ਪੁਲਿਸ ਅਧਿਕਾਰੀ ਬਣ ਕੇ ਵਿਆਹ ਦਾ ਵਾਅਦਾ ਕਰਦਾ ਤੇ ਫਿਰ ਔਰਤਾਂ ਤੋਂ ਪੈਸੇ ਲੁੱਟ ਲੈਂਦਾ, ਜਾਣੋ ਕਿਵੇਂ ਚੜ੍ਹਿਆ ਪੁਲਿਸ ਅੜਿੱਕੇ

ਤਸਵੀਰ ਸਰੋਤ, Getty Images/Maharashtra Police
- ਲੇਖਕ, ਭਾਰਗਵ ਪਾਰਿਖ
- ਰੋਲ, ਬੀਬੀਸੀ ਪੱਤਰਕਾਰ
ਕੁਝ ਦਿਨ ਪਹਿਲਾਂ, ਗੁਜਰਾਤ ਦੇ ਅਹਿਮਦਾਬਾਦ ਦੇ ਰਹਿਣ ਵਾਲੇ 26 ਸਾਲਾ ਨੌਜਵਾਨ ਹਿਮਾਂਸ਼ੂ ਪੰਚਾਲ ਨੂੰ ਪਿਛਲੇ ਸ਼ੁੱਕਰਵਾਰ ਨੂੰ ਮੁੰਬਈ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ।
ਹਿਮਾਂਸ਼ੂ 'ਤੇ ਇਲਜ਼ਾਮ ਹੈ ਕਿ ਉਸ ਨੇ ਇੱਕ ਕੁੜੀ ਨੂੰ ਵਿਆਹ ਕਰਾਉਣ ਦਾ ਝੂਠਾ ਵਾਅਦਾ ਕਰਕੇ ਉਸ ਤੋਂ ਪੈਸੇ ਲੁੱਟ ਲਏ। ਹਿਮਾਂਸ਼ੂ ਨੇ ਇੱਕ ਸਾਈਬਰ ਸੁਰੱਖਿਆ ਅਧਿਕਾਰੀ ਵਜੋਂ ਕੁੜੀ ਤੱਕ ਪਹੁੰਚ ਕੀਤੀ ਤੇ ਫਿਰ ਉਸਦਾ ਸਰੀਰਕ ਸ਼ੋਸ਼ਣ ਕੀਤਾ ਅਤੇ ਉਸਦੇ ਪੈਸੇ ਅਤੇ ਗਹਿਣੇ ਖੋਹ ਲਏ।
ਪੁਲਿਸ ਨੇ ਜੋ ਜਾਣਕਾਰੀ ਦਿੱਤੀ ਹੈ ਉਸ ਦੇ ਅਨੁਸਾਰ, ਹਿਮਾਂਸ਼ੂ ਪੰਚਾਲ ਇੱਕ ਮੈਟਰੀਮੋਨੀਅਲ ਵੈੱਬਸਾਈਟ 'ਤੇ ਫਰਜ਼ੀ ਪ੍ਰੋਫਾਈਲ ਬਣਾ ਕੇ, ਵਿਆਹ ਕਰਵਾਉਣ ਦੀਆਂ ਚਾਹਵਾਨ ਕੁੜੀਆਂ ਨੂੰ ਧੋਖਾ ਦੇ ਰਿਹਾ ਸੀ।
ਪੁਲਿਸ ਅਨੁਸਾਰ, ਹਿਮਾਂਸ਼ੂ ਤਕਨੀਕ ਦੀ ਵਰਤੋਂ ਕਰਕੇ ਕੁੜੀਆਂ ਨੂੰ ਧੋਖਾ ਦੇ ਰਿਹਾ ਸੀ। ਪਰ ਹਿਮਾਂਸ਼ੂ ਨੂੰ ਮੁੰਬਈ ਦੀ ਇੱਕ ਕੁੜੀ ਨਾਲ ਅਜਿਹਾ ਕਰਨਾ ਮਹਿੰਗਾ ਪਿਆ। ਹਿਮਾਂਸ਼ੂ ਨੇ ਕਥਿਤ ਤੌਰ 'ਤੇ ਕੁੜੀ ਦਾ ਸਰੀਰਕ ਸ਼ੋਸ਼ਣ ਕੀਤਾ ਅਤੇ ਵਿਆਹ ਦੇ ਨਾਂ 'ਤੇ ਉਸ ਤੋਂ ਪੈਸੇ ਠੱਗ ਲਏ।

ਕੁੜੀ ਨੇ ਇਸ ਮਾਮਲੇ ਵਿੱਚ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਦੇ ਤਹਿਤ ਹੀ ਮੁੰਬਈ ਪੁਲਿਸ ਨੇ ਕਾਫ਼ੀ ਕੋਸ਼ਿਸ਼ਾਂ ਤੋਂ ਬਾਅਦ ਹਿਮਾਂਸ਼ੂ ਨੂੰ ਅਹਿਮਦਾਬਾਦ ਤੋਂ ਗ੍ਰਿਫ਼ਤਾਰ ਕਰ ਲਿਆ।
ਪੁਲਿਸ ਨੇ ਇਸ ਮਾਮਲੇ ਵਿੱਚ ਆਈਪੀਸੀ ਦੀ ਧਾਰਾ 64(2) ਅਤੇ 318(4) ਦੇ ਤਹਿਤ ਗੈਰ-ਜ਼ਮਾਨਤੀ ਅਪਰਾਧ ਦਰਜ ਕੀਤਾ ਹੈ।
ਪੁਲਿਸ ਨੂੰ ਭਰੋਸਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ, ਹਿਮਾਂਸ਼ੂ ਵੱਲੋਂ ਕਥਿਤ ਤੌਰ 'ਤੇ 'ਧੋਖਾਧੜੀ' ਦਾ ਸ਼ਿਕਾਰ ਹੋਈਆਂ ਹੋਰ ਕੁੜੀਆਂ ਵੀ ਸਾਹਮਣੇ ਆਉਣਗੀਆਂ।
ਕੀ ਸੀ ਪੂਰਾ ਮਾਮਲਾ

ਤਸਵੀਰ ਸਰੋਤ, Getty Images
ਕੁਝ ਦਿਨ ਪਹਿਲਾਂ, ਵਰਸ਼ਾ ਪਾਟਿਲ (ਬਦਲਿਆ ਹੋਇਆ ਨਾਮ) ਨੇ ਮੁੰਬਈ ਦੇ ਵਾਲਿਵ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ।
ਮੁੰਬਈ ਦੇ ਵਸਈ ਵਿੱਚ ਰਹਿਣ ਵਾਲੀ ਵਰਸ਼ਾ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ, "ਕੁਝ ਸਮਾਂ ਪਹਿਲਾਂ ਮੈਂ ਇੱਕ ਮੈਟਰੀਮੋਨੀਅਲ ਵੈੱਬਸਾਈਟ 'ਤੇ ਆਪਣੀ ਜਾਣਕਾਰੀ ਅਪਲੋਡ ਕੀਤੀ ਸੀ। ਇੱਕ ਦਿਨ, ਹਿਮਾਂਸ਼ੂ ਪੰਚਾਲ ਨਾਮ ਦੇ ਇੱਕ ਨੌਜਵਾਨ ਨੇ ਗੱਲਬਾਤ ਅੱਗੇ ਤੋਰਨ ਲਈ ਮੈਨੂੰ ਇੱਕ ਈਮੇਲ ਭੇਜਿਆ ਅਤੇ ਦਾਅਵਾ ਕੀਤਾ ਕਿ ਉਹ ਭਾਰਤ ਸਰਕਾਰ ਵਿੱਚ ਸਾਈਬਰ ਸੁਰੱਖਿਆ ਮਾਹਰ ਵਜੋਂ ਕੰਮ ਕਰ ਰਿਹਾ ਹੈ। ਮੈਂ ਉਸ ਤੋਂ ਉਸ ਦੀ ਆਈਡੀ ਮੰਗੀ ਅਤੇ ਉਸ ਨੇ ਜੋ ਕਿਹਾ ਉਸ ਦੇ ਆਧਾਰ 'ਤੇ, ਮੈਂ ਉਸ 'ਤੇ ਵਿਸ਼ਵਾਸ ਕਰ ਲਿਆ।"
ਵਰਸ਼ਾ ਨੇ ਆਪਣੀ ਸ਼ਿਕਾਇਤ ਵਿੱਚ ਅੱਗੇ ਲਿਖਿਆ, "ਇਸ ਤੋਂ ਬਾਅਦ ਅਸੀਂ ਇੱਕ-ਦੂਜੇ ਨੂੰ ਫ਼ੋਨ ਨੰਬਰ ਦਿੱਤੇ, ਉਹ ਅਕਸਰ ਮੁੰਬਈ ਆਉਂਦਾ ਰਹਿੰਦਾ ਸੀ। ਉਸਨੇ ਮੇਰਾ ਵਿਸ਼ਵਾਸ ਜਿੱਤਣ ਲਈ ਮੈਨੂੰ ਹੀਰੇ ਦੇ ਗਹਿਣੇ ਵੀ ਤੋਹਫ਼ੇ ਵਜੋਂ ਦਿੱਤੇ।"

ਤਸਵੀਰ ਸਰੋਤ, Getty Images
ਉਨ੍ਹਾਂ ਅੱਗੇ ਦੱਸਿਆ, "ਅਸੀਂ ਵਿਆਹ ਲਈ ਵੱਖ-ਵੱਖ ਰਿਜ਼ੋਰਟ ਅਤੇ ਹੋਟਲ ਦੇਖਣੇ ਸ਼ੁਰੂ ਕਰ ਦਿੱਤੇ। ਮੇਰਾ ਵਿਸ਼ਵਾਸ ਜਿੱਤਣ ਤੋਂ ਬਾਅਦ, ਉਸ ਨੇ ਮੈਨੂੰ ਦੱਸਿਆ ਕਿ ਅਸੀਂ ਛੇਤੀ ਹੀ ਵਿਆਹ ਕਰਨ ਜਾ ਰਹੇ ਹਾਂ ਅਤੇ ਫਿਰ ਮੇਰੀ ਮਰਜ਼ੀ ਦੇ ਵਿਰੁੱਧ ਮੇਰੇ ਨਾਲ ਸਰੀਰਕ ਸਬੰਧ ਬਣਾਉਣੇ ਸ਼ੁਰੂ ਕਰ ਦਿੱਤੇ।''
''ਕੁਝ ਸਮਾਂ ਬਾਅਦ, ਉਸ ਨੇ ਕਿਹਾ ਕਿ ਉਸ ਨੂੰ ਪਰਿਵਾਰਕ ਕਾਰਨਾਂ ਕਰਕੇ ਪੈਸਿਆਂ ਦੀ ਲੋੜ ਹੈ ਅਤੇ ਮੈਨੂੰ ਪੈਸੇ ਅਤੇ ਹੀਰੇ ਦੇ ਗਹਿਣੇ ਲਿਆਉਣ ਲਈ ਕਿਹਾ। ਉਸ ਨੇ ਵਾਅਦਾ ਕੀਤਾ ਕਿ ਉਹ ਜਲਦੀ ਹੀ ਪੈਸੇ ਮੋੜ ਦੇਵੇਗਾ ਅਤੇ ਬਦਲੇ ਵਿੱਚ, (ਵਿਸ਼ਵਾਸ ਦਿਵਾਉਣ ਲਈ) ਉਸਨੇ ਮੈਨੂੰ ਆਪਣੇ ਖਾਨਦਾਨੀ ਹੀਰੇ ਦੇ ਗਹਿਣੇ ਲਿਆ ਕੇ ਦੇ ਦਿੱਤੇ। ਪਿਆਰ ਵਿੱਚ ਅੰਨ੍ਹੀ ਹੋ ਕੇ, ਮੈਂ ਵੀ ਵਿਆਜ 'ਤੇ ਪੈਸੇ ਉਧਾਰ ਲਏ ਅਤੇ ਉਸ ਨੂੰ ਵੱਡੀ ਰਕਮ ਦੇ ਦਿੱਤੀ।"
ਵਰਸ਼ਾ ਦੀ ਸ਼ਿਕਾਇਤ ਹੈ ਕਿ ਪੈਸੇ ਲੈਣ ਤੋਂ ਬਾਅਦ, ਹਿਮਾਂਸ਼ੂ ਦਾ ਫ਼ੋਨ ਬੰਦ ਹੋ ਗਿਆ। ਵਾਰ-ਵਾਰ ਕੋਸ਼ਿਸ਼ ਕਰਨ ਦੇ ਬਾਵਜੂਦ, ਉਹ ਉਸ ਨਾਲ ਸੰਪਰਕ ਨਹੀਂ ਕਰ ਸਕੀ। ਫਿਰ ਵਰਸ਼ਾ ਨੇ ਹੀਰਿਆਂ ਦੇ ਗਹਿਣਿਆਂ ਦੀ ਜਾਂਚ ਕਰਾਉਣ ਬਾਰੇ ਸੋਚਿਆ ਕਿ ਕਿਤੇ ਉਹ ਨਕਲੀ ਤਾਂ ਨਹੀਂ, ਉਸ ਦਾ ਸ਼ੱਕ ਸਹੀ ਨਿਕਲੀਆਂ, ਉਹ ਹੀਰੇ ਨਕਲੀ ਸਨ।
ਆਖਿਰ ਵਰਸ਼ਾ ਨੂੰ ਅਹਿਸਾਸ ਹੋ ਗਿਆ ਕਿ ਉਸ ਨਾਲ ਧੋਖਾ ਹੋਇਆ ਹੈ। ਫਿਰ ਉਸਨੇ ਹਿਮਾਂਸ਼ੂ ਖ਼ਿਲਾਫ਼ ਵਾਲਿਵ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ।
ਮੁੰਬਈ ਪੁਲਿਸ ਨੇ ਹਿਮਾਂਸ਼ੂ ਨੂੰ ਕਿਵੇਂ ਲੱਭਿਆ
ਬੀਬੀਸੀ ਨਾਲ ਗੱਲ ਕਰਦੇ ਹੋਏ, ਵਾਲਿਵ ਪੁਲਿਸ ਸਟੇਸ਼ਨ ਦੇ ਜਾਂਚ ਅਧਿਕਾਰੀ ਵਿਸ਼ਵਰਾਓ ਬਾਬਰ ਨੇ ਵਰਸ਼ਾ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਦਾ ਵਿਸਥਾਰਪੂਰਵਕ ਵੇਰਵਾ ਦਿੱਤਾ।
ਉਨ੍ਹਾਂ ਦੱਸਿਆ, "ਜਦੋਂ ਸਾਨੂੰ ਸ਼ਿਕਾਇਤ ਮਿਲੀ, ਤਾਂ ਅਸੀਂ ਪਹਿਲਾਂ ਤਕਨੀਕੀ ਵਿਸ਼ਲੇਸ਼ਣ ਕੀਤਾ। ਫਿਰ ਸਾਨੂੰ ਪਤਾ ਲੱਗਾ ਕਿ ਹਿਮਾਂਸ਼ੂ ਦਾ ਫ਼ੋਨ ਨੰਬਰ ਬੰਦ ਸੀ। ਉਸ ਦੇ ਕਾਲ ਡਿਟੇਲ ਰਿਕਾਰਡ ਵਿੱਚ ਵੀ ਕੋਈ ਜਾਣਕਾਰੀ ਨਹੀਂ ਸੀ।''
''ਉਸ ਦੀ ਵੱਟਸਐਪ ਆਈਡੀ 'ਤੇ ਦਿੱਲੀ ਦਾ ਸਾਈਬਰ ਸੁਰੱਖਿਆ ਅਧਿਕਾਰੀ ਲਿਖਿਆ ਹੋਇਆ ਸੀ। ਥੋੜ੍ਹੀ ਜਿਹੀ ਜਾਂਚ ਤੋਂ ਬਾਅਦ, ਅਸੀਂ ਇਹ ਸਮਝ ਗਏ ਕਿ ਇਹ ਆਦਮੀ ਤਕਨੀਕੀ ਤੌਰ 'ਤੇ ਮਾਹਰ ਹੋਵੇਗਾ।"
ਬਾਬਰ ਕਹਿੰਦੇ ਹਨ, "ਫਿਰ ਅਸੀਂ ਆਪਣੀ ਜਾਂਚ ਦੀ ਦਿਸ਼ਾ ਬਦਲ ਦਿੱਤੀ ਅਤੇ ਮੈਟਰੀਮੋਨੀਅਲ ਸਾਈਟ ਤੋਂ ਉਸ ਦੀ ਫੋਟੋ ਲਈ। ਜਦੋਂ ਅਸੀਂ ਮੈਟਰੀਮੋਨੀਅਲ ਵੈੱਬਸਾਈਟ 'ਤੇ ਚੈਟਿੰਗ ਦੀ ਜਾਂਚ ਕੀਤੀ, ਤਾਂ ਸਾਨੂੰ ਪਤਾ ਲੱਗਾ ਕਿ ਚੈਟਿੰਗ ਚਾਰ ਵੱਖ-ਵੱਖ ਆਈਪੀ ਪਤਿਆਂ ਤੋਂ ਕੀਤੀ ਗਈ ਸੀ।''
''ਥੋੜ੍ਹੀ ਹੋਰ ਜਾਂਚ ਕਰਨ 'ਤੇ, ਸਾਨੂੰ ਪਤਾ ਲੱਗਾ ਕਿ ਇਹ ਅਹਿਮਦਾਬਾਦ ਦਾ ਪਤਾ ਸੀ। ਇਸ ਜਾਣਕਾਰੀ ਤੋਂ, ਸਾਨੂੰ ਪਤਾ ਲੱਗਾ ਕਿ ਉਹ ਅਹਿਮਦਾਬਾਦ ਦੇ ਫੋਨ ਨੰਬਰ ਕਿੱਥੋਂ ਜਾਰੀ ਕੀਤੇ ਗਏ ਸਨ।"
ਬਾਬਰ ਕਹਿੰਦੇ ਹਨ ਕਿ ਪਤਾ ਸਿਟੀ ਸੀਮੌਰ ਅਪਾਰਟਮੈਂਟਸ ਦਾ ਸੀ, ਜੋ ਕਿ ਅਹਿਮਦਾਬਾਦ ਵਿੱਚ ਆਰਟੀਓ ਦੇ ਨੇੜੇ ਸੀ। ਉਹ ਤੁਰੰਤ ਅਹਿਮਦਾਬਾਦ ਪੁਲਿਸ ਦੀ ਮਦਦ ਨਾਲ ਮੌਕੇ 'ਤੇ ਪਹੁੰਚੇ ਅਤੇ ਮੁਲਜ਼ਮ ਨੂੰ ਉਸਦੇ ਘਰੋਂ ਗ੍ਰਿਫ਼ਤਾਰ ਕਰ ਲਿਆ ਅਤੇ ਚਾਰ ਸਿਮ ਕਾਰਡ ਅਤੇ ਇੱਕ ਮੋਬਾਈਲ ਫੋਨ ਵੀ ਜ਼ਬਤ ਕਰ ਲਿਆ ਗਿਆ।

ਪੁਲਿਸ ਵੱਲੋਂ ਦਿੱਤੇ ਗਏ ਵੇਰਵਿਆਂ ਅਨੁਸਾਰ, ਹਿਮਾਂਸ਼ੂ ਨੇ ਮੁੰਬਈ ਪੁਲਿਸ ਦੇ ਸਾਹਮਣੇ ਆਪਣੇ ਰਿਮਾਂਡ ਦੌਰਾਨ ਗੁਜਰਾਤ ਅਤੇ ਮਹਾਰਾਸ਼ਟਰ ਦੀਆਂ 15 ਕੁੜੀਆਂ ਨੂੰ ਇਸ ਤਰੀਕੇ ਨਾਲ 'ਧੋਖਾ' ਦਿੱਤਾ।
ਪੁਲਿਸ ਦਾ ਦਾਅਵਾ ਹੈ ਕਿ ਹਿਮਾਂਸ਼ੂ ਦੇ ਸਿਮ ਕਾਰਡ ਡੇਟਾ ਵਿੱਚ ਕਈ ਕੁੜੀਆਂ ਦੀਆਂ ਤਸਵੀਰਾਂ ਵੀ ਮਿਲੀਆਂ ਹਨ।
ਉਨ੍ਹਾਂ ਕਿਹਾ, "ਅਸੀਂ ਸਾਰੀਆਂ ਪੀੜਤ ਕੁੜੀਆਂ ਨਾਲ ਸੰਪਰਕ ਕੀਤਾ ਹੈ, ਪਰ ਉਨ੍ਹਾਂ ਵਿੱਚੋਂ ਕੁਝ ਸ਼ਿਕਾਇਤ ਕਰਨ ਲਈ ਅੱਗੇ ਨਹੀਂ ਆਈਆਂ, ਪਰ ਹੋਰ ਕੁੜੀਆਂ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਉਨ੍ਹਾਂ ਦੀ ਜਾਣਕਾਰੀ ਗੁਪਤ ਰੱਖੀ ਜਾਵੇਗੀ, ਇਸ ਲਈ ਕੁਝ ਹੋਰ ਪੀੜਤ ਕੁੜੀਆਂ ਵੀ ਛੇਤੀ ਹੀ ਸ਼ਿਕਾਇਤ ਕਰਨ ਲਈ ਅੱਗੇ ਆਉਣਗੀਆਂ।''
''ਨਾਲ ਹੀ ਅਸੀਂ ਹਿਮਾਂਸ਼ੂ ਦੇ ਫੋਨ ਤੋਂ ਮਿਲੇ ਹੋਰ ਕੁੜੀਆਂ ਦੇ ਡੇਟਾ ਦੇ ਆਧਾਰ 'ਤੇ ਵੀ ਜਾਂਚ ਕਰ ਰਹੇ ਹਾਂ, ਜਿਸ ਦੇ ਆਧਾਰ 'ਤੇ ਅਸੀਂ ਹੋਰ ਪੀੜਤਾਂ ਨੂੰ ਵੀ ਇਨਸਾਫ਼ ਦਿਵਾ ਸਕਾਂਗੇ।''

ਤਸਵੀਰ ਸਰੋਤ, Maharashtra Police
ਹਿਮਾਂਸ਼ੂ ਦੇ ਗੁਆਂਢੀਆਂ ਨੇ ਕੀ ਦੱਸਿਆ
ਸਿਟੀ ਸੀਮੌਰ ਅਪਾਰਟਮੈਂਟਸ ਵਿੱਚ ਰਹਿਣ ਵਾਲੇ ਜੈਵਦਨ ਮਿਸਤਰੀ ਨੇ ਬੀਬੀਸੀ ਗੁਜਰਾਤੀ ਨਾਲ ਗੱਲਬਾਤ ਕੀਤੀ ਹੈ। ਇਸ ਦੌਰਾਨ ਉਨ੍ਹਾਂ ਹਿਮਾਂਸ਼ੂ ਅਤੇ ਉਸਦੇ ਘਰ ਬਾਰੇ ਹੋਰ ਜਾਣਕਾਰੀ ਦਿੱਤੀ ਹੈ।
ਉਨ੍ਹਾਂ ਕਿਹਾ, "ਕੋਰੋਨਾ ਤੋਂ ਪਹਿਲਾਂ, ਹਿਮਾਂਸ਼ੂ ਕੋਲ ਚੰਗੇ ਕੱਪੜੇ ਨਹੀਂ ਸਨ, ਪਰ ਪਿਛਲੇ ਦੋ ਸਾਲਾਂ ਵਿੱਚ ਉਸ ਦੀ ਜੀਵਨ ਸ਼ੈਲੀ ਅਚਾਨਕ ਬਦਲ ਗਈ ਸੀ, ਉਸਨੇ ਮਹਿੰਗੇ ਕੱਪੜੇ ਪਾਉਣੇ ਸ਼ੁਰੂ ਕਰ ਦਿੱਤੇ, ਵੱਡੇ ਸੈਲੂਨਾਂ ਵਿੱਚ ਆਪਣੇ ਹੇਅਰ ਸਟਾਈਲ ਬਣਵਾਉਣ ਲੱਗ ਪਿਆ ਅਤੇ ਉਸ ਕੋਲ ਮਹਿੰਗੇ ਫੋਨ ਵੀ ਹੁੰਦੇ ਸਨ।''
ਜੈਵਦਨ ਨੇ ਦੱਸਿਆ, "ਦੋ ਸਾਲਾਂ ਤੋਂ, ਉਸਨੇ ਸੋਸਾਇਟੀ ਦੇ ਲੋਕਾਂ ਨੂੰ ਮਿਲਣਾ-ਜੁਲਣਾ ਬੰਦ ਕਰ ਦਿੱਤਾ ਸੀ। ਕੋਰੋਨਾ ਕਾਲ ਦੌਰਾਨ, ਇੱਕ ਔਰਤ ਨੂੰ ਅਸ਼ਲੀਲ ਇਸ਼ਾਰੇ ਕਰਨ ਦੇ ਕਾਰਨ ਉਸਦਾ ਸੋਸਾਇਟੀ ਦੇ ਲੋਕਾਂ ਨਾਲ ਝਗੜਾ ਵੀ ਹੋ ਗਿਆ ਸੀ। ਉਸ ਤੋਂ ਬਾਅਦ, ਉਹ ਸੋਸਾਇਟੀ ਵਿੱਚ ਘੱਟ ਹੀ ਨਜ਼ਰ ਆਉਂਦਾ ਸੀ।''
''ਉਹ ਕਹਿੰਦਾ ਸੀ ਕਿ ਉਹ ਵੱਡੀ ਨੌਕਰੀ ਦੇ ਚੱਲਦਿਆਂ ਦਿੱਲੀ ਵਿੱਚ ਰਹਿੰਦਾ ਹੈ, ਪਰ ਕੋਈ ਨਹੀਂ ਜਾਣਦਾ ਕਿ ਉਹ ਕਿੱਥੇ ਕੰਮ ਕਰਦਾ ਹੈ।"
ਬੀਬੀਸੀ ਗੁਜਰਾਤੀ ਨੇ ਇਸ ਮਾਮਲੇ ਵਿੱਚ ਹਿਮਾਂਸ਼ੂ ਦੇ ਪਰਿਵਾਰ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ, ਹਿਮਾਂਸ਼ੂ ਦੀ ਗ੍ਰਿਫ਼ਤਾਰੀ ਤੋਂ ਬਾਅਦ, ਪਰਿਵਾਰ ਘਰ ਛੱਡ ਰਿਹਾ ਹੈ।
ਸੋਸਾਇਟੀ ਦੇ ਜ਼ਿਆਦਾਤਰ ਲੋਕਾਂ ਨੂੰ ਇਹ ਨਹੀਂ ਪਤਾ ਕਿ ਹਿਮਾਂਸ਼ੂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
ਇਸ ਤਰ੍ਹਾਂ ਦੀ ਧੋਖਾਧੜੀ ਤੋਂ ਬਚਣ ਲਈ ਕੀ ਕਰਨਾ ਚਾਹੀਦਾ ਹੈ?

ਤਸਵੀਰ ਸਰੋਤ, Getty Images
ਬੀਬੀਸੀ ਨੇ ਅਹਿਮਦਾਬਾਦ ਵਿੱਚ ਮੈਰਿਜ ਬਿਊਰੋ ਚਲਾਉਣ ਵਾਲੇ ਕਲਪਨਾ ਸੇਠ ਨਾਲ ਗੱਲਬਾਤ ਕੀਤੀ।
ਉਨ੍ਹਾਂ ਕਿਹਾ ਕਿ 'ਅੱਜਕੱਲ੍ਹ ਲੋਕ ਵੈੱਬਸਾਈਟਾਂ 'ਤੇ ਪ੍ਰੋਫਾਈਲ ਦੇਖ ਕੇ ਉਲਝਣ ਵਿੱਚ ਪੈ ਜਾਂਦੇ ਹਨ ਅਤੇ ਸਾਹਮਣੇ ਵਾਲੇ ਨਾਲ ਸਿੱਧਾ ਸੰਪਰਕ ਕਰ ਲੈਂਦੇ ਹਨ।''
ਕਲਪਨਾ ਨੇ ਕਿਹਾ ਕਿ "ਅਜਿਹੇ ਮਾਮਲਿਆਂ ਨੂੰ ਰੋਕਣ ਲਈ, ਅਸੀਂ ਆਪਣੇ ਮੈਰਿਜ ਬਿਊਰੋ ਨਾਲ ਰਜਿਸਟਰ ਕਰਵਾਉਣ ਵਾਲਿਆਂ ਨੂੰ ਇੱਕ-ਦੂਜੇ ਦੇ ਸੋਸ਼ਲ ਮੀਡੀਆ ਅਕਾਊਂਟ ਚੈੱਕ ਕਰਨ ਦੀ ਸਲਾਹ ਦਿੰਦੇ ਹਾਂ।''
''ਨਾਲ ਹੀ ਇੱਕ-ਦੂਜੇ ਦੀ ਫਰੈਂਡ ਲਿਸਟ ਆਦਿ ਵੀ ਜ਼ਰੂਰ ਦੇਖਣੀ ਚਾਹੀਦੀ ਹੈ। ਅਸੀਂ ਹਰ ਮੈਂਬਰ ਨੂੰ ਸਲਾਹ ਦਿੰਦੇ ਹਾਂ ਕਿ ਉਹ ਕਿਸੇ ਵੀ ਰਿਸ਼ਤੇ ਵਿੱਚ ਆਉਣ ਤੋਂ ਪਹਿਲਾਂ ਦੂਜੇ ਵਿਅਕਤੀ ਦੇ ਪਰਿਵਾਰ ਬਾਰੇ ਜਾਣਕਾਰੀ ਪ੍ਰਾਪਤ ਕਰ ਲੈਣ, ਤਾਂ ਜੋ ਧੋਖਾਧੜੀ ਤੋਂ ਬਚਿਆ ਜਾ ਸਕੇ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












