ਤੁਹਾਡੇ ਨਹੁੰ ਤੁਹਾਡੀ ਸਿਹਤ ਬਾਰੇ ਕੀ ਦੱਸ ਸਕਦੇ ਹਨ, ਕਿਸ ਤਰ੍ਹਾਂ ਦੇ ਨਹੁੰ ਗੰਭੀਰ ਬਿਮਾਰੀਆਂ ਦਾ ਕਾਰਨ ਬਣਦੇ ਹਨ

ਤਸਵੀਰ ਸਰੋਤ, Getty Images
ਉਂਗਲਾਂ ਦੇ ਨਹੁੰ ਸਾਡੀਆਂ ਉਂਗਲਾਂ ਦੀ ਚਮੜੀ ਨੂੰ ਸੱਟ ਤੋਂ ਬਚਾਉਂਦੇ ਹਨ ਅਤੇ ਨਹੁੰ ਸਾਡੇ ਕਈ ਕੰਮਾਂ ਵਿੱਚ ਕੰਮ ਵੀ ਆਉਂਦੇ ਹਨ। ਪਰ ਉਹ ਤੁਹਾਡੀ ਸਿਹਤ ਬਾਰੇ ਵੀ ਬਹੁਤ ਕੁਝ ਦੱਸਦੇ ਹਨ?
ਆਪਣੇ ਨਹੁੰਆਂ ਦੀ ਸਿਹਤ ਨੂੰ ਸਮਝਣ ਲਈ ਲੋਕੀ ਗਿਆਨ ਦੀ ਕੋਈ ਕਮੀ ਨਹੀਂ ਹੈ, ਜਿਵੇਂ ਕਿ ਇਹ ਪ੍ਰਸਿੱਧ ਵਿਚਾਰ ਕਿ ਕਈ ਵਾਰੀ ਨਾਖੂਨਾਂ ਉਤੇ ਦਿਖਾਈ ਦੇਣ ਵਾਲੇ ਚਿੱਟੇ ਦਾਗ - ਜਿਸ ਨੂੰ ਲਿਊਕੋਨਿਕੀਆ ਕਿਹਾ ਜਾਂਦਾ ਹੈ।
ਹਾਲਾਂਕਿ ਆਮ ਤੌਰ ਉੱਤੇ ਅਸੀਂ ਆਪਣੇ ਨਹੁੰਆਂ ਦੀ ਸਿਹਤ ਦੇਖ ਕੇ ਥੋੜ੍ਹੇ ਬਹੁਤ ਅੰਦਾਜ਼ੇ ਤਾਂ ਲਾ ਲੈਂਦੇ ਹਾਂ ਜਿਵੇਂ ਕਿ ਜੇ ਚਿੱਟੇ ਦਾਗ਼ ਹਨ ਤਾਂ ਉਹ ਕੈਲਸ਼ੀਅਮ ਦੀ ਘਾਟ ਦਾ ਇੱਕ ਸੰਕੇਤ ਹੁੰਦਾ ਹੈ। ਪਰ ਹੋਰ ਸਰੀਰਕ ਰੋਗਾਂ ਬਾਰੇ ਆਮ ਜਾਣਕਾਰੀ ਦੀ ਘਾਟ ਹੈ।
ਸਭ ਤੋਂ ਪਹਿਲਾ ਸਰੀਰਿਕ ਵਿਗਿਆਨ ਦੇ ਅਧਾਰ 'ਤੇ ਉਂਗਲਾਂ ਦੇ ਨਹੁੰ ਚਮੜੀ ਦਾ ਵਿਸਥਾਰ ਹੈ।
ਇਹ ਕੈਰਾਟਿਨ ਤੋਂ ਬਣੇ ਹੁੰਦੇ ਹਨ, ਜੋ ਕਿ ਇੱਕ ਬਹੁਤ ਮਜ਼ਬੂਤ ਪ੍ਰੋਟੀਨ ਦਾ ਬਣਿਆ ਹੁੰਦਾ ਹੈ ਜੋ ਪੈਰਾਂ ਦੇ ਅੰਗੂਠਿਆਂ ਅਤੇ ਉਂਗਲਾਂ ਦੇ ਸਿਰਿਆਂ ਨੂੰ ਸੱਟ ਤੋਂ ਬਚਾਉਂਦਾ ਹੈ।

ਨਹੁੰਆਂ ਦੇ ਉੱਤੇ ਵੇਖੇ ਜਾਣ ਵਾਲੇ ਅੱਧੇ ਚੰਨ ਦੇ ਨਿਸ਼ਾਨ ਨੂੰ ਲੂਨੂਲਾ ਕਿਹਾ ਜਾਂਦਾ ਹੈ, ਜੋ ਨਹੁੰਆਂ ਲਈ 'ਵਿਕਾਸ ਕੇਂਦਰ' ਦੇ ਤੌਰ 'ਤੇ ਕੰਮ ਕਰਦਾ ਹੈ। ਇਹ ਸੈੱਲ ਉਤਪੰਨ ਕਰਦਾ ਹੈ ਉਹ ਆਖਰ ਵਿੱਚ ਨਹੁੰਆਂ ਦੇ ਪਲੇਟ ਵਿੱਚ ਸਖ਼ਤ ਹੋ ਜਾਂਦਾ ਹੈ । ਇਹ ਕਿਊਟਿਕਲ ਦੇ ਉੱਤੇ ਹੁੰਦਾ ਹੈ, ਜੋ ਮਰੇ ਹੋਏ ਸੈੱਲਾਂ ਦੀ ਇੱਕ ਪਰਤ ਹੈ ਜੋ ਨਹੁੰਆਂ ਨੂੰ ਚਮੜੀ ਨਾਲ ਜੋੜਦੀ ਹੈ।
ਕਊਟਿਕਲ ਨਹੁੰਆਂ ਦੇ ਸੁਰੱਖਿਆ ਗਾਰਡ ਵਜੋਂ ਕੰਮ ਕਰਦੇ ਹਨ ਅਤੇ ਬੈਕਟੀਰੀਆ, ਫੰਜਾਈ ਅਤੇ ਹੋਰ ਰੋਗਾਣੂਆਂ ਨੂੰ ਉਨ੍ਹਾਂ ਦੇ ਟਰੈਕਾਂ ਵਿੱਚ ਰੋਕ ਕੇ ਵਾਧੂ ਸੁਰੱਖਿਆ ਪ੍ਰਦਾਨ ਕਰਦੀ ਹੈ ।
ਜਿਵੇ ਕਿ ਮਨੁੱਖ ਦੀ ਅੱਖਾਂ ਆਤਮਾ ਦੀ ਖਿੜਕੀ ਹੁੰਦੀਆਂ ਹਨ, ਉਸੇ ਤਰੀਕੇ ਨਾਲ ਇੱਕ ਡਾਕਟਰ ਲਈ ਨਹੁੰ ਤੁਹਾਡੀ ਸਿਹਤ ਦੀਆਂ ਖਿੜਕੀਆਂ ਹੁੰਦੀਆਂ ਹਨ।
ਡਾਕਟਰ ਨਹੁੰ ਦੇਖ ਕੇ ਕਈ ਤਰੀਕੇ ਦੀਆਂ ਬਿਮਾਰੀਆਂ ਦਾ ਪਤਾ ਲਗਾ ਸਕਦੇ ਹਨ, ਜਿਵੇਂ ਕਿ ਚਮੜੀ ਰੋਗਾਂ ਤੋਂ ਲੈ ਕੇ ਗੁਰਦੇ ਦੀ ਬਿਮਾਰੀ ਜਾਂ ਇਮਿਊਨ ਸਿਸਟਮ ਡਿਸਆਰਡਰ ਤੱਕ।

ਤਸਵੀਰ ਸਰੋਤ, Getty Images
ਚੇਤਾਵਨੀ
ਇਸ ਕਾਲਮ ਵਿਚਲੀ ਸਾਰੀ ਸਮੱਗਰੀ ਸਿਰਫ਼ ਆਮ ਜਾਣਕਾਰੀ ਲਈ ਪ੍ਰਦਾਨ ਕੀਤੀ ਗਈ ਹੈ ਅਤੇ ਇਸ ਨੂੰ ਤੁਹਾਡੇ ਆਪਣੇ ਡਾਕਟਰ ਜਾਂ ਕਿਸੇ ਹੋਰ ਸਿਹਤ ਸੰਭਾਲ ਪੇਸ਼ੇਵਰ ਸਲਾਹ ਦੇ ਬਦਲ ਵਜੋਂ ਨਹੀਂ ਮੰਨਿਆ ਜਾਣਾ ਚਾਹੀਦਾ ਹੈ। ਬੀਬੀਸੀ ਇਸ ਸਾਈਟ ਦੀ ਸਮੱਗਰੀ ਦੇ ਆਧਾਰ 'ਤੇ ਉਪਭੋਗਤਾ ਦੁਆਰਾ ਕੀਤੇ ਗਏ ਕਿਸੇ ਵੀ ਸਲਾਹ ਅਧਾਰਿਤ ਇਲਾਜ ਲਈ ਜ਼ਿੰਮੇਵਾਰ ਜਾਂ ਜਵਾਬਦੇਹ ਨਹੀਂ ਹੈ। ਬੀਬੀਸੀ ਸੂਚੀਬੱਧ ਕਿਸੇ ਵੀ ਬਾਹਰੀ ਇੰਟਰਨੈਟ ਸਾਈਟਾਂ ਦੀ ਸਮੱਗਰੀ ਲਈ ਜਵਾਬਦੇਹ ਨਹੀਂ ਹੈ, ਨਾ ਹੀ ਜ਼ਿਕਰ ਕੀਤੇ ਜਾ ਸਲਾਹ ਦਿੱਤੇ ਗਏ ਕਿਸੇ ਵੀ ਵਪਾਰਕ ਉਤਪਾਦ ਜਾਂ ਸੇਵਾ ਦਾ ਸਮਰਥਨ ਕਰਦਾ ਹੈ। ਜੇਕਰ ਤੁਸੀਂ ਆਪਣੀ ਸਿਹਤ ਬਾਰੇ ਕਿਸੇ ਵੀ ਤਰ੍ਹਾਂ ਚਿੰਤਤ ਹੋ ਤਾਂ ਹਮੇਸ਼ਾ ਆਪਣੇ ਨਿੱਜੀ ਡਾਕਟਰ ਨਾਲ ਸਲਾਹ ਕਰੋ।
ਸਿਹਤ ਵੱਲ ਗੰਭੀਰ ਇਸ਼ਾਰਾ
ਯੂਨੀਵਰਸਿਟੀ ਆਫ਼ ਬ੍ਰਿਸਤੋਲ ਦੇ ਨਿਊਰੋਸਾਇੰਸ ਅਤੇ ਫ਼ਿਜ਼ੋਓਲਾਜੀ ਦੇ ਲੈਕਚਰਾਰ ਅਤੇ ਮੈਡੀਸਿਨ ਦੇ ਜਰਨਲ ਪਰੈਕਟਿਸ਼ਨਰ ਡਾਨ ਬਾਊਮਗਾਰਟਨੇ ਕਹਿੰਦੇ ਹਨ ਕਿ ਉਨ੍ਹਾਂ ਦੇ ਮੈਡੀਕਲ ਸਕੂਲ ਵਿੱਚ ਸਿਖਾਈਆਂ ਗਈਆਂ ਪਹਿਲੀਆਂ ਚੀਜ਼ਾਂ ਵਿੱਚੋਂ ਇੱਕ ਸੀ ਕਲਬਿੰਗ ਦੇਖਣਾ। ਯਾਨੀ ਨਹੁੰਆਂ ਅਤੇ ਨਹੁੰਆਂ ਹੇਠਲੀ ਚਮੜੀ ਦਾ ਮੁਆਇਨਾ ਕਰਨਾ।
ਬਾਊਮਗਾਰਟ ਦਾ ਕਹਿਣਾ ਹੈ ਕਿ ਕਈ ਮਾਮਲਿਆਂ ਵਿੱਚ ਨਹੁੰ ਚਮੜੀ ਨਾਲੋਂ ਵੱਖ ਨਜ਼ਰ ਆਉਂਦੇ ਹਨ ਬਜਾਇ ਇਸ ਦੇ ਕਿ ਉਹ ਚੰਗੀ ਤਰ੍ਹਾਂ ਚਮੜੀ ਨਾਲ ਜੁੜੇ ਹੋਣ।
ਉਂਗਲਾਂ ਦਾ ਸਿਰਾ ਵੀ ਵੱਡਾ ਅਤੇ ਉਭਰਿਆ ਹੋਇਆ ਦਿਖਾਈ ਦਿੰਦਾ ਹਨ। ਇਸ ਕਾਰਨ ਉਂਗਲ ਅਸਧਾਰਣ ਤਰੀਕੇ ਨਾਲ ਸੁਜ ਜਾਂਦੀ ਹੈ।
ਕਲਬਿੰਗ ਬਹੁਤ ਜ਼ਿਆਦਾ ਖੂਨ ਆਕਸੀਜਨ ਲੈਵਲ ਦੀ ਘਾਟ ਵੱਲ ਇੱਕ ਇਸ਼ਾਰਾ ਹੈ। ਹੋਰ ਚੀਜ਼ਾਂ ਦੇ ਵਿਚਕਾਰ ਇਸ ਦਾ ਸਬੰਧ ਆਮ ਤੌਰ ਉੱਤੇ ਫੇਫੜਿਆਂ ਦੇ ਕੈਂਸਰ ਨਾਲ ਹੁੰਦਾ ਹੈ, ਪਰ ਦਿਲ ਨੂੰ ਜਾਂਦੀਆਂ ਰਗ੍ਹਾਂ ਵਿਚਲੀ ਇਨਫੈਕਸ਼ਨ ਨੂੰ ਵੀ ਦਰਸਾਉਂਦਾ ਹੈ। ਹੋਰ ਹਾਲਤ ਜਿੱਥੇ ਸੀਲੀਅਕ ਬਿਮਾਰੀ, ਲੀਵਰ ਦਾ ਸੋਰਾਇਸਿਸ ਅਤੇ ਫੇਫੜਿਆਂ ਦੀ ਇਨਫੈਕਸ਼ਨ ਆਦਿ ਵੀ ਦੇਖੀ ਗਈ ਹੈ।

ਤਸਵੀਰ ਸਰੋਤ, Getty Images
ਬਾਊਮਗਾਰਟ ਦਾ ਕਹਿਣਾ ਹੈ,"ਜੇਕਰ ਤੁਸੀਂ ਕਿਸੇ ਮਰੀਜ਼ ਨੂੰ ਵੇਖਦੇ ਹੋ ਕਿ ਉਸ ਨੂੰ ਕਲਬਿੰਗ ਹੈ ਉਦੋਂ ਉਸੇ ਵਕਤ ਉਸਦਾ ਐਕਸਰੇ ਕਰਵਾਉਣਾ ਚਾਹੀਦਾ ਹੈ ਕਿਉਂਕਿ ਇਹ ਫੇਫੜੇਆਂ ਦੇ ਕੈਂਸਰ ਦਾ ਇਸ਼ਾਰਾ ਹੈ।"
"ਇਹ ਇੱਕ ਪਹਿਲੀ ਚੀਜ਼ ਹੈ ਜੋ ਮੈਡੀਕਲ ਸਕੂਲ ਵਿੱਚ ਉਨ੍ਹਾਂ ਨੇ ਸਭ ਤੋਂ ਪਹਿਲਾ ਸਿੱਖੀ ਸੀ। ਉਨ੍ਹਾਂ ਨੇ ਕਿਹਾ ਕਿ ਮੈਨੂੰ ਨਹੀਂ ਪਤਾ ਪਰ ਇਹ ਉਨ੍ਹਾਂ ਨੇ ਆਪਣੀ 14 ਸਾਲ ਦੀ ਡਾਕਟਰੀ ਵਿੱਚ ਸਿਰਫ ਇੱਕ ਵਾਰੀ ਹੀ ਵੇਖਿਆ ਸੀ।"
ਨਹੁੰਆਂ ਉੱਤੇ ਇੱਕ ਚਿੱਟਾ ਨਿਸ਼ਾਨ ਹੋਣ ਨੂੰ ਲੁਕੋਨੀਚੀਆ ਕਿਹਾ ਜਾਂਦਾ ਹੈ ਉਹ ਵਿਟਾਮਿਨ ਅਤੇ ਮਿਨਰਲ ਦੇ ਘਾਟ ਦੇ ਕਾਰਨ ਵੀ ਹੋ ਜਾਂਦੇ ਹਨ।
ਹਾਲਾਂਕਿ ਇਸ ਦੇ ਸਮਰਥਨ ਵਿੱਚ ਮਿਲਵੇਂ ਜੁਲਵੇਂ ਸਬੂਤ ਹਨ।
ਅੰਡਰਗਰੈਜੂਏਟ ਦੇ ਛੋਟੇ ਜਿਹੇ ਅਧਿਐਨ ਵਿੱਚ ਦੇਖਿਆ ਗਿਆ ਹੈ ਕਿ ਨਹੁੰਆਂ 'ਤੇ ਚਿੱਟੇ ਨਿਸ਼ਾਨਾਂ ਦਾ ਕਿਸੇ ਵਿਅਕਤੀ ਦੇ ਜ਼ਿੰਕ ਜਾਂ ਕੈਲਸ਼ੀਅਮ ਦੇ ਸੇਵਨ ਨਾਲ ਕੋਈ ਸਬੰਧ ਨਹੀਂ ਸੀ।
ਹਾਲਾਂਕਿ ਇੱਕ ਕੇਸ ਦੀ ਰਿਪੋਰਟ ਦੇ ਅਧਾਰ ਉੱਤੇ ਇੱਕ ਮਰੀਜ਼ ਜਿਸ ਨੂੰ ਸੇਲੇਨੀਅਮ ਦੀ ਕਮੀ ਦੇ ਕਾਰਨ ਨਹੁੰਆਂ ਉੱਤੇ ਗੰਭੀਰ ਲਿਕੋਨੀਚੀਆ ਵਿਕਸਿਤ ਹੋਇਆ ਅਤੇ ਸਰੀਰ ਵਿੱਚ ਮਿਨਰਲਜ਼ ਦੀ ਕਮੀ ਦੇ ਇਲਾਜ ਤੋਂ ਬਾਅਦ ਉਸ ਦੇ ਨਹੁੰ ਠੀਕ ਹੋ ਗਏ ਸਨ।
ਆਮ ਤੌਰ 'ਤੇ, ਲਿਊਕੋਨਿਕੀਆ ਨਹੁੰ 'ਤੇ ਜ਼ਖਮ ਹੋਣ ਦੀ ਸੰਭਾਵਨਾ ਹੋਰ ਜ਼ਿਆਦਾ ਹੋ ਜਾਂਦੀ ਹੈ। ਆਪਣੇ ਪੈਰ ਦੀ ਅੰਗੂਠੀ ਉੱਤੇ ਸੱਟ ਵੱਜਣਾ, ਦਰਵਾਜ਼ੇ ਵਿੱਚ ਨਹੁੰ ਆ ਜਾਣਾ, ਮੈਨਿਕਿਊਰ ਜ਼ਿਆਦਾ ਕਰਵਾਉਣਾ, ਜਾਂ ਪੈਰ ਜਾਂ ਹੱਥ ਦੇ ਨਹੁੰ ਉੱਤੇ ਭਾਰੀ ਸਮਾਨ ਦਾ ਡਿੱਗ ਜਾਣਾ ਇਸ ਤਰ੍ਹਾਂ ਦੇ ਨਿਸ਼ਾਨ ਦਾ ਕਾਰਨ ਹੋ ਸਕਦਾ ਹੈ।

ਤਸਵੀਰ ਸਰੋਤ, Getty Images
ਨਹੁੰਆਂ ਉੱਤੇ ਚਿੱਟਾ ਰੰਗ ਸਰੀਰ ਦੇ ਅੰਦਰ ਦੀ ਸਿਹਤ ਸਮੱਸਿਆ ਦਾ ਸੁਝਾਅ ਦੇ ਸਕਦੇ ਹਨ।
ਉਦਾਹਰਣ ਲਈ, ਚਿੱਟੇ ਨਿਸ਼ਾਨ ਜਾਂ ਭਾਰੀ ਧਾਤ ਦੇ ਜ਼ਹਿਰ ਦਾ ਸੰਕੇਤ ਹੋ ਸਕਦੇ ਹਨ। ਨਹੁੰਆਂ ਉੱਤੇ ਚਿੱਟਾ ਰੰਗ ਸੋਰਾਇਸਿਸ ਦੀ ਨਿਸ਼ਾਨੀ ਹੋ ਸਕਦਾ ਹੈ।
ਜੇਕਰ ਪੂਰਾ ਨਹੁੰ ਚਿੱਟਾ ਹੋ ਜਾਂਦਾ ਹੈ, ਤਾਂ ਇਹ ਖੂਨ ਦੇ ਪ੍ਰਵਾਹ ਵਿੱਚ ਪ੍ਰੋਟੀਨ ਦੀ ਕਮੀ ਦਾ ਸੁਝਾਅ ਦੇ ਸਕਦਾ ਹੈ, ਜੋ ਕਿ ਗੁਰਦੇ ਦੀ ਬਿਮਾਰੀ, ਲੀਵਰ ਦੀ ਬਿਮਾਰੀ ਜਾਂ ਸ਼ੂਗਰ ਦਾ ਸੰਕੇਤ ਦੇ ਸਕਦੀ ਹੈ।
ਬਾਊਮਗਾਰਟ ਦਾ ਕਹਿਣਾ ਹੈ ਕਿ ਜੇਕਰ ਲੋਕਾਂ ਦੇ ਖੂਨ ਦੇ ਵਿੱਚ ਪ੍ਰੋਟੀਨ ਘੱਟ ਹੈ ਉਦੋਂ ਵੀ ਸਾਰਾ ਨਹੁੰ ਸਫ਼ੈਦ ਹੋ ਜਾਂਦਾ ਹੈ।
ਲੀਵਰ ਦੀਆਂ ਬਿਮਾਰੀਆਂ ਦਾ ਵੀ ਨਹੁੰਆਂ ਤੋਂ ਪਤਾ ਲੱਗ ਸਕਦਾ ਹੈ।
ਦੂਜੇ ਪਾਸੇ ਜੇ ਨਹੁੰ ਨੀਲਾ ਹੋ ਜਾਵੇ ਤਾਂ ਇਹ ਆਕਸੀਜਨ ਦੀ ਘਾਟ ਦਾ ਸੰਕੇਤ ਹੋ ਸਕਦਾ ਹੈ ਅਤੇ ਇਹ ਇੱਕ ਗੰਭੀਰ ਦਿਲ ਦੀ ਬਿਮਾਰੀਆਂ ਦਾ ਸੰਕੇਤ ਹੁੰਦਾ ਹੈ। ਇਸ ਨੂੰ ਛੇਤੀ ਤੋਂ ਛੇਤੀ ਡਾਕਟਰ ਤੋਂ ਚੈੱਕ ਕਰਵਾ ਲੈਣਾ ਚਾਹੀਦਾ ਹੈ।
ਜੇ ਤੁਸੀਂ ਨਹੁੰਆਂ ਦੇ ਹੇਠਾਂ ਕਾਲੀਆਂ ਲਾਈਨਾਂ ਦੇਖਦੇ ਹੋ, ਇਹ ਇੱਕ ਦੁਰਲੱਭ ਪਰ ਗੰਭੀਰ ਕਿਸਮ ਦੇ ਚਮੜੀ ਦੇ ਕੈਂਸਰ ਦਾ ਸੰਕੇਤ ਵੀ ਹੋ ਸਕਦਾ ਹੈ।
ਜੇਕਰ ਨਹੁੰਆਂ ਦੇ ਹੇਠਾਂ ਖੂਨ ਵਗੇ ਅਤੇ ਛੇਤੀ ਨਾ ਰੁਕੇ ਤਾਂ ਇਹ ਗੰਭੀਰ ਬਿਮਾਰੀ ਵੱਲ ਇਸ਼ਾਰਾ ਹੋ ਸਕਦਾ ਹੈ।
ਬਾਊਮਗਾਰਟ ਦੱਸਦੇ ਹਨ ਇਨ੍ਹਾਂ ਨੂੰ ਸਪਲਿੰਟਰ ਹੇਮੋਰੇਜਸ ਕਿਹਾ ਜਾਂਦਾ ਹੈ, ਜੋ ਛੋਟੇ ਲਾਲ ਰੰਗ ਦੇ ਖੂਨ ਦੀਆਂ ਧਾਰੀਆਂ ਵਰਗੇ ਲੱਗਦੇ ਹਨ, ਜਿਵੇਂ ਕਿ ਜੇ ਤੁਸੀਂ ਸੋਚੋ ਕਿ ਤੁਹਾਡੇ ਨਹੁੰਆਂ ਦੇ ਹੇਠਾਂ ਇੱਕ ਸਪਲਿੰਟਰ ਫਸਿਆ ਹੋਇਆ ਹੈ।
ਇਹ ਕਈ ਵਾਰ ਵੈਸਕੁਲਾਈਟਿਸ ਦਾ ਸੰਕੇਤ ਹੋ ਸਕਦਾ ਹੈ, ਜੋ ਕਿ ਖੂਨ ਦੀਆਂ ਨਾੜੀਆਂ ਦੀ ਸੋਜਿਸ਼ ਹੈ। ਉਹ ਕਹਿੰਦੇ ਹਨ ਕਿ ਇਹ ਦਿਲ ਦੇ ਵਾਲਵ ਦੀ ਇਨਫੈਕਸ਼ਨ ਹੋ ਸਕਦੀ ਹੈ, ਜਿਸ ਕਾਰਨ ਇਹ ਅਜੀਬ ਛੋਟੀਆਂ ਲਾਲ ਧਾਰੀਆਂ ਬਣਦੀਆਂ ਹਨ।
ਉੱਲੀ ਨਜ਼ਰ ਆਉਣਾ
ਜ਼ਿਆਦਾਤਰ ਆਮ ਬਿਮਾਰੀਆਂ ਦਾ ਪਤਾ ਨਹੁੰਆਂ ਨੂੰ ਦੇਖ ਕੇ ਵੀ ਲਗਾਇਆ ਜਾ ਸਕਦਾ ਹੈ।
ਮਰੀਜ਼ ਦੀ ਜਾਂਚ ਕਰਦੇ ਸਮੇਂ, ਡਾਕਟਰ ਆਮ ਤੌਰ 'ਤੇ ਨਹੁੰਆਂ ਦੇ ਰੰਗ, ਮੋਟਾਈ ਅਤੇ ਆਕਾਰ ਵਿੱਚ ਬਦਲਾਅ ਦੀ ਜਾਂਚ ਕਰਦੇ ਹਨ।
ਉਦਾਹਰਨ ਲਈ, ਇੱਕ ਸਿਹਤਮੰਦ ਨਹੁੰ ਵਿੱਚ ਚਿੱਟੇ ਸਿਰਿਆਂ ਨੂੰ ਛੱਡ ਕੇ, ਬਾਕੀ ਨਹੁੰ ਗੁਲਾਬੀ ਹੋਣਾ ਚਾਹੀਦਾ ਹੈ। ਨਹੁੰ ਦੇ ਹੋਰ ਰੰਗ ਲਾਗ ਜਾਂ ਕਿਸੇ ਹੋਰ ਸਿਹਤ ਸਥਿਤੀ ਦਾ ਸੰਕੇਤ ਦੇ ਸਕਦੇ ਹਨ।
ਡੈਨ ਬਾਮਗਾਰਡਟ ਕਹਿੰਦੇ ਹਨ ਕਿ ਨਹੁੰ ਚਮੜੀ ਤੋਂ ਹੀ ਵਧਿਆ ਹੋਇਆ ਹਿੱਸਾ ਹਨ, ਜੋ ਕਿ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਦੱਸ ਸਕਦੇ ਹਨ ਕਿ ਤੁਹਾਡੇ ਸਰੀਰ ਵਿੱਚ ਕੀ ਹੋ ਰਿਹਾ ਹੈ।
ਹਲ ਯੂਨੀਵਰਸਿਟੀ ਵਿੱਚ ਲੈਚਰਾਰ ਹੌਲੀ ਵਿਲਕਿਨਸਨ ਕਹਿੰਦੇ ਹਨ, "ਜੇਕਰ ਤੁਸੀਂ ਆਪਣੇ ਪੈਰਾਂ ਦੀਆਂ ਉਂਗਲੀਆਂ 'ਤੇ, ਖ਼ਾਸ ਕਰਕੇ ਆਪਣੇ ਪੈਰਾਂ ਦੇ ਨਹੁੰਆਂ 'ਤੇ, ਚਿੱਟੇ ਜਾਂ ਪੀਲੇ ਦੇ ਨਿਸ਼ਾਨ ਦੇਖਦੇ ਹੋ, ਤਾਂ ਇਹ ਫੰਗਲ ਇਨਫੈਕਸ਼ਨ ਦਾ ਸੰਕੇਤ ਹੋ ਸਕਦੇ ਹਨ।"
ਹਾਲਾਂਕਿ ਬਹੁਤ ਸਾਰੇ ਦੇਸ਼ਾਂ ਵਿੱਚ, ਜਿਵੇਂ ਕਿ ਅਮਰੀਕਾ ਅਤੇ ਯੂਕੇ , ਤੁਸੀਂ ਹਲਕੇ ਫੰਗਲ ਨਹੁੰ ਇਨਫੈਕਸ਼ਨਾਂ ਲਈ ਓਵਰ-ਦੀ-ਕਾਊਂਟਰ ਦਵਾਈਆਂ (ਆਪਣੇ-ਆਪ ਪੜ੍ਹ ਕੇ) ਖਰੀਦ ਸਕਦੇ ਹੋ, ਜੇਕਰ ਤੁਸੀਂ ਇਸ ਦਾ ਇਲਾਜ ਲੰਬਾ ਸਮਾਂ ਨਹੀਂ ਕਰਦੇ ਤਾਂ ਇਲਾਜ ਵਿੱਚ ਦੇਰੀ ਹੋ ਸਕਦੀ ਹੈ।
(ਜੇਕਰ ਤੁਹਾਨੂੰ ਸ਼ੱਕ ਹੈ ਕਿ ਤੁਹਾਡੇ ਨਹੁੰ ਵਿੱਚ ਇਨਫੈਕਸ਼ਨ ਹੈ ਤਾਂ ਹਮੇਸ਼ਾ ਡਾਕਟਰ ਨਾਲ ਸਲਾਹ ਕਰਨ ਨੂੰ ਅਹਿਮੀਅਤ ਦੇਣੀ ਚਾਹੀਦੀ ਹੈ।)
ਵਿਲਕਿਨਸਨ ਕਹਿੰਦੇ ਹਨ, "ਮੈਨੂੰ ਲੱਗਦਾ ਹੈ ਕਿ ਬਹੁਤ ਵਾਰ ਜਦੋਂ ਲੋਕਾਂ ਦੇ ਨਹੁੰਆਂ ਦਾ ਰੰਗ ਬਦਲ ਜਾਂਦਾ ਹੈ ਤਾਂ ਉਨ੍ਹਾਂ ਨੂੰ ਇਹ ਅਹਿਸਾਸ ਨਹੀਂ ਹੁੰਦਾ ਕਿ ਇਹ ਇੱਕ ਇਨਫੈਕਸ਼ਨ ਹੈ। ਇਸ ਲਈ ਉਹ ਬਿਮਾਰੀ ਨੂੰ ਉਸ ਪੱਧਰ ਤੱਕ ਵਿਗਾੜ ਲੈਂਦੇ ਹਨ ਜਿਸ ਦਾ ਇਲਾਜ ਆਪਣੇ ਆਪ ਸੰਭਵ ਨਹੀਂ ਹੁੰਦਾ ਅਤੇ ਫ਼ਿਰ ਉਨ੍ਹਾਂ ਨੂੰ ਮਾਹਰ ਡਾਕਟਰ ਕੋਲ ਜਾਣਾ ਪੈਂਦਾ ਹੈ,"
ਨਾਜ਼ੁਕ ਨਹੁੰ

ਤਸਵੀਰ ਸਰੋਤ, Getty Images
ਇਸ ਦੌਰਾਨ ਨਹੁੰ ਦੀ ਸ਼ਕਲ ਵੀ ਕਈ ਸਮੱਸਿਆਵਾਂ ਵੱਲ ਇਸ਼ਾਰਾ ਕਰ ਸਕਦੀ ਹੈ। ਸਿਹਤਮੰਦ ਨਹੁੰ ਥੋੜ੍ਹੇ ਉੱਭਰੇ ਹੋਣੇ ਚਾਹੀਦੇ ਹਨ, ਜਿਸਦਾ ਅਰਥ ਹੈ ਕਿ ਉਹ ਥੋੜ੍ਹਾ ਜਿਹਾ ਬਾਹਰ ਵੱਲ ਮੁੜਦੇ ਹਨ।
ਉਨ੍ਹਾਂ ਵਿੱਚ ਕੋਈ ਡਿੱਪ ਜਾਂ ਕੱਟ ਨਹੀਂ ਹੋਣੇ ਚਾਹੀਦੇ। ਜੇਕਰ ਕੋਈ ਕੱਟ ਵਗੈਰਾ ਹਨ ਤਾਂ ਇਹ ਇੱਕ ਸੰਕੇਤ ਹੋ ਸਕਦਾ ਹੈ ਕਿ ਤੁਹਾਨੂੰ ਕੋਇਲੋਨੀਚੀਆ ਹੈ, ਇੱਕ ਅਜਿਹੀ ਸਥਿਤੀ ਜਿੱਥੇ ਨਹੁੰ ਅੰਦਰ ਵੱਲ ਮੁੜਦੇ ਹਨ ਅਤੇ ਪਤਲੇ ਅਤੇ ਭੁਰਭੁਰਾ ਦਿਖਾਈ ਦਿੰਦੇ ਹਨ।
ਕੁਝ ਮਾਮਲਿਆਂ ਵਿੱਚ, ਕੋਇਲੋਨੀਚੀਆ ਵਾਲੇ ਲੋਕਾਂ ਦੇ ਨਹੁੰ ਵਿੱਚ ਇੱਕ ਕੇਂਦਰੀ ਦਬਾਅ ਹੁੰਦਾ ਹੈ ਜੋ ਤਰਲ ਦੀ ਇੱਕ ਬੂੰਦ ਨੂੰ ਰੱਖਣ ਲਈ ਕਾਫ਼ੀ ਡੂੰਘਾ ਹੁੰਦਾ ਹੈ, ਇਸ ਲਈ ਇਸ ਸਥਿਤੀ ਨੂੰ ਅਕਸਰ " ਸਪੂਨ ਨੇਲ " ਕਿਹਾ ਜਾਂਦਾ ਹੈ ।
ਜੇਕਰ ਤੁਹਾਡੇ ਕਿਸੇ ਵੀ ਨਹੁੰ ਦਾ ਆਕਾਰ ਚਮਚੇ ਵਰਗਾ ਦਿਖਾਈ ਦਿੰਦਾ ਹੈ, ਤਾਂ ਇਹ ਅਨੀਮੀਆ ਦੀ ਨਿਸ਼ਾਨੀ ਹੋ ਸਕਦੀ ਹੈ, ਜਦੋਂ ਸਰੀਰ ਵਿੱਚ ਟਿਸ਼ੂਆਂ ਤੱਕ ਆਕਸੀਜਨ ਪਹੁੰਚਾਉਣ ਲਈ ਲੋੜੀਂਦੇ ਸਿਹਤਮੰਦ ਖੂਨ ਦੇ ਸੈੱਲ ਨਹੀਂ ਹੁੰਦੇ।
ਅਨੀਮੀਆ ਆਇਰਨ ਦੀ ਕਮੀ ਕਾਰਨ ਹੋ ਸਕਦਾ ਹੈ। ਹਾਲਾਂਕਿ, ਇਹ ਹੋਰ ਸਥਿਤੀਆਂ ਦੇ ਨਾਲ-ਨਾਲ ਸੇਲੀਐਕ ਬਿਮਾਰੀ ਦਾ ਵੀ ਸੰਕੇਤ ਹੋ ਸਕਦਾ ਹੈ ।
ਦੂਜੇ ਪਾਸੇ, ਨਹੁੰਆਂ ਵਿੱਚ ਕੁਝ ਬਦਲਾਅ ਪੋਸ਼ਣ ਸਬੰਧੀ ਕਮੀਆਂ ਦਾ ਸੰਕੇਤ ਦੇ ਸਕਦੇ ਹਨ।
ਕੁਝ ਲੋਕਾਂ ਦੇ ਨਹੁੰਆਂ ਵਿੱਚ ਉਭਾਰ ਹੁੰਦਾ ਹੈ, ਜਿਨ੍ਹਾਂ ਨੂੰ ਬਿਊਜ਼ ਲਾਈਨਜ਼ ਕਿਹਾ ਜਾਂਦਾ ਹੈ।
ਇਹ ਪ੍ਰੋਟੀਨ ਦੀ ਘਾਟ ਦਾ ਸੰਕੇਤ ਵੀ ਦੇ ਸਕਦਾ ਹੈ। ਹਾਲਾਂਕਿ, ਇਹ ਵਿਸ਼ੇਸ਼ਤਾ ਸ਼ੂਗਰ ਅਤੇ ਪੈਰੀਫਿਰਲ ਵੈਸਕੁਲਰ ਬਿਮਾਰੀ ਦਾ ਸੰਕੇਤ ਵੀ ਹੋ ਸਕਦੀ ਹੈ।
ਇੱਕ ਵਿਕਾਰ ਜਿਸ ਵਿੱਚ ਸਰੀਰ ਦੇ ਕੁਝ ਹਿੱਸਿਆਂ ਵਿੱਚ ਖੂਨ ਦਾ ਸੰਚਾਰ ਘੱਟ ਜਾਂਦਾ ਹੈ , ਜਿਸ ਦਾ ਆਮ ਤੌਰ 'ਤੇ ਕਾਰਨ ਹੁੰਦਾ ਹੈ ਧਮਨੀਆਂ ਵਿੱਚ ਚਰਬੀ ਅਤੇ ਕੋਲੈਸਟ੍ਰੋਲ ਦਾ ਜਮ੍ਹਾਂ ਹੋਣਾ। ਇਸ ਦੀ ਜਾਂਚ ਕਰਵਾਉਣਾ ਮਹੱਤਵਪੂਰਨ ਹੈ।
ਯੂਨੀਵਰਸਿਟੀ ਹਸਪਤਾਲ ਆਫ਼ ਵੇਲਜ਼ ਵਿੱਚ ਕੰਮ ਕਰਦੇ ਇੱਕ ਬਾਲ ਰੋਗ ਮਾਹਰ ਮੈਰੀ ਪੀਅਰਸਨ ਕਹਿੰਦੇ ਹਨ,"ਬਿਊਜ਼ ਲਾਈਨਜ਼ ਜ਼ਿੰਕ ਦੀ ਕਮੀ ਦਾ ਸੰਕੇਤ ਦੇ ਸਕਦੀਆਂ ਹਨ, ਜਦੋਂ ਕਿ ਭੁਰਭੁਰਾ ਨਹੁੰ ਹਾਈਪੋਥਾਈਰੋਡਿਜ਼ਮ ਜਾਂ ਵਿਟਾਮਿਨ ਬੀ7 ਦੀ ਕਮੀ ਵੱਲ ਇਸ਼ਾਰਾ ਕਰਦਾ ਹੈ।"
ਉਹ ਕਹਿੰਦੇ ਹਨ,"ਕੁਝ ਮਾਮਲਿਆਂ ਵਿੱਚ ਅਸੀਂ ਅਜਿਹੇ ਲੱਛਣਾ ਬਾਰੇ ਵਧੇਰੇ ਸੁਚੇਤ ਹਾਂ। ਜਿਵੇਂ ਬੱਚਿਆਂ ਦੇ ਪੋਸ਼ਣ ਬਾਰੇ ਚਿੰਤਤ ਹਾਂ ਜਾਂ ਜਿੱਥੇ ਸਾਨੂੰ ਗੰਭੀਰ ਬਿਮਾਰੀ ਦਾ ਸ਼ੱਕ ਹੋਵੇ।"
ਦੂਜੇ ਮਾਮਲਿਆਂ ਵਿੱਚ, ਨਹੁੰਆਂ ਵਿੱਚ ਬਦਲਾਅ ਲਈ ਸਿਹਤ ਸਮੱਸਿਆਵਾਂ ਦੀ ਬਜਾਇ ਜੀਵਨ ਸ਼ੈਲੀ ਵਧੇਰੇ ਜ਼ਿੰਮੇਵਾਰ ਹੋ ਸਕਦੀ ਹੈ।
ਉਦਾਹਰਣ ਵਜੋਂ, ਨਹੁੰਆਂ ਨੂੰ ਛਿੱਲਣਾ, ਜਿਸ ਨੂੰ ਓਨੀਕੋਸਚਿਜ਼ੀਆ ਵੀ ਕਿਹਾ ਜਾਂਦਾ ਹੈ, ਉਦੋਂ ਹੁੰਦਾ ਹੈ ਜਦੋਂ ਨਹੁੰਆਂ ਦੀਆਂ ਪਤਲੀਆਂ ਪਰਤਾਂ ਖੁੱਲ੍ਹੇ ਨਹੁੰ ਕਿਨਾਰਿਆਂ ਤੋਂ ਵੱਖ ਹੋ ਜਾਂਦੀਆਂ ਹਨ।

ਤਸਵੀਰ ਸਰੋਤ, Getty Images
ਨਿਊਯਾਰਕ ਦੇ ਮਾਊਂਟ ਸਿਨਾਈ ਹਸਪਤਾਲ ਦੇ ਚਮੜੀ ਵਿਗਿਆਨ ਦੇ ਪ੍ਰੋਫੈਸਰ ਜੋਸ਼ੂਆ ਜ਼ੀਚਨਰ ਕਹਿੰਦੇ ਹਨ, "ਓਨੀਕੋਸਚਿਜ਼ੀਆ ਬਹੁਤ ਜ਼ਿਆਦਾ ਹੱਥ ਧੋਣ, ਨਹੁੰਆਂ ਦੇ ਸੁੱਕੇ ਰਹਿਣ ਅਤੇ ਐਕਰੀਲਿਕਸ ਅਤੇ ਨੇਲ ਪਾਲਿਸ਼ ਦੀ ਵਧੇਰੇ ਵਰਤੋਂ ਦਾ ਕਾਰਨ ਹੋ ਸਕਦਾ ਹੈ।"
ਤੁਸੀਂ ਸੋਚ ਰਹੇ ਹੋਵੋਗੇ ਕਿ ਨਹੁੰਆਂ ਵਿੱਚ ਅਜਿਹਾ ਕੀ ਹੈ ਜੋ ਉਨ੍ਹਾਂ ਨੂੰ ਕਿਸੇ ਵਿਅਕਤੀ ਦੀ ਸਿਹਤ ਦਾ ਇੰਨਾ ਪ੍ਰਗਟਾਵਾ ਕਰਦਾ ਹੈ।
ਇੱਕ ਮੁੱਖ ਕਾਰਨ ਇਹ ਹੈ ਕਿ ਨਹੁੰ ਸਪੱਸ਼ਟ ਤੌਰ 'ਤੇ ਸਰੀਰ ਦੇ ਉਨ੍ਹਾਂ ਕੁਝ ਹਿੱਸਿਆਂ ਵਿੱਚੋਂ ਇੱਕ ਹਨ ਜਿਨ੍ਹਾਂ ਨੂੰ ਤੁਸੀਂ ਬਾਹਰੋਂ ਦੇਖ ਸਕਦੇ ਹੋ।
ਬਾਉਮਗਾਰਡਟ ਕਹਿੰਦੇ ਹਨ,"ਨਹੁੰ ਚਮੜੀ ਦਾ ਵਿਸਥਾਰ ਹਨ, ਪ੍ਰਭਾਵਸ਼ਾਲੀ ਢੰਗ ਨਾਲ ਤੁਹਾਡੀ ਚਮੜੀ ਤੁਹਾਨੂੰ ਤੁਹਾਡੇ ਸਰੀਰ ਵਿੱਚ ਕੀ ਹੋ ਰਿਹਾ ਹੈ ਬਾਰੇ ਬਹੁਤ ਕੁਝ ਦੱਸ ਸਕਦੀ ਹੈ।"
"ਇੱਕ ਮਰੀਜ਼ ਬਾਰੇ ਪਹਿਲਾ ਮੁਆਇਨਾ ਉਨ੍ਹਾਂ ਦੇ ਸਰੀਰ ਦੀ ਓਪਰੀ ਦਿੱਖ ਤੋਂ ਹੀ ਪਤਾ ਲੱਗਦਾ ਹੈ। ਨਹੁੰ, ਅੱਖਾਂ ਅਤੇ ਤੁਹਾਡਾ ਮੂੰਹ ਸਰੀਰ ਦੇ ਅੰਦਰਲੇ ਹਾਲਾਤ ਬਾਰੇ ਦੱਸ ਦਿੰਦਾ ਹੈ।"
ਜ਼ਿਆਦਾਤਰ ਸਮਾਂ ਨਹੁੰਆਂ ਦੀ ਦਿੱਖ ਦੇ ਬਦਲਾਅ ਨੁਕਸਾਨਦੇਹ ਨਹੀਂ ਹੁੰਦੇ ਅਤੇ ਇਹ ਸਿਰਫ਼ ਨਹੁੰ ਦੀ ਸੱਟ ਕਾਰਨ ਹੁੰਦੇ ਹਨ। ਹਾਂ, ਜੇਕਰ ਤੁਹਾਡੇ ਨਹੁੰਆਂ ਦੇ ਆਕਾਰ, ਰੰਗ ਜਾਂ ਬਣਤਰ ਵਿੱਚ ਬਦਲਾਅ ਲੰਬਾ ਸਮਾਂ ਰਹਿੰਦਾ ਹੈ ਤਾਂ ਤੁਹਾਨੂੰ ਹਮੇਸ਼ਾ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












