ਕੈਂਸਰ ਦੇ ਇਲਾਜ ਬਾਰੇ ਸਿੱਧੂ ਦੇ ਦਾਅਵੇ ਨਾਲ ਡਾਕਟਰ ਕਿਉਂ ਸਹਿਮਤ ਨਹੀਂ? ਮਾਹਰ ਕੀ ਸਵਾਲ ਚੁੱਕ ਰਹੇ ਹਨ

ਤਸਵੀਰ ਸਰੋਤ, Navjot Sidhu/FB
- ਲੇਖਕ, ਡਿੰਕਲ ਪੋਪਲੀ
- ਰੋਲ, ਬੀਬੀਸੀ ਪੱਤਰਕਾਰ
ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਹੁਣ ਕੈਂਸਰ ਮੁਕਤ ਹਨ।
ਅੰਮ੍ਰਿਤਸਰ ਸਥਿਤ ਆਪਣੀ ਰਿਹਾਇਸ਼ 'ਤੇ ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੀ ਪਤਨੀ ਨੇ ਆਪਣੀ ਖੁਰਾਕ ਵਿੱਚ ਕੁਝ ਚੀਜ਼ਾਂ ਸ਼ਾਮਲ ਕਰਕੇ ਚੌਥੇ ਸਟੇਜ ਦੇ ਕੈਂਸਰ ਨੂੰ ਮਾਤ ਦਿੱਤੀ ਹੈ।
ਨਵਜੋਤ ਸਿੰਘ ਸਿੱਧੂ ਨੇ ਦੱਸਿਆ ਕਿ ਉਨ੍ਹਾਂ ਦੇ ਪਤਨੀ ਦੀ ਖੁਰਾਕ ਵਿੱਚ ਨਿੰਬੂ ਪਾਣੀ, ਕੱਚੀ ਹਲਦੀ, ਸੇਬ ਦਾ ਸਿਰਕਾ, ਨਿੰਮ ਦੀਆਂ ਪੱਤੀਆਂ, ਤੁਲਸੀ, ਕੱਦੂ, ਅਨਾਰ, ਆਂਵਲਾ, ਚੁਕੰਦਰ ਅਤੇ ਅਖਰੋਟ ਵਰਗੀਆਂ ਚੀਜ਼ਾਂ ਸ਼ਾਮਲ ਸਨ ਜਿਸ ਨਾਲ ਉਹ ਵਾਪਸ ਤੰਦਰੁਸਤ ਹੋ ਗਏ।
ਪਰ ਕੀ ਸੱਚੀ ਹਲਦੀ, ਨਿੰਬੂ ਪਾਣੀ ਅਤੇ ਨਿੰਮ ਦੇ ਪੱਤਿਆਂ ਨਾਲ ਕੈਂਸਰ ਨੂੰ ਠੀਕ ਕੀਤਾ ਜਾ ਸਕਦਾ ਹੈ?
ਟਾਟਾ ਮੈਮੋਰੀਅਲ ਹਸਪਤਾਲ ਦੇ 262 ਮੌਜੂਦਾ ਅਤੇ ਸਾਬਕਾ ਕੈਂਸਰ ਮਾਹਿਰਾਂ ਦੀ ਮੰਨੀਏ ਤਾਂ ਇਸਦਾ ਜਵਾਬ ਨਾ ਹੈ।

ਇਨ੍ਹਾਂ ਡਾਕਟਰਾਂ ਵਲੋਂ ਰਿਲੀਜ਼ ਕੀਤੇ ਬਿਆਨ ਵਿੱਚ ਉਨ੍ਹਾਂ ਨੇ ਲਿਖਿਆ, "ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿਚ ਇੱਕ ਸਾਬਕਾ ਕ੍ਰਿਕਟਰ ਆਪਣੀ ਪਤਨੀ ਦੇ ਕੈਂਸਰ ਦੇ ਇਲਾਜ ਬਾਰੇ ਦੱਸ ਰਹੇ ਹਨ।"
"ਵੀਡੀਓ ਦੇ ਕੁਝ ਹਿੱਸਿਆਂ ਮੁਤਾਬਕ ਹਲਦੀ ਅਤੇ ਨਿੰਮ ਦੀ ਵਰਤੋਂ ਨਾਲ ਉਨ੍ਹਾਂ ਨੂੰ ਉਨ੍ਹਾਂ ਦੇ "ਲਾਇਲਾਜ" ਕੈਂਸਰ ਨੂੰ ਠੀਕ ਕਰਨ ਵਿੱਚ ਮਦਦ ਮਿਲੀ। ਇਹਨਾਂ ਬਿਆਨਾਂ ਦਾ ਸਮਰਥਨ ਕਰਨ ਲਈ ਕੋਈ ਵਿਗਿਆਨਕ ਸਬੂਤ ਨਹੀਂ ਹੈ।"
"ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਗੈਰ-ਪ੍ਰਮਾਣਿਤ ਉਪਚਾਰਾਂ ਦੀ ਪਾਲਣਾ ਨਾ ਕਰਕੇ ਆਪਣੇ ਇਲਾਜ ਵਿੱਚ ਦੇਰੀ ਨਾ ਕਰਨ। ਸਗੋਂ ਜੇ ਕਿਸੀ ਨੂੰ ਆਪਣੇ ਸਰੀਰ 'ਚ ਕੈਂਸਰ ਦਾ ਕੋਈ ਲੱਛਣ ਲੱਗਦਾ ਹੈ ਤਾਂ ਉਹ ਕਿਸੇ ਡਾਕਟਰ, ਤਰਜੀਹੀ ਤੌਰ 'ਤੇ ਕੈਂਸਰ ਦੇ ਮਾਹਿਰ ਦੀ ਸਲਾਹ ਲੈਣ।"

ਤਸਵੀਰ ਸਰੋਤ, X/PrameshCS
ਮਾਹਿਰਾਂ ਨੂੰ ਕੀ ਇਤਰਾਜ਼ ?
ਕੈਂਸਰ ਰੋਗ ਦੇ ਮਾਹਿਰ ਡਾ.ਕਨੁਪ੍ਰਿਯਾ ਭਾਟੀਆ ਜੋ ਮੋਹਨ ਦਾਈ ਓਸਵਾਲ ਹਸਪਤਾਲ 'ਚ ਮੈਡੀਕਲ ਓਨਕੋਲੋਜਿਸਟ ਵਜੋਂ ਨਿਯੁਕਤ ਹਨ, ਉਹਨਾਂ ਨੇ ਦੱਸਿਆ, "ਮੇਰੇ ਕਲੀਨਿਕ 'ਚ ਹੀ ਘਟੋ-ਘੱਟ 30-40 ਫੀਸਦੀ ਲੋਕ ਅਜਿਹੇ ਆਉਂਦੇ ਹਨ ਜਿਨ੍ਹਾਂ ਨੂੰ ਕੈਂਸਰ ਪਿਛਲੇ ਲੰਬੇ ਸਮੇਂ ਤੋਂ ਹੁੰਦਾ ਹੈ ਪਰ ਉਹ ਇਲਾਜ ਲਈ ਜੜੀ-ਬੂਟਿਆਂ ਦੇ ਆਸਰੇ ਹੁੰਦੇ ਹਨ।"
ਉਨ੍ਹਾਂ ਨੇ ਦੱਸਿਆ ਕਿ ਅੱਜ ਵੀ ਦੇਸ਼ ਦਾ ਬਹੁਤ ਵੱਡਾ ਤਬਕਾ ਬਹੁਤਾ ਪੜ੍ਹੀਆਂ-ਲਿਖਿਆ ਨਹੀਂ ਹੈ, ਜਿਸ ਕਰਕੇ ਮਰੀਜ਼ ਅਕਸਰ ਡਾਕਟਰੀ ਸਲਾਹ ਨਾਂ ਲੈ ਕੇ ਘੇਰਲੂ ਉਪਾਅ ਅਤੇ ਜੜੀ- ਬੂਟਿਆਂ ਵੱਲ ਰੁਝਾਨ ਜ਼ਿਆਦਾ ਰੱਖਦਾ ਹਨ। ਉਹ ਸੋਸ਼ਲ ਮੀਡੀਆ 'ਤੇ ਜੋ ਦੇਖਦੇ ਹਨ, ਉਸੇ 'ਤੇ ਛੇਤੀ ਯਕੀਨ ਕਰ ਲੈਂਦੇ ਹਨ ਅਤੇ ਆਪਣਾ ਇਲਾਜ ਆਪ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ। ਇਹ ਬਹੁਤ ਹਾਨੀਕਾਰਕ ਹੋ ਸਕਦਾ ਹੈ। ਕੈਂਸਰ ਇਲਾਜਯੋਗ ਹੈ ਬੇਸ਼ਰਤੇ ਇਸਦਾ ਇਲਾਜ ਸਹੀ ਟਾਈਮ 'ਤੇ ਸ਼ੁਰੂ ਹੋ ਜਾਵੇ ਤਾਂ।"
ਡਾ.ਕਨੁਪ੍ਰਿਯਾ ਭਾਟੀਆ ਦੱਸਦੇ ਹਨ, "ਜੇਕਰ ਕਿਸੇ ਨੂੰ ਵੀ ਕੈਂਸਰ ਦੇ ਲੱਛਣ ਲੱਗਣ ਤਾਂ ਜ਼ਰੂਰੀ ਹੈ ਕਿ ਤੁਰੰਤ ਮੈਡੀਕਲ ਸਲਾਹ ਲਈ ਜਾਵੇ। ਆਪਣਾ ਇਲਾਜ ਆਪਣੇ ਹੱਥ 'ਚ ਲੈ ਲੈਣਾ, ਸੋਸ਼ਲ ਮੀਡੀਆ ਦੇ ਪਿੱਛੇ ਲੱਗ ਕੇ ਕੋਈ ਵੀ ਖੁਰਾਕ ਸ਼ੁਰੂ ਕਰ ਲੈਣਾ, ਇਸ ਨੂੰ ਵਿਗਾੜ ਸਕਦਾ ਹੈ। ਸਮੇਂ ਸਿਰ ਮੈਡੀਕਲ ਮਦਦ ਨਾ ਲੈਣ ਨਾਲ ਕੈਂਸਰ ਦੀ ਸਟੇਜ ਵੱਧ ਸਕਦੀ ਹੈ, ਜੋ ਕਿ ਇਸ ਦੇ ਇਲਾਜ ਨੂੰ ਔਖਾ ਬਣਾਉਂਦੀ ਹੈ।

ਤਸਵੀਰ ਸਰੋਤ, FB/ NavjotSinghSidhu
ਖ਼ੁਰਾਕ ਬਾਰੇ ਡਾਕਟਰ ਕੀ ਕਹਿੰਦੇ ਹਨ
ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਬੇਸ਼ਕ ਸਿਰਫ਼ ਖੁਰਾਕ ਅਤੇ ਜੀਵਨਸ਼ੈਲੀ ਨੂੰ ਬਦਲ ਕੇ ਕੈਂਸਰ ਦੇ ਰੋਗ ਨੂੰ ਠੀਕ ਨਹੀਂ ਕੀਤਾ ਜਾ ਸਕਦਾ ਪਰ ਡਾਇਟ ਨੂੰ ਸਹੀ ਰੱਖਣਾ ਕੈਂਸਰ ਦੇ ਇਲਾਜ ਦਾ ਇੱਕ ਅਹਿਮ ਹਿੱਸਾ ਹੈ।
ਡਾ. ਜਸਬੀਰ ਔਲਖ,ਡਿਪਟੀ ਡਾਇਰੈਕਟਰ, ਪੰਜਾਬ ਸਿਹਤ ਵਿਭਾਗ, ਦੱਸਦੇ ਹਨ, "ਸਾਡੀਆਂ ਖਾਣ-ਪੀਣ ਦੀਆਂ ਆਦਤਾਂ ਬਹੁਤ ਵਿਗੜ ਚੁੱਕੀਆਂ ਹਨ। ਵੀਡੀਓ 'ਚ ਦੱਸਿਆਂ ਗਈਆਂ ਚੀਜ਼ਾਂ ਗ਼ਲਤ ਨਹੀਂ, ਸਗੋਂ ਕੁਝ ਸਾਲਾਂ ਪਿੱਛੇ ਜਾ ਕੇ ਵੇਖਿਆ ਤਾਂ ਅਸੀਂ ਆਮ ਹੀ ਇਹ ਚੀਜ਼ਾਂ ਖਾਂਦੇ ਸੀ।"
ਡਾ. ਜਸਬੀਰ ਔਲਖ ਕਹਿੰਦੇ ਹਨ, "ਪਹਿਲੇ ਸਮਿਆਂ 'ਚ ਸੂਰਜ ਢਲ ਜਾਣ ਤੋਂ ਬਾਅਦ ਖਾਂਦੇ ਨਹੀਂ ਸੀ ਅਤੇ ਫਿਰ ਸਵੇਰ ਦਾ ਪਹਿਲਾ ਭੋਜਨ 10 ਕੁ ਵਜੇ ਹੁੰਦਾ ਸੀ, ਜਿਸਨੂੰ ਅੱਜ-ਕੱਲ੍ਹ ਇੰਟਰਮਿਟਟੇਂਟ ਫਾਸਟਿੰਗ ਦਾ ਨਾਮ ਦੇ ਦਿੱਤਾ ਗਿਆ ਹੈ। ਇਹ ਸਭ ਚੀਜ਼ਾਂ ਸਿਹਤ ਲਈ ਚੰਗੀਆਂ ਹਨ, ਪਰ ਇਹ ਕਹਿਣਾ ਕਿ ਇਹ ਕੈਂਸਰ ਨੂੰ ਠੀਕ ਕਰ ਸਕਦੀਆਂ ਹਨ, ਇਹ ਗ਼ਲਤ ਹੋਵੇਗਾ।"
ਖਾਣਾ-ਪੀਣਾ ਕੈਂਸਰ ਦੇ ਇਲਾਜ 'ਚ ਕਿੰਨਾ ਜ਼ਿਮੇਵਾਰ ?
ਡਾ. ਕਨੁਪ੍ਰਿਯਾ ਭਾਟੀਆ ਦੱਸਦੇ ਹਨ ਸਿਰਫ਼ ਪੰਜ ਫ਼ੀਸਦੀ ਤੋਂ ਵੀ ਘੱਟ ਕੇਸਾਂ 'ਚ ਹੀ ਕੈਂਸਰ ਦਾ ਕਾਰਨ ਪਤਾ ਲੱਗਦਾ ਹੈ।
ਉਹ ਕਹਿੰਦੇ ਹਨ, "ਆਮ ਤੌਰ 'ਤੇ ਕੈਂਸਰ ਦੇ ਕਾਰਨ ਦਾ ਪਤਾ ਨਹੀਂ ਲੱਗਦਾ। ਪਰ ਹਾਲ ਹੀ ਵਿੱਚ ਚੱਲ ਰਹੇ ਬਹੁਤ ਸਾਰੇ ਅਧਿਐਨ ਦੱਸਦੇ ਹਨ ਕਿ ਕੈਂਸਰ ਦਾ ਰੋਗ ਸਾਡੀ 'ਗਟ ਹੈੱਲਥ' ਤੋਂ ਜਨਮ ਲੈਂਦਾ ਹੈ। ਇਸ ਦਾ ਮਤਲਬ ਹੈ ਕਿ ਸਾਡੀ ਖਾਣ-ਪੀਣ ਦੀਆਂ ਖ਼ਰਾਬ ਆਦਤਾਂ ਕੈਂਸਰ ਹੋਣ ਦਾ ਇੱਕ ਪ੍ਰਮੁੱਖ ਕਾਰਨ ਹੋ ਸਕਦੀਆਂ ਹਨ। "
ਡਾ. ਕਨੁਪ੍ਰਿਯਾ ਭਾਟੀਆ ਮੁਤਾਬਕ, "ਜੇਕਰ ਗੱਲ ਸਿਰਫ਼ ਕੈਂਸਰ ਦੇ ਇਲਾਜ ਦੀ ਕੀਤੀ ਜਾਵੇ ਤਾਂ ਇਹ ਚਾਰ ਹਿੱਸਿਆਂ 'ਚ ਵੰਡਿਆ ਹੁੰਦਾ ਹੈ। ਪਹਿਲਾ ਸਰਜਰੀ, ਦੂਜਾ ਕੀਮੋਥੈਰੇਪੀ, ਤੀਜਾ ਰੇਡੀਏਸ਼ਨ ਅਤੇ ਚੌਥਾ ਇਮਮੁਨੋਥੈਰੇਪੀ। ਇਹਨਾਂ ਚਾਰਾਂ ਹੱਸਿਆਂ ਦੀ ਰੀੜ ਹੁੰਦੀ ਹੈ ਚੰਗੀ ਖ਼ੁਰਾਕ।"
ਉਹ ਦੱਸਦੇ ਹਨ, "ਪਰ ਜ਼ਰੂਰੀ ਹੈ ਕਿ ਇਹ ਖੁਰਾਕ ਕੋਈ ਡਾਕਟਰ ਜਾਂ ਕੈਂਸਰ ਮਾਹਿਰ ਹੀ ਲਿੱਖ ਕੇ ਦੇਵੇ। ਓਨਕੋਲੋਜੀ ਪੜ੍ਹਦੇ ਸਮੇਂ ਸਾਨੂੰ ਇਲਾਜ 'ਚ ਲੋੜੀਂਦੀ ਚੰਗੀ ਖ਼ੁਰਾਕ ਬਾਰੇ ਪੜਾਇਆ ਜਾਂਦਾ ਹੈ। ਇਸ ਲਈ ਅਪੀਲ ਹੈ ਕਿ ਮਰੀਜ਼ ਸੋਸ਼ਲ ਮੀਡਿਆ ਤੋਂ ਪ੍ਰਭਾਵਿਤ ਹੋ ਕੇ ਜਾਂ ਆਪਣੇ ਆਪ ਕੁਝ ਖਾਣਾ-ਪੀਣਾ ਸ਼ੁਰੂ ਨਾ ਕਰਨ ਕਿਉਕਿ ਅਜਿਹਾ ਕਰਨਾ ਹਾਨੀਕਾਰਕ ਹੋ ਸਕਦਾ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












