ਕੁੰਭ ਵਿੱਚ ਨਹਾਉਂਦੀਆਂ ਔਰਤਾਂ ਦੇ ਵੀਡੀਓ ਬਣਾ ਕੇ ਵੇਚੇ ਗਏ, ਕੀ ਹੈ ਪੂਰਾ ਮਾਮਲਾ ਅਤੇ ਕਾਨੂੰਨ ਕੀ ਕਹਿੰਦਾ ਹੈ?

ਤਸਵੀਰ ਸਰੋਤ, Getty Images
- ਲੇਖਕ, ਕੀਰਤੀ ਰਾਵਤ
- ਰੋਲ, ਬੀਬੀਸੀ ਪੱਤਰਕਾਰ
ਪ੍ਰਯਾਗਰਾਜ ਵਿੱਚ ਮਹਾਂਕੁੰਭ ਦੌਰਾਨ, ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਸੰਗਮ ਵਿੱਚ ਇਸ਼ਨਾਨ ਕੀਤਾ। ਇਨ੍ਹਾਂ ਵਿੱਚ ਔਰਤਾਂ ਵੀ ਕਾਫੀ ਗਿਣਤੀ ਵਿੱਚ ਸ਼ਾਮਲ ਸਨ।
ਪਿਛਲੇ ਦਿਨਾਂ ਵਿੱਚ, ਕਈ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਕੁੜੀਆਂ ਅਤੇ ਔਰਤਾਂ ਦੇ ਨਹਾਉਣ ਅਤੇ ਕੱਪੜੇ ਬਦਲਣ ਦੀਆਂ ਫੋਟੋਆਂ ਅਤੇ ਵੀਡੀਓਜ਼ ਸ਼ੇਅਰ ਕੀਤੀਆਂ ਗਈਆਂ।
ਅਜਿਹੇ ਵੀਡੀਓ ਫੇਸਬੁੱਕ, ਐਕਸ ਅਤੇ ਯੂਟਿਊਬ 'ਤੇ ਵੀ ਮੌਜੂਦ ਸਨ। ਇੰਨਾ ਹੀ ਨਹੀਂ, ਇਹ ਵੀਡੀਓ ਕਈ ਟੈਲੀਗ੍ਰਾਮ ਚੈਨਲਾਂ 'ਤੇ ਤਾਂ ਵੇਚੇ ਵੀ ਜਾ ਰਹੇ ਸਨ।
ਜਦੋਂ ਇਹ ਮਾਮਲਾ ਮੀਡੀਆ ਵਿੱਚ ਸਾਹਮਣੇ ਆਇਆ ਤਾਂ ਪੁਲਿਸ ਨੇ ਇਸ 'ਤੇ ਕਾਰਵਾਈ ਕੀਤੀ ਅਤੇ ਕੁਝ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।
27 ਫਰਵਰੀ, ਯਾਨੀ ਲੰਘੇ ਵੀਰਵਾਰ ਨੂੰ, ਪੁਲਿਸ ਕਮਿਸ਼ਨਰੇਟ ਪ੍ਰਯਾਗਰਾਜ ਨੇ ਸੋਸ਼ਲ ਮੀਡੀਆ ਐਕਸ 'ਤੇ ਜਾਣਕਾਰੀ ਦਿੱਤੀ ਕਿ ਇਸ ਸਬੰਧ ਵਿੱਚ, ਪੱਛਮੀ ਬੰਗਾਲ ਦੇ ਹੁਗਲੀ ਜ਼ਿਲ੍ਹੇ ਦੇ ਨਿਵਾਸੀ 27 ਸਾਲਾ ਅਮਿਤ ਕੁਮਾਰ ਝਾਅ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਪਰ ਇਸ ਪੂਰੇ ਮਾਮਲੇ ਨੇ ਇੱਕ ਵਾਰ ਫਿਰ ਔਨਲਾਈਨ ਪਲੇਟਫਾਰਮਾਂ 'ਤੇ ਔਰਤਾਂ ਦੀ ਨਿੱਜਤਾ ਅਤੇ ਉਨ੍ਹਾਂ ਦੀ ਸੁਰੱਖਿਆ ਦਾ ਮੁੱਦਾ ਉਠਾਇਆ ਹੈ।

ਕਲੀਨਿਕ 'ਚ ਔਰਤਾਂ ਦੀਆਂ ਵੀਡੀਓ
ਇਸ ਸਭ ਦੇ ਵਿਚਕਾਰ, ਗੁਜਰਾਤ ਤੋਂ ਇੱਕ ਹੋਰ ਹੈਰਾਨ ਕਰਨ ਵਾਲੀ ਰਿਪੋਰਟ ਸਾਹਮਣੇ ਆਈ ਹੈ।
ਗੁਜਰਾਤ ਦੇ ਰਾਜਕੋਟ ਦੇ ਇੱਕ ਮੈਟਰਨਿਟੀ ਕਲੀਨਿਕ ਵਿੱਚ ਔਰਤਾਂ ਦੀਆਂ ਵੀਡੀਓ ਬਣਾਈਆਂ ਜਾ ਰਹੀਆਂ ਸਨ ਅਤੇ ਟੈਲੀਗ੍ਰਾਮ ਚੈਨਲਾਂ 'ਤੇ ਵੇਚੀਆਂ ਜਾ ਰਹੀਆਂ ਸਨ।
ਬੀਬੀਸੀ ਕੋਲ ਦੋ ਟੈਲੀਗ੍ਰਾਮ ਗਰੁੱਪਾਂ ਦੇ ਸਕਰੀਨਸ਼ਾਟ ਵੀ ਹਨ, ਜਿਨ੍ਹਾਂ ਵਿੱਚ ਸੀਸੀਟੀਵੀ ਤੋਂ ਲਈਆਂ ਗਈਆਂ ਔਰਤਾਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਹਨ।
ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ, ਇਹ ਵੀ ਦੱਸਿਆ ਗਿਆ ਹੈ ਕਿ ਪੂਰੀ ਵੀਡੀਓ ਕਿਸ ਕੋਲੋਂ ਖਰੀਦੀ ਜਾ ਸਕਦੀ ਹੈ।
ਉਨ੍ਹਾਂ ਟੈਲੀਗ੍ਰਾਮ ਚੈਨਲਾਂ 'ਤੇ ਔਰਤਾਂ ਦੇ ਨਹਾਉਣ ਦੇ ਵੀਡੀਓ ਅਤੇ ਫੋਟੋਆਂ ਸਿਰਫ਼ ਮਹਾਂਕੁੰਭ ਦੇ ਹੀ ਨਹੀਂ, ਸਗੋਂ ਕਈ ਹੋਰ ਧਾਰਮਿਕ ਤਿਉਹਾਰਾਂ ਵੇਲੇ ਵੀ ਅਜਿਹੇ ਵੀਡੀਓ ਪੋਸਟ ਕੀਤੇ ਗਏ ਸਨ।

ਤਸਵੀਰ ਸਰੋਤ, Getty Images
ਪੁਲਿਸ ਨੂੰ ਕੀ ਪਤਾ ਲੱਗਿਆ
ਪੁਲਿਸ ਦੇ ਅਨੁਸਾਰ, ਮਹਾਕੁੰਭ ਵਿੱਚ ਨਹਾਉਣ ਵਾਲੀਆਂ ਔਰਤਾਂ ਦੇ ਵੀਡੀਓ ਸੋਸ਼ਲ ਮੀਡੀਆ ਐਪ ਟੈਲੀਗ੍ਰਾਮ 'ਤੇ ਵੇਚੇ ਜਾ ਰਹੇ ਸਨ।
ਫੇਸਬੁੱਕ 'ਤੇ ਇਹ ਵੀਡੀਓ ਮਹਾਂਕੁੰਭ ਗੰਗਾ ਸਨਾਨ ਪ੍ਰਯਾਗਰਾਜ ਦੇ ਕੈਪਸ਼ਨ ਨਾਲ ਅਪਲੋਡ ਕੀਤੇ ਗਏ ਸਨ।
ਕੁਝ ਪੋਸਟਾਂ 'ਤੇ, #mahakumbh2025, #gangasnan ਅਤੇ #prayagrajkumbh ਵਰਗੇ ਹੈਸ਼ਟੈਗ ਵਰਤੇ ਗਏ ਸਨ।
ਮੀਡੀਆ ਰਿਪੋਰਟਾਂ ਅਨੁਸਾਰ, ਇਹ ਵੀਡੀਓ ਦੋ ਹਜ਼ਾਰ ਤੋਂ ਤਿੰਨ ਹਜ਼ਾਰ ਰੁਪਏ ਵਿੱਚ ਵੇਚੇ ਜਾ ਰਹੇ ਸਨ।
ਔਰਤਾਂ ਦੇ ਵੀਡੀਓ ਵੇਚਣ ਦੀਆਂ ਰਿਪੋਰਟਾਂ ਸਾਹਮਣੇ ਆਉਣ ਤੋਂ ਬਾਅਦ, ਉੱਤਰ ਪ੍ਰਦੇਸ਼ ਪੁਲਿਸ ਨੇ ਇਸ ਮਾਮਲੇ ਵਿੱਚ ਕਾਰਵਾਈ ਕੀਤੀ ਹੈ।
ਖ਼ਬਰ ਏਜੰਸੀ ਪੀਟੀਆਈ ਦੇ ਅਨੁਸਾਰ, ਯੂਪੀ ਪੁਲਿਸ ਨੇ ਕਿਹਾ ਕਿ ਇਸ ਮਾਮਲੇ ਵਿੱਚ ਉਨ੍ਹਾਂ ਨੇ ਇੰਸਟਾਗ੍ਰਾਮ ਅਕਾਊਂਟਸ ਅਤੇ ਕੁਝ ਟੈਲੀਗ੍ਰਾਮ ਚੈਨਲਾਂ ਵਿਰੁੱਧ ਕਾਰਵਾਈ ਕੀਤੀ ਹੈ।
ਯੂਪੀ ਪੁਲਿਸ ਨੇ ਕਿਹਾ, "ਇਹ ਕਾਰਵਾਈ ਉਦੋਂ ਕੀਤੀ ਗਈ ਜਦੋਂ ਸੋਸ਼ਲ ਮੀਡੀਆ ਨਿਗਰਾਨੀ ਟੀਮ ਨੂੰ ਪਤਾ ਲੱਗਿਆ ਕਿ ਕੁਝ ਪਲੇਟਫਾਰਮਾਂ 'ਤੇ ਮਹਾਂਕੁੰਭ ਵਿੱਚ ਔਰਤਾਂ ਦੇ ਇਸ਼ਨਾਨ ਅਤੇ ਕੱਪੜੇ ਬਦਲਣ ਦੇ ਵੀਡੀਓ ਅਪਲੋਡ ਕੀਤੇ ਜਾ ਰਹੇ ਹਨ। ਜੋ ਕਿ ਉਨ੍ਹਾਂ ਦੀ ਨਿੱਜਤਾ ਅਤੇ ਮਾਣ-ਸਨਮਾਨ ਦੀ ਉਲੰਘਣਾ ਹੈ।"

ਤਸਵੀਰ ਸਰੋਤ, Getty Images
17 ਫਰਵਰੀ ਨੂੰ, ਉੱਤਰ ਪ੍ਰਦੇਸ਼ ਪੁਲਿਸ ਨੇ ਮਹਿਲਾ ਸ਼ਰਧਾਲੂਆਂ ਦੇ ਵੀਡੀਓ ਅਪਲੋਡ ਕਰਨ ਦੇ ਮਾਮਲੇ 'ਚ ਇੰਸਟਾਗ੍ਰਾਮ ਅਕਾਉਂਟ ਖ਼ਿਲਾਫ਼ ਮਾਮਲਾ ਵੀ ਦਰਜ ਕੀਤਾ ਹੈ। ਇੱਕ ਹੋਰ ਮਾਮਲੇ ਵਿੱਚ, 19 ਫਰਵਰੀ ਨੂੰ ਕੁਝ ਟੈਲੀਗ੍ਰਾਮ ਚੈਨਲਾਂ ਵਿਰੁੱਧ ਵੀ ਮਾਮਲਾ ਦਰਜ ਕੀਤਾ ਗਿਆ ਹੈ।
ਦੋਵੇਂ ਮਾਮਲੇ ਪ੍ਰਯਾਗਰਾਜ ਦੇ ਕੁੰਭ ਮੇਲਾ ਕੋਤਵਾਲੀ ਪੁਲਿਸ ਸਟੇਸ਼ਨ ਵਿੱਚ ਦਰਜ ਕੀਤੇ ਗਏ ਹਨ।
ਉੱਤਰ ਪ੍ਰਦੇਸ਼ ਪੁਲਿਸ ਨੇ ਇਸ ਮਾਮਲੇ ਬਾਰੇ ਐਕਸ 'ਤੇ ਇੱਕ ਪੋਸਟ ਵਿੱਚ ਲਿਖਿਆ, "ਮਹਾਕੁੰਭ ਵਿੱਚ ਮਹਿਲਾ ਸ਼ਰਧਾਲੂਆਂ ਦੇ ਇਸ਼ਨਾਨ ਕਰਨ ਵਾਲੇ ਗੈਰ-ਮਰਿਆਦੀ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਅਪਲੋਡ ਕਰਨ ਅਤੇ ਸੋਸ਼ਲ ਮੀਡੀਆ ਰਾਹੀਂ ਅਜਿਹੇ ਵੀਡੀਓਜ਼ ਵੇਚਣ ਬਾਰੇ ਜਾਣਕਾਰੀ ਮਿਲਣ 'ਤੇ, ਤੁਰੰਤ 17 ਅਜਿਹੇ ਸੋਸ਼ਲ ਮੀਡੀਆ ਅਕਾਊਂਟਸ ਦੀ ਪਛਾਣ ਕੀਤੀ ਗਈ ਹੈ ਅਤੇ ਕੁੰਭ ਮੇਲਾ ਪੁਲਿਸ ਵੱਲੋਂ ਉਨ੍ਹਾਂ ਵਿਰੁੱਧ ਕੇਸ ਦਰਜ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।"
ਬੀਬੀਸੀ ਨੇ ਇਸ ਮਾਮਲੇ ਵਿੱਚ ਇੱਕ ਮਹਿਲਾ ਨਾਲ ਵੀ ਗੱਲ ਕੀਤੀ ਜੋ ਕੁੰਭ ਇਸ਼ਨਾਨ ਕਰਨ ਗਏ ਸਨ।
ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ, ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਕੁੰਭ ਵਿੱਚ ਇਸ਼ਨਾਨ ਕਰਨ ਵਾਲੀਆਂ ਔਰਤਾਂ ਦੀਆਂ ਤਸਵੀਰਾਂ ਵੇਚੀਆਂ ਜਾ ਰਹੀਆਂ ਹਨ, ਤਾਂ ਉਨ੍ਹਾਂ ਨੂੰ ਬਹੁਤ ਬੁਰਾ ਲੱਗਿਆ।
ਉਨ੍ਹਾਂ ਕਿਹਾ, "ਇਹ ਇੱਕ ਔਰਤ ਦੀ ਇੱਜ਼ਤ ਦਾ ਸਵਾਲ ਹੈ। ਜੇਕਰ ਨਹਾਉਣ ਦੀਆਂ ਅਜਿਹੀਆਂ ਤਸਵੀਰਾਂ ਬਾਜ਼ਾਰ ਵਿੱਚ ਵੇਚੀਆਂ ਜਾਂਦੀਆਂ ਹਨ, ਤਾਂ ਇਸ ਨਾਲ ਔਰਤਾਂ ਦੀ ਬਦਨਾਮੀ ਹੋਵੇਗੀ।''
''ਅਜਿਹੇ ਧਾਰਮਿਕ ਸਮਾਗਮਾਂ ਵਿੱਚ ਇਹ ਸਭ ਨਹੀਂ ਹੋਣਾ ਚਾਹੀਦਾ। ਜੇਕਰ ਔਰਤਾਂ ਇਨ੍ਹਾਂ ਥਾਵਾਂ 'ਤੇ ਵੀ ਸੁਰੱਖਿਅਤ ਨਹੀਂ ਹਨ, ਤਾਂ ਫਿਰ ਅਸੀਂ ਹੋਰ ਥਾਵਾਂ ਬਾਰੇ ਤਾਂ ਕੀ ਕਹਿ ਸਕਦੇ ਹਾਂ।"

ਤਸਵੀਰ ਸਰੋਤ, Getty Images
ਰਾਜਕੋਟ ਦਾ ਮਾਮਲਾ ਕੀ ਹੈ?
ਗੁਜਰਾਤ ਦੇ ਰਾਜਕੋਟ ਦੇ ਇੱਕ ਕਲੀਨਿਕ ਵਿੱਚ ਜਾਂਚ ਲਈ ਗਈਆਂ ਮਹਿਲਾ ਮਰੀਜ਼ਾਂ ਦੇਵ ਵੀਡੀਓ ਲੀਕ ਕੀਤੇ ਜਾ ਰਹੇ ਸਨ। ਇਹ ਵੀਡੀਓ ਯੂਟਿਊਬ 'ਤੇ ਅਪਲੋਡ ਕੀਤੇ ਗਏ ਸਨ ਅਤੇ ਟੈਲੀਗ੍ਰਾਮ 'ਤੇ ਵੇਚੇ ਜਾ ਰਹੇ ਸਨ।
ਗੁਜਰਾਤ ਪੁਲਿਸ ਵਿੱਚ ਸਾਈਬਰ ਕ੍ਰਾਈਮ ਦੇ ਸਹਾਇਕ ਪੁਲਿਸ ਕਮਿਸ਼ਨਰ ਹਾਰਦਿਕ ਮਕਾਡੀਆ ਨੇ ਬੀਬੀਸੀ ਨੂੰ ਦੱਸਿਆ, "ਇੱਕ ਮੈਟਰਨਿਟੀ ਹੋਮ ਦੇ ਸੀਸੀਟੀਵੀ ਨੂੰ ਹੈਕ ਕਰਕੇ ਇਹ ਵੀਡੀਓ ਇੱਕ ਯੂਟਿਊਬ ਚੈਨਲ 'ਤੇ ਅਪਲੋਡ ਕੀਤੇ ਗਏ ਸਨ। ਇਨ੍ਹਾਂ ਵੀਡੀਓਜ਼ ਦੇ ਡਿਸਕ੍ਰਿਪਸ਼ਨ ਵਿੱਚ ਇੱਕ ਟੈਲੀਗ੍ਰਾਮ ਚੈਨਲ ਦਾ ਲਿੰਕ ਦਿੱਤਾ ਗਿਆ ਸੀ।"
ਹਾਰਦਿਕ ਮਕਾੜੀਆ ਨੇ ਇਹ ਵੀ ਦੱਸਿਆ ਕਿ ਕਿਸੇ ਨੇ ਉਨ੍ਹਾਂ ਦੇ ਸੋਸ਼ਲ ਮੀਡੀਆ ਅਕਾਊਂਟ ਨੂੰ ਐਕਸ 'ਤੇ ਟੈਗ ਕਰਕੇ ਉਸ ਅਕਾਊਂਟ ਦੀ ਜਾਂਚ ਕਰਨ ਦੀ ਬੇਨਤੀ ਕੀਤੀ ਸੀ।
ਜਦੋਂ ਉਨ੍ਹਾਂ ਨੇ ਉਸ ਵੀਡੀਓ ਦੀ ਜਾਂਚ ਕੀਤੀ ਤਾਂ ਉਨ੍ਹਾਂ ਨੇ ਵੀਡੀਓ ਵਿੱਚ ਮਰੀਜ਼ ਅਤੇ ਡਾਕਟਰ ਨੂੰ ਗੁਜਰਾਤੀ ਵਿੱਚ ਗੱਲ ਕਰਦੇ ਸੁਣਿਆ, ਜਿਸ ਤੋਂ ਬਾਅਦ ਉਨ੍ਹਾਂ ਦੀ ਟੀਮ ਨੇ ਸਾਰੀ ਜਾਣਕਾਰੀ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ।
ਉਨ੍ਹਾਂ ਅੱਗੇ ਕਿਹਾ, "ਇਸ ਮਾਮਲੇ ਵਿੱਚ ਛੇ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਇੱਕ ਵਿਅਕਤੀ ਦੀ ਭਾਲ ਅਜੇ ਵੀ ਜਾਰੀ ਹੈ। ਇਹ ਸਾਰੇ ਲੋਕ ਟੈਲੀਗ੍ਰਾਮ ਚੈਨਲਾਂ ਰਾਹੀਂ ਇੱਕ-ਦੂਜੇ ਨਾਲ ਜੁੜੇ ਹੋਏ ਸਨ। ਉਨ੍ਹਾਂ ਨੇ ਹੈਕਿੰਗ ਰਾਹੀਂ ਸਾਰੇ ਵੀਡੀਓਜ਼ ਦਾ ਨੇਕਸਸ ਬਣਾਇਆ ਸੀ।"
ਉਨ੍ਹਾਂ ਇਹ ਵੀ ਦੱਸਿਆ ਕਿ ਇਸ ਮਾਮਲੇ ਵਿੱਚ ਦੋ ਹੈਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਅਜਿਹਾ ਪਹਿਲੀ ਵਾਰ ਨਹੀਂ ਹੈ, ਇਸ ਤੋਂ ਪਹਿਲਾਂ ਵੀ ਮੁਸਲਿਮ ਔਰਤਾਂ ਨਾਲ ਸਬੰਧਤ ਔਨਲਾਈਨ ਨਿਲਾਮੀ ਵਰਗੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ।
ਅਜਿਹੇ ਮਾਮਲੇ ਪਹਿਲਾਂ ਵੀ ਸਾਹਮਣੇ ਆ ਚੁੱਕੇ ਹਨ
ਜੁਲਾਈ 2021 ਵਿੱਚ 'ਸੁੱਲੀ ਡੀਲਜ਼' ਅਤੇ 2022 ਵਿੱਚ 'ਬੁੱਲੀ ਬਾਈ' ਨਾਮਕ, ਮਹਿਲਾਵਾਂ ਦੀ ਆਨਲਾਈਨ ਬੋਲੀ ਦੀਆਂ ਘਟਨਾਵਾਂ 'ਤੇ ਬਹੁਤ ਹੰਗਾਮਾ ਹੋਇਆ ਸੀ। ਇਹ ਬੋਲੀ ਓਪਨ ਸੋਰਸ ਐਪ ਗਿਟਹਬ 'ਤੇ ਹੋ ਰਹੀ ਸੀ।
ਇਸ ਐਪ 'ਤੇ, ਮੁਸਲਿਮ ਔਰਤਾਂ ਦੀਆਂ ਤਸਵੀਰਾਂ ਨੂੰ ਉਨ੍ਹਾਂ ਦੀ ਇਜਾਜ਼ਤ ਤੋਂ ਬਿਨਾਂ ਮੋਰਫ ਕਰਕੇ (ਆਪਣੇ ਹਿਸਾਬ ਨਾਲ ਬਦਲ ਕੇ) ਆਨਲਾਈਨ ਪੋਸਟ ਕੀਤਾ ਜਾ ਰਿਹਾ ਸੀ।
'ਸੁੱਲੀ ਡੀਲਜ਼' ਮਾਮਲੇ ਵਿੱਚ ਦਿੱਲੀ ਪੁਲਿਸ ਨੇ ਮੱਧ ਪ੍ਰਦੇਸ਼ ਦੇ ਇੰਦੌਰ ਤੋਂ 25 ਸਾਲਾ ਵੈੱਬ ਡਿਜ਼ਾਈਨਰ ਓਮਕਾਰੇਸ਼ਵਰ ਠਾਕੁਰ ਨੂੰ ਗ੍ਰਿਫ਼ਤਾਰ ਕੀਤਾ ਸੀ।
ਦਿ ਹਿੰਦੂ ਦੀ ਇੱਕ ਰਿਪੋਰਟ ਦੇ ਅਨੁਸਾਰ, ਉਸ ਸਮੇਂ ਓਂਕਾਰੇਸ਼ਵਰ ਠਾਕੁਰ ਨੇ ਮੰਨਿਆ ਸੀ ਕਿ ਉਸਨੇ ਇਹ ਐਪ ਮੁਸਲਿਮ ਔਰਤਾਂ ਨੂੰ ਪ੍ਰਤਾੜਿਤ ਕਰਨ ਲਈ ਬਣਾਈ ਸੀ। ਠਾਕੁਰ ਨੇ ਇਹ ਵੀ ਦੱਸਿਆ ਸੀ ਕਿ ਉਹ ਐਕਸ (ਉਸ ਸਮੇਂ ਟਵਿੱਟਰ) 'ਤੇ ਇੱਕ ਸਮੂਹ ਦਾ ਹਿੱਸਾ ਸੀ, ਜੋ ਮੁਸਲਿਮ ਔਰਤਾਂ ਨੂੰ ਟ੍ਰੋਲ ਕਰਦਾ ਸੀ।
ਜਦਕਿ ਬੁੱਲੀ ਬਾਈ ਐਪ ਮਾਮਲੇ ਵਿੱਚ, ਮੁੰਬਈ ਪੁਲਿਸ ਨੇ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ। ਇਨ੍ਹਾਂ ਵਿੱਚੋਂ ਦੋ ਲੋਕ ਉੱਤਰਾਖੰਡ ਦੇ ਸਨ ਅਤੇ ਇੱਕ ਨੌਜਵਾਨ ਨੂੰ ਬੈਂਗਲੁਰੂ ਤੋਂ ਹਿਰਾਸਤ ਵਿੱਚ ਲਿਆ ਗਿਆ ਸੀ।
ਪਰ ਮਾਰਚ 2022 ਵਿੱਚ, ਦਿੱਲੀ ਦੀ ਇੱਕ ਅਦਾਲਤ ਨੇ ਇਨ੍ਹਾਂ ਦੋਵਾਂ ਮਾਮਲਿਆਂ ਦੇ ਮੁਲਜ਼ਮਾਂ ਨੂੰ ਮਨੁੱਖੀ ਆਧਾਰ 'ਤੇ ਜ਼ਮਾਨਤ ਦੇ ਦਿੱਤੀ ਸੀ।

ਤਸਵੀਰ ਸਰੋਤ, Social Media
ਮਾਨਸਿਕਤਾ 'ਤੇ ਸਵਾਲ
ਮਹਾਂਕੁੰਭ ਅਤੇ ਗੁਜਰਾਤ ਦੀਆਂ ਘਟਨਾਵਾਂ ਨੇ ਕਈ ਗੰਭੀਰ ਸਵਾਲ ਖੜ੍ਹੇ ਕੀਤੇ ਹਨ।
ਸੀਨੀਅਰ ਮਨੋਵਿਗਿਆਨੀ ਡਾਕਟਰ ਨਿਮਿਸ਼ ਜੀ ਦੇਸਾਈ ਬੀਬੀਸੀ ਨਾਲ ਗੱਲ ਕਰਦੇ ਹੋਏ ਕਹਿੰਦੇ ਹਨ ਕਿ "ਸਮੇਂ ਦੇ ਨਾਲ-ਨਾਲ ਜੈਂਡਰ ਰੋਲਜ਼ ਸਮਾਜ ਵਿੱਚ ਆਪਣੀਆਂ ਜੜ੍ਹਾਂ ਹੋਰ ਮਜ਼ਬੂਤੀ ਨਾਲ ਫੈਲਾ ਰਹੇ ਹਨ, ਜਿਸ ਕਾਰਨ ਮਰਦਾਂ ਦੀ ਔਰਤਾਂ 'ਤੇ ਹਾਵੀ ਹੋਣ ਦੀ ਸੋਚ ਨੂੰ ਹੁਲਾਰਾ ਮਿਲ ਰਿਹਾ ਹੈ।"
ਉਨ੍ਹਾਂ ਕਿਹਾ, "ਆਧੁਨਿਕ ਤਕਨੀਕ ਦੀ ਮਦਦ ਨਾਲ, ਉਹ ਆਪਣੀ ਇਸ ਸੋਚ ਨੂੰ ਸੌਖਿਆਂ ਹੀ ਅੰਜਾਮ ਦੇ ਪਾ ਰਹੇ ਹਨ ਅਤੇ ਕਿਤੇ ਨਾ ਕਿਤੇ ਅਜਿਹੀਆਂ ਘਟਨਾਵਾਂ ਪਿਛਲਾ ਕਾਰਨ ਸਿਰਫ਼ ਪੈਸਾ ਕਮਾਉਣਾ ਵੀ ਹੈ।"
ਡਾਕਟਰ ਦੇਸਾਈ ਨੇ ਇਹ ਵੀ ਕਿਹਾ ਕਿ ਇਸ ਤਰ੍ਹਾਂ ਦੇ ਅਪਰਾਧ ਲਈ ਕੋਈ ਸਖ਼ਤ ਕਾਨੂੰਨ ਨਹੀਂ ਹਨ, ਜਿਸ ਕਾਰਨ ਲੋਕਾਂ ਨੂੰ ਡਰ ਨਹੀਂ ਹੈ।
ਇਸ ਮਾਮਲੇ 'ਤੇ ਮਨੋਵਿਗਿਆਨੀ ਕਰਿਸ਼ਮਾ ਮਹਿਰਾ ਕਹਿੰਦੇ ਹਨ, "ਸਮਾਜ ਵਿੱਚ ਜੈਂਡਰ ਰੋਲਜ਼ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਜਿਸ ਕਾਰਨ ਔਰਤ ਨੂੰ ਇੱਕ ਵਸਤੂ ਵਜੋਂ ਦੇਖਿਆ ਜਾਂਦਾ ਹੈ। ਇਸ ਮਾਨਸਿਕਤਾ ਨਾਲ, ਮਰਦ ਔਰਤਾਂ ਨਾਲ ਆਪਣੇ ਵਿਵਹਾਰ ਨੂੰ ਸਹੀ ਸਮਝਦੇ ਹਨ ਅਤੇ ਮਰਦਾਂ ਦੇ ਇਸ ਵਿਵਹਾਰ ਨੂੰ ਸਮਾਜ ਵਿੱਚ ਵੀ ਗਲਤ ਨਹੀਂ ਮੰਨਿਆ ਜਾਂਦਾ।"
ਉਹ ਕਹਿੰਦੇ ਹਨ ਕਿ "ਕਈ ਵਾਰ ਮਰਦਾਂ ਦੀਆਂ ਹਰਕਤਾਂ ਲਈ ਔਰਤਾਂ ਨੂੰ ਦੋਸ਼ੀ ਠਹਿਰਾਇਆ ਜਾਂਦਾ ਹੈ, ਜਿਸ ਕਾਰਨ ਮਰਦ ਅੰਦਰ ਔਰਤਾਂ ਪ੍ਰਤੀ ਸੰਵੇਦਨਸ਼ੀਲਤਾ ਪੈਦਾ ਹੀ ਨਹੀਂ ਹੋ ਪਾਉਂਦੀ।''

ਤਸਵੀਰ ਸਰੋਤ, Getty Images
ਟੈਲੀਗ੍ਰਾਮ 'ਤੇ ਸ਼ੱਕੀ ਗਤੀਵਿਧੀਆਂ ਦਾ ਕਾਰਨ ਕੀ ਹੈ?
ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ ਦੇ ਮੁਕਾਬਲੇ ਟੈਲੀਗ੍ਰਾਮ 'ਤੇ ਅਜਿਹੀਆਂ ਗੈਰ-ਕਾਨੂੰਨੀ ਗਤੀਵਿਧੀਆਂ ਜ਼ਿਆਦਾ ਕਿਉਂ ਹਨ?
ਇਸ ਸਵਾਲ 'ਤੇ, ਸਾਈਬਰ ਸੁਰੱਖਿਆ ਮਾਹਿਰ ਸ਼ੁਭਮ ਸਿੰਘ ਕਹਿੰਦੇ ਹਨ, "ਟੈਲੀਗ੍ਰਾਮ ਵਿੱਚ ਐਂਡ-ਟੂ-ਐਂਡ ਇਨਕ੍ਰਿਪਸ਼ਨ ਹੈ, ਜਿਸ ਕਾਰਨ ਸਰਕਾਰ ਲਈ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਟਰੈਕ ਕਰਨਾ ਮੁਸ਼ਕਲ ਹੋ ਜਾਂਦਾ ਹੈ। ਵੱਟਸਐਪ ਅਤੇ ਫੇਸਬੁੱਕ ਵਰਗੇ ਹੋਰ ਪਲੇਟਫਾਰਮਾਂ ਦੇ ਮੁਕਾਬਲੇ, ਟੈਲੀਗ੍ਰਾਮ 'ਤੇ ਵੱਡੇ ਸਮੂਹਾਂ ਨੂੰ ਘੱਟ ਨਿਗਰਾਨੀ ਵਿੱਚ ਆਸਾਨੀ ਨਾਲ ਚਲਾਉਣ ਦੀ ਆਗਿਆ ਹੈ।"
"ਟੈਲੀਗ੍ਰਾਮ ਉਪਭੋਗਤਾਵਾਂ ਲਈ ਅਕਾਉਂਟ ਬਣਾਉਣਾ ਬਹੁਤ ਸੌਖਾ ਹੈ ਅਤੇ ਇਸਨੂੰ ਆਸਾਨੀ ਨਾਲ ਮਿਟਾਇਆ ਵੀ ਜਾ ਸਕਦਾ ਹੈ, ਜਿਸ ਕਾਰਨ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਲਈ ਅਪਰਾਧੀਆਂ ਨੂੰ ਟਰੈਕ ਕਰਨਾ ਮੁਸ਼ਕਲ ਹੋ ਜਾਂਦਾ ਹੈ। ਬਹੁਤ ਸਾਰੇ ਗੈਰ-ਕਾਨੂੰਨੀ ਬਾਜ਼ਾਰ, ਧੋਖਾਧੜੀ ਨੈੱਟਵਰਕ ਅਤੇ ਕੱਟੜਪੰਥੀ ਸਮੂਹ ਇਸ 'ਤੇ ਸਰਗਰਮ ਹਨ।"
ਸ਼ੁਭਮ ਸਿੰਘ ਨੇ ਇਹ ਵੀ ਦੱਸਿਆ ਕਿ ਟੈਲੀਗ੍ਰਾਮ ਸਰਕਾਰ ਨਾਲ ਬਹੁਤ ਸੀਮਤ ਤਰੀਕੇ ਨਾਲ ਸਹਿਯੋਗ ਕਰਦਾ ਹੈ ਅਤੇ ਅਕਸਰ ਉਪਭੋਗਤਾ ਦੀ ਗੋਪਨੀਯਤਾ ਦਾ ਹਵਾਲਾ ਦਿੰਦੇ ਹੋਏ ਡੇਟਾ ਸਾਂਝਾ ਕਰਨ ਦੀਆਂ ਬੇਨਤੀਆਂ ਦਾ ਵਿਰੋਧ ਕਰਦਾ ਹੈ।
ਸ਼ੁਭਮ ਕਹਿੰਦੇ ਹਨ, "ਗੈਰ-ਕਾਨੂੰਨੀ ਸਮੱਗਰੀ ਵਿਰੁੱਧ ਸਖ਼ਤ ਕਾਨੂੰਨ ਹੋਣੇ ਚਾਹੀਦੇ ਹਨ। ਇਨ੍ਹਾਂ ਚੀਜ਼ਾਂ ਤੋਂ ਬਚਾਅ ਲਈ ਜਾਗਰੂਕਤਾ ਮੁਹਿੰਮਾਂ ਚਲਾਈਆਂ ਜਾਣੀਆਂ ਚਾਹੀਦੀਆਂ ਹਨ।''
''ਟੈਲੀਗ੍ਰਾਮ ਨੂੰ ਇਸ ਨੂੰ ਰੋਕਣ ਲਈ ਬਿਹਤਰ ਤਰੀਕੇ ਨਾਲ ਨਿਗਰਾਨੀ ਵੀ ਕਰਨੀ ਚਾਹੀਦੀ ਹੈ। ਟੈਲੀਗ੍ਰਾਮ ਦੁਬਈ ਤੋਂ ਕੰਮ ਕਰਦਾ ਹੈ, ਜਿਸ ਕਾਰਨ ਯੂਰਪੀਅਨ ਯੂਨੀਅਨ ਜਾਂ ਅਮਰੀਕਾ ਦੀਆਂ ਨੀਤੀਆਂ ਇਸ ਐਪ 'ਤੇ ਲਾਗੂ ਨਹੀਂ ਹੁੰਦੀਆਂ। ਇਸ ਤੋਂ ਇਲਾਵਾ, ਟੈਲੀਗ੍ਰਾਮ 'ਤੇ ਲੱਖਾਂ ਸਮੂਹ ਅਤੇ ਚੈਨਲ ਹਨ, ਜਿਨ੍ਹਾਂ ਦੀ ਨਿਗਰਾਨੀ ਕਰਨਾ ਲਗਭਗ ਅਸੰਭਵ ਹੈ।"

ਤਸਵੀਰ ਸਰੋਤ, Getty Images
ਕਾਨੂੰਨ ਵਿੱਚ ਕੀ ਪ੍ਰਬੰਧ ਹਨ?
ਵਕੀਲ ਰਾਧਿਕਾ ਥਾਪਰ ਨੇ ਬੀਬੀਸੀ ਨੂੰ ਦੱਸਿਆ, "ਭਾਰਤੀ ਨਿਆਂ ਸੰਹਿਤਾ ਵਿੱਚ ਇੱਕ ਧਾਰਾ 509 ਹੈ। ਇਸ ਦੇ ਤਹਿਤ, ਕਿਸੇ ਔਰਤ ਦੀ ਨਿੱਜਤਾ ਦੀ ਉਲੰਘਣਾ ਕਰਨ ਦੇ ਇਰਾਦੇ ਨਾਲ ਕੀਤੇ ਗਏ ਅਪਰਾਧ ਲਈ ਤਿੰਨ ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਧਾਰਾ 509 ਦੇ ਅਨੁਸਾਰ, ਜੇਕਰ ਤੁਸੀਂ ਕਿਸੇ ਔਰਤ ਨੂੰ ਆਬਜੈਕਟੀਫਾਈ ਕਰਦੇ ਹੋ, ਤਾਂ ਇਹ ਅਪਰਾਧ ਦੀ ਸ਼੍ਰੇਣੀ ਵਿੱਚ ਆਉਂਦਾ ਹੈ। ਕਿਉਂਕਿ ਸੋਸ਼ਲ ਮੀਡੀਆ ਦੀ ਬਹੁਤ ਜ਼ਿਆਦਾ ਵਰਤੋਂ ਹੋ ਰਹੀ ਹੈ, ਇਸ ਲਈ ਆਈਟੀ ਐਕਟ ਦੀ ਵੀ ਇੱਕ ਭੂਮਿਕਾ ਹੈ।"
ਉਨ੍ਹਾਂ ਕਿਹਾ, "ਜੇਕਰ ਕੋਈ ਅਸ਼ਲੀਲ ਸਮੱਗਰੀ ਪ੍ਰਕਾਸ਼ਿਤ ਜਾਂ ਪ੍ਰਸਾਰਿਤ ਕਰਦਾ ਹੈ, ਤਾਂ ਆਈਟੀ ਐਕਟ ਦੀ ਧਾਰਾ 67 ਦੇ ਤਹਿਤ ਸਜ਼ਾ ਦੀ ਵਿਵਸਥਾ ਹੈ। ਧਾਰਾ 67 ਅਤੇ 67ਏ ਦੋ ਧਾਰਾਵਾਂ ਹਨ, ਜਿਨ੍ਹਾਂ ਕਾਰਨ ਅਜਿਹੀ ਸਮੱਗਰੀ ਪ੍ਰਕਾਸ਼ਿਤ ਨਹੀਂ ਕੀਤੀ ਜਾ ਸਕਦੀ। ਇਹ ਸਿਰਫ਼ ਔਰਤਾਂ ਦੇ ਮਾਮਲੇ ਵਿੱਚ ਹੀ ਨਹੀਂ, ਸਗੋਂ ਬੱਚਿਆਂ ਅਤੇ ਹੋਰਾਂ ਦੇ ਮਾਮਲਿਆਂ ਵਿੱਚ ਵੀ ਹੈ।"

ਤਸਵੀਰ ਸਰੋਤ, Getty Images
ਕੀ ਇਹ ਕਾਨੂੰਨ ਔਰਤਾਂ ਵਿਰੁੱਧ ਅਪਰਾਧਾਂ ਨੂੰ ਰੋਕਣ ਲਈ ਕਾਫ਼ੀ ਹਨ?
ਰਾਧਿਕਾ ਕਹਿੰਦੇ ਹਨ ਕਿ "ਤਕਨੀਕ ਅੱਗੇ ਵਧ ਰਹੀ ਹੈ। ਸਾਡੇ ਕੋਲ ਅਜਿਹਾ ਪ੍ਰਬੰਧ ਹੈ ਜਿਸ ਦੇ ਤਹਿਤ ਕਾਰਵਾਈ ਕੀਤੀ ਜਾ ਸਕਦੀ ਹੈ। ਜਿੱਥੇ ਮਹਾਂਕੁੰਭ ਵਰਗੇ ਸਮਾਗਮ ਹੁੰਦੇ ਹਨ, ਉੱਥੇ ਔਰਤਾਂ ਦੀ ਸੁਰੱਖਿਆ ਲਈ ਵੱਖਰੇ ਪ੍ਰਬੰਧ ਕਰਨ ਦੀ ਲੋੜ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












