹਿਲੀ ਵਾਰੀ ਸੰਪਰਕ ਇੰਸਟਾਗ੍ਰਾਮ ਉੱਤੇ ਹੋਇਆ ਸੀ, ਜਦੋਂ ਮਨਪ੍ਰੀਤ ਕੌਰ ਨੇ ਦੀਪਕ ਨੂੰ ਫ਼ੋਲੋ ਕੀਤਾ ਸੀ।

ਇਸ ਮਗਰੋਂ ਦੋਵਾਂ ਵਿੱਚ ਇੰਸਟਾਗ੍ਰਾਮ ਉੱਤੇ ਗੱਲਬਾਤ ਸ਼ੁਰੂ ਹੋਈ ਅਤੇ ਬਾਅਦ ਵਿੱਚ ਉਨ੍ਹਾਂ ਨੇ ਆਪਣੇ ਫੋਨ ਨੰਬਰ ਇੱਕ - ਦੂਜੇ ਨਾਲ ਸਾਂਝੇ ਕਰ ਲਏ।

ਦੀਪਕ ਤੇ ਮਨਪ੍ਰੀਤ ਦਰਮਿਆਨ ਘੰਟਿਆਂ ਬੱਧੀ ਫ਼ੋਨ ਉੱਤੇ ਗੱਲ ਚੱਲਦੀ।ਇਸ ਦੌਰਾਨ ਦੋਵਾਂ ਦੀ ਦੋਸਤੀ ਹੌਲੀ-ਹੌਲੀ ਮੁਹੱਬਤ ਵਿੱਚ ਬਦਲ ਗਈ।

ਇਸ ਸਮੇਂ ਦੀਪਕ ਦੁਬਈ ਰਹਿੰਦੇ ਸਨ, ਜਿੱਥੇ ਉਹ ਨਿਰਮਾਣ ਮਜ਼ਦੂਰ ਵਜੋਂ ਕੰਮ ਕਰਦੇ ਸਨ।

ਰਿਸ਼ਤਾ ਕਿੰਨਾ ਸਮਾਂ ਚੱਲਿਆ?

ਦੀਪਕ ਮੁਤਾਬਕ ਦੋਵਾਂ ਦਰਮਿਆਨ ਗੱਲਬਾਤ ਦਾ ਸਿਲਸਿਲਾ ਤਿੰਨ ਸਾਲ ਚੱਲਿਆ, ਜੋ ਵਿਆਹ ਵਾਲੇ ਦਿਨ, 6 ਦਸੰਬਰ ਨੂੰ ਖ਼ਤਮ ਹੋਇਆ ਸੀ।

ਦੀਪਕ ਮੁਤਾਬਕ ਇਸ ਸਮੇਂ ਦੌਰਾਨ ਉਹ ਉਸਦੇ ਪਰਿਵਾਰ ਨਾਲ ਫੋਨ ਜ਼ਰੀਏ ਲਗਾਤਾਰ ਗੱਲਬਾਤ ਕਰਦੀ ਰਹੀ,ਪਰ ਦੋਵਾਂ ਦੀ ਇੱਕ ਵਾਰ ਵੀ ਆਹਮਣੇ-ਸਾਹਮਣੇ ਮੁਲਾਕਾਤ ਨਹੀਂ ਹੋਈ।

ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਕੁੜੀ ਦੇ ਪਰਿਵਾਰ ਵਾਲੇ ਵੀ ਦੀਪਕ ਅਤੇ ਉਸਦੇ ਪਰਿਵਾਰ ਨਾਲ ਗੱਲਬਾਤ ਕਰਦੇ ਰਹਿੰਦੇ ਸੀ। ਦੋਵਾਂ ਦਾ ਰਿਸ਼ਤਾ ਸਿਰਫ਼ ਇੰਸਟਾਗ੍ਰਾਮ ਅਤੇ ਫ਼ੋਨ ਜ਼ਰੀਏ ਸੀ।

ਇੱਥੋਂ ਤੱਕ ਕੇ ਵਿਆਹ ਤੈਅ ਹੋਣ ਮਗਰੋਂ ਵੀ ਦੋਵੇਂ ਪਰਿਵਾਰ ਆਪਸ ਵਿੱਚ ਨਹੀਂ ਮਿਲੇ ਸਨ।

"ਮੈਂ ਹੁਣ ਤੱਕ ਮਨਪ੍ਰੀਤ ਨੂੰ ਨਹੀਂ ਮਿਲ ਸਕਿਆ ਕਿਉਂਕਿ ਮੈਂ ਦੁਬਈ ਵਿੱਚ ਸੀ। ਹੁਣ ਵੀ ਜਦੋਂ ਮੈਂ ਪੰਜਾਬ ਪਰਤਿਆਂ ਹਾਂ ਤਾਂ ਦੋਵਾਂ ਪਰਿਵਾਰਾਂ ਦੀ ਆਪਸ ਵਿੱਚ ਕੋਈ ਮੁਲਾਕਾਤ ਨਹੀਂ ਹੋ ਸਕੀ ਸੀ।”

ਦੀਪਕ ਨੇ ਕਿਹਾ "ਆਪਸੀ ਗੱਲਬਾਤ ਦੌਰਾਨ ਅਸੀਂ ਦੋ ਦਸੰਬਰ ਨੂੰ ਵਿਆਹ ਦੀ ਤਾਰੀਕ ਪੱਕੀ ਕੀਤੀ ਸੀ ਪਰ ਉਸ ਤੋਂ ਕੁਝ ਦਿਨ ਪਹਿਲਾਂ ਹੀ ਮਨਪ੍ਰੀਤ ਕੌਰ ਨੇ ਮੈਨੂੰ ਕਿਹਾ ਕਿ ਮੇਰੇ ਪਿਤਾ ਦੀ ਸਿਹਤ ਵਿਗੜ ਗਈ ਹੈ। ਆਪਾਂ ਵਿਆਹ ਦੀ ਤਰੀਕ ਬਦਲ ਲੈਂਦੇ ਹਾਂ।”

“ਇਸ ਤੋਂ ਮਗਰੋਂ ਅਸੀਂ ਛੇ ਦਸੰਬਰ ਨੂੰ ਵਿਆਹ ਦੇ ਬੰਧਨ ਵਿੱਚ ਬੱਝਣ ਲਈ ਸਿਹਮਤ ਹੋਏ।"

ਪੈਸੇ ਦੇ ਲੈਣ ਦੇਣ ਦੇ ਇਲਜ਼ਾਮ

ਦੀਪਕ ਨੇ ਕਿਹਾ ਕਿ ਪਿਛਲੇ ਤਿੰਨ ਸਾਲਾਂ ਦੇ ਰਿਸ਼ਤੇ ਦੌਰਾਨ ਮਨਪ੍ਰੀਤ ਕੌਰ ਕਈ ਬਹਾਨੇ ਲਗਾ ਕੇ 50 ਤੋਂ 60 ਹਜ਼ਾਰ ਰੁਪਏ ਤੱਕ ਲੈ ਚੁੱਕੀ ਹੈ।

ਦੀਪਕ ਨੇ ਦੱਸਿਆ ਕਿ ਰਿਸ਼ਤੇ ਦੀ ਸ਼ੁਰੂਆਤ ਦੇ ਛੇ ਮਹੀਨੇ ਬਾਅਦ ਹੀ ਮਨਪ੍ਰੀਤ ਕੌਰ ਨੇ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ ਸਨ।

ਦਾਅਵੇ ਮੁਤਾਬਕ ਉਸ ਨੇ ਕਈ ਵਾਰੀ ਘਰ ਦੇ ਕੰਮ, ਪਰਿਵਾਰ ਦੇ ਮੈਬਰਾਂ ਦੇ ਬਿਮਾਰ ਹੋਣ ਜਾਂ ਹੋਰ ਪਰਿਵਾਰਕ ਜ਼ਿੰਮੇਵਾਰੀਆਂ ਦਾ ਬਹਾਨੇ ਲਾ ਕੇ ਦੀਪਕ ਤੋਂ ਪੈਸੇ ਲਏ ਸਨ।

ਉਸਨੇ ਕਿਹਾ "ਮੈਂ ਇਹ ਪੈਸੇ ਮਨਪ੍ਰੀਤ ਨੂੰ ਵੈਸਟਨ ਯੂਨੀਅਨ ਰਾਹੀਂ ਭੇਜੇ ਸਨ। ਇਹ ਸਾਰੀ ਰਕਮ ਮੈਂ ਮਨਪ੍ਰੀਤ ਕੌਰ ਨੂੰ ਇੱਕੋ ਵਾਰੀ ਨਹੀਂ ਸਗੋਂ ਇਨ੍ਹਾਂ ਤਿੰਨ ਸਾਲਾਂ ਵਿੱਚ ਵੱਖ-ਵੱਖ ਸਮੇਂ ਦੌਰਾਨ ਦਿੱਤੀ ਸੀ।"

ਦੀਪਕ ਨੇ ਇਲਜ਼ਾਮ ਲਾਇਆ, "ਮੈਨੂੰ ਹੁਣ ਅਹਿਸਾਸ ਹੁੰਦਾ ਹੈ ਕਿ ਇਹ ਮੁਹੱਬਤ ਸਿਰਫ ਠੱਗੀ ਦੇ ਮਕਸਦ ਨਾਲ ਸ਼ੁਰੂ ਕੀਤੀ ਗਈ ਸੀ। ਉਨਾਂ ਦਾ ਮਕਸਦ ਸਿਰਫ ਠੱਗੀ ਮਾਰਨਾ ਸੀ ਅਤੇ ਇਹ ਪੂਰਾ ਵੀ ਹੋ ਗਿਆ।"

 ਲਾੜੇ ਦਾ ਇਲਜ਼ਾਮ ਹੈ ਕਿ ਨੇ ਉਸ ਨੇ ਕੁੜੀ ਨੂੰ ਤਿੰਨ ਸਾਲਾਂ ਵਿੱਚ 50 ਹਜ਼ਾਰ ਤੋਂ ਵੱਧ ਪੈਸੇ ਵੀ ਦਿੱਤੇ

ਤਸਵੀਰ ਸਰੋਤ, UGC/SMViral

ਤਸਵੀਰ ਕੈਪਸ਼ਨ, ਲਾੜੇ ਦਾ ਇਲਜ਼ਾਮ ਹੈ ਕਿ ਨੇ ਉਸ ਨੇ ਕੁੜੀ ਨੂੰ ਤਿੰਨ ਸਾਲਾਂ ਵਿੱਚ 50 ਹਜ਼ਾਰ ਤੋਂ ਵੱਧ ਪੈਸੇ ਵੀ ਦਿੱਤੇ

ਹੁਣ ਤੱਕ ਕੀ ਕਾਨੂੰਨੀ ਕਾਰਵਾਈ ਹੋਈ

ਦੀਪਕ ਨੇ ਖ਼ੁਦ ਨੂੰ ਠੱਗਿਆ ਮਹਿਸੂਸ ਕਰਨ ਬਾਅਦ ਇਸ ਸਬੰਧੀ ਜਲੰਧਰ ਦਿਹਾਤੀ ਪੁਲਿਸ ਅਧੀਨ ਆਉਂਦੇ ਥਾਣੇ ਵਿੱਚ ਮਹਿਤਪੁਰ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ।

ਸ਼ਿਕਾਇਤ ਮੁਤਾਬਕ ਉਸਨੇ ਇਲਜ਼ਾਮ ਲਾਏ ਹਨ ਕਿ ਮਨਪ੍ਰੀਤ ਕੌਰ ਨੇ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਉਸ ਨਾਲ ਪੈਸਿਆਂ ਦੀ ਠੱਗੀ ਮਾਰੀ ਹੈ, ਉਸਨੂੰ ਅਤੇ ਉਸਦੇ ਪਰਿਵਾਰ ਨੂੰ ਪਰੇਸ਼ਾਨ ਕੀਤਾ ਅਤੇ ਪਰਿਵਾਰ ਦੇ ਮਾਨ ਸਨਮਾਨ ਨੂੰ ਠੇਸ ਪਹੁੰਚਾਈ ਹੈ।

ਮਹਿਤਪੁਰ ਥਾਣੇ ਦੇ ਮੁਖੀ ਇੰਸਪੈਕਟਰ ਸੁਖਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲ ਗਈ ਹੈ।

ਉਨ੍ਹਾਂ ਕਿਹਾ, "ਅਸੀਂ ਸ਼ਿਕਾਇਤ ਉੱਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸਾਰੇ ਤੱਥਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਜਾਂਚ ਵਿੱਚ ਜੋ ਸਾਹਮਣੇ ਆਏਗਾ, ਕਾਨੂੰਨ ਮੁਤਾਬਕ ਉਸ ਉੱਤੇ ਕਾਰਵਾਈ ਕੀਤੀ ਜਾਵੇਗੀ।"

ਇਹ ਵੀ ਪੜ੍ਹੋ:-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)