ਪੰਜਾਬ ਦੇ ਇਸ ਪਿੰਡ ਦੇ ਘਰਾਂ ਬਾਹਰ 'ਚਿਤਾਵਨੀਆਂ' ਦੇ ਪੋਸਟਰ ਕਿਉਂ ਲੱਗੇ, ਸਿਹਤ ਵਿਭਾਗ ਦੀ ਜਾਂਚ 'ਚ ਕੀ ਸਾਹਮਣੇ ਆਇਆ

- ਲੇਖਕ, ਹਰਮਨਦੀਪ ਸਿੰਘ
- ਰੋਲ, ਬੀਬੀਸੀ ਪੱਤਰਕਾਰ
"ਸਬਮਰਸੀਬਲ ਦਾ ਪਾਣੀ ਨਾ ਪੀਣ ਯੋਗ"। ਇਹ ਚਿਤਾਵਨੀ ਲੁਧਿਆਣਾ ਦੀ ਤਹਿਸੀਲ ਪਾਇਲ ਵਿਚਲੇ ਪਿੰਡ ਜਰਗ ਦੇ ਘਰਾਂ ਦੇ ਗੇਟਾਂ ਦਾ 'ਸ਼ਿੰਗਾਰ' ਬਣ ਗਈ ਹੈ।
ਸਿਹਤ ਵਿਭਾਗ ਵੱਲੋਂ ਪਿੰਡ ਦੇ ਕਈ ਘਰਾਂ ਦੇ ਬਾਹਰ ਇੱਕ ਚਿਤਾਵਨੀ ਲਿਖੀ ਗਈ ਹੈ। ਇਸ ਵਿੱਚ ਲਿਖਿਆ ਗਿਆ ਹੈ ਕਿ ਇਨ੍ਹਾਂ ਘਰਾਂ ਦਾ ਜ਼ਮੀਨੀ ਪਾਣੀ ਪੀਣ ਯੋਗ ਨਹੀਂ ਹੈ। ਇਹ ਦੂਸ਼ਿਤ ਹੋ ਚੁੱਕਿਆ ਹੈ।
ਇੱਥੇ ਜ਼ਮੀਨੀ ਪਾਣੀ ਵਿੱਚ ਟੀਡੀਐੱਸ ਦੀ ਮਾਤਰਾ ਵੱਧ ਮਿਲੀ ਹੈ ਅਤੇ ਪਾਣੀ ਵਿੱਚ ਬੈਕਟੀਰੀਆ ਮੌਜੂਦ ਹਨ।
ਸਿਹਤ ਵਿਭਾਗ ਮੁਤਾਬਕ ਪਿੰਡ ਦੇ ਲਗਭਗ 100 ਅਜਿਹੇ ਘਰ ਹਨ, ਜਿਨ੍ਹਾਂ ਦਾ ਜ਼ਮੀਨੀ ਪਾਣੀ ਪੀਣ ਯੋਗ ਨਹੀਂ ਰਿਹਾ।

ਸਿੱਟੇ ਵਜੋਂ ਇਨ੍ਹਾਂ ਘਰਾਂ ਵਿੱਚ ਵੱਸਦੇ ਪਿੰਡ ਵਾਸੀਆਂ ਦੇ ਬੀਮਾਰ ਹੋਣ ਦਾ ਖ਼ਦਸ਼ਾ ਵੱਧ ਗਿਆ ਹੈ, ਜਿਸ ਵਿੱਚ ਕਾਲਾ ਪੀਲੀਆ, ਜਿਸਨੂੰ ਹੈਪੇਟਾਈਟਸ ਸੀ ਵੀ ਕਿਹਾ ਜਾਂਦਾ ਹੈ, ਵਰਗੀਆਂ ਬੀਮਾਰੀਆਂ ਵੀ ਸ਼ਾਮਲ ਹਨ।
ਇਨ੍ਹਾਂ ਘਰਾਂ ਵਿੱਚੋਂ ਬਹੁਤੇ ਗਰੀਬ ਤਬਕੇ ਨਾਲ ਸਬੰਧਿਤ ਹਨ, ਜਿਸ ਕਰਕੇ ਪੀੜਤ ਪਰਿਵਾਰਾਂ ਕੋਲ ਪੀਣ ਵਾਲੇ ਹੋਰ ਪਾਣੀ ਦਾ ਪ੍ਰਬੰਧ ਕਰਨ ਦੇ ਵਿਕਲਪਾਂ ਦੀ ਘਾਟ ਹੈ।
ਪਿੰਡ ਵਿੱਚ ਸਰਕਾਰੀ ਪਾਣੀ ਦੀ ਟੈਂਕੀ ਹੈ ਪਰ ਇਸ 'ਪਾਈਪ ਲਾਈਨ' ਵਾਲੇ ਪਾਣੀ ਦੀ ਪਹੁੰਚ ਹਰ ਘਰ ਤੱਕ ਨਹੀਂ ਹੈ। ਇਸ ਤੋਂ ਇਲਾਵਾ ਸਰਕਾਰੀ ਟੈਂਕੀ ਵਾਲੇ ਪਾਣੀ ਦੀ ਸਪਲਾਈ ਦਿਨ ਵਿੱਚ ਬਹੁਤ ਸੀਮਤ ਸਮੇਂ ਲਈ ਹੁੰਦੀ ਹੈ। ਬਹੁਤੇ ਗਰੀਬ ਪਰਿਵਾਰ ਆਰਓ ਫ਼ਿਲਟਰ ਲਵਾਉਣ ਦੇ ਯੋਗ ਵੀ ਨਹੀਂ ਹਨ।
ਇਸ ਲਈ ਫਿਲਹਾਲ ਦੀ ਘੜੀ ਅਜਿਹੇ ਪਰਿਵਾਰਾਂ ਵੱਲੋਂ ਪੀਣ ਜਾਂ ਰਸੋਈ ਦੇ ਹੋਰ ਕੰਮਾਂ ਵਾਸਤੇ ਪਾਣੀ ਨੂੰ ਉਬਾਲ ਕੇ ਵਰਤਿਆ ਜਾ ਰਿਹਾ ਹੈ। ਹਾਲਾਂਕਿ ਪਿੰਡ ਵਾਸੀ ਪਸ਼ੂਆਂ ਨੂੰ ਦੂਸ਼ਿਤ ਪਾਣੀ ਪਿਲਾਉਣ ਲਈ ਮਜਬੂਰ ਹਨ।
ਸਥਿਤੀ ਕਿੰਨੀ ਗੰਭੀਰ

ਜਰਗ ਪਿੰਡ ਦੇ ਜ਼ਮੀਨੀ ਪਾਣੀ ਵਿੱਚ ਟੀਡੀਐੱਸ ਦੀ ਮਾਤਰਾ ਵੱਧ ਮਿਲੀ ਹੈ। ਇੱਥੇ ਕਈ ਘਰਾਂ ਵਿੱਚ ਟੀਡੀਐੱਸ ਦੀ ਮਾਤਰਾ 949 ਮਿਲੀਗ੍ਰਾਮ ਪ੍ਰਤੀ ਲੀਟਰ ਤੱਕ ਮਿਲੀ ਹੈ, ਜੋ ਕਿ ਸਵੀਕਾਰਯੋਗ ਪੱਧਰ ਤੋਂ ਵੱਧ ਹੈ।
ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ (BIS) ਦੇ ਅਨੁਸਾਰ, ਪੀਣ ਵਾਲੇ ਪਾਣੀ ਵਿੱਚ ਘੁਲਣਸ਼ੀਲ ਠੋਸ ਪਦਾਰਥਾਂ (TDS) ਦਾ ਵੱਧ ਤੋਂ ਵੱਧ ਮਨਜ਼ੂਰ ਪੱਧਰ 500 ਮਿਲੀਗ੍ਰਾਮ ਪ੍ਰਤੀ ਲੀਟਰ (mg/L) ਹੈ।
ਇਸ ਤੋਂ ਇਲਾਵਾ ਪਾਣੀ ਵਿੱਚ ਬੈਕਟੀਰੀਲ ਕੋਨਟੈਮੀਨੇਸ਼ਨ ਵੀ ਹੈ।
ਸਿਹਤ ਵਿਭਾਗ ਮੁਤਾਬਕ ਉਨ੍ਹਾਂ ਵੱਲੋਂ ਸਿਰਫ 5 ਘਰਾਂ ਦੇ ਜ਼ਮੀਨੀ ਪਾਣੀ ਦੀ ਹੀ ਜਾਂਚ ਕੀਤੀ ਗਈ ਹੈ। ਪਰ ਇਸਦਾ ਅਰਥ ਇਹ ਨਹੀਂ ਹੈ ਕਿ ਬਾਕੀ ਘਰਾਂ ਦਾ ਪਾਣੀ ਪੀਣ ਯੋਗ ਹੈ।
ਸਿਹਤ ਇੰਸਪੈਕਟਰ ਸ਼ਿੰਗਾਰਾ ਸਿੰਘ ਮੁਤਾਬਕ ਲਗਭਗ 100 ਘਰਾਂ ਦਾ ਜ਼ਮੀਨੀ ਪਾਣੀ ਪੀਣ ਯੋਗ ਨਹੀਂ ਹੈ। ਇਹ ਪਾਣੀ ਪਸ਼ੂਆਂ ਲਈ ਵੀ ਹਾਨੀਕਾਰਕ ਹੈ।
ਉਨ੍ਹਾਂ ਦੱਸਿਆ ਕਿ ਭਾਵੇਂ ਪਾਣੀ ਦੇ ਨਮੂਨੇ ਪੰਜ ਘਰਾਂ ਦੇ ਹੀ ਲਏ ਗਏ ਹਨ ਪਰ ਨਮੂਨੇ ਇਸ ਢੰਗ ਨਾਲ ਇਕੱਤਰ ਕੀਤਾ ਗਏ ਸਨ ਤਾਂ ਜੋ ਆਸਪਾਸ ਦੇ ਘਰਾਂ ਦੇ ਜ਼ਮੀਨੀ ਪਾਣੀ ਦੀ ਸਥਿਤੀ ਬਾਰੇ ਵੀ ਪਤਾ ਲੱਗ ਸਕੇ।
ਹੈਲਥ ਇੰਸਪੈਕਟਰ ਨੇ ਕਿਹਾ, "ਅਸੀਂ 20-20 ਘਰਾਂ ਦੇ ਫਾਸਲੇ ਮਗਰੋਂ ਪਾਣੀ ਦੇ ਨਮੂਨੇ ਲਏ ਅਤੇ ਖਰੜ ਸਥਿਤ ਸਰਕਾਰੀ ਲੈਬ ਵਿੱਚ ਜਾਂਚ ਲਈ ਭੇਜੇ। ਜਿੱਥੇ ਇਹ ਫੇਲ੍ਹ ਹੋ ਗਏ ਹਨ। ਜਿਨ੍ਹਾਂ ਘਰਾਂ ਦੇ ਨਮੂਨੇ ਫੇਲ੍ਹ ਹੋਏ ਸਨ, ਉਨ੍ਹਾਂ ਘਰਾਂ ਦੇ ਬਾਹਰ ਲਾਲ ਸਿਆਹੀ ਨਾਲ ਸਬਮਰਸੀਬਲ ਦੇ ਪਾਣੀ ਦੇ ਪੀਣ ਅਯੋਗ ਹੋਣ ਬਾਰੇ ਚਿਤਾਵਨੀ ਲਿਖ ਦਿੱਤੀ ਹੈ।"
"ਇਹ ਪਾਣੀ ਪੀਣ ਨਾਲ ਉਲਟੀਆਂ ਲੱਗਣ, ਦਸਤ ਲੱਗਣ, ਪੇਟ ਖਰਾਬ ਹੋਣ, ਬੁਖ਼ਾਰ ਹੋਣ, ਚਮੜੀ ਰੋਗ ਅਤੇ ਕਾਲਾ ਪੀਲੀਆ ਹੋਣ ਦਾ ਖ਼ਦਸ਼ਾ ਵੀ ਹੈ।"
ਜ਼ਮੀਨੀ ਪਾਣੀ ਦੇ ਪੀਣ ਅਯੋਗ ਹੋਣ ਬਾਰੇ ਕਿਵੇਂ ਪਤਾ ਲੱਗਾ

ਇਸ ਪਿੰਡ ਦੇ ਜ਼ਮੀਨੀ ਪਾਣੀ ਦੇ ਦੂਸ਼ਿਤ ਹੋਣ ਦਾ ਖੁਲਾਸਾ ਉਦੋਂ ਹੋਇਆ ਜਦੋਂ ਸਿਹਤ ਵਿਭਾਗ ਨੇ ਪਾਣੀ ਦੇ ਨਮੂਨੇ ਲਏ ਅਤੇ ਨਿਰੀਖਣ ਕਰਵਾਏ।
ਨਿਰੀਖਣ ਦੌਰਾਨ ਪਾਣੀ ਦੇ ਨਮੂਨੇ ਤੈਅ ਮਾਪਦੰਡਾਂ ਉੱਤੇ ਫੇਲ੍ਹ ਹੋ ਗਏ।
ਸਿਹਤ ਵਿਭਾਗ ਵੱਲੋਂ ਇਹ ਨਮੂਨੇ ਇੱਕ ਐੱਨਆਰਆਈ ਦੀਆਂ ਕੋਸ਼ਿਸ਼ਾਂ ਮਗਰੋਂ ਲਏ ਗਏ ਸਨ। ਐੱਨਆਰਆਈ ਜਸਪ੍ਰੀਤ ਸਿੰਘ ਨੇ ਪਿੰਡ ਦੇ ਜ਼ਮੀਨੀ ਪਾਣੀ ਦੇ ਦੂਸ਼ਿਤ ਹੋਣ ਦਾ ਮਾਮਲਾ ਸਿਹਤ ਵਿਭਾਗ ਕੋਲ ਉਠਾਇਆ ਅਤੇ ਪਾਣੀ ਦੇ ਪੀਣ ਯੋਗ ਨਾ ਹੋਣ ਦਾ ਸ਼ੱਕ ਜਤਾਇਆ ਸੀ।
ਜਿਸ ਮਗਰੋਂ ਸਿਹਤ ਇੰਸਪੈਕਟਰ ਸ਼ਿੰਗਾਰਾ ਸਿੰਘ ਦੀ ਅਗਵਾਈ ਵਿੱਚ ਪਾਣੀ ਦੇ ਨਮੂਨੇ ਲੈ ਕੇ ਜਾਂਚ ਕਰਵਾਈ ਗਈ।
ਪਿੰਡ ਵਾਸੀ ਗੁਜ਼ਾਰਾ ਕਿਵੇਂ ਕਰ ਰਹੇ ਹਨ ਤੇ ਪਾਣੀ ਕਿਵੇਂ ਦੂਸ਼ਿਤ ਹੋਇਆ

ਪਿੰਡ ਵਾਸੀ ਪਾਣੀ ਨੂੰ ਉਬਾਲ ਕੇ ਜਾਂ ਫ਼ਿਲਟਰ ਦੀ ਵਰਤੋਂ ਕਰਕੇ ਪੀਣ ਲਈ ਵਰਤ ਰਹੇ ਹਨ।
ਗੁਰਜੀਵਨ ਸਿੰਘ ਕਹਿੰਦੇ ਹਨ ਕਿ ਉਨ੍ਹਾਂ ਨੂੰ ਹੁਣ ਪਤਾ ਲੱਗਾ ਹੈ ਕਿ ਪਾਣੀ ਦੂਸ਼ਿਤ ਹੈ।
"ਜੇਕਰ ਸਿਹਤ ਵਿਭਾਗ ਨਿਰੀਖਣ ਨਾ ਕਰਦਾ ਅਤੇ ਗੇਟਾਂ ਉੱਤੇ ਚਿਤਾਵਨੀ ਨਾ ਲਿਖਦਾ ਤਾਂ ਅਸੀਂ ਪਾਣੀ ਵਾਸਤੇ ਜ਼ਮੀਨੀ ਪਾਣੀ ਦੀ ਵਰਤੋਂ ਕਰਦੇ ਰਹਿਣਾ ਸੀ। ਮੇਰਾ ਮੁੰਡਾ ਵੀ ਬਿਮਾਰ ਹੋ ਗਿਆ ਸੀ। ਉਸ ਨੂੰ ਉਲਟੀਆਂ ਅਤੇ ਦਸਤ ਲੱਗ ਗਏ ਸਨ। ਹੁਣ ਉਹ ਉਬਾਲ ਕੇ ਪਾਣੀ ਪੀ ਰਹੇ ਹਨ।"
ਕੁਲਦੀਪ ਸਿੰਘ ਕਹਿੰਦੇ ਹਨ ਕਿ ਹੁਣ ਉਹ ਇੱਕ ਵਾਟਰ ਫ਼ਿਲਟਰ ਖ਼ਰੀਦਣ ਦੀ ਸੋਚ ਰਹੇ ਹਨ।
ਹੈਲਥ ਇੰਸਪੈਕਟਰ ਸ਼ਿੰਗਾਰਾ ਸਿੰਘ ਨੇ ਦੱਸਿਆ ਕਿ ਪਿੰਡ ਦੇ ਛੱਪੜ ਦਾ ਜ਼ਿਆਦਾ ਡੂੰਘਾ ਹੋਣਾ ਪਾਣੀ ਦੇ ਦੂਸ਼ਿਤ ਹੋਣ ਦਾ ਮੁੱਖ ਕਾਰਨ ਹੈ।
"ਪਿੰਡ ਵਿੱਚ ਸੀਵਰੇਜ ਦਾ ਪ੍ਰਬੰਧ ਨਾ ਹੋਣ ਕਰਕੇ ਸਾਰਾ ਗੰਦਾ ਪਾਣੀ ਛੱਪੜ ਵਿੱਚ ਇਕੱਠਾ ਹੁੰਦਾ ਹੈ ਅਤੇ ਇਹ ਪਾਣੀ ਜ਼ਮੀਨੀ ਪਾਣੀ ਵਿੱਚ ਰਲ ਗਿਆ ਹੈ।"
ਸਿਹਤ ਵਿਭਾਗ ਨੇ ਕੀ ਕਾਰਵਾਈ ਕੀਤੀ

ਸਿਹਤ ਵਿਭਾਗ ਨੇ ਪਿੰਡ ਵਾਸੀਆਂ ਦੀ ਮੰਗ ਉੱਤੇ ਪਾਣੀ ਦੀ ਜਾਂਚ ਕਰਵਾਈ ਅਤੇ ਘਰਾਂ ਦੇ ਬਾਹਰ ਪਾਣੀ ਦੇ ਪੀਣ ਅਯੋਗ ਹੋਣ ਦੀਆਂ ਚੇਤਾਵਨੀਆਂ ਲਿਖੀਆਂ।
ਵਿਭਾਗ ਨੇ ਪਿੰਡ ਵਾਸੀਆਂ ਨੂੰ ਜ਼ਮੀਨੀ ਪਾਣੀ ਦੀ ਵਰਤੋਂ ਕਰਨ ਦੀ ਬਜਾਏ, ਫ਼ਿਲਟਰ ਦਾ ਪਾਣੀ, ਸਰਕਾਰੀ ਟੈਂਕੀ ਦਾ ਪਾਣੀ ਜਾਂ ਉਬਾਲ ਕੇ ਵਰਤਣ ਦੀ ਸਲਾਹ ਦਿੱਤੀ। ਵਿਭਾਗ ਨੇ ਘਰ-ਘਰ ਜਾ ਕੇ ਪਿੰਡ ਵਾਸੀਆਂ ਨੂੰ ਪਾਣੀ ਦੇ ਦੂਸ਼ਿਤ ਹੋਣ ਬਾਰੇ ਜਾਗਰੂਕ ਵੀ ਕੀਤਾ।
ਹਾਲਾਂਕਿ ਅਜੇ ਤੱਕ ਸਿਹਤ ਵਿਭਾਗ ਵੱਲੋਂ ਪਿੰਡ ਵਾਸੀਆਂ ਦੀ ਸਿਹਤ ਦੀ ਜਾਂਚ ਨਹੀਂ ਕੀਤੀ ਗਈ।
ਜਸਪ੍ਰੀਤ ਸਿੰਘ ਮੰਡੇਰ ਕੈਨੇਡਾ ਦੇ ਸਸਕੈਚਵਨ ਸੂਬੇ ਦੀ ਰਾਜਧਾਨੀ ਰੇਜੀਨਾ ਦੇ ਵਸਨੀਕ ਹਨ। ਪੇਸ਼ੇ ਵਜੋਂ ਉਹ ਕੈਨੇਡਾ ਵਿੱਚ ਇੱਕ ਕਾਰੋਬਾਰੀ ਹਨ। ਉੱਥੇ ਉਨ੍ਹਾਂ ਦੀ ਟਰੱਕਿੰਗ ਕੰਪਨੀ ਅਤੇ ਹੋਟਲ ਹਨ।
ਉਨ੍ਹਾਂ ਨੇ ਕੈਨੇਡਾ ਦੀ ਸਿਆਸਤ ਵਿੱਚ ਅਸਫਲਤਾ ਪੂਰਵਕ ਹੱਥ ਵੀ ਅਜ਼ਮਾਏ ਸਨ। ਉਨ੍ਹਾਂ ਵੀਹ ਸਾਲ ਪਹਿਲਾਂ ਜਰਗ ਪਿੰਡ ਤੋਂ ਕੈਨੇਡਾ ਪਰਵਾਸ ਕੀਤਾ ਸੀ।
ਉਹ ਕਹਿੰਦੇ ਹਨ ਕਿ ਉਨ੍ਹਾਂ ਦੇ ਭੈਣ ਭਰਾ ਅਤੇ ਦੋਸਤ ਇਸ ਪਿੰਡ ਦੇ ਵਸਨੀਕ ਹਨ ਅਤੇ ਅਕਸਰ ਉਨ੍ਹਾਂ ਨੂੰ ਮਿਲਣ ਵਾਸਤੇ ਉਹ ਪਿੰਡ ਆਉਂਦੇ ਜਾਂਦੇ ਰਹਿੰਦੇ ਹਨ।
"ਮੈਂਨੂੰ ਮੇਰੇ ਦੋਸਤਾਂ ਨੇ ਦੱਸਿਆ ਸੀ ਕਿ ਪਿੰਡ ਦਾ ਜ਼ਮੀਨੀ ਪਾਣੀ ਪੀਣ ਯੋਗ ਨਹੀਂ ਹੈ। ਇਸ ਲਈ ਅਸੀਂ ਪਾਣੀ ਦਾ ਮੁੱਦਾ ਉਠਾਇਆ।"
ਕਮਿਊਨਟੀ ਹੈਲਥ ਸੈਂਟਰ (ਸੀਐੱਚਸੀ) ਮਾਨੂੰਪੁਰ ਵਿੱਚ ਤਾਇਨਾਤ ਸੀਨੀਅਰ ਮੈਡੀਕਲ ਅਫਸਰ ਡਾਕਟਰ ਰਵੀ ਦੱਤ ਨੇ ਦੱਸਿਆ ਕਿ ਇਹ ਸਮੱਸਿਆ ਸਿਰਫ਼ ਜਰਗ ਪਿੰਡ ਵਿੱਚ ਹੀ ਹੈ।
"ਅਸੀਂ ਬੁੱਧਵਾਰ ਨੂੰ ਜਰਗ ਪਿੰਡ ਵਿੱਚ ਕੈਂਪ ਲਗਾ ਕੇ ਪਿੰਡ ਵਾਸੀਆਂ ਦੀ ਸਿਹਤ ਦੀ ਜਾਂਚ ਕੀਤੀ ਸੀ| ਇਸ ਕੈਂਪ ਦੌਰਾਨ ਪਿੰਡ ਵਾਸੀਆਂ ਦੇ ਖੂਨ ਦੇ ਨਮੂਨੇ ਲਏ ਗਏ ਸਨ, ਜਿਨ੍ਹਾਂ ਦੀ ਰਿਪੋਰਟ ਕੁੱਝ ਦਿਨਾਂ ਵਿੱਚ ਆਵੇਗੀ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












