ਬਸ਼ਰ ਅਲ ਅਸਦ: ਬਾਗੀਆਂ ਨੂੰ ਜ਼ਬਰ ਨਾਲ ਕੁਚਲਣ ਵਾਲੇ ਸ਼ਾਸਨ ਦਾ ਆਖ਼ਰ ਕਿਵੇਂ ਹੋਇਆ ਅੰਤ

ਤਸਵੀਰ ਸਰੋਤ, Getty Images
- ਲੇਖਕ, ਹਿਊਗੋ ਬਚੇਗਾ
- ਰੋਲ, ਪੱਛਮ ਏਸ਼ੀਆ ਪੱਤਰਕਾਰ
ਇੱਕ ਹਫਤਾ ਪਹਿਲਾਂ ਤੱਕ ਬਸ਼ਰ-ਅਲ-ਅਸਦ ਦਾ ਪਤਨ ਲਗਭਗ ਅਸੰਭਵ ਸੀ।
ਪਰ ਬਾਗੀਆਂ ਵਲੋਂ ਸੀਰੀਆ ਦੇ ਉੱਤਰ-ਪੱਛਮੀ ਸ਼ਹਿਰ ਇਡਲਿਬ 'ਚ ਪੈਂਦੇ ਆਪਣੇ ਬੇਸ ਤੋਂ ਉਨ੍ਹਾਂ ਦੇ ਸ਼ਾਸਨ ਵਿਰੁੱਧ ਸ਼ੁਰੂ ਕੀਤੀ ਹੈਰਾਨੀਜਨਕ ਮੁਹਿੰਮ ਨੇ ਮੁਲਕ ਨੂੰ ਇੱਕ ਨਵੇਂ ਮੋੜ 'ਤੇ ਲਿਆ ਕੇ ਖੜਾ ਕਰ ਦਿੱਤਾ ਹੈ।
ਅਸਦ 2000 ਵਿੱਚ ਆਪਣੇ ਪਿਤਾ ਹਾਫੇਜ਼ ਦੀ ਮੌਤ ਤੋਂ ਬਾਅਦ ਸੱਤਾ ਵਿੱਚ ਆਏ ਸਨ, ਉਨ੍ਹਾਂ ਨੇ 29 ਸਾਲਾਂ ਤੱਕ ਦੇਸ 'ਤੇ ਰਾਜ ਕੀਤਾ।
ਆਪਣੇ ਪਿਤਾ ਵਾਂਗ ਉਨ੍ਹਾਂ ਨੇ ਵੀ ਆਪਣੀ ਸੱਤਾ ਜ਼ੋਰ ਦੇ ਬਲ਼ ਨਾਲ ਹੰਢਾਈ।
ਅਸਦ ਨੂੰ ਵਿਰਾਸਤ ਵਿੱਚ ਇੱਕ ਕਠੋਰ ਅਤੇ ਦਮਨਕਾਰੀ ਸਿਆਸੀ ਢਾਂਚਾ ਮਿਲਿਆ ਸੀ, ਜਿਸ ਵਿੱਚ ਵਿਰੋਧ ਦੀ ਕੋਈ ਥਾਂ ਨਹੀਂ ਸੀ।
ਪਹਿਲਾਂ ਲੋਕਾਂ ਨੂੰ ਉਮੀਦਾਂ ਸਨ ਕਿ ਉਹ ਵੱਖ ਹੋਣਗੇ। ਸ਼ਾਇਦ ਵਧੇਰੇ ਖੁੱਲ੍ਹੇ ਸੁਭਾਅ ਵਾਲੇ ਅਤੇ ਘੱਟ ਬੇਰਹਿਮ ਪਰ ਇਨ੍ਹਾਂ ਉਮੀਦਾਂ ਨੇ ਜਲਦੀ ਹੀ ਦਮ ਤੋੜ ਦਿੱਤਾ ਸੀ।

ਅਸਦ ਨੂੰ ਹਮੇਸ਼ਾ ਉਸ ਵਿਅਕਤੀ ਵਜੋਂ ਯਾਦ ਕੀਤਾ ਜਾਵੇਗਾ, ਜਿਸ ਨੇ 2011 ਵਿੱਚ ਆਪਣੇ ਸ਼ਾਸਨ ਦੇ ਵਿਰੁੱਧ ਸ਼ਾਂਤੀਪੂਰਨ ਰੋਸ ਮੁਜ਼ਾਹਰਿਆਂ ਨੂੰ ਹਿੰਸਕ ਢੰਗ ਨਾਲ ਦਬਾਇਆ, ਜਿਸ ਨਾਲ ਘਰੇਲੂ ਯੁੱਧ ਹੋਇਆ ਸੀ।
ਉਹ ਯੁੱਧ ਵਿੱਚ ਪੰਜ ਲੱਖ ਤੋਂ ਵੱਧ ਲੋਕ ਮਾਰੇ ਗਏ ਅਤੇ 60 ਲੱਖ ਸਥਾਨਕ ਵਸਨੀਕ ਸ਼ਰਨਾਰਥੀ ਬਣ ਗਏ।
ਉਸ ਵੇਲੇ ਰੂਸ ਅਤੇ ਈਰਾਨ ਦੀ ਮਦਦ ਨਾਲ ਉਨ੍ਹਾਂ ਨੇ ਬਾਗੀਆਂ ਨੂੰ ਕੁਚਲਿਆ ਅਤੇ ਆਪਣਾ ਸ਼ਾਸਨ ਬਚਾ ਲਿਆ ਸੀ।
ਇਸ ਲਈ ਰੂਸ ਨੇ ਆਪਣੀ ਜ਼ਬਰਦਸਤ ਹਵਾਈ ਸ਼ਕਤੀ ਦੀ ਵਰਤੋਂ ਕੀਤੀ ਜਦਕਿ ਈਰਾਨ ਨੇ ਸੀਰੀਆ ਅਤੇ ਹਿਜ਼ਬੁੱਲਾ ਨੂੰ ਮਿਲਟਰੀ ਸਲਾਹਕਾਰ ਭੇਜੇ ਸਨ।
ਇਸ ਦੌਰਾਨ ਗੁਆਂਢੀ ਦੇਸ ਲਿਬਨਾਨ ਦੇ ਲੜਾਕਿਆਂ (ਉਹ ਨਾਗਰਿਕ ਜਿਨ੍ਹਾਂ ਨੂੰ ਫੌਜ ਦੀ ਟ੍ਰੇਨਿੰਗ ਤਾਂ ਮਿਲਦੀ ਹੈ ਪਰ ਉਹ ਫੌਜ ਦਾ ਹਿੱਸਾ ਨਹੀਂ ਹੁੰਦੇ) ਨੇ ਵੀ ਆਪਣੇ ਚੰਗੀ ਸਿਖ਼ਲਾਈ ਹਾਸਲ ਨਫ਼ਰੀ ਨੂੰ ਤੈਨਾਤ ਕੀਤਾ ਸੀ। ਇਹਨਾਂ ਨੂੰ ਸੀਰੀਆ ਦਾ ਸਮਰਥਨ ਹਾਸਲ ਸੀ ਪਰ ਇਸ ਵਾਰ ਅਜਿਹਾ ਨਹੀਂ ਹੋਇਆ।

ਤਸਵੀਰ ਸਰੋਤ, Getty Images
ਸਹਿਯੋਗੀਆਂ ਦੇ ਛੱਡ ਜਾਣ ਦਾ ਅਸਰ
ਆਪਣੇ ਹੀ ਮਾਮਲਿਆਂ ਵਿੱਚ ਰੁੱਝੇ ਹੋਏ ਅਸਦ ਦੇ ਸਹਿਯੋਗੀ ਇਸ ਦੌਰਾਨ ਉਨ੍ਹਾਂ ਦਾ ਸਾਥ ਛੱਡ ਗਏ।
ਸਹਿਯੋਗੀਆਂ ਦੀ ਮਦਦ ਤੋਂ ਬਿਨਾਂ, ਬਸ਼ਰ ਅਲ ਅਸਦ ਦੀਆਂ ਫੌਜਾਂ ਅਸਮਰੱਥ ਸਨ।
ਕੁਝ ਥਾਵਾਂ 'ਤੇ ਤਾਂ ਉਨ੍ਹਾਂ ਦੀਆਂ ਫ਼ੌਜਾਂ ਜ਼ਾਹਰ ਤੌਰ 'ਤੇ ਇਸਲਾਮੀ ਅੱਤਵਾਦੀ ਸਮੂਹ ਹਯਾਤ ਤਹਿਰੀਰ ਅਲ-ਸ਼ਾਮ (ਐੱਚਟੀਐੱਸ) ਦੀ ਅਗਵਾਈ ਵਾਲੇ ਬਾਗੀਆਂ ਨੂੰ ਰੋਕਣ ਦੀਆਂ ਇੱਛੁਕ ਵੀ ਨਹੀਂ ਸਨ।
ਸਭ ਤੋਂ ਪਹਿਲਾਂ ਉਨ੍ਹਾਂ ਬਾਗੀਆਂ ਨੇ ਲਗਭਗ ਬਿਨਾਂ ਕਿਸੇ ਵਿਰੋਧ ਦੇ ਪਿਛਲੇ ਹਫ਼ਤੇ ਦੇਸ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਅਲੇਪੋ 'ਤੇ ਕਬਜ਼ਾ ਕਰ ਲਿਆ।
ਇਸ ਦੇ ਬਾਅਦ ਹਾਮਾ ਅਤੇ ਕੁਝ ਦਿਨਾਂ ਮਗਰੋਂ ਸੀਰੀਆ ਦਾ ਮੁੱਖ ਕੇਂਦਰ ਹੋਮਸ ਵੀ ਉਨ੍ਹਾਂ ਦੇ ਕਬਜ਼ੇ 'ਚ ਸੀ।
ਬਾਗੀਆਂ ਦੇ ਪੂਰਬ ਅਤੇ ਦੱਖ਼ਣ ਤੋਂ ਵੀ ਅੱਗੇ ਵਧਣ ਨਾਲ ਅਸਦ ਦੀ ਫੌਜ ਡੇਮਾਸਕਸ ਛੱਡ ਕੇ ਭੱਜ ਗਈ।
ਜਿਸ ਦੇ ਚਲਦੇ ਕੁਝ ਹੀ ਘੰਟਿਆਂ ਬਾਅਦ ਹੀ ਬਾਗੀ ਅਸਦ ਦੀ ਸੱਤਾ ਦੀ ਸੀਟ ਯਾਨੀ ਸੀਰੀਆ ਦੀ ਰਾਜਧਾਨੀ ਡੇਮਾਸਕਸ ਵਿੱਚ ਦਾਖਲ ਹੋ ਗਏ।

ਤਸਵੀਰ ਸਰੋਤ, Getty Images
ਇਸ ਪਤਨ ਨਾਲ ਖ਼ੇਤਰ 'ਚ ਕਿਹੜੇ ਬਦਲਾਵ ਆਉਣਗੇ
ਅਸਦ ਪਰਿਵਾਰ ਦੇ ਪੰਜ ਦਹਾਕਿਆਂ ਦੇ ਸ਼ਾਸਨ ਦਾ ਅੰਤ ਖੇਤਰ ਵਿੱਚ ਸ਼ਕਤੀ ਸੰਤੁਲਨ ਨੂੰ ਮੁੜ ਆਕਾਰ ਦੇਵੇਗਾ।
ਇਸ ਪਤਨ ਦੇ ਨਾਲ ਈਰਾਨ ਦੇ ਪ੍ਰਭਾਵ ਨੂੰ ਵੀ ਮੁੜ ਇੱਕ ਵੱਡਾ ਝਟਕਾ ਲੱਗਾ ਹੈ।
ਅਸਦ ਦੇ ਅਧੀਨ ਸੀਰੀਆ ਈਰਾਨੀਆਂ ਅਤੇ ਹਿਜ਼ਬੁੱਲਾ ਵਿਚਾਲੇ ਇੱਕ ਮਹੱਤਵਪੂਰਨ ਘੜੀ ਸੀ। ਇਹ ਘੜੀ ਸਮੂਹ ਦੇ ਹਥਿਆਰਾਂ ਅਤੇ ਗੋਲਾ ਬਾਰੂਦ ਦੀ ਪਹੁੰਚ ਲਈ ਵੀ ਬਹੁਤ ਅਹਿਮ ਸੀ।
ਇਜ਼ਰਾਈਲ ਨਾਲ ਸਾਲ ਭਰ ਚੱਲੀ ਜੰਗ ਤੋਂ ਬਾਅਦ ਹਿਜ਼ਬੁੱਲਾ ਖੁਦ ਬੁਰੀ ਤਰ੍ਹਾਂ ਕਮਜ਼ੋਰ ਹੋ ਗਿਆ ਹੈ ਅਤੇ ਇਸ ਦਾ ਆਪਣਾ ਭਵਿੱਖ ਅਨਿਸ਼ਚਿਤ ਹੈ।
ਇਕ ਹੋਰ ਈਰਾਨੀ ਸਮਰਥਨ ਵਾਲੇ ਧੜੇ ਯਮਨ ਦੇ ਹਾਉਥੀਆਂ ਨੂੰ ਵਾਰ-ਵਾਰ ਹਵਾਈ ਹਮਲਿਆਂ ਵਿਚ ਨਿਸ਼ਾਨਾ ਬਣਾਇਆ ਗਿਆ ਹੈ।
ਇਹ ਸਾਰੇ ਧੜੇ, ਇਰਾਕ ਵਿੱਚ ਮਿਲੀਸ਼ੀਆ ਅਤੇ ਗਾਜ਼ਾ ਵਿੱਚ ਹਮਾਸ, ਰਲ ਕੇ ਇੱਕ ਅਜਿਹਾ ਸਮੂਹ ਬਣਾਉਂਦੇ ਹਨ ਜਿਸ ਨੂੰ ਤਹਿਰਾਨ 'ਵਿਰੋਧ ਦੇ ਧੁਰੇ' ਵਜੋਂ ਬਿਆਨ ਕਰਦਾ ਹੈ।
ਪਰ ਹੁਣ ਇਹ ਸਮੂਹ ਗੰਭੀਰ ਰੂਪ ਵਿੱਚ ਨੁਕਸਾਨਿਆ ਗਿਆ ਹੈ।
ਇਹ ਨਵੀਂ ਤਸਵੀਰ ਇਜ਼ਰਾਈਲ ਵਿੱਚ ਜਸ਼ਨ ਦਾ ਕਾਰਨ ਬਣੇਗੀ ਜਿੱਥੇ ਈਰਾਨ ਦੀ ਹੋਂਦ ਨੂੰ ਖਤਰੇ ਵਜੋਂ ਦੇਖਿਆ ਜਾਂਦਾ ਹੈ।

ਤਸਵੀਰ ਸਰੋਤ, Getty Images
ਕੀ ਤੁਰਕੀ ਇਸ 'ਚ ਸ਼ਾਮਲ ਹੈ ?
ਕਈਆਂ ਦਾ ਮੰਨਣਾ ਹੈ ਕਿ ਇਹ ਹਮਲਾ ਤੁਰਕੀ ਦੇ ਸਮਰੱਥਨ ਤੋਂ ਬਿਨਾਂ ਨਹੀਂ ਹੋ ਸਕਦਾ ਸੀ।
ਤੁਰਕੀ, ਜੋ ਸੀਰੀਆ ਵਿੱਚ ਕੁਝ ਬਾਗੀਆਂ ਦਾ ਸਮਰਥਨ ਕਰਦਾ ਹੈ, ਨੇ ਐੱਚਟੀਐੱਸ ਨੂੰ ਸਮਰਥਨ ਦੇਣ ਤੋਂ ਇਨਕਾਰ ਕੀਤਾ ਹੈ।
ਕੁਝ ਸਮੇਂ ਲਈ, ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤੈਯਪ ਏਰਦੋਗਨ ਨੇ ਅਸਦ 'ਤੇ ਸੰਘਰਸ਼ ਦਾ ਕੂਟਨੀਤਕ ਹੱਲ ਲੱਭਣ ਲਈ ਗੱਲਬਾਤ ਵਿੱਚ ਸ਼ਾਮਲ ਹੋਣ ਲਈ ਦਬਾਅ ਪਾਇਆ ਸੀ ਤਾਂ ਜੋ ਸੀਰੀਆਈ ਸ਼ਰਨਾਰਥੀਆਂ ਦੀ ਵਾਪਸੀ ਸੰਭਵ ਹੋ ਸਕੇ।
ਅਜਿਹਾ ਇਸ ਕਰਕੇ ਕਿਉਂਕਿ ਉਨ੍ਹਾਂ ਵਿੱਚੋਂ ਘੱਟੋ-ਘੱਟ ਤਿੰਨ ਮਿਲੀਅਨ ਸ਼ਰਨਾਰਥੀ ਤੁਰਕੀ ਵਿੱਚ ਹਨ, ਅਤੇ ਇਹ ਸਥਾਨਕ ਤੌਰ 'ਤੇ ਇੱਕ ਸੰਵੇਦਨਸ਼ੀਲ ਮੁੱਦਾ ਹੈ।
ਪਰ ਅਸਦ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਸੀ।
ਅਸਦ ਨੂੰ ਜਾਂਦੇ ਦੇਖ ਬਹੁਤ ਸਾਰੇ ਲੋਕ ਖੁਸ਼ ਹਨ।
ਪਰ ਅੱਗੇ ਕੀ ਹੁੰਦਾ ਹੈ? ਐੱਚਟੀਐੱਸ ਦੀਆਂ ਜੜ੍ਹਾਂ ਅਲ-ਕਾਇਦਾ ਵਿੱਚ ਹਨ ਅਤੇ ਇਸ ਸਮੂਹ ਦਾ ਇੱਕ ਹਿੰਸਕ ਅਤੀਤ ਹੈ।
ਐੱਚਟੀਐੱਸ ਨੇ ਪਿਛਲੇ ਕੁਝ ਸਾਲ ਆਪਣੇ ਆਪ ਨੂੰ ਇੱਕ ਰਾਸ਼ਟਰਵਾਦੀ ਸ਼ਕਤੀ ਵਜੋਂ ਦਿਖਾਉਣ ਵਿੱਚ ਬਿਤਾਏ ਹਨ, ਅਤੇ ਉਨ੍ਹਾਂ ਦੇ ਤਾਜ਼ਾ ਸੰਦੇਸ਼ਾਂ ਵਿੱਚ ਇੱਕ ਕੂਟਨੀਤਕ ਅਤੇ ਸੁਲ੍ਹਾ-ਸਫਾਈ ਵਾਲਾ ਸੁਰ ਹੈ।
ਪਰ ਬਹੁਤੀਆਂ ਨੂੰ ਇਸ ਗੱਲ 'ਦੇ ਯਕੀਨ ਨਹੀਂ ਹੈ ਅਤੇ ਉਹ ਇਸ ਬਾਰੇ ਚਿੰਤਤ ਹਨ ਕਿ ਐੱਚਟੀਐੱਸ ਸ਼ਾਸਨ ਨੂੰ ਡੇਗਣ ਤੋਂ ਬਾਅਦ ਕੀ ਕਰਨ ਦੀ ਯੋਜਨਾ ਬਣਾ ਰਹੇ ਹਨ।
ਉੱਥੇ ਹੀ ਅਜਿਹੇ ਨਾਟਕੀ ਬਦਲਾਅ ਸੱਤਾ 'ਚ ਇੱਕ ਖ਼ਤਰਨਾਕ ਖਾਲੀਪਣ ਲਿਆ ਸਕਦੇ ਹਨ, ਜਿਸ ਦੇ ਨਾਲ ਹਫੜਾ-ਦਫੜੀ ਅਤੇ ਹੋਰ ਵੀ ਹਿੰਸਾਵਾਦੀ ਮਾਹੌਲ ਪੈਦਾ ਹੋ ਸਕਦਾ ਹੈ।

ਤਸਵੀਰ ਸਰੋਤ, AFP
ਸੀਰੀਆ ਦੇ ਮੁੱਖ ਸ਼ਹਿਰਾ 'ਤੇ ਹੁਣ ਇਸਲਾਮਿਕ ਕੱਟੜਪੰਥੀ ਸਮੂਹ ਹਯਾਤ ਤਹਿਰੀਰ ਅਲ-ਸ਼ਾਮ (ਐੱਚਟੀਐੱਸ ) ਨੇ ਕਬਜ਼ਾ ਕਰ ਲਿਆ ਹੈ।
ਐੱਚਟੀਐੱਸ ਮੁੱਖੀ ਅਬੂ ਮੁਹੰਮਦ ਅਲ ਜੁਲਾਨੀ 'ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਆਰੋਪ ਹਨ।
ਹਾਲ ਹੀ ਦੇ ਸਾਲਾਂ ਵਿੱਚ, ਉਨ੍ਹਾਂ ਵਲੋਂ ਦੁਨੀਆ ਦੇ ਸਾਹਮਣੇ ਆਪਣਾ ਉਦਾਰਵਾਦੀ ਚਿਹਰਾ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਅਮਰੀਕਾ ਨੇ ਉਸ ਨੂੰ ਫੜਨ ਲਈ 10 ਮਿਲੀਅਨ ਡਾਲਰ ਦੇ ਇਨਾਮ ਦੀ ਪੇਸ਼ਕਸ਼ ਕੀਤੀ ਹੈ।
ਅਬੂ ਮੁਹੰਮਦ ਅਲ ਜੁਲਾਨੀ ਕੌਣ ਹਨ?
ਅਬੂ ਮੁਹੰਮਦ ਅਲ-ਜੁਲਾਨੀ ਇੱਕ ਉਪਨਾਮ ਹੈ।
ਉਨ੍ਹਾਂ ਦਾ ਅਸਲੀ ਨਾਮ ਅਤੇ ਉਮਰ ਵਿਵਾਦ ਦੇ ਘੇਰੇ 'ਚ ਹੈ।
ਅਮਰੀਕੀ ਪ੍ਰਸਾਰਕ ਪੀਬੀਐੱਸ ਨੇ ਫਰਵਰੀ 2021 ਵਿੱਚ ਅਲ-ਜ਼ੁਲਾਨੀ ਦੀ ਇੰਟਰਵਿਊ ਕੀਤੀ ਸੀ।
ਉਸ ਸਮੇਂ ਜੁਲਾਨੀ ਨੇ ਦੱਸਿਆ ਸੀ ਕਿ ਉਨ੍ਹਾਂ ਦਾ ਜਨਮ ਸਮੇਂ ਨਾਂ ਅਹਿਮਦ ਅਲ ਸ਼ਾਰਾ ਸੀ ਅਤੇ ਉਹ ਸੀਰੀਆਈ ਹਨ।
ਉਨ੍ਹਾਂ ਦਾ ਪਰਿਵਾਰ ਗੋਲਨ ਇਲਾਕੇ ਤੋਂ ਆਇਆ ਸੀ।
ਜੁਲਾਨੀ ਨੇ ਦੱਸਿਆ ਸੀ ਕਿ ਉਸਦਾ ਜਨਮ ਸਾਊਦੀ ਅਰਬ ਦੀ ਰਾਜਧਾਨੀ ਰਿਆਦ ਵਿੱਚ ਹੋਇਆ ਸੀ, ਜਿੱਥੇ ਉਨ੍ਹੇ ਦੇ ਪਿਤਾ ਕੰਮ ਕਰਦੇ ਸਨ।
ਪਰ ਉਹ ਸੀਰੀਆ ਦੀ ਰਾਜਧਾਨੀ ਡੇਮਾਸਕਸ ਵਿੱਚ ਵੱਡੇ ਹੋਏ ਹਨ।
ਹਾਲਾਂਕਿ, ਅਜਿਹੀਆਂ ਰਿਪੋਰਟਾਂ ਵੀ ਹਨ ਕਿ ਉਨ੍ਹਾਂ ਦਾ ਜਨਮ ਪੂਰਬੀ ਸੀਰੀਆ ਵਿੱਚ ਦੇਰ ਏਜ਼-ਜ਼ੋਰ ਵਿੱਚ ਹੋਇਆ ਸੀ ਅਤੇ ਅਜਿਹੀਆਂ ਅਫਵਾਹਾਂ ਵੀ ਹਨ ਕਿ ਉਨ੍ਹਾਂ ਨੇ ਇਸਲਾਮੀ ਕੱਟੜਪੰਥੀ ਬਣਨ ਤੋਂ ਪਹਿਲਾਂ ਮੈਡੀਸਨ ਦੀ ਪੜ੍ਹਾਈ ਕੀਤੀ ਸੀ।
ਸੰਯੁਕਤ ਰਾਸ਼ਟਰ ਅਤੇ ਯੂਰਪੀਅਨ ਯੂਨੀਅਨ ਦੀਆਂ ਰਿਪੋਰਟਾਂ ਦੇ ਅਨੁਸਾਰ, ਉਨ੍ਹਾਂ ਦਾ ਜਨਮ 1975 ਅਤੇ 1979 ਦਰਮਿਆਨ ਹੋਇਆ ਸੀ।
ਇੰਟਰਪੋਲ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਜਨਮ 1979 ਵਿੱਚ ਹੋਇਆ ਸੀ। ਜਦਕਿ ਅਸ-ਸਫੀਰ ਦੀ ਰਿਪੋਰਟ ਵਿੱਚ ਉਨ੍ਹਾਂ ਦੀ ਜਨਮ ਮਿਤੀ 1981 ਦੱਸੀ ਗਈ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












