ਨਸਲੀ ਸਫ਼ਾਇਆ ਕੀ ਹੈ ਅਤੇ ਇਹ ਨਸਲਕੁਸ਼ੀ ਤੋਂ ਕਿਵੇਂ ਵੱਖ ਹੈ, ਡੌਨਲਡ ਟਰੰਪ ਦੇ ਕਿਸ ਬਿਆਨ ਮਗਰੋਂ ਇਸਦੀ ਚਰਚਾ ਛਿੜੀ

ਤਸਵੀਰ ਸਰੋਤ, Getty Images
- ਲੇਖਕ, ਟੌਮ ਸੈਂਟੋਰੇਲੀ
- ਰੋਲ, ਬੀਬੀਸੀ ਵਰਲਡ ਸਰਵਿਸ
ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਸੰਕੇਤ ਦਿੱਤੇ ਹਨ ਕਿ ਅਮਰੀਕਾ ਗਾਜ਼ਾ ਨੂੰ "ਕਬਜ਼ਾ" ਸਕਦਾ ਹੈ ਅਤੇ ਇਸ ਦੀ ਆਬਾਦੀ ਨੂੰ ਮੁੜ ਵਸਾਇਆ ਜਾ ਸਕਦਾ ਹੈ। ਅਮਰੀਕਾ ਦੇ ਅਜਿਹੇ ਇਰਾਦੇ ਨੂੰ ਦੇਖਦਿਆਂ ਉਸ 'ਤੇ ਇਲਜ਼ਾਮ ਲੱਗਣੇ ਸ਼ੁਰੂ ਹੋ ਗਏ ਹਨ ਕਿ ਉਹ ਨਸਲੀ ਸਫ਼ਾਇਆ ਕਰਨ ਦੀ ਯੋਜਨਾ ਬਣਾ ਰਿਹਾ ਹੈ।
ਸੰਯੁਕਤ ਰਾਸ਼ਟਰ, ਅਰਬ ਅਤੇ ਹੋਰ ਵਿਸ਼ਵ ਆਗੂਆਂ ਅਤੇ ਮਨੁੱਖੀ ਅਧਿਕਾਰ ਸਮੂਹਾਂ ਨੇ ਇਸ ਨੂੰ ਲੈ ਕੇ ਅਮਰੀਕਾ ਦੀ ਨਿੰਦਾ ਕੀਤੀ ਹੈ।
ਟਰੰਪ ਨੇ ਮੰਗਲਵਾਰ ਸ਼ਾਮ ਨੂੰ ਵ੍ਹਾਈਟ ਹਾਊਸ ਦੀ ਇੱਕ ਨਿਊਜ਼ ਕਾਨਫਰੰਸ ਵਿੱਚ, ਅਮਰੀਕੀ ਦੌਰੇ 'ਤੇ ਆਏ ਇਜ਼ਰਾਇਲੀ ਪ੍ਰਧਾਨ ਮੰਤਰੀ, ਬੈਂਜਾਮਿਨ ਨੇਤਨਯਾਹੂ ਦੇ ਨਾਲ ਖੜ੍ਹੇ ਹੋ ਕੇ ਇਸ ਸਬੰਧੀ ਟਿੱਪਣੀਆਂ ਕੀਤੀਆਂ।
ਇੱਕ ਪਾਸੇ ਜਿੱਥੇ ਨੇਤਨਯਾਹੂ ਨੇ ਕਿਹਾ ਹੈ ਕਿ ਇਹ ਵਿਚਾਰ "ਧਿਆਨ ਦੇਣ ਯੋਗ" ਹੈ, ਦੂਜੇ ਪਾਸੇ ਅਰਬ ਲੀਗ ਦੇ ਸਹਾਇਕ ਸਕੱਤਰ-ਜਨਰਲ, ਹੋਸਮ ਜ਼ਾਕੀ ਨੇ ਬੀਬੀਸੀ ਨੂੰ ਕਿਹਾ ਕਿ 20 ਲੱਖ ਲੋਕਾਂ ਦਾ ਅਜਿਹਾ ਵਿਸਥਾਪਨ ਮਨੁੱਖਤਾ ਵਿਰੁੱਧ ਅਪਰਾਧ ਹੋਵੇਗਾ।

ਤਸਵੀਰ ਸਰੋਤ, Getty Images
ਜ਼ਾਕੀ ਨੇ ਕਿਹਾ, "ਇਹ ਇੱਕ ਅਜਿਹਾ ਵਿਚਾਰ ਹੈ ਜੋ ਨਸਲੀ ਸਫ਼ਾਇਆ ਕਰਨ ਨੂੰ ਉਤਸ਼ਾਹਿਤ ਕਰਦਾ ਹੈ, ਇੱਕ ਨਾਗਰਿਕ ਆਬਾਦੀ ਦਾ ਆਪਣੀ ਧਰਤੀ ਤੋਂ ਬਾਹਰ ਜ਼ਬਰਦਸਤੀ ਤਬਾਦਲਾ।"
"ਉਹ ਸਾਰੇ ਮਾਣਮੱਤੇ ਫਲਸਤੀਨੀ ਜਿਨ੍ਹਾਂ ਨੂੰ ਜੰਗਬੰਦੀ ਹੋਣ ਤੋਂ ਕੁਝ ਦਿਨ ਬਾਅਦ ਮਲਬੇ ਵਿੱਚ ਤਬਦੀਲ ਹੋ ਚੁੱਕੇ ਆਪਣੇ ਘਰਾਂ ਵੱਲ ਵਾਪਸ ਭੱਜਦੇ ਦੇਖਿਆ ਗਿਆ। ਤੁਸੀਂ ਕਲਪਨਾ ਵੀ ਕਿਵੇਂ ਕਰ ਸਕਦੇ ਹੋ ਕਿ ਉਹ ਆਪਣੀ ਇੱਛਾ ਨਾਲ ਆਪਣੇ ਖੇਤਰ ਤੋਂ ਬਾਹਰ ਜਾਣਾ ਸਵੀਕਾਰ ਕਰਨਗੇ?"
ਪਰ ਕੀ ਟਰੰਪ ਦਾ ਅਸਪਸ਼ਟ ਪ੍ਰਸਤਾਵ, ਜਿਸ ਨੂੰ ਉਨ੍ਹਾਂ ਨੇ "ਬਹੁਤ ਸੁਰੱਖਿਅਤ ਅਤੇ ਵਧੇਰੇ ਸੁੰਦਰ ਭਾਈਚਾਰਿਆਂ ਵਿੱਚ, ਖੇਤਰ ਵਿੱਚ ਨਵੇਂ ਅਤੇ ਆਧੁਨਿਕ ਘਰਾਂ ਦੇ ਨਾਲ" ਪੁਨਰਵਾਸ ਦੇ ਤੌਰ 'ਤੇ ਅਭਿਲਾਸ਼ੀ ਸ਼ਬਦਾਂ ਵਿੱਚ ਪੇਸ਼ ਕੀਤਾ ਸੀ, ਅਸਲ ਵਿੱਚ ਨਸਲੀ ਸਫ਼ਾਇਆ ਹੈ? ਅਤੇ ਨਸਲੀ ਸਫ਼ਾਇਆ ਨਸਲਕੁਸ਼ੀ ਤੋਂ ਕਿਵੇਂ ਵੱਖਰੀ ਹੈ?
ਆਓ ਸਮਝਣ ਦੀ ਕੋਸ਼ਿਸ਼ ਕਰਦੇ ਹਾਂ...

'ਨਸਲੀ ਸਫ਼ਾਇਆ' ਜਾਂ ਐਥਨਿਕ ਕਲੀਂਜ਼ਿੰਗ ਦਾ ਕੀ ਮਤਲਬ ਹੈ?
ਮੋਟੇ ਤੌਰ 'ਤੇ, ਨਸਲੀ ਸਫ਼ਾਇਆ ਕਿਸੇ ਖਾਸ ਖੇਤਰ ਤੋਂ ਕਿਸੇ ਖਾਸ ਸਮੂਹ ਨੂੰ ਬਾਹਰ ਕੱਢਣ ਨੂੰ ਦਰਸਾਂਉਂਦਾ ਹੈ। ਇਹ ਦੇਸ਼ ਨਿਕਾਲੇ ਜਾਂ ਜ਼ਬਰਦਸਤੀ ਵਿਸਥਾਪਨ ਦੁਆਰਾ ਹੋ ਸਕਦਾ ਹੈ, ਅਤੇ ਅੰਤ ਵਿੱਚ ਨਸਲੀ ਤੌਰ 'ਤੇ ਸਮਰੂਪ ਭੂਗੋਲਿਕ ਖੇਤਰਾਂ ਦੀ ਸਿਰਜਣਾ ਕੀਤੀ ਜਾ ਸਕਦੀ ਹੈ।
ਨਿਊਯਾਰਕ ਦੇ ਜੌਨ ਜੇ ਕਾਲਜ ਵਿਖੇ ਸੈਂਟਰ ਫਾਰ ਇੰਟਰਨੈਸ਼ਨਲ ਹਿਊਮਨ ਰਾਈਟਸ ਦੇ ਸੰਸਥਾਪਕ ਨਿਰਦੇਸ਼ਕ, ਪ੍ਰੋਫੈਸਰ ਜਾਰਜ ਐਂਡਰੀਓਪੋਲੋਸ ਦੇ ਅਨੁਸਾਰ, ਇਸ ਵਿੱਚ ਸਿਰਫ਼ ਪੁਨਰਵਾਸ ਸ਼ਾਮਲ ਨਹੀਂ ਹੈ - ਸਗੋਂ ਇਸ ਵਿੱਚ "ਸਮਾਰਕਾਂ, ਕਬਰਸਤਾਨਾਂ ਅਤੇ ਪੂਜਾ ਸਥਾਨਾਂ ਦੇ ਵਿਨਾਸ਼ ਦੁਆਰਾ ਟਾਰਗੇਟ ਸਮੂਹ ਦੇ ਸਾਰੇ ਭੌਤਿਕ ਅਵਸ਼ੇਸ਼ਾਂ ਨੂੰ ਹਟਾਉਣਾ" ਵੀ ਸ਼ਾਮਲ ਹੈ।
ਇਹ ਸ਼ਬਦ ਪਹਿਲੀ ਵਾਰ 1990 ਦੇ ਦਹਾਕੇ ਵਿੱਚ ਚਰਚਾ ਵਿੱਚ ਆਇਆ ਸੀ ਜਦੋਂ ਯੂਗੋਸਲਾਵੀਆ ਦੇ ਸੰਘੀ ਗਣਰਾਜ ਦੇ ਟੁੱਟਣ ਦੌਰਾਨ ਨਸਲੀ ਟਕਰਾਅ ਸ਼ੁਰੂ ਹੋਏ।
ਇਸ ਸ਼ਬਦ ਦੀ ਵਰਤੋਂ ਸਿਆਸਤਦਾਨਾਂ ਅਤੇ ਮੀਡੀਆ ਵੱਲੋਂ ਕੀਤੀ ਗਈ ਸੀ। ਉਨ੍ਹਾਂ ਨੇ ਬੋਸਨੀਆ ਅਤੇ ਹਰਜ਼ੇਗੋਵਿਨਾ ਵਿੱਚ ਬੋਸਨੀਆਈ ਮੁਸਲਮਾਨਾਂ, ਕਰੋਸ਼ੀਆ ਦੇ ਕ੍ਰਾਜਿਨਾ ਖੇਤਰ ਵਿੱਚ ਸਰਬੀਅਨ, ਅਤੇ ਕੋਸੋਵੋ ਵਿੱਚ ਅਲਬਾਨੀਅਨਾਂ ਅਤੇ ਬਾਅਦ ਵਿੱਚ ਸਰਬੀਆਂ ਨਾਲ ਕੀਤੇ ਗਏ ਬੇਰਹਿਮ ਸਲੂਕ ਦਾ ਵਰਣਨ ਕਰਨ ਲਈ ਇਸ ਸ਼ਬਦ ਦੀ ਵਰਤੋਂ ਕੀਤੀ ਸੀ।
2017 ਵਿੱਚ ਇਸਦੀ ਵਰਤੋਂ ਸੰਯੁਕਤ ਰਾਸ਼ਟਰ ਦੇ ਸਾਬਕਾ ਮਨੁੱਖੀ ਅਧਿਕਾਰ ਮੁਖੀ ਜ਼ੈਦ ਰਾਦ ਅਲ ਹੁਸੈਨ ਵੱਲੋਂ ਵੀ ਕੀਤੀ ਗਈ ਸੀ, ਜਿਨ੍ਹਾਂ ਨੇ ਮਿਆਂਮਾਰ ਦੇ ਰਾਖਿਨ ਸੂਬੇ ਵਿੱਚ ਸਰਕਾਰ ਵੱਲੋਂ ਰੋਹਿੰਗਿਆ ਜਾਤੀ ਦੇ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਉਣ ਨੂੰ "ਨਸਲੀ ਸਫ਼ਾਇਆ ਦੀ ਇੱਕ ਪਾਠ ਪੁਸਤਕ ਵਰਗੀ ਉਦਾਹਰਣ" ਕਰਾਰ ਦਿੱਤਾ ਸੀ।
ਕੀ ਨਸਲੀ ਸਫ਼ਾਇਆ ਇੱਕ ਜੰਗੀ ਅਪਰਾਧ ਹੈ?
ਸੰਯੁਕਤ ਰਾਸ਼ਟਰ ਦੇ ਅਨੁਸਾਰ, ਇਹ ਸ਼ਬਦ ਸਮਕਾਲੀ ਹਥਿਆਰਬੰਦ ਟਕਰਾਵਾਂ ਦੀ ਪ੍ਰਕਿਰਤੀ ਦੇ ਕਾਰਨ ਵਿਆਪਕ ਹੋ ਗਿਆ ਹੈ।
ਮਾਹਿਰਾਂ ਦੇ ਕਮਿਸ਼ਨ ਨੇ ਕਿਹਾ ਕਿ ਆਬਾਦੀ ਨੂੰ ਦੇਸ਼ ਛੱਡਣ ਲਈ ਛੇਤੀ ਤੋਂ ਛੇਤੀ ਮਨਾਉਣ ਅਤੇ ਦੇਸ਼ ਦੀ ਫੌਜ ਤੋਂ ਆਤਮ ਸਮਰਪਣ ਕਰਵਾਉਣ ਲਈ ਜ਼ਬਰਦਸਤੀ ਵਾਲੇ ਤਰੀਕਿਆਂ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ।
ਇਨ੍ਹਾਂ ਤਰੀਕਿਆਂ ਵਿੱਚ ਤਸ਼ੱਦਦ, ਗ੍ਰਿਫਤਾਰੀ, ਕੈਦ, ਬਲਾਤਕਾਰ, ਜਿਨਸੀ ਹਮਲੇ, ਜਾਇਦਾਦ ਦੀ ਬਰਬਾਦੀ, ਡਕੈਤੀ ਅਤੇ ਡਾਕਟਰੀ ਸਹੂਲਤਾਂ ਨੂੰ ਨਿਸ਼ਾਨਾ ਬਣਾਉਣਾ ਆਦਿ ਸ਼ਾਮਲ ਹੈ।
ਇਨ੍ਹਾਂ ਵਿੱਚੋਂ ਕੁਝ ਤਰੀਕੇ ਤਕਨੀਕੀ ਤੌਰ 'ਤੇ ਜੰਗੀ ਅਪਰਾਧ ਹਨ, ਫਿਰ ਵੀ ਸੰਯੁਕਤ ਰਾਸ਼ਟਰ ਦੇ ਅਨੁਸਾਰ, ਨਸਲੀ ਸਫ਼ਾਇਆ ਨੂੰ ਪਰਿਭਾਸ਼ਿਤ ਨਹੀਂ ਕੀਤਾ ਗਿਆ ਹੈ ਅਤੇ ਅੰਤਰਰਾਸ਼ਟਰੀ ਕਾਨੂੰਨ ਦੇ ਤਹਿਤ ਇਸ ਨੂੰ ਅਪਰਾਧ ਵਜੋਂ ਮਾਨਤਾ ਪ੍ਰਾਪਤ ਨਹੀਂ ਹੈ।
ਫ੍ਰਾਂਸਿਸਕਾ ਅਲਬਾਨੀਜ਼, ਕਬਜ਼ੇ ਵਾਲੇ ਫਲਸਤੀਨੀ ਇਲਾਕਿਆਂ ਲਈ ਸੰਯੁਕਤ ਰਾਸ਼ਟਰ ਦੀ ਵਿਸ਼ੇਸ਼ ਰਿਪੋਰਟਰ ਹਨ (ਉਹ ਵਿਅਕਤੀ ਜੋ ਬੈਠਕਾਂ ਆਦਿ ਦੀਆਂ ਰਿਪੋਰਟਾਂ ਤਿਆਰ ਕਰਦਾ ਹੈ)। ਫ੍ਰਾਂਸਿਸਕਾ ਦੇ ਮੁਤਾਬਕ ਤਾਂ ਇਜ਼ਰਾਈਲ ਵੀ ਦਹਾਕਿਆਂ ਤੋਂ "ਜੰਗ ਦੀ ਧੁੰਦ ਹੇਠ ਫਲਸਤੀਨੀਆਂ ਦੀ ਸਮੂਹਿਕ ਨਸਲੀ ਸਫਾਈ" ਦੀ ਹੀ ਕੋਸ਼ਿਸ਼ ਕਰ ਰਿਹਾ ਹੈ।
ਫ੍ਰਾਂਸਿਸਕਾ ਨੇ 1947-1949 ਦੀਆਂ ਘਟਨਾਵਾਂ ਦਾ ਵਰਣਨ ਕਰਨ ਲਈ ਵਰਤੇ ਜਾਣ ਵਾਲੇ ਅਰਬੀ ਸ਼ਬਦ "ਤਬਾਹੀ" ਦਾ ਹਵਾਲਾ ਦਿੰਦੇ ਹੋਏ ਕਿਹਾ, "ਇੱਥੇ ਜਾਨਲੇਵਾ ਖ਼ਤਰਾ ਹੈ। ਜੋ ਅਸੀਂ ਦੇਖ ਰਹੇ ਹਾਂ ਉਹ 1948 ਦੇ ਨਕਬਾ ਨੂੰ ਮੁੜ ਦੁਹਰਾਉਣ ਵਾਲਾ ਹੋ ਸਕਦਾ ਹੈ ... ਬਹੁਤ ਵੱਡੇ ਪੱਧਰ 'ਤੇ।''
ਜਿਸ ਸਮੇਂ ਦੀ ਗੱਲ ਫ੍ਰਾਂਸਿਸਕਾ ਕਰ ਰਹੇ ਹਨ, ਇਹ ਉਸ ਸਾਲ ਸਨ ਜਦੋਂ ਇਜ਼ਰਾਈਲ ਰਾਜ ਦੀ ਸਥਾਪਨਾ ਲਈ ਹੋਏ ਯੁੱਧ ਦੌਰਾਨ 750,000 ਤੋਂ ਵੱਧ ਫਲਸਤੀਨੀਆਂ ਨੂੰ ਉਨ੍ਹਾਂ ਦੇ ਘਰਾਂ ਅਤੇ ਜ਼ਮੀਨਾਂ ਤੋਂ ਬਾਹਰ ਕੱਢ ਦਿੱਤਾ ਗਿਆ ਸੀ।

ਤਸਵੀਰ ਸਰੋਤ, Reuters
ਨਸਲੀ ਸਫ਼ਾਇਆ ਅਤੇ ਨਸਲਕੁਸ਼ੀ ਵਿੱਚ ਕੀ ਅੰਤਰ ਹੈ?
ਅੰਤਰਰਾਸ਼ਟਰੀ ਕਾਨੂੰਨ ਦੇ ਤਹਿਤ ਨਸਲੀ ਸਫ਼ਾਇਆ ਕਰਨ ਨੂੰ ਆਪਣੇ ਆਪ ਵਿੱਚ ਇੱਕ ਅਪਰਾਧ ਵਜੋਂ ਮਾਨਤਾ ਨਹੀਂ ਦਿੱਤੀ ਗਈ ਹੈ, ਜਦਕਿ ਨਸਲਕੁਸ਼ੀ ਨੂੰ ਅਪਰਾਧ ਵਜੋਂ ਮਾਨਤਾ ਦਿੱਤੀ ਜਾਂਦੀ ਹੈ।
ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਨੇ 1946 ਵਿੱਚ ਹੋਲੋਕਾਸਟ ਦੌਰਾਨ ਯਹੂਦੀ ਲੋਕਾਂ ਦੇ ਯੋਜਨਾਬੱਧ ਕਤਲੇਆਮ ਦੀਆਂ ਨਾਜ਼ੀ ਨੀਤੀਆਂ ਦੇ ਜਵਾਬ ਵਿੱਚ ਇਸ ਨੂੰ ਇਸ ਤਰ੍ਹਾਂ (ਅਪਰਾਧ ਵਜੋਂ) ਨਾਮਜ਼ਦ ਕੀਤਾ ਸੀ।
ਇਸ ਨੂੰ "ਇੱਕ ਰਾਸ਼ਟਰੀ, ਨਸਲੀ, ਜਾਤੀ ਜਾਂ ਧਾਰਮਿਕ ਸਮੂਹ ਨੂੰ ਪੂਰੀ ਤਰ੍ਹਾਂ ਜਾਂ ਅੰਸ਼ਕ ਤੌਰ 'ਤੇ ਤਬਾਹ ਕਰਨ ਦੇ ਇਰਾਦੇ ਨਾਲ ਕੀਤਾ ਗਿਆ ਕੋਈ ਵੀ ਕੰਮ" ਵਜੋਂ ਪਰਿਭਾਸ਼ਿਤ ਕੀਤਾ ਗਿਆ ਹੈ।
ਇਹਨਾਂ ਕੰਮਾਂ ਵਿੱਚ - ਕੁਝ ਸਮੂਹਾਂ ਨੂੰ ਮਾਰਨਾ ਜਾਂ ਗੰਭੀਰ ਨੁਕਸਾਨ ਪਹੁੰਚਾਉਣਾ, ਕਿਸੇ ਇੱਕ ਸਮੂਹ ਦੇ ਭੌਤਿਕ ਵਿਨਾਸ਼ ਲਈ ਪੈਦਾ ਕੀਤੇ ਗਏ ਹਾਲਾਤ, ਕਿਸੇ ਸਮੂਹ 'ਚ ਬੱਚਿਆਂ ਦੇ ਜਨਮ ਨੂੰ ਰੋਕਣਾ ਜਾਂ ਸਮੂਹ ਤੋਂ ਬੱਚਿਆਂ ਨੂੰ ਜ਼ਬਰਦਸਤੀ ਦੂਜੇ ਸਮੂਹ ਵਿੱਚ ਤਬਦੀਲ ਕਰਨਾ ਸ਼ਾਮਲ ਹੈ।
ਰਵਾਂਡਾ ਦੇ ਸਾਬਕਾ ਪ੍ਰਧਾਨ ਮੰਤਰੀ ਜੀਨ ਕੰਬੰਡਾ ਕਿਸੇ ਵੀ ਸਰਕਾਰ ਦੇ ਅਜਿਹੇ ਪਹਿਲੇ ਮੁਖੀ ਬਣੇ, ਜੋ ਕਿ 1998 ਵਿੱਚ ਇੱਕ ਅੰਤਰਰਾਸ਼ਟਰੀ ਅਦਾਲਤ ਦੁਆਰਾ ਨਸਲਕੁਸ਼ੀ ਦੇ ਦੋਸ਼ੀ ਠਹਿਰਾਏ ਗਏ। ਅਦਾਲਤ ਨੇ ਉਨ੍ਹਾਂ ਨੂੰ ਇੱਕ ਮਿਲੀਅਨ ਟੂਟਸੀ ਅਤੇ ਦਰਮਿਆਨੀ ਹੁਟੂ ਦੇ ਕਤਲੇਆਮ ਵਿੱਚ ਭੂਮਿਕਾ ਲਈ ਦੋਸ਼ੀ ਪਾਇਆ ਸੀ।
ਇਹ ਕਤਲੇਆਮ ਉਨ੍ਹਾਂ ਨੂੰ ਸਜ਼ਾ ਸੁਣਾਏ ਜਾਣ ਤੋਂ ਚਾਰ ਸਾਲ ਪਹਿਲਾਂ ਹੋਇਆ ਸੀ।

ਤਸਵੀਰ ਸਰੋਤ, Getty Images
ਸਾਰਾ ਸਵਾਲ ਇਰਾਦੇ ਦਾ ਹੈ
ਪਰ ਸੰਯੁਕਤ ਰਾਸ਼ਟਰ ਦੀ ਪਰਿਭਾਸ਼ਾ ਵਿੱਚ ਇੱਕ 'ਮਾਨਸਿਕ' ਤੱਤ ਵੀ ਸ਼ਾਮਲ ਹੈ, ਜੋ ਕਿ 'ਇੱਕ ਕੌਮੀ, ਨਸਲੀ, ਜਾਤੀ ਜਾਂ ਧਾਰਮਿਕ ਸਮੂਹ ਨੂੰ ਤਬਾਹ ਕਰਨ ਦਾ ਇਰਾਦਾ' ਹੈ।
ਇਹ ਮੁਲਜ਼ਮ ਦਾ 'ਇਰਾਦਾ' ਹੈ ਜੋ ਨਸਲੀ ਸਫ਼ਾਇਆ ਅਤੇ ਨਸਲਕੁਸ਼ੀ ਵਿੱਚ ਮਹੱਤਵਪੂਰਨ ਅੰਤਰ ਦਰਸਾਉਂਦਾ ਹੈ।
ਨਸਲਕੁਸ਼ੀ ਦਾ ਮੁੱਖ ਉਦੇਸ਼ ਲੋਕਾਂ ਦੇ ਨਸਲੀ ਜਾਂ ਧਾਰਮਿਕ ਸਮੂਹ ਦਾ ਭੌਤਿਕ ਵਿਨਾਸ਼ ਹੁੰਦਾ ਹੈ, ਜਦਕਿ ਨਸਲੀ ਸਫ਼ਾਇਆ ਕਰਨ ਦਾ ਮੁੱਖ ਉਦੇਸ਼ ਉਨ੍ਹਾਂ ਨੂੰ ਬਾਹਰ ਕੱਢਣਾ ਅਤੇ ਨਸਲੀ ਤੌਰ 'ਤੇ ਸਮਰੂਪ ਭੂਗੋਲਿਕ ਖੇਤਰਾਂ ਦੀ ਸਥਾਪਨਾ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












