ਗ਼ੈਰ-ਕਾਨੂੰਨੀ ਪਰਵਾਸੀਆਂ ਨੂੰ ਅਮਰੀਕਾ ਤੋਂ ਕੱਢਣ ਦਾ ਪਲਾਨ ਬਣਾਉਣ ਵਾਲੇ ʻਮਾਸਟਰਮਾਈਂਡʼ ਨੂੰ ਜਾਣੋ

ਤਸਵੀਰ ਸਰੋਤ, Getty Images
- ਲੇਖਕ, ਐਟਹੌਲਪਾ ਅਮੇਰਾਈਜ਼
- ਰੋਲ, ਬੀਬੀਸੀ ਪੱਤਰਕਾਰ
ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੀ ਸਭ ਤੋਂ ਸਖ਼ਤ ਪਰਵਾਸ ਨੀਤੀ ਦੇ ਪਿੱਛੇ ਜੇਕਰ ਕੋਈ ਮਾਸਟਰਮਾਈਂਡ ਹੈ ਤਾਂ ਉਹ ਹੈ ਸਟੀਫਨ ਮਿਲਰ।
39 ਸਾਲਾ ਇਸ ਕੱਟੜ ਕੰਜ਼ਰਵੈਟਿਵ ਰਿਪਬਲਿਕਨ ਨੇ ਟਰੰਪ ਦੇ ਪਹਿਲੇ ਪ੍ਰਸ਼ਾਸਨ ਵਿੱਚ ਪਰਵਾਸੀ ਪਰਿਵਾਰਾਂ ਨੂੰ ਵੱਖ ਕਰਨ ਵਰਗੇ ਕਈ ਸਖ਼ਤ ਨਿਯਮ ਬਣਾਏ ਸਨ।
ਵ੍ਹਾਈਟ ਹਾਊਸ ਵਿੱਚ ਮਿਲਰ ਨੇ ਆਪਣੀ ਤਾਕਤ ਅਤੇ ਰੁਤਬੇ ਨੂੰ ਹੋਰ ਵਧਾ ਲਿਆ ਹੈ। ਉਹ ਹੁਣ ਕੌਮੀ ਸੁਰੱਖਿਆ ਸਲਾਹਕਾਰ ਅਤੇ ਨੀਤੀਗਤ ਮਾਮਲਿਆਂ ਦੇ ਡਿਪਟੀ ਡਾਇਰੈਕਟਰ ਹਨ।
ਟਰੰਪ ਨੇ ਆਪਣਾ ਦੂਜਾ ਕਾਰਜਕਾਲ ਜਿਸ ਦਿਨ ਸਾਂਭਿਆ ਸੀ, ਉਸੇ ਦਿਨ ਉਨ੍ਹਾਂ ਨੇ ਜਿਹੜੇ ਕਾਰਜਕਾਰੀ ਆਦੇਸ਼ਾਂ ʼਤੇ ਦਸਤਖ਼ਤ ਕੀਤੇ ਉੱਥੇ ਮਿਲਰ ਦੇ ਦਸਤਖ਼ਤ ਪਹਿਲਾਂ ਤੋਂ ਹੀ ਮੌਜੂਦ ਸਨ।
ਇਨ੍ਹਾਂ ਆਦੇਸ਼ਾਂ ਵਿੱਚ ਸੀ, ਜਨਮਸਿੱਧ ਨਾਗਰਿਕਤਾ ਨੂੰ ਖ਼ਤਮ ਕਰਨਾ ਅਤੇ ਦੱਖਣੀ ਸੀਮਾ ʼਤੇ ਕੌਮੀ ਐਮਰਜੈਂਸੀ ਦਾ ਐਲਾਨ ਕਰਨਾ।
ਇਹ ਕਦਮ ਉਸ ਕੱਟੜ ਰਾਸ਼ਟਰਵਾਦੀ ਨਜ਼ਰੀਏ ਤੋਂ ਪ੍ਰਤੀਬਿੰਬਤ ਹੈ, ਜਿਸ ਨੂੰ ਇਸ ਰਿਪਬਲੀਕਨ ਨੇ ʻਟਰੰਪਿਜ਼ਮʼ ਦੀ ਸ਼ੁਰੂਆਤ ਤੋਂ ਹੀ ਜ਼ੋਰ-ਸ਼ੋਰ ਨਾਲ ਅੱਗੇ ਵਧਾਇਆ ਸੀ। ਉਹ ਮੀਡੀਆ ਵਿੱਚ ਆਪਣੇ ਪ੍ਰਸਤਾਵਾਂ ਦੇ ਬਚਾਅ ਨੂੰ ਲੈ ਕੇ ਬਹੁਤ ਸਰਗਰਮ ਰਹੇ।
ਉਨ੍ਹਾਂ ਨੇ ਬੁੱਧਵਾਰ ਨੂੰ ਫੌਕਸ ਨਿਊਜ਼ ਨੂੰ ਕਿਹਾ, "ਅਸੀਂ ਇਸ ਦੇਸ਼ ਨੂੰ ਇਸ ਕਬਜ਼ੇ ਤੋਂ ਬਚਾਉਣ ਲਈ ਰਾਸ਼ਟਰਪਤੀ ਟਰੰਪ ਦੀ ਕਮਾਂਡ ਅਤੇ ਨਿਰਦੇਸ਼ ਦੇ ਤਹਿਤ ਬਲਾਂ ਦੀ ਪੂਰੀ ਤਾਕਤ ਦੀ ਵਰਤੋਂ ਕਰਾਂਗੇ।"
ਸਟੀਫਨ ਮਿਲਰ ਨੂੰ ਵ੍ਹਾਈਟ ਹਾਊਸ ਵਿੱਚ ਸਭ ਤੋਂ ਸਖ਼ਤ, ਨਿਡਰ ਅਤੇ ਰੁਤਬੇ ਵਾਲਾ ਸ਼ਖ਼ਸ ਮੰਨਿਆ ਜਾਂਦਾ ਹੈ।

ਸੱਤਾ ਤੱਕ ਉਭਾਰ
1985 ਵਿੱਚ ਕੈਲੀਫੋਰਨੀਆ ਦੇ ਸੈਂਟਾ ਮੋਨਿਕਾ ਵਿੱਚ ਇੱਕ ਯਹੂਦੀ ਪਰਿਵਾਰ ਵਿੱਚ ਜਨਮੇ, ਮਿਲਰ ਕੰਜ਼ਵੇਟਿਵ ਹਸਤੀਆਂ ਅਤੇ ਮੀਡੀਆ ਪਲੇਟਫਾਰਮਾਂ ਤੋਂ ਪ੍ਰਭਾਵਿਤ ਸਨ ਅਤੇ ਛੋਟੀ ਉਮਰ ਵਿੱਚ ਹੀ ਰਾਜਨੀਤੀ ਵਿੱਚ ਦਿਲਚਸਪੀ ਲੈਣੀ ਸ਼ੁਰੂ ਕਰ ਦਿੱਤੀ ਸੀ।
16 ਸਾਲ ਦੀ ਉਮਰ ਵਿੱਚ, ਉਨ੍ਹਾਂ ਨੇ ਇੱਕ ਸਥਾਨਕ ਅਖ਼ਬਾਰ ਨੂੰ ਇੱਕ ਪੱਤਰ ਲਿਖਿਆ ਜਿਸ ਵਿੱਚ ਉਨ੍ਹਾਂ ਨੇ ਆਪਣੇ ਹਾਈ ਸਕੂਲ ਵਿੱਚ ਦੇਸ਼ ਭਗਤੀ ਦੀ ਘਾਟ ਦੀ ਆਲੋਚਨਾ ਕੀਤੀ। ਉਨ੍ਹਾਂ ਨੇ ਆਪਣੇ ਆਪ ਨੂੰ ਇੱਕ ਕੰਜ਼ਵੇਟਿਵ ਕਾਰਕੁਨ ਵਜੋਂ ਪੇਸ਼ ਕੀਤਾ ਅਤੇ ਦਲੀਲ ਦਿੱਤੀ ਕਿ ਲੈਟਿਨ ਮੂਲ ਦੇ ਵਿਦਿਆਰਥੀਆਂ ਨੂੰ ਕਲਾਸ ਵਿੱਚ ਸਿਰਫ਼ ਅੰਗਰੇਜ਼ੀ ਬੋਲਣੀ ਚਾਹੀਦੀ ਹੈ।
ਉਨ੍ਹਾਂ ਦੀ ਰਾਜਨੀਤਿਕ ਸਿਖਲਾਈ ਡਿਊਕ ਯੂਨੀਵਰਸਿਟੀ ਤੋਂ ਹੋਈ, ਜਿੱਥੇ ਉਨ੍ਹਾਂ ਨੇ 2007 ਵਿੱਚ ਰਾਜਨੀਤੀ ਸ਼ਾਸਤਰ ਵਿੱਚ ਗ੍ਰੈਜੂਏਸ਼ਨ ਕੀਤੀ।
ਜਦੋਂ ਕਾਲਜ ਲੈਕਰੋਸੀ ਖਿਡਾਰੀਆਂ ਦੇ ਇੱਕ ਸਮੂਹ 'ਤੇ ਬਲਾਤਕਾਰ ਦੇ ਇਲਜ਼ਾਮ ਲੱਗੇ ਸਨ ਤਾਂ ਮਿਲਰ ਉਨ੍ਹਾਂ ਦੇ ਬਚਾਅ ਵਿੱਚ ਆਏ ਸਨ। ਇਹ ਖਿਡਾਰੀ ਆਖ਼ਰਕਾਰ ਬੇਕਸੂਰ ਸਾਬਤ ਹੋਏ, ਜਿਸ ਨਾਲ ਮਿਲਰ ਨੂੰ ਮੀਡੀਆ ਦੀਆਂ ਸੁਰਖੀਆਂ ਵਿੱਚ ਆਉਣ ਦਾ ਮੌਕਾ ਮਿਲਿਆ।
ਇਹ ਉਹੀ ਸਮਾਂ ਸੀ ਜਦੋਂ ਉਨ੍ਹਾਂ ਨੇ ਇੱਕ ਜਾਣੇ-ਪਛਾਣੇ ਗੋਰੇ ਸਰਬੋਤਮਵਾਦੀ ਰਿਚਰਡ ਸਪੈਂਸਰ ਵਰਗੀਆਂ ਵਿਵਾਦਪੂਰਨ ਸ਼ਖਸੀਅਤਾਂ ਨਾਲ ਖ਼ੁਦ ਨੂੰ ਜੋੜਨਾ ਸ਼ੁਰੀ ਕੀਤਾ। ਹਾਲਾਂਕਿ, ਉਨ੍ਹਾਂ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਉਨ੍ਹਾਂ ਵਿਚਕਾਰ ਕਦੇ ਵੀ ਕੋਈ ਨੇੜਲਾ ਰਿਸ਼ਤਾ ਸੀ।

ਤਸਵੀਰ ਸਰੋਤ, Getty Images
ਗ੍ਰੈਜੂਏਟ ਹੋਣ ਤੋਂ ਬਾਅਦ, ਉਨ੍ਹਾਂ ਨੇ ਕਾਂਗਰਸ ਦੇ ਰਿਪਬਲਿਕਨ ਮੈਂਬਰਾਂ ਦੇ ਸੰਚਾਰ ਸਲਾਹਕਾਰ ਵਜੋਂ ਕੰਮ ਕੀਤਾ ਅਤੇ 2009 ਵਿੱਚ ਉਹ ਉਸ ਸਮੇਂ ਦੇ ਸੈਨੇਟਰ ਜੈੱਫ ਸੈਸ਼ਨਜ਼ ਨਾਲ ਜੁੜ ਗਏ, ਜੋ ਇਮੀਗ੍ਰੇਸ਼ਨ 'ਤੇ ਆਪਣੇ ਸਖ਼ਤ ਰੁਖ਼ ਲਈ ਜਾਣੇ ਜਾਂਦੇ ਸਨ।
ਸੈਸ਼ਨਜ਼ ਦੀ ਅਗਵਾਈ ਹੇਠ ਮਿਲਰ ਨੇ 2013 ਵਿੱਚ ਇਮੀਗ੍ਰੇਸ਼ਨ ਸੁਧਾਰ ਕਾਨੂੰਨ ਦਾ ਵਿਰੋਧ ਕਰਨ ਵਿੱਚ ਕੇਂਦਰੀ ਭੂਮਿਕਾ ਨਿਭਾਈ, ਜਿਸ ਨਾਲ ਖੁੱਲ੍ਹੀਆਂ ਸਰਹੱਦਾਂ ਦੀਆਂ ਨੀਤੀਆਂ ਦੇ ਵਿਰੋਧੀ ਵਜੋਂ ਉਨ੍ਹਾਂ ਦਾ ਅਕਸ ਹੋਰ ਵੀ ਮਜ਼ਬੂਤ ਕੀਤਾ।
ਟਰੰਪ ਦੀ ਰਾਸ਼ਟਰਵਾਦੀ ਅਤੇ ਇਮੀਗ੍ਰੇਸ਼ਨ ਵਿਰੋਧੀ ਸੁਰ ਨੂੰ ਆਕਾਰ ਦੇਣ ਦਾ ਸਿਹਰਾ ਮਿਲਰ ਨੂੰ ਦਿੱਤਾ ਜਾਂਦਾ ਹੈ।
ਅਖ਼ਬਾਰ ਪੋਲੀਟੀਕੋ ਅਨੁਸਾਰ, ਇਹ ਮਿਲਰ ਦੀ ਟਰੰਪ ਦੇ ਦ੍ਰਿਸ਼ਟੀਕੋਣ ਦੀ ਵਿਆਖਿਆ ਕਰਨ ਅਤੇ ਅੱਗੇ ਵਧਾਉਣ ਦੀ ਯੋਗਤਾ ਸੀ ਜਿਸ ਨੇ 2017 ਅਤੇ 2021 ਦੇ ਵਿਚਕਾਰ ਟਰੰਪ ਦੇ ਪਹਿਲੇ ਕਾਰਜਕਾਲ ਵਿੱਚ ਇੱਕ ਜ਼ਰੂਰੀ ਸ਼ਖਸੀਅਤ ਵਜੋਂ ਉਨ੍ਹਾਂ ਦੀ ਸਥਿਤੀ ਨੂੰ ਮਜ਼ਬੂਤ ਕੀਤਾ।
ਮਿਲਰ ਉਦੋਂ ਤੋਂ ਇਮੀਗ੍ਰੇਸ਼ਨ ਬਾਰੇ ਆਪਣੇ ਕੱਟੜ ਵਿਚਾਰਾਂ ਅਤੇ ਬਹੁਤ ਵਿਵਾਦਪੂਰਨ ਵਿਚਾਰਾਂ ਨੂੰ ਠੋਸ ਨੀਤੀਆਂ ਵਿੱਚ ਬਦਲਣ ਦੀ ਆਪਣੀ ਯੋਗਤਾ ਲਈ ਜਾਣੇ ਜਾਂਦੇ ਹਨ।
ਨਿਊਯਾਰਕ ਟਾਈਮਜ਼ ਅਨੁਸਾਰ, ਇਸ ਰਿਪਬਲਿਕਨ ਸਲਾਹਕਾਰ ਨੇ ਗੁਪਤ ਢੰਗ ਨਾਲ ਕੰਮ ਕਰਨ ਅਤੇ ਅੰਦਰੂਨੀ ਵਿਰੋਧ ਤੋਂ ਬਚਣ ਦੀ ਰਣਨੀਤੀ ਵਿੱਚ ਮੁਹਾਰਤ ਹਾਸਲ ਕਰ ਲਈ, ਜਿਨ੍ਹਾਂ ਨੇ ਉਨ੍ਹਾਂ ਨੂੰ 'ਟਰੰਪਿਜ਼ਮ' ਦੇ ਕੁਝ ਸਭ ਤੋਂ ਕੱਟੜਪੰਥੀ ਉਪਾਵਾਂ ਨੂੰ ਲਾਗੂ ਕਰਨ ਵਿੱਚ ਮਦਦ ਕੀਤੀ।

ਤਸਵੀਰ ਸਰੋਤ, Getty Images
ਰਣਨੀਤੀ ਕੀ ਸੀ?
ਆਪਣੇ ਦੂਜੇ ਕਾਰਜਕਾਲ ਵਿੱਚ, ਡੌਨਲਡ ਟਰੰਪ ਨੇ ਇਮੀਗ੍ਰੇਸ਼ਨ ਏਜੰਡੇ 'ਤੇ ਮਿਲਰ ਨੂੰ 'ਸਰਹੱਦੀ ਜ਼ਾਰ' ਟੌਮ ਹੋਮਨ ਦੇ ਨਾਲ, ਇੱਕ ਮੁੱਖ ਨੀਤੀ ਨਿਰਮਾਤਾ ਬਣਨ ਲਈ ਵਧੇਰੇ ਸ਼ਕਤੀ ਦਿੱਤੀ।
ਨੀਤੀਗਤ ਮਾਮਲਿਆਂ ਦੇ ਡਿਪਟੀ ਡਾਇਰੈਕਟਰ ਅਤੇ ਕੌਮੀ ਸੁਰੱਖਿਆ ਸਲਾਹਕਾਰ ਵਜੋਂ ਮਿਲਰ ਨੇ ਟਰੰਪ ਦੇ ਪਰਵਾਸ ਏਜੰਡੇ ਨੂੰ ਲਾਗੂ ਕਰਨ ਲਈ ਕਈ ਕਾਰਜਕਾਰੀ ਆਦੇਸ਼ਾਂ ਦਾ ਖਰੜਾ ਤਿਆਰ ਕਰਨ ਦੀ ਅਗਵਾਈ ਕੀਤੀ, ਜਿਸ ਵਿੱਚ ਗ਼ੈਰ-ਕਾਨੂੰਨੀ ਪਰਵਾਸੀਆਂ ਦੇ ਆਉਣ ʼਤੇ ਰੋਕ ਅਤੇ ਅਮਰੀਕੀ ਧਰਤੀ ʼਤੇ ਪਹਿਲਾ ਤੋਂ ਮੌਜੂਦ ਰਹਿਣ ਵਾਲਿਆਂ ਨੂੰ ਕੱਢਣ ਦਾ ਵਾਅਦਾ ਕੀਤਾ ਗਿਆ ਹੈ।
ਇਨ੍ਹਾਂ ਹੁਕਮਾਂ ਵਿੱਚੋਂ ਇੱਕ ਜਨਮ ਆਧਾਰਿਤ ਨਾਗਰਿਕਤਾ ਨੂੰ ਖ਼ਤਮ ਕਰਨਾ ਹੈ। ਇਹ ਇੱਕ ਅਜਿਹਾ ਕਦਮ ਹੈ ਜੋ ਅਮਰੀਕੀ ਸੰਵਿਧਾਨ ਦੇ 14ਵੇਂ ਸੋਧ ਅਧੀਨ ਗਾਰੰਟੀਸ਼ੁਦਾ ਇਤਿਹਾਸਕ ਅਧਿਕਾਰ ਨੂੰ ਨਕਾਰਦਾ ਹੈ ਅਤੇ ਇਸ ਨੂੰ ਅਦਾਲਤ ਵਿੱਚ ਚੁਣੌਤੀ ਦਿੱਤੀ ਗਈ ਹੈ।
ਉਨ੍ਹਾਂ ਨੇ ਟਾਈਟਲ 42 ਨੂੰ ਬਹਾਲ ਕੀਤਾ, ਜੋ ਜਨਤਕ ਸਿਹਤ ਦੇ ਨਾਮ 'ਤੇ ਮੈਕਸੀਕਨ ਸਰਹੱਦ ਨੂੰ ਬੰਦ ਕਰਨ ਦੀ ਆਗਿਆ ਦਿੰਦਾ ਹੈ, ਇਸ ਦੇ ਨਾਲ ਹੀ ਦੱਖਣੀ ਸਰਹੱਦ 'ਤੇ ਕੌਮੀ ਐਮਰਜੈਂਸੀ ਦਾ ਐਲਾਨ ਕਰਨ ਦੀ ਇਜਾਜ਼ਤ ਦਿੰਦਾ ਹੈ।
ਮਾਹਿਰਾਂ ਦਾ ਕਹਿਣਾ ਹੈ ਕਿ ਇਹ ਹਵਾਲਗੀ ਕਾਰਵਾਈਆਂ ਨੂੰ ਅੰਜਾਮ ਦੇਣ ਲਈ ਬੇਮਿਸਾਲ ਫੌਜੀਕਰਨ ਨੂੰ ਜਾਇਜ਼ ਠਹਿਰਾਉਣ ਲਈ ਕੀਤਾ ਜਾਂਦਾ ਹੈ।
ਉਨ੍ਹਾਂ ਨੇ ਸ਼ਰਨ ਲਈ ਅਰਜ਼ੀਆਂ ਰੱਦ ਕਰ ਦਿੱਤੀਆਂ ਹਨ। ਇਸ ਨੇ ਹੋਰ ਸ਼ਰਨਾਰਥੀਆਂ ਦੇ ਦਾਖ਼ਲੇ ਤੋਂ ਵੀ ਇਨਕਾਰ ਕਰ ਦਿੱਤਾ ਹੈ ਅਤੇ ਡਰੱਗ ਕਾਰਟੈਲ ਨੂੰ 'ਵਿਦੇਸ਼ੀ ਅੱਤਵਾਦੀ ਸੰਗਠਨ' ਐਲਾਨ ਦਿੱਤਾ।

ਤਸਵੀਰ ਸਰੋਤ, Getty Images
ਇੱਕੋ ਸਮੇਂ ਇੰਨੇ ਸਾਰੇ ਆਦੇਸ਼ ਜਾਰੀ ਕਰਨ ਨੂੰ ਕੁਝ ਜਾਣਕਾਰ "ਸੇਚੁਰੇਸ਼ਨ ਸਟ੍ਰੈਟੇਜੀ" ਆਖਦੇ ਹਨ ਅਤੇ ਮੰਨਦੇ ਹਨ ਕਿ ਮਿਲਰ ਇਸ ਦੇ ਪਿੱਛੇ ਵੀ ਮਾਸਟਰਮਾਈਂਡ ਹੈ- ਵਿਰੋਧੀ ਧਿਰ ਅਤੇ ਮੀਡੀਆ ਦੀ ਪ੍ਰਤੀਕਿਰਿਆ ਨੂੰ ਦਬਾਉਣ ਅਤੇ ਉਨ੍ਹਾਂ ਆਦੇਸ਼ਾਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਆਦੇਸ਼ਾਂ ਦਾ ਲਗਾਤਾਰ ਸਟ੍ਰੀਮਿੰਗ ਹੜ੍ਹ ਲਿਆ ਦੇਣਾ।
ਪੋਲੀਟੀਕੋ ਦਾ ਕਹਿਣਾ ਹੈ ਕਿ ਕੌਮੀ ਸੁਰੱਖਿਆ ਸਲਾਹਕਾਰ ਨੇ ਨਵੀਆਂ ਨੀਤੀਆਂ ਦਾ ਬਚਾਅ ਕਰਨ ਲਈ ਨਿਆਂ ਵਿਭਾਗ 'ਤੇ ਭਰੋਸਾ ਨਹੀਂ ਕੀਤਾ। ਉਨ੍ਹਾਂ ਨੇ ਇਹ ਯਕੀਨੀ ਬਣਾਇਆ ਕਿ ਉਨ੍ਹਾਂ ਨੂੰ ਘੱਟ ਤੋਂ ਘੱਟ ਕਾਨੂੰਨੀ ਰੁਕਾਵਟਾਂ ਨਾਲ ਲਾਗੂ ਕੀਤਾ ਜਾ ਸਕੇ। ਇਸ ਲਈ ਉਨ੍ਹਾਂ ਨੇ ਬਾਹਰੀ ਵਕੀਲਾਂ ਦੀ ਮਦਦ ਲਈ।
ਅਜਿਹਾ ਦ੍ਰਿਸ਼ਟੀਕੋਣ ਦਰਸਾਉਂਦਾ ਹੈ ਕਿ ਮਿਲਰ ਨੇ ਟਰੰਪ ਦੇ ਪਹਿਲੇ ਕਾਰਜਕਾਲ ਤੋਂ ਸਬਕ ਸਿੱਖਿਆ ਹੈ, ਜਦੋਂ ਯਾਤਰਾ ਪਾਬੰਦੀ ਵਰਗੇ ਉਪਾਵਾਂ ਨੂੰ ਕਾਨੂੰਨੀ ਰੁਕਾਵਟਾਂ ਦਾ ਸਾਹਮਣਾ ਕਰਨਾ ਪਿਆ ਸੀ।
ਆਪਣਾ ਹੋਮਵਰਕ ਕੰਮ ਕਰਨ ਤੋਂ ਇਲਾਵਾ, ਮਿਲਰ ਨੇ ਸਰਕਾਰ ਤੋਂ ਬਾਹਰ ਪ੍ਰਭਾਵਸ਼ਾਲੀ ਸ਼ਖਸੀਅਤਾਂ, ਜਿਵੇਂ ਕਿ ਉਦਯੋਗਪਤੀ ਇਲੋਨ ਮਸਕ, ਨਾਲ ਰਣਨੀਤਕ ਸਬੰਧ ਸਥਾਪਿਤ ਕੀਤੇ ਹਨ।
ਟਰੰਪ ਦੇ ਨਵੇਂ ਕੌਮੀ ਸੁਰੱਖਿਆ ਸਲਾਹਕਾਰ ਨੇ ਹੀ ਕੰਜ਼ਰਵੇਟਿਵ ਲੀਗਲ ਆਰਗਾਈਜੇਸ਼ਨ ʻਅਮਰੀਕਾ ਫਸਟ ਲੀਗਲʼ ਬਣਾਇਆ ਹੈ, ਜੋ ਗ਼ੈਰ-ਕਾਨੂੰਨੀ ਇਮੀਗ੍ਰੇਸ਼ਨ ਨੂੰ ਉਤਸ਼ਾਹਿਤ ਕਰਨ ਜਾਂ ਸਹਾਇਤਾ ਲਈ ਸੰਸਥਾਵਾਂ ਅਤੇ ਸੰਗਠਨਾਂ ਵਿਰੁੱਧ ਮੁਕੱਦਮਿਆਂ ਅਤੇ ਮੀਡੀਆ ਮੁਹਿੰਮਾਂ ਨੂੰ ਉਤਸ਼ਾਹਿਤ ਕਰਦਾ ਹੈ।
ਇਸ ਤਰ੍ਹਾਂ, ਸਟੀਫਨ ਮਿਲਰ ਨਾ ਸਿਰਫ਼ 'ਟਰੰਪਿਜ਼ਮ' ਦੀਆਂ ਸਭ ਤੋਂ ਕੱਟੜਪੰਥੀ ਨੀਤੀਆਂ ਦਾ ਨਿਰਮਾਤਾ ਹੈ, ਸਗੋਂ ਇੱਕ ਰਣਨੀਤੀਕਾਰ ਵੀ ਹੈ ਜਿਨ੍ਹਾਂ ਨੇ ਉਨ੍ਹਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਦੀਆਂ ਚਾਲਾਂ ਵਿੱਚ ਮੁਹਾਰਤ ਹਾਸਲ ਕਰ ਲਈ ਹੈ।

ਤਸਵੀਰ ਸਰੋਤ, Getty Images
ਟਰੰਪ ਪ੍ਰਤੀ ਪੂਰੀ ਵਫ਼ਾਦਾਰੀ
2016 ਦੀ ਰਾਸ਼ਟਰਪਤੀ ਚੋਣ ਮੁਹਿੰਮ ਤੋਂ ਬਾਅਦ, ਸਟੀਫਨ ਮਿਲਰ ਨੇ ਡੌਨਲਡ ਟਰੰਪ ਪ੍ਰਤੀ ਅਟੁੱਟ ਵਫ਼ਾਦਾਰੀ ਦਿਖਾਈ ਹੈ ਅਤੇ ਉਹ ਉਨ੍ਹਾਂ ਦੇ ਸਭ ਤੋਂ ਨਜ਼ਦੀਕੀ ਅਤੇ ਸਭ ਤੋਂ ਨਿਰਸਵਾਰਥ ਦੋਸਤ ਬਣ ਗਏ ਹਨ।
ਮਿਲਰ ਟਰੰਪ ਦੀ ਟੀਮ ਵਿੱਚ ਉਦੋਂ ਸ਼ਾਮਲ ਹੋਏ ਜਦੋਂ ਉਨ੍ਹਾਂ ਨੂੰ ਵ੍ਹਾਈਟ ਹਾਊਸ ਦੀ ਦੌੜ ਵਿੱਚ ਗਿਣਿਆ ਵੀ ਨਹੀਂ ਜਾਂਦਾ ਸੀ ਅਤੇ ਉਨ੍ਹਾਂ ਨੇ ਕੁਝ ਸ਼ੁਰੂਆਤੀ ਭਾਸ਼ਣ ਵੀ ਲਿਖੇ ਸਨ। ਉਨ੍ਹਾਂ ਨੇ ਆਪਣੇ ਲੋਕਪ੍ਰਿਯ ਅਤੇ ਰਾਸ਼ਟਰਵਾਦੀ ਲਹਿਜ਼ੇ ਨੂੰ ਸਫ਼ਲਤਾਪੂਰਵਕ ਆਕਾਰ ਦਿੱਤਾ ਅਤੇ ਵਧਾਇਆ।
ਨਿਊਯਾਰਕ ਟਾਈਮਜ਼ ਅਨੁਸਾਰ, ਟਰੰਪ ਦੇ ਪਹਿਲੇ ਕਾਰਜਕਾਲ ਦੌਰਾਨ, ਮਿਲਰ ਨੇ ਵ੍ਹਾਈਟ ਹਾਊਸ ਦੇ ਅੰਦਰੂਨੀ ਵਿਵਾਦਾਂ ਵਿੱਚ ਸ਼ਾਮਲ ਹੋਣ ਤੋਂ ਪਰਹੇਜ਼ ਕੀਤਾ ਅਤੇ ਪ੍ਰਸ਼ਾਸਨ ਵਿੱਚ ਸਭ ਤੋਂ ਵੱਧ ਕੱਟੜ ਅਤੇ ਉਦਾਰਵਾਦੀ ਹਸਤੀਆਂ ਦੋਵਾਂ ਨਾਲ ਚੰਗੇ ਸਬੰਧ ਬਣਾਈ ਰੱਖੇ।
ਪਰ ਟਰੰਪ ਦੇ ਦਾਇਰੇ ਤੋਂ ਬਾਹਰ ਜਾਣ ਵਾਲੇ ਕਿਸੇ ਵੀ ਵਿਅਕਤੀ ਦਾ ਪੱਖ ਉਨ੍ਹਾਂ ਨੇ ਨਹੀਂ ਲਿਆ, ਜਿਵੇਂ ਕਿ ਜੈਫ ਸੈਸ਼ਨਜ਼ ਮਾਮਲੇ ਵਿੱਚ ਹੋਇਆ, ਜੋ ਕਿ ਉਨ੍ਹਾਂ ਦੇ ਸਾਬਕਾ ਗੁਰੂ ਅਤੇ ਸੈਨੇਟ ਵਿੱਚ ਬੌਸ ਸਨ।
2017 ਵਿੱਚ ਜਦੋਂ ਤਤਕਾਲੀ ਰਾਸ਼ਟਰਪਤੀ ਨਾਲ ਮਤਭੇਦ ਕਾਰਨ ਅਟਾਰਨੀ ਜਨਰਲ ਦੇ ਅਹੁਦੇ ਤੋਂ ਸੈਸ਼ਨਜ਼ ਨੇ ਅਸਤੀਫਾ ਦੇ ਦਿੱਤਾ, ਤਾਂ ਮਿਲਰ ਨੇ ਲੀਡਰ ਪ੍ਰਤੀ ਆਪਣੀ ਵਫ਼ਾਦਾਰੀ ਨੂੰ ਬਦਲਣ ਵਿੱਚ ਕੋਈ ਝਿਜਕ ਨਹੀਂ ਦਿਖਾਈ ਅਤੇ ਆਪਣੇ ਸਾਬਕਾ ਸਹਿਯੋਗੀ ਤੋਂ ਦੂਰੀ ਬਣਾਉਣ ਵਿੱਚ ਸੰਕੋਚ ਨਹੀਂ ਕੀਤਾ।
ਇਹ ਪੂਰਨ ਵਫ਼ਾਦਾਰੀ ਉਨ੍ਹਾਂ ਦੀ ਉਸ ਇੱਛਾ ਵਿੱਚ ਵੀ ਦਿਖਾਈ ਦਿੰਦੀ ਹੈ ਜਦੋਂ ਉਹ ਬਿਨਾਂ ਕਿੰਤੂ-ਪਰੰਤੂ ਦਾ ਆਦੇਸ਼ ਮੰਨਣ ਨੂੰ ਤਿਆਰ ਦਿਖਦੇ ਹਨ, ਖ਼ਾਸ ਕਰ ਕੇ ਜਨਤਕ ਤੌਰ ʼਤੇ।
ਪੋਲੀਟੀਕੋ ਦੇ ਅਨੁਸਾਰ, ਮਿਲਰ ਕਦੇ ਵੀ ਨਿੱਜੀ ਮੀਟਿੰਗਾਂ ਵਿੱਚ ਵੀ ਰਾਸ਼ਟਰਪਤੀ ਨੂੰ ਨਹੀਂ ਰੋਕਦਾ ਅਤੇ ਟਰੰਪ ਜੋ ਵੀ ਫੈਸਲਾ ਲੈਂਦਾ ਹੈ, ਉਸ ਦੇ ਅਨੁਸਾਰ ਜਲਦੀ ਢਲ ਜਾਂਦਾ ਹੈ। ਇਹੀ ਕਾਰਨ ਸੀ ਕਿ ਆਪਣੇ ਪਹਿਲੇ ਕਾਰਜਕਾਲ ਦੌਰਾਨ, ਉਹ ਮੰਤਰੀ ਮੰਡਲ ਵਿੱਚ ਕਈ ਤਬਦੀਲੀਆਂ ਅਤੇ ਪਾਰਟੀ ਦੇ ਅੰਦਰ ਵਿਵਾਦਾਂ ਤੋਂ ਆਪਣੇ ਆਪ ਨੂੰ ਬਚਾਉਣ ਵਿੱਚ ਸਫ਼ਲ ਰਹੇ।
ਬੇਸ਼ੱਕ, ਮਿਲਰ ਨੇ ਲਗਾਤਾਰ ਇਸ ਸਭ ਤੋਂ ਵਿਵਾਦਪੂਰਨ ਸਿਧਾਂਤ ਦਾ ਸਮਰਥਨ ਕੀਤਾ ਹੈ ਕਿ 2020 ਵਿੱਚ ਜੋ ਟਰੰਪ ਵਿਰੁੱਧ ਬਾਈਡਨ ਦੀ ਚੋਣ ਜਿੱਤ ਧਾਂਦਲੀ ਵਾਲੀ ਸੀ।

ਤਸਵੀਰ ਸਰੋਤ, Getty Images
ਇੱਕ ਫੁੱਟ ਪਾਉਣ ਵਾਲੀ ਸ਼ਖ਼ਸੀਅਤ
ਡੌਨਲਡ ਟਰੰਪ ਦੇ ਪਹਿਲੇ ਅਤੇ ਦੂਜੇ ਕਾਰਜਕਾਲ ਦੌਰਾਨ ਸਟੀਫਨ ਮਿਲਰ ਦੁਆਰਾ ਤਿਆਰ ਕੀਤੀਆਂ ਗਈਆਂ ਨੀਤੀਆਂ ਨੇ ਅਮਰੀਕੀ ਰਾਜਨੀਤੀ ਅਤੇ ਸਮਾਜ ਵਿੱਚ ਡੂੰਘੀਆਂ ਵੰਡਾਂ ਪੈਦਾ ਕਰ ਦਿੱਤੀਆਂ।
ਅਮਰੀਕਨ ਸਿਵਿਲ ਲਿਬਰਟੀ ਯੂਨੀਅਨ ਅਤੇ ਸਦਰਨ ਪਾਵਰਟੀ ਲਾਅ ਸੈਂਟਰ ਵਰਗੇ ਗਰੁੱਪ, ਇਨ੍ਹਾਂ ਨੀਤੀਆਂ ਨੂੰ ਵਿਤਕਰੇ ਵਾਲੀਆਂ ਮੰਨਦੇ ਹਨ।
ਨਿਊਯਾਰਕ ਟਾਈਮਜ਼ ਨੇ ਕੁਝ ਮਾਹਿਰਾਂ ਨਾਲ ਗੱਲ ਕੀਤੀ ਹੈ ਜਿਸ ਵਿੱਚ ਉਨ੍ਹਾਂ ਨੇ ਚੇਤੇ ਕਰਵਾਇਆ ਹੈ ਕਿ ਮਿਲਰ ਵੱਲੋਂ ਅੱਗੇ ਵਧਾਈਆਂ ਗਈਆਂ ਨੀਤੀਆਂ, ਗ਼ੈਰ-ਕਾਨੂੰਨੀ ਪਰਵਾਸੀਆਂ ਦੇ ਮੁੱਦੇ ਨੂੰ ਸੰਭਾਲਣ ਦੇ ਅਮਰੀਕੀ ਤਰੀਕੇ ਵਿੱਚ ਵੱਡਾ ਬਦਲਾਅ ਲਿਆ ਸਕਦੀਆਂ ਹਨ।
ਜਿਵੇਂ ਕਿ ਪਰਵਾਸੀਆਂ ਲਈ ਦਰਵਾਜ਼ੇ ਬੰਦ ਕਰਨਾ, ਜੋ ਕਿ ਸ਼ਰਨਾਰਥੀਆਂ ਅਤੇ ਸ਼ਰਨ ਮੰਗਣ ਵਾਲਿਆਂ ਦੇ ਲਈ ਇਤਿਹਾਸਕ ਰੂਪ ਨਾਲ ਖੁੱਲ੍ਹਿਆ ਰਿਹਾ ਹੈ।
ਆਲੋਚਕਾਂ ਦਾ ਮੰਨਣਾ ਹੈ ਕਿ ਸੰਭਾਵਿਤ ਸੁਪਰਦਗੀ ਅਤੇ ਸਰਹੱਦ ਦਾ ਫੌਜੀਕਰਨ, ਮੈਕਸੀਕੋ ਵਰਗੇ ਗੁਆਂਢੀ ਦੇਸ਼ਾਂ ਦੇ ਨਾਲ ਰਿਸ਼ਤਿਆਂ ਵਿੱਚ ਤਣਾਅ ਪੈਦਾ ਕਰੇਗਾ ਅਤੇ ਇੱਕ ਨਵੇਂ ਮਨੁੱਖੀ ਸੰਕਟ ਨੂੰ ਸੱਦਾ ਦੇਵੇਗਾ।
ਹਾਲਾਂਕਿ ਟਰੰਪ ਹਮਾਇਤੀਆਂ ਲਈ ਉਹ ਇੱਕ ਦੂਰਦਰਸ਼ੀ ਰਣਨੀਤੀਕਾਰ ਹਨ ਜਿਨ੍ਹਾਂ ਨੇ ਪਰਵਾਸ ਨੀਤੀਆਂ ਨੂੰ ਰਾਸ਼ਟਰਵਾਦੀ ਅਤੇ ਕੱਟੜ ਨਜ਼ਰੀਏ ਦੇ ਨਾਲ ਮੁੜ ਪਰਿਭਾਸ਼ਤ ਕੀਤਾ ਹੈ ਜੋ ਕਿ ਅਮਰੀਕੀਆਂ ਦੀ ਸੁਰੱਖਿਆ ਤੇ ਭਲਾਈ ਦੀ ਰੱਖਿਆ ਕਰੇਗਾ।
ਹਾਲਾਂਕਿ ਆਖਰ ਵਿੱਚ ਉਨ੍ਹਾਂ ਦੀ ਵਿਰਾਸਤ ਦਾ ਕੀ ਅਸਰ ਹੁੰਦਾ ਹੈ, ਉਹ ਆਉਣ ਵਾਲਾ ਵਕਤ ਦੱਸੇਗਾ।
ਪਰ ਮਿਲਰ ਵੱਲੋਂ ਡਿਜ਼ਾਈਨ ਕੀਤੀ ਗਈ ਅਤੇ ਅੱਗੇ ਵਧਾਈਆਂ ਗਈਆਂ ਨੀਤੀਆਂ ਦਾ ਅਸਰ ਇਹ ਹੈ ਕਿ ਲੱਖਾਂ ਗੈਰ ਕਾਨੂੰਨੀ ਪਰਵਾਸੀਆਂ ਦਾ ਭਵਿੱਖ ਸੰਕਟ ਵਿੱਚ ਹੈ ਅਤੇ ਇਨ੍ਹਾਂ ਨੀਤੀਆਂ ਦੇ ਅੱਗੇ ਚਾਰ ਸਾਲ ਤੱਕ ਵਿਵਾਦਾਂ ਵਿੱਚ ਰਹਿਣ ਦੀ ਸੰਭਾਵਨਾ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












