ਕੀ ਔਰਤਾਂ ਵਿੱਚ ਜਿਨਸੀ ਲਾਗ ਕਾਰਨ ਹੁੰਦਾ ਹੈ ਬੈਕਟੀਰੀਅਲ ਵੈਜੀਨੋਸਿਸ, ਕੀ ਹੈ ਇਹ ਬਿਮਾਰੀ

ਤਸਵੀਰ ਸਰੋਤ, Getty Images
ਖੋਜਕਾਰਾਂ ਦਾ ਕਹਿਣਾ ਹੈ ਕਿ ਯੋਨੀ ਵਿੱਚ ਹੋਣ ਵਾਲੇ ਬੈਕਟੀਰੀਅਲ ਵੈਜੀਨੋਸਿਸ (ਬੀਵੀ) ਇੱਕ ਜਿਨਸੀ ਤੌਰ 'ਤੇ ਸੰਚਾਰਿਤ ਲਾਗ (ਐੱਸਟੀਆਈ) ਵੀ ਹੋ ਸਕਦਾ ਹੈ।
ਇੰਗਲੈਂਡ ਦੀ ਨੈਸ਼ਨਲ ਹੈਲਥ ਸਰਵਿਸ (ਐੱਨਐੱਚਏ) ਦਾ ਕਹਿਣਾ ਹੈ ਕਿ ਬੀਵੀ 'ਤੁਹਾਡੀ ਯੋਨੀ ਵਿੱਚ ਬੈਕਟੀਰੀਆ ਦੇ ਕੁਦਰਤੀ ਸੰਤੁਲਨ ਵਿੱਚ ਤਬਦੀਲੀ ਕਾਰਨ ਹੁੰਦਾ ਹੈ ਅਤੇ ਇਹ ਕੋਈ ਐੱਸਆਈਟੀ ਨਹੀਂ ਹੈ।' ਹਾਲਾਂਕਿ ਇਹ ਸੈਕਸ ਕਾਰਨ ਵੀ ਹੋ ਸਕਦਾ ਹੈ।
ਇੱਕ ਅਧਿਐਨ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਦੁਨੀਆ ਭਰ ਵਿੱਚ ਲਗਭਗ ਇੱਕ ਤਿਹਾਈ ਔਰਤਾਂ ਬੀਵੀ ਤੋਂ ਪ੍ਰਭਾਵਿਤ ਹਨ। ਇਹ ਬਿਮਾਰੀ ਬਾਂਝਪਨ, ਸਮੇਂ ਤੋਂ ਪਹਿਲਾਂ ਜਨਮ ਅਤੇ ਨਵਜੰਮੇ ਬੱਚਿਆਂ ਦੀ ਮੌਤ ਦਾ ਕਾਰਨ ਬਣ ਸਕਦੀ ਹੈ। ਇਹ ਜਿਨਸੀ ਸਬੰਧਾਂ ਦੌਰਾਨ ਫੈਲਦਾ ਹੈ, ਇਸ ਲਈ ਇਸ ਨੂੰ ਜਿਨਸੀ ਤੌਰ 'ਤੇ ਸੰਚਾਰਿਤ ਲਾਗ਼ ਯਾਨਿ ਐੱਸਟੀਆਈ ਕਹਿਣਾ ਸਹੀ ਹੈ।
ਨਿਊ ਇੰਗਲੈਂਡ ਜਰਨਲ ਆਫ਼ ਮੈਡੀਸਨ ਵਿੱਚ ਪ੍ਰਕਾਸ਼ਿਤ ਇੱਕ ਆਸਟ੍ਰੇਲੀਅਨ ਅਧਿਐਨ ਵਿੱਚ ਸਾਹਮਣੇ ਆਇਆ ਹੈ ਕਿ ਲਾਗ਼ ਨੂੰ ਠੀਕ ਕਰਨ ਲਈ, ਨਾ ਸਿਰਫ਼ ਮਰੀਜ਼ ਦਾ ਸਗੋਂ ਉਸ ਦੇ ਜਿਨਸੀ ਸਾਥੀ ਦਾ ਵੀ ਇਲਾਜ ਕਰਨਾ ਜ਼ਰੂਰੀ ਹੈ।

ਬੀਵੀ ਕੀ ਹੈ?
ਬੀਵੀ ਦਾ ਕਾਰਨ ਅਸਧਾਰਨ ਯੋਨੀ ਡਿਸਚਾਰਜ ਹੈ। ਇਸ ਦੀ ਗੰਧ ਮੱਛੀ ਵਰਗੀ ਤੇਜ਼ ਹੁੰਦੀ ਹੈ। ਇਸ ਦਾ ਰੰਗ ਅਤੇ ਮੋਟਾਈ ਵੱਖ-ਵੱਖ ਹੋ ਸਕਦੀ ਹੈ। ਇਹ ਭੂਰਾ ਜਾਂ ਚਿੱਟਾ ਵੀ ਹੋ ਸਕਦਾ ਹੈ।
ਇਸ ਦੇ ਨਾਲ ਹੀ ਪਤਲੇ ਪਾਣੀ ਵਾਲਾ ਡਿਸਚਾਰਜ ਵੀ ਹੋ ਸਕਦਾ ਹੈ।
ਪਰ ਸਮੱਸਿਆ ਇਹ ਹੈ ਕਿ ਬੈਕਟੀਰੀਅਲ ਵੈਜੀਨੋਸਿਸ ਤੋਂ ਪੀੜਤ ਅੱਧੀਆਂ ਔਰਤਾਂ ਵਿੱਚ ਕੋਈ ਲੱਛਣ ਨਹੀਂ ਦਿਖਾਈ ਦਿੰਦੇ ਹਨ। ਇਸ ਨਾਲ ਆਮ ਤੌਰ 'ਤੇ ਕੋਈ ਦਰਦ ਜਾਂ ਖੁਜਲੀ ਨਹੀਂ ਹੁੰਦੀ।
ਇਸ ਦਾ ਇਲਾਜ ਐਂਟੀਬਾਇਓਟਿਕ ਗੋਲੀਆਂ, ਜੈੱਲਾਂ ਜਾਂ ਕਰੀਮਾਂ ਨਾਲ ਕੀਤਾ ਜਾ ਸਕਦਾ ਹੈ।

ਤਸਵੀਰ ਸਰੋਤ, Getty Images
ਕੀ ਬੀਵੀ ਇੱਕ ਜਿਨਸੀ ਤੌਰ 'ਤੇ ਸੰਚਾਰਿਤ ਬਿਮਾਰੀ ਹੈ?
ਖੋਜਕਾਰਾਂ ਨੇ ਬੀਵੀ ਤੋਂ ਪੀੜਤ 164 ਜੋੜਿਆਂ ਦਾ ਇਲਾਜ ਇੱਕ ਜਿਨਸੀ ਤੌਰ 'ਤੇ ਸੰਚਾਰਿਤ ਰੋਗ (ਐੱਸਟੀਡੀ) ਮੰਨ ਕੇ ਕੀਤਾ। ਇਸ ਦੌਰਾਨ ਜਿਨਸੀ ਸਾਥੀਆਂ ਨੂੰ ਐਂਟੀਬਾਇਓਟਿਕਸ ਵੀ ਦਿੱਤੇ ਗਏ।
ਇਸ ਅਧਿਐਨ ਵਿੱਚ ਜਿਨਸੀ ਸਾਥੀਆਂ ਨੂੰ ਸ਼ਾਮਲ ਕਰਨ ਦੇ ਨਾਲ, ਬੀਵੀ ਦੀ ਲਾਗ ਦੀ ਦਰ ਅੱਧੀ ਹੋ ਗਈ ਸੀ। ਇਸ ਤੋਂ ਬਾਅਦ ਡਾਕਟਰਾਂ ਨੇ ਉਨ੍ਹਾਂ ਦਾ ਅਧਿਐਨ ਰੋਕ ਦਿੱਤਾ।
ਪ੍ਰਮੁੱਖ ਖੋਜਕਾਰਾਂ ਵਿੱਚੋਂ ਇੱਕ ਪ੍ਰੋਫ਼ੈਸਰ ਕੈਟਰੀਨਾ ਬ੍ਰੈਡਸ਼ੌ ਦਾ ਕਹਿਣਾ ਹੈ, "ਸਾਡੇ ਟੈਸਟ ਨੇ ਦਿਖਾਇਆ ਹੈ ਕਿ ਔਰਤਾਂ ਨੂੰ ਆਪਣੇ ਸਾਥੀ ਦੇ ਇਨਫੈਕਸ਼ਨ ਕਾਰਨ ਵਾਰ-ਵਾਰ ਬੀਵੀ ਹੋ ਰਹੀ ਹੈ। ਇਹ ਪੁਸ਼ਟੀ ਕਰਦਾ ਹੈ ਕਿ ਇਹ ਸੱਚਮੁੱਚ ਇੱਕ ਜਿਨਸੀ ਤੌਰ 'ਤੇ ਸੰਚਾਰਿਤ ਬਿਮਾਰੀ ਹੈ।"
ਉਨ੍ਹਾਂ ਨੇ ਕਿਹਾ, "ਬੀਵੀ ਜਿਨਸੀ ਤੌਰ 'ਤੇ ਸੰਚਾਰਿਤ ਹੈ ਜਾਂ ਨਹੀਂ ਇਹ ਪਤਾ ਲਗਾਉਣ ਵਿੱਚ ਮੁਸ਼ਕਲ ਹੈ। ਇਸ ਦਾ ਇੱਕ ਕਾਰਨ ਇਹ ਹੈ ਕਿ ਅਸੀਂ ਅਜੇ ਤੱਕ ਚੰਗੀ ਤਰ੍ਹਾਂ ਇਹ ਨਹੀਂ ਜਾਣਦੇ ਹਨ ਕਿ ਕਿਸ ਬੈਕਟੀਰੀਆ ਕਾਰਨ ਇਹ ਹੁੰਦਾ ਹੈ। ਜੀਨੋਮ ਸੀਕਵੈਂਸਿੰਗ ਇਸ ਰਹੱਸ ਨੂੰ ਸੁਲਝਾਉਣ ਵਿੱਚ ਮਦਦ ਕਰ ਰਹੀ ਹੈ।"

ਤਸਵੀਰ ਸਰੋਤ, Getty Images
ਸ਼ੱਕੀ ਪੁਸ਼ਟੀ
ਆਸਟ੍ਰੇਲੀਆ ਦੀ ਮੋਨਾਸ਼ ਯੂਨੀਵਰਸਿਟੀ ਅਤੇ ਅਲਫ੍ਰੇਡ ਹੈਲਥ ਦੇ ਖੋਜਕਾਰਾਂ ਨੇ ਮੈਲਬੌਰਨ ਸੈਕਸੁਅਲ ਹੈਲਥ ਸੈਂਟਰ ਵਿੱਚ ਇੱਕ ਅਧਿਐਨ ਕੀਤਾ।
ਇਨ੍ਹਾਂ ਵਿੱਚੋਂ ਅੱਧਿਆਂ ਨੂੰ ਇੱਕ ਹਫ਼ਤੇ ਤੱਕ ਐਂਟੀਬਾਇਓਟਿਕ ਦਵਾਈ ਅਤੇ ਚਮੜੀ 'ਤੇ ਲਗਾਉਣ ਲਈ ਐਂਟੀਬਾਇਓਟਿਕ ਕਰੀਮ ਦਿੱਤੀ ਗਈ ਸੀ। ਬਾਕੀ ਲੋਕਾਂ ਦਾ ਕੋਈ ਇਲਾਜ ਨਹੀਂ ਕੀਤਾ ਗਿਆ।
ਇਸ ਤੋਂ ਬਾਅਦ ਆਏ ਨਤੀਜਿਆਂ ਦੇ ਆਧਾਰ 'ਤੇ ਇਲਾਜ ਦਾ ਤਰੀਕਾ ਬਦਲਿਆ ਗਿਆ। ਦੋਵਾਂ ਸਾਥੀਆਂ ਦਾ ਨਿਯਮਤ ਇਲਾਜ ਕੀਤਾ ਗਿਆ।
ਬ੍ਰਿਟਿਸ਼ ਐਸੋਸੀਏਸ਼ਨ ਫਾਰ ਸੈਕਸੁਅਲ ਹੈਲਥ ਐਂਡ ਐੱਚਆਈਵੀ ਨੇ ਕਿਹਾ, "ਇਹ ਖੋਜ ਲੰਬੇ ਸਮੇਂ ਤੋਂ ਚੱਲੀ ਆ ਰਹੀ ਸ਼ੱਕ ਦੀ ਪੁਸ਼ਟੀ ਕਰਨ ਵਾਲੇ ਕੀਮਤੀ ਸਬੂਤ ਪ੍ਰਦਾਨ ਕਰਦੀ ਹੈ ਕਿ ਬੀਵੀ ਨਾਲ ਜੁੜੇ ਬੈਕਟੀਰੀਆ ਜਿਨਸੀ ਤੌਰ 'ਤੇ ਸੰਚਾਰਿਤ ਹੋ ਸਕਦਾ ਹੈ, ਖ਼ਾਸ ਤੌਰ 'ਤੇ ਉਨ੍ਹਾਂ ਲੋਕਾਂ ਵਿੱਚ ਜਿਨ੍ਹਾਂ ਨੂੰ ਵਾਰ-ਵਾਰ ਲਾਗ ਹੁੰਦੀ ਹੈ।"
ਬੁਲਾਰੇ ਨੇ ਕਿਹਾ, "ਇਹ ਖੋਜ ਬੀਵੀ ਬਾਰੇ ਸਾਡੀ ਸਮਝ ਨੂੰ ਵਧਾਉਂਦੀ ਹੈ। ਇਹ ਆਸ਼ਵੰਦ ਸਮਝ ਪ੍ਰਦਾਨ ਕਰਦੀ ਹੈ ਅਤੇ ਇਲਾਜ ਦੇ ਤਰੀਕਿਆਂ ਦਾ ਮਾਰਗਦਰਸ਼ਨ ਵੀ ਕਰਦੀ ਹੈ।"
ਜੇਕਰ ਤੁਹਾਨੂੰ ਐੱਸਟੀਆਈ ਦੇ ਲੱਛਣ ਹੋਣ ਜਾਂ ਤੁਹਾਨੂੰ ਬੀਵੀ ਬਾਰੇ ਚਿੰਤਾ ਹੈ, ਤਾਂ ਆਪਣੇ ਡਾਕਟਰ ਨੂੰ ਦੇਖੋ ਜਾਂ ਸਥਾਨਕ ਜਿਨਸੀ ਸਿਹਤ ਕਲੀਨਿਕ 'ਤੇ ਜਾਓ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












