ਸੰਗਰੂਰ ਵਿੱਚ ਬੀਆਰ ਅੰਬੇਡਕਰ ਦੇ ਬੁੱਤ ਨੂੰ ਲੈ ਕੇ ਹੋਇਆ ਟਕਰਾਅ, ਚੱਲੇ ਇੱਟਾਂ-ਰੋੜੇ

ਤਸਵੀਰ ਸਰੋਤ, Charanjeev Kaushal/BBC
- ਲੇਖਕ, ਚਰਨਜੀਵ ਕੌਸ਼ਲ
- ਰੋਲ, ਬੀਬੀਸੀ ਸਹਿਯੋਗੀ
ਪੰਜਾਬ ਦੇ ਜ਼ਿਲ੍ਹਾ ਸੰਗਰੂਰ ਦੇ ਪਿੰਡ ਬਘਰੌਲ ਦੇ ਅੰਦਰ ਭੀਮ ਰਾਓ ਅੰਬੇਡਕਰ ਦਾ ਬੁੱਤ ਲਗਾਉਣ ਨੂੰ ਲੈ ਕੇ ਮਾਹੌਲ ਭਖ ਗਿਆ ਅਤੇ ਨੌਬਤ ਇੱਟਾਂ-ਰੋੜੇ ਚੱਲਣ ਤੱਕ ਪਹੁੰਚ ਗਈ।
ਇੱਟਾਂ-ਰੋੜਿਆਂ ਦੀ ਹੋਈ ਬਰਸਾਤ ਕਾਰਨ ਪਿੰਡ ਪੁਲਿਸ ਛਾਉਣੀ ਵਿੱਚ ਤਬਦੀਲ ਹੋ ਗਿਆ ਗਿਆ। ਫਿਲਹਾਲ ਮਾਹੌਲ ਕਾਬੂ ਵਿੱਚ ਹੈ।
ਦਰਅਸਲ, ਪਿੰਡ ਦੀਆਂ ਦੋ ਧਿਰਾਂ ਵਿਚਾਲੇ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਨੂੰ ਲਗਾਉਣ ਨੂੰ ਲੈ ਕੇ ਵਿਵਾਦ ਹੋ ਗਿਆ ਸੀ।
ਪਿੰਡ ਦੀ ਇੱਕ ਧਿਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਬੁੱਤ ਲਗਾਉਣ ਦੀ ਮੰਗ ਸਾਲਾਂ ਪੁਰਾਣੀ ਹੈ ਅਤੇ ਇਸ ਵਾਰ ਬਕਾਇਦਾ ਪੰਚਾਇਤ ਨੇ ਮਤਾ ਪਾਸ ਕਰਕੇ ਬੁੱਤ ਲਗਾਇਆ ਹੈ।

ਉੱਧਰ ਹੀ ਦੂਜੀ ਧਿਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਬੁੱਤ ਲਗਾਉਣ ਸਬੰਧੀ ਕੋਈ ਦਿੱਕਤ ਨਹੀਂ ਹੈ ਪਰ ਜਗ੍ਹਾ ਦੀ ਬਦਲੀ ਚਾਹੁੰਦੇ ਹਨ ਅਤੇ ਇਸ ਸਬੰਧੀ ਉਨ੍ਹਾਂ ਨੇ ਅਦਾਲਤ ਤੋਂ ਸਟੇਅ ਵੀ ਲਈ ਹੋਈ ਸੀ।
ਇਸੇ ਨੂੰ ਲੈ ਕੇ ਹੀ ਵਿਵਾਦ ਇੰਨਾ ਵਧ ਗਿਆ। ਪਿੰਡ ਵਿੱਚ ਇੱਟਾਂ-ਰੋੜੇ ਤੱਕ ਚੱਲ ਗਏ ਅਤੇ ਕਈ ਲੋਕ ਜਖ਼ਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਉਣਾ ਪਿਆ।
ਹਾਲਾਂਕਿ, ਪੁਲਿਸ ਨੇ ਮੌਕੇ ʼਤੇ ਪਹੁੰਚ ਕੇ ਮਾਹੌਲ ਨੂੰ ਕਾਬੂ ਕੀਤਾ ਅਤੇ ਦੋਵੇਂ ਧਿਰਾਂ ਨੂੰ ਸਮਝਾਇਆ।

ਤਸਵੀਰ ਸਰੋਤ, Charanjeev Kaushal
ʻਧੱਕੇ ਨਾਲ ਲਗਾਇਆ ਗਿਆ ਬੁੱਤʼ
ਇਤਰਾਜ਼ ਜਤਾਉਣ ਵਾਲੀ ਧਿਰ ਦਾ ਕਹਿਣਾ ਹੈ ਕਿ ਇਹ ਬੁੱਤ ਧੱਕੇ ਨਾਲ ਲਗਾਇਆ ਗਿਆ ਹੈ।
ਇਤਰਾਜ਼ ਜਾਹਰ ਕਰਦਿਆਂ ਪਿੰਡ ਦੇ ਨੌਜਵਾਨ ਹਰਪ੍ਰੀਤ ਸਿੰਘ ਨੇ ਕਿਹਾ ਕਿ ਬੁੱਤ ਲਗਾਉਣ ਵਾਲੀ ਥਾਂ ਉੱਤੇ ਸਟੇਅ ਹੋਈ ਸੀ ਅਤੇ ਪੰਚਾਇਤ ਨੇ ਧੱਕੇ ਨਾਲ ਅੱਜ ਬੁੱਤ ਲਗਾ ਦਿੱਤਾ।
ਉਨ੍ਹਾਂ ਨੇ ਦੱਸਿਆ, "ਇਹ 13 ਤਰੀਕ ਦੀ ਸਟੇਅ ਹੋਈ ਹੈ ਅਤੇ ਅਸੀਂ ਇਹ ਨਹੀਂ ਚਾਹੁੰਦੇ ਕਿ ਇੱਥੇ ਬੁੱਤ ਲੱਗੇ। ਅਸੀਂ ਵੀ ਬੁੱਤ ਲਗਾਉਣ ਦੇ ਹੱਕ ਵਿੱਚ ਹਾਂ ਪਰ ਅਸੀਂ ਸਿਰਫ਼ ਇਹ ਕਹਿ ਰਹੇ ਸੀ ਥਾਂ ਬਦਲੀ ਜਾਵੇ। ਇਨ੍ਹਾਂ ਨੇ ਧੱਕੇ ਨਾਲ ਆ ਕੇ ਸਾਡੀਆਂ ਔਰਤਾਂ ਨਾਲ ਕੁੱਟਮਾਰ ਕੀਤੀ ਹੈ। ਬੰਦੇ ਸਾਡੇ ਸੰਗਰੂਰ ਦਾਖ਼ਲ ਹਨ।"
"ਪੁਲਿਸ ਵੀ ਇੱਥੇ ਘੰਟੇ ਬਾਅਦ ਪਹੁੰਚੀ ਹੈ। ਪ੍ਰਸ਼ਾਸਨ ਦੀ ਗ਼ੈਰ-ਮੌਜੂਦਗੀ ਵਿੱਚ ਬੁੱਤ ਲਗਾਇਆ ਗਿਆ ਹੈ। ਪੰਚਾਇਤ ਇੱਥੇ ਮੌਜੂਦ ਸੀ। ਇੱਟਾਂ-ਰੋੜੇ ਬਹੁਤ ਚਲਾਏ ਗਏ ਹਨ। ਸਾਡੇ ਤਾਂ ਬੰਦੇ ਹੀ 3-4 ਸਨ ਅਤੇ ਉਨ੍ਹਾਂ ਵੱਲੋਂ 100-150 ਬੰਦੇ ਸਨ।"
"ਅਸੀਂ ਇਹ ਨਹੀਂ ਚਾਹੁੰਦੇ ਕਿ ਬੁੱਤ ਨਾ ਲੱਗੇ ਪਰ ਅਸੀਂ ਚਾਹੁੰਦੇ ਹਾਂ ਕਿ ਥਾਂ ਬਦਲੀ ਜਾਏ।"

ਤਸਵੀਰ ਸਰੋਤ, Charanjeev Kaushal
'ਮਤਾ ਪਾਸ ਕਰਕੇ ਲਗਾਇਆ ਗਿਆ ਬੁੱਤ'
ਉੱਧਰ ਦਲਿਤ ਪਰਿਵਾਰ ਨਾਲ ਸਬੰਧਤ ਇੱਕ ਨੌਜਵਾਨ ਰਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ 25-30 ਸਾਲਾਂ ਤੋਂ ਇਹ ਮੰਗ ਸੀ ਕਿ ਉਹ ਪਿੰਡ ਵਿੱਚ ਡਾ. ਭੀਮ ਰਾਓ ਅੰਬੇਡਕਰ ਦਾ ਬੁੱਤ ਲਗਾਉਣਾ ਚਾਹੁੰਦੇ ਸੀ।
ਉਨ੍ਹਾਂ ਨੇ ਕਿਹਾ, "ਇਸ ਵਾਰ ਸਾਡੀ ਪੰਚਾਇਤੀ ਸਾਡੇ ਨਾਲ ਖੜ੍ਹੀ ਹੋਈ ਹੈ ਅਤੇ ਮਤਾ ਪਾ ਕੇ ਸ਼ਾਮਲਾਟ ਦੀ ਜਗ੍ਹਾ ʼਤੇ ਬਾਬਾ ਸਾਹਬ ਦਾ ਬੁੱਤ ਲਗਾਇਆ। ਪਰ ਜਿਹੜੇ 4-5 ਘਰ ਬੁੱਤ ਵਾਲੀ ਜਗ੍ਹਾ ਦੇ ਨੇੜੇ ਪੈਂਦੇ ਹਨ ਉਹ ਇਤਰਾਜ਼ ਕਰ ਰਹੇ ਹਨ ਕਿ ਇੱਥੇ ਬੁੱਤ ਨਹੀਂ ਲੱਗਣਾ ਚਾਹੀਦਾ।"
"ਇਸ ਵਿੱਚ ਹੋਰ ਕੋਈ ਵਿਵਾਦ ਵਾਲੀ ਗੱਲ ਨਹੀਂ ਹੈ। ਇਹ ਸਾਰਾ ਕੁਝ ਪ੍ਰਕਿਰਿਆ ਤਹਿਤ ਹੋ ਰਿਹਾ ਹੈ। ਬਕਾਇਦਾ ਪੰਚਾਇਤ ਵਿੱਚ ਮਤਾ ਪਾ ਕੇ ਲਗਾਇਆ ਗਿਆ ਹੈ।"

ਤਸਵੀਰ ਸਰੋਤ, Charanjeev Kaushal
ਅਦਾਲਤ ਵਿੱਚ ਬੁੱਤ ਲਗਾਉਣ ਨੂੰ ਲੈ ਕੇ ਸਟੇਅ ਬਾਰੇ ਬੋਲਦਿਆਂ ਰਜਿੰਦਰ ਸਿੰਘ ਨੇ ਦੱਸਿਆ, "4-5 ਘਰਾਂ ਨੇ ਕਿਸੇ ਹੋਰ ਗੱਲ ʼਤੇ ਸਟੇਅ ਲਈ ਸੀ ਉਸ ਵਿੱਚ ਬੁੱਤ ਬਾਰੇ ਕੁਝ ਨਹੀਂ ਸੀ ਪਰ ਉਹ ਸਟੇਅ ਵੀ ਖਾਰਜ ਹੋ ਗਈ ਸੀ। ਅਸੀਂ ਉਸ ਤੋਂ ਬਾਅਦ ਹੀ ਬੁੱਤ ਲਗਾਇਆ ਗਿਆ ਹੈ।"
ਹਾਲਾਂਕਿ, ਪਿੰਡ ਦੀ ਸਰਪੰਚ ਗੁਰਜਿੰਦਰ ਕੌਰ ਦਾ ਕਹਿਣਾ ਹੈ ਕਿ ਇਸ ਬੁੱਤ ਨੂੰ ਲਗਾਉਣ ਸਬੰਧੀ 25 ਤਰੀਕ ਨੂੰ ਮਤਾ ਪਾਇਆ ਸੀ।
ਪਰ ਵਿਰੋਧੀ ਧਿਰ ਦਾ ਕਹਿਣਾ ਹੈ ਕਿ ਇਹ ਬੁੱਤ ਇੱਥੇ ਨਹੀਂ ਲੱਗੇਗਾ।
ਗੁਰਜਿੰਦਰ ਕੌਰ ਦੱਸਦੇ ਹਨ, "ਅਸੀਂ ਕਿਹਾ ਬੁੱਤ ਤਾਂ ਇੱਥੇ ਹੀ ਲੱਗੇਗਾ ਕਿਉਂਕਿ ਹੋਰ ਕੋਈ ਪੰਚਾਇਤੀ ਜ਼ਮੀਨ ਨਹੀਂ ਹੈ। ਦੂਜੀ ਹਾਰੀ ਹੋਈ ਪਾਰਟੀ ਹੈ, ਵਿਰੋਧੀ ਪਾਰਟੀ ਹੈ ਕੀ ਕਹਿ ਸਕਦੇ ਹਾਂ। ਮੇਰੇ ਪਤੀ ਦੇ ਸਿਰ ਵਿੱਚ ਸੱਟ ਲੱਗੀ ਹੈ।"
"ਹੋਰ ਵੀ ਕਈਆਂ ਦੇ ਸੱਟਾਂ ਲੱਗੀਆਂ ਹਨ। ਬੁੱਤ ਲਗਾਉਣ ਦਾ ਸਾਡਾ ਫਰਜ਼ ਸੀ, ਅਸੀਂ ਲਗਾ ਦਿੱਤਾ। ਇਹ ਤਾਂ ਉਨ੍ਹਾਂ ਦੀ ਸਾਲਾਂ ਤੋਂ ਮੰਗ ਸੀ। ਅਸੀਂ ਇਨ੍ਹਾਂ ਨਾਲ ਵਾਅਦਾ ਕੀਤਾ ਸੀ ਕਿ ਬੁੱਤ ਲਗਾਵਾਂਗੇ ਅਤੇ ਅਸੀਂ ਆਪਣਾ ਵਾਅਦਾ ਪੂਰਾ ਕੀਤਾ।"

ਤਸਵੀਰ ਸਰੋਤ, Charanjeev Kaushal
ਪੁਲਿਸ ਦਾ ਕੀ ਕਹਿਣਾ ਹੈ
ਦਿੜ੍ਹਬਾ ਦੇ ਡੀਐੱਸਪੀ ਪ੍ਰਿਥਵੀ ਸਿੰਘ ਚਾਹਲ ਨੇ ਦੱਸਿਆ ਕਿ ਬੁੱਤ ਲਗਾਉਣ ਨੂੰ ਲੈ ਕੇ ਦੋ ਧਿਰਾਂ ਵਿੱਚ ਵਿਵਾਦ ਹੋਇਆ ਅਤੇ ਉਸੇ ਦੇ ਸਬੰਧ ਵਿੱਚ ਪੁਲਿਸ ਮੌਕੇ ʼਤੇ ਪਹੁੰਚੀ ਹੈ।
ਉਨ੍ਹਾਂ ਨੇ ਅੱਗੇ ਕਿਹਾ, "ਮਾਹੌਲ ਹੁਣ ਸ਼ਾਂਤ ਹੈ ਅਤੇ ਦੋਵਾਂ ਧਿਰਾਂ ਨੂੰ ਸਮਝਾਇਆ ਗਿਆ ਹੈ ਕਿ ਜੇਕਰ ਉਹ ਲੜਾਈ-ਝਗੜਾ ਕਰਦੇ ਹਨ ਤਾਂ ਉਨ੍ਹਾਂ ਦੇ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।"
"ਜਿਨ੍ਹਾਂ ਨੂੰ ਸੱਟਾਂ ਲੱਗੀਆਂ ਹਨ। ਉਹ ਹਸਪਤਾਲ ਵਿੱਚ ਦਾਖ਼ਲ ਹਨ ਅਤੇ ਉਨ੍ਹਾਂ ਦੇ ਬਿਆਨਾਂ ਦੇ ਆਧਾਰ ʼਤੇ ਕਾਰਵਾਈ ਕੀਤੀ ਜਾਵੇ।"
ਦਰਅਸਲ, ਇੱਕ ਧਿਰ ਚਾਹੁੰਦੀ ਸੀ ਕਿ ਬੁੱਤ ਇੱਥੇ ਨਾ ਲੱਗੇ ਅਤੇ ਦੂਜੀ ਧਿਰ ਚਾਹੁੰਦੀ ਸੀ ਕਿ ਬੁੱਤ ਇੱਥੇ ਹੀ ਲੱਗੇ ਅਤੇ ਇਸੇ ਤੋਂ ਵਿਵਾਦ ਉਪਜ ਗਿਆ।
ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਬੁੱਤ ਲਗਾਉਣ ਨੂੰ ਲੈ ਕੇ ਪ੍ਰਸ਼ਾਸਨ ਨੂੰ ਕੋਈ ਜਾਣਕਾਰੀ ਨਹੀਂ ਸੀ।
ਬੁੱਤ ਦੀ ਸੁਰੱਖਿਆ ਬਾਰੇ ਗੱਲ ਕਰਦਿਆਂ ਉਨ੍ਹਾਂ ਨੇ ਦੱਸਿਆ ਕਿ ਇਸ ਬਾਰੇ ਸੀਸੀਟੀਵੀ ਕੈਮਰਿਆਂ ਦੀ ਵਿਵਸਥਾ ਹੈ।

ਤਸਵੀਰ ਸਰੋਤ, Charanjeev Kaushal
ਅੰਮ੍ਰਿਤਸਰ ਵਿੱਚ ਅੰਬੇਡਕਰ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਸੀ
ਗਣਤੰਤਰ ਦਿਵਸ ਦੇ ਮੌਕੇ ਅੰਮ੍ਰਿਤਸਰ ਵਿੱਚ ਡਾਕਟਰ ਬੀਆਰ ਅੰਬੇਡਕਰ ਦੇ ਬੁੱਤ ਨੂੰ ਨੁਕਸਾਨ ਪਹੁੰਚਾਉਣ ਦਾ ਮਾਮਲਾ ਸਾਹਮਣੇ ਆਇਆ ਸੀ।
ਜਾਣਕਾਰੀ ਮੁਤਾਬਕ, ਇੱਕ ਵਿਅਕਤੀ ਨੇ ਡਾਕਟਰ ਬੀਆਰ ਅੰਬੇਡਕਰ ਦੇ ਬੁੱਤ 'ਤੇ ਚੜ੍ਹ ਕੇ ਉਸ ਨੂੰ ਹਥੌੜੇ ਨਾਲ ਤੋੜਨ ਦੀ ਕੋਸ਼ਿਸ ਕੀਤੀ ਸੀ। ਇਹ ਬੁੱਤ ਅੰਮ੍ਰਿਤਸਰ ਦੀ ਹੈਰੀਟੇਜ ਸਟ੍ਰੀਟ ਵਿੱਚ ਲੱਗਾ ਹੋਇਆ ਸੀ।
ਇਸ ਦੇ ਨਾਲ ਹੀ ਵਿਅਕਤੀ ਨੇ ਉੱਥੇ ਬਣੀ ਸੰਵਿਧਾਨ ਦੀ ਕਿਤਾਬ 'ਤੇ ਵੀ ਅੱਗ ਲਗਾਈ ਸੀ। ਜਿਸ ਮਗਰੋਂ ਵੱਖ-ਵੱਖ ਦਲਿਤ ਸਮਾਜ ਦੀਆਂ ਜਥੇਬੰਦੀਆਂ ਨੇ ਮੌਕੇ ਉੱਤੇ ਪਹੁੰਚ ਕੇ ਰੋਸ ਪ੍ਰਗਟਾਵਾ ਕੀਤਾ ਸੀ।
ਦਲਿਤ ਜਥੇਬੰਦੀਆਂ ਨੇ ਇਹ ਵੀ ਇਲਜ਼ਾਮ ਲਗਾਇਆ ਸੀ ਕਿ ਉਨ੍ਹਾਂ ਨੇ ਪੁਲਿਸ ਤੋਂ ਮੰਗ ਕੀਤੀ ਸੀ ਕਿ ਬੁੱਤ ਨੇੜੇ ਸੁਰੱਖਿਆ ਦੇ ਇੰਤਜ਼ਾਮ ਕੀਤੇ ਜਾਣ ਪਰ ਉਨ੍ਹਾਂ ਦੀ ਮੰਗ ਨੂੰ ਅਣਗੌਲਿਆ ਕੀਤਾ ਗਿਆ ਸੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












