'ਇਮਰਾਨ ਖ਼ਾਨ, ਬੁਸ਼ਰਾ ਬੀਬੀ ਨੂੰ ਪੀਰ ਮੰਨਦੇ ਹਨ ਤੇ ਅੱਗੇ ਜਾ ਕੇ ਉਨ੍ਹਾਂ ਆਪਣਾ ਪੀਰ ਬਦਲ ਲਿਆ ਤਾਂ ਤੁਸੀਂ ਵੀ ਬਦਲ ਲੈਣਾ': ਮੁਹੰਮਦ ਹਨੀਫ਼

ਤਸਵੀਰ ਸਰੋਤ, Getty Images
- ਲੇਖਕ, ਮੁਹੰਮਦ ਹਨੀਫ਼
- ਰੋਲ, ਸੀਨੀਅਰ ਪੱਤਰਕਾਰ ਅਤੇ ਲੇਖਕ
ਔਰਤ 'ਤੇ ਇਲਜ਼ਾਮ ਲਗਾਉਣਾ ਦੁਨੀਆ ਦਾ ਸਭ ਤੋਂ ਸੌਖਾ ਕੰਮ ਹੈ। ਹਰ ਔਰਤ 'ਤੇ ਕੋਈ ਨਾ ਕੋਈ ਇਲਜ਼ਾਮ ਲੱਗਦਾ ਹੀ ਰਹਿੰਦਾ ਹੈ। ਜੇ ਉਹ ਘਰ ਵੀ ਬੈਠੀ ਹੋਵੇ ਤਾਂ ਵੀ ਓਲਾਹਮਾ ਆ ਜਾਂਦਾ ਹੈ ਤੇ ਜੇਕਰ ਘਰੋਂ ਬਾਹਰ ਟੁਰ ਪਵੇ ਤਾਂ ਜਿੰਨੇ ਮੂੰਹ ਤੇ ਓਨੀਆਂ ਗੱਲਾਂ।
ਇਮਰਾਨ ਖ਼ਾਨ ਸਾਹਿਬ ਦੀ ਬੇਗ਼ਮ ਬੁਸ਼ਰਾ ਬੀਬੀ 'ਤੇ ਹਰ ਤਰ੍ਹਾਂ ਦਾ ਇਲਜ਼ਾਮ ਪਹਿਲਾਂ ਹੀ ਲੱਗ ਚੁੱਕਿਆ ਹੈ।
ਲੋਕ ਕਹਿੰਦੇ ਸਨ ਕਿ ਆਪਣੇ ਖਾਂਵਦ ਨੂੰ ਛੱਡ ਕੇ ਇਮਰਾਨ ਖ਼ਾਨ ਨਾਲ ਉਦਰ ਗਈ ਹੈ, ਇਸ ਨੇ ਬੱਚਿਆਂ ਦਾ ਵੀ ਨਹੀਂ ਸੋਚਿਆ। ਫਿਰ ਇਹ ਕਿ ਇਸ ਨੇ ਨਿਕਾਹ 'ਚ ਬਹੁਤ ਹੀ ਕਾਹਲੀ ਕੀਤੀ ਹੈ ਤੇ ਉਹ ਕੇਸ ਤਾਂ ਕੋਰਟ 'ਚ ਵੀ ਚੱਲਿਆ ਹੈ।

ਉਸ ਤੋਂ ਬਾਅਦ ਇਹ ਵੀ ਇਲਜ਼ਾਮ ਲੱਗਦਾ ਰਿਹਾ ਹੈ ਕਿ ਇਸ ਨੂੰ ਹੀਰਿਆਂ-ਸ਼ੀਰਿਆਂ ਦਾ ਬਹੁਤ ਸ਼ੌਂਕ ਹੈ ਅਤੇ ਰਿਸ਼ਵਤਾਂ ਵੀ ਖਾਂਦੀ ਹੈ।
ਹੁਣ ਜਿਹੜਾ ਨਵਾਂ ਇਲਜ਼ਾਮ ਲੱਗਿਆ ਹੈ, ਉਹ ਕਿਤੇ ਬਾਹਰੋਂ ਨਹੀਂ ਆਇਆ ਹੈ, ਪੀਟੀਆਈ ਵਾਲਿਆਂ ਨੇ ਆਪ ਲਗਾਇਆ ਹੈ।
ਉਹ ਕਹਿੰਦੇ ਹਨ ਕਿ ਬੁਸ਼ਰਾ ਬੀਬੀ ਸਾਡੀ ਪਾਰਟੀ 'ਤੇ ਕਬਜ਼ਾ ਕਰਨ ਦੇ ਚੱਕਰ 'ਚ ਹੈ। ਇਸ ਨੂੰ ਹੁਣ ਲੀਡਰ ਬਣਨ ਦਾ ਸ਼ੌਂਕ ਬਣ ਗਿਆ ਹੈ।
ਇਮਰਾਨ ਖ਼ਾਨ ਨੂੰ ਛਡਾਉਣ ਦਾ ਮਿਸ਼ਨ ਸੀ। ਮਾਰਚ ਸ਼ੁਰੂ ਹੋਇਆ ਅਤੇ ਬੁਸ਼ਰਾ ਬੀਬੀ ਅੱਗੇ ਆਣ ਖਲੋਤੀ।
ਉਸ ਨੇ ਪੀਟੀਆਈ ਵਾਲਿਆਂ ਨੂੰ ਗ਼ੈਰਤ-ਬਗੈਰਤੀ ਦੇ ਮਹਿਣੇ ਮਾਰੇ। ਚੰਗੀ ਭਲੀ ਖ਼ਲਕਤ ਲੈ ਕੇ ਇਸਲਾਮਾਬਾਦ ਵਿੱਚ ਜਾ ਵੜ੍ਹੀ। ਜਦੋਂ ਬੰਦੂਕਾਂ ਸਿੱਧੀਆਂ ਹੋਈਆਂ ਤਾਂ ਸਾਰੇ ਨੱਸ ਗਏ। ਆਖ਼ਰ ਬੁਸ਼ਰਾ ਬੀਬੀ ਨੂੰ ਵੀ ਘਰ ਵਾਪਸ ਜਾਣਾ ਪਿਆ।
ਬੁਸ਼ਰਾ ਬੀਬੀ ਕਾਲਾ ਜਾਦੂ ਕਰਦੀ ਹੈ
ਹੁਣ ਪੀਟੀਆਈ ਵਾਲੇ ਆਖਦੇ ਹਨ ਕਿ ਬੁਸ਼ਰਾ ਬੀਬੀ ਨੇ ਆਪਣੇ ਲੀਡਰੀ ਦੇ ਸ਼ੌਂਕ 'ਚ ਸਾਨੂੰ ਮਰਵਾ ਛੱਡਿਆ।
ਬੁਸ਼ਰਾ ਬੀਬੀ ਫੁਰਮਾਉਂਦੇ ਹਨ ਕਿ ਮੈਂ ਆਖ਼ਰ 'ਚ ਇਸਲਾਮਾਬਾਦ 'ਚ ਕੱਲੀ ਖਲੋਤੀ ਸੀ, ਬਾਕੀ ਇਹ ਸਾਰੇ ਵੱਡੇ ਬਗ਼ੈਰਤ ਵਾਲੇ ਮੈਨੂੰ ਕੱਲ੍ਹਿਆਂ ਛੱਡ ਕੇ ਨੱਸ ਗਏ ਸਨ। ਪੀਟੀਆਈ ਦੇ ਗ਼ੈਰਤਮੰਦ ਆਖਦੇ ਹਨ ਕਿ ਇਹ ਜਨਾਨੀ ਸਾਡੀ ਪਾਰਟੀ ਦਾ ਭੱਠਾ ਬਾਹੇਗੀ।
ਲੇਕਿਨ ਬੁਸ਼ਰਾ ਬੀਬੀ 'ਤੇ ਇੱਕ ਇਲਜ਼ਾਮ ਅਜਿਹਾ ਵੀ ਹੈ, ਜਿਹੜਾ ਕਿ ਪੰਜ ਸੱਤ ਸੌ ਸਾਲ ਪਹਿਲਾਂ ਔਰਤਾਂ 'ਤੇ ਲੱਗਦਾ ਹੁੰਦਾ ਸੀ। ਅੱਜ ਕੱਲ੍ਹ ਘੱਟ-ਵਧ ਹੀ ਲੱਗਦਾ ਹੈ।
ਉਹ ਇਲਜ਼ਾਮ ਇਹ ਹੈ ਕਿ ਬੁਸ਼ਰਾ ਬੀਬੀ ਕਾਲਾ ਜਾਦੂ ਕਰਦੀ ਹੈ ਜਾਂ ਤਾਂ ਇਸ ਦੇ ਕਬਜ਼ੇ 'ਚ ਜਿੰਨ ਹਨ ਜਾਂ ਫਿਰ ਇਹ ਲੋਕਾਂ ਨੂੰ ਝੂਠ ਮਾਰਦੀ ਹੈ ਕਿ ਮੇਰੇ ਕਬਜ਼ੇ 'ਚ ਜਿੰਨ-ਭੂਤ ਹਨ।
ਦੁਸ਼ਮਣ ਕਹੀ ਜਾਂਦੇ ਹਨ ਕਿ ਇਹ ਔਰਤ ਜਾਦੂਗਰਨੀ ਹੈ। ਪੰਜ-ਸੱਤ ਸੌ ਸਾਲ ਪਹਿਲਾਂ ਜਦੋਂ ਕਿਸੇ ਔਰਤ 'ਤੇ ਜਾਦੂਗਰਨੀ ਵਾਲਾ ਇਲਜ਼ਾਮ ਲੱਗਦਾ ਸੀ ਤਾਂ ਉਸ ਦਾ ਇੱਕ ਤਰੀਕਾ ਇਹ ਹੁੰਦਾ ਸੀ ਕਿ ਉਸ ਦੇ ਹੱਥ ਪੈਰ ਬੰਨ੍ਹ ਕੇ ਦਰਿਆ ਵਿੱਚ ਸੁੱਟ ਦਿੰਦੇ ਸਨ।

ਤਸਵੀਰ ਸਰੋਤ, Getty Images
ਜੇ ਉਹ ਮਰ ਜਾਵੇ ਤਾਂ ਬੇਕਸੂਰ ਪਰ ਜੇਕਰ ਤੈਰਦੀ ਰਹੇ ਤੇ ਬੱਚ ਜਾਵੇ ਤਾਂ ਪੱਕੀ ਜਾਦੂਗਰਨੀ। ਫਿਰ ਉਸ ਨੂੰ ਫਾਹੇ ਲਗਾ ਦਿਓ ਜਾਂ ਅੱਗ 'ਚ ਸਾੜ ਕੇ ਸੁਆਹ ਕਰ ਦਿਓ।
ਹੁਣ ਬੁਸ਼ਰਾ ਬੀਬੀ ਫਰਮਾਉਂਦੇ ਹਨ ਕਿ ਉਨ੍ਹਾਂ ਦੇ ਖਾਂਵਦ ਨੇ ਹੁਕਮ ਦਿੱਤਾ ਸੀ ਕਿ ਤੂੰ ਇਸਲਾਮਾਬਾਦ ਪਹੁੰਚ ਤੇ ਮੈਂ ਅੱਪੜ ਗਈ ਤੇ ਬਾਕੀ ਸਾਰੇ ਕਿੱਥੇ ਮਰ ਗਏ ਸਨ।
ਬੁਸ਼ਰਾ ਬੀਬੀ ਇੱਕ ਰੂਹਾਨੀ ਸਖਸ਼ੀਅਤ ਹਨ, ਪਰ ਉਨ੍ਹਾਂ ਕੋਲ ਵੀ ਅਜਿਹਾ ਜਾਦੂ-ਟੂਣਾ ਨਹੀਂ ਕਿ ਜੇਲ੍ਹ ਤੋੜ ਕੇ ਖ਼ਾਨ ਨੂੰ ਬਾਹਰ ਲੈ ਜਾਣ। ਉਹ ਕੰਮ ਜਾਂ ਤਾਂ ਅਦਾਲਤਾਂ ਨੇ ਕਰਵਾਉਣਾ ਹੈ ਜਾਂ ਫਿਰ ਖ਼ਲਕਤ ਨੇ ਸੜਕਾਂ 'ਤੇ ਆ ਕੇ ਕਰਵਾਉਣਾ ਹੈ।
ਇਮਰਾਨ ਖ਼ਾਨ ਨੂੰ ਪਿਆਰ ਕਰਨ ਵਾਲੇ ਕਦੇ-ਕਦੇ ਉਨ੍ਹਾਂ ਨੂੰ ਆਪਣਾ ਮੁਰਸ਼ਦ ਵੀ ਕਹਿੰਦੇ ਹਨ ਤੇ ਮੇਰਾ ਖ਼ਿਆਲ ਹੈ ਕਿ ਮੁਰਸ਼ਦ ਮੰਨਦੇ ਵੀ ਹਨ। ਉਨ੍ਹਾਂ ਦਾ ਮੁਰਸ਼ਦ ਬੁਸ਼ਰਾ ਬੀਬੀ ਨੂੰ ਆਪਣੀ ਬੇਗ਼ਮ ਵੀ ਕਹਿੰਦਾ ਹੈ ਬਲਕਿ ਆਪਣਾ ਪੀਰ ਵੀ ਮੰਨਦਾ ਹੈ।
ਇਹ ਮੁਰਸ਼ਦ ਪਹਿਲਾਂ ਵੀ ਪੀਰ ਬਦਲਦਾ ਰਿਹਾ ਹੈ। ਜੇ ਅੱਗੇ ਜਾ ਕੇ ਉਸ ਨੇ ਪੀਰ ਬਦਲ ਲਿਆ ਤਾਂ ਤੁਸੀਂ ਵੀ ਬਦਲ ਲੈਣਾ। ਫਿਲਹਾਲ ਤਾਂ ਬੁਸ਼ਰਾ ਬੀਬੀ ਦਾ ਉਹ ਮਾਣ ਬਣਦਾ ਹੈ ਜਿਹੜਾ ਮੁਰਸ਼ਦ ਦੇ ਪੀਰ ਦਾ ਹੁੰਦਾ ਹੈ।
ਰੱਬ ਰਾਖਾ
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ













