ਆਪਣੀਆਂ ਭਾਵਨਾਵਾਂ ਨੂੰ ਕਾਬੂ ਕਰਨ ਲਈ ਕਿਹੜੇ ਤਰੀਕੇ ਕਾਰਗਰ ਹੋ ਸਕਦੇ ਹਨ

ਭਾਵਨਾਵਾਂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਭਾਵਨਾਵਾਂ ਬਾਰੇ ਸਾਡੀਆਂ ਬਹੁਤ ਸਾਰੀਆਂ ਗਲਤ ਧਾਰਨਾਵਾਂ ਹੁੰਦੀਆਂ ਹਨ
    • ਲੇਖਕ, ਡੇਵਿਡ ਰੌਬਸਨ
    • ਰੋਲ, ਬੀਬੀਸੀ ਪੱਤਰਕਾਰ

ਈਥਨ ਕਰਾਸ ਸਾਇਕਲੋਜੀ ਆਫ਼ ਇਮੋਸ਼ਨ ਦੇ ਮਾਹਰ ਹਨ। ਉਨ੍ਹਾਂ ਨੇ ਅਜਿਹੇ ਤਰੀਕੇ ਲੱਭੇ ਹਨ ਜੋ ਵਿਅਕਤੀ ਦੀ ਮਾਨਸਿਕ ਸਿਹਤ ਨੂੰ ਕਾਇਮ ਰੱਖਣ ਵਿੱਚ ਮਦਦਗਾਰ ਹੋ ਸਕਦੇ ਹਨ।

ਈਥਨ ਕਰਾਸ ਬਚਪਨ ਤੋਂ ਹੀ ਆਪਣੀਆਂ ਭਾਵਨਾਵਾਂ 'ਤੇ ਨਜ਼ਰ ਰੱਖਦੇ ਰਹੇ ਹਨ ਅਤੇ ਉਨ੍ਹਾਂ ਨੇ ਮੁਸ਼ਕਲ ਭਾਵਨਾਵਾਂ ਦਾ ਸਾਹਮਣਾ ਕਰਨ ਦੇ ਤਰੀਕੇ ਲੱਭੇ ਹਨ।

ਉਹ ਕਹਿੰਦੇ ਹਨ, "ਅਜਿਹਾ ਲੱਗਦਾ ਹੈ ਜਿਵੇਂ ਅਸੀਂ ਸਾਰੇ ਲੜਖੜਾ ਰਹੇ ਹੁੰਦੇ ਹਾਂ। ਆਪਣੀ ਭਾਵਨਾਵਾਂ ਨੂੰ ਕਾਬੂ ਵਿੱਚ ਰੱਖਣ ਲਈ ਬਣਾਏ ਗਏ ਤਰੀਕੇ ਕਾਰਗਰ ਸਾਬਤ ਹੁੰਦੇ ਹਨ, ਪਰ ਕਈ ਵਾਰ ਇਹੀ ਸਥਿਤੀ ਨੂੰ ਹੋਰ ਵੀ ਮਾੜਾ ਬਣਾ ਦਿੰਦੇ ਹਨ, ਹਾਲਤ ਖਰਾਬ ਅਤੇ ਘੱਟ ਪ੍ਰਭਾਵਸ਼ਾਲੀ ਮਹਿਸੂਸ ਹੋਣ ਲੱਗਦੇ ਹਨ।"

ਮਿਸ਼ੀਗਨ ਯੂਨੀਵਰਸਿਟੀ ਵਿੱਚ ਮੋਵਿਗਿਆਨ ਅਤੇ ਭਾਵਨਾਵਾਂ ਦੇ ਨਿਰਦੇਸ਼ਕ ਕਰਾਸ ਨਿਰਾਸ਼ਾਜਨਕ ਸਥਿਤੀਆਂ ਵਿੱਚ ਆਪਣੇ ਆਪ ਨੂੰ ਬਿਹਤਰ ਢੰਗ ਨਾਲ ਸੰਭਾਲਣ ਵਿੱਚ ਮਦਦ ਦੀ ਉਮੀਦ ਰੱਖਦੇ ਹਨ ।

ਆਪਣੀ ਨਵੀਂ ਕਿਤਾਬ 'ਸ਼ਿਫਟ: ਹਾਉ ਟੂ ਮੈਨੇਜ ਯੂਅਰ ਇਮੋਸ਼ਨਜ਼ ਸੋ ਦੇ ਡੋਂਟ ਮੈਨੇਜ ਯੂ' ਵਿੱਚ ਜੀਵਨ ਵਿੱਚ ਉਤਰਾਅ-ਚੜ੍ਹਾਅ ਦੀ ਪਛਾਣ ਕਰਨ ਅਤੇ ਆਪਣੀਆਂ ਭਾਵਨਾਵਾਂ ਨੂੰ ਚੰਗੇ ਤਰੀਕੇ ਨਾਲ ਸੰਭਾਲਣ ਵਿੱਚ ਮਦਦ ਕਰਨ ਲਈ ਤਰੀਕੇ ਜ਼ਾਹਰ ਕੀਤੇ ਹਨ।

ਕਰਾਸ ਨੇ ਵਿਗਿਆਨਕ ਲੇਖਕ ਡੇਵਿਡ ਰੌਬਸਨ ਨਾਲ 'ਨਕਾਰਾਤਮਕ ਭਾਵਨਾਵਾਂ' ਦੇ ਫਾਇਦਿਆਂ ਬਾਰੇ ਵੀ ਗੱਲ ਕੀਤੀ ਹੈ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਭਾਵਨਾਵਾਂ ਬਾਰੇ ਕਿਹੜੀਆਂ ਗਲਤ ਧਾਰਨਾਵਾਂ ਹਨ?

ਕਰਾਸ ਕਹਿੰਦੇ ਹਨ ਕਿ ਸਾਡੀ ਜ਼ਿੰਦਗੀ ਵਿੱਚ ਚੰਗੀਆਂ ਅਤੇ ਬੁਰੀਆਂਂ ਭਾਵਨਾਵਾਂ ਹੁੰਦੀਆਂ ਹਨ ਪਰ ਅਸੀਂ ਅਜਿਹੀ ਜ਼ਿੰਦਗੀ ਜਿਉਣ ਦੀ ਕੋਸ਼ਿਸ਼ ਕਰਦੇ ਹਾਂ, ਜਿਸ ਵਿੱਚ ਬੁਰੀਆਂ ਭਾਵਨਾਵਾਂ ਨਾ ਹੋਣ।

ਇਹ ਇੱਕ ਵੱਡੀ ਗਲਤੀ ਹੈ, ਗੁੱਸਾ ਸਾਨੂੰ ਬੇਇਨਸਾਫ਼ੀ ਵਿਰੁੱਧ ਲੜਨ ਲਈ ਉਤਸ਼ਾਹਿਤ ਕਰ ਸਕਦਾ ਹੈ ਅਤੇ ਕਈ ਵਾਰ ਸੁਧਾਰ ਦੇ ਮੌਕੇ ਵੀ ਪੈਦਾ ਕਰਦਾ ਹੈ।

ਇਸ ਦੇ ਨਾਲ ਹੀ ਨਿਰਾਸ਼ਾ ਸਾਨੂੰ ਆਪਣੇ ਆਪ ਨੂੰ ਆਤਮ-ਨਿਰੀਖਣ ਜਾਂ ਦੁਬਾਰਾ ਸਮਝਣ ਦੇ ਨਾਲ-ਨਾਲ ਆਪਣੇ ਆਲੇ ਦੁਆਲੇ ਦੀਆਂ ਸਥਿਤੀਆਂ ਨੂੰ ਸਮਝਣ ਵਿੱਚ ਮਦਦ ਕਰ ਸਕਦੀ ਹੈ।

ਈਰਖਾ ਸਾਨੂੰ ਟੀਚਿਆਂ ਨੂੰ ਹਾਸਲ ਕਰਨ ਲਈ ਪ੍ਰੇਰਿਤ ਕਰ ਸਕਦੀ ਹੈ।

ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਸਾਰੀਆਂ ਭਾਵਨਾਵਾਂ ਲਾਭਦਾਇਕ ਹੁੰਦੀਆਂ ਹਨ।

ਭਾਵਨਾਵਾਂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਭਾਵਨਾਵਾਂ ਨਾਲ ਸਬੰਧਤ ਦਿੱਕਤਾਂ ਨੂੰ ਘਟਾਉਣ ਦੇ ਤਰੀਕੇ ਹਨ

ਇਸ ਸਥਿਤੀ ਨੂੰ ਸਮਝਣ ਦਾ ਇੱਕ ਤਰੀਕਾ ਹੈ ਕਿ ਅਸੀਂ ਸਰੀਰਕ ਦਰਦ ਬਾਰੇ ਸੋਚੀਏ, ਜੋ ਕਿ ਅਜਿਹੀ ਸਥਿਤੀ ਹੁੰਦੀ ਹੈ ਜੋ ਅਸੀਂ ਅਕਸਰ ਉਦੋਂ ਅਨੁਭਵ ਕਰਦੇ ਹਾਂ ਜਦੋਂ ਸਾਡੇ ਵਿੱਚ ਨਕਾਰਾਤਮਕ ਭਾਵਨਾਵਾਂ ਹੁੰਦੀਆਂ ਹਨ।

ਸਾਡੇ ਵਿੱਚੋਂ ਬਹੁਤ ਸਾਰੇ ਸਰੀਰਕ ਦਰਦ ਤੋਂ ਮੁਕਤ ਜ਼ਿੰਦਗੀ ਜੀਉਣਾ ਚਾਹੁੰਦੇ ਹਨ। ਕੁਝ ਲੋਕਾਂ ਵਿੱਚ ਜੈਨੇਟਿਕ ਕਾਰਨਾਂ ਕਰਕੇ ਦਰਦ ਮਹਿਸੂਸ ਕਰਨ ਦੀ ਸਮਰੱਥਾ ਘੱਟ ਹੁੰਦੀ ਹੈ। ਅਜਿਹੇ ਬੱਚਿਆਂ ਦੀ ਮੌਤ ਦਰਦ ਮਹਿਸੂਸ ਕਰਨ ਵਾਲਿਆਂ ਨਾਲੋਂ ਜਲਦੀ ਹੋ ਜਾਂਦੀ ਹੈ।

ਜੇਕਰ ਉਨ੍ਹਾਂ ਦਾ ਹੱਥ ਅੱਗ ਵਿੱਚ ਸੜ ਰਿਹਾ ਹੈ ਤਾਂ ਉਹ ਕੋਈ ਅਜਿਹਾ ਸੰਕੇਤ ਨਹੀਂ ਦੇ ਸਕਦੇ ਜੋ ਸਾਨੂੰ ਦੱਸਦਾ ਹੋਵੇ ਕਿ ਉਨ੍ਹਾਂ ਨੂੰ ਮਦਦ ਦੀ ਲੋੜ ਹੈ। ਇਹੀ ਗੱਲ ਸਾਡੀਆਂ ਨਕਾਰਾਤਮਕ ਭਾਵਨਾਵਾਂ 'ਤੇ ਵੀ ਲਾਗੂ ਹੁੰਦੀ ਹੈ।

ਲੋਕ ਇਹ ਵੀ ਕਹਿੰਦੇ ਹਨ ਕਿ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਤੋਂ ਨਕਾਰਾਤਮਕ ਭਾਵਨਾਵਾਂ ਨੂੰ ਦੂਰ ਰੱਖਣ ਲਈ ਕੋਈ ਜੱਦੋਜਹਿਦ ਨਹੀਂ ਕਰਨੀ ਪਈ।

ਪਰ ਇਸ ਦੀ ਬਜਾਏ, ਤੁਸੀਂ ਆਪਣੀਆਂ ਭਾਵਨਾਵਾਂ 'ਤੇ ਨਜ਼ਰ ਰੱਖੋ ਅਤੇ ਕਾਬੂ ਕਰਨ ਦੀ ਕੋਸ਼ਿਸ਼ ਕਰੋ।

ਕੁਝ ਲੋਕ ਮੰਨਦੇ ਹਨ ਕਿ ਉਹ ਆਪਣੀਆਂ ਭਾਵਨਾਵਾਂ ਨੂੰ ਕਾਬੂ ਨਹੀਂ ਕਰ ਸਕਦੇ, ਇਸਦੇ ਕੀ ਨੁਕਸਾਨ ਹੋ ਸਕਦੇ ਹਨ?

ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਅਸੀਂ ਆਪਣੇ ਭਾਵਨਾਤਮਕ, ਅਨੁਭਵਾਂ ਦੇ ਕਿਹੜੇ ਪਹਿਲੂਆਂ ਬਾਰੇ ਗੱਲ ਕਰ ਰਹੇ ਹਾਂ।

ਸਾਡਾ ਆਪਣੇ ਵਿਚਾਰਾਂ ਅਤੇ ਭਾਵਨਾਵਾਂ 'ਤੇ ਵਧੇਰੇ ਸਮੇਂ ਕੋਈ ਕੰਟਰੋਲ ਨਹੀਂ ਹੁੰਦਾ। ਹਾਲਾਂਕਿ ਜਦੋਂ ਉਹ ਵਿਚਾਰ ਜਾਂ ਭਾਵਨਾਵਾਂ ਦੁਬਾਰਾ ਆਉਂਦੀਆਂ ਹਨ ਤਾਂ ਅਸੀਂ ਉਨ੍ਹਾਂ ਨੂੰ ਪਹਿਲਾਂ ਨਾਲੋਂ ਬਿਹਤਰ ਢੰਗ ਨਾਲ ਕਾਬੂ ਕਰਨ ਦੇ ਕਾਬਲ ਹੁੰਦੇ ਹਾਂ।

ਜੇਕਰ ਤੁਸੀਂ ਇਹ ਨਹੀਂ ਸੋਚਦੇ ਕਿ ਤੁਸੀਂ ਕੁਝ ਕਰ ਸਕਦੇ ਹੋ ਤਾਂ ਤੁਸੀਂ ਕੋਈ ਕੋਸ਼ਿਸ਼ ਵੀ ਨਹੀਂ ਕਰੋਗੇ।

ਜੇਕਰ ਤੁਹਾਨੂੰ ਨਹੀਂ ਲੱਗਦਾ ਕਿ ਕਸਰਤ ਤੁਹਾਨੂੰ ਤੰਦਰੁਸਤ ਬਣਾਏਗੀ, ਤਾਂ ਤੁਸੀਂ ਕਸਰਤ ਕਿਉਂ ਕਰੋਗੇ?

ਇਸੇ ਤਰ੍ਹਾਂ, ਜੇਕਰ ਤੁਸੀਂ ਇਹ ਨਹੀਂ ਸੋਚਦੇ ਕਿ ਭਾਵਨਾਵਾਂ ਨੂੰ ਕਾਬੂ ਕਰਨ ਦੇ ਤਰੀਕੇ ਹੋ ਸਕਦੇ ਹਨ, ਤਾਂ ਤੁਸੀਂ ਉਨ੍ਹਾਂ ਦੀ ਵਰਤੋਂ ਕਿਵੇਂ ਕਰ ਸਕੋਗੇ।

ਮੁਸ਼ਕਲ ਭਾਵਨਾਵਾਂ 'ਤੇ ਆਪਣੀਆਂ ਪ੍ਰਤੀਕਿਰਿਆਵਾਂ ਕਿਵੋਂ ਬਦਲੋ

ਭਾਵਨਾਵਾਂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬਿਹਤਰ ਮਹਿਸੂਸ ਕਰਨ ਦੇ ਕਈ ਤਰੀਕੇ ਹੋ ਸਕਦੇ ਹਨ, ਜਿਵੇਂ ਕਿ ਸੰਗੀਤ ਸੁਣਨਾ

ਸੰਗੀਤ ਸੁਣਨਾ ਉਦਾਹਰਣ ਵਜੋਂ ਮੰਨਿਆ ਜਾ ਸਕਦਾ ਹੈ। ਜੇਕਰ ਤੁਸੀਂ ਸੰਗੀਤ ਸੁਣਨ ਵਾਲੇ ਲੋਕਾਂਂ ਤੋਂ ਪੁੱਛੋ, ਤਾਂ ਉਨ੍ਹਾਂ ਵਿੱਚੋਂ ਲਗਭਗ 100 ਪ੍ਰਤੀਸ਼ਤ ਦਾ ਕਹਿਣਾ ਹੋਵੇਗਾ ਕਿ ਇਸ ਨਾਲ ਉਨ੍ਹਾਂ ਨੂੰ ਚੰਗਾ ਮਹਿਸੂਸ ਹੁੰਦਾ ਹੈ।

ਪਰ ਜੇਕਰ ਤੁਸੀਂ ਭਾਵਨਾਵਾਂ ਨਾਲ ਜੂਝ ਰਹੇ ਲੋਕਾਂ ਵੱਲ ਨਜ਼ਰ ਕਰੋ ਜਾਂ ਫਿਰ ਗੁੱਸੇ ਜਾਂ ਉਦਾਸ ਲੋਕਾਂ ਵੱਲ ਨਜ਼ਰ ਕਰੋ, ਤਾਂ ਤੁਹਾਨੂੰ ਉਨ੍ਹਾਂ ਵਿੱਚੋਂ ਸ਼ਾਇਦ ਹੀ ਕੋਈ ਸੰਗੀਤ ਸੁਣਦਾ ਮਿਲੇਗਾ।

ਜੇਕਰ ਕਿਸੇ ਇੱਕ ਕੈਟੇਗਰੀ ਦੀ ਗੱਲ ਕਰੀਏ, ਤਾਂ ਮੈਂ ਇਸ ਨੂੰ "ਸ਼ਿਫਟਰਸ" ਕਹਾਂਗਾ। ਇਹ ਸਾਡੇ ਆਲੇ ਦੁਆਲੇ ਦੀਆਂ ਭਾਵਨਾਵਾਂ ਨੂੰ ਬਾਹਰ ਲਿਆਉਣ ਦਾ ਇੱਕ ਤਰੀਕਾ ਹੋ ਸਕਦਾ ਹੈ।

ਜੇ ਤੁਸੀਂ ਸਮਝਦੇ ਹੋ ਕਿ ਭਾਵਨਾਵਾਂ ਕਿਵੇਂ ਕੰਮ ਕਰਦੀਆਂ ਹਨ, ਤਾਂ ਤੁਸੀਂ ਆਪਣੀ ਜ਼ਿੰਦਗੀ ਵਿੱਚ ਉਨ੍ਹਾਂ ਦੀ ਵਰਤੋਂ ਕਰਨ ਲਈ ਤਿਆਰੀ ਕਰ ਸਕਦੇ ਹੋ।

ਇਸ ਨਾਲ ਤੁਸੀਂ ਅਜਿਹਾ ਮਾਹੌਲ ਬਣਾ ਸਕਦੇ ਹੋ ਜਿਸ ਵਿੱਚ ਤੁਸੀਂ ਠੀਕ ਰਹੋਗੇ। ਅਸੀਂ ਛੁੱਟੀਆਂ ਵਾਲੇ ਦਿਨ ਅਜਿਹਾ ਅਨੁਭਵ ਕਰਦੇ ਹਾਂ, ਪਰ ਇਸ ਨੂੰ ਰੋਜ਼ਾਨਾ ਜ਼ਿੰਦਗੀ ਵਿੱਚ ਕਿਵੇਂ ਲਾਗੂ ਕਰਨਾ ਹੈ?

ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਬਹੁਤ ਸਾਰੇ ਲੋਕ ਉਦੋਂ ਚੰਗਾ ਮਹਿਸੂਸ ਕਰਦੇ ਹਨ ਜਦੋਂ ਉਹ ਕਿਸੇ ਨਵੀਂ ਜਗ੍ਹਾ ਜਾਂਦੇ ਹਨ ਅਤੇ ਆਪਣੇ ਰੋਜ਼ਾਨਾ ਦੇ ਕੰਮਾਂ ਤੋਂ ਵੱਖਰਾ ਕਰਦੇ ਹਨ।

ਪਰ ਅਸੀਂ ਹਰ ਸਮੇਂ ਛੁੱਟੀਆਂ ਨਹੀਂ ਲੈ ਸਕਦੇ, ਇਸ ਲਈ ਸਾਨੂੰ ਆਪਣੇ ਆਲੇ-ਦੁਆਲੇ ਅਜਿਹੀਆਂ ਥਾਵਾਂ ਲੱਭਣੀਆਂ ਚਾਹੀਦੀਆਂ ਹਨ ਜੋ ਸਾਡਾ ਮਨ ਲੁਭਾ ਸਕਣ।

ਜ਼ਿੰਦਗੀ ਵਿੱਚ ਕੁਝ ਠੀਕ ਨਹੀਂ ਚੱਲ ਰਿਹਾ ਹੁੰਦਾ, ਤਾਂ ਅਸੀਂ ਕੁਝ ਖਾਸ ਲੋਕਾਂ ਦੀ ਮੌਜੂਦਗੀ ਨਾਲ ਜੁੜੇ ਹੋਏ ਮਹਿਸੂਸ ਕਰਦੇ ਹਾਂ। ਇਹ ਸਾਡੇ ਲਈ ਰਾਹਤ ਦਾ ਕਾਰਕ ਬਣਦਾ ਹੈ।

ਇਹ ਵੀ ਦੇਖਿਆ ਗਿਆ ਹੈ ਕਿ ਅਸੀਂ ਕੁਝ ਥਾਵਾਂ ਨਾਲ ਇੱਕ ਜੁੜਾਵ ਮਹਿਸੂਸ ਕਰਦੇ ਹਾਂ, ਜਿਵੇਂ ਮੇਰੇ ਘਰ ਦੇ ਨੇੜੇ ਇੱਕ ਟੀ ਹਾਉਸ ਹੈ, ਉਸੇ ਥਾਂ ਮੈਂ ਆਪਣੀ ਪਹਿਲੀ ਕਿਤਾਬ ਲਿਖੀ ਸੀ।

ਉਸ ਸਮੇਂ ਤੋਂ ਬਾਅਦ, ਮੈਂ ਉਸ ਜਗ੍ਹਾ ਜਾਂਦਾ ਹਾਂ ਅਤੇ ਮੈਨੂੰ ਉੱਥੇ ਸਕਾਰਾਤਮਕ ਊਰਜਾ ਮਿਲਦੀ ਹੈ। ਇਹ ਮੈਨੂੰ ਆਪਣੀਆਂ ਭਾਵਨਾਵਾਂ ਨੂੰ ਕਾਬੂ ਵਿੱਚ ਰੱਖਣ ਵਿੱਚ ਮਦਦ ਕਰਦਾ ਹੈ।

ਸਾਡੀ ਜ਼ਿੰਦਗੀ ਵਿੱਚ ਅਜਿਹੀਆਂ ਬਹੁਤ ਥਾਵਾਂ ਹੁੰਦੀਆਂ ਹਨ, ਜਿੱਥੇ ਅਸੀਂ ਸੰਘਰਸ਼ ਕਰਦੇ ਸਮੇਂ ਜਾਂਦੇ ਹਾਂ। ਇਹ ਆਪਣਾ ਧਿਆਨ ਰੱਖਣ ਦਾ ਇੱਕ ਤਰੀਕਾ ਹੈ।

ਤੁਸੀਂ ਆਪਣੇ ਲਈ ਵੀ ਅਜਿਹਾ ਮਾਹੌਲ ਬਣਾ ਸਕਦੇ ਹੋ। ਅਸੀਂ ਜਾਣਦੇ ਹਾਂ ਕਿ ਪੌਦਿਆਂ ਅਤੇ ਉਨ੍ਹਾਂ ਦੀਆਂ ਤਸਵੀਰਾਂ ਦੇਖਣ ਨਾਲ ਸਾਨੂੰ ਚੰਗਾ ਮਹਿਸੂਸ ਹੁੰਦਾ ਹੈ।

ਸਾਨੂੰ ਆਪਣੇ ਪਸੰਦੀਦਾ ਲੋਕਾਂ ਦੀਆਂ ਤਸਵੀਰਾਂ ਦੇਖਣਾ ਵੀ ਚੰਗਾ ਲੱਗਦਾ ਹੈ।

ਅਸੀਂ ਇੱਕ ਅਧਿਐਨ ਕੀਤਾ, ਜਿਸ ਵਿੱਚ ਅਸੀਂ ਆਪਣੇ ਮਨਪਸੰਦ ਲੋਕਾਂ ਦੀਆਂ ਤਸਵੀਰਾਂ ਉਨ੍ਹਾਂ ਲੋਕਾਂ ਨੂੰ ਦਿਖਾਈਆਂ ਜੋ ਕਿਸੇ ਸਮੱਸਿਆ ਦਾ ਸਾਹਮਣਾ ਕਰ ਰਹੇ ਸਨ। ਇਸ ਤਜਰਬੇ ਨੇ ਉਨ੍ਹਾਂ ਨੂੰ ਜਲਦੀ ਠੀਕ ਹੋਣ ਵਿੱਚ ਮਦਦ ਕੀਤੀ।

ਸਾਨੂੰ ਕੀ ਕਰਨਾ ਚਾਹੀਦਾ ਹੈ

ਭਾਵਨਾਵਾਂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕਈ ਵਾਰ ਨਜ਼ਰਅੰਦਾਜ਼ ਕਰਨਾ ਬਿਹਤਰ ਬਦਲ ਹੁੰਦਾ ਹੈ

ਸਾਨੂੰ ਹੱਥ 'ਤੇ ਹੱਥ ਰੱਖਣ ਦੀ ਬਜਾਏ ਅਸੀਂ ਜੋ ਮਹਿਸੂਸ ਕਰ ਰਹੇ ਹਾਂ ਉਸ ਨੂੰ ਬਦਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।

ਇਸ ਕਿਤਾਬ ਦੇ ਨਾਲ ਮੇਰੀ ਸਭ ਤੋਂ ਵੱਡੀ ਉਮੀਦ ਹੈ ਕਿ ਲੋਕਾਂ ਨੂੰ ਇਸ ਦੇ ਨਾਲ ਆਪਣੇ ਜੀਵਨ ਵਿੱਚ ਚੰਗੇ ਵਿਚਾਰ ਲਿਆਉਣ ਵਿੱਚ ਮਦਦ ਮਿਲੇ।

ਮੈਨੂੰ ਹੈਰਾਨੀ ਹੋਈ ਕਿ ਚੀਜ਼ਾਂ ਨੂੰ ਨਜ਼ਰਅੰਦਾਜ਼ ਕਰਨਾ ਜਾਂ ਚੀਜ਼ਾਂ ਦਾ ਸਾਹਮਣਾ ਨਾ ਕਰਨਾ ਵੀ ਭਾਵਨਾਵਾਂ ਨਾਲ ਨਜਿੱਠਣ ਦਾ ਇੱਕ ਤਰੀਕਾ ਹੋ ਸਕਦਾ ਹੈ। ਕਿਵੇਂ?

ਕਿਸੇ ਚੀਜ਼ ਨੂੰ ਨਜ਼ਰਅੰਦਾਜ਼ ਕਰਨਾ ਜਾਂ ਆਪਣੇ ਆਪ ਨੂੰ ਕਿਸੇ ਹੋਰ ਕੰਮ ਵਿੱਚ ਵਿਅਸਤ ਰੱਖਣਾ, ਕਿਸੇ ਬਾਰੇ ਸੋਚਣ ਤੋਂ ਬਚਣ ਦਾ ਤਰੀਕਾ ਹੋ ਸਕਦਾ ਹੈ, ਪਰ ਇਸ ਨੂੰ ਸਹੀ ਨਹੀਂ ਮੰਨਿਆ ਜਾਂਦਾ।

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਕਿਸੇ ਚੀਜ਼ ਨੂੰ ਲੰਬੇ ਸਮੇਂ ਤੱਕ ਨਜ਼ਰਅੰਦਾਜ਼ ਕਰਨ ਨਾਲ ਕੋਈ ਮਾੜਾ ਪ੍ਰਭਾਵ ਨਹੀਂ ਪੈਂਦਾ। ਇਸ ਲਈ ਮੈਂ ਇਸ ਤਰੀਕੇ ਨੂੰ ਅਪਣਾਉਣ ਦੀ ਵਕਾਲਤ ਨਹੀਂ ਕਰਾਂਗਾ।

ਪਰ ਸਾਨੂੰ ਇਹ ਚੋਣ ਕਰਨ ਦੀ ਜ਼ਰੂਰਤ ਨਹੀਂ ਹੈ ਕਿ ਭਾਵਨਾਵਾਂ ਨੂੰ ਨਜ਼ਰਅੰਦਾਜ਼ ਕਰਨਾ ਹੈ ਜਾਂ ਫਿਰ ਸਵੀਕਾਰ ਕਰਨਾ ਹੈ। ਤੁਸੀਂ ਆਪਣੀ ਸਹੂਲਤ ਦੇਖ ਸਕਦੇ ਹੋ।

ਅਧਿਐਨ ਵਿੱਚ ਪਤਾ ਲੱਗਾ ਹੈ ਕਿ ਜੋ ਲੋਕ ਇਨ੍ਹਾਂ ਦੋਵਾਂ ਤਰੀਕਿਆਂ ਨੂੰ ਅਪਣਾਉਂਦੇ ਹਨ, ਉਹ ਲੰਬੇ ਸਮੇਂ ਵਿੱਚ ਆਪਣੀਆਂ ਭਾਵਨਾਵਾਂ ਨੂੰ ਬਿਹਤਰ ਢੰਗ ਨਾਲ ਕਾਬੂ ਕਰਨ ਦੇ ਕਾਬਲ ਹੁੰਦੇ ਹਨ।

ਅਸੀਂ ਸੋਚ ਸਕਦੇ ਹਾਂ ਕਿ ਇਹ ਸਾਡੀ ਜ਼ਿੰਦਗੀ ਵਿੱਚ ਕਿਵੇਂ ਸੰਭਵ ਹੋਵੇਗਾ।

ਮੰਨ ਲਓ ਕਿ ਕੋਈ ਗੱਲ ਤੁਹਾਨੂੰ ਉਤੇਜਿਤ ਕਰ ਰਹੀ ਹੈ, ਜਾਂ ਤੁਸੀਂ ਬਹਿਸ ਦੌਰਾਨ ਕਿਸੇ ਗੱਲ ਨੂੰ ਲੈ ਕੇ ਭਾਵੁਕ ਹੋ ਜਾਂਦੇ ਹੋ।

ਇਸ ਨਾਲ ਨਜਿੱਠਣ ਦਾ ਇੱਕ ਤਰੀਕਾ ਹੋ ਸਕਦਾ ਹੈ ਕਿ ਤੁਸੀਂ ਕੁਝ ਸਮੇਂ ਲਈ ਅਜਿਹੀਆਂ ਸਮੱਸਿਆਵਾਂ ਬਾਰੇ ਨਾ ਸੋਚੋ।

ਭਾਵੇਂ ਮੈਂ ਇਹ ਕਹਿ ਰਿਹਾ ਹਾਂ, ਪਰ ਮੈਂ ਉਸ ਕਿਸਮ ਦਾ ਵਿਅਕਤੀ ਹਾਂ ਜੋ ਉਸੇ ਪਲ ਚੀਜ਼ਾਂ ਦਾ ਸਾਹਮਣਾ ਕਰਦਾ ਹੈ ਅਤੇ ਅੱਗੇ ਵਧਦਾ ਹੈ।

ਹਾਲਾਂਕਿ ਕਈ ਵਾਰ ਮੈਨੂੰ ਸਮੱਸਿਆ ਵੱਲ ਧਿਆਨ ਨਾ ਦੇਣ ਦਾ ਫਾਇਦਾ ਹੋਇਆ ਹੈ। ਜਦੋਂ ਮੈਂ ਬਾਅਦ ਵਿੱਚ ਸੋਚਿਆ ਤਾਂ ਮੈਨੂੰ ਅਹਿਸਾਸ ਹੋਇਆ ਕਿ ਸਮੱਸਿਆ ਘੱਟ ਗਈ ਸੀ ਜਾਂ ਇੰਨੀ ਵੱਡੀ ਨਹੀਂ ਸੀ।

ਸਮਾਜਿਕ ਤੁਲਨਾ ਨਾਲ ਕਿਵੇਂ ਨਜਿੱਠੀਏ

ਭਾਵਨਾਵਾਂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਦੂਜਿਆਂ ਨਾਲ ਤੁਲਨਾ ਕਰਨ ਦਾ ਇੱਕ ਵੱਖਰਾ ਨਜ਼ਰੀਆ ਵੀ ਹੋ ਸਕਦਾ ਹੈ

ਅਸੀਂ ਅਕਸਰ ਸੁਣਦੇ ਹਾਂ ਕਿ ਸਾਨੂੰ ਆਪਣੀ ਤੁਲਨਾ ਦੂਜਿਆਂ ਨਾਲ ਨਹੀਂ ਕਰਨੀ ਚਾਹੀਦੀ।

ਪਰ ਇਨਸਾਨ ਸਮਾਜਿਕ ਪ੍ਰਾਣੀ ਹੈ। ਜਿਵੇਂ ਅਸੀਂ ਆਪਣੇ ਆਪ ਨੂੰ ਅਤੇ ਦੂਜਿਆਂ ਨੂੰ ਸਮਝਦੇ ਹਾਂ, ਉਸੇ ਤਰ੍ਹਾਂ ਹੀ ਆਪਣੀ ਤੁਲਨਾ ਦੂਜਿਆਂ ਨਾਲ ਅਤੇ ਦੂਜਿਆਂ ਦੀ ਆਪਣੇ ਨਾਲ ਕਰਦੇ ਹਾਂ।

ਅਸੀਂ ਬਹੁਤੀ ਵਾਰ ਅਜਿਹੀ ਚੀਜ਼ਾਂ ਵਿੱਚ ਉਲਝ ਜਾਂਦੇ ਹਾਂ ਜਿਨ੍ਹਾਂ ਵਿੱਚ ਤੁਲਨਾ ਸ਼ਾਮਲ ਹੁੰਦੀ ਹੈ ਅਤੇ ਅਸੀਂ ਆਪਣੇ ਬਾਰੇ ਬੁਰਾ ਮਹਿਸੂਸ ਕਰਦੇ ਹਾਂ।

ਪਰ ਤੁਸੀਂ ਅਜਿਹਾ ਤਰੀਕਾ ਲੱਭ ਸਕਦੇ ਹੋ, ਜਿਸ ਵਿੱਚ ਤੁਹਾਨੂੰ ਦੂਜਿਆ ਨਾਲ ਤੁਲਨਾ ਕਰਨ 'ਤੇ ਬੁਰਾ ਨਾ ਲੱਗੇ ਸਗੋਂ ਚੰਗਾ ਮਹਿਸੂਸ ਹੋਵੇ।

ਜੇਕਰ ਕੋਈ ਮੈਨੂੰ ਹਰਾ ਕੇ ਅੱਗੇ ਵਧ ਰਿਹਾ ਹੈ ਤਾਂ ਮੈਂ ਆਪਣੇ ਆਪ ਨੂੰ ਕਹਿ ਸਕਦਾ ਹਾਂ ਕਿ ਜੇਕਰ ਉਹ ਅਜਿਹਾ ਕਰ ਸਕਦਾ ਹੈ ਤਾਂ ਮੈਂ ਕਿਉਂ ਨਹੀਂ। ਅਜਿਹੀ ਸਥਿਤੀ ਵਿੱਚ, ਤੁਹਾਨੂੰ ਕੁਝ ਹਾਸਲ ਕਰਨ ਦਾ ਹੌਸਲਾ ਮਿਲਦਾ ਹੈ।

ਕੀ ਤੁਹਾਡੇ ਕੋਲ ਕੋਈ ਤਰੀਕਾ ਹੈ ਜੋ ਔਖੇ ਸਮੇਂ ਵਿੱਚ ਕੰਮ ਆਵੇ?

ਜਦੋਂ ਮੈਂ ਸੰਘਰਸ਼ ਕਰ ਰਿਹਾ ਹੁੰਦਾ ਹਾਂ ਤਾਂ ਮੇਰੇ ਕੋਲ ਸਭ ਤੋਂ ਵਧੀਆ ਤਰੀਕਾ ਹੁੰਦਾ ਹੈ ਕਿ ਮੈਂ ਆਪਣੇ ਆਪ ਨਾਲ ਗੱਲ ਨਹੀਂ ਕਰਨਾ। ਮੈਂ ਆਪਣੇ ਆਪ ਨੂੰ ਉਸੇ ਤਰ੍ਹਾਂ ਬੁਲਾਉਣ ਦੀ ਕੋਸ਼ਿਸ਼ ਕਰਦਾ ਹਾਂ ਜਿਵੇਂ ਦੂਜੇ ਮੈਨੂੰ ਬੁਲਾਉਂਦੇ ਹਨ। ਮੈਂ ਇਸ ਤਰ੍ਹਾਂ ਗੱਲ ਕਰਦਾ ਹਾਂ ਜਿਵੇਂ ਮੈਂ ਕਿਸੇ ਦੋਸਤ ਨੂੰ ਸਲਾਹ ਦੇ ਰਿਹਾ ਹੋਵਾਂ।

ਫਿਰ ਮੈਂ ਆਪਣੇ ਆਪ ਨੂੰ ਮਾਨਸਿਕ ਸਫ਼ਰ ਵਿੱਚ ਵਿਅਸਤ ਕਰਦਾ ਹਾਂ। ਮੈਂ ਆਪਣੇ ਆਪ ਨੂੰ ਸਵਾਲ ਕਰਦਾ ਹਾਂ ਕਿ ਮੈਂ ਅੱਜ ਜਾਂ 10 ਦਿਨਾਂ ਵਿੱਚ, ਜਾਂ 10 ਮਹੀਨਿਆਂ ਵਿੱਚ ਕਿਵੇਂ ਮਹਿਸੂਸ ਕਰਾਂਗਾ? ਮੈਂ ਪਿਛਲੇ ਸਮੇਂ ਬਾਰੇ ਸੋਚਦਾ ਹਾਂ ਕਿ ਮੈਂ ਪਹਿਲਾਂ ਮੁਸ਼ਕਲ ਹਾਲਾਤਾਂ ਨੂੰ ਕਿਵੇਂ ਸੰਭਾਲਿਆ ਸੀ।

ਇਹ ਤਰੀਕੇ ਮੈਨੂੰ ਉੱਥੇ ਲੈ ਜਾਂਦੇ ਹਨ, ਜਿੱਥੇ ਮੈਂ ਭਾਵਨਾਤਮਕ ਤੌਰ 'ਤੇ ਹੋਣਾ ਚਾਹੁੰਦਾ ਹਾਂ। ਪਰ ਜੇ ਇਹ ਕਾਫ਼ੀ ਨਾ ਹੋਵੇ, ਤਾਂ ਮੈਂ ਆਪਣੇ ਨਜ਼ਦੀਕੀਆਂ ਸਾਥੀਆਂ ਕੋਲ ਪਹੁੰਚ ਕਰਦਾ ਹਾਂ

ਜਾਂ ਮੈਂ ਕਿਸੇ ਹਰਿਆਲੀ ਵਾਲੀ ਜਗ੍ਹਾ 'ਤੇ ਸੈਰ ਕਰਨ ਲਈ ਜਾਂਦਾ ਹਾਂ, ਇਸ ਤੋਂ ਇਲਾਵਾ ਮੈਂ ਉਨ੍ਹਾਂ ਥਾਵਾਂ 'ਤੇ ਜਾਂਦਾ ਹਾਂ ਜਿੱਥੇ ਮੈਂ ਭਾਵਨਾਤਮਕ ਤੌਰ 'ਤੇ ਜੁੜਾਵ ਮਹਿਸੂਸ ਕਰਦਾ ਹਾਂ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)