ਪਰਵਾਸੀ ਮਜ਼ਦੂਰਾਂ ਦਾ ਪੰਜਾਬੀਕਰਨ: ਪੰਜਾਬ ਵਿੱਚ ਪੰਜਾਬੀ ਭਾਸ਼ਾ ਦੇ ਅਲੰਬਰਦਾਰ ਕਿਵੇਂ ਬਣੇ ਪਰਵਾਸੀ

ਅਸ਼ੋਕ ਪਾਠਕ

ਤਸਵੀਰ ਸਰੋਤ, Ashok Pathak/FB

ਤਸਵੀਰ ਕੈਪਸ਼ਨ, ਅਸ਼ੋਕ ਪਾਠਕ ਇੱਕ ਅਦਾਕਾਰ ਹਨ
    • ਲੇਖਕ, ਨਵਜੋਤ ਕੌਰ
    • ਰੋਲ, ਬੀਬੀਸੀ ਸਹਿਯੋਗੀ

ਪਿੱਛੇ ਪਿੱਛੇ ਰਿਜ਼ਕ ਦੇ, ਆਇਆ ਨੰਦ ਕਿਸ਼ੋਰ

ਚੱਲ ਕੇ ਦੂਰ ਬਿਹਾਰ ਤੋਂ, ਗੱਡੀ ਬੈਠ ਸਿਆਲਦਾ

ਨਾਲ ਬਥੇਰੇ ਹੋਰ,

ਰਾਮ ਕਲੀ ਵੀ ਨਾਲ ਸੀ, ਸੁਘੜ ਲੁਗਾਈ ਓਸ ਦੀ

ਲੁਧਿਆਣੇ ਦੇ ਕੋਲ ਹੀ, ਇਕ ਪਿੰਡ ਬਾਹੇਵਾਲ ਵਿਚ

ਜੜ੍ਹ ਲੱਗੀ ਤੇ ਪੁੰਗਰੀ, ਰਾਮ ਕਾਲੀ ਦੀ ਕੁੱਖ 'ਚੋਂ

ਜਨਮੀ ਬੇਟੀ ਓਸਦੀ, ਨਾਂ ਰੱਖਿਆ ਸੀ ਮਾਧੁਰੀ

ਪੰਜਾਬੀ ਦੇ ਸਿਰਮੌਰ ਸ਼ਾਇਰ ਮਰਹੂਮ ਸੁਰਜੀਤ ਪਾਤਰ ਦੀ ਕਵਿਤਾ ਦੀਆਂ ਇਹ ਸਤਰਾਂ ਪੰਜਾਬ ਵਿੱਚ ਪਰਵਾਸੀਆਂ ਦੀ ਆਮਦ ਤੇ ਉਨ੍ਹਾਂ ਦੀਆਂ ਸੂਬੇ ਵਿੱਚ ਜੜ੍ਹਾਂ ਲੱਗਣ ਦੇ ਨਾਲ-ਨਾਲ ਪੰਜਾਬੀ ਰੰਗ ਫੜਨ ਨੂੰ ਬਿਆਨ ਕਰਨ ਵਾਲੀਆਂ ਹਨ।

ਇਸ ਕਵਿਤਾ ਵਿੱਚ ਸੁਰਜੀਤ ਪਾਤਰ ਨੇ ਅੱਗੇ ਲਿਖਿਆ ਹੈ ਕਿ ਕਿਵੇਂ ਨੰਦ ਕਿਸ਼ੋਰ ਦੀ ਕੁੜੀ ਮਾਧੁਰੀ ਪੰਜਾਬੀ ਪੜ੍ਹ ਰਹੀ ਹੈ ਪਰ ਪਿੰਡ ਦੇ ਸਰਦਾਰ ਅੱਛਰ ਸਿੰਘ ਦੇ ਪੋਤਰੇ ਲੁਧਿਆਣਾ ਜਾ ਕੇ ਕੌਂਨਵੈਂਟ ਸਕੂਲ ਵਿੱਚ ਅੰਗਰੇਜ਼ੀ ਸਿੱਖ ਰਹੇ ਹਨ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਪੰਜਾਬੀਆਂ ਦੇ ਮਾਂ ਬੋਲੀ ਪ੍ਰਤੀ ਅਵੇਸਲੇਪਣ ਨੂੰ ਬਿਆਨ ਕਰਨ ਦੇ ਨਾਲ-ਨਾਲ ਸੁਰਜੀਤ ਪਾਤਰ ਨੇ ਪਰਵਾਸੀ ਮਜ਼ਦੂਰਾਂ ਦੇ ਪੰਜਾਬੀਕਰਨ ਨੂੰ ਬਹੁਤ ਹੀ ਖੂਬਸੂਰਤੀ ਨਾਲ ਉਭਾਰਿਆ ਹੈ।

ਪੰਜਾਬ ਵਿੱਚ ਖੇਤ ਅਤੇ ਸਨਅਤੀ ਮਜ਼ਦੂਰਾਂ ਵਜੋਂ ਰੋਜ਼ੀ-ਰੋਟੀ ਕਮਾਉਣ ਲਈ ਯੂਪੀ-ਬਿਹਾਰ ਅਤੇ ਹੋਰ ਸੂਬਿਆਂ ਤੋਂ ਆਉਣ ਵਾਲਿਆਂ ਨੂੰ ਪਰਵਾਸੀ ਮਜ਼ਦੂਰ ਕਿਹਾ ਜਾਂਦਾ ਹੈ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਇੱਕ ਅਧਿਐਨ ਮੁਤਾਬਕ ਪੰਜਾਬ ਵਿੱਚ ਇਨ੍ਹਾਂ ਦੀ ਆਮਦ 1977-78 ਦੌਰਾਨ ਸ਼ੁਰੂ ਹੋਈ। ਜਦੋਂ ਪੰਜਾਬ ਦਾ ਖੇਤੀ ਸੈਕਟਰ ਹਰੇ ਇਨਕਲਾਬ ਦੀ ਅੰਗੜਾਈ ਲੈ ਰਿਹਾ ਸੀ।

ਇੱਥੋਂ ਦੀ ਖੇਤੀ ਅਤੇ ਸਨਅਤ ਨੂੰ ਮਜ਼ਦੂਰਾਂ ਦੀ ਲੋੜ ਸੀ, ਜੋ ਪਰਵਾਸੀਆਂ ਨੇ ਪੂਰੀ ਕੀਤੀ। ਪੰਜਾਬ ਵਿੱਚ ਇਨ੍ਹਾਂ ਨੂੰ 'ਭਈਏ' ਕਿਹਾ ਜਾਂਦਾ ਹੈ, ਭਾਵੇਂ ਇਹ ਭਰਾ ਲਈ ਵਰਤੇ ਜਾਂਦੇ ਹਿੰਦੀ ਦੇ ਸ਼ਬਦ ਭਈਆ ਦਾ ਪੰਜਾਬੀ ਅਨੁਵਾਦ ਹੈ, ਪਰ ਇਸ ਨੂੰ ਨੈਗੇਟਿਵ ਸ਼ਬਦ ਸਮਝਿਆ ਜਾਣ ਲੱਗ ਪਿਆ ਹੈ।

ਭਾਵੇਂ ਕਿ ਪਰਵਾਸੀ ਮਜ਼ਦੂਰਾਂ ਦੀ ਪੰਜਾਬ ਵਿੱਚ ਮੌਜੂਦਗੀ ਦਾ ਕੋਈ ਤਾਜ਼ਾ ਤੇ ਪੁਖ਼ਤਾ ਅੰਕੜਾ ਮੌਜੂਦ ਨਹੀਂ ਹੈ, ਪਰ 2015 ਦੇ ਸਰਵੇਖਣ ਮੁਤਾਬਕ ਉਦੋਂ ਇਨ੍ਹਾਂ ਦੀ ਆਬਾਦੀ 37 ਲੱਖ ਦੇ ਕਰੀਬ ਸੀ।

ਕੋਵਿਡ ਦੌਰਾਨ 18 ਲੱਖ ਪਰਵਾਸੀ ਮਜ਼ਦੂਰਾਂ ਨੇ ਪੰਜਾਬ ਤੋਂ ਆਪੋ-ਆਪਣੇ ਸੂਬਿਆਂ ਨੂੰ ਵਾਪਸ ਜਾਣ ਲਈ ਰਜਿਸਟਡ ਕੀਤਾ ਸੀ।

ਪਰਵਾਸੀ ਮਜ਼ਦੂਰਾਂ ਨੇ ਸਿਰਫ਼ ਪੰਜਾਬ ਦੀ ਆਰਥਿਕਤਾ ਨੂੰ ਹੀ ਪ੍ਰਭਾਵਿਤ ਨਹੀਂ ਕੀਤਾ, ਸਗੋਂ ਇੱਥੋਂ ਦੇ ਧਾਰਮਿਕ, ਸਿਆਸੀ ਅਤੇ ਸਮਾਜਿਕ ਸੱਭਿਆਚਾਰ ਉੱਤੇ ਵੀ ਛਾਪ ਛੱਡੀ ਹੈ। ਜਿਸ ਦਾ ਪ੍ਰਗਟਾਵਾ ਪੰਜਾਬੀ ਸਾਹਿਤ, ਸੰਗੀਤ ਅਤੇ ਫਿਲਮਾਂ ਵਿੱਚ ਸਪੱਸ਼ਟ ਹੁੰਦਾ ਹੈ।

ਸਾਹਿਤ ਤੇ ਖੇਤ ਮਜ਼ਦੂਰ

ਅਰੁਣ ਪ੍ਰਕਾਸ਼ ਦੀ ਕਿਤਾਬ ਪ੍ਰਤੀਨਿਧੀ ਕਹਾਣੀਆਂ
ਤਸਵੀਰ ਕੈਪਸ਼ਨ, ਅਰੁਣ ਪ੍ਰਕਾਸ਼ ਨੇ ਆਪਣੀ ਕਿਤਾਬ 'ਪ੍ਰਤੀਨਿਧ ਕਹਾਣੀਆਂ' ਵਿਚਲੀ ''ਭਈਆ ਐਕਸਪ੍ਰੈੱਸ'' ਕਹਾਣੀ ਵਿੱਚ ਬਿਹਾਰ ਦੇ ਇੱਕ ਪਰਿਵਾਰ ਦਾ ਜ਼ਿਕਰ ਕੀਤਾ ਹੈ।

ਪੰਜਾਬ ਵਿੱਚ ਪਿਛਲੇ ਸਮੇਂ ਦੌਰਾਨ ਰਚੇ ਗਏ ਸਾਹਿਤ ਵਿੱਚ ਪਰਵਾਸੀਆਂ ਦਾ ਤਿੰਨ ਤਰੀਕੇ ਨਾਲ ਜ਼ਿਕਰ ਕੀਤਾ ਗਿਆ ਹੈ।

ਪਹਿਲੀ ਤਰ੍ਹਾਂ ਦਾ ਸਾਹਿਤ ਅਜਿਹੇ ਪਰਵਾਸੀ ਮਜ਼ਦੂਰਾਂ ਦੀ ਬਾਤ ਪਾਉਂਦਾ ਹੈ, ਜੋ ਯੂਪੀ-ਬਿਹਾਰ ਤੋਂ ਰੋਜ਼ੀ ਰੋਟੀ ਦੀ ਭਾਲ਼ ਵਿੱਚ ਆਏ, ਜੋ ਖੇਤਾਂ ਵਿੱਚ ਟਿਊਬਵੈੱਲਾਂ ਉੱਤੇ ਬਣੇ ਛੋਟੇ-ਛੋਟੇ ਕਮਰਿਆਂ ਵਿੱਚ ਕਈ-ਕਈ ਜਣੇ ਰਹਿੰਦੇ ਹਨ।

ਖੇਤੀ ਕਾਮਿਆਂ ਦੇ ਰੂਪ ਵਿੱਚ ਹਰ ਤਰ੍ਹਾਂ ਦੀਆਂ ਦੁਸ਼ਵਾਰੀਆਂ ਝੱਲਦੇ ਰਹੇ, ਕੁਝ ਵਾਪਸ ਚਲੇ ਜਾਂਦੇ ਪਰ ਕੁਝ ਨੇ ਪੰਜਾਬ ਨੂੰ ਹੀ ਆਪਣੀ ਠਾਹਰ ਬਣਾ ਲਿਆ।

ਹਿੰਦੀ ਲੇਖਕ ਅਰੁਣ ਪ੍ਰਕਾਸ਼ ਨੇ ਆਪਣੀ ਕਿਤਾਬ 'ਪ੍ਰਤੀਨਿਧ ਕਹਾਣੀਆਂ' ਵਿਚਲੀ ''ਭਈਆ ਐਕਸਪ੍ਰੈੱਸ'' ਕਹਾਣੀ ਵਿੱਚ ਬਿਹਾਰ ਦੇ ਇੱਕ ਪਰਿਵਾਰ ਦਾ ਜ਼ਿਕਰ ਕੀਤਾ ਹੈ।

ਇਹ ਕਹਾਣੀ ਜਿੱਥੇ ਪੰਜਾਬ ਦੇ 1980ਵਿਆਂ ਦੇ ਖਾੜਕੂਵਾਦ ਦੇ ਦਿਨਾਂ ਦੀ ਤਸਵੀਰ ਪੇਸ਼ ਕਰਦੀ ਹੈ, ਉੱਥੇ ਪੰਜਾਬ ਆ ਕੇ ਬਿਹਾਰ ਵਿੱਚ ਪਿੱਛੇ ਪਰਿਵਾਰ ਨਾਲ ਗੱਲ ਨਾ ਕਰ ਸਕਣ ਵਾਲੇ ਵਿਸ਼ਨੂੰਦੇਵ ਦੀ ਖੇਤ ਮਜ਼ਦੂਰ ਵਜੋਂ ਹੋਣੀ ਨੂੰ ਉਜਾਗਰ ਕਰਦੀ ਹੈ।

ਕਹਾਣੀਕਾਰ ਨੇ ਵਿਸ਼ਨੂੰਦੇਵ ਨੂੰ ਪੰਜਾਬ ਲੱਭਣ ਆਏ ਭਰਾ ਰਾਮਦੇਵ ਦੇ ਪਾਤਰ ਰਾਹੀਂ ਬਿਹਾਰ ਤੋਂ ਪੰਜਾਬ ਆ ਰਹੀ ਰੇਲ ਨੂੰ 'ਭਈਆ ਐਕਸਪ੍ਰੈਸ' ਵਜੋਂ ਪੇਸ਼ ਕੀਤਾ ਹੈ।

ਕਹਾਣੀ ਜਿੱਥੇ ਵਿਸ਼ਨੂੰਦੇਵ ਦੀ ਆਰਥਿਕ ਮੰਦਹਾਲੀ ਨੂੰ ਦਰਸਾਉਂਦੀ ਹੈ, ਉੱਥੇ ਪੰਜਾਬ ਦੇ ਗੜਬੜ ਵਾਲੇ ਹਾਲਾਤ ਵਿੱਚ ਵਿਸ਼ਨੂੰਦੇਵ ਦੀ ਮੌਤ ਰਾਹੀਂ ਆਮ ਲੋਕਾਂ ਦੇ ਹਾਲਾਤ ਬਿਆਨ ਕਰਦੀ ਹੈ।

ਕਹਾਣੀ ਵਿੱਚ ਵਿਸ਼ਨੂੰ ਦਾ ਭਰਾ ਰਾਮਦੇਵ ਜੋ ਉਸ ਨੂੰ ਪੰਜਾਬ ਲੱਭਣ ਆਉਂਦਾ ਹੈ ਅਤੇ ਉਸ ਦੇ ਪਹੁੰਚਣ ਤੋਂ ਪਹਿਲਾਂ ਵਿਸ਼ਨੂੰ ਦੀ ਮੌਤ ਹੋ ਜਾਂਦੀ, ਤਾਂ ਵੀ ਰਾਮਦੇਵ ਵਾਪਸ ਨਹੀਂ ਮੁੜਦਾ। ਉਹ ਆਪਣੇ ਟੱਬਰ ਦੀ ਗੁਰਬਤ ਦਾ ਖਿਆਲ ਕਰਕੇ ਇੱਥੇ ਹੀ ਖੇਤ ਮਜ਼ਦੂਰ ਬਣ ਜਾਂਦਾ ਹੈ।

ਪੰਜਾਬੀ ਸਾਹਿਤ ਤੇ ਕੁਦੇਸਣਾਂ

ਵੀਨਾ ਵਰਮਾ ਦਾ ਨਾਵਲ ਮੁੱਲ ਦੀ ਤੀਵੀਂ
ਤਸਵੀਰ ਕੈਪਸ਼ਨ, ਵੀਨਾ ਵਰਮਾ ਦਾ ਨਾਵਲ ਮੁੱਲ ਦੀ ਤੀਵੀਂ ਪਰਵਾਸੀ ਔਰਤਾਂ ਦੀ ਜ਼ਿੰਦਗੀ ’ਤੇ ਅਧਾਰਿਤ ਹੈ

ਪੰਜਾਬ ਵੱਸਦੇ ਪਰਵਾਸੀਆਂ ਬਾਬਤ ਦੂਜੀ ਤਰ੍ਹਾਂ ਦੇ ਸਾਹਿਤ ਵਿੱਚ ਉਨ੍ਹਾਂ ਔਰਤਾਂ ਦੀ ਗੱਲ ਕੀਤੀ ਗਈ ਹੈ, ਜਿਨ੍ਹਾਂ ਨੂੰ ਪੂਰਵਾਂਚਲ ਜਾਂ ਬੰਗਾਲ ਤੋਂ ਕਿਸੇ ਪੰਜਾਬੀ ਵੱਲੋਂ ਮੁੱਲ ਖਰੀਦ ਕੇ ਲਿਆਂਦਾ ਗਿਆ ਸੀ।

ਪੰਜਾਬ ਵਿੱਚ ਇਹ ਵੀ ਇੱਕ ਰੁਝਾਨ ਰਿਹਾ ਹੈ ਕਿ ਪਿੰਡਾਂ ਵਿੱਚ ਜਦੋਂ ਕਿਸੇ ਦਾ ਵਿਆਹ ਨਹੀਂ ਹੁੰਦਾ ਤਾਂ ਉਹ ਪੂਰਵਾਂਚਲ ਜਾਂ ਬੰਗਾਲ ਜਾ ਕੇ ਮੁੱਲ ਵਿੱਚ ਕੁੜੀਆਂ ਖਰੀਦ ਲਿਆਂਉਦੇ ਸਨ। ਕੋਈ ਉਨ੍ਹਾਂ ਨਾਲ ਪੱਕਾ ਘਰ ਵਸਾ ਲੈਂਦੇ, ਕੋਈ ਬੱਚੇ ਜੰਮ ਕੇ ਅੱਗੇ ਵੇਚ ਦਿੰਦਾ।

ਨਾਟਕਕਾਰ ਜਤਿੰਦਰ ਬਰਾੜ ਦੇ ਨਾਟਕ 'ਕੁਦੇਸਣ' ਦੀ ਮੁੱਖ ਪਾਤਰ ਕੁੜੀ ਨੂੰ ਪੁੱਤ ਜੰਮਣ ਲਈ ਬਿਹਾਰ ਤੋਂ ਖਰੀਦ ਕੇ ਲਿਆਇਆ ਜਾਂਦਾ ਹੈ। ਇਸੇ ਨਾਟਕ ਉੱਤੇ ਜੀਤ ਮਠਾਰੂ ਨੇ 2015 ਵਿੱਚ ਕੁਦੇਸਣ ਫਿਲਮ ਬਣਾਈ ਸੀ। ਇਹ ਖ਼ਰੀਦ ਕੇ ਪੰਜਾਬ ਲਿਆਂਦੀ ਪਰਵਾਸੀ ਕੁੜੀ ਦੇ ਸੰਘਰਸ਼ ਦੀ ਕਹਾਣੀ ਹੈ।

ਪੰਜਾਬੀ ਵਸੋਂ ਤੇ ਪਰਵਾਸੀ

ਸੰਕੇਤਕ ਤਸਵੀਰ
ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ

ਪੰਜਾਬ ਦੇ ਸਾਹਿਤ ਵਿੱਚ ਪਰਵਾਸੀ ਮਜ਼ਦੂਰਾਂ ਨੂੰ ਸਿਆਸੀ ਤੇ ਭੂਗੋਲਿਕ ਸੰਕਟ ਵਜੋਂ ਦੇਖਣ ਦਾ ਤੀਜਾ ਨਜ਼ਰੀਆ ਹੈ।

ਜਸਵੰਤ ਸਿੰਘ ਕੰਵਲ ਪੰਜਾਬੀ ਦੇ ਸਿਰਮੌਰ ਨਾਵਲਕਾਰ ਹੋਏ ਹਨ, ਜੋ ਅੱਜ ਵੀ ਸਭ ਤੋਂ ਵੱਧ ਪੜ੍ਹੇ ਜਾਣ ਵਾਲੇ ਲੇਖਕਾਂ ਵਿੱਚੋਂ ਹਨ।

'ਪੰਜਾਬ ਸਿਆਂ ਤੇਰਾ ਕੀ ਬਣੂ' ਕਿਤਾਬ ਵਿੱਚ ਉਹ ਪੰਜਾਬੀਆਂ ਦੇ ਪੰਜਾਬ ਛੱਡ ਕੇ ਵਿਦੇਸ਼ਾਂ ਵਿੱਚ ਜਾ ਵੱਸਣ ਅਤੇ ਉਨ੍ਹਾਂ ਦੀ ਥਾਂ ਪਰਵਾਸੀ ਮਜ਼ਦੂਰਾਂ ਦੇ ਪੰਜਾਬ ਵਿੱਚ ਵੱਸਣ ਉੱਤੇ ਚਿੰਤਾ ਜ਼ਾਹਿਰ ਕਰਦੇ ਹਨ।

ਇਹੀ ਉਹ ਨੁਕਤਾ ਹੈ ਜੋ ਪਰਵਾਸੀਆਂ ਦੀ ਵਸੋਂ ਨੂੰ ਪੰਜਾਬ ਵਿੱਚ ਸਿਆਸੀ ਮੁੱਦਾ ਬਣਾਉਂਦਾ ਹੈ। ਇਸੇ ਨੁਕਤੇ ਦੇ ਆਧਾਰ ਉੱਤੇ ਫਿਲਮਕਾਰ ਅਮਿਤੋਜ ਮਾਨ ਅਤੇ ਸਮਾਜਿਕ ਕਾਰਕੁਨ ਲੱਖਾ ਸਿਧਾਣਾ ਵਰਗੇ ਲੋਕ ਪੰਜਾਬ ਵਿੱਚ ਪਰਵਾਸੀ ਮਜ਼ਦੂਰਾਂ ਦੇ ਜ਼ਮੀਨ ਜਾਇਦਾਦ ਖਰੀਦਣ ਉੱਤੇ ਰੋਕ ਲਾਉਣ ਦੀ ਮੰਗ ਕਰਦੇ ਹਨ।

ਪੰਜਾਬੀ ਫਿਲਮਾਂ ਤੇ ਪਰਵਾਸੀ ਮਜ਼ਦੂਰ

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪਰਵਾਸੀ ਮਜ਼ਦੂਰ ਪੰਜਾਬ ਦੇ ਖੇਤੀ ਅਤੇ ਉਦਯੋਗਿਕ ਖੇਤਰ ਵਿੱਚ ਅਹਿਮ ਯੋਗਦਾਨ ਪਾਉਂਦੇ ਹਨ (ਸੰਕੇਤਕ ਤਸਵੀਰ)

ਫਿਲਮਾਂ ਦੇ ਨਵੇਂ ਦੌਰ ਵਿੱਚ ਹਰਭਜਨ ਮਾਨ ਦੀ ਫਿਲਮ 'ਜੀ ਆਇਆ ਨੂੰ' ਵਿੱਚ ਪਰਵਾਸੀ ਮਜ਼ਦੂਰ ਦੀ ਪੇਸ਼ਕਾਰੀ ਨੇ ਦਰਸ਼ਕਾਂ ਦਾ ਧਿਆਨ ਖਿੱਚਿਆ ਸੀ।

ਪਰ ਹੁਣ 'ਤਾਰਾ ਮੀਰਾ' ਵਰਗੀ ਫਿਲਮ ਨੇ ਵੀ ਪੰਜਾਬੀ ਸਿਨੇਮਾ ਨੂੰ ਸ਼ਿੰਗਾਰਿਆ ਹੈ, ਜਿਸ ਵਿੱਚ ਪਰਵਾਸੀ ਮਜ਼ਦੂਰ ਕੁੜੀ ਨੂੰ ਬਤੌਰ ਮੁੱਖ ਨਾਇਕਾ ਵਜੋਂ ਪੇਸ਼ ਕੀਤਾ ਗਿਆ ਹੈ।

ਯੂ-ਟਿਊਬ ਉੱਤੇ ਬਹੁਤ ਸਾਰੀਆਂ ਏਜੰਡਾ ਫਿਲਮਾਂ ਦੀ ਭਰਮਾਰ ਹੈ, ਜਿਨ੍ਹਾਂ ਵਿੱਚ ਕੋਈ ਪਰਵਾਸੀਆਂ ਦੇ ਵਿਰੋਧ ਵਿੱਚ ਅਤੇ ਕੋਈ ਹੱਕ ਵਿੱਚ ਬਿਰਤਾਂਤ ਸਿਰਜ ਰਿਹਾ ਹੈ। 'ਭਈਏ ਬਨਾਮ ਪੰਜਾਬੀ' ਅਜਿਹੇ ਹੀ ਇੱਕ ਪੱਖ ਨੂੰ ਪੇਸ਼ ਕਰਦੀ ਹੈ।

ਕੁਲਵਿੰਦਰ ਸਿੰਘ ਫਿਲਮ ਆਲੋਚਕ ਹਨ ਅਤੇ ਪੰਜਾਬੀ ਫਿਲਮਾਂ ਬਾਰੇ ਉਨ੍ਹਾਂ ਦਾ ਖਾਸ ਅਧਿਐਨ ਹੈ।

ਕੁਲਵਿੰਦਰ ਸਿੰਘ ਕਹਿੰਦੇ ਹਨ, "ਪੰਜਾਬੀ ਫ਼ਿਲਮਾਂ ਵਿੱਚ ਪਰਵਾਸੀਆਂ ਦਾ ਜ਼ਿਕਰ ਹਰਭਜਨ ਮਾਨ ਦੀਆਂ ਫ਼ਿਲਮਾਂ ਰਾਹੀਂ ਹੋਣਾ ਸ਼ੁਰੂ ਹੋਇਆ। ਉਸ ਤੋਂ ਪਹਿਲਾਂ ਪੰਜਾਬ ਦੀਆਂ ਫ਼ਿਲਮਾਂ ਪੰਜਾਬੀਆਂ ਉੱਤੇ ਹੀ ਆਧਾਰਿਤ ਹੁੰਦੀਆਂ ਸਨ। ਹਰਭਜਨ ਮਾਨ ਦੀਆਂ ਫ਼ਿਲਮਾਂ ਵਿੱਚ ਇਹ ਦਿਖਾਇਆ ਗਿਆ ਕਿ ਪੰਜਾਬੀਆਂ ਦੀ ਰੋਜ਼ਮਰਾ ਜ਼ਿੰਦਗੀ ਵਿੱਚ ਪਰਵਾਸੀ ਮਜ਼ਦੂਰਾਂ ਦਾ ਕੰਮ ਕੀ ਹੈ। ਉਨ੍ਹਾਂ ਨੂੰ ਕੰਮ ਕਰਦੇ ਦਿਖਾਇਆ ਗਿਆ।"

"ਇਸ ਤੋਂ ਇਲਾਵਾ ਮਰਹੂਮ ਜਸਪਾਲ ਭੱਟੀ ਆਪਣੀ ਪੇਸ਼ਕਾਰੀ 'ਮਾਹੌਲ ਠੀਕ ਹੈ' ਲੈ ਕੇ ਆਏ। ਉਦੋਂ ਪਰਵਾਸੀਆਂ ਦਾ ਜ਼ਿਕਰ ਹਾਸੇ ਠੱਠੇ ਲਈ ਹੀ ਕੀਤਾ ਜਾਂਦਾ ਸੀ। ਥੋੜ੍ਹੀ ਜਿਹੀ ਕਾਮੇਡੀ ਲਈ ਪਰਵਾਸੀਆਂ ਦਾ ਛੋਟਾ ਜਿਹਾ ਰੋਲ ਫ਼ਿਲਮ ਵਿੱਚ ਪਾਇਆ ਗਿਆ।"

"ਪਰ ਹੁਣ ਫ਼ਿਲਮਾਂ ਵਿੱਚ ਪਰਵਾਸੀਆਂ ਦਾ ਜ਼ਿਕਰ ਮੁੱਦਿਆਂ ਦੇ ਰੂਪ ਵਿੱਚ ਹੋ ਰਿਹਾ। ਉਦਾਰਹਣ ਲਈ ਤਾਰਾ ਮੀਰਾ ਫਿਲਮ ਲੈ ਲਓ। ਇਸ ਫਿਲਮ ਵਿੱਚ ਪੰਜਾਬ ਦਾ ਨੌਜਵਾਨ ਜਿਸ ਕੁੜੀ ਨਾਲ ਵਿਆਹ ਕਰਵਾਉਣਾ ਚਾਹੁੰਦਾ ਹੈ, ਉਹ ਕੁੜੀ ਪਰਵਾਸੀਆਂ ਦੀ ਧੀ ਹੈ। ਮੁੰਡੇ ਦਾ ਪਿਓ ਪਰਵਾਸੀਆਂ ਨੂੰ ਪੰਜਾਬ ਵਿੱਚੋਂ ਕੱਢਣਾ ਚਾਹੁੰਦਾ ਹੈ ਪਰ ਮੁੰਡਾ ਉਸ ਕੁੜੀ "ਨਾਲ ਵਿਆਹ ਕਰਵਾਉਣਾ ਚਾਹੁੰਦਾ ਹੈ। ਪਤਾ ਲੱਗਣ ਉੱਤੇ ਮੁੰਡੇ ਦਾ ਪਿਓ ਗੁੱਸੇ ਵੀ ਹੁੰਦਾ ਹੈ ਪਰ ਅੰਤ ਵਿੱਚ ਉਹ ਆਪਣੇ ਮੁੰਡੇ ਦਾ ਵਿਆਹ ਪਰਵਾਸੀਆਂ ਦੀ ਧੀ ਨਾਲ ਕਰ ਦਿੰਦਾ ਹੈ।"

ਕੁਲਵਿੰਦਰ ਸਿੰਘ ਕਹਿੰਦੇ ਹਨ, "ਇਹ ਹੁਣ ਦੀਆਂ ਪੰਜਾਬੀ ਫ਼ਿਲਮਾਂ ਦੀ ਕਹਾਣੀ ਹੈ। ਇਸ ਤੋਂ ਇਲਾਵਾ 'ਓਏ ਭੋਲੇ ਓਏ' ਫਿਲਮ ਵਿੱਚ ਪਿੰਡ ਦਾ ਪੰਚ ਇੱਕ ਪਰਵਾਸੀ ਦਿਖਾਇਆ ਗਿਆ ਹੈ। ਜੋ ਪਿੰਡ ਦੇ ਅਹਿਮ ਫੈਸਲਿਆਂ ਵਿੱਚ ਮੋਹਰੀ ਹੋ ਕੇ ਭੂਮਿਕਾ ਨਿਭਾਉਂਦਾ ਹੈ। "

ਉਹ ਅੱਗੇ ਕਹਿੰਦੇ ਹਨ, "ਪਰਵਾਸੀ ਮਜ਼ਦੂਰਾਂ ਨੂੰ ਪੰਜਾਬੀ ਫ਼ਿਲਮਾਂ ਵਿੱਚ ਜ਼ਿਆਦਾਤਰ ਹਾਸੇ ਠੱਠੇ ਲਈ ਹੀ ਵਰਤਿਆ ਗਿਆ ਸੀ ਪਰ 'ਜੱਗੀ' ਅਤੇ 'ਅੰਨ੍ਹੇ ਘੋੜੇ ਦਾ ਦਾਨ' ਵਰਗੀਆਂ ਐਵਾਰਡ ਜੇਤੂ ਫ਼ਿਲਮਾਂ ਵਿੱਚ ਯਥਾਰਥ ਪੇਸ਼ ਕਰਦੇ ਪਰਵਾਸੀ ਮਜ਼ਦੂਰਾਂ ਦੇ ਕਿਰਦਾਰਾਂ ਦੀ ਵੀ ਪੇਸ਼ਕਾਰੀ ਦਿਖਦੀ ਹੈ।"

ਪੰਜਾਬੀ ਕਾਮੇਡੀ ਅਤੇ ਪਰਵਾਸੀ ਕਾਮੇ

ਭੋਟੂ ਸ਼ਾਹ

ਤਸਵੀਰ ਸਰੋਤ, Bhotu Shah Online/FB

ਤਸਵੀਰ ਕੈਪਸ਼ਨ, ਭੋਟੂ ਸ਼ਾਹ ਇੱਕ ਕਮੇਡੀਅਨ ਹਨ

ਪੰਜਾਬ ਦੇ ਕਾਮੇਡੀ ਕਲਾਕਾਰਾਂ ਨੇ ਪੈਰੋਡੀ ਗੀਤਾਂ ਅਤੇ ਸਕਿੱਟਾਂ ਰਾਹੀਂ ਪਰਵਾਸੀ ਮਜ਼ਦੂਰਾਂ ਨੂੰ ਮਜ਼ਾਕ ਦੇ ਪਾਤਰ ਬਣਾਇਆ ਅਤੇ ਹਲਕੇ-ਫੁਲਕੇ ਢੰਗ ਦੀ ਕਾਮੇਡੀ ਕੀਤੀ।

ਅਜਿਹੀ ਕਾਮੇਡੀ ਕਰਨ ਵਾਲਿਆਂ ਵਿੱਚ ਭੋਟੂ ਸ਼ਾਹ ਤੋਂ ਲੈ ਕੇ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਤੱਕ ਦਾ ਨਾਂ ਆਉਂਦਾ ਹੈ।

ਪ੍ਰਸਿੱਧ ਹਾਸਰਸ ਕਲਾਕਾਰ ਭੋਟੂ ਸ਼ਾਹ ਅਤੇ ਕਾਕੇ ਸ਼ਾਹ ਦਾ ਇੱਕ ਸ਼ੋਅ 'ਭੋਟੂ ਸ਼ਾਹ ਜੀ ਨੋ ਟੈਂਸ਼ਨ' ਦੀ ਮਿਸਾਲ ਲਈ ਜਾ ਸਕਦੀ ਹੈ।

ਇਸ ਸ਼ੋਅ ਵਿੱਚ ਭੋਟੂ ਸ਼ਾਹ ਅਤੇ ਕਾਕੇ ਸ਼ਾਹ ਪਰਵਾਸੀ ਕਿਰਦਾਰਾਂ ਵਿੱਚ ਨਜ਼ਰ ਆਏ। ਉਨ੍ਹਾਂ ਨੇ ਪੰਜਾਬ ਵਿੱਚ ਰਹਿੰਦੇ ਪਰਵਾਸੀਆਂ ਦੀਆਂ ਮੁਸ਼ਕਲਾਂ, ਉਨ੍ਹਾਂ ਦੇ ਰਹਿਣ-ਸਹਿਣ, ਖਾਣ-ਪੀਣ, ਪੰਜਾਬੀਆਂ ਦੀ ਉਨ੍ਹਾਂ ਉੱਤੇ ਨਿਰਭਰਤਾ, ਹਰ ਚੀਜ਼ ਦਾ ਜ਼ਿਕਰ ਸਕਿੱਟਾਂ ਅਤੇ ਪੈਰੋਡੀ ਗਾਣਿਆਂ ਰਾਹੀਂ ਕੀਤਾ।

ਭਾਵੇਂ ਇਹ ਗੀਤ ਕਾਮੇਡੀ ਵਜੋਂ ਪੇਸ਼ ਕੀਤੇ ਗਏ ਪਰ ਇਨ੍ਹਾਂ ਵਿੱਚ ਪੰਜਾਬ ਦੀ ਅਸਲ ਤਸਵੀਰ ਨਜ਼ਰ ਆਉਂਦੀ ਹੈ।

ਪੰਜਾਬ ਦੀ ਕਿਸਾਨੀ ਦਾ ਪਰਵਾਸੀਆਂ ਉੱਤੇ ਨਿਰਭਰ ਹੋਣਾ, ਨਵੀਂ ਪੀੜ੍ਹੀ ਦਾ ਖੇਤੀ ਤੋਂ ਪਾਸਾ ਵੱਟਣਾ, ਪਰਵਾਸੀਆਂ ਦੇ ਨਾ ਹੋਣ ਉੱਤੇ ਕਿਸਾਨਾਂ ਦਾ ਚਿੰਤਤ ਹੋਣਾ, ਪਰਵਾਸੀਆਂ ਦਾ ਇਹ ਸਮਝਣਾ ਕਿ ਸਾਡੇ ਤੋਂ ਬਿਨ੍ਹਾਂ ਪੰਜਾਬ ਦੇ ਕਿਸਾਨ ਖੇਤੀ ਨਹੀਂ ਕਰ ਸਕਣਗੇ ਆਦਿ।

ਪੰਜਾਬੀ ਫਿਲਮਾਂ ਦਾ ਪਰਵਾਸੀ ਅਦਾਕਾਰ

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ

ਪੰਜਾਬੀ ਫ਼ਿਲਮਾਂ ਵਿੱਚ ਪਰਵਾਸੀ ਮਜ਼ਦੂਰ ਦਾ ਕਿਰਦਾਰ ਜ਼ਿਆਦਾਤਰ ਪੰਜਾਬ ਦੇ ਹੀ ਅਦਾਕਾਰਾਂ ਨੂੰ ਦੇ ਦਿੱਤਾ ਜਾਂਦਾ ਸੀ।

ਪਰ ਹੁਣ ਕੁਝ ਫ਼ਿਲਮਾਂ ਅਜਿਹੀਆਂ ਹਨ, ਜਿਨ੍ਹਾਂ ਵਿੱਚ ਅਸਲ ਵਿੱਚ ਬਿਹਾਰ ਦੇ ਅਦਾਕਾਰਾਂ ਨੂੰ ਲਿਆ ਜਾ ਰਿਹਾ ਹੈ। ਜਿਨ੍ਹਾਂ ਵਿੱਚ ਅਸ਼ੋਕ ਪਾਠਕ ਦਾ ਨਾਂ ਜ਼ਿਕਰਯੋਗ ਹੈ।

ਅਸ਼ੋਕ ਪਾਠਕ ਬਿਹਾਰ ਤੋਂ ਹਨ ਪਰ ਉਹ ਹਰਿਆਣਾ ਵਿੱਚ ਵੀ ਰਹੇ ਹਨ। ਉਹ ਕਹਿੰਦੇ ਹਨ ਕਿ ਹਿੰਦੀ ਫ਼ਿਲਮਾਂ ਕਰਦਿਆਂ ਹੋਇਆਂ ਉਨ੍ਹਾਂ ਨੂੰ ਪੰਜਾਬੀ ਫ਼ਿਲਮਾਂ ਵਿੱਚ ਕਿਰਦਾਰ ਮਿਲਣੇ ਸ਼ੁਰੂ ਹੋਏ।

ਉਨ੍ਹਾਂ ਨੇ ਫਿਲਮ 'ਵੇਖ ਬਰਾਤਾਂ ਚੱਲੀਆਂ' ਨਾਲ ਪੰਜਾਬੀ ਫ਼ਿਲਮਾਂ ਵਿੱਚ ਕੰਮ ਸ਼ੁਰੂ ਕੀਤਾ। ਉਨ੍ਹਾਂ ਨੇ ਪੰਜਾਬੀ ਫਿਲਮ 'ਮੈਰਿਜ ਪੈਲਸ' ਵਿੱਚ ਅਹਿਮ ਕਿਰਦਾਰ ਨਿਭਾਇਆ। ਕਿਰਦਾਰ ਭਾਵੇਂ ਹਾਸਰਸ ਹੀ ਸੀ ਪਰ ਉਨ੍ਹਾਂ ਨੂੰ ਫਿਲਮ ਦੇ ਅੰਤ ਤੱਕ ਪਰਦੇ ਉੱਤੇ ਪੇਸ਼ ਕੀਤਾ ਗਿਆ।"

ਇਸ ਤੋਂ ਇਲਾਵਾ ਅਸ਼ੋਕ ਪਾਠਕ ਪੰਜਾਬੀ ਫਿਲਮ 'ਖਾਓ ਪੀਓ ਐਸ਼ ਕਰੋ' ਵਿੱਚ ਵੀ ਅਹਿਮ ਰੋਲ ਵਿੱਚ ਨਜ਼ਰ ਆਏ। ਜਿਸਦੇ ਇੱਕ ਸੀਨ ਵਿੱਚ ਉਹ ਕਹਿੰਦੇ ਹਨ ਕਿ 'ਮੈਂ ਸਰਦਾਰ ਕੰਮ ਉੱਤੇ ਰੱਖੇ ਹਨ।'

ਫਿਲਮ 'ਗੋਲਕ ਬੁਗਨੀ ਬੈਂਕ ਤੇ ਬਟੂਆ',' ਕਦੇ ਹਾਂ ਕਦੇ ਨਾ' ਵਿੱਚ ਵੀ ਅਸ਼ੋਕ ਪਾਠਕ ਨੂੰ ਦੇਖਿਆ ਜਾ ਸਕਦਾ ਹੈ।

ਅਸ਼ੋਕ ਪਾਠਕ ਪੰਜਾਬੀ ਫ਼ਿਲਮਾਂ ਲਈ ਇੰਨਾ ਖਾਸ ਕਿਰਦਾਰ ਬਣ ਗਏ ਹਨ ਕਿ ਜਦੋਂ ਵੀ ਉਨ੍ਹਾਂ ਵੱਲੋਂ ਕੀਤੀ ਕਿਸੇ ਫਿਲਮ ਦੀ ਸਕਰੀਨਿੰਗ ਹੁੰਦੀ ਹੈ ਜਾਂ ਪ੍ਰੀਮੀਅਰ ਹੁੰਦਾ ਹੈ ਤਾਂ ਅਸ਼ੋਕ ਪਾਠਕ ਨੂੰ ਸਕਰੀਨਿੰਗ ਜਾਂ ਪ੍ਰੀਮੀਅਰ ਦਾ ਹਿੱਸਾ ਜ਼ਰੂਰ ਬਣਾਇਆ ਜਾਂਦਾ ਹੈ।

ਅਸ਼ੋਕ ਪਾਠਕ ਪੰਜਾਬੀ ਫਿਲਮ 'ਪੰਛੀ' ਵਿੱਚ ਵੀ ਅਹਿਮ ਕਿਰਦਾਰ ਵਿੱਚ ਨਜ਼ਰ ਆਏ। ਜਿਸਦੇ ਵਿੱਚ ਉਨ੍ਹਾਂ ਨੂੰ ਮੁੱਖ ਸਹਾਇਕ ਕਿਰਦਾਰ ਵਜੋਂ ਪੇਸ਼ ਕੀਤਾ ਗਿਆ।

ਪੰਜਾਬੀ ਸਾਹਿਤ ਤੇ ਮੀਡੀਆ ਦੇ ਪਰਵਾਸੀ ਚਿਹਰੇ

ਨਾਵਲ ਭੀਮਾ ਦਾ ਸਰਵਰਕ
ਤਸਵੀਰ ਕੈਪਸ਼ਨ, ਰਾਮ ਸਰੂਪ ਅਣਖੀ ਦਾ ਨਾਵਲ ਭੀਮਾ ਇੱਕ ਪਰਵਾਸੀ ਦੀ ਕਹਾਣੀ ਹੈ

ਲਕਸ਼ਮੀ ਨਰਾਇਣ ਭੀਖੀ ਦਾ ਪਿਛੋਕੜ ਬਿਹਾਰ ਨਾਲ ਹੈ, ਉਨ੍ਹਾਂ ਦਾ ਪਰਿਵਾਰ ਮਾਨਸਾ ਦੇ ਭੀਖੀ ਕਸਬੇ ਵਿੱਚ ਆਇਆ ਸੀ।

ਸਾਹਿਤ ਦੇ ਰਸੀਏ ਲਕਸ਼ਮੀ ਨਰਾਇਣ ਦਾ ਨਾਂ ਪੰਜਾਬੀ ਦੇ ਮੰਨੇ-ਪ੍ਰਮੰਨੇ ਕਹਾਣੀਕਾਰਾਂ ਵਿੱਚ ਸ਼ੁਮਾਰ ਹੁੰਦਾ ਹੈ। ਜਦੋਂ ਵੱਡਾ ਹੋਇਆ ਤਾਂ ਉਨ੍ਹਾਂ ਨੇ ਤਖੱਲਸ ਵਜੋਂ ਭੀਖੀ ਸ਼ਬਦ ਨਾਂ ਨਾਲ ਲਗਾਇਆ ਤੇ ਸਾਹਿਤ ਦੀ ਦੁਨੀਆਂ ਵਿੱਚ ਉਹ ਲਕਸ਼ਮੀ ਨਰਾਇਣ ਭੀਖੀ ਵਜੋਂ ਮਸ਼ਹੂਰ ਹੋਏ।

ਇਸੇ ਤਰ੍ਹਾਂ ਦੇਸ਼ ਸੇਵਕ ਅਖ਼ਬਾਰ ਵਿੱਚੋਂ ਚੀਫ਼ ਸਬ-ਐਡੀਟਰ ਦੀ ਪੋਸਟ ਤੋਂ ਸੇਵਾਮੁਕਤ ਹੋਏ ਦੇਵਾਸ਼ੀਸ਼ ਭੱਟਾਚਾਰੀਆ ਦੇ ਮਾਪੇ ਬੰਗਾਲ ਤੋਂ ਆਏ ਸਨ। ਪਰ ਉਹ ਪੰਜਾਬ ਵਿੱਚ ਜੰਮੇ ਪਲ਼ੇ ਤੇ ਪੰਜਾਬੀ ਅਖ਼ਬਾਰ ਦੇ ਡੈਸਕ ਪੱਤਰਕਾਰ ਬਣੇ।

ਬਿਹਾਰ ਤੋਂ ਆਈ ਇੱਕ ਹੋਰ ਪਰਿਵਾਰ ਦੀ ਧੀ ਸੁਪਰਿਆ ਅੱਜ ਕੱਲ੍ਹ ਪੰਜਾਬੀ ਦੇ ਡਿਜੀਟਲ ਮੀਡੀਆ ਅਦਾਰੇ ਲਿਬਰਲ ਦੀ ਐਂਕਰ ਹਨ। ਇਸ ਤੋਂ ਇਲਾਵਾ ਪਰਵਾਸੀ ਮਜ਼ਦੂਰਾਂ ਦੇ ਬੱਚਿਆਂ ਨੇ ਸਿਰਫ਼ ਪੰਜਾਬੀ ਅਤੇ ਪੱਤਰਕਾਰੀ ਵਿੱਚ ਹੀ ਡਿਗਰੀਆਂ ਨਹੀਂ ਕੀਤੀਆਂ ਸਗੋਂ ਉਹ ਪੰਜਾਬੀ ਦੇ ਸਿਰਕੱਢ ਅਦਾਰਿਆਂ ਵਿੱਚ ਮੋਹਰੀ ਭੂਮਿਕਾਵਾਂ ਨਿਭਾ ਰਹੇ ਹਨ।

ਪਟਿਆਲ਼ਾ ਵਿੱਚ ਪਬਲੀਕੇਸ਼ਨ ਦਾ ਕੰਮ ਕਰਨ ਵਾਲੇ ਸਤਪਾਲ ਭੀਖੀ ਕਹਿੰਦੇ ਹਨ, "ਮੈਂ ਇਹ ਮਹਿਸੂਸ ਕਰਦਾ ਹਾਂ ਕਿ ਆਮ ਪੰਜਾਬ ਦਾ ਸਮਾਜ ਪਰਵਾਸੀ ਮਜ਼ਦੂਰਾਂ ਨੂੰ ਲੈ ਕੇ ਭਾਵੇਂ ਕਠੋਰ ਰਿਹਾ ਪਰ ਸਾਹਿਤ ਨੇ ਉਨ੍ਹਾਂ ਨੂੰ ਕਿਰਤੀ ਅਤੇ ਸੰਘਰਸ਼ੀ ਰੂਪ ਵਿੱਚ ਦਿਖਾਇਆ।"

ਉਹ ਕਹਿੰਦੇ ਹਨ, "ਮੈਂ ਰਾਮ ਸਰੂਪ ਅਣਖੀ ਦਾ ਨਾਵਲ 'ਭੀਮਾ' ਪੜ੍ਹਿਆ। ਉਸਦੇ ਵਿੱਚ ਉਹ ਪਰਵਾਸੀਆਂ ਦੇ ਪੰਜਾਬ ਆਉਣ ਦਾ ਜ਼ਿਕਰ ਕਰਦੇ ਹਨ। ਉਹ ਦੱਸਦੇ ਹਨ ਕਿ ਪੰਜਾਬ ਆਉਣ ਦਾ ਕਾਰਨ ਰੁਜ਼ਗਾਰ ਹੈ, ਰੋਜ਼ੀ ਰੋਟੀ ਕਮਾਉਣਾ ਹੈ। ਉਨ੍ਹਾਂ ਦਾ ਕਸੂਰ ਬੱਸ ਇਹ ਹੈ ਕਿ ਉਹ ਗਰੀਬੀ ਦੇ ਮਾਰੇ ਹਨ, ਉਨ੍ਹਾਂ ਨੂੰ ਚੰਗਾ ਖਾਣਾ, ਪਹਿਨਣਾ ਨਹੀਂ ਆਉਂਦਾ। ਇਸ ਲਈ ਉਹ ਦੂਜਿਆਂ ਦੀ ਨਫ਼ਰਤ ਦੇ ਸ਼ਿਕਾਰ ਹੁੰਦੇ ਹਨ।"

ਸਤਪਾਲ ਭੀਖੀ ਕਹਿੰਦੇ ਹਨ ਪੰਜਾਬ ਵਿੱਚ ਪਰਵਾਸੀਆਂ ਨੂੰ ਲੈ ਕੇ ਸਮੱਸਿਆ ਤਾਂ ਆਉਂਦੀ ਹੈ ਕਿਉਂਕਿ ਉਹ ਗੁਰਬਤ ਵਿੱਚੋਂ ਆਏ ਲੋਕ ਹਨ, ਉਹ ਬੀੜੀ, ਸਿਗਰਟ, ਤੰਬਾਕੂ ਦਾ ਸੇਵਨ ਕਰਦੇ ਹਨ, ਜੋ ਸਾਡੇ ਸੱਭਿਆਚਾਰ ਦਾ ਹਿੱਸਾ ਨਹੀਂ ਹੈ। ਪਰ ਸਾਡੇ ਪੰਜਾਬ ਵਿੱਚ ਵੀ ਸ਼ਰਾਬ ਦਾ ਸੇਵਨ ਆਮ ਹੁੰਦਾ ਹੈ। ਇਹ ਬਸ ਰੁਤਬੇ ਦਾ ਫ਼ਰਕ ਹੈ।"

ਹਾਲਾਂਕਿ ਸਤਪਾਲ ਭੀਖੀ ਇਹ ਵੀ ਦੱਸਦੇ ਹਨ ਕਿ ਪੰਜਾਬ ਦੇ ਕੁਝ ਸਾਹਿਤਕਾਰਾਂ ਨੇ ਪਰਵਾਸੀਆਂ ਦੇ ਪੰਜਾਬ ਆ ਕੇ ਵੱਸਣ ਦੀ ਨਿੰਦਾ ਵੀ ਕੀਤੀ ਹੈ। ਉਨ੍ਹਾਂ ਨੇ ਆਪਣੇ ਆਰਟੀਕਲਾਂ ਵਿੱਚ ਜ਼ਿਕਰ ਕੀਤਾ ਹੈ ਕਿ ਪਰਵਾਸੀਆਂ ਨੂੰ ਪੰਜਾਬ ਤੋਂ ਬਾਹਰ ਕੱਢਿਆ ਜਾਣਾ ਚਾਹੀਦਾ ਹੈ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)