ਬਸ਼ਰ ਅਲ ਅਸਦ: ਸੀਰੀਆ 'ਤੇ 5 ਦਹਾਕਿਆਂ ਤੋਂ ਰਾਜ ਕਰਨ ਵਾਲੇ ਪਰਿਵਾਰ ਦੇ ਇਸ ਵਾਰਿਸ ਨੂੰ ਕਿਸ ਦੀ ਮੌਤ ਨੇ ਰਾਸ਼ਟਰਪਤੀ ਬਣਾਇਆ

ਬਸ਼ਰ ਅਲ ਅਸਦ

ਤਸਵੀਰ ਸਰੋਤ, Getty Images

ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ ਅਸਦ ਦੇ ਜੀਵਨ ਨਾਲ ਜੁੜੇ ਕਈ ਕਿੱਸੇ ਹਨ, ਪਰ ਸਭ ਤੋਂ ਅਹਿਮ ਕਾਰ ਦੁਰਘਟਨਾ ਸੀ, ਜੋ ਉਨ੍ਹਾਂ ਦੀ ਰਿਹਾਇਸ਼ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਵਾਪਰੀ ਸੀ।

ਬਸ਼ਰ ਅਲ ਅਸਦ ਨੂੰ ਸ਼ੂਰੂਆਤੀ ਦੌਰ ਵਿੱਚ ਆਪਣੇ ਪਿਤਾ ਦੀ ਸੱਤਾ ਸੰਭਾਲਣ ਲਈ ਤਿਆਰ ਨਹੀਂ ਕੀਤਾ ਗਿਆ ਸੀ।

ਪਰ ਉਸ ਦੇ ਭਰਾ ਬਾਸੇਲ ਦੀ ਦਮਿਸ਼ਕ ਦੇ ਨੇੜੇ ਕਾਰ ਹਾਦਸੇ ਵਿੱਚ ਮੌਤ ਤੋਂ ਬਾਅਦ ਸਥਿਤੀ ਬਦਲ ਗਈ।

ਉਸ ਸਮੇਂ ਬਸ਼ਰ ਲੰਡਨ ਵਿੱਚ ਓਪਥੋਮੋਲੋਜੀ (ਅੱਖਾਂ ਦੇ ਰੋਗਾਂ ਸੰਬੰਧੀ) ਦੀ ਪੜਾਈ ਕਰ ਰਹੇ ਸਨ।

ਬਾਸੇਲ ਦੀ ਕਾਰ ਦੁਰਘਟਨਾ ਵਿੱਚ ਮੌਤ ਮਗਰੋਂ ਛੋਟੇ ਭਰਾ ਨੂੰ ਸੀਰੀਆ ਦੀ ਸੱਤਾ ਉੱਤੇ ਕਾਬਜ਼ ਹੋਣ ਲਈ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਗਿਆ।

ਉਨ੍ਹਾਂ ਦੇ ਦੇਸ਼ ਦੀ ਬਾਗਡੋਰ ਸੰਭਾਲਣ ਮਗਰੋਂ ਦੇਸ਼ ਵਿੱਚ ਇੱਕ ਖੂਨੀ ਜੰਗ ਵਾਪਰੀ, ਜਿਸ ਵਿੱਚ ਹਜ਼ਾਰਾਂ ਲੋਕਾਂ ਨੂੰ ਜਾਨਾਂ ਗਵਾਉਣੀਆਂ ਪਈਆ ਅਤੇ ਲੱਖਾਂ ਹੀ ਲੋਕ ਬੇਘਰ ਹੋ ਗਏ।

ਪਰ ਬਸ਼ਰ ਅਲ-ਅਸਦ ਇੱਕ ਡਾਕਟਰ ਤੋਂ ਜੰਗੀ ਅਪਰਾਧਾਂ ਦੇ ਮੁਲਜ਼ਮ ਇੱਕ ਤਾਨਾਸ਼ਾਹ ਨੇਤਾ ਕਿਵੇਂ ਬਣ ਗਏ?

ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਪਿਤਾ ਦੀ ਵਿਰਾਸਤ

 ਬਸ਼ਰ ਦੇ ਪਿਤਾ ਹਾਫਿਜ਼ ਕਰੀਬ ਤੀਹ ਸਾਲਾਂ ਤੱਕ ਸੀਰੀਆ ਦੇ ਰਾਸ਼ਟਰਪਤੀ ਰਹੇ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬਸ਼ਰ ਦੇ ਪਿਤਾ ਹਾਫਿਜ਼ ਕਰੀਬ ਤੀਹ ਸਾਲਾਂ ਤੱਕ ਸੀਰੀਆ ਦੇ ਰਾਸ਼ਟਰਪਤੀ ਰਹੇ

ਬਸ਼ਰ ਅਲ ਅਸਦ ਦਾ ਜਨਮ 1965 ਵਿੱਚ ਹਾਫਿਜ਼ ਅਲ ਅਸਦ ਅਤੇ ਅਨੀਸਾ ਮਖ਼ਲੂਫ਼ ਦੇ ਘਰ ਹੋਇਆ ਸੀ।

ਬਸ਼ਰ ਦਾ ਜਨਮ ਸੀਰੀਆ, ਮੱਧ ਪੂਰਬ ਅਤੇ ਹੋਰਨਾਂ ਧਾਵਾਂ ʼਤੇ ਨਾਟਕੀ ਘਟਨਾਕ੍ਰਮ ਨਾਲ ਹੋਇਆ ਸੀ। ਉਸ ਸਮੇਂ ਖੇਤਰੀ ਰਾਜਨੀਤੀ ਵਿੱਚ ਅਰਬ ਰਾਸ਼ਟਰਵਾਦ ਦਾ ਦਬਦਬਾ ਸੀ ਅਤੇ ਸੀਰੀਆ ਵਿੱਚ ਵੀ ਹਾਲਾਤ ਕੁਝ ਵੱਖਰੇ ਨਹੀਂ ਸਨ।

ਬਾਥ ਪਾਰਟੀ ਮਿਸਰ ਅਤੇ ਸੀਰੀਆ (1958-1961) ਦੇ ਵਿਚਕਾਰ ਬਣੀ ਯੂਨਿਅਨ ਦੀ ਅਸਫ਼ਲਤਾ ਤੋਂ ਬਾਅਦ ਸੱਤਾ ʼਤੇ ਕਾਬਜ਼ ਰਹੀ ਅਤੇ ਅਰਬ ਰਾਸ਼ਟਰਵਾਦ ਨੂੰ ਅੱਗੇ ਵਧਾਇਆ।

ਉਸ ਸਮੇਂ ਦੇ ਬਹੁਤੇ ਅਰਬ ਦੇਸ਼ਾ ਵਾਂਗ ਸੀਰੀਆ ਵੀ ਲੋਕਤਾਂਤਰਿਕ ਨਹੀਂ ਸੀ ਅਤੇ ਬਹੁ ਪਾਰਟੀ ਚੋਣਾਂ ਦੀ ਕਮੀ ਸੀ।

ਅਲਵਾਈਤ ਭਾਈਚਾਰਾ ਸੀਰੀਆ ਦੇ ਸਭ ਤੋਂ ਪਿਛੜੇ ਲੋਕਾਂ ਵਿੱਚੋਂ ਇੱਕ ਸੀ। ਅਸਦ ਪਰਿਵਾਰ ਵੀ ਇਸੇ ਭਾਈਚਾਰੇ ਨਾਲ ਸਬੰਧੰਤ ਸੀ।

ਆਰਥਿਕ ਤੰਗੀ ਨੇ ਇਸ ਦੇ ਬਹੁਤੇ ਮੈਂਬਰਾਂ ਨੂੰ ਸੀਰੀਆ ਦੀ ਫੌਜ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ। ਹਾਫਿਜ਼ ਅਲ ਅਸਦ ਨੇ ਇੱਕ ਫੌਜੀ ਅਫ਼ਸਰ ਅਤੇ ਬਾਥ ਪਾਰਟੀ ਦੇ ਕੱਟੜ ਸਮਰਥਕ ਵਜੋਂ ਪ੍ਰਮੁੱਖਤਾ ਹਾਸਲ ਕੀਤੀ। ਉਹ 1966 ਵਿੱਚ ਰੱਖਿਆ ਮੰਤਰੀ ਬਣੇ।

ਫਿਰ ਹਾਫਿਜ਼ ਅਲ ਅਸਦ ਨੇ ਸੱਤਾ ਨੂੰ ਮਜ਼ਬੂਤ ਕੀਤਾ ਤੇ 1971 ਵਿੱਚ ਰਾਸ਼ਟਰਪਤੀ ਬਣੇ। ਸਾਲ 2000 ਤੱਕ ਉਹ ਇਸ ਅਹੁਦੇ ʼਤੇ ਰਹੇ।

ਇਸ ਕਾਰਜਕਾਲ ਵਿੱਚ ਸੀਰੀਆ ਨੇ ਕਈ ਫੌਜੀ ਤਖਤਾਪਲਟ ਦੇਖੇ ਸਨ।

ਉਨ੍ਹਾਂ ਨੇ ਸਖ਼ਤੀ ਨਾਲ ਰਾਜ ਕੀਤਾ, ਵਿਰੋਧੀ ਧਿਰ ਨੂੰ ਦਬਾਇਆ ਅਤੇ ਲੋਕਤੰਤਰੀ ਚੋਣਾਂ ਨੂੰ ਰੱਦ ਕੀਤਾ।

ਉਨ੍ਹਾਂ ਨੇ ਵਿਦੇਸ਼ ਨੀਤੀ ਵਿਹਾਰਕ ਪ੍ਰਦਰਸ਼ਨ ਕੀਤਾ, ਸੋਵੀਅਤ ਯੂਨੀਅਨ ਨਾਲ ਗਠਜੋੜ ਕੀਤਾ, ਫਿਰ ਵੀ 1991 ਵਿੱਚ ਖਾੜੀ ਜੰਗ ਵਿੱਚ ਅਮਰੀਕਾ ਦੀ ਅਗਵਾਈ ਵਾਲੇ ਗਠਜੋੜ ਵਿੱਚ ਸ਼ਾਮਲ ਹੋ ਗਏ।

ਪੜਾਈ ਅਤੇ ਲੰਡਨ

ਬਸ਼ਰ ਆਪਣੀ ਪਤਨੀ ਅਸਮਾ ਅਲ-ਅਖਰਾਸ ਨਾਲ ਲੰਡਨ ਵਿੱਚ ਮਿਲੇ ਸਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬਸ਼ਰ ਆਪਣੀ ਪਤਨੀ ਅਸਮਾ ਅਲ-ਅਖਰਾਸ ਨਾਲ ਲੰਡਨ ਵਿੱਚ ਮਿਲੇ ਸਨ

ਬਸ਼ਰ ਅਸਦ ਨੇ ਸਿਆਸਤ ਅਤੇ ਫੌਜ ਤੋਂ ਪਰੇ ਇੱਕ ਵੱਖਰਾ ਰਸਤਾ ਅਖ਼ਤਿਆਰ ਕੀਤਾ। ਉਨ੍ਹਾਂ ਨੇ ਡਾਕਟਰੀ ਪੜ੍ਹਾਈ ਕਰਨ ਦਾ ਫ਼ੈਸਲਾ ਕੀਤਾ।

ਉਹ ਦਮਿਸ਼ਕ ਯੂਨੀਵਰਸਿਟੀ ਤੋਂ ਗ੍ਰੈਜੂਏਟ ਹੋਣ ਮਗਰੋਂ 1992 ਵਿੱਚ ਲੰਡਨ ਦੇ ਵੈਸਟਰਨ ਆਈ ਹਸਪਤਾਲ ਵਿੱਚ ਓਪਥੋਮੋਲੋਜੀ ਦੀ ਪੜ੍ਹਾਈ ਕਰਨ ਲਈ ਯੂਕੇ ਚਲੇ ਗਏ।

ਬੀਬੀਸੀ ਦੀ 2018 ਦੀ ਡਾਕੁਊਮੈਂਟਰੀ ʻਏ ਡੈਂਜਰਸ ਡਾਇਨੇਸਟੀ: ਦਿ ਅਸਦਜ਼ʻ ਦੇ ਮੁਤਾਬਕ, ਬਸ਼ਰ ਨੇ ਲੰਡਨ ਵਿੱਚ ਜ਼ਿੰਦਗੀ ਦਾ ਆਨੰਦ ਮਾਣਿਆ।

ਉਨ੍ਹਾਂ ਨੇ ਅੰਗਰੇਜ਼ੀ ਗਾਇਕ ਫਿਲ ਕੋਲਿੰਸ ਦੀ ਪ੍ਰਸ਼ੰਸਾ ਕੀਤੀ ਅਤੇ ਪੱਛਮੀ ਸੱਭਿਆਚਾਰ ਦੇ ਪਹਿਲੂਆਂ ਨੂੰ ਅਪਣਾਇਆ।

ਬਸ਼ਰ ਦੀ ਲੰਡਨ ਵਿੱਚ ਆਪਣੀ ਹੋਣ ਵਾਲੀ ਪਤਨੀ ਅਸਮਾ ਅਲ ਅਖ਼ਰਾਸ ਨਾਲ ਮੁਲਾਕਾਤ ਹੋਈ।

ਅਸਮਾ ਕਿੰਗਜ਼ ਕਾਲਜ ਲੰਡਨ ਵਿੱਚ ਕੰਪਿਊਟਰ ਸਾਇੰਸ ਦੀ ਪੜ੍ਹਾਈ ਕਰ ਰਹੇ ਸਨ ਅਤੇ ਬਾਅਦ ਵਿੱਚ ਐੱਮਬੀਏ ਪ੍ਰੋਗਰਾਮ ਲਈ ਹਾਰਵਰਡ ਯੂਨੀਵਰਸਿਟੀ ਵਿੱਚ ਚੱਲੇ ਗਏ ਸੀ।

ਹਾਲਾਂਕਿ ਉਨ੍ਹਾਂ ਦੀ ਜ਼ਿੰਦਗੀ ਨੇ ਜਲਦੀ ਹੀ ਇੱਕ ਵੱਖਰਾ ਮੋੜ ਲੈ ਲਿਆ।

ਹਾਫ਼ਿਜ਼ ਅਲ ਅਸਦ ਦੇ ਦੂਜੇ ਬੇਟੇ ਵਜੋਂ, ਬਸ਼ਰ ਦਾ ਅਕਸ ਕਾਫੀ ਹਦ ਤੱਕ ਉਨ੍ਹਾਂ ਦੇ ਵੱਡੇ ਭਰਾ ਬਾਸੇਲ ਸਾਹਮਣੇ ਕਮਜ਼ੋਰ ਪੈ ਗਿਆ ਸੀ, ਜਿਨ੍ਹਾਂ ਨੂੰ ਅਗਲਾ ʻਉਤਰਾਧਿਕਾਰੀʼ ਸਮਝਿਆ ਜਾ ਰਿਹਾ ਸੀ।

ਪਰ ਜਨਵਰੀ 1994 ਵਿੱਚ ਬਾਸੇਲ ਦੀ ਦੁਰਘਟਨਾ ਵਿੱਚ ਮੌਤ ਨੇ ਬਸ਼ਰ ਦੇ ਜੀਵਨ ਨੂੰ ਵੱਡੇ ਪੱਧਰ ਉੱਤੇ ਬਦਲ ਦਿੱਤਾ। ਉਨ੍ਹਾਂ ਨੂੰ ਲੰਡਨ ਤੋਂ ਤੁਰੰਤ ਵਾਪਸ ਬੁਲਾਇਆ ਗਿਆ ਤਾਂ ਜੋ ਸੀਰੀਆ ਦੇ ਅਗਲੇ ਲੀਡਰ ਵਜੋਂ ਤਿਆਰ ਕੀਤਾ ਜਾ ਸਕੇ।

ਬਸ਼ਰ ਫੌਜ ਵਿੱਚ ਸ਼ਾਮਲ ਹੋ ਗਏ ਅਤੇ ਭਵਿੱਖ ਵਿੱਚ ਆਪਣੀ ਭੂਮਿਕਾ ਦੀ ਤਿਆਰੀ ਵਿੱਚ ਆਪਣਾ ਜਨਤਕ ਅਕਸ ਬਣਾਉਣ ਲੱਗੇ।

ਬਦਲਾਅ ਦਾ ਸੁਪਨਾ

ਅਸਦ ਪਰਿਵਾਰ ਨੇ ਅੱਧੀ ਸਦੀ ਤੱਕ ਸੀਰੀਆ 'ਤੇ ਰਾਜ ਕੀਤਾ ਹੈ

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ, ਅਸਦ ਪਰਿਵਾਰ ਨੇ ਅੱਧੀ ਸਦੀ ਤੱਕ ਸੀਰੀਆ 'ਤੇ ਰਾਜ ਕੀਤਾ ਹੈ

ਹਾਫਿਜ਼ ਅਲ ਅਸਦ ਦੀ ਜੂਨ 2000 ਵਿੱਚ ਮੌਤ ਹੋ ਗਈ ਸੀ ਅਤੇ 34 ਸਾਲਾ ਬਸ਼ਰ ਨੂੰ ਤੁਰੰਤ ਰਾਸ਼ਟਰਪਤੀ ਬਣਾ ਦਿੱਤਾ ਗਿਆ ਸੀ। ਇਸ ਲਈ ਸੀਰੀਆ ਦੇ ਸੰਵਿਧਾਨ ਵਿੱਚ ਸੋਧ ਕਰਕੇ ਘੱਟੋ-ਘੱਟ ਉਮਰ ਦੀ ਲੋੜ ਨੂੰ 40 ਤੋਂ ਘੱਟ ਕਰ ਦਿੱਤਾ ਗਿਆ ਸੀ।

ਬਸ਼ਰ ਅਸਦ ਨੇ ਸਾਲ 2000 ਦੀਆਂ ਗਰਮੀਆਂ ਵਿੱਚ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕੀ। ਉਨ੍ਹਾਂ ਨੇ ਪਾਰਦਰਸ਼ਤਾ, ਲੋਕਤੰਤਰ, ਵਿਕਾਸ, ਆਧੁਨਿਕੀਕਰਨ, ਜਵਾਬਦੇਹੀ ਅਤੇ ਸੰਸਥਾਗਤ ਸੋਚ ਦੀ ਗੱਲ ਕੀਤੀ।

ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਦੇ ਕੁਝ ਮਹੀਨਿਆਂ ਮਗਰੋਂ ਬਸ਼ਰ ਨੇ ਅਸਮਾ ਅਲ-ਅਖ਼ਰਾਸ ਨਾਲ ਵਿਆਹ ਕਰਵਾ ਲਿਆ। ਉਨ੍ਹਾਂ ਦੇ ਹਾਫਿਜ਼, ਜ਼ੀਨ ਅਤੇ ਕਰੀਮ ਨਾਂ ਦੇ ਤਿੰਨ ਬੱਚੇ ਹਨ।

ਬਸ਼ਰ ਦੀ ਸ਼ੁਰੂ ਵਿੱਚ ਸਿਆਸੀ ਸੁਧਾਰ ਅਤੇ ਮੀਡੀਆ ਦੀ ਆਜ਼ਾਦੀ ਬਾਰੇ ਬਿਆਨਬਾਜ਼ੀ ਨੇ ਬਹੁਤ ਸਾਰੇ ਸੀਰੀਆਈ ਲੋਕਾਂ ਵਿੱਚ ਉਮੀਦ ਜਗਾਈ। ਉਨ੍ਹਾਂ ਦੀ ਅਗਵਾਈ ਸ਼ੈਲੀ ਅਤੇ ਅਸਮਾ ਦੀ ਪੱਛਮੀ ਸਿੱਖਿਆ ਤਬਦੀਲੀ ਦੇ ਨਵੇਂ ਯੁੱਗ ਦਾ ਸੰਕੇਤ ਦਿੰਦੀ ਜਾਪਦੀ ਸੀ।

ਸੀਰੀਆ ਨੇ ਥੋੜ੍ਹੇ ਸਮੇਂ ਲਈ ਜਨਤਕ ਬਹਿਸਾਂ ਅਤੇ ਪ੍ਰਗਟਾਵੇ ਦੀ ਆਜ਼ਾਦੀ ਦਾ ਅਨੁਭਵ ਕੀਤਾ ਜਿਸ ਨੂੰ "ਦਮਿਸ਼ਕ ਸਪਰਿੰਗ" ਵਜੋਂ ਜਾਣਿਆ ਜਾਂਦਾ ਹੈ।

ਪਰ 2001 ਤੱਕ ਸੁਰੱਖਿਆ ਬਲਾਂ ਨੇ ਸਖ਼ਤੀ ਦੀ ਕਾਰਵਾਈਆਂ ਮੁੜ ਸ਼ੁਰੂ ਕਰ ਦਿੱਤੀਆ ਅਤੇ ਅਵਾਜ਼ ਚੁੱਕਣ ਵਾਲੇ ਵਿਰੋਧੀਆਂ ਨੂੰ ਗ੍ਰਿਫ਼ਤਾਰ ਕਰਨਾ ਸ਼ੁਰੂ ਕਰ ਦਿੱਤਾ।

ਬਸ਼ਰ ਨੇ ਸੀਮਤ ਆਰਥਿਕ ਸੁਧਾਰਾਂ ਦੀ ਸ਼ੁਰੂਆਤ ਕੀਤੀ। ਇਸ ਵਿੱਚ ਨਿੱਜੀ ਖੇਤਰ ਨੂੰ ਉਤਸ਼ਾਹਿਤ ਕੀਤਾ ਗਿਆ।

ਉਨ੍ਹਾਂ ਦੇ ਰਾਸ਼ਟਰਪਤੀ ਕਾਰਜਕਾਲ ਦੇ ਸ਼ੁਰੂਆਤੀ ਸਾਲਾਂ ਵਿੱਚ ਉਨ੍ਹਾਂ ਦੇ ਚਾਚੇ ਦੇ ਮੁੰਡੇ ਰਾਮੀ ਮਖ਼ਲੌਫ਼ ਦੇ ਕੱਦ ਵਿੱਚ ਵੀ ਵਾਧਾ ਹੋਇਆ।

ਮਖ਼ਲੌਫ਼ ਨੇ ਵਿਸ਼ਾਲ ਆਰਥਿਕ ਸਾਮਰਾਜ ਦੀ ਸਥਾਪਨਾ ਕੀਤੀ, ਜਿਸ ਬਾਰੇ ਆਲੋਚਕਾਂ ਦਾ ਕਹਿਣਾ ਹੈ ਕਿ ਇਹ ਵਿੱਤੀ ਅਤੇ ਸ਼ਕਤੀ ਦੇ ਮਿਸ਼ਰਨ ਦਾ ਪ੍ਰਤੀਕ ਸੀ।

ਇਰਾਕ ਅਤੇ ਲੇਬਨਾਨ

ਲੇਬਨਾਨ ਦੇ ਸਾਬਕਾ ਪ੍ਰਧਾਨ ਮੰਤਰੀ ਰਫੀਕ ਹਰੀਰੀ ਦੇ ਕਤਲ ਨੇ ਬਸ਼ਰ ਅਲ-ਅਸਦ 'ਤੇ ਹੋਰ ਦਬਾਅ ਪਾਇਆ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਲੇਬਨਾਨ ਦੇ ਸਾਬਕਾ ਪ੍ਰਧਾਨ ਮੰਤਰੀ ਰਫੀਕ ਹਰੀਰੀ ਦੇ ਕਤਲ ਨੇ ਬਸ਼ਰ ਅਲ-ਅਸਦ 'ਤੇ ਹੋਰ ਦਬਾਅ ਪਾਇਆ

2003 ਦੀ ਇਰਾਕ ਜੰਗ ਨੇ ਬਸ਼ਰ ਅਲ-ਅਸਦ ਅਤੇ ਪੱਛਮੀ ਸਰਕਾਰਾਂ ਦੇ ਸਬੰਧਾਂ ਵਿਚਕਾਰ ਵਿਗਾੜ ਪੈਦਾ ਕੀਤਾ ਸੀ।

ਸੀਰੀਆ ਦੇ ਰਾਸ਼ਟਰਪਤੀ ਨੇ ਇਰਾਕ 'ਤੇ ਅਮਰੀਕਾ ਦੀ ਅਗਵਾਈ ਵਾਲੇ ਹਮਲੇ ਦਾ ਵਿਰੋਧ ਕੀਤਾ, ਜਿਸ ਨੂੰ ਕੁਝ ਲੋਕਾਂ ਨੇ ਉਸ ਦੇ ਡਰ ਦਾ ਕਾਰਨ ਦੱਸਿਆ।

ਕੁਝ ਲੋਕਾਂ ਦਾ ਤਰਕ ਸੀ ਕਿ ਸੀਰੀਆ ਅਮਰੀਕੀ ਫੌਜੀ ਕਾਰਵਾਈ ਦਾ ਅਗਲਾ ਨਿਸ਼ਾਨਾ ਹੋ ਸਕਦਾ ਹੈ।

ਅਮਰੀਕਾ ਨੇ ਸੀਰੀਆ ਕੱਟੜਪੰਥੀਆਂ ਨੂੰ ਦੋਵਾਂ ਦੇਸ਼ਾਂ ਵਿਚਕਾਰ ਲੰਬੀ ਸਰਹੱਦ ਪਾਰ ਕਰਨ ਦੀ ਆਗਿਆ ਦੇਣ ਦਾ ਇਲਜ਼ਾਮ ਲਗਾਇਆ ਅਤੇ ਨਾਲ ਹੀ ਇਰਾਕ 'ਤੇ ਅਮਰੀਕੀ ਕਬਜ਼ੇ ਦਾ ਵਿਰੋਧ ਕਰਨ ਵਾਲੇ ਵਿਦਰੋਹੀਆਂ ਨੂੰ ਹਥਿਆਰਾਂ ਦੀ ਤਸਕਰੀ ਕਰਨ ਦਾ ਵੀ ਤਰਕ ਦਿੱਤਾ।

ਇਸ ਦੇ ਮਦੇਨਜ਼ਰ ਦਸੰਬਰ 2003 ਵਿੱਚ ਅਮਰੀਕਾ ਨੇ ਵੱਖ-ਵੱਖ ਕਾਰਨਾਂ ਕਰਕੇ ਸੀਰੀਆ ਉੱਤੇ ਪਾਬੰਦੀਆਂ ਲਗਾ ਦਿੱਤੀਆ। ਇਸ ਸੰਬੰਧੀ ਕਾਰਨ ਇਰਾਕ ਦੇ ਨਾਲ-ਨਾਲ ਲੇਬਨਾਨ ਵਿੱਚ ਸੀਰੀਆ ਦੀ ਮੌਜੂਦਗੀ ਨਾਲ ਵੀ ਜੁੜੇ ਹੋਏ ਸਨ।

ਸੀਰੀਆ ਦੇ ਮੁੱਖ ਵਿਰੋਧੀਆਂ ਵਿੱਚੋਂ ਇੱਕ ਲੇਬਨਾਨ ਦੇ ਸਾਬਕਾ ਪ੍ਰਧਾਨ ਮੰਤਰੀ ਰਫੀਕ ਹਰੀਰੀ ਫਰਵਰੀ 2005 ਵਿੱਚ ਲੇਬਨਾਨ ਦੇ ਕੇਂਦਰੀ ਬੇਰੂਤ ਵਿੱਚ ਇੱਕ ਵੱਡੇ ਧਮਾਕੇ ਦੌਰਾਨ ਮਾਰੇ ਜਾਂਦੇ ਹਨ। ਸੀਰੀਆ ਅਤੇ ਇਸ ਦੇ ਸਹਿਯੋਗੀਆਂ ਵੱਲ ਇਸ ਹਮਲੇ ਦੇ ਇਲਜਾਮ ਲੱਗੇ ਸਨ।

ਅੰਤਰਰਾਸ਼ਟਰੀ ਦਬਾਅ ਦੇ ਨਾਲ ਹੀ ਲੇਬਨਾਨ ਵਿੱਚ ਵੀ ਵੱਡੇ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ। ਜਿਸ ਕਾਰਨ ਸੀਰੀਆ ਦੀ ਫੌਜ ਨੂੰ 30 ਸਾਲਾਂ ਦੀ ਮੌਜੂਦਗੀ ਤੋਂ ਬਾਅਦ ਲੇਬਨਾਨ ਤੋਂ ਵਾਪਸ ਆਉਣਾ ਪਿਆ ਸੀ।

ਇਸ ਦੇ ਬਾਵਜੂਦ ਅਸਦ ਅਤੇ ਉਸ ਦੇ ਮੁੱਖ ਲੇਬਨਾਨੀ ਸਹਿਯੋਗੀ ਹਿਜ਼ਬੁੱਲਾ ਨੇ ਹਰੀਰੀ ਦੇ ਕਤਲ ਵਿੱਚ ਸ਼ਮੂਲਿਅਤ ਤੋਂ ਲਗਾਤਾਰ ਇਨਕਾਰ ਕਰਦੇ ਰਹੇ। ਭਾਵੇਂ ਕਿ ਇੱਕ ਵਿਸ਼ੇਸ਼ ਅੰਤਰਰਾਸ਼ਟਰੀ ਟ੍ਰਿਬਿਊਨਲ ਨੇ 2020 ਵਿੱਚ ਇੱਕ ਹਿਜ਼ਬੁੱਲਾ ਮੈਂਬਰ ਨੂੰ ਅਪਰਾਧ ਵਿੱਚ ਸ਼ਾਮਲ ਹੋਣ ਦਾ ਦੋਸ਼ੀ ਠਹਿਰਾਇਆ ਸੀ।

"ਅਰਬ ਸਪਰਿੰਗ"

ਪ੍ਰਦਰਸ਼ਨਕਾਰੀਆਂ ਨੇ ਅਸਦ ਅਤੇ ਉਸ ਦੇ ਪਿਤਾ ਦੇ ਪੋਸਟਰ ਪਾੜ ਦਿੱਤੇ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, "ਅਰਬ ਸਪਰਿੰਗ" ਵਿਰੋਧ ਪ੍ਰਦਰਸ਼ਨ 2011 ਵਿੱਚ ਸੀਰੀਆ ਵਿੱਚ ਪਹੁੰਚਿਆ

ਬਸ਼ਰ ਅਲ-ਅਸਦ ਦੇ ਸ਼ਾਸਨ ਦੇ ਪਹਿਲੇ ਦਹਾਕੇ ਵਿੱਚ ਈਰਾਨ ਦੇ ਨਾਲ ਸੀਰੀਆ ਦੇ ਸਬੰਧਾਂ ਵਿੱਚ ਮਜ਼ਬੂਤੀ ਆਈ ਅਤੇ ਕਤਰ ਅਤੇ ਤੁਰਕੀ ਦੋਵਾਂ ਨਾਲ ਹੋਰ ਚੰਗੇ ਸਬੰਧ ਕਾਇਮ ਹੋਏ। ਭਾਵੇਂ ਕਿ ਇਹ ਸਬੰਧ ਬਾਅਦ ਵਿੱਚ ਬਦਲ ਗਏ।

ਸਾਊਦੀ ਅਰਬ ਨਾਲ ਸਬੰਧਾਂ ਵਿੱਚ ਲਗਾਤਾਰ ਉਤਰਾਅ-ਚੜ੍ਹਾਅ ਵੇਖਣ ਨੂੰ ਮਿਲਿਆ ਭਾਵੇ ਕਿ ਰਿਆਦ ਨੇ ਸ਼ੁਰੂਆਤੀ ਦੌਰ ਵਿੱਚ ਰਾਸ਼ਟਰਪਤੀ ਦਾ ਸਮਰਥਨ ਕੀਤਾ ਸੀ।।

ਬਸ਼ਰ ਅਲ-ਅਸਦ ਨੇ ਵਿਦੇਸ਼ ਨੀਤੀ ਵਿੱਚ ਆਪਣੇ ਪਿਤਾ ਦੇ ਨਕਸ਼ੇ ਕਦਮਾਂ ਦੀ ਪਾਲਣਾ ਕੀਤੀ। ਉਹ ਆਪਣੇ ਕਾਰਜਕਾਲ ਦੌਰਾਨ ਸਿੱਧੇ ਫੌਜੀ ਟਕਰਾਅ ਤੋਂ ਬਚੇ।

ਅਸਦ ਦੇ ਸ਼ਾਸਨ ਨੂੰ ਇੱਕ ਦਹਾਕੇ ਦੀ ਸੱਤਾ ਤੋਂ ਬਾਅਦ ਤਾਨਾਸ਼ਾਹੀ ਵਜੋਂ ਦਰਸਾਇਆ ਜਾ ਸਕਦਾ ਹੈ। ਕਿਉਂਕਿ ਇਸ ਦੌਰਾਨ ਲਗਾਤਾਰ ਵਿਰੋਧੀ ਆਵਾਜ਼ਾਂ ਨੂੰ ਦਬਾਇਆ ਜਾਂਦਾ ਰਿਹਾ ਸੀ।

ਦਸੰਬਰ 2010 ਵਿੱਚ ਅਸਮਾ ਅਲ-ਅਸਦ ਨੇ ਵੋਗ ਮੈਗਜ਼ੀਨ ਨੂੰ ਇੱਕ ਇੰਟਰਵਿਊ ਦਿੱਤੀ। ਇੰਟਰਵਿਊ ਵਿੱਚ ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਦਾ ਸ਼ਾਸਨ ਲੋਕਤੰਤਰੀ ਢੰਗ ਨਾਲ ਚੱਲ ਰਿਹਾ ਹੈ।

ਪਰ ਉਸ ਦਿਨ ਹੀ ਟਿਊਨੀਸ਼ੀਆ ਦੇ ਸਬਜ਼ੀ ਵਿਕਰੇਤਾ ਮੁਹੰਮਦ ਬੋਆਜ਼ੀਜ਼ੀ ਨੇ ਇੱਕ ਮਹਿਲਾ ਪੁਲਿਸ ਕਰਮਚਾਰੀ ਦੁਆਰਾ ਥੱਪੜ ਮਾਰਨ ਤੋਂ ਬਾਅਦ ਆਪਣੇ ਆਪ ਨੂੰ ਅੱਗ ਲਗਾ ਦਿੱਤੀ।

ਇਸ ਘਟਨਾ ਨੇ ਟਿਊਨੀਸ਼ੀਆ ਵਿੱਚ ਇੱਕ ਵਿਦਰੋਹ ਨੂੰ ਭੜਕਾਇਆ। ਇਸ ਦਾ ਨਤੀਜੇ ਵਜੋਂ ਰਾਸ਼ਟਰਪਤੀ ਜ਼ੀਨ ਅਲ ਅਬਿਦੀਨ ਬੇਨ ਅਲੀ ਦਾ ਤਖਤਾ ਪਲਟ ਕਰ ਦਿੱਤਾ ਗਿਆ ਸੀ।

ਟਿਊਨੀਸ਼ੀਅਨ ਵਿਦਰੋਹ ਨੇ ਅਚਨਚੇਤ ਤੌਰ 'ਤੇ ਅਰਬ ਦੇਸ਼ਾ ਵਿੱਚ ਇਨਕਲਾਬੀ ਲਹਿਰਾਂ ਨੂੰ ਪ੍ਰੇਰਿਤ ਕੀਤਾ। ਇਸ਼ ਦਾ ਅਸਰ ਬਹੁਤ ਤੇਜੀ ਨਾਲ ਮਿਸਰ, ਲੀਬੀਆ, ਯਮਨ, ਬਹਿਰੀਨ ਅਤੇ ਸੀਰੀਆ ਤੱਕ ਪਹੁੰਚਿਆ।

ਮਾਰਚ 2011 ਵਿੱਚ "ਏ ਰੋਜ਼ ਇਨ ਦਿ ਡੇਜ਼ਰਟ" ਸਿਰਲੇਖ ਹੇਠ ਪ੍ਰਕਾਸ਼ਿਤ ਵੋਗ ਇੰਟਰਵਿਊ (ਅਤੇ ਬਾਅਦ ਵਿੱਚ ਵਾਪਸ ਲੈ ਲਿਆ ਗਿਆ), ਨੇ ਸੀਰੀਆ ਨੂੰ ਬੰਬ ਧਮਾਕਿਆਂ, ਤਣਾਅ ਤੋਂ ਮੁਕਤ ਦੇਸ਼ ਸੀ। ਇਹ ਦਿਰਸ਼ ਆਉਣ ਵਾਲੇ ਮਹੀਨਿਆਂ ਵਿੱਚ ਬਦਲਣ ਵਾਲਾ ਸੀ।

ਮਾਰਚ ਦੇ ਅੱਧ ਵਿੱਚ ਸੀਰੀਆ ਦੀ ਰਾਜਧਾਨੀ ਡੈਮਸਕਸ ਵਿੱਚ ਇੱਕ ਵਿਰੋਧ ਪ੍ਰਦਰਸ਼ਨ ਹੋਇਆ ਅਤੇ ਕਈ ਦਿਨਾਂ ਬਾਅਦ ਦੱਖਣੀ ਸ਼ਹਿਰ ਦਾਰਾ ਵਿੱਚ ਵੀ ਪ੍ਰਦਰਸ਼ਨ ਸ਼ੁਰੂ ਹੋਏ। ਇਸ ਦਾ ਕਾਰਨ ਸੀ ਕਿ ਕਈ ਬੱਚਿਆਂ ਨੂੰ ਕੰਧਾਂ ਉੱਤੇ ਅਸਦ ਵਿਰੋਧੀ ਨਾਅਰੇ ਲਿਖਣ ਲਈ ਗ੍ਰਿਫਤਾਰ ਕੀਤਾ ਗਿਆ ਸੀ।

ਅਸਦ ਨੇ ਸੀਰੀਆ ਦੇ ਲੋਕਾਂ ਨੂੰ ਸੰਬੋਧਿਤ ਕਰਨ ਤੋਂ ਪਹਿਲਾਂ ਦੋ ਹਫ਼ਤੇ ਉਡੀਕ ਕੀਤੀ। ਸੰਸਦ ਵਿੱਚ ਉਸਨੇ ਸੀਰੀਆ ਨੂੰ ਨਿਸ਼ਾਨਾ ਬਣਾਉਣ ਵਾਲੀ ਸਾਜ਼ਿਸ਼ ਨੂੰ ਨਾਕਾਮ ਕਰਨ ਦਾ ਵਾਅਦਾ ਕੀਤਾ। ਭਾਵੇਂ ਕਿ ਨਾਲ ਇਹ ਵੀ ਮੰਨਿਆ ਕਿ ਬਹੁਤ ਸਾਰੇ ਲੋਕਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਵਿੱਚ ਨਾਕਾਮ ਹੋਏ ਹਨ।

ਦਾਰਾ ਵਿਚ ਪ੍ਰਦਰਸ਼ਨਕਾਰੀਆਂ 'ਤੇ ਸੁਰੱਖਿਆ ਬਲਾਂ ਦੀ ਗੋਲੀਬਾਰੀ ਨੇ ਪ੍ਰਦਰਸ਼ਨਾਂ ਨੂੰ ਹੋਰ ਤੇਜ਼ ਕਰ ਦਿੱਤਾ। ਜਿਸ ਨਾਲ ਕਈ ਸ਼ਹਿਰਾਂ ਵਿਚ ਅਸਦ ਦੇ ਅਸਤੀਫੇ ਦੀ ਮੰਗ ਨੇ ਜ਼ੋਰ ਫੜ ਲਿਆ ਸੀ। ਅਧਿਕਾਰੀਆਂ ਨੇ ਹਿੰਸਾ ਦਾ ਦੋਸ਼ੀ ਬਾਹਰੀ ਤਾਕਤਾਂ ਦੁਆਰਾ ਚਲਾਏ ਗਏ ਵਿਘਨਕਾਰਾਂ ਅਤੇ ਘੁਸਪੈਠੀਆਂ" ਨੂੰ ਦੱਸਿਆ ਸੀ।

ਕੁਝ ਮਹੀਨਿਆਂ ਦੇ ਅੰਦਰ ਹਾਲਾਤ ਸੁਰਖਿਆ ਬਲਾਂ ਅਤੇ ਪ੍ਰਦਰਨਕਾਰੀਆਂ ਵਿਚਕਾਰ ਹਥਿਆਰਬੰਦ ਝੜਪਾਂ ਵਿੱਚ ਬਦਲ ਗਏ। ਜਿਨ੍ਹਾਂ ਨੇ ਦੇਸ਼ ਭਰ ਵਿੱਚ ਹਥਿਆਰ ਚੁੱਕੇ ਸਨ।

ਅੰਤਰਰਾਸ਼ਟਰੀ ਦਖ਼ਲ, ਜੇਹਾਦੀ ਅਤੇ ਜੰਗੀ ਅਪਰਾਧ

ਸੀਰੀਆ ਦੇ ਕਈ ਸ਼ਹਿਰ ਦਹਾਕੇ ਭਰ ਤੋਂ ਵੀ ਵੱਧ ਸਮੇਂ ਦੀ ਲੜਾਈ ਵਿੱਚ ਤਬਾਹ ਹੋ ਚੁੱਕੇ ਹਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੀਰੀਆ ਦੇ ਕਈ ਸ਼ਹਿਰ ਦਹਾਕੇ ਭਰ ਤੋਂ ਵੀ ਵੱਧ ਸਮੇਂ ਦੀ ਲੜਾਈ ਵਿੱਚ ਤਬਾਹ ਹੋ ਚੁੱਕੇ ਹਨ

ਜਿਵੇਂ-ਜਿਵੇਂ ਸੰਘਰਸ਼ ਵਧਦਾ ਗਿਆ, ਅੰਤਰਰਾਸ਼ਟਰੀ ਤਾਕਤਾਂ ਦੀ ਸ਼ਮੂਲੀਅਤ ਵੀ ਵਧਦੀ ਗਈ। ਇਸ ਦੇ ਵਿਚਕਾਰ ਸੰਯੁਕਤ ਰਾਸ਼ਟਰ ਦੇ ਜਾਨੀ ਨੁਕਸਾਨ ਦੇ ਅੰਦਾਜ਼ੇ ਵੀ ਹਜ਼ਾਰਾਂ ਪਹੁੰਚ ਗਏ ਸਨ।

ਰੂਸ, ਈਰਾਨ ਅਤੇ ਸਮਰਥਿਤ ਹਥਿਆਰਬੰਦ ਸਮੂਹਾਂ ਨੇ ਅਸਦ ਦੀਆਂ ਫੌਜਾਂ ਦਾ ਸਾਥ ਦਿੱਤਾ ਜਦੋਂ ਕਿ ਤੁਰਕੀ ਅਤੇ ਖਾੜੀ ਰਾਜਾਂ ਨੇ ਹਥਿਆਰਬੰਦ ਵਿਰੋਧੀ ਧੜਿਆਂ ਦਾ ਸਮਰਥਨ ਕੀਤਾ।

ਹਾਲਾਂਕਿ ਅਸਦ ਵਿਰੋਧੀ ਪ੍ਰਦਰਸ਼ਨਾਂ ਨੇ ਸ਼ੁਰੂ ਵਿੱਚ ਜਮਹੂਰੀਅਤ ਅਤੇ ਆਜ਼ਾਦੀ ਦੀ ਮੰਗ ਕੀਤੀ। ਪਰ ਫਿਰਕਾਪ੍ਰਸਤੀ ਛੇਤੀ ਹੀ ਸਾਹਮਣੇ ਆਉਣ ਲੱਗੀ। ਕੁਝ ਵਿਰੋਧੀ ਧੜਿਆਂ ਨੇ ਸਰਕਾਰ ਉੱਤੇ ਸੁੰਨੀ ਬਹੁਗਿਣਤੀ ਦੇ ਮੁਕਾਬਲੇ ਅਲਾਵੀਆਂ ਦਾ ਪੱਖ ਪੂਰਣ ਦਾ ਦੋਸ਼ ਲਗਾਇਆ।

ਖੇਤਰੀ ਦਖਲਅੰਦਾਜ਼ੀ ਨੇ ਸੰਪਰਦਾਇਕ ਪਾੜਾ ਹੋਰ ਡੂੰਘਾ ਕਰ ਦਿੱਤਾ। ਇਸਲਾਮੀ ਧੜਿਆਂ ਨੇ ਅਲਾਵੀਆਂ ਦਾ ਵਿਰੋਧ ਕੀਤਾ। ਜਦੋਂ ਕਿ ਇਰਾਨ ਪ੍ਰਤੀ ਵਫ਼ਾਦਾਰ ਹਿਜ਼ਬੁੱਲਾ ਦੀ ਅਗਵਾਈ ਵਾਲੇ ਸ਼ੀਆ ਮਿਲੀਟੈਟਸ ਨੇ ਅਸਦ ਦੀ ਸਰਕਾਰ ਦਾ ਸਮਰਥਨ ਕੀਤਾ ਸੀ।

ਇਸ਼ ਸਮੇਂ ਹੀ ਗੁਆਂਢੀ ਦੇਸ਼ ਇਰਾਕ ਵਿੱਚ ਕੱਟੜਪੰਥੀ ਸਮੂਹ ਆਪਣਾ ਪਸਾਰ ਵਧਾ ਰਿਹਾ ਸੀ। ਇਹ ਸਮੂਹ ਇਸਲਾਮੀ ਕਾਨੂੰਨਾਂ ਨੂੰ ਸਖਤ ਰੂਪ ਵਿੱਚ ਅੱਗੇ ਵਧਾਉਦਾ ਹੈ। ਇਸਲਾਮਿਕ ਸਟੇਟ (ਆਈਐਸ) ਨੇ ਪੂਰਬੀ ਸ਼ਹਿਰ ਰੱਕਾ ਨੂੰ ਆਪਣੀ ਰਾਜਧਾਨੀ ਵਜੋਂ ਐਲਾਨ ਦਿੱਤਾ ਅਤੇ ਸੀਰੀਆ ਵਿੱਚ ਵੀ ਖੇਤਰ ਉੱਤੇ ਕਬਜ਼ਾ ਕਰਨ ਲਈ ਗ੍ਰਹਿ ਯੁੱਧ ਦਾ ਸ਼ੁਰੂ ਕਰ ਦਿੱਤਾ ।

ਅਗਸਤ 2013 ਵਿੱਚ, ਦਮਿਸ਼ਕ ਦੇ ਨੇੜੇ ਵਿਰੋਧੀ ਧਿਰ ਦੇ ਕਬਜ਼ੇ ਵਾਲੇ ਖੇਤਰ ਪੂਰਬੀ ਘੌਟਾ ਵਿੱਚ ਰਸਾਇਣਕ ਹਮਲੇ ਕਾਰਨ ਸੈਂਕੜੇ ਲੋਕ ਮਾਰੇ ਜਾਂਦੇ ਹਨ।

ਪੱਛਮੀ ਤਾਕਤਾਂ ਅਤੇ ਸੀਰੀਆ ਦੇ ਵਿਰੋਧੀ ਧੜਿਆਂ ਨੇ ਹਮਲੇ ਲਈ ਅਸਦ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ। ਹਾਲਾਂਕਿ ਸਰਕਾਰ ਨੇ ਸ਼ਮੂਲੀਅਤ ਤੋਂ ਇਨਕਾਰ ਕੀਤਾ ਸੀ ਪਰ ਅੰਤਰਰਾਸ਼ਟਰੀ ਦਬਾਅ ਅਤੇ ਧਮਕੀਆਂ ਦੇ ਕਾਰਨ ਆਪਣੇ ਰਸਾਇਣਕ ਹਥਿਆਰਾਂ ਦੇ ਭੰਡਾਰ ਨੂੰ ਖਤਮ ਕਰਨ ਲਈ ਸਹਿਮਤ ਹੋ ਗਏ ਸਨ।

ਹਾਲਾਂਕਿ, ਇਸ ਨਾਲ ਸੀਰੀਆਈ ਯੁੱਧ ਵਿੱਚ ਅੱਤਿਆਚਾਰਾਂ ਦਾ ਦੌਰ ਖਤਮ ਨਹੀਂ ਹੋਇਆ। ਜਿਸ ਵਿੱਚ ਹੋਰ ਰਸਾਇਣਕ ਹਮਲੇ ਸ਼ਾਮਲ ਹਨ। ਸੰਯੁਕਤ ਰਾਸ਼ਟਰ ਦੇ ਕਮਿਸ਼ਨਾਂ ਨੇ ਸੰਘਰਸ਼ ਦੇ ਸਾਰੇ ਪੱਖਾਂ ਨੂੰ ਕਤਲ, ਤਸ਼ੱਦਦ ਅਤੇ ਬਲਾਤਕਾਰ ਸਮੇਤ ਯੁੱਧ ਅਪਰਾਧ ਦਾ ਦੋਸ਼ੀ ਠਹਿਰਾਇਆ ਸੀ।

2015 ਤੱਕ, ਅਸਦ ਦੀ ਸਰਕਾਰ ਢਹਿ ਜਾਣ ਦੇ ਕੰਢੇ 'ਤੇ ਦਿਖਾਈ ਦੇ ਰਹੀ ਸੀ। ਜਿਸ ਦਾ ਕਾਰਨ ਸੀ ਕਿ ਸਰਕਾਰ ਨੇ ਬਹੁਤੇ ਹਿੱਸਿਆਂ ਦਾ ਕੰਟਰੋਲ ਗੁਆ ਦਿੱਤਾ ਸੀ। ਪਰ ਰੂਸ ਦੁਆਰਾ ਫੌਜੀ ਸਮੂਲਿਅਤ ਨੇ ਲਹਿਰ ਨੂੰ ਉਲਟਾ ਦਿੱਤਾ। ਰੂਸ ਦੇ ਸਮਰਥਨ ਨਾਲ ਅਸਦ ਨੂੰ ਮੁੱਖ ਖੇਤਰਾਂ ਨੂੰ ਮੁੜ ਹਾਸਲ ਕਰਨ ਵਿੱਚ ਸਫਲਤਾ ਪ੍ਰਾਪਤ ਹੋਈ ਸੀ

ਗਾਜ਼ਾ ਯੁੱਧ

ਵਿਰੋਧੀ ਤਾਕਤਾਂ ਨੇ ਹਾਲ ਹੀ ਦੇ ਦਿਨਾਂ ਵਿੱਚ ਕਾਫ਼ੀ ਤਰੱਕੀ ਕੀਤੀ ਹੈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਵਿਰੋਧੀ ਤਾਕਤਾਂ ਨੇ ਹਾਲ ਹੀ ਦੇ ਦਿਨਾਂ ਵਿੱਚ ਕਾਫ਼ੀ ਤਰੱਕੀ ਕੀਤੀ ਹੈ

2018 ਅਤੇ 2020 ਦੇ ਵਿਚਕਾਰ, ਖੇਤਰੀ ਅਤੇ ਅੰਤਰਰਾਸ਼ਟਰੀ ਸਮਝੌਤਿਆਂ ਨੇ ਇੱਕ ਅਜਿਹੀ ਸਥਿਤੀ ਸਥਾਪਤ ਕੀਤੀ ਜਿੱਥੇ ਸਰਕਾਰੀ ਬਲ ਸੀਰੀਆ ਦੇ ਜ਼ਿਆਦਾਤਰ ਹਿੱਸਿਆ ਤੇ ਕਾਬਜ਼ ਹੋ ਗਏ ਸਨ। ਜਦੋਂ ਕਿ ਇਸਲਾਮੀ ਵਿਰੋਧੀ ਸਮੂਹਾਂ ਅਤੇ ਕੁਰਦਿਸ਼ ਨੇ ਉੱਤਰ ਅਤੇ ਉੱਤਰ-ਪੂਰਬ ਵਿੱਚ ਸਾਂਝਾ ਕੰਟਰੋਲ ਸਥਾਪਿਤ ਕੀਤਾ।

ਇਨ੍ਹਾਂ ਸਮਝੌਤਿਆਂ ਨੇ ਅਸਦ ਦੀ ਸਥਿਤੀ ਨੂੰ ਮਜ਼ਬੂਤ ਕੀਤਾ ਅਤੇ ਉਹ ਹੌਲੀ-ਹੌਲੀ ਅਰਬ ਕੂਟਨੀਤੀ ਵਿੱਚ ਵਾਪਸ ਆ ਗਏ। 2023 ਵਿੱਚ ਸੀਰੀਆ ਨੂੰ ਅਰਬ ਲੀਗ ਵਿੱਚ ਬਹਾਲ ਕਰ ਦਿੱਤਾ ਗਿਆ ਅਤੇ ਨਾਲ ਹੀ ਅਰਬ ਦੇਸ਼ਾਂ ਨੇ ਦਮਿਸ਼ਕ ਵਿੱਚ ਵਾਪਸ ਦੂਤਾਵਾਸ ਖੋਲ੍ਹ ਲਏ ਸਨ।

ਅਸਦ ਦੇ ਸ਼ਾਸਨ ਦੇ ਤੀਜੇ ਦਹਾਕੇ ਵਿੱਚ ਸੀਰੀਆ ਦੇ ਵਿਗੜ ਰਹੇ ਆਰਥਿਕ ਸੰਕਟ ਦੇ ਬਾਵਜੂਦ ਅਸਦ ਆਪਣੀ ਸਭ ਤੋਂ ਵੱਡੀ ਚੁਣੌਤੀ ਤੋਂ ਬਚਿਆ ਜਾਪਦਾ ਸੀ।

ਹਾਲਾਂਕਿ, ਅਕਤੂਬਰ 2023 ਵਿੱਚ, ਹਮਾਸ ਨੇ ਇਜ਼ਰਾਈਲ ਉੱਤੇ ਹਮਲਾ ਕੀਤਾ। ਗਾਜ਼ਾ ਵਿੱਚ ਇੱਕ ਯੁੱਧ ਸ਼ੁਰੂ ਹੋ ਗਿਆ। ਜਿਸਦਾ ਪ੍ਰਭਾਵ ਤੇਜ਼ੀ ਨਾਲ ਲੇਬਨਾਨ ਵਿੱਚ ਫੈਲ ਗਿਆ। ਇਸ ਨੇ ਖਾਸ ਕਰਕੇ ਅਸਦ ਦੇ ਸਹਿਯੋਗੀ ਹਿਜ਼ਬੁੱਲਾ ਨੂੰ ਵੀ ਪ੍ਰਭਾਵਿਤ ਕੀਤਾ ਹੈ।

ਸੰਘਰਸ਼ ਨੇ ਹਿਜ਼ਬੁੱਲਾ ਨੂੰ ਭਾਰੀ ਨੁਕਸਾਨ ਪਹੁੰਚਾਇਆ, ਜਿਸ ਵਿੱਚ ਇਸਦੇ ਨੇਤਾ ਹਸਨ ਨਸਰੱਲਾਹ ਦੀ ਮੌਤ ਵੀ ਸ਼ਾਮਲ ਹੈ।

ਉਸ ਦਿਨ ਲੇਬਨਾਨ ਵਿੱਚ ਜੰਗਬੰਦੀ ਵੀੂ ਲਾਗੂ ਹੇ ਗਈ। ਇਸਲਾਮੀ ਸਮੂਹ ਹਯਾਤ ਤਹਿਰੀਰ ਅਲ-ਸ਼ਾਮ (ਐਚਟੀਐਸ) ਦੀ ਅਗਵਾਈ ਵਿੱਚ ਸੀਰੀਆ ਦੇ ਵਿਰੋਧੀ ਧੜਿਆਂ ਨੇ ਅਚਾਨਕ ਹਮਲਾ ਕੀਤਾ ਅਤੇ ਤੇਜ਼ੀ ਨਾਲ ਦੇਸ਼ ਦੇ ਦੂਜੇ ਸ਼ਹਿਰ ਅਲੇਪੋ ਉੱਤੇ ਕਬਜ਼ਾ ਕਰ ਲਿਆ।

ਵਿਰੋਧੀ ਧੜਿਆ ਨੇ ਤੇਜ਼ੀ ਨਾਲ ਅੱਗੇ ਵਧਦਿਆ ਹਾਮਾ ਅਤੇ ਹੋਰ ਸ਼ਹਿਰਾਂ 'ਤੇ ਕਬਜ਼ਾ ਕਰ ਲਿਆ। ਜਿਸ ਨਾਲ ਦੱਖਣੀ ਖੇਤਰ ਸਰਕਾਰੀ ਕੰਟਰੋਲ ਤੋਂ ਖਿਸਕ ਗਿਆ।

ਅਸਦ ਦੀ ਸਥਿਤੀ ਨਾਜ਼ੁਕ ਜਾਪਦੀ ਹੈ। ਹੁਣ ਤੇ ਮੁੱਖ ਸਹਿਯੋਗੀ ਈਰਾਨ ਅਤੇ ਰੂਸ ਵੀ ਉਸਦੀ ਸਹਾਇਤਾ ਲਈ ਆਉਣ ਦੇ ਯੋਗ ਨਹੀਂ ਜਾਪਦੇ।

ਹਥਿਆਰਬੰਦ ਵਿਰੋਧੀ ਧੜਿਆ ਦੇ ਮੁੱਖ ਸ਼ਹਿਰਾਂ ਦੇ ਨੇੜੇ ਪਹੁੰਚਣ ਦੇ ਨਾਲ ਸੀਰੀਆ ਅਤੇ ਇਸ ਤੋਂ ਬਾਹਰ ਇਹ ਸਵਾਲ ਮੁੜ ਉੱਠਦਾ ਹੈ: "ਕੀ ਅਸਦ ਬਚੇਗਾ? ਜਾਂ ਉਸ ਦਾ ਸ਼ਾਸਨ ਆਖਰਕਾਰ ਆਪਣੇ ਅੰਤ ਤੱਕ ਪਹੁੰਚ ਗਿਆ ਹੈ?"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)