ਲੋਕਾਂ ਦੇ ਘਰ ਗੋਹਾ ਕੂੜਾ ਕਰਕੇ ਤਿੰਨ ਧੀਆਂ ਪੁੱਤਰ ਨੂੰ ਸਰਕਾਰੀ ਨੌਕਰੀ ਲੁਆਉਣ ਵਾਲੀ ਸੰਗਰੂਰ ਦੀ ਦਲਿਤ ਔਰਤ ਦੀ ਕਹਾਣੀ

ਤਸਵੀਰ ਸਰੋਤ, Kulvir Singh/BBC
- ਲੇਖਕ, ਕੁਲਵੀਰ ਸਿੰਘ
- ਰੋਲ, ਬੀਬੀਸੀ ਸਹਿਯੋਗੀ
ਘਰ ਦੇ ਵਿਹੜੇ ਦੇ ਵਿੱਚ ਬੈਠੀ ਭਜਨ ਕੌਰ ਆਪਣੀ ਬੇਟੀ ਗੁਰਜੀਤ ਅਤੇ ਅਮਨਦੀਪ ਦੇ ਨਾਲ ਨਵਾਂ ਘਰ ਬਣਾਉਣ ਬਾਰੇ ਗੱਲਾਂ ਕਰ ਰਹੇ ਹਨ ਪਰ ਭਜਨ ਕੌਰ ਲਈ ਇਹ ਸਭ ਕਿਸੇ ਸੱਚ ਹੋਏ ਸੁਪਨੇ ਤੋਂ ਘੱਟ ਨਹੀਂ।
ਕਿਉਂਕਿ ਜਦੋਂ 1995 ਦੇ ਵਿੱਚ ਉਨ੍ਹਾਂ ਦੇ ਪਤੀ ਦੀ ਮੌਤ ਹੋਈ ਤਾਂ ਉਦੋਂ ਆਪਣੀਆਂ ਤਿੰਨ ਕੁੜੀਆਂ ਤੇ ਇੱਕ ਪੁੱਤਰ ਨੂੰ ਪਾਲਣਾ ਅਤੇ ਘਰ ਦਾ ਚੁੱਲ੍ਹਾ ਚਲਾਉਣਾ ਉਨ੍ਹਾਂ ਲਈ ਕਾਫੀ ਔਖਾ ਗਿਆ ਸੀ।
ਜ਼ਿਲ੍ਹਾ ਸੰਗਰੂਰ ਦੇ ਪਿੰਡ ਖੇੜੀ ਕਲਾਂ ਦੀ ਦਲਿਤ ਮਜ਼ਦੂਰ ਭਜਨ ਕੌਰ ਨੇ ਆਪਣੇ ਬੱਚਿਆਂ ਨੂੰ ਉੱਚ ਸਿੱਖਿਆ ਤੋਂ ਲੈ ਕੇ ਸਰਕਾਰੀ ਨੌਕਰੀ ਲਵਾਉਣ ਤੇ ਆਪਣੇ ਪਰਿਵਾਰ ਨੂੰ ਗਰੀਬੀ ਦੇ ਹਨੇਰੇ ਵਿੱਚੋਂ ਕੱਢਣ ਲਈ ਮਰਦਾਂ ਤੋਂ ਵੱਧ ਕੇ ਹਰ ਉਹ ਕੰਮ ਕੀਤਾ ਜੋ ਉਹ ਕਰ ਸਕਦੀ ਸੀ।
ਉਨ੍ਹਾਂ ਦੀ ਬੇਟੀ ਅਮਨਦੀਪ ਕੌਰ ਸਰਕਾਰੀ ਅਧਿਆਪਕ ਹਨ ਤੇ ਗੁਰਜੀਤ ਕੌਰ ਇਸ ਸਮੇਂ ਐੱਸਡੀਐੱਮ ਆਫਿਸ ਦੇ ਵਿੱਚ ਕਲਰਕ ਹਨ ਜਦਕਿ ਬੇਟਾ ਸੁਖਵਿੰਦਰ ਸਿੰਘ ਕੋਰਟ ਦੇ ਵਿੱਚ ਰੀਡਰ ਹੈ। ਇਸ ਤੋਂ ਇਲਾਵਾ ਸਭ ਤੋਂ ਵੱਡੀ ਬੇਟੀ ਰਣਜੀਤ ਕੌਰ ਦਾ ਉਨ੍ਹਾਂ ਨੇ ਵਿਆਹ ਕਰ ਦਿੱਤਾ ਹੈ।

ਭਜਨ ਕੌਰ ਦੇ ਪਤੀ ਦੀ ਮੌਤ ਕਿਵੇਂ ਹੋਈ
ਭਜਨ ਕੌਰ ਹੁਣ ਵੀ ਉਸ ਰਾਤ ਨੂੰ ਯਾਦ ਕਰਕੇ ਡਰ ਜਾਂਦੇ ਹਨ ਜਦੋਂ ਉਨ੍ਹਾਂ ਦੇ ਪਤੀ ਦੀ ਮੌਤ ਦੀ ਖ਼ਬਰ ਆਈ ਸੀ।
ਭਜਨ ਕੌਰ ਦੇ ਪਤੀ ਨਾਹਰ ਸਿੰਘ ਪਿੰਡ ਦੇ ਵਿੱਚ ਜੱਟਾਂ ਦੇ ਨਾਲ ʻਸੀਰੀʼ (ਇੱਕ ਸਾਲ ਲਈ ਨੌਕਰ) ਵਜੋਂ ਕੰਮ ਕਰਦੇ ਸਨ ਜਿਨ੍ਹਾਂ ਦੀ ਇੱਕ ਹਾਦਸੇ ਦੌਰਾਨ ਟਰਾਲੀ ਹੇਠਾਂ ਆਉਣ ਕਰਕੇ ਮੌਤ ਹੋ ਗਈ ਸੀ।
ਪਤੀ ਦੀ ਮੌਤ ਤੋਂ ਬਾਅਦ ਉਨ੍ਹਾਂ ਉੱਤੇ 30 ਹਜ਼ਾਰ ਰੁਪਏ ਦਾ ਕਰਜ਼ਾ ਵੀ ਆ ਗਿਆ ਸੀ ਤੇ ਤਿੰਨ ਧੀਆਂ ਅਤੇ ਇੱਕ ਪੁੱਤਰ ਦਾ ਪਾਲਣ ਪੋਸ਼ਣ ਵੀ ਕਰਨਾ ਸੀ। ਉਹ ਅਜਿਹਾ ਵੇਲਾ ਸੀ ਜਦੋਂ ਭਜਨ ਕੌਰ ਦੇ ਸਾਹਮਣੇ ਹਾਲਾਤ ਕੰਧ ਬਣ ਕੇ ਖੜ੍ਹ ਗਏ ਸਨ।
ਉਨ੍ਹਾਂ ਦੇ ਪਤੀ ਦੀ ਮੌਤ ਸਮੇਂ ਉਨ੍ਹਾਂ ਦੀ ਉਮਰ ਮਹਿਜ਼ 29 ਸਾਲ ਸੀ। ਇਸ ਦੌਰਾਨ ਉਨ੍ਹਾਂ ਨੂੰ ਉਨ੍ਹਾਂ ਦੇ ਪਤੀ ਦੇ ਭਰਾ ਦੇ ਲੜ ਲੱਗਣ ਲਈ ਵੀ ਕਿਹਾ ਗਿਆ ਪਰ ਉਨ੍ਹਾਂ ਨੇ ਇਨਕਾਰ ਕਰ ਦਿੱਤਾ।
ਇਸ ਤੋਂ ਇਲਾਵਾ ਉਨ੍ਹਾਂ ਨੇ ਵੱਖ ਹੋ ਕੇ ਆਪਣੀਆਂ ਤਿੰਨ ਕੁੜੀਆਂ ਤੇ ਇੱਕ ਬੇਟੇ ਨੂੰ ਪਾਲਿਆ।
ਇਸ ਲਈ ਉਨ੍ਹਾਂ ਨੂੰ ਪਰਿਵਾਰ ਤੋਂ ਲੈ ਕੇ ਸਮਾਜ ਦੇ ਮਿਹਣੇ ਵੀ ਸੁਣਨੇ ਪਏ।

ਤਸਵੀਰ ਸਰੋਤ, Kulvir Singh/BBC
ਹਰ ਤਰ੍ਹਾਂ ਦਾ ਕੀਤਾ ਕੰਮ
ਭਜਨ ਕੌਰ ਦੱਸਦੇ ਹਨ ਕਿ ਉਨ੍ਹਾਂ ਨੇ ਉਨ੍ਹਾਂ ਹਾਲਾਤ ਵਿੱਚ ਘਰ ਦੇ ਪਸ਼ੂ ਪਾਲਣ ਤੋਂ ਲੈ ਕੇ ਚਾਰ-ਪੰਜ ਘਰਾਂ ਦੇ ਵਿੱਚ ਝਾੜੂ ਪੋਚਾ, ਗੋਹਾ ਸੁੱਟਣਾ ਤੇ ਖੇਤਾਂ ਦੇ ਵਿੱਚ ਝੋਨਾ ਲਗਾਉਣਾ, ਕਣਕ ਵੱਢਣ ਜਾਣ ਸਣੇ ਹਰ ਕੰਮ ਕੀਤਾ, ਜਿਸ ਦੇ ਨਾਲ ਉਹ ਆਪਣਾ ਘਰ ਚਲਾ ਸਕਣ ਤੇ ਆਪਣੇ ਬੱਚਿਆਂ ਨੂੰ ਪਾਲ ਸਕਣ।
ਉਹ ਦੱਸਦੇ ਹਨ, "ਇੱਕ ਸਮਾਂ ਇਹੋ ਜਿਹਾ ਵੀ ਆਇਆ ਸੀ ਕਿ ਮੈਂ ਸਵੇਰੇ ਉੱਠ ਕੇ ਰਸੋਈ ʼਚ ਗਈ ਤੇ ਘਰ ਦੀ ਛੱਤ ਡਿੱਗ ਪਈ, ਫਿਰ ਖੇਤਾਂ ਦੇ ਵਿੱਚ ਝੋਨਾ ਲਗਾਉਣ ਦੇ ਬਦਲੇ ਮਿਲੇ ਪੈਸਿਆਂ ਦੇ ਨਾਲ ਛੱਤ ਬਦਲੀ।"
"ਘਰ ਦੇ ਹਾਲਾਤ ਕਾਰਨ ਵੱਡੀ ਬੇਟੀ ਰਣਜੀਤ ਕੌਰ ਨੂੰ ਪੜ੍ਹਾਈ ਛੱਡ ਕੇ ਮਲੇਰਕੋਟਲਾ ਦੇ ਵਿੱਚ ਇੱਕ ਫੈਕਟਰੀ ਦੇ ਵਿੱਚ ਜਾਣਾ ਪਿਆ ਤਾਂ ਜੋ ਉਹ ਆਪਣੀਆਂ ਭੈਣਾਂ ਅਤੇ ਭਰਾ ਦੀ ਪੜ੍ਹਾਈ ਜਾਰੀ ਰੱਖ ਸਕਣ।"

ਤਸਵੀਰ ਸਰੋਤ, Kulvir Singh/BBC
ਅਮਨਦੀਪ ਕੌਰ ਦੱਸਦੇ ਹਨ ਕਿ ਜਦੋਂ ਉਹ ਸਾਢੇ ਤਿੰਨ ਸਾਲ ਦੇ ਸਨ, ਤਾਂ ਉਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ ਪਰ ਜਦੋਂ ਉਹ ਥੋੜ੍ਹੇ ਵੱਡੇ ਹੋਏ ਤਾਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਘਰ ਦੇ ਹਾਲਾਤ ਬਹੁਤ ਔਖੇ ਹਨ।
ਉਨ੍ਹਾਂ ਦੀ ਮਾਂ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਤੋਂ ਲੈ ਕੇ ਖੇਤਾਂ ਤੱਕ ਕੰਮ ਕਰਨ ਜਾਂਦੇ ਹਨ।
"ਘਰ ਦੇ ਹਾਲਾਤ ਨੂੰ ਦੇਖਦੇ ਹੋਏ ਹੀ ਮੈਂ ਪੜ੍ਹਨਾ ਸ਼ੁਰੂ ਕੀਤਾ ਤੇ ਪੇਪਰਾਂ ਦੇ ਵਿੱਚ ਚੰਗੇ ਨੰਬਰ ਹਾਸਲ ਕੀਤੇ। ਮੈਂ ਨੌਵੀਂ ਕਲਾਸ ਦੇ ਵਿੱਚ ਸੀ ਜਦੋਂ ਮੈਂ ਆਪਣੀ ਮਾਂ ਦੇ ਨਾਲ ਖੇਤਾਂ ਦੇ ਵਿੱਚ ਪਹਿਲੀ ਵਾਰ ਝੋਨਾ ਲਗਾਉਣ ਗਈ ਸੀ।"
ਅਮਨਦੀਪ ਭਾਵਕ ਹੁੰਦਿਆਂ ਦੱਸਦੇ ਹਨ ਕਿ ਸਾਡੇ ਸਮਾਜ ਦੇ ਵਿੱਚ ਵਿਧਵਾ ਔਰਤਾਂ ਨੂੰ ਕਿਸ ਤਰ੍ਹਾਂ ਦੇਖਿਆ ਜਾਂਦਾ ਹੈ ਉਹ ਗੱਲਾਂ ਉਨ੍ਹਾਂ ਨੂੰ ਪਹਿਲਾਂ ਕਦੇ ਮਹਿਸੂਸ ਨਹੀਂ ਹੋਈਆਂ ਪਰ ਹੁਣ ਵੱਡੇ ਹੋ ਕੇ ਲੱਗਦਾ ਹੈ ਕਿ ਉਨ੍ਹਾਂ ਦੀ ਮਾਂ ਨੇ ਕਿਵੇਂ ਉਨ੍ਹਾਂ ਹਾਲਾਤ ਦਾ ਸਾਹਮਣਾ ਕੀਤਾ ਹੋਵੇਗਾ।
ਉਹ ਦੱਸਦੇ ਹਨ ਕਿ ਇਹ ਉਨ੍ਹਾਂ ਲਈ ਸਭ ਤੋਂ ਚੰਗਾ ਸਮਾਂ ਹੈ ਹੁਣ ਜਦੋਂ ਉਹ ਆਪਣੇ ਭਤੀਜੇ ਭਤੀਜਿਆਂ ਦੀ ਪੜ੍ਹਾਈ ਦਾ ਖਰਚਾ ਵੀ ਚੁੱਕਦੇ ਹਨ ਤੇ ਹਰ ਤਰ੍ਹਾਂ ਦੀ ਉਨ੍ਹਾਂ ਦੀ ਮਦਦ ਕਰਦੇ ਹਨ।

ਤਸਵੀਰ ਸਰੋਤ, Kulvir Singh/BBC
ਗੁਰਜੀਤ ਆਪਣੇ ਬਚਪਨ ਦੀ ਕੌੜੀ ਯਾਦ ਨੂੰ ਯਾਦ ਕਰਦਿਆਂ ਦੱਸਦੇ ਹਨ, "ਇਹ ਕਿਹੋ ਜਿਹਾ ਸਮਾਂ ਸੀ ਜਦੋਂ ਮਾਂ ਬਹੁਤ ਜ਼ਿਆਦਾ ਬਿਮਾਰ ਹੁੰਦੇ ਸਨ ਪਰ ਫਿਰ ਵੀ ਉਹ ਦਵਾਈ ਲੈ ਕੇ ਘਰਾਂ ਦੇ ਵਿੱਚ ਕੰਮ ਕਰਨ ਦੇ ਲਈ ਚਲੇ ਗਏ। ਇਹ ਸਮਾਂ ਮੈਨੂੰ ਕਦੇ ਨਹੀਂ ਭੁੱਲਦਾ ਪਰ ਹੁਣ ਮੈਂ ਆਪਣੀ ਮਾਂ ਨੂੰ ਦੇਖ ਕੇ ਖੁਸ਼ ਹਾਂ।"
ਸੁਖਵਿੰਦਰ ਆਪਣੀਆਂ ਤਿੰਨ ਭੈਣਾਂ ਤੋਂ ਸਭ ਤੋਂ ਛੋਟੇ ਹਨ ਉਹ ਆਪਣੇ ਪਰਿਵਾਰ ਦਾ ਪੁਰਾਣਾ ਸਮਾਂ ਯਾਦ ਕਰਕੇ ਦੱਸਦੇ ਹਨ ਕਿ ਕਿ ਹੁਣ ਉਨ੍ਹਾਂ ਨੂੰ ਘਬਰਾਹਟ ਹੁੰਦੀ ਹੈ ਕਿ ਇਹੋ ਜਿਹਾ ਸਮਾਂ ਉਹ ਪਤਾ ਨਹੀਂ ਕਿਸ ਤਰ੍ਹਾਂ ਲੰਘ ਗਏ।
ਉਹ ਦੱਸਦੇ ਹਨ, "ਮਾਂ ਨੇ ਆਪਣੇ ਔਖੇ ਸਮੇਂ ਦੇ ਵਿੱਚ ਵੀ ਸਾਡੀ ਪੜ੍ਹਾਈ ਨੂੰ ਹਮੇਸ਼ਾ ਪਹਿਲ ਦਿੱਤੀ। ਉਨ੍ਹਾਂ ਨੇ ਹਰ ਤਰ੍ਹਾਂ ਦਾ ਕੰਮ ਕੀਤਾ ਤਾਂ ਕਿ ਸਾਡੀ ਪੜ੍ਹਾਈ ਜਾਂ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਸਮੱਸਿਆ ਨਾ ਆਵੇ।"
ਸੁਖਵਿੰਦਰ ਦੱਸਦੇ ਹਨ ਕੀ ਘਰ ਦੇ ਵਿੱਚ ਪਹਿਲੀ ਨੌਕਰੀ ਉਨ੍ਹਾਂ ਨੂੰ ਹੀ ਮਿਲੀ ਸੀ ਪਰ "ਪਰਿਵਾਰ ਤੋਂ ਬਾਹਰ ਜਾਣਾ ਪੈਣਾ ਸੀ ਪਰ ਜਿਸ ਕਾਰਨ ਮਾਂ ਨੇ ਮਨ੍ਹਾਂ ਕਰ ਦਿੱਤਾ ਕਿ ਮੈਂ ਹੋਰ ਦੁੱਖ ਨਹੀਂ ਚੱਲ ਸਕਦੀ ਮੈਨੂੰ ਤੇਰੇ ʼਤੇ ਭਰੋਸਾ ਹੈ ਕਿ ਤੈਨੂੰ ਇੱਥੇ ਹੀ ਨੌਕਰੀ ਮਿਲ ਜਾਵੇਗੀ।"

ਤਸਵੀਰ ਸਰੋਤ, Kulvir Singh/BBC
ʻਪਤਾ ਨਹੀਂ ਸਮਾਂ ਕਿਵੇਂ ਲੰਘਿਆʼ
ਸੁਖਵਿੰਦਰ ਆਪਣੀ ਮਾਤਾ ਦਾ ਉਹ ਫ਼ੈਸਲਾ ਯਾਦ ਕਰਦਿਆਂ ਹੋਇਆ ਦੱਸਦੇ ਹਨ ਕਿ ਜਦੋਂ ਉਨ੍ਹਾਂ ਦੇ ਪਿਤਾ ਦੀ ਮੌਤ ਤੋਂ ਬਾਅਦ ਪਰਿਵਾਰ ਦੇ ਵਿੱਚ ਆਮ ਰੁਝਾਨ ਹੁੰਦਾ ਸੀ ਕਿ ਪਤੀ ਦੀ ਮੌਤ ਤੋਂ ਬਾਅਦ ਪਤਨੀ ਨੂੰ ਦੂਸਰੇ ਭਰਾ ਦੇ ਲੜ ਲਾ ਦੇਣਾ ਪਰ ਇਸ ਤੋਂ ਉਨ੍ਹਾਂ ਦੀ ਮਾਂ ਨੇ ਸਾਫ਼ ਮਨ੍ਹਾਂ ਕਰ ਦਿੱਤਾ ਤੇ ਉਸ ਸਮੇਂ ਉਨ੍ਹਾਂ ਦੀ ਉਮਰ 29 ਸਾਲ ਸੀ।
"ਮਾਂ ਦੇ ਇਸ ਫ਼ੈਸਲੇ ਤੇ ਸਾਨੂੰ ਹਮੇਸ਼ਾ ਮਾਣ ਰਿਹਾ ਪਰ ਉਸ ਸਮੇਂ ਉਨ੍ਹਾਂ ਨੂੰ ਪਰਿਵਾਰ ਤੋਂ ਲੈ ਕੇ ਸਮਾਜ ਵਿੱਚੋਂ ਕਾਫੀ ਤਾਅਨੇ ਮੇਣੇ ਵੀ ਸਹਿਣੇ ਪਏ। ਪਰ ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਇੰਨੀ ਮਿਹਨਤ ਕੀਤੀ ਕਿ ਅੱਜ ਪਿੰਡ ਦੇ ਵਿੱਚ ਸਾਡੇ ਪਰਿਵਾਰ ਨੂੰ ਸਾਡੀ ਮਾਂ ਦੇ ਨਾਮ ਨਾਲ ਜਾਣਿਆ ਜਾਂਦਾ ਹੈ।"
"ਸਾਡੀ ਮਾਂ ਨੇ ਹਮੇਸ਼ਾ ਲੋਕਾਂ ਦੇ ਖੇਤਾਂ ਦੇ ਵਿੱਚ ਕੰਮ ਕੀਤਾ ਹੈ ਆਪਣੀ ਕਦੇ ਕੋਈ ਰੀਝ ਪੂਰੀ ਕਰ ਕੇ ਨਹੀਂ ਦੇਖੀ ਪਰ ਹੁਣ ਸਾਡੇ ਹਾਲਾਤ ਚੰਗੇ ਹਨ ਤਾਂ ਉਨ੍ਹਾਂ ਦੀ ਇੱਛਾ ਸੀ ਕਿ ਉਨ੍ਹਾਂ ਦੀ ਆਪਣੀ ਜ਼ਮੀਨ ਹੋਵੇ ਜਿਸ ਕਾਰਨ ਅਸੀਂ ਉਨ੍ਹਾਂ ਨੂੰ ਕੁਝ ਜ਼ਮੀਨ ਲੈ ਕੇ ਦਿੱਤੀ ਹੈ।"
"ਜਿੱਥੇ ਹੁਣ ਉਹ ਸਬਜ਼ੀਆਂ ਦੇ ਨਾਲ-ਨਾਲ ਕੁਝ ਫ਼ਸਲਾਂ ਬੀਜਦੇ ਹਨ ਤੇ ਜਿਸ ਜ਼ਮੀਨ ʼਤੇ ਜਾ ਕੇ ਉਨ੍ਹਾਂ ਨੂੰ ਆਪਣਾਪਣ ਮਹਿਸੂਸ ਹੁੰਦਾ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












