ਕੈਨੇਡਾ 'ਚ ਕਤਲ ਹੋਏ 20 ਸਾਲਾ ਹਰਸ਼ਨਦੀਪ ਸਿੰਘ ਦੇ ਪਰਿਵਾਰ ਦੀ ਗੁਹਾਰ, 'ਆਪਣੇ ਬੱਚਿਆਂ ਨੂੰ ਵਿਦੇਸ਼ ਨਾ ਭੇਜੋ'

ਤਸਵੀਰ ਸਰੋਤ, Getty Images
- ਲੇਖਕ, ਨਵਜੋਤ ਕੌਰ
- ਰੋਲ, ਬੀਬੀਸੀ ਪੱਤਰਕਾਰ
ਕੈਨੇਡਾ ਦੇ ਐਡਮਿੰਟਨ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤੇ ਗਏ 20 ਸਾਲਾ ਪੰਜਾਬੀ ਵਿਦਿਆਰਥੀ ਹਰਸ਼ਨਦੀਪ ਸਿੰਘ ਦੇ ਮਾਪੇ ਸਦਮੇ ਵਿੱਚ ਹਨ। ਹਰਸ਼ਨਦੀਪ ਸਿੰਘ ਹਰਿਆਣਾ ਦੇ ਅੰਬਾਲਾ ਨੇੜਲੇ ਪਿੰਡ ਮਥੇਰੀ ਜੱਟਾਂ ਦਾ ਰਹਿਣ ਵਾਲਾ ਸੀ।
ਹਰਸ਼ਨਦੀਪ ਸਿੰਘ ਦਾ ਕਤਲ 6 ਦਸੰਬਰ ਨੂੰ ਕੀਤਾ ਗਿਆ ਸੀ, ਪਰ ਅਜੇ ਤੱਕ ਪਰਿਵਾਰ ਵਿੱਚ ਪਿਤਾ ਤੋਂ ਇਲਾਵਾ ਕਿਸੇ ਨੂੰ ਵੀ ਇਸ ਬਾਰੇ ਨਹੀਂ ਦੱਸਿਆ ਗਿਆ ਹੈ। ਪਿਤਾ ਮੁਸ਼ਕਲ ਦੌਰ ਵਿਚੋਂ ਨਿਕਲ ਰਹੇ ਹਨ। ਉਹ ਨਾ ਕਿਸੇ ਨਾਲ ਗੱਲ ਸਾਂਝੀ ਕਰ ਰਹੇ ਹਨ ਅਤੇ ਨਾ ਹੀ ਕੁਝ ਖਾ-ਪੀ ਰਹੇ ਹਨ।
ਬੀਬੀਸੀ ਨਾਲ ਗੱਲਬਾਤ ਕਰਦਿਆਂ ਹਰਸ਼ਨਦੀਪ ਸਿੰਘ ਦੇ ਮਾਮਾ ਮਨਜੀਤ ਸਿੰਘ ਫੁੱਟ-ਫੁੱਟ ਕੇ ਰੋ ਪਏ। ਉਨ੍ਹਾਂ ਰੋਂਦਿਆਂ ਹੋਇਆਂ ਕਿਹਾ, "ਆਪਣੇ ਬੱਚਿਆਂ ਨੂੰ ਵਿਦੇਸ਼ ਨਾ ਭੇਜੋ, ਮੈਂ ਕਿਸਾਨੀ ਦੀ ਲੜ੍ਹਾਈ ਆਪਣੇ ਬੱਚਿਆਂ ਲਈ ਹੀ ਲੜ੍ਹ ਰਿਹਾ ਸੀ। ਹੁਣ ਉਹ ਹੀ ਨਹੀਂ ਰਿਹਾ ਤਾਂ ਇਹ ਲੜ੍ਹਾਈ ਕਿਸ ਕੰਮ ਦੀ।"
ਉਹਨਾਂ ਕਿਹਾ, "ਹਰਸ਼ਨਦੀਪ ਸਿੰਘ ਦੇ ਕਤਲ ਦੀ ਜੋ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਉਹ ਦੇਖ ਕੇ ਦਿਲ ਦਹਿਲ ਜਾਂਦਾ ਹੈ । ਵੀਡੀਓ ਵਿੱਚ ਅਸੀਂ ਦੇਖਿਆ ਕਿ ਇੱਕ ਵਿਅਕਤੀ ਬੰਦੂਕ ਨਾਲ ਹਰਸ਼ਨਦੀਪ ਸਿੰਘ ਉੱਤੇ ਗੋਲੀ ਚਲਾਉਂਦਾ ਹੈ। ਇੱਕ ਔਰਤ ਉਸਦਾ ਬੈਗ ਫੜ੍ਹ ਰਹੀ ਹੈ। ਹਰਸ਼ਨਦੀਪ ਪੌੜੀਆਂ ਤੋਂ ਥੱਲੇ ਡਿੱਗਦਾ ਹੈ ਜਿਸ ਤੋਂ ਬਾਅਦ ਉਹ ਮੁੜ ਖੜਾ ਨਹੀਂ ਹੁੰਦਾ।"
ਮਨਜੀਤ ਸਿੰਘ ਨੇ ਅੱਗੇ ਇਹ ਵੀ ਦੱਸਿਆ ਕਿ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਹੈ ਪਰ ਅਸੀਂ ਦੇਖ ਨਹੀਂ ਸਕਦੇ।

ਹਰਸ਼ਨਦੀਪ ਸਿੰਘ ਦੇ ਮਾਤਾ ਨੂੰ ਬਸ ਇਹ ਦੱਸਿਆ ਗਿਆ ਹੈ ਕਿ ਉਹਨਾਂ ਦੇ ਪੁੱਤ ਦੇ ਸੱਟਾਂ ਲੱਗੀਆਂ ਹਨ ਤੇ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੈ।
ਹਰਸ਼ਨਦੀਪ ਸਿੰਘ ਬਾਹਰਵੀਂ ਕਰਨ ਤੋਂ ਬਾਅਦ 2023 ਵਿੱਚ ਕੈਨੇਡਾ ਪੜ੍ਹਨ ਲਈ ਗਿਆ ਸੀ।
ਉਸ ਦੇ ਪਿਤਾ ਡਰਾਈਵਰ ਹਨ। ਪੂਰਾ ਪਰਿਵਾਰ ਕਿਸਾਨੀ ਨਾਲ ਜੁੜਿਆ ਹੋਇਆ ਹੈ। ਪਰਿਵਾਰ ਵਿੱਚ ਹਰਸ਼ਨਦੀਪ ਸਿੰਘ ਦੀ ਇੱਕ ਭੈਣ, ਮਾਤਾ-ਪਿਤਾ ਅਤੇ ਦਾਦਾ-ਦਾਦੀ ਹਨ।
ਹਰਸ਼ਨਦੀਪ ਸਿੰਘ ਦੇ ਮਾਮਾ ਮਨਜੀਤ ਸਿੰਘ ਭਾਰਤੀ ਕਿਸਾਨ ਯੂਨੀਅਨ ਸ਼ਹੀਦ ਭਗਤ ਸਿੰਘ ਦੇ ਸਰਗਰਮ ਆਗੂ ਹਨ।
ਉਹ 6 ਦਸੰਬਰ ਨੂੰ ਸ਼ੰਭੂ ਬਾਰਡਰ ਤੋਂ ਦਿੱਲੀ ਵੱਲ ਕੂਚ ਕਰ ਰਹੇ 101 ਕਿਸਾਨਾਂ ਦੇ ਜੱਥੇ ਵਿੱਚ ਵੀ ਸ਼ਾਮਲ ਸਨ।
ਮਨਜੀਤ ਸਿੰਘ ਨੇ ਬੀਬੀਸੀ ਨੂੰ ਦੱਸਿਆ, "6 ਦਸੰਬਰ ਨੂੰ ਮੇਰੇ ਬੇਟੇ ਦਾ ਫੋਨ ਆਇਆ ਸੀ ਪਰ ਮੈਂ ਆਪਣਾ ਫੋਨ ਸ਼ੰਭੂ ਬਾਰਡਰ ਉੱਤੇ ਆਪਣੇ ਨਾਲ ਨਹੀਂ ਲੈ ਕੇ ਗਿਆ ਸੀ। ਮੇਰੇ ਬੇਟੇ ਨੇ ਹਰਸ਼ਨਦੀਪ ਸਿੰਘ ਦੇ ਪਿਤਾ ਨੂੰ ਫੋਨ ਉੱਤੇ ਰੋਂਦਿਆਂ-ਰੋਂਦਿਆਂ ਦੱਸਿਆ ਕਿ ਹਰਸ਼ਨਦੀਪ ਸਿੰਘ ਦੇ ਸੱਟਾਂ ਲੱਗੀਆਂ ਹਨ।”
“ਇਹ ਗੱਲ ਹਰਸ਼ਨਦੀਪ ਸਿੰਘ ਦੇ ਮਾਤਾ ਨੇ ਵੀ ਸੁਣ ਲਈ ਸੀ ਪਰ ਬਾਅਦ ਵਿੱਚ ਉਸਨੇ ਹਰਸ਼ਨਦੀਪ ਦੇ ਪਿਤਾ ਨੂੰ ਵੱਖਰਾ ਹੋ ਕੇ ਗੱਲ ਸੁਣਨ ਲਈ ਕਿਹਾ। ਉਦੋਂ ਉਸਨੇ ਦੱਸਿਆ ਕਿ ਹਰਸ਼ਨਦੀਪ ਹੁਣ ਇਸ ਦੁਨੀਆਂ ਵਿੱਚ ਨਹੀਂ ਰਿਹਾ।"
ਪਰਿਵਾਰ ਦੀ ਗੁਹਾਰ
ਕਰਮ ਸਿੰਘ ਹਰਸ਼ਨਦੀਪ ਸਿੰਘ ਦੇ ਤਾਇਆ ਹਨ। ਉਹਨਾਂ ਨੇ ਬੀਬੀਸੀ ਨੂੰ ਦੱਸਿਆ ਕਿ ਹਰਸ਼ਨਦੀਪ ਦਾ ਪੂਰਾ ਪਰਿਵਾਰ ਗੁਰਸਿੱਖ ਪਰਿਵਾਰ ਹੈ। ਉਹ ਖੁਦ ਵੀ ਬਹੁਤ ਮਿਹਨਤੀ ਅਤੇ ਸਾਊ ਸੀ। ਉਹ ਗਿਫਟ ਵਿੱਚ ਇੱਕ ਦੋ ਦਿਨ ਪੜ੍ਹਾਈ ਦੇ ਨਾਲ-ਨਾਲ ਸੁਰੱਖਿਆ ਕਰਮੀ ਦੀ ਨੌਕਰੀ ਕਰਦਾ ਸੀ।
ਇਸ ਵਾਰਦਾਤ ਤੋਂ ਪਹਿਲਾਂ ਜਦੋਂ ਉਸ ਦੀ ਆਪਣੇ ਪਿਤਾ ਨਾਲ ਗੱਲ ਹੋਈ ਤਾਂ ਉਸਦੇ ਪਿਤਾ ਨੇ ਉਸ ਨੂੰ ਸਮਝਾਇਆ ਸੀ ਕਿ ਉਹ ਪੜ੍ਹਾਈ ਵੱਲ ਹੀ ਧਿਆਨ ਦੇਵੇ ਸੁਰੱਖਿਆ ਕਰਮੀ ਦੀ ਨੌਕਰੀ ਨਾ ਕਰੇ। ਇਸਦੇ ਜਵਾਬ ਵਿੱਚ ਹਰਸ਼ਨਦੀਪ ਸਿੰਘ ਨੇ ਆਪਣੇ ਪਿਤਾ ਨੂੰ ਕਿਹਾ ਕਿ "ਡੈਡੀ ਘਰੇ ਵੀ ਕੀ ਕਰਨਾ ਹੁੰਦਾ, ਇੱਕ ਦੋ ਦਿਨ ਕੰਮ ਹੋ ਜਾਂਦਾ ਹੈ।"
ਕਰਮ ਸਿੰਘ ਕਹਿੰਦੇ ਹਨ,"ਸੀਸੀਟੀਵੀ ਫੁਟੇਜ ਵਿੱਚ ਸੁਣਾਈ ਦੇ ਰਿਹਾ ਕਿ ਹਰਸ਼ਨਦੀਪ ਕਹਿ ਰਿਹਾ ਸੀ ਕਿ ਮੈਂ ਜਾ ਰਿਹਾ ਹਾਂ, ਫੇਰ ਪਤਾ ਨਹੀਂ ਕਿਉਂ ਉਸ ਵਿਅਕਤੀ ਨੇ ਉਸ ਨੂੰ ਗੋਲੀ ਮਾਰ ਦਿੱਤੀ।"
ਕਰਮ ਸਿੰਘ ਨੇ ਕੈਨੇਡਾ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਮਾਮਲੇ ਦੀ ਜਾਂਚ ਹੋਵੇ ਅਤੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ।
ਉਹਨਾਂ ਨੇ ਵੀ ਹੋਰਨਾਂ ਵਿਦਿਆਰਥੀਆਂ ਦੇ ਮਾਪਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਬੱਚਿਆਂ ਨੂੰ ਆਪਣੇ ਕੋਲ ਹੀ ਰੱਖੋ, ਵਿਦੇਸ਼ ਵਿੱਚ ਸਾਡੇ ਬੱਚੇ ਰੁਲ ਰਹੇ ਹਨ, ਸਰਕਾਰਾਂ ਬੱਚਿਆਂ ਨੂੰ ਇੱਥੇ ਭਾਰਤ ਵਿੱਚ ਹੀ ਰੁਜ਼ਗਾਰ ਦੇਣ ਤਾਂ ਜੋ ਉਹਨਾਂ ਨੂੰ ਬਾਹਰ ਨਾ ਜਾਣਾ ਪਵੇ।"
ਕੈਨੇਡਾ ਪੁਲਿਸ ਨੇ ਗ੍ਰਿਫ਼ਤਾਰ ਕੀਤੇ ਦੋ ਵਿਅਕਤੀ

ਤਸਵੀਰ ਸਰੋਤ, Getty Images
ਐਡਮਿੰਟਨ ਪੁਲਿਸ ਸਰਵਿਸ ਵੱਲੋਂ ਸਾਂਝੀ ਕੀਤੀ ਜਾਣਕਾਰੀ ਮੁਤਾਬਕ ਨੇ ਹਰਸ਼ਨਦੀਪ ਸਿੰਘ ਦੇ ਕਤਲ ਮਾਮਲੇ ਵਿੱਚ ਐਡਮਿੰਟਨ ਪੁਲਿਸ ਨੇ 6 ਦਸੰਬਰ ਨੂੰ 30 ਸਾਲਾ ਈਵਾਨ ਰੇਨ ਅਤੇ 30 ਸਾਲਾ ਜੂਡਿਥ ਸੌਲਟੌਕਸ ਨੂੰ ਫਰਸਟ ਡਿਗਰੀ ਕਤਲ ਦੇ ਇਲਜ਼ਾਮਾਂ ਵਿੱਚ ਗ੍ਰਿਫ਼ਤਾਰ ਕਰ ਲਿਆ ਹੈ।
ਗ੍ਰਿਫਤਾਰੀ ਦੌਰਾਨ ਇੱਕ ਹਥਿਆਰ ਵੀ ਬਰਾਮਦ ਕੀਤਾ ਗਿਆ। ਦੋਵੇਂ ਮੁਲਜ਼ਮਾਂ ਨੂੰ 11 ਦਸੰਬਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਉਹ ਹਰਸ਼ਨਦੀਪ ਸਿੰਘ ਦੇ ਕਤਲ ਦੀ ਸੀਸੀਟੀਵੀ ਫੁਟੇਜ ਉੱਤੇ ਕੋਈ ਟਿੱਪਣੀ ਨਹੀਂ ਕਰ ਸਕਦੇ ਕਿਉਂਕਿ ਮਾਮਲਾ ਅੱਜੇ ਜਾਂਚ ਅਧੀਨ ਹੈ।
ਪੁਲਿਸ ਨੇ ਇਹ ਵੀ ਕਿਹਾ ਕਿ ਵੀਡੀਓ ਵਿੱਚ ਬੇਸ਼ੱਕ ਤਿੰਨ ਵਿਅਕਤੀ ਦਿਖਾਈ ਦੇ ਰਹੇ ਹਨ, ਪਰ ਪੁਲਿਸ ਨੂੰ ਯਕੀਨ ਹੈ ਕਿ ਕਤਲ ਵਿੱਚ ਦੋ ਵਿਅਕਤੀ ਹੀ ਸ਼ਾਮਲ ਹਨ।
ਐਡਮਿੰਟਨ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਆਨਲਾਈਨ ਜਿਸ ਵਿਅਕਤੀ ਦੀ ਤਸਵੀਰ ਵਾਇਰਲ ਹੋ ਰਹੀ ਹੈ ਉਹ ਮੁਲਜ਼ਮ ਦੀ ਤਸਵੀਰ ਨਹੀਂ ਹੈ। ਪੁਲਿਸ ਨੇ ਅਜੇ ਤੱਕ ਕਿਸੇ ਵੀ ਮੁਲਜ਼ਮ ਦੀ ਤਸਵੀਰ ਜਾਰੀ ਨਹੀਂ ਕੀਤੀ ਹੈ।
ਐਡਮਿੰਟਨ ਪੁਲਿਸ ਸਟਾਫ਼ ਸਰਜੈਂਟ ਰਾਬ ਬਿਲਾਵੇ ਨੇ ਕਿਹਾ, "ਇਸ ਘਟਨਾ ਨਾਲ ਐਡਮਿੰਟਨ ਵਾਸੀ ਦੁਖੀ ਅਤੇ ਨਿਰਾਸ਼ ਹਨ। ਜਾਂਚ ਚਲ ਰਹੀ ਹੈ, ਇਸ ਦੌਰਾਨ ਕਿਸੇ ਵੀ ਤਰ੍ਹਾਂ ਦੀ ਗਲਤ ਜਾਣਕਾਰੀ ਸਾਂਝੀ ਕਰਨਾ ਜਾਂਚ ਵਿੱਚ ਰੁਕਾਵਟ ਬਣ ਸਕਦਾ ਹੈ। ਅਸੀਂ ਮ੍ਰਿਤਕ ਦੇ ਦੋਸਤਾਂ ਅਤੇ ਪਰਿਵਾਰ ਪ੍ਰਤੀ ਡੂੰਘੀ ਸੰਵੇਦਨਾ ਰੱਖਦੇ ਹਾਂ।"
ਐਡਮਿੰਟਨ ਪੁਲਿਸ ਮੁਤਾਬਕ 6 ਦਸੰਬਰ 2024 ਦਿਨ ਸ਼ੁੱਕਰਵਾਰ ਨੂੰ ਲਗਭਗ 12:30 ਵਜੇ ਡਾਊਨਟਾਊਨ ਸ਼ਾਖਾ ਦੇ ਗਸ਼ਤ ਕਰਦੇ ਅਧਿਕਾਰੀਆਂ ਨੂੰ 106 ਸਟਰੀਟ ਅਤੇ 107 ਐਵੇਨਿਊ ਏਰੀਏ ਵਿੱਚ ਇੱਕ ਅਪਾਰਟਮੈਂਟ ਬਿਲਡਿੰਗ ਅੰਦਰ ਗੋਲੀ ਚੱਲਣ ਦੀ ਰਿਪੋਰਟ ਮਿਲੀ ਸੀ।
ਵਾਰਦਾਤ ਸਥਾਨ ਉੱਤੇ ਪਹੁੰਚਣ ਮਗਰੋਂ, ਪੁਲਿਸ ਅਧਿਕਾਰੀਆਂ ਨੂੰ ਪੌੜੀਆਂ ਉੱਤੇ 20 ਸਾਲਾ ਸੁਰੱਖਿਆ ਕਰਮੀ ਹਰਸ਼ਨਦੀਪ ਸਿੰਘ ਡਿੱਗਿਆ ਮਿਲਿਆ ਸੀ। ਪੁਲਿਸ ਅਧਿਕਾਰੀਆਂ ਨੇ ਤੁਰੰਤ ਹਰਸ਼ਨਦੀਪ ਸਿੰਘ ਨੂੰ ਹਸਪਤਾਲ ਪਹੁੰਚਾਇਆ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਪੋਸਟਮਾਰਟਮ ਰਿਪੋਰਟ ਵਿੱਚ ਕੀ ਆਇਆ?
ਹਰਸ਼ਨਦੀਪ ਸਿੰਘ ਦੇ ਪੋਸਟਮਾਰਟਮ ਬਾਰੇ ਐਡਮਿੰਟਨ ਪੁਲਿਸ ਵੱਲੋਂ ਐਕਸ ਉੱਤੇ ਜਾਣਕਾਰੀ ਸਾਂਝੀ ਕੀਤੀ। ਇਸ ਦੇ ਵਿੱਚ ਉਨ੍ਹਾਂ ਨੇ ਦੱਸਿਆ,"ਹਰਸ਼ਨਦੀਪ ਸਿੰਘ ਦੀ ਪੋਸਟਮਾਰਟਮ ਜਾਂਚ 9 ਦਸੰਬਰ ਨੂੰ ਪੂਰੀ ਹੋ ਗਈ ਸੀ ਜਿਸਦੇ ਵਿੱਚ ਕਤਲ ਦੀ ਪੁਸ਼ਟੀ ਹੋਈ ਹੈ।
ਕੈਨੇਡਾ ਦੀ ਪਾਰਲੀਮੈਂਟ ਵਿੱਚ ਵੀ ਉੱਠਿਆ ਹਰਸ਼ਨਦੀਪ ਦੀ ਮੌਤ ਦਾ ਮੁੱਦਾ
ਹਰਸ਼ਨਦੀਪ ਸਿੰਘ ਦੀ ਮੌਤ ਉੱਤੇ ਕੈਨੇਡਾ ਦੇ ਐਡਮਿੰਟਨ ਵਿੱਲ ਵੁੱਡਸ ਤੋਂ ਐੱਮਪੀ ਟਿੱਮਐੱਸ ਉੱਪਲ ਨੇ ਪਾਰਲੀਮੈਂਟ ਵਿੱਚ ਟਰੂਡੋ ਸਰਕਾਰ ਨੂੰ ਘੇਰਿਆ।
ਉਹਨਾਂ ਟਰੂਡੋ ਸਰਕਾਰ ਉੱਤੇ ਸਵਾਲ ਖੜ੍ਹੇ ਕਰਦਿਆਂ ਕਿਹਾ, "ਜਦੋਂ ਤੋਂ ਇਹ ਸੱਤਾ ਵਿੱਚ ਆਏ ਹਨ ਹਿੰਸਾ 'ਚ ਕਈ ਫੀਸਦੀ ਵਾਧਾ ਹੋਇਆ ਹੈ । ਇੱਕ ਸਾਲ ਵਿੱਚ 256 ਕੈਨੇਡੀਅਨ ਨਾਗਰਿਕਾਂ ਨੂੰ ਕਤਲ ਕੀਤਾ ਗਿਆ ਹੈ। ਹਰਸ਼ਨਦੀਪ ਸਿੰਘ ਦਾ ਕਤਲ ਬਸ ਮੰਦਭਾਗੀ ਘਟਨਾ ਕਹਿ ਕੇ ਸਵੀਕਾਰ ਨਹੀਂ ਕੀਤਾ ਜਾ ਸਕਦਾ।"
"ਇਹ ਸਾਡੀ ਸਰਕਾਰ ਦੀ ਨਾਕਾਮੀ ਹੈ ਜੋ ਹਿੰਸਕ ਅਪਰਾਧੀਆਂ ਨੂੰ ਖੁੱਲ੍ਹੇਆਮ ਘੁੰਮਣ ਦਾ ਮੌਕਾ ਦੇ ਰਹੀ ਹੈ।”
ਹਾਲਾਂਕਿ ਇਸ ਤੋਂ ਬਾਅਦ ਕੈਨੇਡਾ ਦੇ ਜਸਟਿਸ ਅਤੇ ਅਟਾਰਨੀ ਜਨਰਲ ਮੰਤਰੀ ਆਰਿਫ਼ ਵੀਰਾਨੀ ਨੇ ਸੰਸਦ ਵਿੱਚ ਜਵਾਬ ਦਿੱਤਾ।
ਉਹਨਾਂ ਕਿਹਾ,"ਕੈਨੇਡੀਅਨ ਨਾਗਰਿਕਾਂ ਦੀ ਸੁਰੱਖਿਆ ਸਾਡੀ ਜ਼ਿੰਮੇਵਾਰੀ ਹੈ। ਪੁਲਿਸ ਅਫਸਰਾਂ ਦੀਆਂ ਨਿਯੁਕਤੀਆਂ ਕੀਤੀਆਂ ਜਾ ਰਹੀਆਂ ਹਨ। ਜ਼ਮਾਨਤ ਕੇਸਾਂ ਉੱਤੇ ਬਹਿਸ ਕਰਨ ਲਈ ਮਾਹਰਾਂ ਨੂੰ ਨਿਯੁਕਤ ਕੀਤਾ ਜਾ ਰਿਹਾ ਹੈ।"
"ਕਾਨੂੰਨ ਦੀ ਬਹਾਲੀ ਲਈ ਨਿਆਇਕ ਅਧਿਕਾਰੀਆਂ ਨੂੰ ਟਰੇਨਿੰਗ ਦਿੱਤੀ ਜਾ ਰਹੀ ਹੈ। ਅਪਰਾਧਿਕ ਗਤੀਵਿਧੀਆਂ ਨੂੰ ਰੋਕਣ ਲਈ ਅਸੀਂ ਲਗਾਤਾਰ ਕੰਮ ਕਰ ਰਹੇ ਹਾਂ ਅਤੇ ਵਿਰੋਧੀ ਧਿਰ ਤੋਂ ਸਹਿਯੋਗ ਦੀ ਉਮੀਦ ਕਰਦੇ ਹਾਂ।"
ਭਾਰਤ ਵਿੱਚ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਵੀ ਐਕਸ ਉੱਤੇ ਲਿਖਿਆ, "ਇਹ ਚਿੰਤਾ ਦੀ ਗੱਲ ਹੈ ਕਿ ਅਜਿਹੀਆਂ ਹਿੰਸਕ ਘਟਨਾਵਾਂ ਕਿਵੇਂ ਵਾਪਰ ਰਹੀਆਂ ਹਨ ਜਦਕਿ ਸਿੱਖ ਹਿੱਤਾਂ ਦੀ ਪ੍ਰਤੀਨਿਧਤਾ ਕਰਨ ਦਾ ਦਾਅਵਾ ਕਰਨ ਵਾਲੇ ਲੀਡਰ ਚੁੱਪ ਬੈਠੇ ਹਨ।"
ਪਰਿਵਾਰ ਨੇ ਹਰਸ਼ਨਦੀਪ ਸਿੰਘ ਦੇ ਮ੍ਰਿਤਕ ਦੇਹ ਭਾਰਤ ਲੈ ਕੇ ਆਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਪਰਿਵਾਰ ਦਾ ਕਹਿਣਾ ਕਿ ਪਰ ਇਸ ਵਿੱਚ ਹਫ਼ਤੇ ਤੱਕ ਦਾ ਸਮਾਂ ਲੱਗ ਸਕਦਾ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












