'ਇਲਾਜ ਲਈ ਪੈਸੇ ਘਟੇ ਤਾਂ ਡੈਡੀ ਨੇ ਜ਼ਮੀਨ ਵੇਚੀ, ਮਾਂ ਨੇ ਗਹਿਣੇ, ਮੈਥੋਂ ਚੋਰੀ ਰੋਂਦੇ ਸਨ', 7 ਸਾਲਾਂ ਤੋਂ ਮੰਜੇ ʼਤੇ ਬੈਠੀ ਅਮਨ ਪਰਿਵਾਰ ਦਾ ਸਹਾਰਾ ਕਿਵੇਂ ਬਣੀ

ਅਮਨਦੀਪ ਕੌਰ
ਤਸਵੀਰ ਕੈਪਸ਼ਨ, ਅਮਨਦੀਪ ਕੌਰ ਨਾਲ ਹਾਦਸਾ 19 ਅਕਤੂਬਰ 2017 ਨੂੰ ਵਾਪਰਿਆ ਸੀ
    • ਲੇਖਕ, ਨਵਜੋਤ ਕੌਰ
    • ਰੋਲ, ਬੀਬੀਸੀ ਸਹਿਯੋਗੀ

19 ਅਕਤੂਬਰ 2017- ਦਿਵਾਲੀ ਵਾਲਾ ਦਿਨ

"ਦਿਨ ਚੜ੍ਹਦੇ ਹੀ ਅਮਨ ਅਤੇ ਮਾਂ ਦੀਵਾਲੀ ਦੀਆਂ ਤਿਆਰੀਆਂ ਵਿੱਚ ਲੱਗ ਗਈਆਂ ਸਨ। ਸਵੇਰੇ 6 ਕੁ ਵਜੇ ਦਾ ਸਮਾਂ ਸੀ ਮਾਂ ਕੱਪੜੇ ਧੋ ਰਹੀ ਸੀ ਅਤੇ ਅਮਨ ਉਹ ਧੋਤੇ ਹੋਏ ਕੱਪੜੇ ਛੱਤ ਉੱਤੇ ਸੁੱਕਣੇ ਪਾ ਕੇ ਪੌੜੀਆਂ ਉਤਰਦੀ ਵਾਪਸ ਆ ਰਹੀ ਸੀ।

ਪੌੜੀਆਂ ਦੇ ਨਾਲ ਮੱਝਾਂ ਲਈ ਪਾਏ ਪੱਥਰ ਦੇ ਸ਼ੈੱਡ ਉੱਤੇ ਪਿਆ ਕੂੜਾ ਦੇਖ ਕੇ ਅਮਨ ਨੇ ਸੋਚਿਆ ਕਿ ਇੱਥੇ ਵੀ ਝਾੜੂ ਮਾਰ ਦਿੰਦੀ ਹਾਂ। ਅਮਨ ਜਿਵੇਂ ਹੀ ਝਾੜੂ ਮਾਰਨ ਲਈ ਪੱਥਰ ਦੀ ਉਸ ਸਲੈਬ ਉੱਤੇ ਚੜੀ, ਸਲੈਬ ਟੁੱਟ ਗਈ।

ਅਮਨ ਇੱਕੋ ਪਲ਼ 'ਚ ਠਾਹ ਜ਼ਮੀਨ ਉੱਤੇ ਆ ਡਿੱਗੀ।"

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ 'ਤੇ ਕਲਿੱਕ ਕਰੋ

ਉਸ ਦਿਨ ਤੋਂ ਅੱਜ ਦੇ ਦਿਨ ਤੱਕ ਅਮਨ ਮੁੜ ਕਦੇ ਆਪਣੀਆਂ ਲੱਤਾਂ ਉੱਤੇ ਖੜ੍ਹੀ ਨਹੀਂ ਹੋ ਸਕੀ। ਘਰ ਦੇ ਖੁਲ੍ਹੇ ਵਿਹੜੇ ਵਿੱਚ ਹੱਸਦੀ-ਖੇਡਦੀ, ਭੱਜ-ਭੱਜ ਕਾਲਜ ਜਾਂਦੀ ਅਮਨ ਪਿਛਲੇ ਸੱਤ ਸਾਲਾਂ ਤੋਂ ਬੈੱਡ ਜਾਂ ਵ੍ਹੀਲ ਚੇਅਰ ਉੱਤੇ ਹੀ ਜ਼ਿੰਦਗੀ ਕੱਟ ਰਹੀ ਹੈ।

ਕੌਮਾਂਤਰੀ ਮਹਿਲਾ ਦਿਹਾੜੇ ਦੇ ਮੱਦੇਨਜ਼ਰ ਬੀਬੀਸੀ ਨੇ ਅਮਨ ਨਾਲ ਗੱਲਬਾਤ ਕੀਤੀ ਅਤੇ ਇਨ੍ਹਾਂ ਸੱਤ ਸਾਲਾਂ ਦੇ ਸੰਘਰਸ਼ ਬਾਰੇ ਜਾਣਿਆ। ਇਸ ਰਿਪੋਰਟ ਵਿੱਚ ਪੜ੍ਹੋ ਇੱਕ ਜੁਝਾਰੂ ਕੁੜੀ ਦੇ ਸੰਘਰਸ਼ ਦੀ ਕਹਾਣੀ...

ਇਹ ਕਹਾਣੀ ਹੈ ਬਰਨਾਲਾ ਦੇ ਪਿੰਡ ਅਸਪਾਲ ਖੁਰਦ ਦੀ ਰਹਿਣ ਵਾਲੀ ਅਮਨਦੀਪ ਕੌਰ ਦੀ। ਘਰਦਿਆਂ ਦੀ ਲਾਡਲੀ ਅਤੇ ਪੜ੍ਹਾਈ ਦੀ ਸ਼ੌਕੀਨ ਅਮਨ ਅਧਿਆਪਕ ਬਣਨਾ ਚਾਹੁੰਦੀ ਸੀ।

ਦੀਵਾਲੀ ਦੇ ਉਸ ਦਿਨ ਨੂੰ ਯਾਦ ਕਰਦਿਆਂ ਅਮਨ ਕਹਿੰਦੇ ਹਨ, "ਮੇਰੇ ਡਿੱਗਣ ਦੀ ਆਵਾਜ਼ ਸੁਣ ਕੇ ਰਸੋਈ ਅੰਦਰੋਂ ਮਾਂ ਭੱਜੀ ਆਈ, ਟੀਵੀ ਦੇਖਦੇ ਪਿਓ ਨੂੰ ਅਵਾਜ਼ਾਂ ਮਾਰੀਆਂ। ਉਨ੍ਹਾਂ ਆ ਕੇ ਦੇਖਿਆ ਤਾਂ ਮੈਂ ਬੇਸੁੱਧ ਸੀ। ਰੋਂਦੀ ਮਾਂ ਨੇ ਰੌਲਾ ਪਾ ਦਿੱਤਾ, "ਅਮਨ ਡਿੱਗ ਗਈ, ਅਮਨ ਡਿੱਗ ਗਈ !"

ਅਮਨਦੀਪ ਕੌਰ

ਤਸਵੀਰ ਸਰੋਤ, Amandeep Kaur

ਤਸਵੀਰ ਕੈਪਸ਼ਨ, ਇੱਕ ਹਾਦਸੇ ਕਾਰਨ ਅਮਨਦੀਪ ਕੌਰ ਮੁੜ ਕਦੇ ਆਪਣੇ ਪੈਰਾਂ ਤੇ ਖੜ੍ਹੇ ਨਹੀਂ ਹੋਏ ਪਰ ਉਨ੍ਹਾਂ ਹੌਂਸਲਾ ਨਹੀਂ ਛੱਡਿਆ

ਅਮਨ ਮੁਤਾਬਕ ਉਨ੍ਹਾਂ ਨੂੰ ਬਰਨਾਲਾ ਦੇ ਇੱਕ ਹਸਪਤਾਲ ਲੈ ਕੇ ਗਏ, ਪਰ ਡਾਕਟਰਾਂ ਨੇ ਜਵਾਬ ਦੇ ਦਿੱਤਾ ਕਿ ਹਾਲਤ ਖ਼ਰਾਬ ਹੈ ਅਸੀਂ ਨਹੀਂ ਦੇਖ ਸਕਦੇ। ਪੀਜੀਆਈ ਚੰਡੀਗੜ੍ਹ ਲੈ ਜਾਓ।

ਪਰ ਬਰਨਾਲਾ ਤੋਂ ਚੰਡੀਗੜ੍ਹ ਦਾ ਫ਼ਾਸਲਾ ਬਹੁਤ ਲੰਬਾ ਸੀ, ਇਸ ਲਈ ਲੁਧਿਆਣਾ ਡੀਐੱਮਸੀ ਲੈ ਕੇ ਗਏ।

ਅਮਨ ਦੱਸਦੇ ਹਨ, "ਇਸ ਦੌਰਾਨ ਮੈਂ ਦਰਦ ਨਾਲ ਕੁਰਲਾਹ ਰਹੀ ਸੀ, ਆਪਣੇ ਘਰਦਿਆਂ ਨੂੰ ਕਹਿ ਰਹੀ ਸੀ ਮੇਰੀਆਂ ਲੱਤਾਂ ਨਹੀਂ ਚੱਲ ਰਹੀਆਂ। ਦਰਦ ਇੰਨਾ ਜ਼ਿਆਦਾ ਸੀ ਕਿ ਮੈਂ ਪਲ਼-ਪਲ਼ ਮਰ ਰਹੀ ਸੀ।"

ਡਾਕਟਰਾਂ ਨੇ ਦਰਦ ਦੇ ਟੀਕੇ ਲਾ ਕੇ ਮੈਨੂੰ ਘਰ ਭੇਜ ਦਿੱਤਾ। ਮੈਨੂੰ ਸਾਰੇ ਕਹਿ ਰਹੇ ਸੀ, ਅਮਨ ਠੀਕ ਹੋ ਰਹੀ ਹੈ, ਬਸ ਹੁਣ ਥੋੜ੍ਹੇ ਦਿਨਾਂ 'ਚ ਇਸ ਨੇ ਠੀਕ ਹੋ ਜਾਣਾ।"

"ਇਹ ਥੋੜ੍ਹੇ ਦਿਨ ਛੇ ਸਾਲਾਂ ਵਿੱਚ ਕਦੋਂ ਬਦਲ ਗਏ ਇਹ ਸਿਰਫ਼ ਮੈਨੂੰ ਪਤਾ ਜਾਂ ਮੇਰੇ ਘਰਦਿਆਂ ਨੂੰ। ਮੈਂ ਛੇ ਸਾਲ ਬੈੱਡ ਉੱਤੇ ਸੀ, ਲੱਤਾਂ ਕੰਮ ਨਹੀਂ ਕਰਦੀਆਂ ਸਨ, ਮੈਂ ਖੜ੍ਹੀ ਨਹੀਂ ਹੋ ਸਕਦੀ ਸੀ, ਮੈਂ ਹੁਣ ਸਕੂਲ ਪੜ੍ਹਾਉਣ ਨਹੀਂ ਜਾ ਸਕਦੀ ਸੀ, ਮੇਰੀ ਦੁਨੀਆਂ ਪੂਰੀ ਬਦਲ ਗਈ ਸੀ।"

ਅਮਨ ਆਪਣੀ ਮਿਹਨਤ ਸਦਕਾ ਬਾਹਰਵੀਂ ਤੋਂ ਬਾਅਦ ਈਟੀਟੀ ਕਰ ਕੇ ਇੱਕ ਸਕੂਲ ਵਿੱਚ ਪੜ੍ਹਾਉਣ ਲੱਗ ਗਈ ਸੀ। ਬੱਚਿਆਂ ਨੂੰ ਵੀ ਪੜ੍ਹਾਉਂਦੀ ਅਤੇ ਨਾਲ ਆਪ ਵੀ ਬੀਏ ਦੀ ਪੜ੍ਹਾਈ ਕਰਦੀ।

ਅਮਨਦੀਪ ਕੌਰ

ਤਸਵੀਰ ਸਰੋਤ, Amandeep Kaur

ਤਸਵੀਰ ਕੈਪਸ਼ਨ, ਅਮਨਦੀਪ ਕੌਰ ਦੀ ਹਾਦਸੇ ਤੋਂ ਪਹਿਲਾਂ ਦੀ ਤਸਵੀਰ

ਇਲਾਜ ਲਈ ਜ਼ਮੀਨ ਅਤੇ ਗਹਿਣੇ ਵਿਕ ਗਏ

ਪਰ 2017 ਵਿੱਚ ਵੱਜੀ ਸੱਟ ਨੇ ਉਨ੍ਹਾਂ ਦੀ ਪੂਰੀ ਜ਼ਿੰਦਗੀ ਬਦਲ ਦਿੱਤੀ। 22 ਸਾਲ ਦੀ ਉਮਰ ਵਿੱਚ ਉਨ੍ਹਾਂ ਦੀ ਰੀੜ ਦੀ ਹੱਡੀ ਉੱਤੇ ਗੰਭੀਰ ਸੱਟ ਲੱਗੀ। ਜਿਸ ਤੋਂ ਬਾਅਦ ਉਹ ਤੁਰਨ ਫਿਰਨ, ਇੱਥੋਂ ਤੱਕ ਕੇ ਖੜ੍ਹੇ ਹੋਣ ਦੇ ਅਸਮਰਥ ਹੋ ਗਈ।

ਹਰ ਕੰਮ ਲਈ ਉਹ ਮਾਂ ਉੱਤੇ ਨਿਰਭਰ ਸੀ। ਉਹ ਸਾਰਾ ਦਿਨ ਬੈੱਡ ਉੱਤੇ ਰਹਿਣਾ ਪੈ ਰਿਹਾ ਸੀ। ਜ਼ਿਆਦਾਤਰ ਬੈੱਡ ਉੱਤੇ ਰਹਿਣ ਕਰ ਕੇ ਉਸਦੀ ਪਿੱਠ ਉੱਤੇ ਡੂੰਘੇ ਜ਼ਖਮ ਹੋ ਰਹੇ ਸਨ। ਜਿਸ ਕਰਕੇ ਸਥਿਤੀ ਹੋਰ ਖ਼ਰਾਬ ਹੋ ਗਈ।

ਇੱਕ ਸੱਟ ਨੇ ਉਨ੍ਹਾਂ ਨੂੰ ਅਪਾਹਜ ਬਣਾ ਦਿੱਤਾ। ਉਨ੍ਹਾਂ ਦੀ ਪੜ੍ਹਾਈ-ਲਿਖਾਈ ਸਭ ਬੰਦ ਹੋ ਗਈ।

ਅਮਨ ਦੱਸਦੇ ਹਨ, "ਮੇਰਾ ਸਮਾਂ ਰੁਕ ਗਿਆ ਸੀ। ਇੱਕ ਪਲ਼ ਨੀਂਦ ਨਹੀਂ ਸੀ ਆਉਂਦੀ। ਹਰ ਵੇਲੇ ਮੈਂ ਇਹੀ ਸੋਚਦੇ ਰਹਿਣਾ ਮੇਰੇ ਨਾਲ ਕੀ ਵਾਪਰ ਗਿਆ। ਪਰਿਵਾਰ ਹੌਂਸਲਾ ਦਿੰਦਾ ਰਹਿੰਦਾ ਪਰ ਮੇਰੇ ਤੋਂ ਓਹਲੇ ਹੋ ਕੇ ਰੋਂਦੇ ਸਨ।"

"ਡਾਕਟਰੀ ਇਲਾਜ ਉੱਤੇ ਪੈਸੇ ਲੱਗ ਰਹੇ ਸਨ, ਪਰ ਮੇਰੀ ਹਾਲਤ ਵਿੱਚ ਕੋਈ ਸੁਧਾਰ ਨਹੀਂ ਹੋ ਰਿਹਾ ਸੀ। ਮੈਨੂੰ ਕੋਈ ਦੱਸਦਾ ਵੀ ਨਹੀਂ ਸੀ ਕਿ ਮੈਨੂੰ ਕੀ ਹੋਇਆ ਅਤੇ ਕਦੋਂ ਮੈਂ ਠੀਕ ਹੋ ਸਕਾਂਗੀ।"

ਅਮਨ ਰੋਂਦੇ ਹੋਏ ਦੱਸਦੇ ਹਨ, "ਮੇਰੇ ਡੈਡੀ ਮੇਰੇ ਤੋਂ ਚੋਰੀ ਰੋਂਦੇ ਸਨ। ਮੇਰੇ ਇਲਾਜ ਲਈ ਪੈਸੇ ਘੱਟ ਗਏ ਤਾਂ ਡੈਡੀ ਨੇ ਜ਼ਮੀਨ ਵੇਚ ਦਿੱਤੀ। ਮੇਰੀ ਮਾਂ ਦੇ ਗਹਿਣੇ ਵੀ ਵੇਚੇ ਗਏ।"

"ਉਹ ਮੈਨੂੰ ਇਸ ਦੇ ਬਾਰੇ ਦੱਸਦੇ ਨਹੀਂ ਸਨ, ਪਰ ਮੈਨੂੰ ਸਭ ਪਤਾ ਲੱਗ ਰਿਹਾ ਸੀ ਕਿ ਘਰ ਦੇ ਆਰਥਿਕ ਹਾਲਾਤ ਮਾੜੇ ਹੋ ਰਹੇ ਹਨ। ਇਹ ਪਲ਼ ਮੇਰੇ ਲਈ ਸਭ ਤੋਂ ਮੁਸ਼ਕਲ ਸਨ ਜਦੋਂ ਮੈਂ ਆਪਣੇ ਮਾਪਿਆਂ ਲਈ ਬੋਝ ਬਣ ਰਹੀ ਸੀ।"

ਅਮਨਦੀਪ ਕੌਰ
ਤਸਵੀਰ ਕੈਪਸ਼ਨ, ਅਮਨਦੀਪ ਕੌਰ ਦੇ ਇਲਾਜ ਦੌਰਾਨ ਉਨ੍ਹਾਂ ਦੇ ਘਰ ਦੀ ਆਰਥਿਕ ਹਾਲਤ ਕਾਫੀ ਮਾੜੀ ਹੋ ਗਈ ਸੀ
ਇਹ ਵੀ ਪੜ੍ਹੋ-

ਹਨੇਰ ਭਰੀ ਜ਼ਿੰਦਗੀ 'ਚ ਮੁੜ ਕਿਵੇਂ ਜਾਗੀ ਉਮੀਦ ਦੀ ਕਿਰਨ

ਹੰਝੂਆਂ ਨਾਲ ਭਰੀਆਂ ਅੱਖਾਂ ਨੂੰ ਸਾਫ਼ ਕਰਦਿਆਂ ਅਤੇ ਚਿਹਰੇ ਉੱਤੇ ਹਲਕੀ ਮੁਸਕਾਨ ਦੇ ਨਾਲ ਅਮਨ ਨੇ ਅੱਗੇ ਗੱਲ ਸ਼ੁਰੂ ਕੀਤੀ।

ਉਹ ਕਹਿੰਦੇ ਹਨ, "ਇੱਕ ਸਾਲ ਪਹਿਲਾਂ ਮੈਨੂੰ ਖਰੜ ਦੀ ਇੱਕ ਸੰਸਥਾ ਸਰਵ ਹੂਮੈਨਿਟੀ ਸਰਵ ਗੌਡ ਬਾਰੇ ਪਤਾ ਲੱਗਿਆ। ਇੱਥੇ ਰੀੜ ਦੀ ਹੱਡੀ ਦੀ ਸੱਟ ਨਾਲ ਪੀੜਤ ਲੋਕਾਂ ਦੀ ਦੇਖ-ਭਾਲ ਕੀਤੀ ਜਾਂਦੀ ਹੈ।"

"ਇੱਥੇ ਆ ਕੇ ਮੈਨੂੰ ਸੱਟ ਦੇ ਛੇ ਸਾਲਾਂ ਬਾਅਦ ਪਹਿਲੀ ਵਾਰ ਪਤਾ ਲੱਗਿਆ ਕਿ ਮੇਰੀ ਰੀੜ ਦੀ ਹੱਡੀ ਵਿੱਚ ਡੀ 12 ਐੱਲ 1 ਵਿੱਚ ਸੱਟ ਲੱਗੀ ਹੈ। ਇਸ ਲਈ ਮੇਰੀਆਂ ਲੱਤਾਂ ਕੰਮ ਨਹੀਂ ਕਰਦੀਆਂ। ਪਰ ਸੰਸਥਾ ਦੇ ਸੰਚਾਲਕ ਸਵਰਨਜੀਤ ਸਿੰਘ ਨੇ ਮੈਨੂੰ ਭਰੋਸਾ ਦਵਾਇਆ ਕਿ ਬੇਸ਼ੱਕ ਮੈਂ ਤੁਰ ਨਹੀਂ ਸਕਦੀ ਪਰ ਮੈਂ ਆਪਣੀ ਜ਼ਿੰਦਗੀ ਨੂੰ ਆਪਣੇ ਤਰੀਕੇ ਆਪਣੇ ਆਪ ਚਲਾ ਸਕਦੀ ਹਾਂ।"

ਅਮਨ ਦੱਸਦੇ ਹਨ, "ਸੰਸਥਾ ਵਿੱਚ ਆਈ ਤਾਂ ਮੈਂ ਮੇਰੇ ਵਰਗੇ ਹੋਰ ਬਹੁਤ ਸਾਰੇ ਲੋਕਾਂ ਨੂੰ ਦੇਖਿਆ, ਜੋ ਤੁਰ ਨਹੀਂ ਸਕਦੇ ਸਨ, ਜੋ ਮੇਰੇ ਵਾਂਗ ਹੀ ਵੀਲ੍ਹ ਚੇਅਰ ਉੱਤੇ ਚਲ ਰਹੇ ਸਨ। ਉਨ੍ਹਾਂ ਨੂੰ ਦੇਖ ਮੇਰੇ ਅੰਦਰ ਉਮੀਦ ਦੀ ਕਿਰਨ ਜਾਗੀ।"

"ਸੰਸਥਾ ਵਿੱਚ ਸਾਨੂੰ ਖ਼ੁਦ ਵੀਲ੍ਹ ਚੇਅਰ ਦਾ ਸਹਾਰਾ ਲੈ ਕੇ ਇਕੱਲੇ ਚੱਲਣ ਲਈ ਕਿਹਾ ਜਾਂਦਾ। ਰੋਜ਼ ਦੇ ਅਭਿਆਸ ਨੇ ਮੈਨੂੰ ਇੰਨਾ ਤਿਆਰ ਕਰ ਦਿੱਤਾ ਕਿ ਮੈਂ ਛੇ ਮਹੀਨਿਆਂ ਦੇ ਅੰਦਰ ਹੀ ਆਪਣੇ ਅੰਦਰ ਬਦਲਾਅ ਮਹਿਸੂਸ ਕਰਨ ਲੱਗ ਗਈ ਸੀ।"

"ਮੈਂ ਪਹਿਲੀ ਵਾਰ ਜਦੋਂ ਇਸ ਸੰਸਥਾ ਵਿੱਚ ਆਈ ਸੀ ਤਾਂ ਆਪਣੇ ਮਾਪਿਆਂ ਨੂੰ ਨਾਲ ਲੈ ਕੇ ਆਈ ਸਾਂ ਪਰ ਜਦੋਂ ਦੂਜੀ ਵਾਰ ਇੱਥੇ ਆਈ ਤਾਂ ਮੈਂ ਇਕੱਲੀ ਆਈ। ਹੁਣ ਮੈਂ ਇਕੱਲੀ ਆਪਣੇ ਆਪ ਆਪਣੀ ਦੇਖ ਭਾਲ ਕਰ ਰਹੀ ਹਾਂ। ਮੈਂ ਕਿਸੇ ਉੱਤੇ ਬੋਝ ਨਹੀਂ ਬਣ ਰਹੀ। ਮੇਰੀ ਰੁਕੀ ਹੋਈ ਜ਼ਿੰਦਗੀ ਤੁਰਨ ਲੱਗ ਗਈ ਹੈ ਅਤੇ ਮੈਂ ਵੀ।"

ਅਮਨਦੀਪ ਕੌਰ
ਤਸਵੀਰ ਕੈਪਸ਼ਨ, ਅਮਨਦੀਪ ਕੌਰ 7 ਸਾਲ ਤੱਕ ਮੰਜੇ ਉੱਤੇ ਰਹੇ ਪਰ ਹੁਣ ਉਹ ਆਪਣੇ ਆਪ ਨੂੰ ਸਾਂਭਣਾ ਸਿੱਖ ਗਏ ਹਨ

ਹੁਣ ਮਾਪਿਆਂ ਲਈ ਸਹਾਰਾ ਬਣ ਗਈ ਹੈ ਅਮਨ

ਅਮਨ ਕਹਿੰਦੇ ਹਨ, "ਮੇਰੀ ਜ਼ਿੰਦਗੀ ਵਿੱਚ ਸੱਟ ਦਾ ਦੁੱਖ ਤਾਂ ਹੈ ਹੀ ਸੀ, ਪਰ ਜ਼ਿਆਦਾ ਦੁੱਖ ਮੈਨੂੰ ਇਹ ਹੁੰਦਾ ਸੀ ਕਿ ਮੈਂ ਆਪਣੇ ਮਾਪਿਆਂ ਦੇ ਪੈਸੇ ਖ਼ਰਚਾ ਰਹੀ ਹਾਂ। ਉਨ੍ਹਾਂ ਨੂੰ ਮੇਰੇ ਕਰਕੇ ਆਰਥਿਕ ਮੁਸ਼ਕਲਾਂ ਆ ਰਹੀਆਂ ਹਨ।"

"ਇਸ ਲਈ ਮੈਂ ਹਰ ਵਾਰ ਕੋਸ਼ਿਸ਼ ਕਰਦੀ ਸੀ ਕਿ ਮੈਂ ਕੋਈ ਕੰਮ ਕਰਾਂ ਤਾਂ ਜੋ ਪੈਸੇ ਕਮਾ ਸਕਾਂ। ਫਿਰ ਮੈਨੂੰ ਹੌਲੀ-ਹੌਲੀ ਆਨਲਾਈਨ ਐਡੀਟਿੰਗ ਬਾਰੇ ਪਤਾ ਲੱਗਿਆ। ਕੁਝ ਦੋਸਤਾਂ ਨੇ ਸਾਥ ਦਿੱਤਾ ਤਾਂ ਮੈਨੂੰ ਆਨਲਾਈਨ ਐਡੀਟਿੰਗ ਦਾ ਕੰਮ ਮਿਲਣ ਲੱਗ ਗਿਆ। ਹੁਣ ਮੈਂ ਬੈੱਡ ਉੱਤੇ ਪਏ ਜਾਂ ਵੀਲ੍ਹ ਚੇਅਰ ਉੱਤੇ ਬੈਠੇ ਹੀ ਆਨਲਾਈਨ ਐਡੀਟਿੰਗ ਕਰ ਲੈਂਦੀ ਹਾਂ ਤੇ ਪੈਸੇ ਕਮਾ ਰਹੀ ਹਾਂ।"

ਅਮਨ ਐਡੀਟਿੰਗ ਹੀ ਨਹੀਂ ਕਰੋਸ਼ੀਆ ਬੁਣ ਕੇ ਪਰਸ, ਟੋਪੀਆਂ, ਖਿਡੌਣੇ ਵੀ ਬਣਾਉਂਦੇ ਹਨ ਜਿਨ੍ਹਾਂ ਨੂੰ ਵੇਚ ਕੇ ਉਹ ਪੈਸੇ ਕਮਾਉਂਦੇ ਹਨ। ਆਪਣੇ ਇਨ੍ਹਾਂ ਕੰਮਾਂ ਬਾਰੇ ਦੱਸਦਿਆਂ ਅਮਨ ਨੇ ਬੜੇ ਮਾਣ ਨਾਲ ਕਿਹਾ, "ਮੈਂ ਹੁਣ ਘਰੇ ਪੈਸੇ ਭੇਜਦੀ ਹਾਂ, ਡੈਡੀ ਕਹਿੰਦੇ ਹਨ ਮੈਂ ਹੁਣ ਉਨ੍ਹਾਂ ਦਾ ਸਹਾਰਾ ਬਣ ਰਹੀ ਹਾਂ। ਮੇਰੇ ਲਈ ਇਹ ਖੁਸ਼ੀ ਬਹੁਤ ਵੱਡੀ ਹੈ।"

ਪੈਸੇ ਕਮਾਉਣ ਤੋਂ ਇਲਾਵਾ ਅਮਨ ਨੇ ਆਪਣੀ ਪੜ੍ਹਾਈ ਵੀ ਮੁੜ ਸ਼ੁਰੂ ਕਰ ਲਈ ਹੈ। ਉਹ ਕੁਝ ਦਿਨਾਂ ਦੀ ਸਖ਼ਤ ਮਿਹਨਤ ਤੋਂ ਬਾਅਦ ਟੈੱਟ ਦਾ ਟੈਸਟ ਪਾਸ ਕਰ ਲਿਆ ਹੈ। ਜਿਸ ਨਾਲ ਉਨ੍ਹਾਂ ਨੇ ਸਰਕਾਰੀ ਨੌਕਰੀ ਲੈਣ ਵੱਲ ਇੱਕ ਕਦਮ ਵਧਾ ਲਿਆ ਹੈ।

ਅਮਨਦੀਪ ਕੌਰ
ਤਸਵੀਰ ਕੈਪਸ਼ਨ, ਅਮਨਦੀਪ ਦਾ ਕਹਿਣਾ ਹੈ ਕੋਈ ਹਾਦਸਾ ਤੁਹਾਡੀ ਜ਼ਿੰਦਗੀ ਨਹੀਂ ਰੋਕ ਸਕਦਾ

'ਜਜ਼ਬੇ ਨਾਲ ਜ਼ਿੰਦਗੀ ਜਿਉਣਾ ਸਿੱਖੋ'

ਔਰਤ ਦਿਹਾੜੇ ਮੌਕੇ ਜਦੋਂ ਅਸੀਂ ਅਮਨ ਨੂੰ ਪੁੱਛਿਆ ਕਿ ਉਹ ਔਰਤਾਂ ਨੂੰ ਕੀ ਸੰਦੇਸ਼ ਦੇਣਗੇ ਤਾਂ ਉਨ੍ਹਾਂ ਕਿਹਾ, "ਇੱਕ ਸੱਟ ਨਾਲ ਤੁਹਾਡੀ ਜ਼ਿੰਦਗੀ ਰੁਕ ਜਾਵੇਗੀ ਇਹ ਭੁਲੇਖਾ ਮੈਨੂੰ ਵੀ ਸੀ। ਪਰ ਮੈਂ ਮੇਰੇ ਵਰਗੀਆਂ ਹੋਰ ਕੁੜੀਆਂ ਨੂੰ ਕਹਿਣਾ ਚਾਹੁੰਦੀ ਹਾਂ ਕਿ ਕੋਈ ਵੀ ਸ਼ਕਤੀ ਤੁਹਾਨੂੰ ਅੱਗੇ ਵਧਣ ਤੋਂ ਨਹੀਂ ਰੋਕ ਸਕਦੀ।"

"ਸਭ ਦੀ ਜ਼ਿੰਦਗੀ ਦੇ ਇਮਤਿਹਾਨ ਵੱਖਰੇ ਹੋ ਸਕਦੇ ਹਨ ਪਰ ਜੇਕਰ ਤੁਸੀਂ ਜਜ਼ਬੇ ਨਾਲ ਆਪਣੀ ਜ਼ਿੰਦਗੀ ਜਿਊਣਾ ਸਿੱਖ ਲੈਂਦੇ ਹੋ ਤਾਂ ਤੁਹਾਨੂੰ ਕੋਈ ਵੀ ਨਹੀਂ ਰੋਕ ਸਕਦਾ।"

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)