ਪਿਛਲੇ 50 ਸਾਲਾਂ ਤੋਂ ਸੀਰੀਆ ਦੀ ਸੱਤਾ 'ਤੇ ਕਾਬਜ਼ ਅਸਦ ਪਰਿਵਾਰ ਨੂੰ ਵਿਦਰੋਹੀਆਂ ਨੇ ਕਿਵੇਂ ਭਜਾਇਆ

ਤਸਵੀਰ ਸਰੋਤ, Getty Images
- ਲੇਖਕ, ਸਾਮੀਆ ਨਸਤਰ
- ਰੋਲ, ਬੀਬੀਸੀ ਨਿਊਜ਼ ਅਰਬੀ
ਬਹੁਤ ਸਾਰੇ ਲੋਕਾਂ ਨੂੰ ਅੰਦਾਜ਼ਾ ਨਹੀਂ ਸੀ ਕਿ ਸੀਰੀਆ ਦੇ ਹਾਲਾਤ ਇੰਨੀ ਤੇਜ਼ੀ ਨਾਲ ਬਦਲ ਜਾਣਗੇ।
ਕੁਝ ਹੀ ਦਿਨਾਂ ਵਿੱਚ ਸ਼ਕਤੀਸ਼ਾਲੀ ਦਿਖਾਈ ਦੇਣ ਵਾਲੇ ਰਾਸ਼ਟਰਪਤੀ ਬਸ਼ਰ ਅਲ ਅਸਦ ਆਪਣੀ ਕੁਰਸੀ ਛੱਡ ਕੇ ਮਾਸਕੋ ਚਲੇ ਗਏ ਹਨ।
ਥੋੜੇ ਦਿਨ ਪਹਿਲਾਂ, ਦੇਸ ਦੇ ਉੱਤਰੀ ਸ਼ਹਿਰ ਇਡਲਿਬ ਵਿੱਚ ਸਥਿਤ ਇੱਕ ਹਥਿਆਰਬੰਦ ਵਿਰੋਧੀ ਸਮੂਹ ਹਯਾਤ ਤਹਿਰੀਰ ਅਲ-ਸ਼ਾਮ ਦੀ ਅਗਵਾਈ ਵਿੱਚ ਸਰਕਾਰ ਵਿਰੁੱਧ ਮੁਹਿੰਮ ਸ਼ੁਰੂ ਹੋਈ ਸੀ।
ਇੱਕ ਤੋਂ ਬਾਅਦ ਇੱਕ ਇਸ ਗਰੁੱਪ ਨੇ ਕਈ ਵੱਡੇ ਸ਼ਹਿਰਾਂ 'ਤੇ ਕਬਜ਼ਾ ਕਰ ਲਿਆ।
ਸਿਰਫ਼ ਇੱਕ ਹਫ਼ਤਾ ਪਹਿਲਾਂ ਹੀ ਬਸ਼ਰ ਅਲ-ਅਸਦ ਨੇ 'ਅੱਤਵਾਦੀਆਂ ਨੂੰ ਦਰੜਨ' ਦੀ ਸਹੁੰ ਖਾਧੀ ਸੀ।
ਪਰ ਜਿਸ ਰਫ਼ਤਾਰ ਨਾਲ ਜ਼ਮੀਨੀ ਹਾਲਾਤ ਬਦਲੇ ਹਨ, ਉਨ੍ਹਾਂ ਹਾਲਤਾਂ ਨੇ ਸੀਰੀਆ ਦੇ ਮਾਮਲਿਆਂ 'ਤੇ ਨਜ਼ਰ ਰੱਖਣ ਵਾਲੇ ਜ਼ਿਆਦਾਤਰ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ।
ਇਸ ਸਾਰੀ ਘਟਨਾ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ।
ਸਭ ਤੋਂ ਵੱਡਾ ਸਵਾਲ ਇਹ ਹੈ ਕਿ ਸੀਰੀਆਈ ਫੌਜ ਬਾਗੀ ਲੜਾਕਿਆਂ ਦੀ ਇਸ ਹੈਰਾਨੀਜਨਕ ਹਰਕਤ ਨੂੰ ਕਿਉਂ ਨਹੀਂ ਰੋਕ ਸਕੀ।
ਫੌਜ ਇੱਕ ਤੋਂ ਬਾਅਦ ਇਕ ਕਈ ਸ਼ਹਿਰਾਂ ਤੋਂ ਪਿੱਛੇ ਕਿਉਂ ਹਟਦੀ ਰਹੀ? ਇਸ ਦੇ ਪਿੱਛੇ ਕੀ ਕਾਰਨ ਹੋ ਸਕਦੇ ਹਨ?

ਈਰਾਨ ਤੋਂ ਮਿਲਣ ਵਾਲੀ ਮਦਦ 'ਚ ਆਈ ਕਟੌਤੀ

ਤਸਵੀਰ ਸਰੋਤ, Getty Images
ਸਾਲ 2024 ਦੇ 145 ਦੇਸਾਂ ਦੇ ਗਲੋਬਲ ਫਾਇਰ ਪਾਵਰ ਇੰਡੈਕਸ ਦੇ ਅਨੁਸਾਰ, ਸੀਰੀਆ ਅਰਬ ਜਗਤ ਵਿੱਚ ਛੇਵੇਂ ਅਤੇ ਫੌਜੀ ਸ਼ਕਤੀ ਦੇ ਮਾਮਲੇ ਵਿੱਚ ਅੰਤਰਰਾਸ਼ਟਰੀ ਪੱਧਰ 'ਤੇ ਸੱਠਵੇਂ ਸਥਾਨ 'ਤੇ ਹੈ।
ਇਸ ਰੈਂਕਿੰਗ ਵਿੱਚ ਸੈਨਿਕਾਂ ਦੀ ਗਿਣਤੀ, ਫੌਜੀ ਸਾਜੋ-ਸਾਮਾਨ, ਮਨੁੱਖੀ ਵਸੀਲਿਆਂ ਅਤੇ ਲੌਜਿਸਟਿਕਸ ਆਦਿ ਨੂੰ ਧਿਆਨ ਵਿੱਚ ਰੱਖਿਆ ਜਾਂਦਾ ਹੈ।
ਸੀਰੀਆਈ ਫੌਜ ਨੂੰ ਨੀਮ ਫੌਜੀ ਬਲਾਂ ਅਤੇ ਸਿਵਲ ਮਿਲਿਸ਼ੀਆ (ਉਹ ਨਾਗਰਿਕ ਜਿਨ੍ਹਾਂ ਨੂੰ ਫੌਜ ਦੀ ਟ੍ਰੇਨਿੰਗ ਤਾਂ ਮਿਲਦੀ ਹੈ ਪਰ ਉਹ ਫੌਜ ਦਾ ਹਿੱਸਾ ਨਹੀਂ ਹੁੰਦੇ) ਦਾ ਪੂਰਾ ਸਮਰਥਨ ਪ੍ਰਾਪਤ ਸੀ।
ਇਹ ਫੌਜ ਸੋਵੀਅਤ ਸੰਘ ਦੇ ਸਮੇਂ ਦੇ ਸਾਜੋ-ਸਾਮਾਨ ਅਤੇ ਰੂਸ ਵਰਗੇ ਸਹਿਯੋਗੀ ਦੇਸ਼ਾਂ ਤੋਂ ਪ੍ਰਾਪਤ ਫੌਜੀ ਸਾਜੋ-ਸਾਮਾਨ 'ਤੇ ਨਿਰਭਰ ਸੀ।
ਗਲੋਬਲ ਫਾਇਰ ਪਾਵਰ ਦੇ ਅਨੁਸਾਰ, ਸੀਰੀਆ ਦੀ ਫੌਜ ਕੋਲ 1,500 ਤੋਂ ਵੱਧ ਟੈਂਕ ਅਤੇ 3,000 ਬਖ਼ਤਰਬੰਦ ਵਾਹਨ ਹਨ। ਫੌਜ ਕੋਲ ਤੋਪਖਾਨਾ ਅਤੇ ਮਿਜ਼ਾਈਲ ਪ੍ਰਣਾਲੀਆਂ ਵੀ ਹਨ।
ਸੀਰੀਆ ਦੀ ਫੌਜ ਕੋਲ ਹਵਾਈ ਜੰਗ ਲੜਨ ਲਈ ਹਥਿਆਰ ਵੀ ਹਨ। ਇਸ ਵਿੱਚ ਲੜਾਕੂ ਜਹਾਜ਼, ਹੈਲੀਕਾਪਟਰ ਅਤੇ ਸਿਖਲਾਈ ਜਹਾਜ਼ ਸ਼ਾਮਲ ਹਨ। ਇਸ ਤੋਂ ਇਲਾਵਾ ਫੌਜ ਕੋਲ ਇੱਕ ਛੋਟਾ ਜਲ ਸੈਨਾ ਦਾ ਬੇੜਾ ਵੀ ਹੈ।
ਸੀਰੀਅਨ ਨੇਵੀ ਅਤੇ ਏਅਰ ਫੋਰਸ ਕੋਲ ਲਤਾਕੀਆ ਅਤੇ ਟਾਰਟਸ ਵਰਗੇ ਕਈ ਮਹੱਤਵਪੂਰਨ ਹਵਾਈ ਅੱਡੇ ਅਤੇ ਬੰਦਰਗਾਹਾਂ ਵੀ ਹਨ।
ਅੰਕੜਿਆਂ ਮੁਤਾਬਕ ਸੀਰੀਆਈ ਫੌਜ ਦੀ ਸਥਿਤੀ ਭਾਵੇਂ ਚੰਗੀ ਲੱਗਦੀ ਹੋਵੇ ਪਰ ਕਈ ਕਾਰਨ ਅਜਿਹੇ ਹਨ ਜਿਨ੍ਹਾਂ ਕਾਰਨ ਉਹ ਕਮਜ਼ੋਰ ਸਾਬਤ ਹੋਈ ਹੈ।
ਸੀਰੀਆ ਦੇ ਘਰੇਲੂ ਯੁੱਧ ਦੇ ਸ਼ੁਰੂਆਤੀ ਦਿਨਾਂ ਦੇ ਮੁਕਾਬਲੇ ਇਸ ਫੌਜ ਨੇ ਆਪਣੇ ਹਜ਼ਾਰਾਂ ਲੜਾਕਿਆਂ ਨੂੰ ਗੁਆ ਦਿੱਤਾ ਹੈ। ਜਦੋਂ ਜੰਗ ਸ਼ੁਰੂ ਹੋਈ ਤਾਂ ਸੀਰੀਆਈ ਫ਼ੌਜ ਵਿੱਚ ਤਿੰਨ ਲੱਖ ਦੇ ਕਰੀਬ ਫ਼ੌਜੀ ਸਨ। ਹੁਣ ਇਹ ਗਿਣਤੀ ਸਿਰਫ਼ ਅੱਧੀ ਰਹਿ ਗਈ ਸੀ।
ਸਿਪਾਹੀਆਂ ਦੀ ਗਿਣਤੀ ਵਿੱਚ ਗਿਰਾਵਟ ਦੋ ਕਾਰਨਾਂ ਕਰਕੇ ਹੋਈ ਹੈ- ਪਹਿਲਾ ਲੜਾਈ ਵਿੱਚ ਮੌਤ ਦਾ ਖ਼ਤਰਾ ਅਤੇ ਦੂਜਾ ਵੱਡੀ ਗਿਣਤੀ ਵਿੱਚ ਸਿਪਾਹੀਆਂ ਨੇ ਜੰਗ ਦਾ ਮੈਦਾਨ ਛੱਡ ਕੇ ਬਾਗੀਆਂ ਨਾਲ ਹੱਥ ਮਿਲਾ ਲੈਣਾ।
ਸੀਰੀਆ ਦੀ ਹਵਾਈ ਫੌਜ ਨੂੰ ਬਾਗੀਆਂ ਅਤੇ ਅਮਰੀਕਾ ਦੇ ਹਵਾਈ ਹਮਲਿਆਂ ਦਾ ਵੀ ਸਾਹਮਣਾ ਕਰਨਾ ਪਿਆ, ਜਿਸ ਕਾਰਨ ਉਹ ਬੇਹੱਦ ਕਮਜ਼ੋਰ ਹੋ ਗਈ।
ਤਿੰਨ ਦਿਨ ਵੀ ਨਹੀਂ ਚੱਲਦੀ ਸੀ ਫੌਜੀਆਂ ਦੀ ਤਨਖ਼ਾਹ

ਤਸਵੀਰ ਸਰੋਤ, Getty Images
ਸੀਰੀਆ ਕੋਲ ਤੇਲ ਅਤੇ ਗੈਸ ਦੇ ਮਹੱਤਵਪੂਰਨ ਭੰਡਾਰ ਹਨ, ਪਰ ਯੁੱਧ ਦੇ ਕਾਰਨ ਉਨ੍ਹਾਂ ਭੰਡਾਰਾਂ ਨੂੰ ਉਪਯੋਗੀ ਬਣਾਉਣ ਦੀ ਸਮਰੱਥਾ ਵਿੱਚ ਕਾਫ਼ੀ ਗਿਰਾਵਟ ਆਈ ਹੈ।
ਦੇਸ਼ ਦੇ ਜਿਹੜੇ ਹਿੱਸੇ ਪੂਰੀ ਤਰ੍ਹਾਂ ਅਸਦ ਸਰਕਾਰ ਦੇ ਕਾਬੂ 'ਚ ਸਨ ਉੱਥੇ ਆਰਥਿਕ ਸਥਿਤੀ 'ਚ ਹੋਰ ਵੱਧ ਨਿਘਾਰ ਦੇਖਣ ਨੂੰ ਮਿਲਿਆ ਹੈ। ਇਸ ਦਾ ਕਾਰਨ ਅਮਰੀਕਾ ਦਾ ਸੀਜ਼ਰ ਐਕਟ ਸੀ ।
ਦਸੰਬਰ 2019 'ਚ ਲਾਗੂ ਹੋਏ ਇਸ ਐਕਟ ਦੇ ਤਹਿਤ, ਅਮਰੀਕਾ ਨੇ ਸੀਰੀਆ ਦੀ ਸਰਕਾਰ ਨਾਲ ਕੰਮ ਕਰਨ ਵਾਲੇ ਕਿਸੇ ਵੀ ਸਰਕਾਰੀ ਅਦਾਰੇ ਜਾਂ ਵਿਅਕਤੀਆਂ 'ਤੇ ਆਰਥਿਕ ਪਾਬੰਦੀਆਂ ਲਗਾਈਆਂ ਸਨ।
ਕਈ ਰਿਪੋਰਟਾਂ ਦੇ ਮੁਤਾਬਕ ਅਸਦ ਸਰਕਾਰ ਦੇ ਫੌਜੀਆਂ ਨੂੰ ਘੱਟ ਤਨਖ਼ਾਹ ਦਿੱਤੀ ਜਾ ਰਹੀ ਸੀ। ਅਜਿਹੀਆਂ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਫੌਜੀਆਂਨੂੰ ਹਰ ਮਹੀਨੇ ਸਿਰਫ 15 ਤੋਂ 17 ਡਾਲਰ ਦੀ ਤਨਖ਼ਾਹ ਵਜੋਂ ਮਿਲ ਰਹੇ ਸਨ। ਇੱਕ ਸੀਰੀਆਈ ਨਾਗਰਿਕ ਅਨੁਸਾਰ, "ਇੰਨੇ ਪੈਸੇ ਤਿੰਨ ਦਿਨਾਂ ਲਈ ਵੀ ਕਾਫ਼ੀ ਨਹੀਂ ਹਨ।"
ਲੰਡਨ ਯੂਨੀਵਰਸਿਟੀ ਦੇ ਵਿਦੇਸ਼ੀ ਮਾਮਲਿਆਂ ਦੇ ਪ੍ਰੋਫੈਸਰ ਫਵਾਜ਼ ਗਿਰਗਿਜ਼ ਦਾ ਕਹਿਣਾ ਹੈ ਕਿ ਪਿਛਲੇ ਤਿੰਨ ਸਾਲਾਂ ਦਰਮਿਆਨ ਸੀਰੀਆ ਵਿੱਚ ਸਥਿਤੀ ਕਾਫ਼ੀ ਬਦਲ ਗਈ ਹੈ।
ਉਨ੍ਹਾਂ ਦਾ ਮੰਨਣਾ ਹੈ, "ਇਹ ਅਮਰੀਕੀ ਪਾਬੰਦੀਆਂ ਸੀਰੀਆ ਵਿੱਚ ਗਰੀਬੀ ਦਾ ਕਾਰਨ ਬਣੀਆਂ ਹਨ। ਫੌਜੀ ਅਧਿਕਾਰੀਆਂ ਨੂੰ ਵੀ ਉਹ ਰਕਮ ਨਹੀਂ ਮਿਲੀ ਜਿਸ ਦੇ ਉਹ ਹੱਕਦਾਰ ਸਨ। ਉਨ੍ਹਾਂ ਕੋਲ ਪੂਰਾ ਭੋਜਨ ਨਹੀਂ ਸੀ। ਕੁੱਲ ਮਿਲਾ ਕੇ ਉਹ ਇੱਕ ਮੁਸ਼ਕਲ ਮਨੋਵਿਗਿਆਨਕ ਸਥਿਤੀ ਵਿੱਚ ਸਨ। ਇਨ੍ਹਾਂ ਵਿੱਚੋਂ ਬਹੁਤ ਸਾਰੇ ਫੌਜੀ ਭੁੱਖਮਰੀ ਵਾਲੇ ਹਾਲਾਤਾਂ ਦੇ ਨੇੜੇ ਸਨ।"
ਸੀਰੀਆ ਦੀ ਸਰਕਾਰੀ ਨਿਊਜ਼ ਏਜੰਸੀ ਮੁਤਾਬਕ ਅਲ-ਅਸਦ ਨੇ ਪਿਛਲੇ ਬੁੱਧਵਾਰ ਨੂੰ ਫੌਜੀਆਂ ਦੀ ਤਨਖ਼ਾਹ 'ਚ 50 ਫੀਸਦੀ ਵਾਧੇ ਦਾ ਐਲਾਨ ਕੀਤਾ ਸੀ।
ਇਸ ਦਾ ਉਦੇਸ਼ ਸਪੱਸ਼ਟ ਤੌਰ 'ਤੇ ਵਿਰੋਧੀ ਤਾਕਤਾਂ ਦੇ ਅੱਗੇ ਵਧਣ ਦੇ ਦੌਰਾਨ ਸੈਨਿਕਾਂ ਦੇ ਮਨੋਬਲ ਨੂੰ ਵਧਾਉਣਾ ਸੀ।
ਪਰ ਲੱਗਦਾ ਹੈ ਕਿ ਇਹ ਕਦਮ ਬਹੁਤ ਦੇਰ ਨਾਲ ਚੁੱਕਿਆ ਗਿਆ ਸੀ।
ਅਸਦ ਦੇ ਸਹਿਯੋਗੀਆਂ ਨੇ ਆਪਣੇ ਹੱਥ ਪਿੱਛੇ ਖਿੱਚੇ

ਤਸਵੀਰ ਸਰੋਤ, Reuters
ਫਿਰ ਵੀ, ਇਹ ਬਹੁਤ ਹੈਰਾਨੀ ਵਾਲੀ ਗੱਲ ਹੈ ਕਿ ਹਥਿਆਰਬੰਦ ਹੋਣ ਦੇ ਬਾਵਜੂਦ ਵਿਰੋਧੀਆਂ ਨਾਲ ਲੜਾਈ ਦੌਰਾਨ ਬਹੁਤ ਸਾਰੇ ਸਿਪਾਹੀ ਅਤੇ ਅਫਸਰ ਅਚਾਨਕ ਮੋਰਚਾ ਛੱਡ ਗਏ।
ਇਸ ਕਾਰਨ ਵਿਰੋਧੀ ਲੜਾਕੇ ਅਲੇਪੋ ਤੋਂ ਦਮਿਸ਼ਕ ਵੱਲ ਤੇਜ਼ੀ ਨਾਲ ਅੱਗੇ ਵਧਦੇ ਰਹੇ। ਸੀਰੀਆ ਦੇ ਫੌਜੀ ਹਾਮਾ ਅਤੇ ਹੋਮਸ ਵਿੱਚੋਂ ਭੱਜੇ ਅਤੇ ਇੱਥੋਂ ਤੱਕ ਕਿ ਆਪਣੇ ਫੌਜੀ ਸਾਜੋ-ਸਾਮਾਨ ਅਤੇ ਹਥਿਆਰਾਂ ਨੂੰ ਵੀ ਸੜਕਾਂ 'ਤੇ ਛੱਡ ਗਏ।
ਦਮਿਸ਼ਕ ਵਿੱਚ ਬੀਬੀਸੀ ਪੱਤਰਕਾਰ ਬਾਰਬਰਾ ਅਸ਼ਰ ਨੇ ਵੀ ਦੱਸਿਆ ਹੈ ਕਿ ਸ਼ਹਿਰ ਵਿੱਚ ਕੁਝ ਫੌਜੀਆਂ ਨੇ ਆਪਣੀਆਂ ਫੌਜੀ ਵਰਦੀਆਂ ਲਾਹ ਦਿੱਤੀਆਂ ਹਨ ਅਤੇ ਸਿਵਲੀਅਨ ਕੱਪੜੇ ਪਹਿਨੇ ਹਨ।
ਬੇਰੂਤ ਵਿੱਚ ਕਾਰਨੇਗੀ ਮਿਡਲ ਈਸਟ ਸੈਂਟਰ ਦੇ ਇੱਕ ਸੀਨੀਅਰ ਫੈਲੋ, ਡਾਕਟਰ ਯਜ਼ੀਦ ਸਈਗ ਦਾ ਕਹਿਣਾ ਹੈ ਕਿ ਸੀਰੀਆ ਦੀ ਫੌਜ ਦਾ ਪਤਨ 'ਲਗਭਗ ਪੂਰੀ ਤਰ੍ਹਾਂ ਅਸਦ ਦੀਆਂ ਨੀਤੀਆਂ ਕਾਰਨ ਹੋਇਆ ਹੈ।
ਡਾ: ਸਈਗ ਦਾ ਕਹਿਣਾ ਹੈ ਕਿ ਫ਼ੌਜ ਨੇ ਸਾਲ 2016 ਤੱਕ ਵਿਰੋਧੀ ਧਿਰ 'ਤੇ ਲਗਭਗ ਪੂਰੀ ਜਿੱਤ ਹਾਸਲ ਕਰ ਲਈ ਸੀ, ਜਿਸ ਤੋਂ ਬਾਅਦ ਅਸਦ ਨੇ ਸੱਤਾ 'ਤੇ ਬਣੇ ਰਹਿਣ ਲਈ ਇਸ ਦੀ ਨਾਜਾਇਜ਼ ਵਰਤੋਂ ਕੀਤੀ।
ਡਾ: ਸਈਗ ਨੇ ਦੱਸਿਆ, "ਇਹਨਾਂ ਨੀਤੀਆਂ ਦਾ ਫ਼ੌਜ 'ਤੇ ਅਸਰ ਪਿਆ। ਹਜ਼ਾਰਾਂ ਫੌਜੀਆਂ ਨੂੰ ਫੌਜ ਵਿੱਚੋਂ ਕੱਢ ਦਿੱਤਾ ਗਿਆ। ਇਸ ਦੇ ਨਾਲ ਹੀ ਲੋਕਾਂ ਦੇ ਜੀਵਨ ਪੱਧਰ ਵਿੱਚ ਭਿਆਨਕ ਗਿਰਾਵਟ ਆਈ, ਸਰੇਆਮ ਭ੍ਰਿਸ਼ਟਾਚਾਰ ਹੋਇਆ ਅਤੇ ਭੋਜਨ ਦੀ ਵੀ ਘਾਟ ਹੋ ਗਈ।
ਇਸ ਕਾਰਨ ਫੌਜ ਦੇ ਉੱਚ ਅਹੁਦਿਆਂ 'ਤੇ ਬੈਠੇ ਅਲ-ਅਸਦ ਦੇ ਸ਼ੀਆ ਅਲਾਵੀ ਭਾਈਚਾਰੇ ਦੇ ਜਰਨੈਲ ਇੱਕਲੇ ਰਹਿ ਗਏ।
ਈਰਾਨ, ਹਿਜ਼ਬੁੱਲਾ ਅਤੇ ਰੂਸ ਤੋਂ ਸਿੱਧੀ ਮਿਲਟਰੀ ਸਹਾਇਤਾ ਘਟਣ ਨਾਲ ਵੀ ਫੌਜ ਦਾ ਮਨੋਬਲ ਡਿੱਗਿਆ ਹੈ। ਇਹ ਤਿੰਨੇ ਧਿਰਾਂ ਪਹਿਲਾਂ ਦੇ ਮੁਕਾਬਲੇ ਹੁਣ ਢੁੱਕਵੀਂ ਸਹਾਇਤਾ ਕਰਨ ਦੇ ਯੋਗ ਨਹੀਂ ਹਨ। ਫੌਜ ਨੇ ਆਪਣੇ ਸਹਿਯੋਗੀਆਂ ਤੋਂ ਤੁਰੰਤ ਮਦਦ ਨਾ ਮਿਲਣ ਕਰਕੇ ਫੌਜ ਦੀ ਲੜਨ ਦੀ ਇੱਛਾ ਹੀ ਖ਼ਤਮ ਹੋ ਗਈ।
ਬ੍ਰਿਟਿਸ਼ ਫੌਜੀ ਮਾਹਰ ਅਤੇ ਕਿੰਗਜ਼ ਕਾਲਜ ਲੰਡਨ ਦੇ ਯੁੱਧ ਅਧਿਐਨ ਦੇ ਵਿਜ਼ਿਟਿੰਗ ਪ੍ਰੋਫੈਸਰ ਮਾਈਕਲ ਕਲਾਰਕ ਦੇ ਅਨੁਸਾਰ, ਸੀਰੀਆ ਦੀ ਫੌਜ ਵਿਦੇਸ਼ੀ ਸਹਾਇਤਾ 'ਤੇ ਨਿਰਭਰ ਸੀ।
ਉਹ ਕਹਿੰਦੇ ਹਨ, "ਫੌਜ ਦੀ ਸਿਖਲਾਈ ਦਾ ਪੱਧਰ ਕਾਫ਼ੀ ਵਿਗੜ ਗਿਆ ਹੈ, ਨਾਲ ਹੀ ਉਨ੍ਹਾਂ ਦੇ ਅਫਸਰਾਂ ਦੀ ਅਗਵਾਈ ਦੀ ਕਾਰਗੁਜ਼ਾਰੀ ਵਿੱਚ ਵੀ ਗਿਰਾਵਟ ਆਈ ਹੈ। ਜਦੋਂ ਫੌਜ ਦੀਆਂ ਇਕਾਈਆਂ ਨੇ ਹਯਾਤ ਤਹਿਰੀਰ ਅਲ-ਸ਼ਾਮ ਦੇ ਲੜਾਕਿਆਂ ਦਾ ਸਾਹਮਣਾ ਕੀਤਾ ਤਾਂ ਬਹੁਤ ਸਾਰੇ ਅਧਿਕਾਰੀ ਆਪਣੇ ਫੌਜੀਆਂ ਸਮੇਤ ਪਿੱਛੇ ਹਟ ਗਏ ਅਤੇ ਕੁਝ ਜਦੋਂ ਅਧਿਕਾਰੀ ਪ੍ਰਭਾਵਸ਼ਾਲੀ ਅਗਵਾਈ ਪ੍ਰਦਾਨ ਕਰਨ ਵਿੱਚ ਅਸਫਲ ਰਹਿੰਦੇ ਹਨ, ਤਾਂ ਇਹ ਹੈਰਾਨੀ ਦੀ ਗੱਲ ਨਹੀਂ ਹੈ ਕਿ ਸਿਪਾਹੀ ਭੱਜ ਜਾਂਦੇ ਹਨ।"

ਤਸਵੀਰ ਸਰੋਤ, Getty Images
ਡਾ: ਸਈਗ ਨੇ ਇਸ ਧਾਰਨਾ ਨੂੰ ਰੱਦ ਕੀਤਾ ਕਿ ਈਰਾਨ, ਸੀਰੀਆ ਅਤੇ ਹਿਜ਼ਬੁੱਲਾ ਨੇ ਜਾਣਬੁੱਝ ਕੇ ਫੌਜੀ ਸਹਾਇਤਾ ਵਾਪਸ ਲੈ ਲਈ ਹੈ।
ਉਹ ਕਹਿੰਦੇ ਹਨ, "ਅਤੀਤ ਵਿੱਚ, ਇਰਾਨ ਜ਼ਮੀਨੀ ਸਹਾਇਤਾ ਪ੍ਰਦਾਨ ਕਰਨ ਲਈ ਹਿਜ਼ਬੁੱਲਾ 'ਤੇ ਬਹੁਤ ਜ਼ਿਆਦਾ ਨਿਰਭਰ ਕਰਦਾ ਸੀ, ਪਰ ਹਿਜ਼ਬੁੱਲਾ ਨੂੰ ਲੇਬਨਾਨ ਵਿੱਚ ਹੋਏ ਨੁਕਸਾਨ ਤੋਂ ਬਾਅਦ, ਉਹ ਹੁਣ ਅਜਿਹਾ ਕਰਨ ਦੇ ਯੋਗ ਨਹੀਂ ਰਿਹਾ। ਸੀਰੀਆ ਨੂੰ ਸਲਾਹ ਦੇਣ ਲਈ ਆਉਣ ਵਾਲੇ ਈਰਾਨੀ ਅਧਿਕਾਰੀਆਂ ਦੀ ਵੀ ਘਾਟ ਰਹੀ। ਪਿਛਲੇ ਦਹਾਕੇ ਦੌਰਾਨ ਸੀਰੀਆ 'ਤੇ ਹੋਏ ਇਜ਼ਰਾਈਲੀ ਹਮਲਿਆਂ ਕਾਰਨ, ਈਰਾਨ ਜ਼ਮੀਨੀ ਜਾਂ ਹਵਾਈ ਰਸਤੇ ਰਾਹੀਂ ਤੁਰੰਤ ਵੱਡੀ ਫੋਰਸ ਭੇਜਣ ਦੇ ਯੋਗ ਨਹੀਂ ਰਿਹਾ ਹੈ।"
"ਇਸ ਤੋਂ ਇਲਾਵਾ, ਇਰਾਕੀ ਸਰਕਾਰ ਅਤੇ ਈਰਾਨ ਸਮਰਥਿਤ ਮਿਲਿਸ਼ੀਆ ਨੇ ਲਗਭਗ ਇਕੱਠੇ ਹੀ ਅਸਦ ਲਈ ਸਮਰਥਨ ਖ਼ਤਮ ਕਰ ਦਿੱਤਾ। ਈਰਾਨ ਨੇ ਸ਼ਾਇਦ ਇਹ ਮਹਿਸੂਸ ਕੀਤਾ ਕਿ ਹੁਣ ਅਸਦ ਨੂੰ ਬਚਾਉਣਾ ਨਾਮੁਮਕਿਨ ਹੋ ਗਿਆ ਸੀ।"
ਇਹ ਵੀ ਸੱਚ ਹੈ ਕਿ ਫਰਵਰੀ 2022 ਦੇ ਸ਼ੁਰੂ ਵਿੱਚ, ਯੂਕਰੇਨ ਵਿਰੁੱਧ ਚੱਲ ਰਹੇ ਯੁੱਧ ਦੀਆਂ ਜ਼ਰੂਰਤਾਂ ਦੇ ਕਾਰਨ ਰੂਸ ਨੇ ਲਤਾਕਿਆ ਸਥਿਤ ਆਪਣੇ ਬੇਸ ਤੋਂ ਵੱਡੀ ਗਿਣਤੀ ਵਿੱਚ ਆਪਣੇ ਜਹਾਜ਼ ਅਤੇ ਫੌਜ ਵਾਪਸ ਬੁਲਾ ਲਾਏ ਸਨ।
ਡਾਕਟਰ ਫਵਾਜ਼ ਇਸ ਗੱਲ ਨਾਲ ਸਹਿਮਤ ਹਨ ਕਿ ਈਰਾਨ, ਹਿਜ਼ਬੁੱਲਾ ਅਤੇ ਰੂਸ ਨੇ ਫੌਜੀ ਸਹਾਇਤਾ ਬੰਦ ਕਰ ਦਿੱਤੀ ਸੀ ਅਤੇ ਇਹ 'ਇੱਕ ਬੁਨਿਆਦੀ ਕਾਰਨ ਸੀ ਜਿਸ ਕਾਰਨ ਇੱਕ ਤੋਂ ਬਾਅਦ ਇਕ ਸੀਰੀਆ ਦੇ ਸ਼ਹਿਰ ਬਾਗੀਆਂ ਦੇ ਕਬਜ਼ੇ ਵਿਚ ਆ ਗਏ।'
ਉਹ ਅੱਗੇ ਕਹਿੰਦੇ ਹਨ, "ਇਸ ਵਾਰ ਸੀਰੀਆਈ ਫੌਜ ਨੇ ਅਸਦ ਦੀ ਸਰਕਾਰ ਨੂੰ ਬਚਾਉਣ ਲਈ ਬਿਲਕੁਲ ਲੜਾਈ ਨਹੀਂ ਲੜੀ। ਇਸ ਦੇ ਉਲਟ, ਫੌਜ ਨੇ ਲੜਾਈ ਤੋਂ ਪਿੱਛੇ ਹਟਣ ਅਤੇ ਆਪਣੇ ਹਥਿਆਰ ਪਿੱਛੇ ਛੱਡਣ ਦਾ ਫੈਸਲਾ ਕੀਤਾ। ਇਸ ਤੋਂ ਪਤਾ ਲੱਗਦਾ ਹੈ ਕਿ 2015 ਤੋਂ ਬਾਅਦ ਅਸਦ ਲਈ ਰੂਸ ਅਤੇ ਹਿਜ਼ਬੁੱਲਾ ਦੁਆਰਾ ਮਿਲਿਆ ਈਰਾਨੀ ਸਮਰਥਨ ਕਿੰਨਾ ਮਹੱਤਵਪੂਰਨ ਸੀ।"
'ਈਰਾਨ ਦੇ ਸ਼ਾਹ ਵਰਗਾ ਹਾਲ'

ਤਸਵੀਰ ਸਰੋਤ, Getty Images
ਬਹੁਤ ਸਾਰੇ ਨਿਰੀਖਕਾਂ ਨੇ ਇਹ ਵੀ ਦੱਸਿਆ ਕਿ ਹਥਿਆਰਬੰਦ ਵਿਰੋਧੀ ਸਮੂਹਾਂ ਨੇ ਆਪਣੇ ਆਪ ਨੂੰ ਇਕਜੁੱਟ ਕੀਤਾ ਅਤੇ ਇੱਕ ਕਮਾਂਡ ਰੂਮ ਬਣਾਇਆ। ਆਪਣੀ ਨਵੀਨਤਮ ਮੁਹਿੰਮ ਦੇ ਲਈ ਤਿਆਰੀ ਕੀਤੀ। ਉਹ ਸੀਰੀਆਈ ਫੌਜ ਦੇ ਮੁਕਾਬਲੇ ਆਪਣੀ ਸਥਿਤੀ ਮਜ਼ਬੂਤ ਕਰਨ ਵਿੱਚ ਸਫਲ ਰਿਹਾ।
ਇਸ ਤੋਂ ਇਲਾਵਾ ਵਿਰੋਧੀ ਧਿਰ ਦੇ ਨੇਤਾਵਾਂ ਦੇ ਕੁਝ ਅਹਿਮ ਬਿਆਨ ਵੀ ਸਾਹਮਣੇ ਆਏ ਹਨ। ਉਨ੍ਹਾਂ ਸੀਰੀਆ ਦੇ ਨਾਗਰਿਕਾਂ ਨੂੰ ਭਰੋਸਾ ਦਿਵਾਇਆ ਕਿ ਵਿਰੋਧੀ ਧਿਰ ਸਾਰੇ ਫ਼ਿਰਕਿਆਂ ਦਾ ਸਨਮਾਨ ਕਰੇਗੀ। ਮਾਹਰਾਂ ਦੀ ਰਾਇ ਵਿੱਚ, ਅਜਿਹੇ ਬਿਆਨਾਂ ਨੇ ਵਿਰੋਧੀ ਸਮੂਹਾਂ ਦੇ ਮਿਸ਼ਨ ਨੂੰ ਆਸਾਨ ਬਣਾ ਦਿੱਤਾ ਹੈ।
ਡਾਕਟਰ ਫਵਾਜ਼ ਗਿਰਗਿਸ ਦਾ ਮੰਨਣਾ ਹੈ ਕਿ ਇਹ ਸਾਰੀ ਘਟਨਾ "1979 ਵਿੱਚ ਈਰਾਨ ਦੇ ਸ਼ਾਹ ਦੇ ਸ਼ਾਸਨ ਦੇ ਪਤਨ ਵਰਗੀ ਹੈ।"
ਉਹ ਕਹਿੰਦੇ ਹਨ, "ਸੀਰੀਆਈ ਦੇ ਇਸਲਾਮਿਕ ਅਤੇ ਰਾਸ਼ਟਰਵਾਦੀ ਦੋਵੇਂ ਵਿੰਗ ਯਾਨੀ ਵਿਰੋਧੀ ਧਿਰ ਦੋ ਹਫ਼ਤਿਆਂ ਤੋਂ ਵੀ ਘੱਟ ਸਮੇਂ ਵਿੱਚ ਸੀਰੀਆ ਦੇ ਸ਼ਾਸਨ ਨੂੰ ਤਬਾਹ ਕਰਨ ਵਿੱਚ ਸਫਲ ਰਿਹਾ। ਅਸਦ ਦੀ ਸਰਕਾਰ ਅਸਲ ਵਿੱਚ ਆਪਣੇ ਆਖਰੀ ਸਾਹ ਲੈ ਰਹੀ ਸੀ। ਅਤੇ ਜਦੋਂ ਵਿਰੋਧੀ ਧਿਰ ਨੇ ਹਮਲਾ ਕੀਤਾ, ਤਾਂ ਫੌਜ ਢਹਿ ਗਈ। ਪੂਰੀ ਸਿਸਟਮ ਇਸ ਤਰ੍ਹਾਂ ਤਿੜਕ ਗਿਆ ਜਿਵੇਂ ਇਹ ਕੱਚ ਬਣਿਆ ਘਰ ਹੋਵੇ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












