ਕੀ ਤੁਸੀਂ ਵੀ ਆਪਣਾ ਫ਼ੋਨ ਟਾਇਲਟ 'ਚ ਲੈ ਕੇ ਜਾਂਦੇ ਹੋ? ਫਿਰ ਤਾਂ ਇਹ ਰਿਪੋਰਟ ਤੁਹਾਡੇ ਲਈ ਹੀ ਹੈ

ਟਾਇਲਟ 'ਚ ਫ਼ੋਨ

ਤਸਵੀਰ ਸਰੋਤ, Getty Images

    • ਲੇਖਕ, ਓਮਕਾਰ ਕਰੰਬੇਲਕਰ
    • ਰੋਲ, ਬੀਬੀਸੀ ਮਰਾਠੀ ਪੱਤਰਕਾਰ

ਕੀ ਤੁਸੀਂ ਵੀ ਹਮੇਸ਼ਾ ਆਪਣਾ ਫ਼ੋਨ ਆਪਣੇ ਨਾਲ ਹੀ ਰੱਖਦੇ ਹੋ? ਖਾਣਾ ਖਾਂਦੇ ਸਮੇਂ, ਰਾਤ ਨੂੰ ਸੌਂਦੇ ਸਮੇਂ ਅਤੇ ਸਵੇਰੇ ਉੱਠਣ ਤੋਂ ਤੁਰੰਤ ਬਾਅਦ, ਬਿਨਾਂ ਆਪਣਾ ਫ਼ੋਨ ਦੇਖੇ ਤੁਹਾਨੂੰ ਚੈਨ ਨਹੀਂ ਪੈਂਦੀ? ਸਿਰਫ਼ ਇੰਨਾ ਹੀ ਨਹੀਂ, ਸਗੋਂ ਤੁਸੀਂ ਆਪਣਾ ਮੋਬਾਈਲ ਆਪਣੇ ਨਾਲ ਟਾਇਲਟ 'ਚ ਵੀ ਲੈ ਕੇ ਜਾਂਦੇ ਹੋ। ਤਾਂ ਇਹ ਫਿਰ ਚਿੰਤਾ ਦਾ ਵਿਸ਼ਾ ਹੈ।

ਮੋਬਾਈਲ ਫ਼ੋਨ 'ਤੇ ਸੋਸ਼ਲ ਮੀਡੀਆ ਦੀ ਲਗਾਤਾਰ ਵਰਤੋਂ, ਫ਼ੋਨ ਕਾਲਾਂ, ਈਮੇਲਾਂ, ਸੁਨੇਹੇ, ਰੀਲਾਂ ਆਦਿ ਹੀ ਆਪਣਾ ਫ਼ੋਨ ਟਾਇਲਟ ਵਿੱਚ ਵੀ ਲੈ ਜਾਣ ਨੂੰ ਮਜਬੂਰ ਕਰ ਦਿੰਦੀਆਂ ਹਨ।

ਬਹੁਤ ਸਾਰੇ ਲੋਕਾਂ ਨੂੰ ਇਹ ਅਹਿਸਾਸ ਵੀ ਨਹੀਂ ਹੁੰਦਾ ਕਿ ਉਹ ਆਪਣੇ ਫ਼ੋਨਾਂ ਨਾਲ ਥੋੜ੍ਹਾ ਜਿਹਾ ਸਮਾਂ ਬਿਤਾਉਣ ਨਾਲ ਹੀ ਬਹੁਤ ਸਾਰੀਆਂ ਖ਼ਤਰਨਾਕ ਚੀਜ਼ਾਂ ਦੇ ਸੰਪਰਕ ਵਿੱਚ ਆ ਜਾਂਦੇ ਹਨ।

ਇਸ ਰਿਪੋਰਟ ਵਿੱਚ ਅਸੀਂ ਇਸੇ ਵਿਸ਼ੇ ਬਾਰੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਜਦੋਂ ਤੁਸੀਂ ਆਪਣਾ ਮੋਬਾਈਲ ਫ਼ੋਨ ਟਾਇਲਟ ਲੈ ਕੇ ਜਾਂਦੇ ਹੋ ਤਾਂ ਤੁਹਾਨੂੰ ਕਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਬੀਬੀਸੀ ਪੰਜਾਬੀ ਵੱਟਸਐਪ ਚੈਨਲ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਸਮੱਸਿਆ ਅਸਲ ਵਿੱਚ ਹੈ ਕੀ?

ਸਾਡੇ ਵਿੱਚੋਂ ਬਹੁਤ ਸਾਰੇ, ਖਾਸ ਕਰਕੇ ਨੌਜਵਾਨਾਂ ਨੂੰ ਆਪਣੇ ਫ਼ੋਨ ਟਾਇਲਟ ਵਿੱਚ ਵੀ ਲੈ ਕੇ ਜਾਣ ਦੀ ਆਦਤ ਹੈ। ਜਿਹੜੇ ਲੋਕ ਟਾਇਲਟ ਵਿੱਚ ਅੱਧੇ ਘੰਟੇ ਤੋਂ ਵੱਧ ਸਮਾਂ ਬਿਤਾਉਂਦੇ ਹਨ, ਉਨ੍ਹਾਂ ਨੂੰ ਕਈ ਬਿਮਾਰੀਆਂ ਲੱਗ ਜਾਂਦੀਆਂ ਹਨ।

ਇਹ ਲੋਕ ਆਪਣੇ ਮੋਬਾਈਲ ਫ਼ੋਨਾਂ ਵੱਲ ਦੇਖਦੇ ਹੋਏ ਲੰਬੇ ਸਮੇਂ ਤੱਕ ਇੱਕ ਥਾਂ 'ਤੇ ਬੈਠੇ ਰਹਿੰਦੇ ਹਨ। ਇਸ ਨਾਲ ਗੁਦਾ ਦੇ ਨੇੜੇ ਦੀਆਂ ਮਾਸਪੇਸ਼ੀਆਂ, ਜੋ ਮਲ-ਮੂਤਰ ਤਿਆਗਣ ਵਿੱਚ ਮਦਦ ਕਰਦੀਆਂ ਹਨ, 'ਤੇ ਵਾਧੂ ਦਬਾਅ ਪੈਂਦਾ ਹੈ।

ਜ਼ਬਰਦਸਤੀ ਮਲ ਤਿਆਗਣ ਨਾਲ ਇਨ੍ਹਾਂ ਸਾਰੇ ਅੰਗਾਂ ਨਾਲ ਸਬੰਧਿਤ ਕਈ ਬਿਮਾਰੀਆਂ ਹੋ ਸਕਦੀਆਂ ਹਨ। ਇਨ੍ਹਾਂ ਵਿੱਚ ਬਵਾਸੀਰ, ਕਬਜ, ਫਿਸਟੁਲਾਸ ਅਤੇ ਫਿਸ਼ਰਸ ਵਰਗੀਆਂ ਕਈ ਬਿਮਾਰੀਆਂ ਸ਼ਾਮਲ ਹਨ।

ਇੱਕ ਥਾਂ 'ਤੇ ਲੰਬੇ ਸਮੇਂ ਤੱਕ ਬੈਠਣ ਨਾਲ ਖੂਨ ਦੇ ਦੌਰੇ ਵਿੱਚ ਵੀ ਵਿਘਨ ਪੈਂਦਾ ਹੈ। ਇਸੇ ਸਥਿਤੀ ਵਿੱਚ ਬੈਠਣ ਅਤੇ ਮਲ ਤਿਆਗਣ ਲਈ ਜ਼ੋਰ ਲਗਾਉਣ ਨਾਲ ਕਬਜ ਅਤੇ ਮਲ ਦੇ ਸਖ਼ਤ ਹੋਣ ਦੀ ਪ੍ਰਵਿਰਤੀ ਵਧ ਜਾਂਦੀ ਹੈ।

ਇਹ ਦਬਾਅ, ਗੁਦਾ ਦੇ ਨੇੜੇ ਦੀਆਂ ਨਾੜੀਆਂ 'ਤੇ ਦਬਾਅ ਪਾਉਂਦਾ ਹੈ, ਜਿਸ ਕਾਰਨ ਉਹ ਸੁੱਜ ਜਾਂਦੀਆਂ ਹਨ ਅਤੇ ਉੱਥੇ ਕਈ ਤਰ੍ਹਾਂ ਦੇ ਇਨਫੈਕਸ਼ਨ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਅਜਿਹੇ ਲੋਕਾਂ ਨੂੰ ਬਾਅਦ ਵਿੱਚ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਟਾਇਲਟ 'ਚ ਫ਼ੋਨ

ਤਸਵੀਰ ਸਰੋਤ, Getty Images

ਦਰਅਸਲ, ਇੱਕ ਕਮੋਡ-ਕਿਸਮ ਦਾ ਟਾਇਲਟ ਸੁਭਾਵਿਕ ਤੌਰ 'ਤੇ ਤੁਹਾਡੇ ਗੁਦਾ ਖੇਤਰ ਅਤੇ ਉੱਥੋਂ ਦੀਆਂ ਮਾਸਪੇਸ਼ੀਆਂ 'ਤੇ ਦਬਾਅ ਪਾਉਂਦਾ ਹੈ।

ਇਸ ਤੋਂ ਇਲਾਵਾ, ਜੇ ਅਸੀਂ ਉੱਥੇ ਜ਼ਿਆਦਾ ਦੇਰ ਤੱਕ ਬੈਠੇ ਰਹੀਏ ਤਾਂ ਦਬਾਅ ਹੋਣ ਦੀ ਸੰਭਾਵਨਾ ਹੋਰ ਜ਼ਿਆਦਾ ਵਧ ਜਾਂਦੀ ਹੈ।

ਫਿਰ ਇਸੇ ਸਿਲਸਿਲੇ ਵਿੱਚ ਜਦੋਂ ਮਲ-ਮੂਤਰ ਤਿਆਗਣ ਵਿੱਚ ਦੇਰੀ ਹੋਣ ਲੱਗਦੀ ਹੈ ਤਾਂ ਇਹ ਦਿੱਕਤ ਹੋਰ ਵਧ ਜਾਂਦੀ ਹੈ ਕਿਉਂਕਿ ਲੋਕ ਹੋਰ ਜ਼ੋਰ ਲਗਾਉਣ ਦੀ ਕੋਸ਼ਿਸ਼ ਕਰਦੇ ਹਨ ਅਤੇ ਇਸ ਤਰ੍ਹਾਂ ਨਾਲ ਉਹ ਕਈ ਸਮੱਸਿਆਵਾਂ ਦੇ ਚੱਕਰ ਵਿੱਚ ਫਸ ਜਾਂਦੇ ਹਨ।

ਇਸ ਲਈ ਇਹ ਯਾਦ ਰੱਖਣਾ ਬਹੁਤ ਜ਼ਰੂਰੀ ਹੈ ਕਿ ਘੱਟ ਤੋਂ ਘੱਟ ਸਮੇਂ ਵਿੱਚ ਮਲ ਤਿਆਗਣ ਦੀ ਕੋਸ਼ਿਸ਼ ਕਰੋ ਅਤੇ ਉੱਥੇ ਫ਼ੋਨ ਦੀ ਵਰਤੋਂ ਨਾ ਕਰੋ।

ਗਰਦਨ ਵਿੱਚ ਦਰਦ

ਤਸਵੀਰ ਸਰੋਤ, Getty Images

ਟਾਇਲਟ ਸੀਟ 'ਤੇ ਜ਼ਿਆਦਾ ਦੇਰ ਬੈਠ ਕੇ ਆਪਣੇ ਫ਼ੋਨ ਵੱਲ ਦੇਖਣ ਨਾਲ ਤੁਹਾਡੇ ਦੂਜੇ ਅੰਗਾਂ 'ਤੇ ਵੀ ਦਬਾਅ ਪੈਂਦਾ ਹੈ- ਜਿਵੇਂ ਕਿ ਗਰਦਨ ਅਤੇ ਪਿੱਠ ਦਰਦ ਹੋਣਾ।

ਹੱਥਾਂ ਵਿੱਚ ਝਰਨਾਹਟ, ਪੈਰਾਂ ਵਿੱਚ ਝਰਨਾਹਟ, ਲੱਤਾਂ ਵਿੱਚ ਭਾਰੀਪਣ, ਜਾਂ ਹੱਥਾਂ ਨੂੰ ਇੱਕ ਹੀ ਸਥਿਤੀ ਵਿੱਚ ਰੱਖਣ ਕਾਰਨ ਕੁਝ ਸਮੇਂ ਲਈ ਅੰਗਾਂ ਨੂੰ ਹਿਲਾਉਣ ਵਿੱਚ ਅਸਮਰੱਥਾ ਹੋ ਸਕਦੀ ਹੈ।

ਲੰਮੇ ਸਮੇਂ ਤੱਕ ਝੁਕ ਕੇ ਬੈਠਣ ਅਤੇ ਮੋਬਾਈਲ ਫੋਨ ਵੱਲ ਦੇਖਣ ਨਾਲ ਗਰਦਨ ਵਿੱਚ ਖਿਚਾਅ ਅਤੇ ਪਿੱਠ ਵਿੱਚ ਦਰਦ ਹੋ ਸਕਦਾ ਹੈ।

ਟਾਇਲਟ 'ਚ ਫ਼ੋਨ

ਕੋਵਿਡ ਕਾਲ ਤੋਂ ਬਾਅਦ ਪਿਛਲੇ ਪੰਜ ਸਾਲਾਂ ਵਿੱਚ, ਬੈਠਣ ਵਾਲੀ ਜੀਵਨ ਸ਼ੈਲੀ ਦੇ ਪ੍ਰਭਾਵ ਵਧੇਰੇ ਸਪੱਸ਼ਟ ਹੋ ਗਏ ਹਨ। ਲਗਾਤਾਰ ਬੈਠਣਾ, ਬੈਠੇ ਹੋਏ ਕੰਮ ਕਰਨਾ, ਘਰੋਂ ਨਾ ਨਿਕਲਣਾ, ਕਸਰਤ ਜਾਂ ਯੋਗ ਦੀ ਘਾਟ, ਫਾਸਟ ਫੂਡ ਅਤੇ ਪੈਕ ਕੀਤੇ ਭੋਜਨ ਖਾਣ ਦੀ ਆਦਤ ਵਧ ਗਈ ਹੈ।

ਇਸ ਤੋਂ ਇਲਾਵਾ, ਮੋਬਾਈਲ ਦੀ ਵਰਤੋਂ ਵੀ ਵਧੀ ਹੈ ਕਿਉਂਕਿ ਜ਼ਿਆਦਾਤਰ ਲੈਣ-ਦੇਣ ਮੋਬਾਈਲ 'ਤੇ ਹੀ ਹੁੰਦੇ ਹਨ। ਫ਼ੋਨ ਦੀ ਲਗਾਤਾਰ ਵਰਤੋਂ ਕਾਰਨ ਬਹੁਤ ਸਾਰੇ ਲੋਕਾਂ ਨੂੰ ਫ਼ੋਨ ਟਾਇਲਟ 'ਚ ਲੈ ਜਾਣ ਦੀ ਆਦਤ ਪੈ ਗਈ ਹੈ।

ਇੱਕ ਥਾਂ 'ਤੇ ਬੈਠਣ ਨਾਲ ਦਿਲ ਦੀ ਬਿਮਾਰੀ, ਸ਼ੂਗਰ, ਮੋਟਾਪਾ, ਗਰਦਨ ਅਤੇ ਪਿੱਠ ਦਰਦ, ਮਾਸਪੇਸ਼ੀਆਂ ਦੀ ਕਮਜ਼ੋਰੀ, ਵੈਰੀਕੋਜ਼ ਨਾੜੀਆਂ, ਸਟ੍ਰੋਕ, ਮਾਸਪੇਸ਼ੀਆਂ ਅਤੇ ਜੋੜਾਂ ਵਿੱਚ ਦਰਦ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਪਰ ਇਸ ਤੋਂ ਵੀ ਜ਼ਿਆਦਾ, ਪੇਟ ਫੁੱਲਣਾ, ਬੇਲੋੜਾ ਭਾਰ ਵਧਣਾ, ਅਤੇ ਹੌਲੀ ਮੈਟਾਬੋਲਿਜ਼ਮ ਵਰਗੀਆਂ ਸਮੱਸਿਆਵਾਂ ਮਾਨਸਿਕ ਸਿਹਤ ਨੂੰ ਵੀ ਪ੍ਰਭਾਵਿਤ ਕਰਦੀਆਂ ਹਨ।

ਇਹ ਬੈਠਣ ਵਾਲੀ ਜੀਵਨ ਸ਼ੈਲੀ ਚਿੰਤਾ, ਉਦਾਸੀ, ਤਣਾਅ, ਜਾਂ ਖਾਣ-ਪੀਣ ਦੀਆਂ ਬਿਮਾਰੀਆਂ ਦਾ ਕਾਰਨ ਬਣ ਸਕਦੀ ਹੈ।

ਜਦੋਂ ਤੁਸੀਂ ਇੱਕੋ ਥਾਂ ਬੈਠੇ ਰਹਿੰਦੇ ਹੋ ਤਾਂ ਕੀ ਹੁੰਦਾ ਹੈ?

ਪੇਟ ਦਰਦ

ਤਸਵੀਰ ਸਰੋਤ, Getty Images

ਬੈਠਣ ਵਾਲੀ ਜੀਵਨ ਸ਼ੈਲੀ ਅਤੇ ਬਿਨਾਂ ਕਿਸੇ ਸਰੀਰਕ ਗਤੀਵਿਧੀ ਦੇ ਲੰਬੇ ਸਮੇਂ ਤੱਕ ਇੱਕ ਜਗ੍ਹਾ 'ਤੇ ਬੈਠਣਾ ਤੁਹਾਡੇ ਜੀਵਨ ਦੀ ਗੁਣਵੱਤਾ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਇਸ ਨਾਲ ਕਈ ਸਿਹਤ ਸਮੱਸਿਆਵਾਂ ਦਾ ਜੋਖਮ ਵਧਦਾ ਹੈ।

ਲੰਬੇ ਸਮੇਂ ਤੱਕ ਬੈਠਣ ਨਾਲ ਸਰੀਰ ਦੀ ਬਲੱਡ ਸ਼ੂਗਰ ਅਤੇ ਇੰਸੁਲਿਨ ਦੇ ਪੱਧਰਾਂ ਨੂੰ ਕੰਟਰੋਲ ਕਰਨ ਦੀ ਸਮਰੱਥਾ ਵਿੱਚ ਵੀ ਵਿਘਨ ਪੈਂਦਾ ਹੈ, ਜਿਸ ਨਾਲ ਟਾਈਪ 2 ਸ਼ੂਗਰ, ਚਿੰਤਾ ਅਤੇ ਤਣਾਅ, ਮੋਟਾਪਾ, ਜੋੜਾਂ ਅਤੇ ਮਾਸਪੇਸ਼ੀਆਂ ਵਿੱਚ ਦਰਦ, ਬਲੱਡ ਪ੍ਰੈਸ਼ਰ ਅਤੇ ਕੋਲੇਸਟ੍ਰੋਲ ਦੇ ਪੱਧਰ ਵਿੱਚ ਵਾਧਾ, ਨਾਲ ਹੀ ਸਟ੍ਰੋਕ ਅਤੇ ਦਿਲ ਦੀ ਬਿਮਾਰੀ ਹੁੰਦੀ ਹੈ।

ਇੱਕ ਥਾਂ 'ਤੇ ਲੰਬੇ ਸਮੇਂ ਤੱਕ ਬੈਠਣ ਨਾਲ ਪਿੱਠ ਦੀਆਂ ਮਾਸਪੇਸ਼ੀਆਂ 'ਤੇ ਵੀ ਦਬਾਅ ਪੈਂਦਾ ਹੈ ਅਤੇ ਰੀੜ੍ਹ ਦੀ ਹੱਡੀ ਦੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਅਜਿਹੀ ਜੀਵਨ ਸ਼ੈਲੀ ਪਿੱਠ ਦਰਦ, ਗਰਦਨ ਦਰਦ, ਓਸਟੀਓਪੋਰੋਸਿਸ ਅਤੇ ਵੈਰੀਕੋਜ਼ ਨਾੜੀਆਂ ਵਰਗੀਆਂ ਬਿਮਾਰੀਆਂ ਨੂੰ ਸੱਦਾ ਦਿੰਦੀ ਹੈ।

ਟਾਇਲਟ ਵਿੱਚ ਮੋਬਾਈਲ ਦੀ ਵਰਤੋਂ ਕਰਨ ਦੀ ਆਦਤ ਕਿਵੇਂ ਛੱਡੀ ਜਾਵੇ?

ਟਾਇਲਟ ਵਿੱਚ ਮੋਬਾਈਲ

ਤਸਵੀਰ ਸਰੋਤ, Getty Images

ਹੁਣ ਗੱਲ ਕਰਦੇ ਹਾਂ ਕਿ ਮੋਬਾਈਲ ਫ਼ੋਨ ਨੂੰ ਹਰ ਜਗ੍ਹਾ ਵਰਤਣ ਦੀ ਇਸ ਆਦਤ ਨੂੰ ਛੱਡਿਆ ਕਿਵੇਂ ਜਾਵੇ।

ਅਸੀਂ ਇਹ ਸਵਾਲ ਮੁੰਬਈ ਦੇ ਲੀਲਾਵਤੀ ਹਸਪਤਾਲ ਦੇ ਜਨਰਲ ਸਰਜਨ ਡਾਕਟਰ ਨਰਿੰਦਰ ਨਿਕਮ ਨੂੰ ਪੁੱਛਿਆ।

ਡਾਕਟਰ ਨਿਕਮ ਨੇ ਕਿਹਾ, "ਟਾਇਲਟ ਸੀਟ 'ਤੇ ਲੰਬੇ ਸਮੇਂ ਤੱਕ ਬੈਠਣ ਨਾਲ ਸਾਡੀਆਂ ਪੇਡੂ ਦੀਆਂ ਮਾਸਪੇਸ਼ੀਆਂ ਕਮਜ਼ੋਰ ਹੋ ਜਾਂਦੀਆਂ ਹਨ। ਇਸ ਨਾਲ ਪਿਸ਼ਾਬ ਅਤੇ ਮਲ ਨੂੰ ਕੰਟਰੋਲ ਕਰਨ ਵਿੱਚ ਵੀ ਸਮੱਸਿਆਵਾਂ ਆਉਂਦੀਆਂ ਹਨ।''

''ਇਸ ਲਈ ਤੁਹਾਨੂੰ ਟਾਇਲਟ 'ਤੇ ਪੰਜ ਤੋਂ ਦਸ ਮਿੰਟ ਤੋਂ ਵੱਧ ਨਹੀਂ ਬਿਤਾਉਣੇ ਚਾਹੀਦੇ। ਸਰੀਰ ਦੇ ਇਸ ਹਿੱਸੇ 'ਤੇ ਜ਼ਿਆਦਾ ਤਣਾਅ ਨਾ ਪਾਓ। ਇਸ ਸਥਿਤੀ ਤੋਂ ਬਚਣ ਲਈ, ਤੁਹਾਨੂੰ ਹਰ ਰੋਜ਼ ਦੋ ਤੋਂ ਤਿੰਨ ਲੀਟਰ ਪਾਣੀ ਪੀਣਾ ਚਾਹੀਦਾ ਹੈ ਅਤੇ ਨਿਯਮਿਤ ਤੌਰ 'ਤੇ ਕਸਰਤ ਕਰਨੀ ਚਾਹੀਦੀ ਹੈ। ਤੁਹਾਡੀ ਖੁਰਾਕ ਵਿੱਚ ਫਾਈਬਰ ਦੀ ਮਾਤਰਾ ਜ਼ਿਆਦਾ ਹੋਣੀ ਚਾਹੀਦੀ ਹੈ।"

ਡਾਕਟਰ ਇਹ ਵੀ ਕਹਿੰਦੇ ਹਨ ਕਿ ਜੇਕਰ ਤੁਹਾਨੂੰ ਪੇਟ ਖਰਾਬ ਹੋਣ ਜਾਂ ਪੇਟ ਦਰਦ ਵਰਗੇ ਲੱਛਣ ਹਨ, ਜੋ ਦੋ ਦਿਨਾਂ ਤੋਂ ਵੱਧ ਸਮੇਂ ਤੱਕ ਰਹਿੰਦੇ ਹਨ, ਤਾਂ ਡਾਕਟਰ ਨੂੰ ਜ਼ਰੂਰ ਸੰਪਰਕ ਕਰੋ।

ਫ਼ੋਨ ਫ੍ਰੀ ਜ਼ੋਨ

ਏਮਜ਼ ਹਸਪਤਾਲ, ਡੋਂਬੀਵਲੀ ਵਿਖੇ ਕੰਮ ਕਰਦੇ ਜਨਰਲ ਸਰਜਨ ਡਾਕਟਰ ਸ਼ਾਹਿਦ ਪਰਵੇਜ਼ ਵੀ ਕਈ ਗੱਲਾਂ ਵੱਲ ਧਿਆਨ ਦਿਵਾਉਂਦੇ ਹਨ।

ਉਹ ਕਹਿੰਦੇ ਹਨ, "ਬਵਾਸੀਰ ਜਾਂ ਇਸ ਨਾਲ ਸਬੰਧਤ ਬਿਮਾਰੀਆਂ ਦਾ ਕਾਰਨ ਸਿਰਫ ਘੱਟ ਰੇਸ਼ੇਦਾਰ ਭੋਜਨ ਖਾਣਾ ਨਹੀਂ ਹੈ ਸਗੋਂ ਲੰਬੇ ਸਮੇਂ ਤੱਕ ਟਾਇਲਟ ਸੀਟ 'ਤੇ ਬੈਠਣ ਅਤੇ ਉੱਥੇ ਫ਼ੋਨ ਦੀ ਵਰਤੋਂ ਕਰਨ ਵਰਗੀਆਂ ਆਦਤਾਂ ਵੀ ਇਸ ਦਾ ਕਾਰਨ ਬਣਦੀਆਂ ਹਨ।''

''ਇਸ ਨਾਲ ਗੁਦਾ ਦੇ ਨੇੜੇ ਨਾੜੀਆਂ 'ਤੇ ਦਬਾਅ ਪੈਂਦਾ ਹੈ ਅਤੇ ਵਿਅਕਤੀ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇਕਰ ਬਵਾਸੀਰ ਵਿੱਚੋਂ ਖੂਨ ਵਗਣਾ ਸ਼ੁਰੂ ਹੋ ਜਾਵੇ ਤਾਂ ਇਹ ਬਹੁਤ ਪਰੇਸ਼ਾਨੀ ਵਾਲੀ ਗੱਲ ਹੈ। ਨਾਲ ਹੀ, ਜੇਕਰ ਮੋਬਾਈਲ ਫੋਨ 'ਤੇ ਮੌਜੂਦ ਕੀਟਾਣੂ ਤੁਹਾਡੇ ਚਿਹਰੇ ਅਤੇ ਹੱਥਾਂ ਦੇ ਸੰਪਰਕ ਵਿੱਚ ਆਉਂਦੇ ਹਨ, ਤਾਂ ਪੇਟ ਵਿੱਚ ਇਨਫੈਕਸ਼ਨ ਹੋਣ ਦੀ ਸੰਭਾਵਨਾ ਹੁੰਦੀ ਹੈ।"

ਖਾਣਾ

ਤਸਵੀਰ ਸਰੋਤ, Getty Images

ਡਾਕਟਰ ਪਰਵੇਜ਼ ਕਹਿੰਦੇ ਹਨ ਕਿ ਤੁਹਾਨੂੰ ਆਪਣੇ ਘਰ ਵਿੱਚ ਫ਼ੋਨ-ਮੁਕਤ ਜ਼ੋਨ ਬਣਾਉਣਾ ਚਾਹੀਦਾ ਹੈ। ਇਸ ਖੇਤਰ ਵਿੱਚ ਫ਼ੋਨਾਂ ਦੀ ਵਰਤੋਂ ਨਹੀਂ ਕੀਤੀ ਜਾਣੀ ਚਾਹੀਦੀ। ਇਸ ਵਿੱਚ ਸੌਣ ਅਤੇ ਖਾਣ ਵਾਲੀ ਜਗ੍ਹਾ ਸ਼ਾਮਲ ਹੋਣੀ ਚਾਹੀਦੀ ਹੈ, ਅਤੇ ਤੁਸੀਂ ਟਾਇਲਟ ਵਿੱਚ ਆਪਣੇ ਫ਼ੋਨ ਦੀ ਵਰਤੋਂ ਨਾ ਕਰਕੇ ਵੀ ਅਨੁਸ਼ਾਸਨ ਲਾਗੂ ਕਰ ਸਕਦੇ ਹੋ।

ਉਨ੍ਹਾਂ ਦਾ ਕਹਿਣਾ ਹੈ ਕਿ ਤੁਸੀਂ ਫ਼ੋਨ ਦੀ ਵਰਤੋਂ ਨੂੰ ਸੀਮਿਤ ਕਰ ਸਕਦੇ ਹੋ। ਇਹ ਲਗਾਤਾਰ ਬੈਠਣ ਦੀ ਆਦਤ ਨੂੰ ਤੋੜਨ ਵਿੱਚ ਵੀ ਮਦਦ ਕਰ ਸਕਦਾ ਹੈ। ਪੜ੍ਹਾਈ ਦੌਰਾਨ ਬ੍ਰੇਕ ਲੈਣ ਲਈ ਤੁਸੀਂ ਆਪਣੀ ਕੁਰਸੀ ਤੋਂ ਉੱਠੋ ਅਤੇ ਆਪਣੀਆਂ ਲੱਤਾਂ-ਬਾਹਾਂ ਨੂੰ ਹਿਲਾਓ। ਇਸੇ ਤਰ੍ਹਾਂ ਜੇਕਰ ਤੁਸੀਂ ਸਕ੍ਰੀਨ ਦੀ ਵਰਤੋਂ ਕਰਕੇ ਕੰਮ ਕਰ ਰਹੇ ਹੋ ਤਾਂ ਆਪਣੀਆਂ ਅੱਖਾਂ ਨੂੰ ਆਰਾਮ ਦੇਣ ਲਈ ਕੁਝ ਕਰ ਸਕਦੇ ਹੋ।

ਕਬਜ ਕਾਰਨ ਬਵਾਸੀਰ ਅਤੇ ਹੋਰ ਗੰਭੀਰ ਦਿੱਕਤਾਂ

ਪੇਟ ਦਰਦ

ਤਸਵੀਰ ਸਰੋਤ, Getty Images

ਕਬਜ ਜਾਂ ਸਮੁੱਚੀ ਮਲ ਤਿਆਗ ਪ੍ਰਕਿਰਿਆ ਵਿੱਚ ਰੁਕਾਵਟ ਹੇਠ ਲਿਖੀਆਂ ਬਹੁਤ ਸਾਰੀਆਂ ਸਮੱਸਿਆਵਾਂ ਦਾ ਕਾਰਨ ਬਣ ਸਕਦੀ ਹੈ।

ਇੱਕ ਵਾਰ ਪਾਚਨ ਕਿਰਿਆ ਵਿਗੜ ਜਾਣ 'ਤੇ ਗੁਦਾ 'ਤੇ ਦਬਾਅ ਪੈਂਦਾ ਹੈ, ਜਿਸ ਨਾਲ ਬਵਾਸੀਰ ਹੋ ਸਕਦੀ ਹੈ ਅਤੇ ਗੁਦਾ ਦੇ ਟਿਸ਼ੂਆਂ 'ਤੇ ਦਰਾਰਾਂ ਵਰਗੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਖਾਸ ਕਰਕੇ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਵਿੱਚ ਇਹ ਸਮੱਸਿਆ ਹੁੰਦੀ ਹੈ।

ਇਨ੍ਹਾਂ ਮਰੀਜ਼ਾਂ ਵਿੱਚ ਬਵਾਸੀਰ ਅਤੇ ਐਨਲ ਫਿਸ਼ਰ (ਗੁਦਾ ਦੇ ਟਿਸ਼ੂਆਂ 'ਤੇ ਦਰਾਰਾਂ) ਵਰਗੀਆਂ ਦਿੱਕਤਾਂ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ।

ਅਕਸਰ ਗੰਭੀਰ ਮਾਮਲਿਆਂ ਵਿੱਚ, ਗੁਦਾ 'ਤੇ ਜ਼ਿਆਦਾ ਦਬਾਅ ਦੇ ਕਾਰਨ ਹੋਈ ਕਬਜ ਖੂਨ ਦੇ ਥੱਕੇ ਦਾ ਕਾਰਨ ਬਣ ਸਕਦੀ ਹੈ। ਜਿਸ ਨਾਲ ਦਿਲ ਦਾ ਦੌਰਾ ਅਤੇ ਸਟ੍ਰੋਕ ਦਾ ਖ਼ਤਰਾ ਵਧ ਜਾਂਦਾ ਹੈ। ਅਜਿਹੀ ਸਥਿਤੀ ਵਿੱਚ, ਭਵਿੱਖ ਵਿੱਚ ਹੋਣ ਵਾਲੀਆਂ ਪੇਚੀਦਗੀਆਂ ਤੋਂ ਬਚਣ ਲਈ ਕਬਜ ਦਾ ਤੁਰੰਤ ਇਲਾਜ ਕਰਨਾ ਮਹੱਤਵਪੂਰਨ ਹੈ।

ਜਦੋਂ ਅੰਤੜੀਆਂ ਇੱਕ ਹਫ਼ਤੇ ਜਾਂ ਵੱਧ ਸਮੇਂ ਲਈ ਸਾਫ਼ ਨਹੀਂ ਹੁੰਦੀਆਂ ਤਾਂ ਇਸ ਨੂੰ ਲੰਮੇ ਸਮੇਂ ਵਾਲੀ ਕਬਜ ਕਿਹਾ ਜਾਂਦਾ ਹੈ। ਇਸ ਦੇ ਲੱਛਣਾਂ ਵਿੱਚ ਪੇਟ ਫੁੱਲਣਾ, ਪੇਟ ਵਿੱਚ ਦਰਦ, ਮਲ ਤਿਆਗਣ ਵੇਲੇ ਖਿਚਾਅ, ਅਤੇ ਮਲ ਪੂਰੀ ਤਰ੍ਹਾਂ ਨਾਲ ਨਿਕਾਸ ਨਾ ਹੋਣ ਦੀਆਂ ਸਮੱਸਿਆ ਸ਼ਾਮਲ ਹਨ।

ਜੇਕਰ ਤੁਰੰਤ ਇਲਾਜ ਨਾ ਕੀਤਾ ਜਾਵੇ, ਤਾਂ ਬਹੁਤ ਜ਼ਿਆਦਾ ਦਬਾਅ ਗੁਦਾ ਦੇ ਟਿਸ਼ੂਆਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਜਿਸ ਨਾਲ ਬਵਾਸੀਰ ਅਤੇ ਦਰਾਰਾਂ ਵਰਗੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ, ਜੋ ਦਰਦ ਅਤੇ ਖੂਨ ਵਗਣ ਦਾ ਕਾਰਨ ਬਣਦੀਆਂ ਹਨ।

ਕਬਜ਼

ਤਸਵੀਰ ਸਰੋਤ, Getty Images

ਇਸ ਬਾਰੇ ਹੋਰ ਜਾਣਕਾਰੀ ਲਈ ਅਸੀਂ ਹੋਰ ਡਾਕਟਰਾਂ ਨਾਲ ਵੀ ਗੱਲਬਾਤ ਕੀਤੀ।

ਮੁੰਬਈ ਦੇ ਅਪੋਲੋ ਸਪੈਕਟਰਾ ਹਸਪਤਾਲ ਦੇ ਜਨਰਲ ਸਰਜਨ ਡਾਕਟਰ ਲੈਕਿਨ ਵੀਰਾ ਨੇ ਕਿਹਾ, "ਪੁਰਾਣੀ ਕਬਜ ਦੇ ਕਾਰਨ - ਖੁਰਾਕ ਵਿੱਚ ਫਾਈਬਰ ਦੀ ਘਾਟ, ਕਸਰਤ ਦੀ ਘਾਟ, ਪ੍ਰੋਸੈਸਡ ਭੋਜਨਾਂ ਦਾ ਸੇਵਨ, ਕੁਝ ਦਵਾਈਆਂ, ਚਿੜਚਿੜਾ ਆਂਤ ਸਿੰਡਰੋਮ (IBS), ਗਰਭ ਅਵਸਥਾ ਅਤੇ ਬੁਢਾਪੇ ਦੌਰਾਨ ਅੰਤੜੀਆਂ ਵਿੱਚ ਰੁਕਾਵਟਾਂ ਹਨ।''

ਉਨ੍ਹਾਂ ਦੱਸਿਆ ਕਿ ''ਪੁਰਾਣੀ ਕਬਜ, ਗੁਦਾ ਵਿੱਚ ਨਾੜੀਆਂ 'ਤੇ ਵਾਧੂ ਦਬਾਅ ਪਾਉਂਦੀ ਹੈ, ਜਿਸ ਨਾਲ ਸੋਜ ਅਤੇ ਬਵਾਸੀਰ ਹੁੰਦੀ ਹੈ। ਲਗਾਤਾਰ ਤਣਾਅ ਮਰੀਜ਼ ਦੇ ਗੁਦਾ ਵਿੱਚ ਅਲਸਰ ਜਾਂ ਜਖਮ ਦਾ ਕਾਰਨ ਵੀ ਬਣ ਸਕਦਾ ਹੈ। ਇਹ ਅਲਸਰ ਗੁਦਾ ਦੇ ਅੰਦਰ ਅਤੇ ਬਾਹਰ ਦੋਵੇਂ ਤਰ੍ਹਾਂ ਹੋ ਸਕਦੇ ਹਨ। ਜੇਕਰ ਸਥਿਤੀ ਹੋਰ ਗੰਭੀਰ ਹੋ ਜਾਂਦੀ ਹੈ, ਤਾਂ ਇਹ ਖੂਨ ਵਗਣ ਅਤੇ ਦਰਦ ਦਾ ਕਾਰਨ ਵੀ ਬਣ ਸਕਦੇ ਹਨ।"

ਡਾਕਟਰ ਵੀਰਾ ਕਹਿੰਦੇ ਹਨ, "45-65 ਸਾਲ ਦੀ ਉਮਰ ਦੇ ਲਗਭਗ 20 ਫੀਸਦੀ ਲੋਕ ਕਬਜ ਦੀ ਸ਼ਿਕਾਇਤ ਨਾਲ ਹਸਪਤਾਲ ਵਿੱਚ ਦਾਖਲ ਹੁੰਦੇ ਹਨ। ਹਰ ਰੋਜ਼, 10 ਵਿੱਚੋਂ 2 ਲੋਕ ਕਬਜ ਤੋਂ ਪੀੜਤ ਹੁੰਦੇ ਹਨ, ਜਿਸ ਨਾਲ ਗੁਦਾ 'ਤੇ ਦਬਾਅ ਪੈਂਦਾ ਹੈ ਅਤੇ ਉਨ੍ਹਾਂ ਨੂੰ ਬਵਾਸੀਰ ਅਤੇ ਫਿਸ਼ਰ ਦਾ ਜੋਖ਼ਮ ਵਧ ਜਾਂਦਾ ਹੈ। ਮਰੀਜ਼ਾਂ ਨੂੰ ਬਵਾਸੀਰ ਅਤੇ ਫਿਸ਼ਰ ਵਿਚਕਾਰ ਆਪਸੀ ਸਬੰਧਾਂ ਬਾਰੇ ਜਾਣੂ ਕਰਵਾਉਂਦੇ ਹੋਏ, ਸਟੂਲ ਸਾਫਟਨਰ ਲੈਣ ਦੀ ਵੀ ਸਲਾਹ ਦਿੱਤੀ ਜਾਂਦੀ ਹੈ।''

ਟਾਇਲਟ

ਤਸਵੀਰ ਸਰੋਤ, Getty Images

ਇਸ ਤੋਂ ਬਾਅਦ ਮੁੰਬਈ ਦੇ ਜ਼ੈਨੋਵਾ ਸ਼ਾਲਬੀ ਹਸਪਤਾਲ ਦੇ ਜਨਰਲ ਅਤੇ ਲੈਪਰੋਸਕੋਪਿਕ ਸਰਜਨ ਡਾਕਟਰ ਹੇਮੰਤ ਪਟੇਲ ਨੇ ਕਿਹਾ ਕਿ ਇਸ ਸਮੇਂ ਸਾਡੇ ਕੋਲ ਆਉਣ ਵਾਲੇ ਜ਼ਿਆਦਾਤਰ ਮਰੀਜ਼ ਕਬਜ ਤੋਂ ਪੀੜਤ ਹਨ।

ਉਨ੍ਹਾਂ ਦੱਸਿਆ ਕਿ 45 ਤੋਂ 65 ਸਾਲ ਦੀ ਉਮਰ ਦੇ ਲਗਭਗ 15 ਫੀਸਦੀ ਲੋਕਾਂ ਨੂੰ ਰੋਜ਼ਾਨਾ ਕਬਜ, ਪੇਟ ਫੁੱਲਣਾ ਅਤੇ ਪੇਟ ਦਰਦ ਦੀਆਂ ਸ਼ਿਕਾਇਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਡਾਕਟਰ ਪਟੇਲ ਮੁਤਾਬਕ, ''ਕਬਜ ਦਾ ਸਮੇਂ ਸਿਰ ਇਲਾਜ ਬਵਾਸੀਰ ਅਤੇ ਫਿਸ਼ਰ ਵਰਗੀਆਂ ਸਮੱਸਿਆਵਾਂ ਨੂੰ ਰੋਕ ਸਕਦਾ ਹੈ। ਕੇਲੇ, ਸੇਬ, ਚੀਆ ਬੀਜ, ਗਾਜਰ ਅਤੇ ਚੁਕੰਦਰ ਸਮੇਤ ਫਾਈਬਰ ਨਾਲ ਭਰਪੂਰ ਖੁਰਾਕ, ਨਿਯਮਤ ਸਰੀਰਕ ਗਤੀਵਿਧੀ, ਅਤੇ ਚੰਗੀ ਮਾਤਰਾ ਵਿੱਚ ਪਾਣੀ ਪੀਣ ਨਾਲ ਅੰਤੜੀਆਂ ਦੇ ਕੰਮ ਨੂੰ ਬਿਹਤਰ ਬਣਾਉਣ ਵਿੱਚ ਮਦਦ ਮਿਲਦੀ ਹੈ।''

ਉਹ ਕਹਿੰਦੇ ਹਨ ਕਿ ''ਮਲ ਤਿਆਗਣ ਦੌਰਾਨ ਵਧੇਰੇ ਦਬਾਅ ਨਹੀਂ ਦੇਣਾ ਚਾਹੀਦਾ ਅਤੇ ਆਪਣੀ ਖੁਰਾਕ ਵਿੱਚ ਪ੍ਰੋਬਾਇਓਟਿਕਸ ਨੂੰ ਸ਼ਾਮਲ ਕਰਨ ਚਾਹੀਦਾ ਹੈ ਤਾਂ ਜੋ ਅੰਤੜੀਆਂ ਦੀ ਚੰਗੀ ਸਿਹਤ ਬਣਾਈ ਰੱਖਣ ਵਿੱਚ ਮਦਦ ਮਿਲ ਸਕੇ। ਸਮੇਂ ਸਿਰ ਇਲਾਜ ਲੰਬੇ ਸਮੇਂ ਲਈ ਹੋਣ ਵਾਲੀਆਂ ਸਮੱਸਿਆਵਾਂ ਨੂੰ ਰੋਕ ਸਕਦਾ ਹੈ ਅਤੇ ਬਵਾਸੀਰ ਅਤੇ ਗੁਦਾ ਦੇ ਟਿਸ਼ੂ ਨੂੰ ਨੁਕਸਾਨ ਵਰਗੀਆਂ ਪੇਚੀਦਗੀਆਂ ਦੇ ਜੋਖਮ ਨੂੰ ਘਟਾ ਸਕਦਾ ਹੈ।"

ਬੇਸ਼ੱਕ, ਜੇਕਰ ਤੁਸੀਂ ਆਪਣੀ ਜੀਵਨ ਸ਼ੈਲੀ ਵਿੱਚ ਕੋਈ ਮਹੱਤਵਪੂਰਨ ਬਦਲਾਅ ਲਿਆਉਣਾ ਚਾਹੁੰਦੇ ਹੋ, ਆਪਣੀ ਖੁਰਾਕ ਬਦਲਣਾ ਚਾਹੁੰਦੇ ਹੋ, ਜਾਂ ਸਰੀਰਕ ਕਸਰਤ ਸ਼ੁਰੂ ਕਰਨਾ ਚਾਹੁੰਦੇ ਹੋ, ਤਾਂ ਡਾਕਟਰ ਅਤੇ ਮਾਹਿਰ ਟ੍ਰੇਨਰ ਦੀ ਮਦਦ ਲੈਣਾ ਜ਼ਰੂਰੀ ਹੈ।

ਡਾਕਟਰ ਤੋਂ ਆਪਣੇ ਸਰੀਰ ਅਤੇ ਲੱਛਣਾਂ ਦੀ ਸਹੀ ਢੰਗ ਨਾਲ ਜਾਂਚ ਕਰਵਾਉਣਾ ਅਤੇ ਉਨ੍ਹਾਂ ਦੀ ਸਲਾਹ ਦੇ ਆਧਾਰ 'ਤੇ ਜੀਵਨਸ਼ੈਲੀ ਵਿੱਚ ਬਦਲਾਅ ਕਰਨਾ ਸਭ ਤੋਂ ਵਧੀਆ ਰਹਿੰਦਾ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)