ਡੌਨਲਡ ਟਰੰਪ ਨੇ ਜੰਗ ਨਾਲ ਤਬਾਹ ਹੋਈ ਗਾਜ਼ਾ ਪੱਟੀ ਦੀ ਮਲਕੀਅਤ ਲੈਣ ਦੀ ਪੇਸ਼ਕਸ਼ ਕੀਤੀ, ਟਰੰਪ ਦੇ ਇਸ ਬਿਆਨ ਦਾ ਕੀ ਮਤਲਬ ਹੈ

ਤਸਵੀਰ ਸਰੋਤ, Reuters
- ਲੇਖਕ, ਨਦੀਨ ਯੂਸਫ਼ ਅਤੇ ਬਰਨਡ ਦੇਬੂਸਮਨ
- ਰੋਲ, ਬੀਬੀਸੀ ਪੱਤਰਕਾਰ
ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਗਾਜ਼ਾ ਪੱਟੀ ਦੀ ਮਲਕੀਅਤ ਲੈਣ ਅਤੇ ਇਸ ਦੇ ਪੁਨਰ ਵਿਕਾਸ ਦਾ ਪ੍ਰਸਤਾਵ ਰੱਖਿਆ, ਜਦਕਿ ਇਸ ਤੋਂ ਪਹਿਲਾਂ ਇਹ ਕਿਹਾ ਗਿਆ ਸੀ ਕਿ ਫ਼ਲਸਤੀਨੀਆਂ ਨੂੰ ਇਸ ਖੇਤਰ ਤੋਂ ਬਾਹਰ ਚਲੇ ਜਾਣਾ ਚਾਹੀਦਾ ਹੈ।
ਟਰੰਪ ਨੇ ਮੰਗਲਵਾਰ ਨੂੰ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨਾਲ ਇੱਕ ਸਾਂਝੇ ਸੰਮੇਲਨ ਦੌਰਾਨ ਕਿਹਾ, "ਅਮਰੀਕਾ ਗਾਜ਼ਾ ਪੱਟੀ 'ਤੇ ਕਬਜ਼ਾ ਕਰੇਗਾ ਅਤੇ ਅਸੀਂ ਇਸ ʼਤੇਕੰਮ ਵੀ ਕਰਾਂਗੇ।"
ਟੰਰਪ ਨੇ ਵ੍ਹਾਈਟ ਹਾਊਸ ਵਿੱਚ ਇਜ਼ਰਾਇਲੀ ਆਗੂ ਨਾਲ ਮੁਲਾਕਾਤ ਤੋਂ ਬਾਅਦ ਇਹ ਟਿੱਪਣੀ ਕੀਤੀ।
ਨੇਤਨਯਾਹੂ ਨੇ ਇਸ ʼਤੇ ਪ੍ਰਤਿਕਿਰਿਆ ਕਰਦਿਆਂ ਕਿਹਾ ਕਿ ਇਹ ਵਿਚਾਰ, "ਧਿਆਨ ਦੇਣ ਯੋਗ" ਹੈ।
ਅਮਰੀਕੀ ਰਾਸ਼ਟਰਪਤੀ ਨੇ ਪਹਿਲਾਂ ਕਿਹਾ ਸੀ ਕਿ ਕਿ ਗੁਆਂਢੀ ਮੁਲਕਾਂ ਨੂੰ ਗਾਜ਼ਾ ਵਿੱਚੋਂ ਉੱਜੜੇ ਫਲਸਤੀਨੀਆਂ ਨੂੰ ਪਨਾਹ ਦੇਣੀ ਚਾਹੀਦੀ ਹੈ।
ਹਾਲਾਂਕਿ, ਅਰਬ ਦੇਸ਼ਾਂ ਨੇ ਇਸ ਪੇਸ਼ਕਸ਼ ਨੂੰ ਠੁਕਰਾ ਦਿੱਤਾ ਸੀ।

ਵਿਚਾਰ ਬਾਰੇ ਪੁੱਛੇ ਜਾਣ ʼਤੇ ਟਰੰਪ ਨੇ ਕਿਹਾ ਕਿ ਉਹ "ਇੱਕ ਲੰਬੇ ਸਮੇਂ ਦੀ ਮਾਲਕੀਅਤ ਸਥਿਤੀ" ਦੀ ਕਲਪਨਾ ਕਰਦੇ ਹਨ।
ਟਰੰਪ ਦਾ ਕਹਿਣਾ ਹੈ, "ਅਸੀਂ ਇਸ ਦੀ ਮਲਕੀਅਤ ਲਵਾਂਗੇ ਅਤੇ ਇਸ ਦੇ ਨਾਲ ਉਸ ਥਾਂ ʼਤੇ ਮੌਜੂਦ ਬੰਬਾਂ ਅਤੇ ਹਥਿਆਰਾਂ ਨੂੰ ਨਸ਼ਟ ਕਰਨ ਦੀ ਜ਼ਿੰਮੇਵਾਰੀ ਵੀ।"
ਉਨ੍ਹਾਂ ਨੇ ਅੱਗੇ ਕਿਹਾ, "ਸਾਰਿਆਂ ਨੂੰ ਇਹ ਵਿਚਾਰ ਬਹੁਤ ਪਸੰਦ ਆਇਆ ਹੈ" ਅਤੇ ਅਮਰੀਕਾ "ਅਜਿਹਾ ਆਰਥਿਕ ਵਿਕਾਸ ਕਰੇਗਾ ਜੋ ਖੇਤਰ ਦੇ ਲੋਕਾਂ ਲਈ ਅਸੀਮਤ ਨੌਕਰੀਆਂ ਅਤੇ ਆਵਾਸ ਦੀ ਪੂਰਤੀ ਕਰੇਗਾ।"
ਇੱਕ ਰਿਪੋਰਟਰ ਨੇ ਟਰੰਪ ਨੂੰ ਸਵਾਲ ਪੁੱਛਿਆ ਕਿ ਜਿਹੜੇ ਫਲਸਤੀਨੀ ਗਾਜ਼ਾ ਛੱਡ ਕੇ ਗਏ ਹਨ ਕੀ ਉਨ੍ਹਾਂ ਨੂੰ ਭਵਿੱਖ ਵਿੱਚ ਉੱਥੇ ਆ ਕੇ ਵਸਣ ਦੀ ਆਗਿਆ ਦਿੱਤੀ ਜਾਵੇਗੀ।
ਉਨ੍ਹਾਂ ਨੇ ਅੱਗੋ ਪੁੱਛਿਆ, "ਤੁਸੀਂ ਉੱਥੇ ਕਿਸ ਨੂੰ ਵਸਦੇ ਹੋਏ ਦੇਖਣਾ ਚਾਹੁੰਦੇ ਹੋ?"
ਅਮਰੀਕੀ ਰਾਸ਼ਟਰਪਤੀ ਨੇ ਪ੍ਰਤੀਕਿਰਿਆ ਦਿੱਤੀ, "ਜਿਹੜੇ ਲੋਕ ਉੱਥੇ ਰਹਿਣਗੇ, ਉਹ ਦੁਨੀਆਂ ਦੇ ਹੋਣਗੇ।" ਇਨ੍ਹਾਂ ਵਿੱਚ ਫਲਸਤੀਨੀ ਲੋਕ ਵੀ ਸ਼ਾਮਲ ਹੋਣਗੇ।
ਇਨ੍ਹਾਂ ਟਿੱਪਣੀਆਂ ਦੀਆਂ ਕੁਝ ਸੰਸਦ ਮੈਂਬਰਾਂ ਨੇ ਆਲੋਚਨਾ ਕੀਤੀ, ਜਿਨ੍ਹਾਂ ਨੇ ਗਾਜ਼ਾ ਦੀ ਮਲਕੀਅਤ ਦੀ ਧਾਰਨਾ ਰੱਦ ਕੀਤੀ ਸੀ।

ਨੇਤਨਯਾਹੂ ਦੀ ਪ੍ਰਤੀਕਿਰਿਆ
ਕਨੈਕਟੀਕਲ ਦੇ ਸਿਨੈਟਰ ਕ੍ਰਿਸ ਮਰਫ਼ੀ ਨੇ ਐਕਸ ਹੈਂਡਲ ʼਕੇ ਕਿਹਾ, "ਮੇਰੇ ਕੋਲ ਇੱਕ ਖ਼ਬਰ ਹੈ ਕਿ ਅਸੀਂ ਗਾਜ਼ਾ ʼਤੇ ਕਬਜ਼ਾ ਨਹੀਂ ਕਰਨ ਵਾਲੇ।”
ਸਾਊਦੀ ਅਰਬ ਨੇ ਇਹ ਵੀ ਕਿਹਾ ਕਿ ਆਜ਼ਾਦ ਫਲਸਤੀਨੀ ਰਾਜ ਦੀ ਸਥਾਪਨਾ ਲਈ ਉਸ ਦੀ ਵਚਨਬੱਧਤਾ "ਦ੍ਰਿੜ ਅਤੇ ਅਟੱਲ" ਹੈ ਅਤੇ ਇਹ ਵੀ ਕਿਹਾ ਕਿ "ਫ਼ਲਸਤੀਨੀ ਲੋਕਾਂ ਨੂੰ ਉਨ੍ਹਾਂ ਦੇ ਜਾਇਜ਼ ਅਧਿਕਾਰ ਪ੍ਰਾਪਤ ਕੀਤੇ ਬਿਨਾਂ ਇੱਕ ਸਥਾਈ ਅਤੇ ਨਿਆਂਪੂਰਨ ਸ਼ਾਂਤੀ ਹਾਸਿਲ ਨਹੀਂ ਕੀਤੀ ਜਾ ਸਕਦੀ।"
ਨੇਤਨਯਾਹੂ ਇਸ ਵਿਚਾਰ ਲਈ ਖੁੱਲ੍ਹੇ ਦਿਖਾਈ ਦਿੱਤੇ ਅਤੇ ਪੱਤਰਕਾਰਾਂ ਨੂੰ ਦੱਸਿਆ ਕਿ ਇਜ਼ਰਾਈਲ ਨੇ ਇਹ ਯਕੀਨੀ ਬਣਾਉਣ 'ਤੇ ਧਿਆਨ ਕੇਂਦਰਿਤ ਕਰ ਕੇ ਰੱਖਿਆ ਹੋਇਆ ਹੈ ਕਿ ਇਹ ਇਲਾਕਾ ਹੁਣ ਉਨ੍ਹਾਂ ਦੇ ਦੇਸ਼ ਲਈ ਖ਼ਤਰਾ ਨਾ ਹੋਵੇ।
ਉਨ੍ਹਾਂ ਨੇ ਕਿਹਾ ਕਿ "ਟਰੰਪ ਗਾਜ਼ਾ ਲਈ ਵੱਖਰਾ ਭਵਿੱਖ ਦੇਖ ਰਹੇ ਹਨ" ਅਤੇ "ਮੈਨੂੰ ਲੱਗਦਾ ਹੈ ਕਿ ਇਸ ਨਾਲ ਇਤਿਹਾਸ ਬਦਲ ਜਾਵੇਗਾ।"
ਇਜ਼ਰਾਈਲੀ ਪ੍ਰਧਾਨ ਮੰਤਰੀ ਲਈ, ਇਹ ਦੌਰਾ ਕੌਮਾਂਤਰੀ ਅਪਰਾਧਿਕ ਅਦਾਲਤ (ਆਈਸੀਸੀ) ਦੁਆਰਾ ਜੰਗੀ ਅਪਰਾਧਾਂ ਦੇ ਦੋਸ਼ਾਂ 'ਤੇ ਉਨ੍ਹਾਂ ਲਈ ਗ੍ਰਿਫਤਾਰੀ ਵਾਰੰਟ ਜਾਰੀ ਕਰਨ ਤੋਂ ਬਾਅਦ ਵਿਸ਼ਵ ਪੱਧਰ 'ਤੇ ਇੱਕ ਹੁਲਾਰਾ ਹੈ।
ਅਮਰੀਕਾ ਅਦਾਲਤ ਨੂੰ ਮਾਨਤਾ ਨਹੀਂ ਦਿੰਦਾ, ਭਾਵ ਨੇਤਨਯਾਹੂ ਨੂੰ ਹਿਰਾਸਤ ਵਿੱਚ ਲੈਣ ਦੀ ਉਨ੍ਹਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਹੈ ਅਤੇ ਉਸ ਨੇ ਆਈਸੀ ਦੇ ਕਦਮ ਦੀ ਸਖ਼ਤ ਨਿੰਦਾ ਕੀਤੀ ਹੈ।
ਗਾਜ਼ਾ ਪੱਟੀ ਇਜ਼ਰਾਈਲ, ਮਿਸਰ ਅਤੇ ਭੂ-ਮੱਧ ਸਾਗਰ ਵਿਚਾਲੇ 41 ਕਿਲੋਮੀਟਰ ਹੈ ਲੰਬੀ ਅਤੇ 10 ਕਿਲੋਮੀਟਰ ਚੌੜੀ ਜ਼ਮੀਨ ਹੈ।
ਇਹ ਲਗਭਗ 20 ਲੱਖ ਲੋਕਾਂ ਦਾ ਘਰ ਹੈ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਫ਼ਲਸਤੀਨੀ ਸ਼ਰਨਾਰਥੀ ਕੈਂਪਾਂ ਵਿੱਚ ਰਹਿ ਰਹੇ ਹਨ ਜੋ ਖੇਤਰ ਦੇ ਹੋਰ ਹਿੱਸਿਆਂ ਤੋਂ ਉੱਜੜ ਕੇ ਆਏ ਹਨ।

ਤਸਵੀਰ ਸਰੋਤ, Reuters
'ਗਾਜ਼ਾ ਵਿੱਚ ਜੰਗ ਮੁੜ ਸ਼ੁਰੂ ਕਰਨ ਦੀ ਜ਼ਰੂਰਤ ਹੋਏਗੀ'
7 ਅਕਤੂਬਰ 2023 ਨੂੰ ਹਮਾਸ ਦੇ ਲੜਾਕਿਆਂ ਦੇ ਇਜ਼ਰਾਈਲੀ ਖੇਤਰ ਵਿੱਚ ਧਾਵਾ ਬੋਲਣ ਤੋਂ ਬਾਅਦ ਸ਼ੁਰੂ ਹੋਏ ਇਜ਼ਰਾਈਲ ਅਤੇ ਹਮਾਸ ਵਿਚਾਲੇ ਯੁੱਧ ਤੋਂ ਪਹਿਲਾਂ ਵੀ ਗਾਜ਼ਾ ਵਿੱਚ ਦੁਨੀਆ ਵਿੱਚ ਸਭ ਤੋਂ ਵੱਧ ਬੇਰੁਜ਼ਗਾਰੀ ਦਰਾਂ ਵਿੱਚੋਂ ਇੱਕ ਸੀ।
ਇਸ ਦੀ ਜ਼ਿਆਦਾਤਰ ਆਬਾਦੀ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੀ ਸੀ ਅਤੇ ਬਚਣ ਲਈ ਭੋਜਨ ਸਹਾਇਤਾ 'ਤੇ ਨਿਰਭਰ ਸੀ।
ਹਾਲ ਦੇ ਹਮਾਸ ਦੇ ਹਮਲੇ ਵਿੱਚ ਲਗਭਗ 1,200 ਲੋਕ ਮਾਰੇ ਗਏ ਸਨ ਅਤੇ 250 ਹੋਰਾਂ ਨੂੰ ਬੰਧਕ ਬਣਾ ਲਿਆ ਗਿਆ ਸੀ।
ਹਮਾਸ ਦੁਆਰਾ ਚਲਾਏ ਜਾ ਰਹੇ ਗਾਜ਼ਾ ਦੇ ਸਿਹਤ ਅਥਾਰਟੀ ਦੇ ਅੰਕੜਿਆਂ ਅਨੁਸਾਰ, ਇਸ ਤੋਂ ਬਾਅਦ ਹੋਏ ਯੁੱਧ ਨੇ ਗਾਜ਼ਾ ਵਿੱਚ 46,600 ਤੋਂ ਵੱਧ ਲੋਕਾਂ ਦੀ ਜਾਨ ਲੈ ਲਈ ਹੈ, ਜਿਨ੍ਹਾਂ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਅਤੇ ਬੱਚੇ ਸ਼ਾਮਲ ਹਨ।
ਇਸ ਤੋਂ ਪਹਿਲਾਂ ਮੰਗਲਵਾਰ ਨੂੰ, ਟਰੰਪ ਨੇ ਇੱਕ ਕਾਰਜਕਾਰੀ ਆਦੇਸ਼ 'ਤੇ ਦਸਤਖ਼ਤ ਕੀਤੇ ਜਿਸ ਵਿੱਚ ਅਮਰੀਕਾ ਨੇ ਆਪਣੇ-ਆਪ ਨੂੰ ਫ਼ਲਸਤੀਨੀ ਸ਼ਰਨਾਰਥੀਆਂ ਲਈ ਮੁੱਖ ਸੰਯੁਕਤ ਰਾਸ਼ਟਰ ਏਜੰਸੀ, ਜਾਂ ਯੂਐੱਨਆਰਡਬਲਿਊਏ ਤੋਂ ਹਟਾ ਲਿਆ ਹੈ।
ਕਾਰਜਕਾਰੀ ਆਦੇਸ਼ ਅਮਰੀਕਾ ਨੂੰ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪ੍ਰੀਸ਼ਦ ਤੋਂ ਵੀ ਹਟਾ ਦਿੰਦਾ ਹੈ।
ਜਨਵਰੀ ਵਿੱਚ ਟਰੰਪ ਦੇ ਅਹੁਦਾ ਸੰਭਾਲਣ ਤੋਂ ਪਹਿਲਾਂ ਦੇ ਦਿਨਾਂ ਵਿੱਚ, 15 ਮਹੀਨਿਆਂ ਦੀ ਲੜਾਈ ਤੋਂ ਬਾਅਦ ਇਜ਼ਰਾਈਲ ਅਤੇ ਹਮਾਸ ਵਿਚਕਾਰ ਜੰਗਬੰਦੀ ਸਮਝੌਤਾ ਹੋਇਆ ਸੀ। ਇਸ ਦੌਰਾਨ ਫ਼ਲਸਤੀਨੀ ਕੈਦੀਆਂ ਦੇ ਬਦਲੇ ਕੁਝ ਬੰਧਕਾਂ ਨੂੰ ਰਿਹਾਅ ਕੀਤਾ ਗਿਆ ਸੀ।

ਤਸਵੀਰ ਸਰੋਤ, Getty Images
ਅਰਬ ਦੇਸ਼ਾਂ ਨੇ ਕੀ ਕਿਹਾ
ਇਹ ਸਮਝੌਤਾ ਪੜਾਵਾਂ ਵਿੱਚ ਕੀਤਾ ਜਾ ਰਿਹਾ ਹੈ, ਗੱਲਬਾਤ ਜਾਰੀ ਹੈ। ਇਜ਼ਰਾਈਲੀ ਅਧਿਕਾਰੀਆਂ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਗਾਜ਼ਾ ਵਿੱਚ ਜੰਗ ਮੁੜ ਸ਼ੁਰੂ ਕਰਨ ਦੀ ਜ਼ਰੂਰਤ ਹੋਏਗੀ, ਕਿਉਂਕਿ ਹਮਾਸ ਅਧਿਕਾਰੀ ਉਨ੍ਹਾਂ ਦੀਆਂ ਮੰਗਾਂ ਨੂੰ ਸਵੀਕਾਰ ਨਹੀਂ ਕਰ ਸਕਦੇ।
ਸੰਯੁਕਤ ਰਾਸ਼ਟਰ ਵਿੱਚ ਇਜ਼ਰਾਈਲ ਦੇ ਰਾਜਦੂਤ ਡੈਨੀ ਡੈਨਨ ਨੇ ਮੰਗਲਵਾਰ ਨੂੰ ਬੀਬੀਸੀ ਨੂੰ ਦੱਸਿਆ ਕਿ ਇਜ਼ਰਾਈਲ ਕੋਲ ਜੰਗ ਮੁੜ ਸ਼ੁਰੂ ਕਰਨ ਤੋਂ ਇਲਾਵਾ "ਕੋਈ ਚਾਰਾ ਨਹੀਂ" ਬਚੇਗਾ, ਜਦੋਂ ਤੱਕ ਹਮਾਸ ਆਪਣੇ ਹੀ ਆਗੂਆਂ ਨੂੰ ਗਾਜ਼ਾ ਤੋਂ "ਦੇਸ਼ ਨਿਕਾਲਾ" ਦੇਣ ਲਈ ਸਹਿਮਤ ਨਹੀਂ ਹੋ ਜਾਂਦਾ।
ਉਨ੍ਹਾਂ ਨੇ ਕਿਹਾ, "ਜੇ ਹਮਾਸ ਸੱਤਾ ਵਿੱਚ ਬਣੇ ਰਹਿਣ 'ਤੇ ਜ਼ੋਰ ਦੇਵੇਗਾ, ਤਾਂ ਸਾਡੇ ਕੋਲ ਕੋਈ ਚਾਰਾ ਨਹੀਂ ਬਚੇਗਾ... ਇਹ ਕੋਈ ਬੇਹੱਦ ਚੰਗਾ ਨਹੀਂ ਹੋਵੇਗਾ, ਨਾ ਸਾਡੇ ਲਈ, ਨਾ ਗਾਜ਼ਾ ਦੇ ਲੋਕਾਂ ਲਈ।"
ਮੰਗਲਵਾਰ ਨੂੰ ਟਰੰਪ ਦੀਆਂ ਟਿੱਪਣੀਆਂ ਉਨ੍ਹਾਂ ਦੇ ਪਿਛਲੇ ਮਹੀਨੇ ਕੀਤੇ ਗਏ ਬਿਆਨਾਂ ਤੋਂ ਬਾਅਦ ਆਈਆਂ ਹਨ, ਜਿਸ ਵਿੱਚ ਉਨ੍ਹਾਂ ਨੇ ਸੁਝਾਅ ਦਿੱਤਾ ਸੀ ਕਿ ਮਿਸਰ ਅਤੇ ਜਾਰਡਨ ਗਾਜ਼ਾ ਤੋਂ ਉੱਜੜੇ ਫ਼ਲਸਤੀਨੀਆਂ ਨੂੰ ਆਪਣੇ ਕੋਲ ਲੈ ਸਕਦੇ ਹਨ। ਉਨ੍ਹਾਂ ਨੇ ਗਾਜ਼ਾ ਪੱਟੀ ਨੂੰ "ਇੱਕ ਢਾਹੁਣ ਵਾਲੀ ਥਾਂ" ਕਿਹਾ ਹੈ।
ਇਹ ਵਿਚਾਰ ਅਰਬ ਦੇਸ਼ਾਂ, ਜਿਨ੍ਹਾਂ ਵਿੱਚ ਸਾਊਦੀ ਅਰਬ, ਯੂਏਈ ਅਤੇ ਕਤਰ ਸਣੇ ਕਈ ਦੇਸ਼ਾਂ ਦੇ ਰੱਦ ਕਰ ਦਿੱਤਾ।
ਇਨ੍ਹਾਂ ਵਿੱਚ ਕਈ ਅਰਬ ਦੇਸ਼ਾਂ ਨੇ ਇਜ਼ਰਾਈਲ ਅਤੇ ਹਮਾਸ ਵਿੱਚ ਗੱਲਬਾਤ ਲਈ ਮੁੱਖ ਭੂਮਿਕਾ ਨਿਭਾਈ ਸੀ।
ਅਰਬ ਦੇਸ਼ਾਂ ਨੇ ਕਿਹਾ ਕਿ ਅਜਿਹੀਆਂ ਯੋਜਨਾਵਾਂ "ਖੇਤਰ ਦੀ ਸਥਿਰਤਾ ਲਈ ਖ਼ਤਰਾ ਹਨ, ਟਕਰਾਅ ਨੂੰ ਵਧਾਉਣ ਦਾ ਜੋਖ਼ਮ ਪੈਦਾ ਕਰਦੀਆਂ ਹਨ ਅਤੇ ਇਸ ਦੇ ਲੋਕਾਂ ਵਿੱਚ ਸ਼ਾਂਤੀ ਅਤੇ ਸਹਿ-ਹੋਂਦ ਦੀਆਂ ਸੰਭਾਵਨਾਵਾਂ ਨੂੰ ਕਮਜ਼ੋਰ ਕਰਦੀਆਂ ਹਨ।"
ਮਾਹਿਰ ਕੀ ਕਹਿ ਰਹੇ ਹਨ
ਬ੍ਰਾਇਨ ਕੈਟੁਲਿਸ ਮਿਡਿਲ ਈਸਟ ਇੰਸਟੀਚਿਊਟ ਦੇ ਯੂਐੱਸ ਫਾਰਨ ਪੌਲਿਸੀ ਵਿੱਚ ਸੀਨੀਅਰ ਫੈਲੋ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਟਰੰਪ ਵੱਲੋਂ ਗਾਜ਼ਾ ਉੱਤੇ ਕਬਜ਼ਾ ਕਰਨ ਦੀਆਂ ਗੱਲਾਂ ਸਿਰਫ ਕੀਤੀਆਂ ਜਾ ਰਹੀਆਂ ਹਨ ਅਤੇ ਅਮਰੀਕੀ ਰਾਸ਼ਟਰਪਤੀ ਕੋਲ ਅਸਲ ਵਿੱਚ ਇਸ ਦੀ ਕੋਈ ਯੋਜਨਾ ਨਹੀਂ ਹੈ।
ਕੈਟੁਲਿਸ ਨੇ ਰੌਇਟਰਜ਼ ਨੂੰ ਕਿਹਾ, "ਮੈਨੂੰ ਲਗਦਾ ਹੈ ਕਿ ਟਰੰਪ ਦੀਆਂ ਸਿਰਫ ਕੋਰੀਆਂ ਗੱਲਾਂ ਹਨ ਅਤੇ ਇਹ ਤੈਅ ਹੈ ਕਿ ਉਨ੍ਹਾਂ ਕੋਲ ਕੋਈ ਪਲਾਨ ਨਹੀਂ ਹੈ। ਟਰੰਪ ਭੜਕਾਊ ਬਿਆਨਾਂ ਰਾਹੀਂ ਸਾਰਿਆਂ ਦਾ ਧਿਆਨ ਖਿੱਚਣਾ ਚਾਹੁੰਦੇ ਹਨ ਅਤੇ ਅਜਿਹੇ ਬਿਆਨ ਉਹ ਆਪਣੇ ਪਹਿਲੇ ਕਾਰਜਕਾਲ ਵਿੱਚ ਵੀ ਦਿੰਦੇ ਰਹੇ ਹਨ।"
ਅਮਰੀਕੀ ਵਿਦੇਸ਼ ਮੰਤਰਾਲੇ ਨਾਲ ਜੁੜੇ ਮਾਮਲਿਆਂ ਦੀ ਰਿਪੋਰਟਿੰਗ ਕਰਨ ਵਾਲੇ ਬੀਬੀਸੀ ਪੱਤਰਕਾਰ ਟੌਮ ਬੈਟਮੈਨ ਦਾ ਮੰਨਣਾ ਹੈ ਕਿ ਟਰੰਪ ਨੇ ਗਾਜ਼ਾ ਦੇ ਬਾਰੇ ਵਿੱਚ ਜੋ ਕਿਹਾ ਹੈ ਉਸ ਨੂੰ ਲੈ ਕੇ ਉਹ ਗੰਭੀਰ ਨਜ਼ਰ ਆ ਰਹੇ ਹਨ।
ਉਹ ਕਹਿੰਦੇ ਹਨ, "ਜਦੋਂ 10 ਦਿਨ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਗਾਜ਼ਾ ਨੂੰ ਤਬਾਹ ਹੋਈ ਥਾਂ ਦੱਸਣਾ ਸ਼ੁਰੂ ਕੀਤਾ ਸੀ ਤੇ ਉਸ ਨੂੰ ਸਾਫ ਕਰਨ ਦੀ ਗੱਲ ਕੀਤੀ ਸੀ, ਉਸ ਵੇਲੇ ਇਹ ਸਪਸ਼ਟ ਨਹੀਂ ਸੀ ਕਿ ਉਨ੍ਹਾਂ ਦੀਆਂ ਗੱਲਾਂ ਕਿੰਨੀਆਂ ਦੂਰ ਤੱਕ ਜਾਣਗੀਆਂ। ਪਰ ਇਜ਼ਰਾਇਲੀ ਪੀਐੱਮ ਨੇਤਨਯਾਹੂ ਦੇ ਅਮਰੀਕੀ ਦੌਰੇ ਉੱਤੇ ਟਰੰਪ ਨੇ ਜੋ ਕਿਹਾ ਹੈ ਉਸ ਨਾਲ ਸਪਸ਼ਟ ਹੋ ਗਿਆ ਹੈ ਕਿ ਉਹ ਆਪਣੇ ਪ੍ਰਸਤਾਵ ਬਾਰੇ ਗੰਭੀਰ ਹਨ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












