ਮਰਚੈਂਟ ਨੇਵੀ 'ਚ 7 ਸਾਲ ਨੌਕਰੀ ਕੀਤੀ, 4 ਸਾਲ ਯੂਕੇ ਰਹੇ ਨੌਜਵਾਨ ਨੇ ਅਮਰੀਕਾ ਲਈ ਡੰਕੀ ਲਾਈ, ਹੁਣ ਘਰ ਮੌਤ ਦੀ ਖ਼ਬਰ ਆਈ

ਗੁਰਪ੍ਰੀਤ ਦੀ ਮਾਤਾ ਪ੍ਰਕਾਸ਼ ਕੌਰ
ਤਸਵੀਰ ਕੈਪਸ਼ਨ, ਗੁਰਪ੍ਰੀਤ ਦੀ ਮਾਤਾ ਪ੍ਰਕਾਸ਼ ਕੌਰ ਨੇ ਦੱਸਿਆ ਕਿ ਗੁਰਪ੍ਰੀਤ ਅਮਰੀਕਾ ਕਰਜ਼ਾ ਚੁੱਕ ਕੇ ਗਏ ਸਨ
    • ਲੇਖਕ, ਰਵਿੰਦਰ ਸਿੰਘ ਰੋਬਿਨ
    • ਰੋਲ, ਬੀਬੀਸੀ ਪੱਤਰਕਾਰ

'ਸਾਡੀ ਹੱਥ ਜੋੜ ਬੇਨਤੀ ਹੈ ਸਭ ਨੂੰ ਕਿ ਇਸ ਤਰ੍ਹਾਂ ਬਾਹਰ ਨਾ ਜਾਇਓ। ਇੱਥੇ ਰਹਿ ਕਿ ਥੋੜੀ ਖਾ ਲੈਣਾ, ਪਰ ਇਨ੍ਹਾਂ ਰਸਤਿਆਂ ਤੋਂ ਬਾਹਰ ਨਾ ਜਾਣਾ'

'ਕੱਖ ਨਹੀਂ ਲੱਭਦਾ, ਬਸ ਉਮਰ ਭਰ ਦਾ ਰੋਣਾ ਪਲੇ ਪੈ ਜਾਂਦਾ ਹੈ।"

ਇਹ ਅਪੀਲ ਹੈ 33 ਸਾਲਾ ਗੁਰਪ੍ਰੀਤ ਸਿੰਘ ਦੇ ਪਰਿਵਾਰ ਦੀ, ਜਿਨ੍ਹਾਂ ਦੇ ਘਰ ਦਾ ਜਵਾਨ ਮੁੰਡਾ ਡੌਂਕੀ ਰੂਟ ਦੀ ਭੇਟ ਚੜ੍ਹ ਗਿਆ।

ਅੰਮ੍ਰਿਤਸਰ ਦੇ ਰਮਦਾਸ ਕਸਬੇ ਦੇ ਰਹਿਣ ਵਾਲੇ ਗੁਰਪ੍ਰੀਤ ਦੀ ਡੰਕੀ ਰੂਟ 'ਤੇ ਮੌਤ ਹੋਣ ਦੀ ਖ਼ਬਰ ਪਰਿਵਾਰ ਕੋਲ ਪਹੁੰਚਣ ਤੋਂ ਬਾਅਦ ਘਰ ਵਿੱਚ ਮਾਤਮ ਪਸਰਿਆ ਹੋਇਆ ਹੈ।

ਬੀਬੀਸੀ ਪੰਜਾਬੀ ਵੱਟਸਐਪ ਚੈਨਲ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ
ਇਹ ਵੀ ਪੜ੍ਹੋ:

ਪਰਿਵਾਰ ਮੁਤਾਬਕ ਗੁਰਪ੍ਰੀਤ ਦੀ ਡੌਂਕੀ ਰੂਟ ਉੱਤੇ ਗੁਆਟੇਮਾਲਾ ਦੇ ਜੰਗਲਾਂ ਵਿੱਚ ਹਾਰਟ ਅਟੈਕ ਕਾਰਨ ਮੌਤ ਹੋ ਗਈ।

ਗੁਰਪ੍ਰੀਤ ਦੀਆਂ 6 ਭੈਣਾਂ ਅਤੇ ਇੱਕ ਵੱਡਾ ਭਰਾ ਹੈ।

ਬਾਰ੍ਹਵੀ ਪਾਸ ਕਰਨ ਤੋਂ ਬਾਅਦ ਗੁਰਪ੍ਰੀਤ ਨੇ 7 ਸਾਲ ਮਰਚੈਂਟ ਨੇਵੀ ਵਿੱਚ ਕੰਮ ਕੀਤਾ ਸੀ। ਇਸ ਦੇ ਮਗਰੋਂ ਉਹ ਯੂਕੇ ਚਲੇ ਗਏ ਅਤੇ ਕਰੀਬ 4 ਸਾਲ ਉੱਥੇ ਰਹੇ।

ਮਾਰਚ ਵਿੱਚ ਯੂਕੇ ਤੋਂ ਵਾਪਸ ਆਉਣ ਤੋਂ ਬਾਅਦ ਉਹ ਪਿਛਲੇ ਸਾਲ ਨਵੰਬਰ ਮਹੀਨੇ ਯੂਐੱਸਏ ਜਾਣ ਲਈ ਰਵਾਨਾ ਹੋਏ।

ਗੁਰਪ੍ਰੀਤ ਦੇ ਵੱਡੇ ਭਰਾ ਸਿਤਾਰਾ ਸਿੰਘ ਨੇ ਦੱਸਿਆ ਕਿ ਗੁਰਪ੍ਰੀਤ ਪਹਿਲਾਂ ਗੁਆਨਾ ਪਹੁੰਚੇ 'ਤੇ ਉੱਥੋਂ ਯੂਐੱਸ ਜਾਣ ਲਈ ਦੂਜੇ ਏਜੰਟ ਨਾਲ ਸੰਪਰਕ ਕੀਤਾ।

ਗੁਰਪ੍ਰੀਤ ਨੂੰ ਅਮਰੀਕਾ ਭੇਜਣ ਲਈ ਪਰਿਵਾਰ ਨੇ 36 ਲੱਖ ਰੁਪਏ ਖਰਚ ਕੀਤੇ।

ਪਰਿਵਾਰ ਨੇ ਦੱਸਿਆ ਕਿ ਗੁਰਪ੍ਰੀਤ ਡੌਂਕੀ ਰੂਟ ਦੇ ਦੌਰਾਨ ਪਰਿਵਾਰ ਦੇ ਸੰਪਰਕ ਵਿੱਚ ਸਨ।

'ਅਸੀਂ ਬਹੁਤ ਰੋਕਿਆ, ਪਰ ਉਹ ਨਹੀਂ ਮੰਨਿਆ'

ਗੁਰਪ੍ਰੀਤ ਦੇ ਪਿਤਾ ਚਿਰਮਲ ਸਿੰਘ
ਤਸਵੀਰ ਕੈਪਸ਼ਨ, ਗੁਰਪ੍ਰੀਤ ਦੇ ਪਿਤਾ ਚਿਰਮਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਪੁੱਤਰ ਨੂੰ ਬਹੁਤ ਸਮਝਾਇਆ ਕਿ ਉਹ ਇਸ ਤਰੀਕੇ ਰਾਹੀਂ ਅਮਰੀਕਾ ਨਾ ਜਾਵੇ, ਪਰ ਗੁਰਪ੍ਰੀਤ ਨੇ ਉਨ੍ਹਾਂ ਦੀ ਗੱਲ ਨਹੀਂ ਮੰਨੀ

ਗੁਰਪ੍ਰੀਤ ਦੇ ਪਿਤਾ ਚਿਰਮਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਪੁੱਤਰ ਨੂੰ ਬਹੁਤ ਸਮਝਾਇਆ ਕਿ ਉਹ ਇਸ ਤਰੀਕੇ ਰਾਹੀਂ ਅਮਰੀਕਾ ਨਾ ਜਾਵੇ, ਪਰ ਗੁਰਪ੍ਰੀਤ ਨੇ ਉਨ੍ਹਾਂ ਦੀ ਗੱਲ ਨਹੀਂ ਮੰਨੀ।

ਚਿਰਮਲ ਸਿੰਘ ਦੱਸਦੇ ਹਨ, "ਉਸ ਦੀ ਬਸ ਇੱਕੋ-ਇੱਕ ਜ਼ਿੱਦ ਸੀ ਕਿ ਮੈਂ ਅਮਰੀਕਾ ਜਾਣਾ ਹੀ ਜਾਣਾ ਹੈ। ਸਾਰੇ ਪਰਿਵਾਰ ਨੇ ਉਸ ਨੂੰ ਬਹੁਤ ਰੋਕਣ ਦੀ ਕੋਸ਼ਿਸ਼ ਵੀ ਕੀਤੀ, ਪਰ ਉਸ ਨੇ ਕਿਸੀ ਦੀ ਨਹੀਂ ਸੁਣੀ।"

"ਸ਼ਾਇਦ ਉਸ ਦੀ ਮੌਤ ਹੀ ਉਸ ਨੂੰ ਉੱਥੇ ਖਿੱਚ ਕੇ ਲੈ ਗਈ।"

ਉਨ੍ਹਾਂ ਅੱਗੇ ਕਿਹਾ, "ਉਹ ਤਾਂ ਨਹੀਂ ਰੁਕਿਆ। ਪਰ ਮੇਰੀ ਲੋਕਾਂ ਨੂੰ ਅਪੀਲ ਹੈ ਕਿ ਉਹ ਆਪਣੇ ਪੁੱਤਰ ਬਚਾ ਲੈਣ। ਜਿਸ ਨੇ ਬਾਹਰ ਜਾਣਾ ਹੈ ਉਹ ਸਿੱਧੇ ਰਾਹ ਜਾਵੇ।"

ਕਰਜ਼ਾ ਚੁੱਕ ਕੇ ਗਏ ਸਨ ਅਮਰੀਕਾ

ਗੁਰਪ੍ਰੀਤ ਦੀਆਂ 6 ਭੈਣਾਂ ਅਤੇ ਇੱਕ ਵੱਡਾ ਭਰਾ ਹੈ
ਤਸਵੀਰ ਕੈਪਸ਼ਨ, ਗੁਰਪ੍ਰੀਤ ਦੀਆਂ 6 ਭੈਣਾਂ ਅਤੇ ਇੱਕ ਵੱਡਾ ਭਰਾ ਹੈ

ਗੁਰਪ੍ਰੀਤ ਦੀ ਮਾਤਾ ਪ੍ਰਕਾਸ਼ ਕੌਰ ਨੇ ਦੱਸਿਆ ਕਿ ਗੁਰਪ੍ਰੀਤ ਅਮਰੀਕਾ ਕਰਜ਼ਾ ਚੁੱਕ ਕੇ ਗਏ ਸਨ।

"ਅਮਰੀਕਾ ਜਾਣ ਲਈ ਕੁਝ ਕਰਜ਼ਾ ਚੁੱਕਿਆ, ਕੁਝ ਪੈਸੇ ਭੈਣ-ਭਰਾਵਾਂ ਤੋਂ ਲਾਏ ਪਰ ਬਹੁਤ ਵਾਰੀ ਰੋਕਣ ਦੇ ਬਾਵਜੂਦ ਵੀ ਉਸ ਨੇ ਅਮਰੀਕਾ ਜਾਣ ਦੀ ਜ਼ਿੱਦ ਨਹੀਂ ਛੱਡੀ।"

ਉਨ੍ਹਾਂ ਅੱਗੇ ਦੱਸਿਆ, "ਮੈਂ ਉਸ ਨੂੰ ਬਹੁਤ ਵਾਰੀ ਕਿਹਾ ਕਿ ਵਿਆਹ ਕਰਵਾ ਲਵੇ। ਪਰ ਉਸ ਦਾ ਕਹਿਣਾ ਸੀ ਕਿ ਉਹ ਅਮਰੀਕਾ ਜਾ ਕਿ ਹੀ ਵਿਆਹ ਕਰਵਾਏਗਾ। ਉਸ ਨੂੰ ਭੈਣ-ਭਰਾਵਾਂ ਨੇ ਵੀ ਬਹੁਤ ਸਮਝਾਇਆ ਕਿ ਇੱਥੇ ਹੀ ਕੋਈ ਕਾਰੋਬਾਰ ਕਰ ਲਿਆ ਜਾਵੇ। ਪਰ ਉਹ ਨਹੀਂ ਮੰਨਿਆ।"

"ਅਸੀਂ ਆਪਣਾ ਸਾਰਾ ਕੁਝ ਉਸ ਨੂੰ ਬਾਹਰ ਭੇਜਣ 'ਚ ਲੱਗਾ ਦਿੱਤਾ ਹੈ। ਹੁਣ ਅਸੀਂ ਉਸ ਦੇ ਮ੍ਰਿਤਕ ਦੇਹ ਨੂੰ ਘਰ ਲੈਕੇ ਆਉਣ ਦੇ ਯੋਗ ਨਹੀਂ ਹਾਂ। ਸਾਡੀ ਸਰਕਾਰ ਨੂੰ ਬਸ ਇਹੋ ਅਪੀਲ ਹੈ ਕਿ ਸਾਨੂੰ ਆਖ਼ਰੀ ਵਾਰ ਸਾਡੇ ਮੁੰਡੇ ਦਾ ਮੂੰਹ ਵਖਾ ਦੇਣ। ਉਸ ਦੀ ਦੇਹ ਨੂੰ ਏਥੇ ਲੈ ਆਉਣ।

ਗੁਰਪ੍ਰੀਤ ਦੀ ਮਾਤਾ ਪ੍ਰਕਾਸ਼ ਕੌਰ ਨੇ ਦੱਸਿਆ ਕਿ ਗੁਰਪ੍ਰੀਤ ਦਾ ਕਹਿਣਾ ਸੀ ਕਿ ਉਹ ਅਮਰੀਕਾ ਜਾ ਕਿ ਹੀ ਵਿਆਹ ਕਰਵਾਏਗਾ
ਤਸਵੀਰ ਕੈਪਸ਼ਨ, ਗੁਰਪ੍ਰੀਤ ਦੀ ਮਾਤਾ ਪ੍ਰਕਾਸ਼ ਕੌਰ ਨੇ ਦੱਸਿਆ ਕਿ ਗੁਰਪ੍ਰੀਤ ਦਾ ਕਹਿਣਾ ਸੀ ਕਿ ਉਹ ਅਮਰੀਕਾ ਜਾ ਕਿ ਹੀ ਵਿਆਹ ਕਰਵਾਏਗਾ

'ਤੁਰ-ਤੁਰ ਕੇ ਪੈਰਾਂ ਦੇ ਨਹੁੰ ਵੀ ਲੱਥ ਗਏ'

ਗੁਰਪ੍ਰੀਤ ਦੇ ਭਰਾ ਸਿਤਾਰਾ ਸਿੰਘ
ਤਸਵੀਰ ਕੈਪਸ਼ਨ, ਗੁਰਪ੍ਰੀਤ ਦੇ ਭਰਾ ਸਿਤਾਰਾ ਸਿੰਘ

ਗੁਰਪ੍ਰੀਤ ਦੇ ਭਰਾ ਸਿਤਾਰਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਏਜੇਂਟ ਗੁਰਪ੍ਰੀਤ ਨੂੰ ਇਹ ਕਹਿ ਕਿ ਲੈਕੇ ਗਿਆ ਸੀ ਕਿ ਉਹ ਉਸ ਨੂੰ ਹਵਾਈ ਜਹਾਜ਼ ਰਾਹੀਂ ਅਮਰੀਕਾ ਪਹੁੰਚਾਵੇਗਾ ਪਰ ਉੱਥੇ ਪਹੁੰਚ ਕੇ ਉਨ੍ਹਾਂ ਨੂੰ ਟੈਕਸੀਆਂ ਰਾਹੀਂ ਅੱਗੇ ਭੇਜਿਆ ਗਿਆ।

"ਏਜੇਂਟ ਨੇ ਸਾਡੇ ਨਾਲ ਬਹੁਤ ਮਾੜਾ ਕੀਤਾ। ਗੁਰਪ੍ਰੀਤ ਨੇ ਮੈਨੂੰ ਫੋਨ ਤੇ ਦੱਸਿਆ ਸੀ ਕਿ ਉਨ੍ਹਾਂ ਨੂੰ ਇਨ੍ਹਾਂ ਤੁਰਾਇਆ ਗਿਆ ਸੀ ਕਿ ਉਸ ਦੇ ਪੈਰਾਂ ਨਹੁੰ ਵੀ ਲੱਥ ਗਏ ਸਨ।"

"ਮੇਰੀ ਤਾਂ ਇੱਕੋ ਅਪੀਲ ਹੈ ਕਿ ਕੋਈ ਵੀ ਇਸ ਤਰ੍ਹਾਂ ਬਾਹਰ ਨਾ ਜਾਵੇ ਕੱਖ ਨਹੀਂ ਲੱਭਦਾ ਬਾਅਦ ਵਿੱਚ, ਬਸ ਉਮਰ ਭਰ ਦਾ ਰੋਣਾ ਪੱਲੇ ਪੈ ਜਾਂਦਾ ਹੈ। "

ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕੀ ਕਿਹਾ ?

ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਗੁਰਪ੍ਰੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ।

ਅਫ਼ਸੋਸ ਕਰਨ ਗਏ ਐਨਆਰਆਈ ਮਾਮਲਿਆਂ ਦੇ ਮੰਤਰੀ ਕੁਲਦੀਪ ਧਾਲੀਵਾਲ ਨੇ ਲੋਕਾਂ ਨੂੰ ਗੈਰ-ਕਾਨੂੰਨੀ ਤੌਰ 'ਤੇ ਕਿਸੇ ਹੋਰ ਦੇਸ਼ ਨਾ ਜਾਣ ਦੀ ਅਪੀਲ ਕੀਤੀ।

ਧਾਲੀਵਾਲ ਨੇ ਅੱਗੇ ਕਿਹਾ ਕਿ ਉਨ੍ਹਾਂ ਨੇ ਮ੍ਰਿਤਕ ਵਿਅਕਤੀ ਦੀ ਲਾਸ਼ ਨੂੰ ਵਾਪਸ ਲੈਣ ਲਈ ਇੱਕ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।

"ਮ੍ਰਿਤਕ ਵਿਅਕਤੀ, ਜੋ ਕਿ 33 ਸਾਲਾ ਸੀ, ਵੱਖ-ਵੱਖ ਦੇਸ਼ਾਂ ਵਿੱਚੋਂ ਲੰਘ ਕੇ ਅਮਰੀਕਾ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਨ੍ਹਾਂ ਦੇ ਮਾਪੇ ਵੀ ਪਰੇਸ਼ਾਨ ਸਨ। ਉਨ੍ਹਾਂ ਦੀ ਮੰਗ ਹੈ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਪੁੱਤ ਦੀ ਮ੍ਰਿਤਕ ਦੇਹ ਦਿੱਤੀ ਜਾਵੇ।"

ਉਨ੍ਹਾਂ ਅੱਗੇ ਕਿਹਾ "ਅਸੀਂ ਪੰਜਾਬ ਵਿੱਚ ਆਪਣੇ ਵਿਭਾਗ ਤੋਂ ਲਾਸ਼ ਲਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਪਰ ਮੈਂ ਸਾਰੇ ਪੰਜਾਬ ਦੇ ਮਾਪਿਆਂ ਅਤੇ ਸਾਰੇ ਨੌਜਵਾਨਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਗੈਰ-ਕਾਨੂੰਨੀ ਤਰੀਕੇ ਨਾਲ ਕਿਤੇ ਵੀ ਨਾ ਜਾਣ।"

ਅੰਮ੍ਰਿਤਸਰ ਦੇ ਰਮਦਾਸ ਕਸਬੇ ਦੇ ਰਹਿਣ ਵਾਲੇ ਗੁਰਪ੍ਰੀਤ ਦੀ ਡੰਕੀ ਰੂਟ 'ਤੇ ਮੌਤ ਹੋਣ ਦੀ ਖ਼ਬਰ ਪਰਿਵਾਰ ਕੋਲ ਪਹੁੰਚਣ ਤੋਂ ਬਾਅਦ ਘਰ ਵਿੱਚ ਮਾਤਮ ਪਸਰਿਆ ਹੋਇਆ ਹੈ
ਤਸਵੀਰ ਕੈਪਸ਼ਨ, ਅੰਮ੍ਰਿਤਸਰ ਦੇ ਰਮਦਾਸ ਕਸਬੇ ਦੇ ਰਹਿਣ ਵਾਲੇ ਗੁਰਪ੍ਰੀਤ ਦੀ ਡੰਕੀ ਰੂਟ 'ਤੇ ਮੌਤ ਹੋਣ ਦੀ ਖ਼ਬਰ ਪਰਿਵਾਰ ਕੋਲ ਪਹੁੰਚਣ ਤੋਂ ਬਾਅਦ ਘਰ ਵਿੱਚ ਮਾਤਮ ਪਸਰਿਆ ਹੋਇਆ ਹੈ

ਡੌਂਕੀ ਦਾ ਰੂਟ ਕੀ ਹੁੰਦਾ ਹੈ ?

ਪੰਜਾਬ ਤੋਂ ਖ਼ਤਰਨਾਕ ਰਸਤਿਆਂ ਰਾਹੀਂ ਅਮਰੀਕਾ, ਯੂਕੇ ਅਤੇ ਯੂਰਪ ਜਾਣ ਨੂੰ ਖੇਤਰੀ ਭਾਸ਼ਾ ਵਿੱਚ ਡੌਂਕੀ ਕਿਹਾ ਜਾਂਦਾ ਹੈ। ਇਸ ਤੋਂ ਪਹਿਲਾਂ ਵੀ ਪੰਜਾਬ, ਹਰਿਆਣਾ ਦੇ ਕਈ ਨੌਜਵਾਨਾਂ ਦੀ ਵੱਖ-ਵੱਖ ਕਾਰਨਾਂ ਕਰਕੇ ਮੌਤ ਹੋ ਚੁੱਕੀ ਹੈ।

ਗ਼ੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਜਾਣ ਵਾਲੇ ਨੌਜਵਾਨ ਨੂੰ ਏਜੰਟ ਕਈ ਰਸਤਿਆਂ ਰਾਹੀਂ ਅਮਰੀਕਾ ਲੈ ਕੇ ਜਾਂਦੇ ਹਨ।

ਸਭ ਤੋਂ ਪਹਿਲਾਂ ਇਨ੍ਹਾਂ ਨੂੰ ਲਾਤੀਨੀ ਅਮਰੀਕੀ ਦੇਸ਼ਾਂ ਤੱਕ ਪਹੁੰਚਾਇਆ ਜਾਂਦਾ ਹੈ, ਇਸ ਦਾ ਕਾਰਨ ਹੈ ਇਹਨਾਂ ਦੇ ਦੇਸ਼ਾਂ ਦੀ ਸੌਖੀ ਵੀਜ਼ਾ ਪ੍ਰਣਾਲੀ।

ਡੌਂਕੀ ਰਾਹੀਂ ਅਮਰੀਕਾ ਪਹੁੰਚੇ ਅਤੇ ਫਿਰ ਉੱਥੋਂ ਡਿਪੋਰਟ ਹੋਏ ਇੱਕ ਨੌਜਵਾਨ ਨੇ ਨਾਮ ਨਾ ਛਾਪਣ ਦੀ ਸ਼ਰਤ ਉੱਤੇ ਦੱਸਿਆ ਕਿ ਏਜੰਟ ਕੁਝ ਨੂੰ ਪਹਿਲਾਂ ਏਕਵਾਡੋਰ ਲੈ ਕੇ ਜਾਂਦੇ ਹਨ, ਉੱਥੋਂ ਡੌਂਕੀ ਰਾਹੀਂ ਕੋਲੰਬੀਆ ਅਤੇ ਫਿਰ ਪਨਾਮਾ।

ਪਨਾਮਾ ਦਾ ਖ਼ਤਰਨਾਕ ਜੰਗਲ ਪਾਰ ਕਰਨ ਤੋਂ ਬਾਅਦ ਕੋਸਟਾ ਰੀਕਾ ਅਤੇ ਇੱਥੋਂ ਨਿਕਾਰਾਗੁਆ ਪਹੁੰਚਿਆ ਜਾਂਦਾ ਹੈ।

ਨਿਕਾਰਾਗੁਆ ਤੋਂ ਹੌਂਡੂਰਸ ਵਿੱਚ ਐਂਟਰੀ ਕਰਵਾਈ ਜਾਂਦੀ ਹੈ। ਇੱਥੋਂ ਫਿਰ ਗੁਆਟੇਮਾਲਾ ਤੇ ਮੈਕਸੀਕੋ ਪਹੁੰਚਿਆ ਜਾਂਦਾ ਹੈ।

ਮੈਕਸੀਕੋ ਪਹੁੰਚਣ ਤੋਂ ਬਾਅਦ ਸਰਹੱਦ ਪਾਰ ਕਰ ਕੇ ਨੌਜਵਾਨ ਅਮਰੀਕਾ ਵਿੱਚ ਦਾਖਲ ਹੁੰਦੇ ਹਨ।

ਕੁਝ ਏਜੰਟ ਬ੍ਰਾਜ਼ੀਲ ਅਤੇ ਵੈਨੇਜ਼ੁਏਲਾ ਰਾਹੀਂ ਵੀ ਨੌਜਵਾਨਾਂ ਨੂੰ ਮੈਕਸੀਕੋ ਲੈ ਕੇ ਜਾਂਦੇ ਹਨ।

ਡੌਂਕੀ ਦਾ ਪੈਂਡਾ ਇਸ ਗੱਲ ਉੱਤੇ ਵੀ ਨਿਰਭਰ ਕਰਦਾ ਹੈ ਕਿ ਡੌਂਕਰ ਦੀ ਸੈਟਿੰਗ ਅਤੇ ਉਸ ਦਾ ਨੈੱਟਵਰਕ ਕਿਸ ਦੇਸ਼ ਵਿੱਚ ਚੰਗਾ ਹੈ।

ਡੌਂਕਰ ਸ਼ਬਦ ਉਸ ਵਿਅਕਤੀ ਲਈ ਵਰਤਿਆ ਜਾਂਦਾ ਹੈ ਜੋ ਨੌਜਵਾਨਾਂ ਨੂੰ ਗ਼ੈਰ ਕਾਨੂੰਨੀ ਤਰੀਕੇ ਨਾਲ ਇੱਕ ਦੇਸ਼ ਤੋਂ ਦੂਜੇ ਦੇਸ਼ ਵਿੱਚ ਪਹੁੰਚਾਉਣ ਵਿੱਚ ਮਦਦ ਕਰਦਾ ਹੈ।

ਇਹ ਵੀ ਪੜ੍ਹੋ:

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)