ਅਸੀਂ ਮਿਲ-ਜੁਲ ਕੇ ਭੋਜਨ ਕਰਨਾ ਕਿਉਂ ਪਸੰਦ ਕਰਦੇ ਹਾਂ? ਇਹ ਦਿਮਾਗ 'ਤੇ ਕੀ ਪ੍ਰਭਾਵ ਪਾਉਂਦਾ ਹੈ?

ਭੋਜਨ

ਤਸਵੀਰ ਸਰੋਤ, Getty Images

    • ਲੇਖਕ, ਵੇਰੋਨਿਕ ਗ੍ਰੀਨਵੁੱਡ

ਹਜ਼ਾਰਾਂ ਸਾਲਾਂ ਤੋਂ ਮਨੁੱਖ ਛੋਟੇ ਛੋਟੇ ਸਮੂਹਾਂ ਵਿੱਚ ਮਿਲ ਕੇ ਖਾਣਾ ਖਾਣ ਲਈ ਇਕੱਠੇ ਹੁੰਦਾ ਰਿਹਾ ਹੈ। ਇਹ ਸਾਡੇ ਲਈ ਕਿਉਂ ਮਹੱਤਵਪੂਰਨ ਹੈ ਅਤੇ ਅਸੀਂ ਅਜੇ ਵੀ ਇਸ ਪਰੰਪਰਾ ਨੂੰ ਕਿਉਂ ਜਾਰੀ ਰੱਖਿਆ ਹੋਇਆ ਹੈ?

ਇਹ ਵਿਸ਼ਵ ਪੱਧਰ 'ਤੇ ਇੱਕ ਅਜੀਬ ਮਨੁੱਖੀ ਵਰਤਾਰਾ ਹੈ। ਅਸੀਂ ਇਕੱਠੇ ਬੈਠ ਕੇ ਭੋਜਨ ਕਰਨਾ ਪਸੰਦ ਕਰਦੇ ਹਾਂ।

ਦੋਸਤਾਂ ਨਾਲ ਬਾਹਰ ਖਾਣਾ, ਡਿਨਰ ਪਾਰਟੀਆਂ, ਛੁੱਟੀਆਂ ਦੌਰਾਨ ਮਿਲਣਾ-ਗਿਲਣਾ, ਜਿੱਥੇ ਅਸੀਂ ਨਿਯਮਿਤ ਤੌਰ 'ਤੇ ਬਹੁਤ ਜ਼ਿਆਦਾ ਖਾ ਲੈਂਦੇ ਹਾਂ।

ਮਿਲ-ਜੁਲ ਕੇ ਭੋਜਨ ਖਾਣਾ ਇੰਨਾ ਆਮ ਹੈ ਕਿ ਇਸ 'ਤੇ ਸ਼ਾਇਦ ਹੀ ਕਦੇ ਕੋਈ ਟਿੱਪਣੀ ਕੀਤੀ ਜਾਂਦੀ ਹੋਵੇ, ਸਿਵਾਏ ਇਸ ਦੇ ਕਿ ਜਦੋਂ ਇਹ ਵਿਚਾਰ ਕਿਸੇ ਦੇ ਮਨ ਨੂੰ ਭਾਉਣਾ ਬੰਦ ਕਰ ਦੇਵੇ।

ਮਿਸਾਲ ਵਜੋਂ ਫੈਮਿਲੀ ਡਿਨਰ ਵਿੱਚ ਆਈ ਗਿਰਾਵਟ ਬਾਰੇ ਚਿੰਤਾਵਾਂ ਅਕਸਰ ਸੁਰਖੀਆਂ ਵਿੱਚ ਰਹਿੰਦੀਆਂ ਹਨ।

ਇਸ ਗੱਲ ਦੇ ਕੁਝ ਸਬੂਤ ਹਨ ਕਿ ਅਜਿਹੀਆਂ ਚਿੰਤਾਵਾਂ ਕੋਈ ਆਧੁਨਿਕ ਰੁਝਾਨ ਨਹੀਂ ਹੈ। ਇਹ ਚਿੰਤਾਵਾਂ ਸ਼ਾਇਦ ਘੱਟੋ-ਘੱਟ 100 ਸਾਲ ਪੁਰਾਣੀਆਂ ਹਨ।

ਇਹ ਸਭ ਦੱਸਦਾ ਹੈ ਕਿ ਇਕੱਠੇ ਮਿਲ ਕੇ ਭੋਜਨ ਕਰਨਾ ਨਾ ਸਿਰਫ਼ ਆਮ ਗੱਲ ਹੈ, ਬਲਕਿ ਕਿਸੇ ਤਰ੍ਹਾਂ ਨਾਲ ਬਹੁਤ ਸ਼ਕਤੀਸ਼ਾਲੀ ਵੀ ਹੈ। ਪਰ ਅਜਿਹਾ ਕਿਉਂ ਹੈ?

ਬੀਬੀਸੀ ਪੰਜਾਬੀ ਦਾ ਵੱਟਸਐਪ ਚੈਨਲ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ 'ਤੇ ਕਲਿੱਕ ਕਰੋ

ਜੀਵ-ਵਿਗਿਆਨੀਆਂ ਨੇ ਦੇਖਿਆ ਹੈ ਕਿ ਭੋਜਨ ਨੂੰ ਸਾਂਝਾ ਕਰਕੇ ਖਾਣ ਦਾ ਵਿਵਹਾਰ ਸਾਡੀ ਨਸਲ ਦੀ ਉਤਪਤੀ ਤੋਂ ਵੀ ਪਹਿਲਾਂ ਤੋਂ ਚੱਲਿਆ ਆ ਰਿਹਾ ਹੈ, ਕਿਉਂਕਿ ਸਾਡੀਆਂ ਦੋ ਸਭ ਤੋਂ ਨਜ਼ਦੀਕੀ ਨਸਲਾਂ ਚਿੰਪੈਂਜੀ ਅਤੇ ਬੋਨੋਬੋ ਵੀ ਆਪਣੇ ਸਮਾਜਿਕ ਸਮੂਹਾਂ ਨਾਲ ਭੋਜਨ ਸਾਂਝਾ ਕਰਦੇ ਹਨ।

ਪਰ ਸਵੀਡਨ ਦੀ ਉਪਸਾਲਾ ਯੂਨੀਵਰਸਿਟੀ ਦੇ ਸਮਾਜ-ਵਿਗਿਆਨੀ ਨਿਕੋਲਸ ਨਿਊਮੈਨ ਦਾ ਕਹਿਣਾ ਹੈ ਕਿ ਆਪਣੇ ਨਜ਼ਦੀਕੀ ਲੋਕਾਂ ਨੂੰ ਭੋਜਨ ਦੇਣਾ, ਇਕੱਠੇ ਮਿਲ ਕੇ ਖਾਣਾ ਖਾਣ ਦੇ ਸਮਾਨ ਨਹੀਂ ਹੈ।

ਉਹ ਕਹਿੰਦੇ ਹਨ, ''ਤੁਸੀਂ ਦੂਜਿਆਂ ਨਾਲ ਬੈਠ ਕੇ ਖਾਣਾ ਖਾਧੇ ਬਿਨਾਂ ਵੀ ਭੋਜਨ ਨੂੰ ਇੱਕ ਵਸਤੂ ਦੇ ਰੂਪ ਵਿੱਚ ਵੰਡ ਸਕਦੇ ਹੋ।''

ਅਜਿਹਾ ਜਾਪਦਾ ਹੈ ਕਿ ਮਨੁੱਖ ਨੇ ਇਸ ਕਾਰਜ ਵਿੱਚ ਅਨੇਕ ਗੁੰਝਲਦਾਰ ਸਮਾਜਿਕ ਪਰਤਾਂ ਜੋੜ ਦਿੱਤੀਆਂ ਹਨ।

ਪਹਿਲੀ ਵਾਰ ਮਿਲਜੁਲ ਕੇ ਸ਼ਾਇਦ ਅੱਗ ਦੇ ਦੁਆਲੇ ਬੈਠ ਕੇ ਖਾਣਾ ਖਾਧਾ ਗਿਆ ਹੋਵੇਗਾ।

ਇਸ ਸਬੰਧੀ ਕੋਈ ਵੀ ਨਿਸ਼ਚਿਤ ਨਹੀਂ ਹੈ ਕਿ ਮਨੁੱਖ ਜਾਂ ਮਨੁੱਖ ਦੇ ਪੂਰਵਜਾਂ ਨੇ ਪਹਿਲੀ ਵਾਰ ਖਾਣਾ ਬਣਾਉਣਾ ਕਦੋਂ ਸਿੱਖਿਆ।

ਇਸ ਸਬੰਧੀ ਬਹੁਤ ਅਲੱਗ-ਅਲੱਗ ਅਨੁਮਾਨ ਹਨ, ਸਭ ਤੋਂ ਪੁਰਾਣੀ ਸੁਝਾਈ ਗਈ ਮਿਤੀ 1.8 ਮਿਲੀਅਨ ਸਾਲ ਪਹਿਲਾਂ ਦੀ ਹੈ,

ਪਰ ਜਦੋਂ ਕੋਈ ਵਿਅਕਤੀ ਸ਼ਿਕਾਰ ਕਰਨ ਜਾਂ ਭੋਜਨ ਇਕੱਠਾ ਕਰਨ, ਅੱਗ ਜਲਾਉਣ ਅਤੇ ਫਿਰ ਇਸ ਉੱਤੇ ਖਾਣਾ ਪਕਾਉਣ ਦਾ ਕਸ਼ਟ ਉਠਾਉਂਦਾ ਹੈ,

ਤਾਂ ਇਸ ਦਾ ਅਰਥ ਹੈ ਕਿ ਇਸ ਪ੍ਰਕਿਰਿਆ ਦੇ ਵਿਭਿੰਨ ਪੜਾਵਾਂ ਵਿੱਚ ਉਨ੍ਹਾਂ ਦੀ ਮਦਦ ਕਰਨ ਲਈ ਉਨ੍ਹਾਂ ਕੋਲ ਇੱਕ ਸਮਾਜਿਕ ਸਮੂਹ ਜ਼ਰੂਰ ਹੋ ਸਕਦਾ ਹੈ।

ਡਨਬਰ ਨੇ ਇੱਕ ਅੰਕੜਾ ਵਿਸ਼ਲੇਸ਼ਣ ਕੀਤਾ ਜਿਸ ਤੋਂ ਪਤਾ ਲੱਗਿਆ ਕਿ ਭੋਜਨ ਸਮਾਜਿਕ ਪ੍ਰਭਾਵ ਦਾ ਕਾਰਨ ਬਣਦਾ ਹੈ, ਨਾ ਕਿ ਉਸ ਦਾ ਨਤੀਜਾ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਦੂਸਰਿਆਂ ਨਾਲ ਮਿਲ-ਜੁਲ ਕੇ ਜ਼ਿਆਦਾ ਵਾਰ ਖਾਣਾ ਖਾਣ ਨਾਲ ਜੀਵਨ ਵਿੱਚ ਜ਼ਿਆਦਾ ਸੰਤੁਸ਼ਟੀ ਮਿਲਦੀ ਹੈ ਅਤੇ ਸਹਾਇਤਾ ਲਈ ਜ਼ਿਆਦਾ ਦੋਸਤ ਮਿਲਦੇ ਹਨ।

ਬ੍ਰਿਟੇਨ ਦੀ ਆਕਸਫੋਰਡ ਯੂਨੀਵਰਸਿਟੀ ਦੇ ਜੀਵ ਵਿਗਿਆਨੀ ਰੌਬਿਨ ਡਨਬਰ ਦਾ ਅਨੁਮਾਨ ਹੈ ਕਿ ਇੱਕ ਵਾਰ ਜਦੋਂ ਤੁਸੀਂ ਸਾਰੇ ਹਨੇਰੇ ਵਿੱਚ ਅੱਗ ਦੇ ਦੁਆਲੇ ਬੈਠ ਜਾਂਦੇ ਹੋ, ਤਾਂ ਤੁਸੀਂ ਨਿੱਘੀ ਅਤੇ ਚਮਕਦਾਰ ਰੌਸ਼ਨੀ ਵਿੱਚ ਖ਼ੁਦ ਨੂੰ ਦੇਰ ਤੱਕ ਚੌਕੰਨਾ ਮਹਿਸੂਸ ਕਰਦੇ ਹੋ।

ਦਿਨ ਦੇ ਉਹ ਵਾਧੂ ਘੰਟੇ ਭੋਜਨ ਜ਼ਰੀਏ ਸਮਾਜਿਕ ਮੇਲ-ਜੋਲ ਵਧਾਉਣ ਦੇ ਸੁਨਹਿਰੀ ਮੌਕੇ ਹੋ ਸਕਦੇ ਹਨ।

ਇਸ ਦੀ ਉਤਪਤੀ ਦਾ ਵਿਵਰਣ ਚਾਹੇ ਜੋ ਵੀ ਹੋਵੇ, ਇਕੱਠੇ ਭੋਜਨ ਖਾਣਾ ਜ਼ਿਆਦਾ ਤੰਦਰੁਸਤੀ ਨਾਲ ਜੁੜਿਆ ਹੋਇਆ ਹੈ।

ਅਜਿਹਾ ਡਨਬਰ ਨੇ 2017 ਦੇ ਇੱਕ ਅਧਿਐਨ ਵਿੱਚ ਪਾਇਆ ਜਿਸ ਵਿੱਚ ਯੂਕੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਪੁੱਛਿਆ ਗਿਆ ਕਿ ਉਹ ਦੂਜਿਆਂ ਨਾਲ ਮਿਲ ਕੇ ਕਿੰਨੀ ਵਾਰ ਖਾਣਾ ਖਾਂਦੇ ਹਨ।

ਦੂਸਰਿਆਂ ਨਾਲ ਮਿਲ-ਜੁਲ ਕੇ ਜ਼ਿਆਦਾ ਵਾਰ ਖਾਣਾ ਖਾਣ ਨਾਲ ਜੀਵਨ ਵਿੱਚ ਜ਼ਿਆਦਾ ਸੰਤੁਸ਼ਟੀ ਮਿਲਦੀ ਹੈ ਅਤੇ ਸਹਾਇਤਾ ਲਈ ਜ਼ਿਆਦਾ ਦੋਸਤ ਮਿਲਦੇ ਹਨ।

ਡਨਬਰ ਨੇ ਇੱਕ ਅੰਕੜਾ ਵਿਸ਼ਲੇਸ਼ਣ ਕੀਤਾ ਜਿਸ ਤੋਂ ਪਤਾ ਲੱਗਿਆ ਕਿ ਭੋਜਨ ਸਮਾਜਿਕ ਪ੍ਰਭਾਵ ਦਾ ਕਾਰਨ ਬਣਦਾ ਹੈ, ਨਾ ਕਿ ਉਸ ਦਾ ਨਤੀਜਾ।

ਡਨਬਰ ਕਹਿੰਦੇ ਹਨ, ''ਭੋਜਨ ਕਰਨ ਨਾਲ ਦਿਮਾਗ ਦਾ ਐਂਡੋਰਫਿਨ ਸਿਸਟਮ ਸਰਗਰਮ ਹੋ ਜਾਂਦਾ ਹੈ, ਜੋ ਕਿ ਥਣਧਾਰੀ ਅਤੇ ਮਨੁੱਖਾਂ ਵਿਚਕਾਰ ਸਬੰਧਾਂ ਦਾ ਮੁੱਖ ਔਸ਼ਧੀ ਆਧਾਰ ਹੈ।''

''ਇੱਕ ਸਮੂਹ ਦੇ ਰੂਪ ਵਿੱਚ ਇਕੱਠੇ ਭੋਜਨ ਕਰਨ ਨਾਲ ਐਂਡੋਰਫਿਨ ਪ੍ਰਭਾਵ ਉਸੇ ਤਰ੍ਹਾਂ ਵਧਦਾ ਹੈ ਜਿਵੇਂ ਇਕੱਠੇ ਜਾਗਿੰਗ ਕਰਨ ਨਾਲ ਹੁੰਦਾ ਹੈ। ਅਜਿਹਾ ਇਸ ਲਈ ਹੈ ਕਿਉਂਕਿ ਮਿਲ ਕੇ ਕੀਤੀ ਜਾਣ ਵਾਲੀ ਗਤੀਵਿਧੀ ਐਂਡੋਰਫਿਨ ਉਤਪਾਦਨ ਨੂੰ ਦੋ ਗੁਣਾ ਵਧਾ ਦਿੰਦੀ ਹੈ।''

ਪੱਤਰਕਾਰ ਸਿੰਥੀਆ ਗ੍ਰੇਬਰ ਅਤੇ ਨਿਕੋਲਾ ਟਵਿਲੀ ਨੇ ਆਪਣੇ ਪੋਡਕਾਸਟ 'ਗੈਸਟ੍ਰੋਪੌਡ' 'ਤੇ ਇਸ ਵਿਸ਼ੇ ਦੀ ਜਾਂਚ ਕੀਤੀ ਤਾਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਇੱਕ ਹੀ ਸਮੇਂ ਵਿੱਚ ਇੱਕ ਹੀ ਚੀਜ਼ ਖਾਣ ਨਾਲ ਦੂਜੇ ਵਿਅਕਤੀ 'ਤੇ ਜ਼ਿਆਦਾ ਭਰੋਸਾ ਕੀਤਾ ਜਾ ਸਕਦਾ ਹੈ।

ਸ਼ਿਕਾਗੋ ਯੂਨੀਵਰਸਿਟੀ ਦੇ ਬੂਥ ਸਕੂਲ ਆਫ਼ ਬਿਜ਼ਨਸ ਦੇ ਆਇਲੇਟ ਫਿਸ਼ਬੈਕ, ਜਿਨ੍ਹਾਂ ਨੇ ਲੋਕਾਂ ਦੀ ਇੰਟਰਵਿਊ ਕੀਤੀ, ਨੇ ਦੇਖਿਆ ਕਿ ਇਨਵੈਸਟਮੈਂਟ ਸਿਮੂਲੇਸ਼ਨ ਵਿੱਚ, ਲੋਕਾਂ ਨੇ ਉਸ ਵਿਅਕਤੀ ਨੂੰ ਜ਼ਿਆਦਾ ਪੈਸੇ ਦਿੱਤੇ, ਜਿਸ ਕੋਲ ਉਨ੍ਹਾਂ ਨੇ ਪਹਿਲਾਂ ਵੀ ਉਹੀ ਕੈਂਡੀ ਖਾਧੀ ਸੀ।

ਇਸ ਦੇ ਨਾਲ, ਜਿਨ੍ਹਾਂ ਲੋਕਾਂ ਨੇ ਉਹੀ ਸਨੈਕਸ ਖਾਧੇ ਸਨ, ਉਹ ਗੱਲਬਾਤ ਦੇ ਤਸੱਲੀਬਖਸ਼ ਅੰਤ ਤੱਕ ਉਨ੍ਹਾਂ ਲੋਕਾਂ ਦੀ ਤੁਲਨਾ ਵਿੱਚ ਜਲਦੀ ਪਹੁੰਚੇ ਜਿਨ੍ਹਾਂ ਨੇ ਉਹੀ ਸਨੈਕਸ ਨਹੀਂ ਖਾਧੇ ਸਨ।

ਫਿਸ਼ਬੈਕ ਦਾ ਸੁਝਾਅ ਹੈ ਕਿ ਇਹ ਇੱਕ ਪ੍ਰਕਾਰ ਨਾਲ ਪੁਰਾਣੇ ਸਮੇਂ ਦਾ ਅਵਸ਼ੇਸ਼ ਹੀ ਹੈ, ਜਦੋਂ ਭੋਜਨ ਵਿੱਚ ਸਮਾਨ ਸਵਾਦ ਹੋਣਾ ਅੱਜ ਦੇ ਮੁਕਾਬਲੇ ਸਾਂਝੀਆਂ ਕਦਰਾਂ ਕੀਮਤਾਂ ਦਾ ਜ਼ਿਆਦਾ ਸਪੱਸ਼ਟ ਸੰਕੇਤ ਰਿਹਾ ਹੋਵੇਗਾ।

ਕੁੱਝ ਲੋਕਾਂ ਦੇ ਇਕੱਠਿਆਂ ਖਾਣਾ ਖਾਂਦਿਆਂ ਦੀ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇਕੱਠੇ ਭੋਜਨਾ ਕਰਨਾ ਕੋਈ ਆਸਾਨ ਗੱਲ ਨਹੀਂ ਹੈ, ਇਹ ਲਗਾਤਾਰ ਸਕਾਰਾਤਮਕ ਰਹਿਣ ਵਾਲਾ ਕੰਮ ਨਹੀਂ ਹੈ।

ਪਰ ਇਕੱਠੇ ਭੋਜਨਾ ਕਰਨਾ ਕੋਈ ਆਸਾਨ ਗੱਲ ਨਹੀਂ ਹੈ, ਇਹ ਲਗਾਤਾਰ ਸਕਾਰਾਤਮਕ ਰਹਿਣ ਵਾਲਾ ਕੰਮ ਨਹੀਂ ਹੈ। ਦਾਵਤ, ਜਿਸ ਵਿੱਚ ਵੱਡੀ ਮਾਤਰਾ ਵਿੱਚ ਭੋਜਨ ਸਾਂਝਾ ਕੀਤਾ ਜਾਂਦਾ ਹੈ, ਅਧੀਨਗੀ ਅਤੇ ਕੰਟਰੋਲ ਦਿਖਾਉਣ ਦੇ ਬੇਹੱਦ ਯੋਜਨਾਬੱਧ ਤਰੀਕੇ ਹੋ ਸਕਦੇ ਹਨ।

ਕਿਸੇ ਫ਼ਸਲ ਦੀ ਵਾਢੀ ਦੀ ਪਰੰਪਰਾ ਬਾਰੇ ਸੋਚੋ ਜਿਸ ਵਿੱਚ ਇੱਕ ਜ਼ਿਮੀਂਦਾਰ ਆਪਣੇ ਮਜ਼ਦੂਰਾਂ ਨੂੰ ਵੱਡੇ ਪੱਧਰ 'ਤੇ ਭੋਜਨ ਕਰਾਉਂਦਾ ਹੈ, ਜਾਂ ਕਿਸੇ ਦਫ਼ਤਰ ਦੀ ਪਾਰਟੀ ਬਾਰੇ ਸੋਚੋ ਜਿੱਥੇ ਦਫ਼ਤਰ ਮਾਲਕ ਦੀ ਉਦਾਰਤਾ, ਜਾਂ ਉਸ ਦੀ ਘਾਟ, ਮੌਜੂਦ ਲੋਕਾਂ ਵੱਲੋਂ ਪਰਖੀ ਜਾਂਦੀ ਹੈ।

ਨਿਯਮਤ ਤੌਰ 'ਤੇ ਕੀਤੇ ਜਾਣ ਵਾਲੇ ਪਰਿਵਾਰਕ ਭੋਜਨ ਨੂੰ ਹੀ ਲੈ ਲਓ, ਇਹ ਭਾਵੇਂ ਕਿੰਨਾ ਹੀ ਵਧੀਆ ਕਿਉਂ ਨਾ ਹੋਵੇ, ਪਰ ਇਹ ਜ਼ਰੂਰੀ ਨਹੀਂ ਕਿ ਇਸ ਨੂੰ ਨਿੰਦਿਆ ਨਾ ਜਾਵੇ।

ਨਿਊਮੈਨ ਕਹਿੰਦੇ ਹਨ, ''ਜੇਕਰ ਤੁਸੀਂ ਉਨ੍ਹਾਂ ਨੂੰ ਪੁੱਛੋ, ਤਾਂ ਲੋਕ ਕਹਿਣਗੇ ਕਿ ਉਨ੍ਹਾਂ ਨੂੰ ਦੋਸਤਾਂ ਅਤੇ ਅਜ਼ੀਜ਼ਾਂ ਨਾਲ ਮਿਲ ਕੇ ਭੋਜਨ ਖਾਣ ਨਾਲ ਆਨੰਦ ਆਉਂਦਾ ਹੈ। ਪਰ ਅਜ਼ੀਜ਼ਾਂ ਨਾਲ ਇਕੱਠੇ ਮਿਲ ਕੇ ਖਾਣਾ ਇੱਕ ਭਿਆਨਕ ਅਨੁਭਵ ਵੀ ਹੋ ਸਕਦਾ ਹੈ।''

''ਇਹ ਕੰਟਰੋਲ ਅਤੇ ਦਬਦਬੇ ਦਾ ਸਥਾਨ ਵੀ ਹੈ।''

ਅਜਿਹੇ ਭੋਜਨ ਇਕੱਠ ਜਿੱਥੇ ਵਿਅਕਤੀ ਨਿਯਮਿਤ ਤੌਰ 'ਤੇ ਤੁਹਾਡੇ ਫੈਸਲਿਆਂ ਜਾਂ ਤੁਹਾਡੇ ਵਜ਼ਨ ਦੀ ਆਲੋਚਨਾ ਕਰਦਾ ਹੈ, ਉਸ ਨਾਲ ਸਿਹਤ ਨੂੰ ਕੋਈ ਲਾਭ ਨਹੀਂ ਹੁੰਦਾ।

ਦਰਅਸਲ, ਸਵੀਡਨ ਵਿੱਚ ਬਜ਼ੁਰਗਾਂ ਵਿਚਕਾਰ ਇਕੱਠੇ ਭੋਜਨ ਕਰਨ ਦੇ ਰਵੱਈਏ 'ਤੇ ਨਿਊਮੈਨ ਦੇ ਚੱਲ ਰਹੇ ਖੋਜ ਪ੍ਰੋਜੈਕਟਾਂ ਵਿੱਚੋਂ ਇੱਕ ਵਿੱਚ, ਉਨ੍ਹਾਂ ਨੇ ਕੁਝ ਅਜਿਹਾ ਖੁਲਾਸਾ ਕੀਤਾ ਹੈ ਜੋ ਹੈਰਾਨੀਜਨਕ ਹੋ ਸਕਦਾ ਹੈ।

ਉਹ ਦੱਸਦੇ ਹਨ, ''ਅਸੀਂ ਉਨ੍ਹਾਂ ਨੂੰ ਜਾਣਬੁੱਝ ਕੇ ਪੁੱਛਦੇ ਹਾਂ ਕਿ ਕੀ ਉਨ੍ਹਾਂ ਨੂੰ ਇਕੱਲੇ ਖਾਣ ਨਾਲ ਪਰੇਸ਼ਾਨੀ ਹੁੰਦੀ ਹੈ। ਉਨ੍ਹਾਂ ਵਿੱਚੋਂ ਜ਼ਿਆਦਾਤਰ ਨੂੰ ਨਹੀਂ ਹੁੰਦੀ।''

ਉਹ ਦੂਜਿਆਂ ਨਾਲ ਖਾਣਾ ਪਸੰਦ ਕਰਦੇ ਹਨ, ਪਰ, ਘੱਟੋ-ਘੱਟ ਇੰਟਰਵਿਊ ਦੇ ਇਸ ਵਿਸ਼ੇਸ਼ ਸਮੂਹ ਵਿੱਚ, ਉਨ੍ਹਾਂ ਨੂੰ ਇਸ ਦਾ ਨੁਕਸਾਨ ਓਨਾ ਤੀਬਰ ਨਹੀਂ ਲੱਗਦਾ, ਜਿੰਨਾ ਤੁਸੀਂ ਉਮੀਦ ਕਰ ਸਕਦੇ ਹੋ।

ਉਨ੍ਹਾਂ ਦਾ ਅਨੁਮਾਨ ਹੈ ਕਿ ਸ਼ਾਇਦ ਇਸ ਦਾ ਸਬੰਧ ਇਸ ਗੱਲ ਨਾਲ ਹੈ ਕਿ ਕੀ ਉਹ ਪਹਿਲਾਂ ਤੋਂ ਹੀ ਇਕੱਲਤਾ ਤੋਂ ਪੀੜਤ ਹਨ: ਜੇ ਅਜਿਹਾ ਹੈ, ਤਾਂ ਇਕੱਲੇ ਭੋਜਨ ਕਰਨ ਨਾਲ ਕਿਸੇ ਦੀ ਪਰੇਸ਼ਾਨੀ ਵਧ ਸਕਦੀ ਹੈ।

''ਪਰ ਜੇ ਤੁਸੀਂ ਅਜਿਹੇ ਵਿਅਕਤੀ ਹੋ ਜੋ ਅਕਸਰ ਦੂਜਿਆਂ ਨਾਲ ਖਾਣਾ ਖਾਂਦੇ ਹੋ, ਤਾਂ ਸ਼ਾਇਦ ਇਹ ਕਦੇ ਕਦੇ ਹੋਵੇਗਾ।''

ਨਿਊਮੈਨ ਕਹਿੰਦੇ ਹਨ, ''ਇਕੱਲੇ ਬੈਠ ਕੇ ਪੜ੍ਹਨਾ ਜ਼ਿਆਦਾ ਚੰਗਾ ਰਹੇਗਾ।''

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)