ਸੱਜਣ ਕੁਮਾਰ ਨੂੰ 1984 ਦੇ ਸਿੱਖ ਕਤਲੇਆਮ ਵਿੱਚ ਦੋ ਸਿੱਖਾਂ ਦੇ ਕਤਲ ਮਾਮਲੇ 'ਚ ਉਮਰ ਕੈਦ ਹੋਈ, ਜਾਣੋ ਕਿਉਂ ਨਹੀਂ ਹੋਈ ਫ਼ਾਂਸੀ ਦੀ ਸਜ਼ਾ

ਸੱਜਣ ਕੁਮਾਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੱਜਣ ਕੁਮਾਰ ਫ਼ਿਲਹਾਲ ਇੱਕ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਹਨ ਅਤੇ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੰਦ ਹਨ ਅਤੇ ਹੁਣ ਉਨ੍ਹਾਂ ਨੂੰ ਇੱਕ ਹੋਰ ਮਾਮਲੇ ਵਿੱਚ ਉਮਰ ਕੈਦ ਹੋ ਗਈ ਹੈ
    • ਲੇਖਕ, ਅਵਤਾਰ ਸਿੰਘ
    • ਰੋਲ, ਬੀਬੀਸੀ ਪੱਤਰਕਾਰ

ਭਾਰਤ ਦੀ ਰਾਜਧਾਨੀ ਦਿੱਲੀ ਵਿੱਚ 1984 ਵਿੱਚ ਦੋ ਸਿੱਖਾਂ ਦੇ ਹੋਏ ਕਤਲ ਦੇ ਮਾਮਲੇ ਵਿੱਚ ਅਦਾਲਤ ਨੇ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ।

ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਵਿੱਚ ਚੱਲ ਰਹੇ ਇਸ ਮਾਮਲੇ ਵਿੱਚ 12 ਫਰਵਰੀ ਨੂੰ ਸੱਜਣ ਕੁਮਾਰ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ।

ਸਜ਼ਾ ਸੁਣਾਏ ਜਾਣ ਤੋਂ ਬਾਅਦ ਵਕੀਲ ਐੱਚਐੱਚ ਫੂਲਕਾ ਨੇ ਕਿਹਾ, "ਅੱਜ ਸੱਜਣ ਕੁਮਾਰ ਨੂੰ ਅਦਾਲਤ ਨੇ ਦੋਹਰੀ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇੱਕ ਸਜ਼ਾ ਦੋ ਸਿੱਖਾਂ ਦੇ ਕਤਲ ਦੇ ਮਾਮਲੇ ਵਿੱਚ ਅਤੇ ਦੂਜਾ ਜਿਹੜੇ 436 ਘਰਾਂ ਨੂੰ ਸਾੜਿਆ ਅਤੇ ਲੁੱਟਿਆ, ਉਸ ਵਿੱਚ ਵੀ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ।"

"ਇਸੇ ਤਰ੍ਹਾਂ ਕਈ ਹੋਰ ਮਾਮਲਿਆਂ ਵਿੱਚ ਵੀ ਵੱਖ-ਵੱਖ ਸਜ਼ਾਵਾਂ ਹਨ। ਪਰ ਇਹ ਜਿਹੜੀ ਦੋਹਰੀ ਉਮਰ ਕੈਦ ਦੀ ਸਜ਼ਾ ਹੈ, ਉਹ ਵੱਡੀ ਗੱਲ ਹੈ। ਜੱਜਾਂ ਨੇ ਆਪਣੇ ਫ਼ੈਸਲੇ ਵਿੱਚ ਲਿਖਿਆ ਹੈ ਕਿ ਜੋ ਅਸੀਂ ਅਤੇ ਸਰਕਾਰ ਨੇ ਫਾਂਸੀ ਦੀ ਮੰਗ ਕੀਤੀ ਸੀ, ਉਸ ਨੂੰ ਨਹੀਂ ਦਿੱਤਾ ਗਿਆ ਕਿਉਂਕਿ ਇਸ ਕੇਸ ਵਿੱਚ ਮਿਟੀਗੇਟੀ ਹਾਲਾਤ ਹਨ ਯਾਨਿ ਅਪਰਾਧ ਨੂੰ ਘਟਾਉਣ ਵਾਲੇ ਅਜਿਹੇ ਹਾਲਾਤ ਜੋ ਕਿਸੇ ਵਿਅਕਤੀ ਦੀ ਸਜ਼ਾ ਅਤੇ ਅਪਰਾਧ ਨੂੰ ਘੱਟ ਕਰ ਸਕਦੇ ਹਨ।"

ਇਹ ਹਾਲਾਤ ਉਮਰ, ਮਾਨਸਿਕ ਸਿਹਤ, ਦੁਰਵਿਵਹਾਰ ਦਾ ਇਤਿਹਾਸ ਜਾਂ ਅਪਰਾਧਿਕ ਰਿਕਾਰਡ ਦੀ ਘਾਟ ਉੱਤੇ ਵਰਗੇ ਹੋ ਸਕਦੇ ਹਨ।

ਉਨ੍ਹਾਂ ਨੇ ਕਿਹਾ, "ਸੱਜਣ ਕੁਮਾਰ ਦੀ 80 ਸਾਲ ਦੀ ਉਮਰ ਹੈ ਅਤੇ ਕਈ ਬਿਮਾਰੀਆਂ ਲੱਗੀਆਂ ਹੋਈਆਂ ਹਨ। ਜੇਲ੍ਹ ਦੀ ਰਿਪੋਰਟ ਮੁਤਾਬਕ ਉਹ ਆਪਣੇ ਆਪ ਨੂੰ ਸੰਭਾਲ ਵੀ ਨਹੀਂ ਸਕਦੇ ਹਨ। ਉਨ੍ਹਾਂ ਨੂੰ ਬਾਥਰੂਮ ਤੱਕ ਜਾਣ ਲਈ ਵੀ ਮਦਦ ਦੀ ਲੋੜ ਹੈ।

"ਕਾਨੂੰਨ ਹੈ ਕਿ 80 ਸਾਲ ਦੀ ਉਮਰ ਹੋਵੇ ਅਤੇ ਬਿਮਾਰੀਆਂ ਲੱਗੀਆਂ ਹੋਣ ਤਾਂ ਫਾਂਸੀ ਦੀ ਸਜ਼ਾ ਨਹੀਂ ਹੁੰਦੀ। ਫਿਰ ਵੀ ਜੱਜ ਨੇ ਜਿੰਨੀ ਜ਼ਿਆਦਾ ਹੋ ਸਕਦੀ ਸੀ ਸਜ਼ਾ ਸੁਣਾਈ ਹੈ।"

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਸਜ਼ਾ ਮਗਰੋਂ ਆਈਆਂ ਪ੍ਰਤੀਕਿਰਿਆਵਾਂ

ਦਿੱਲੀ ਦੇ ਕੈਬਨਿਟ ਮੰਤਰੀ ਮਨਜਿੰਦਰ ਸਿੰਘ ਨੇ ਖ਼ਬਰ ਏਜੰਸੀ ਏਐੱਨਆਈ ਨੂੰ ਕਿਹਾ, "ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਧੰਨਵਨਾਦ ਕਰਦਾ ਹਾਂ, ਜਿਨ੍ਹਾਂ ਐੱਸਆਈਟੀ ਬਣਾ ਕੇ ਇਨ੍ਹਾਂ ਕੇਸਾਂ ਨੂੰ ਮੁੜ ਖੁੱਲ੍ਹਵਾਇਆ ਸੀ। ਇਹ 35 ਸਾਲਾਂ ਤੋਂ ਬੰਦ ਪਏ ਕੇਸ ਸਨ ਅਤੇ ਅਜਿਹੇ ਲੋਕ ਮੁੱਖ ਮੰਤਰੀ ਤੇ ਵਿਧਾਇਕ ਬਣ ਕੇ ਘੁੰਮਦੇ ਸਨ।"

"ਅਗਲੀ ਰਣਨੀਤੀ ਅਸੀਂ ਬਣਾਵਾਂਗੇ ਕਿ ਫਾਂਸੀ ਲਈ ਅਦਾਲਤ ਜਾਣਾ ਹੈ ਜਾਂ ਨਹੀਂ। ਪਰ ਫਿਲਹਾਲ ਸਤੁੰਸ਼ਟੀ ਹੈ ਅਤੇ ਅਗਲੀ ਵਾਰੀ ਜਗਦੀਸ਼ ਟਾਈਟਲਰ ਦੀ ਅਤੇ ਕਮਲ ਨਾਥ ਦੀ ਵਾਰੀ ਹੈ।"

ਸਜ਼ਾ ਤੋਂ ਬਾਅਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਖ਼ਬਰ ਏਜੰਸੀ ਏਐੱਨਆਈ ਨਾਲ ਆਪਣੀ ਪ੍ਰਤੀਕਿਰਿਆ ਸਾਂਝੀ ਕੀਤੀ।

ਉਨ੍ਹਾਂ ਨੇ ਕਿਹਾ, "ਦਿੱਲੀ ਵਿੱਚ ਸੈਂਕੜੇ ਸਿੱਖਾਂ ਦਾ ਕਤਲ ਹੋਇਆ ਅਤੇ ਇੱਕ ਅਜਿਹੀ ਉਦਾਹਰਣ ਪੇਸ਼ ਕਰਨੀ ਚਾਹੀਦੀ ਸੀ ਕਿ ਭਾਵੇਂ ਕੋਈ ਕਿੰਨਾ ਤਾਕਤਵਰ ਕਿਉਂ ਨਾਲ ਹੋਵੇ ਪਰ ਜੇਕਰ ਕਿਸੇ ਨਿਰਦੋਸ਼ ਦਾ ਕਤਲ ਕਰੇਗਾ ਤਾਂ ਉਹ ਬਖ਼ਸ਼ਿਆ ਨਹੀਂ ਜਾਵੇਗਾ।"

ਮਨਜਿੰਦਰ ਸਿੰਘ ਸਿਰਸਾ

ਤਸਵੀਰ ਸਰੋਤ, Getty Images

ਦੋਸ਼ੀ ਕਰਾਰ ਦੇਣ ਵੇਲੇ ਜੱਜਾਂ ਨੇ ਕੀ ਕਿਹਾ ਸੀ

ਉਸ ਵੇਲੇ ਅਦਾਲਤ ਨੇ ਆਪਣੀ ਜਜਮੈਂਟ ਵਿੱਚ ਕਿਹਾ ਸੀ, ''ਇਸ ਘਟਨਾ ਦੇ ਸਮੇਂ ਯਾਨਿ 1 ਨਵੰਬਰ 1984 ਨੂੰ ਗਵਾਹ ਨੰਬਰ-11 ਦੀ ਉਮਰ ਲਗਭਗ 14 ਸਾਲ ਸੀ ਅਤੇ ਉਹ 10ਵੀਂ ਜਮਾਤ ਦੀ ਵਿਦਿਆਰਥਣ ਸੀ। ਉਸ ਦੇ ਪਿਤਾ ਅਤੇ ਭਰਾ ਨੂੰ ਜ਼ਿੰਦਾ ਸਾੜਨ ਦੀ ਘਟਨਾ, 14 ਸਾਲ ਦੇ ਬੱਚੇ ਦੀਆਂ ਯਾਦਾਂ 'ਚੋਂ ਕਦੇ ਵੀ ਮੱਧਮ ਨਹੀਂ ਪੈ ਸਕਦੀ। ਅਦਾਲਤ ਨੂੰ ਉਸ ਦੀ ਗਵਾਹੀ ਨੂੰ ਅਸਵੀਕਾਰ ਕਰਨ ਦਾ ਕੋਈ ਕਾਰਨ ਦਿਖਾਈ ਨਹੀਂ ਦਿੰਦਾ।''

ਇਹ ਫੈਸਲਾ ਰਾਊਜ਼ ਅਵੈਨਿਊ ਅਦਾਲਤ ਵਿੱਚ ਅਡੀਸ਼ਨਲ ਸੈਸ਼ਨ ਜੱਜ ਅਤੇ ਸਪੈਸ਼ਲ ਜੱਜ ਕਾਵੇਰੀ ਬਵੇਜਾ ਦੀ ਅਦਲਾਤ ਨੇ ਸੁਣਾਇਆ ਸੀ।

ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦਿੱਲੀ ਵਿੱਚ ਹੋਏ ਸਿੱਖ ਕਤਲੇਆਮ ਵਿੱਚ ਮਾਰੇ ਗਏ ਹਜ਼ਾਰਾਂ ਸਿੱਖਾਂ ਵਿੱਚ ਜਸਵੰਤ ਸਿੰਘ ਅਤੇ ਉਹਨਾਂ ਦੇ ਪੁੱਤਰ ਤਰੁਨਦੀਪ ਸਿੰਘ ਦਾ ਨਾਮ ਵੀ ਸ਼ਾਮਿਲ ਸੀ।

ਇਹ ਘਟਨਾ ਜਿੱਥੇ ਵਾਪਰੀ ਉਹ ਸਰਸਵਤੀ ਵਿਹਾਰ ਪੁਲਿਸ ਥਾਣੇ ਅਧੀਨ ਆਉਂਦਾ ਸੀ।

ਇਸ ਹਿੰਸਾ ਦੌਰਾਨ ਸੱਜਣ ਕੁਮਾਰ 'ਤੇ ਭੀੜ ਦੀ ਅਗਵਾਈ ਕਰਨ ਦਾ ਇਲਜ਼ਾਮ ਸੀ। ਜਜਮੈਂਟ ਮੁਤਾਬਕ ਸੱਜਣ ਕੁਮਾਰ ਨੂੰ ਦੰਗਿਆਂ ਅਤੇ ਕਤਲ ਦੀ ਧਾਰਾ ਸਮੇਤ ਕਈ ਹੋਰ ਧਾਰਾਵਾਂ ਤਹਿਤ ਦੋਸ਼ੀ ਪਾਇਆ ਗਿਆ ਸੀ।

ਉਹ ਫਿਲਹਾਲ ਇੱਕ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਹਨ ਅਤੇ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੰਦ ਹਨ।

ਦੋ ਸਿੱਖਾਂ ਨੂੰ ਜ਼ਿੰਦਾ ਸਾੜਨ ਦਾ ਕੀ ਮਾਮਲਾ ਸੀ?

ਵਕੀਲ ਐੱਚਐੱਸ ਫੂਲਕਾ
ਤਸਵੀਰ ਕੈਪਸ਼ਨ, ਸੀਨੀਅਰ ਵਕੀਲ ਐੱਚਐੱਸ ਫੂਲਕਾ ਦੱਸਦੇ ਹਨ ਕਿ ਮ੍ਰਿਤਕ ਜਸਵੰਤ ਸਿੰਘ ਦੀ ਪਤਨੀ ਨੇ 1985 ਵਿੱਚ ਹੀ ਇੱਕ ਐਫੀਡੈਵਿਟ ਵਿੱਚ ਲਿਖ ਕੇ ਦਿੱਤਾ ਸੀ ਕਿ ਭੀੜ ਦੀ ਅਗਵਾਈ ਸੱਜਣ ਕੁਮਾਰ ਕਰ ਰਿਹਾ ਸੀ

ਉਸ ਵੇਲੇ ਪੀੜ੍ਹਤਾਂ ਦੇ ਵਕੀਲ ਐੱਚਐੱਸ ਫੂਲਕਾ ਨੇ ਦੱਸਿਆ ਸੀ ਕਿ 1 ਨਵੰਬਰ 1984 ਨੂੰ ਜਸਵੰਤ ਸਿੰਘ ਅਤੇ ਉਹਨਾਂ ਦੇ ਪੁੱਤਰ ਤਰੁਨਦੀਪ ਸਿੰਘ ਨੂੰ ਪੱਛਮੀ ਦਿੱਲੀ ਵਿੱਚ ਜ਼ਿੰਦਾ ਸਾੜ ਦਿੱਤਾ ਗਿਆ ਸੀ।

ਫੂਲਕਾ ਕਹਿੰਦੇ ਹਨ, ''ਦੋਵਾਂ ਦਾ ਕਤਲ ਕਰ ਦਿੱਤਾ ਗਿਆ ਅਤੇ ਉਨ੍ਹਾਂ ਨੂੰ ਜ਼ਿੰਦਾ ਸਾੜਿਆ ਗਿਆ ਸੀ। ਉਨ੍ਹਾਂ ਦੇ ਘਰ ਨੂੰ ਲੁੱਟਿਆ ਗਿਆ। ਜਸਵੰਤ ਸਿੰਘ ਦੀ ਪਤਨੀ, ਧੀ ਅਤੇ ਭਤੀਜੀਆਂ ਨੂੰ ਵੀ ਭੀੜ ਵੱਲੋਂ ਕੁੱਟਿਆ ਗਿਆ ਸੀ। ਇਸ ਭੀੜ ਦੀ ਅਗਵਾਈ ਸੱਜਣ ਕੁਮਾਰ ਕਰ ਰਿਹਾ ਸੀ।''

ਇਸ ਕੇਸ ਦੇ ਰਿਕਾਰਡ ਵਿੱਚ ਜਸਵੰਤ ਸਿੰਘ ਦੀ ਧੀ ਪੀੜ੍ਹਤ 'Y' ਹੈ ਅਤੇ ਗਵਾਹ ਨੰਬਰ 11 ਹੈ। ਰਿਕਾਰਡ ਮੁਤਾਬਕ, ਉਨ੍ਹਾਂ ਨੇ ਇਲਜ਼ਾਮ ਲਗਾਇਆ ਸੀ ਕਿ ਸ਼ਾਮ ਨੂੰ ਕਰੀਬ 4-4.30 ਵਜੇ ਭੀੜ ਇੱਕ ਵਾਰ ਫਿਰ ਆਈ ਅਤੇ ਉਨ੍ਹਾਂ ਦੇ ਘਰ ਦੇ ਅੱਗੇ ਅਤੇ ਪਿਛਲੇ ਵਾਲੇ ਪਾਸੇ ਤੋਂ ਹਮਲਾ ਕੀਤਾ।

ਉਹ ਅੱਗੇ ਕਹਿੰਦੇ ਹਨ ਕਿ ਜਿਵੇਂ ਕਿ ਉਨ੍ਹਾਂ ਨੇ ਬਾਹਰ ਹਜ਼ਾਰਾਂ ਲੋਕਾਂ ਦੀ ਭੀੜ ਵੇਖੀ ਜਿਨ੍ਹਾਂ ਕੋਲ ਇੱਟਾਂ, ਲਾਠੀਆਂ ਅਤੇ ਲੋਹੇ ਦੀਆਂ ਰਾਡਾਂ ਸਨ। ਭੀੜ ਨੇ ਉਨ੍ਹਾਂ ਨੂੰ ਮਾਰਨਾ ਸ਼ੁਰੂ ਕੀਤਾ ਅਤੇ ਉਸ ਦੇ ਸਿਰ 'ਤੇ ਇੱਟ ਨਾਲ ਹਮਲਾ ਕੀਤਾ ਗਿਆ।

ਮ੍ਰਿਤਕ ਦੀ ਪਤਨੀ ਨੇ ਜਸਟਿਸ ਜੇ.ਡੀ. ਜੈਨ ਅਤੇ ਜਸਟਿਸ ਡੀ.ਕੇ. ਅਗਰਵਾਲ ਦੀ ਬਣੀ ਕਮੇਟੀ ਨੂੰ 6 ਨਵੰਬਰ 1991 ਨੂੰ ਬਿਆਨ ਦਰਜ ਕਰਵਾਇਆ ਸੀ ਕਿ ਉਹਨਾਂ ਨੇ ਮੁਲਜ਼ਮ ਦੀ ਤਸਵੀਰ ਬਾਅਦ ਵਿੱਚ ਇੱਕ ਰਸਾਲੇ ਵਿੱਚ ਦੇਖੀ ਸੀ ਅਤੇ ਪਛਾਣਿਆ ਸੀ ਕਿ ਭੀੜ ਨੂੰ ਭੜਕਾਉਣਾ ਵਾਲਾ ਬੰਦਾ ਕੌਣ ਹੈ।

ਇਹ ਵੀ ਪੜ੍ਹੋ-

ਸਾਲ ਦਰ ਸਾਲ ਕਿਵੇਂ ਚੱਲਿਆ ਕੇਸ

ਸੀਨੀਅਰ ਵਕੀਲ ਐੱਚਐੱਸ ਫੂਲਕਾ ਦੱਸਦੇ ਹਨ ਕਿ ਜਸਵੰਤ ਸਿੰਘ ਦੀ ਪਤਨੀ ਨੇ 1985 ਵਿੱਚ ਹੀ ਇੱਕ ਐਫੀਡੈਵਿਟ ਵਿੱਚ ਲਿਖ ਕੇ ਦਿੱਤਾ ਸੀ ਕਿ ਭੀੜ ਦੀ ਅਗਵਾਈ ਸੱਜਣ ਕੁਮਾਰ ਕਰ ਰਿਹਾ ਸੀ ਪਰ ਉਸ ਖ਼ਿਲਾਫ਼ ਕੋਈ ਕੇਸ ਦਰਜ ਨਹੀਂ ਕੀਤਾ ਗਿਆ।

ਐੱਚਐੱਸ ਫੂਲਕਾ ਕਹਿੰਦੇ ਹਨ, ''ਉਸ ਤੋਂ ਬਾਅਦ ਉਨ੍ਹਾਂ ਨੇ ਲੈਫਟੀਨੈਂਟ ਗਵਰਨਰ ਨੂੰ ਚਿੱਠੀਆਂ ਲਿਖੀਆਂ। ਇਸ ਸਮੇਂ ਜਸਟਿਸ ਜੈਨ ਅਤੇ ਅਗਵਾਲ ਕਮੇਟੀ ਨੇ ਸਿਫ਼ਾਰਿਸ਼ ਕੀਤੀ ਕਿ ਕੇਸ ਦਰਜ ਕੀਤਾ ਜਾਵੇ। ਜਿਸ ਤੋਂ ਮਗਰੋਂ 1991 ਵਿੱਚ ਇੱਕ ਕੇਸ ਦਰਜ ਕੀਤੀ ਗਿਆ। ਪਰਿਵਾਰ ਦੇ ਬਿਆਨ ਵੀ ਦਰਜ ਹੋਏ ਪਰ ਪੁਲਿਸ ਨੇ ਇਹ ਕੇਸ ਬੰਦ ਕਰ ਦਿੱਤਾ।''

ਫੂਲਕਾ ਮੁਤਾਬਕ, ''ਜਦੋਂ ਸਾਲ 2014 ਵਿੱਚ ਐੱਨਡੀਏ ਦੀ ਸਰਕਾਰ ਆਈ ਤਾਂ ਅਸੀਂ ਮੰਗ ਕੀਤੀ ਕਿ ਜਿਹੜੇ ਕੇਸ ਪੁਲਿਸ ਨੇ ਬੰਦ ਕਰ ਦਿੱਤੇ ਸਨ ਅਤੇ ਅਦਾਲਤ ਵਿੱਚ ਲਿਜਾਏ ਨਹੀਂ ਗਏ, ਉਨ੍ਹਾਂ ਦੀ ਮੁੜ ਜਾਂਚ ਕੀਤੀ ਜਾਵੇ। ਸਰਕਾਰ ਨੇ ਸੁਪਰੀਮ ਕੋਰਟ ਦੇ ਸੇਵਾ ਮੁਕਤ ਜੱਜ ਜੀਪੀ ਮਾਥੁਰ ਦੀ ਕਮੇਟੀ ਬਣਾਈ। ਇਸ ਕਮੇਟੀ ਨੇ ਰਿਪੋਰਟ ਦਿੱਤੀ ਕਿ ਕੇਸ ਗਲਤ ਬੰਦ ਕੀਤੇ ਗਏ ਹਨ, ਸਬੂਤ ਮੌਜੂਦ ਹਨ ਅਤੇ ਇਨ੍ਹਾਂ ਦੀ ਮੁੜ ਜਾਂਚ ਹੋਣੀ ਚਾਹੀਦੀ ਹੈ।''

ਇਸ ਤੋਂ ਬਾਅਦ ਸਾਲ 2015 ਵਿੱਚ ਸਰਕਾਰ ਨੇ ਇੱਕ ਐੱਸਆਈਟੀ ਦਾ ਗਠਨ ਕੀਤਾ, ਜਿਸ ਨੇ ਇਸ ਕੇਸ ਨੂੰ ਦੁਬਾਰਾ ਖੋਲ੍ਹਿਆ।

ਸਿੱਖਾਂ ਦਾ ਪ੍ਰਦਰਸ਼ਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਐਡਵੋਕੇਟ ਫੂਲਕਾ ਮੁਤਾਬਕ, ਮ੍ਰਿਤਕਾਂ ਦੇ ਪਰਿਵਾਰ ਵਾਲੇ ਪਹਿਲਾਂ ਆਪਣੀ ਜਾਨ ਨੂੰ ਖਤਰਾ ਮੰਨ ਕੇ ਸਾਹਮਣੇ ਆਉਣ ਲਈ ਤਿਆਰ ਨਹੀਂ ਸਨ, ਪਰ ਫਿਰ ਉਹ ਅਦਾਲਤ ਅੱਗੇ ਪੇਸ਼ ਹੋ ਗਏ (ਸੰਕੇਤਕ ਤਸਵੀਰ)

ਗਵਾਹਾਂ ਦੀ ਪਛਾਣ ਗੁਪਤ ਰੱਖੀ ਗਈ

ਇਹ ਕੇਸ 5 ਮਈ 2021 ਨੂੰ ਰਾਊਜ਼ ਅਵੈਨਿਊ ਅਦਾਲਤ ਵਿੱਚ ਸ਼ੁਰੂ ਹੋਇਆ ਸੀ ਅਤੇ ਇਸ ਵਿੱਚ 12 ਫਰਵਰੀ 2025 ਨੂੰ ਅਦਾਲਤ ਨੇ ਸੱਜਣ ਕੁਮਾਰ ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ।

ਇਸ ਕੇਸ ਦੌਰਾਨ ਪੀੜ੍ਹਤ ਗਵਾਹਾਂ ਨੇ ਆਪਣੀ ਜਾਨ ਨੂੰ ਖ਼ਤਰਾ ਦੱਸਿਆ ਸੀ। ਮ੍ਰਿਤਕ ਜਸਵੰਤ ਸਿੰਘ ਦੀ ਪਤਨੀ, ਧੀ ਅਤੇ ਭਤੀਜੀ ਇਸ ਕੇਸ ਵਿੱਚ ਗਵਾਹ ਹਨ।

ਉਨ੍ਹਾਂ ਦੇ ਵਕੀਲ ਐੱਚਐੱਸ ਫੂਲਕਾ ਦੱਸਦੇ ਹਨ, ''ਇਹ ਪਰਿਵਾਰ ਬਹੁਤ ਡਰਿਆ ਅਤੇ ਘਬਰਾਇਆ ਹੋਇਆ ਸੀ। ਉਨ੍ਹਾਂ ਨੇ ਪਹਿਲਾ ਕਿਹਾ ਸੀ ਕਿ ਉਹ ਸਾਹਮਣੇ ਨਹੀਂ ਆਉਣਾ ਚਾਹੁੰਦੇ ਪਰ ਅਦਾਲਤ ਵਿੱਚੋਂ ਖਾਸ ਆਦੇਸ਼ ਲਏ ਗਏ ਕਿ ਇਨ੍ਹਾਂ ਦੀ ਪਛਾਣ ਗੁਪਤ ਰੱਖੀ ਜਾਵੇ। ਅਦਾਲਤ ਦੇ ਆਦੇਸ਼ਾਂ ਮਗਰੋਂ ਪਰਿਵਾਰ ਨੇ ਆ ਕੇ ਬਿਆਨ ਦਿੱਤੇ।''

ਸੱਜਣ ਕੁਮਾਰ ਨੇ ਕੀ ਪੱਖ ਰੱਖਿਆ ਸੀ?

ਸੱਜਣ ਕੁਮਾਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਹਾਲਾਂਕਿ ਸੱਜਣ ਕੁਮਾਰ ਨੇ ਆਪਣੇ ਉੱਪਰ ਲੱਗੇ ਇਲਜ਼ਾਮਾਂ ਤੋਂ ਇਨਕਾਰ ਕੀਤਾ ਹੈ

ਕੇਸ ਦੀ ਜੱਜਮੈਂਟ ਵਿੱਚ ਮੁਲਜ਼ਮ ਵੱਲੋਂ ਕੀਤੇ ਗਏ ਦਾਅਵੇ ਮੁਤਾਬਕ ਇਹ ਇਲਜ਼ਾਮ ਝੂਠੇ ਅਤੇ ਸਿਆਸਤ ਤੋਂ ਪ੍ਰੇਰਿਤ ਹਨ।

ਸੱਜਣ ਕੁਮਾਰ ਨੇ ਅਦਾਲਤ ਵਿੱਚ ਬੇਗੁਨਾਹ ਹੋਣ ਦੀ ਦਲੀਲ ਦਿੱਤੀ ਸੀ ਅਤੇ ਕੋਈ ਵੀ ਜੁਰਮ ਕਰਨ ਤੋਂ ਇਨਕਾਰ ਕੀਤਾ ਸੀ।

ਉਨ੍ਹਾਂ ਨੇ ਕਿਸੇ ਅਜਿਹੀ ਭੀੜ ਦਾ ਹਿੱਸਾ ਹੋਣ ਤੋਂ ਵੀ ਇਨਕਾਰ ਕੀਤਾ ਜਿਸ ਨੇ ਇਲਾਕੇ ਵਿੱਚ ਹਿੰਸਾ ਜਾਂ ਦੰਗੇ ਕੀਤੇ।

1984 ਨਾਲ ਸਬੰਧਤ ਕਿੰਨੇ ਕੇਸ ਹਾਲੇ ਵਿਚਾਰ ਅਧੀਨ ਹਨ?

ਜਗਦੀਸ਼ ਟਾਇਟਲਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜਗਦੀਸ਼ ਟਾਇਟਲਰ

31 ਅਕਤੂਬਰ 1984 ਨੂੰ ਤਤਕਾਲੀ ਪ੍ਰਧਾਨ ਮੰਤਰੀ ਇੰਦਰ ਗਾਂਧੀ ਦਾ ਉਨ੍ਹਾਂ ਦੇ ਨਿੱਜੀ ਸੁਰੱਖਿਆ ਗਾਰਡਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਇਸ ਮਗਰੋਂ ਦਿੱਲੀ ਤੇ ਹੋਰ ਸੂਬਿਆਂ ਵਿੱਚ ਸਿੱਖਾਂ ਦਾ ਕਤਲੇਆਮ ਹੋਇਆ ਸੀ।

ਸਰਕਾਰ ਵੱਲੋਂ ਸਿੱਖ ਕਤਲੇਆਮ ਦੀ ਜਾਂਚ ਲਈ ਬਣਾਏ ਗਏ ਨਾਨਾਵਤੀ ਕਮਿਸ਼ਨ ਮੁਤਾਬਕ, ਇਸ ਕਤਲੇਆਮ ਵਿੱਚ 2733 ਸਿੱਖਾਂ ਦਾ ਕਤਲ ਹੋਇਆ ਸੀ। ਹਾਲਾਂਕਿ ਸਰਕਾਰੀ ਅੰਕੜਿਆਂ ਅਤੇ ਸਿੱਖ ਜਥੇਬੰਦੀਆਂ ਦੇ ਦਾਅਵਿਆਂ ਵਿੱਚ ਫ਼ਰਕ ਹੈ।

ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਐੱਚਐੱਸ ਫੂਲਕਾ ਲੰਮੇ ਸਮੇਂ ਤੋਂ 1984 ਦੇ ਸਿੱਖ ਕਤਲੇਆਮ ਦੇ ਪੀੜਤਾਂ ਦੇ ਕੇਸ ਲੜ ਰਹੇ ਹਨ।

ਉਹ ਦੱਸਦੇ ਹਨ, ''ਜ਼ਿਆਦਾਤਰ ਕੇਸ ਹੁਣ ਖਤਮ ਹੋ ਗਏ। ਹਲਾਂਕਿ ਇੱਕ ਹੋਰ ਕੇਸ ਸੱਜਣ ਕੁਮਾਰ ਖ਼ਿਲਾਫ ਬਾਕੀ ਹੈ। ਤਿੰਨ ਸਿੱਖਾਂ ਦੇ ਕਤਲ ਦਾ ਇੱਕ ਕੇਸ ਜਗਦੀਸ਼ ਟਾਇਟਲਰ ਖ਼ਿਲਾਫ਼ ਚੱਲ ਰਿਹਾ ਹੈ। ਟਰਾਇਲ ਕੋਰਟ ਵਿੱਚ ਤਿੰਨ ਹੋਰ ਕੇਸ ਚੱਲ ਰਹੇ ਹਨ। ਇਸ ਦੇ ਨਾਲ ਹੀ ਕੁਝ ਅਪੀਲਾਂ ਹਾਈ ਕੋਰਟ ਅਤੇ ਸੁਪਰੀਮ ਕੋਰਟ ਵਿੱਚ ਵਿਚਾਰ ਅਧੀਨ ਹਨ।''

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)