ਇਜ਼ਰਾਈਲ ਦਾ ਈਰਾਨ ਤੇ ਹਮਾਸ ਨਾਲ ਪੱਛਮ ਏਸ਼ੀਆ ਵਿੱਚ ਜਾਰੀ ਸੰਘਰਸ਼ ਕਿਵੇਂ ਖ਼ਤਮ ਹੋ ਸਕਦਾ ਹੈ

- ਲੇਖਕ, ਪੌਲ ਐਡਮਸ
- ਰੋਲ, ਬੀਬੀਸੀ ਪੱਤਰਕਾਰ
ਇੱਕ ਸਾਲ ਪਹਿਲਾਂ ਤਸਵੀਰਾਂ ਦਿਲ ਨੂੰ ਵਿੰਨ ਦੇਣ ਵਾਲੀਆਂ ਸਨ।
ਇਜ਼ਰਾਈਲ ਅਜੇ ਵੀ ਇਤਿਹਾਸ ਦੇ ਸਭ ਤੋਂ ਬੁਰੇ ਹਮਲੇ ਵਿੱਚੋਂ ਉਭਰ ਰਿਹਾ ਹੈ ਅਤੇ ਗਾਜ਼ਾ ਪਹਿਲਾਂ ਤੋਂ ਵਿਨਾਸ਼ਕਾਰੀ ਬੰਬਾਰੀ ਦੀ ਮਾਰ ਹੇਠ ਹੈ, ਇਹ ਇੱਕ ਨਤੀਜਾਕੁਨ ਮੋੜ ਵਾਂਗ ਜਾਪਿਆ।
ਇਜ਼ਰਾਈਲ ਅਤੇ ਫਲਸਤੀਨੀ ਸੰਘਰਸ਼, ਜੋ ਸਾਲਾਂ ਤੋਂ ਅੱਖੋ-ਪਰੋਖੇ ਸੀ ਹੁਣ ਸਾਹਮਣੇ ਆ ਗਿਆ ਸੀ।
ਇਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਹਮਲੇ ਤੋਂ ਠੀਕ ਇੱਕ ਹਫ਼ਤਾ ਪਹਿਲਾਂ ਅਮਰੀਕੀ ਕੌਮੀ ਸੁਰੱਖਿਆ ਸਲਾਹਕਾਰ ਜੇਕ ਸੁਲੀਵਨ ਨੇ ਇੱਕ ਐਲਾਨ ਕੀਤਾ ਸੀ। ਜਿਸ ਵਿੱਚ ਉਨ੍ਹਾਂ ਨੇ ਕਿਹਾ, "ਮੱਧ ਪੂਰਬ ਖੇਤਰ ਦੋ ਦਹਾਕਿਆਂ ਦੀ ਤੁਲਨਾ ਵਿੱਚ ਅੱਜ ਵਧੇਰੇ ਸ਼ਾਂਤ ਹੈ।"
ਪਰ ਇੱਕ ਸਾਲ ਬਾਅਦ ਇਹ ਇਲਾਕਾ ਅੱਗ ਦੀਆਂ ਲਪਟਾਂ ਵਿੱਚ ਘਿਰ ਗਿਆ।
41 ਹਜ਼ਾਰ ਤੋਂ ਵੱਧ ਫਲਸਤੀਨੀ ਮਾਰੇ ਗਏ ਹਨ। 20 ਲੱਖ ਗਾਜ਼ਾ ਦੇ ਰਹਿਣ ਵਾਲੇ ਲੋਕ ਬੇਘਰ ਹੋ ਗਏ।
ਵੈਸਟ ਬੈਂਕ ਵਿੱਚ, ਹੋਰ 600 ਫਲਸਤੀਨੀ ਮਾਰੇ ਗਏ ਹਨ। ਲੇਬਨਾਨ ਵਿੱਚ, ਹੋਰ 10 ਲੱਖ ਲੋਕ ਬੇਘਰ ਹੋਏ ਹਨ ਅਤੇ 2,000 ਤੋਂ ਵੱਧ ਲੋਕ ਮਾਰੇ ਗਏ ਹਨ।
ਉਸ ਤੋਂ ਪਹਿਲੇ ਦਿਨ 1,200 ਤੋਂ ਵੱਧ ਇਜ਼ਰਾਈਲੀ ਮਾਰੇ ਗਏ ਸਨ। ਉਦੋਂ ਤੋਂ ਲੈ ਕੇ ਹੁਣ ਤੱਕ ਗਾਜ਼ਾ ਵਿੱਚ ਇਜ਼ਰਾਈਲ ਨੇ 350 ਹੋਰ ਸੈਨਿਕ ਗੁਆ ਦਿੱਤੇ ਹਨ।
ਦੋ ਲੱਖ ਇਜ਼ਰਾਈਲੀਆਂ ਨੂੰ ਗਾਜ਼ਾ ਦੇ ਨੇੜੇ ਅਤੇ ਲੇਬਨਾਨ ਦੇ ਨਾਲ ਅਸਥਿਰ ਉੱਤਰੀ ਸਰਹੱਦ ʼਤੇ ਉਨ੍ਹਾਂ ਦੇ ਘਰਾਂ ਤੋਂ ਬਾਹਰ ਕੱਢ ਦਿੱਤਾ ਗਿਆ ਹੈ।
ਹਿਜ਼ਬੁੱਲਾ ਰਾਕੇਟਾਂ ਨਾਲ ਲਗਭਗ 50 ਸੈਨਿਕ ਅਤੇ ਨਾਗਰਿਕ ਮਾਰੇ ਗਏ ਹਨ।
ਪੂਰੇ ਪੱਛਮ ਏਸ਼ੀਆ ਵਿੱਚ, ਕਈ ਹੋਰ ਵੀ ਧੜੇ ਲੜਾਈ ਵਿੱਚ ਸ਼ਾਮਲ ਹੋ ਗਏ। ਸੰਘਰਸ਼ ਨੂੰ ਰੋਕਣ ਲਈ ਅਮਰੀਕਾ ਨੇ ਅਣਥੱਕ ਯਤਨ ਕੀਤੇ, ਜਿਨ੍ਹਾਂ ਵਿੱਚ ਰਾਸ਼ਟਰਪਤੀਆਂ ਦੇ ਦੌਰੇ, ਅਣਗਿਣਤ ਡਿਪਲੋਮੈਟ ਮਿਸ਼ਨ ਅਤੇ ਜਿਸ ਵਿੱਚ ਵਿਸ਼ਾਲ ਫੌਜੀ ਸੰਸਾਧਨਾਂ ਦੀ ਤੈਨਾਤੀ ਵੀ ਸ਼ਾਮਲ ਸੀ।
ਈਰਾਨ ਅਤੇ ਯਮਨ ਵਿੱਚ ਦੂਰੋਂ-ਦੂਰੋਂ ਰਾਕੇਟ ਦਾਗ਼ੇ ਗਏ। ਈਰਾਨ ਅਤੇ ਇਰਾਕ ਵਿਚਾਲੇ ਵੀ ਝੜਪਾਂ ਹੋਈਆਂ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਸੰਘਰਸ਼ ਹੋਣ ਦੀ ਸੰਭਾਵਨਾ ਹੈ।

ਤਸਵੀਰ ਸਰੋਤ, Getty Images
ਵਾਸ਼ਿੰਗਟਨ ਕਦੇ ਵੀ ਘੱਟ ਪ੍ਰਭਾਵਸ਼ਾਲੀ ਨਹੀਂ ਦਿਖਾਈ ਦਿੱਤਾ। ਜਿਵੇਂ-ਜਿਵੇਂ ਸੰਘਰਸ਼ ਫੈਲਦਾ ਗਿਆ, ਇਸ ਦਾ ਮੂਲ ਫਿੱਕਾ ਪੈਂਦਾ ਗਿਆ।
7 ਅਕਤੂਬਰ ਤੋਂ ਪਹਿਲਾਂ ਗਾਜ਼ਾ ਵਿੱਚ ਰਹਿਣ ਵਾਲੇ ਲੋਕਾਂ ਦੀ ਜ਼ਿੰਦਗੀ, ਨੂੰ ਲਗਭਗ ਭੁਲਾ ਦਿੱਤਾ ਗਿਆ ਹੈ ਕਿਉਂਕਿ ਮੱਧ ਪੂਰਬ ਵਿੱਚ ʻਮੁਕੰਮਲ ਜੰਗ ਦੀʼ ਆਸ ਕਰ ਰਿਹਾ ਹੈ।
ਕੁਝ ਇਜ਼ਰਾਈਲੀ, ਜਿਨ੍ਹਾਂ ਦੀ ਜ਼ਿੰਦਗੀ ਉਸ ਦਿਨ ਉਲਟ-ਪੁਲਟ ਹੋ ਗਈ, ਉਹ ਵੀ ਇਸੇ ਤਰ੍ਹਾਂ ਅਣਗੌਲੇ ਮਹਿਸੂਸ ਕਰ ਰਹੇ ਹਨ।
ਬੰਦੀ ਬਣਾਏ ਗਏ ਨਿਮਰੋਦ ਕੋਹੇਨ ਦੇ ਪਿਤਾ ਯੇਹੀਦੇ ਕੋਹੇਨ ਨੇ ਪਿਛਲੇ ਹਫ਼ਤੇ ਕਾਨ ਨਿਊਜ਼ ਨੂੰ ਦੱਸਿਆ, "ਸਾਨੂੰ ਖੂੰਝੇ ਲਾ ਦਿੱਤਾ ਗਿਆ ਹੈ।"
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੂੰ ਇੱਕ ਵਿਅਰਥ ਜੰਗ ਲਈ ਜ਼ਿੰਮੇਦਾਰ ਮੰਨਦੇ ਹਨ, "ਜਿਸ ਨੇ ਸਾਰੇ ਸੰਭਾਵੀ ਦੁਸ਼ਮਣਾਂ ਨੂੰ ਸਾਡੇ ਖ਼ਿਲਾਫ਼ ਖੜ੍ਹਾ ਕਰ ਦਿੱਤਾ ਹੈ।"
ਉਨ੍ਹਾਂ ਨੇ ਅੱਗੇ ਕਿਹਾ, "ਉਹ 7 ਅਕਤੂਬਰ ਦੀ ਘਟਨਾ ਨੂੰ ਛੋਟੀ ਜਿਹੀ ਘਟਨਾ ਦੱਸਣ ਲਈ ਸਭ ਕੁਝ ਕਰ ਰਿਹਾ ਤੇ ਉਹ ਵੀ ਪੂਰੀ ਵਾਹ ਨਾਲ।"
ਹਾਲਾਂਕਿ, ਸਾਰੇ ਇਜ਼ਰਾਇਲੀ ਕੋਹਨੇ ਦੇ ਦ੍ਰਿਸ਼ੀਕੋਣ ਨਾਲ ਸਹਿਮਤ ਨਹੀਂ ਹਨ। ਬਹੁਤ ਲੋਕ ਪਿਛਲੇ ਸਾਲ ਹੋਏ ਹਮਾਸ ਦੇ ਹਮਲਿਆਂ ਨੂੰ ਇਜ਼ਰਾਈਲ ਦੇ ਦੁਸ਼ਮਣਾਂ ਵੱਲੋਂ ਯਹੂਦੀ ਰਾਜ ਨੂੰ ਨਸ਼ਟ ਕਰਨ ਸਈ ਵਿਆਪਕ ਮੁਹਿੰਮ ਦੀ ਸ਼ੁਰੂਆਤ ਵਜੋਂ ਲੈਂਦੇ ਹਨ।
ਤੱਥ ਇਹ ਹੈ ਕਿ ਇਜ਼ਰਾਈਲ ਨੇ ਜਵਾਬੀ ਹਮਲਾ ਕੀਤਾ ਹੈ, ਵਿਸਫੋਟਕ ਪੇਜਰ, ਟੀਚਾ ਮਿੱਥ ਕੇ ਕਤਲ, ਲੰਬੀ ਦੂਰੀ ਦੀ ਬੰਬਾਰੀ ਅਤੇ ਖ਼ੁਫ਼ੀਆਂ ਸੰਚਾਲਿਤ ਮੁਹਿੰਮਾਂ ਨਾਲ, ਦੇਸ਼ ਦੇ ਉਸ ਆਤਮ-ਵਿਸ਼ਵਾਸ਼ ਨੂੰ ਕੁਝ ਹੱਦ ਤੱਕ ਬਹਾਲ ਕੀਤਾ ਜੋ ਉਸ ਨੇ ਇੱਕ ਸਾਲ ਤੋਂ ਗੁਆ ਲਿਆ ਸੀ।
ਪਿਛਲੇ ਹਫ਼ਤੇ ਨੇਤਨਯਾਹੂ ਨੇ ਪੂਰੇ ਵਿਸ਼ਵਾਸ਼ ਨਾਲ ਕਿਹਾ, "ਮੱਧ ਪੂਰਬ ਵਿੱਚ ਅਜਿਹਾ ਕੋਈ ਸਥਾਨ ਨਹੀਂ ਹੈ, ਜਿੱਥੇ ਇਜ਼ਰਾਈਲ ਨਹੀਂ ਪਹੁੰਚ ਸਕਦਾ।"
7 ਅਕਤੂਬਰ ਤੋਂ ਬਾਅਦ ਮਹੀਨਿਆਂ ਤੱਕ ਪ੍ਰਧਾਨ ਮੰਤਰੀ ਦੀ ਪੋਲ ਰੇਟਿੰਗ ਸਭ ਤੋਂ ਘੱਟ ਰਹੀ। ਹੁਣ ਉਹ ਉਨ੍ਹਾਂ ਨੂੰ ਲੱਗ ਰਿਹਾ ਹੈ ਕਿ ਇਹ ਮੁੜ ਵਧ ਰਹੀ ਹੈ। ਸ਼ਾਇਦ, ਇਹ ਦਲੇਰ ਕਾਰਵਾਈ ਲਈ ਲਾਈਂਸੈਂਸ ਹੈ?
ਪਰ ਇਹ ਸਭ ਕਿੱਥੇ ਜਾ ਰਿਹਾ ?
ਈਰਾਨ ਵਿੱਚ ਬ੍ਰਿਟੇਨ ਦੇ ਸਾਬਕਾ ਰਾਜਦੂਤ ਸਾਈਮਨ ਗਾਸ ਨੇ ਵੀਰਵਾਰ ਨੂੰ ਬੀਬੀਸੀ ਦੇ ਟੂਡੇ ਪੋਡਕਾਸਟ ਨੂੰ ਦੱਸਿਆ, "ਸਾਡੇ ਵਿੱਚੋਂ ਕੋਈ ਨਹੀਂ ਜਾਣਦਾ ਕਿ ਇਹ ਸਭ ਕਦੋਂ ਰੁਕਣ ਵਾਲਾ ਹੈ ਅਤੇ ਹਰ ਕੋਈ ਉਸ ਸਮੇਂ ਕਿੱਥੇ ਹੋਵੇਗਾ।"
ਯੂਐੱਸ ਅਜੇ ਵੀ ਦਖ਼ਲ ਦੇ ਰਿਹਾ ਹੈ, ਬੇਸ਼ੱਕ ਯੂਐੱਸ ਸੈਂਟਰਲ ਕਮਾਂਡ (ਸੈਂਟਕਾਮ) ਦੇ ਮੁਖੀ ਜਨਰਲ ਮਾਈਕਲ ਕੁਰਿਲਾ ਦੀ ਇਜ਼ਰਾਈਲ ਯਾਤਰਾ ਡਿਪਲੋਮੈਟਿਕ ਆਫ-ਰੈਂਪ ਦੀ ਖੋਜ ਨਾਲੋਂ ਸੰਕਟ ਪ੍ਰਬੰਧਨ ਵਰਗੀ ਜਾਪਦੀ ਹੈ।
ਰਾਸ਼ਟਰਪਤੀ ਚੋਣਾਂ ਨੂੰ ਸਿਰਫ਼ ਚਾਰ ਹਫ਼ਤੇ ਬਾਕੀ ਹਨ ਅਤੇ ਮੱਧ ਪੂਰਬ ਦਾ ਸਿਆਸੀ ਮਾਹੌਲ ਪਹਿਲਾਂ ਨਾਲੋਂ ਜ਼ਿਆਦਾ ਜ਼ਹਿਰੀਲਾ ਹੋ ਗਿਆ ਹੈ, ਅਜਿਹਾ ਨਹੀਂ ਲੱਗਦਾ ਕਿ ਇਹ ਸਮਾਂ ਸੰਯੁਕਤ ਰਾਜ ਅਮਰੀਕਾ ਲਈ ਨਵੀਆਂ ਦਲੇਰ ਪਹਿਲਕਦਮੀਆਂ ਕਰਨ ਦਾ ਹੈ।
ਫਿਲਹਾਲ, ਫੌਰੀ ਚੁਣੌਤੀ, ਇੱਕ ਵਿਆਪਕ ਖੇਤਰੀ ਸੰਘਰਸ਼ ਨੂੰ ਰੋਕਣਾ ਹੈ।
ਇਸ ਦੇ ਸਹਿਯੋਗੀਆਂ ਵਿੱਚ ਇੱਕ ਆਮ ਵਿਸ਼ਵਾਸ ਹੈ ਕਿ ਇਜ਼ਰਾਈਲ ਕੋਲ ਪਿਛਲੇ ਹਫ਼ਤੇ ਈਰਾਨ ਦੇ ਬੈਲਿਸਟਿਕ ਮਿਜ਼ਾਈਲ ਹਮਲੇ ਦਾ ਜਵਾਬ ਦੇਣ ਦਾ ਅਧਿਕਾਰ, ਇੱਥੋਂ ਤੱਕ ਕਿ ਫਰਜ਼ ਵੀ ਹੈ।
ਹਮਲੇ ਵਿੱਚ ਕੋਈ ਵੀ ਇਜ਼ਰਾਈਲੀ ਨਹੀਂ ਮਾਰਿਆ ਗਿਆ ਸੀ ਅਤੇ ਇੰਝ ਲੱਗ ਰਿਹਾ ਸੀ ਜਿਵੇਂ ਈਰਾਨ ਨੇ ਫੌਜੀ ਤੇ ਖ਼ੁਫ਼ੀਆ ਟੀਚਿਆਂ ਨੂੰ ਨਿਸ਼ਾਨਾ ਬਣਾਇਆ ਹੋਵੇ ਪਰ ਨੇਤਨਯਾਹੂ ਨੇ ਫਿਰ ਵੀ ਸਖ਼ਤ ਜਵਾਬ ਦੇਣ ਦਾ ਵਾਅਦਾ ਕੀਤਾ ਹੈ।
ਹਫ਼ਤਿਆਂ ਦੀ ਸ਼ਾਨਦਾਰ ਰਣਨੀਤਕ ਸਫ਼ਲਤਾ ਤੋਂ ਬਾਅਦ, ਅਜਿਹਾ ਲੱਗਦਾ ਹੈ ਕਿ ਇਜ਼ਰਾਈਲੀ ਪ੍ਰਧਾਨ ਮੰਤਰੀ ਦੀਆਂ ਵੱਡੀਆਂ ਇੱਛਾਵਾਂ ਹਨ।

ਈਰਾਨੀ ਲੋਕਾਂ ਨੂੰ ਸਿੱਧੇ ਤੌਰ 'ਤੇ ਸੰਬੋਧਿਤ ਕਰਦੇ ਹੋਏ, ਉਨ੍ਹਾਂ ਨੇ ਸੰਕੇਤ ਦਿੱਤਾ ਕਿ ਤਹਿਰਾਨ ਵਿੱਚ ਸੱਤਾ ਪਰਿਵਰਤਨ ਹੋ ਰਿਹਾ।
ਉਨ੍ਹਾਂ ਨੇ ਕਿਹਾ, "ਜਦੋਂ ਈਰਾਨ ਆਖ਼ਰਕਾਰ ਆਜ਼ਾਦ ਹੋ ਜਾਵੇਗਾ ਅਤੇ ਉਹ ਪਲ਼, ਲੋਕਾਂ ਦੇ ਸੋਚਣ ਤੋਂ ਬਹੁਤ ਪਹਿਲਾਂ ਆ ਜਾਵੇਗਾ ਤਾਂ ਸਭ ਕੁਝ ਵੱਖਰਾ ਹੋਵੇਗਾ।"
ਕੁਝ ਨਿਰੀਖਕਾਂ ਲਈ, ਉਨ੍ਹਾਂ ਦੀ ਬਿਆਨਬਾਜ਼ੀ ਵਿੱਚ 2003 ਵਿੱਚ ਇਰਾਕ ਉੱਤੇ ਅਮਰੀਕਾ ਦੀ ਅਗਵਾਈ ਵਾਲੇ ਹਮਲੇ ਤੋਂ ਪਹਿਲਾਂ ਅਮਰੀਕੀ ਨਵ-ਰੂੜੀਵਾਦੀਆਂ ਵੱਲੋਂ ਚੁੱਕੇ ਗਏ ਮਾਮਲੇ ਦੀਆਂ ਅਸਹਿਜ ਗੂੰਜਾਂ ਸਨ।
ਪਰ ਇਸ ਸਮੇਂ ਦੇ ਸਾਰੇ ਖ਼ਤਰਿਆਂ ਦੇ ਬਾਵਜੂਦ, ਇੱਕ ਨਾਜ਼ੁਕ ਸੁਰੱਖਿਆ ਪ੍ਰਣਾਲੀ ਅਜੇ ਵੀ ਮੌਜੂਦ ਹੈ।
ਈਰਾਨੀ ਸ਼ਾਸਨ ਇਜ਼ਰਾਈਲ ਤੋਂ ਬਿਨਾਂ ਇੱਕ ਸੰਸਾਰ ਦਾ ਸੁਪਨਾ ਦੇਖ ਸਕਦਾ ਹੈ, ਪਰ ਉਹ ਜਾਣਦਾ ਹੈ ਕਿ ਇਹ ਖੇਤਰ ਦੀ ਇੱਕੋ ਇੱਕ ਮਹਾਂਸ਼ਕਤੀ ਦਾ ਮੁਕਾਬਲਾ ਕਰਨ ਲਈ ਬਹੁਤ ਕਮਜ਼ੋਰ ਹੈ, ਖ਼ਾਸ ਤੌਰ 'ਤੇ ਅਜਿਹੇ ਸਮੇਂ ਜਦੋਂ ਹਿਜ਼ਬੁੱਲਾ ਅਤੇ ਹਮਾਸ, ਅਖੌਤੀ "ਵਿਰੋਧੀ ਦੇ ਧੁਰੀ" ਵਿੱਚ ਇਸ ਦੇ ਸਹਿਯੋਗੀ ਅਤੇ ਪ੍ਰੌਕਸੀ, ਕੁਚਲੇ ਜਾ ਰਹੇ ਹਨ।
ਇਜ਼ਰਾਈਲ, ਜੋ ਕਿ ਈਰਾਨ ਵੱਲੋਂ ਪੈਦਾ ਹੋਏ ਖ਼ਤਰੇ ਤੋਂ ਛੁਟਕਾਰਾ ਪਾਉਣਾ ਚਾਹੁੰਦਾ ਹੈ, ਇਹ ਵੀ ਜਾਣਦਾ ਹੈ ਕਿ ਆਪਣੀਆਂ ਤਾਜ਼ਾ ਸਫ਼ਲਤਾਵਾਂ ਦੇ ਬਾਵਜੂਦ, ਉਹ ਇਕੱਲੇ ਅਜਿਹਾ ਨਹੀਂ ਕਰ ਸਕਦਾ।
ਸੱਤਾ ਪਰਿਵਰਤਨ ਨਾ ਤਾਂ ਜੋਅ ਬਿਡੇਨ ਦੇ ਏਜੰਡੇ 'ਤੇ ਹੈ, ਨਾ ਹੀ ਉਨ੍ਹਾਂ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੇ।
ਜਿੱਥੋ ਤੱਕ ਡੌਨਲਡ ਟਰੰਪ ਦੀ ਗੱਲ ਹੈ, ਇੱਕ ਵਾਰ ਇਹ ਜਾਪਦਾ ਸੀ ਕਿ ਉਹ ਈਰਾਨ 'ਤੇ ਹਮਲਾ ਕਰਨ ਲਈ ਤਿਆਰ ਹਨ, ਜੂਨ 2019 ਵਿੱਚ ਤਹਿਰਾਨ ਵੱਲੋਂ ਇੱਕ ਅਮਰੀਕੀ ਨਿਗਰਾਨੀ ਡਰੋਨ ਨੂੰ ਮਾਰ ਸੁੱਟਣ ਤੋਂ ਬਾਅਦ, ਸਾਬਕਾ ਰਾਸ਼ਟਰਪਤੀ ਨੇ ਆਖ਼ਰੀ ਸਮੇਂ ਵਿੱਚ ਆਪਣੇ ਪੈਰ ਪਿੱਛੇ ਖਿੱਚ ਲਏ।
(ਹਾਲਾਂਕਿ, ਉਨ੍ਹਾਂ ਨੇ ਸੱਤ ਮਹੀਨੇ ਬਾਅਦ ਇੱਕ ਮੋਹਰੀ ਈਰਾਨੀ ਜਨਰਲ ਕਾਸਿਮ ਸੁਲੇਮਾਨੀ ਦੇ ਕਤਲ ਦਾ ਆਦੇਸ਼ ਦਿੱਤਾ ਸੀ।)

ਤਸਵੀਰ ਸਰੋਤ, Getty Images
ਇੱਕ ਸਾਲ ਪਹਿਲਾਂ, ਸ਼ਾਇਦ ਹੀ ਕਿਸੇ ਨੇ ਕਲਪਨਾ ਕੀਤੀ ਹੋਵੇਗੀ ਕਿ ਪੱਛਮ ਏਸ਼ੀਆ, ਦਹਾਕਿਆਂ ਵਿੱਚ ਆਪਣੇ ਸਭ ਤੋਂ ਖ਼ਤਰਨਾਕ ਦੌਰ ਵੱਲ ਜਾ ਰਿਹਾ ਸੀ।
ਪਰ ਉਸੇ ਬਾਜੀਗਰੀ ਦੇ ਰੀਅਰਵਿਊ ਸ਼ੀਸ਼ੇ ਤੋਂ ਦੇਖਿਆ ਜਾਵੇਗਾ ਤਾਂ, ਪਿਛਲੇ 12 ਮਹੀਨੇ ਇੱਕ ਭਿਆਨਕ ਤਰਕ ਦੀ ਪਾਲਣਾ ਕਰਦੇ ਜਾਪਦੇ ਹਨ।
ਹੁਣ ਸੜਕਾਂ 'ਤੇ ਇੰਨਾ ਮਲਬਾ ਖਿਲਰਿਆ ਹੋਇਆ ਹੈ ਅਤੇ ਘਟਨਾਵਾਂ ਅਜੇ ਵੀ ਖ਼ਤਰਨਾਕ ਗਤੀ ਨਾਲ ਸਾਹਮਣੇ ਆ ਰਹੀਆਂ ਹਨ, ਨੀਤੀ ਨਿਰਮਾਤਾ ਅਤੇ ਸਾਡੇ ਵਿੱਚੋਂ ਬਾਕੀ ਲੋਕ ਤਾਲਮੇਲ ਬਿਠਾਉਣ ਲਈ ਸੰਘਰਸ਼ ਕਰ ਰਹੇ ਹਨ।
ਗਾਜ਼ਾ ਵਿੱਚ ਸੰਘਰਸ਼ ਹੁਣ ਆਪਣੇ ਦੂਜੇ ਸਾਲ ਵਿੱਚ ਦਾਖ਼ਲ ਹੋ ਰਿਹਾ ਹੈ ਅਤੇ "ਅਗਲੇ ਦਿਨ" ਦੀਆਂ ਸਾਰੀਆਂ ਚਰਚਾਵਾਂ, ਜਿਵੇਂ ਲੜਾਈ ਖ਼ਤਮ ਹੋ ਜਾਂਦੀ ਹੈ ਤਾਂ ਗਾਜ਼ਾ ਦਾ ਮੁੜ ਵਸੇਬਾ ਅਤੇ ਸ਼ਾਸਨ ਕਿਵੇਂ ਹੋਵੇਗਾ ਜਾਂ ਤਾਂ ਰੁਕ ਗਿਆ ਹੈ ਜਾਂ ਵਿਆਪਕ ਜੰਗ ਦੇ ਰੌਲੇ ਨਾਲ ਗਵਾਚ ਗਈਆਂ ਹਨ।
ਇਸੇ ਤਰ੍ਹਾਂ, ਫਲਸਤੀਨੀਆਂ ਨਾਲ ਇਜ਼ਰਾਈਲ ਦੇ ਟਕਰਾਅ ਦੇ ਹੱਲ ਦੀ ਕੋਈ ਸਾਰਥਕ ਚਰਚਾ ਨਹੀਂ ਹੋਈ, ਜਿਸ ਸੰਘਰਸ਼ ਨੇ ਸਾਨੂੰ ਇੱਥੇ ਸਭ ਤੋਂ ਪਹਿਲਾਂ ਪਹੁੰਚਾਇਆ ਸੀ।
ਕਿਸੇ ਸਮੇਂ, ਜਦੋਂ ਇਜ਼ਰਾਈਲ ਲੱਗੇਗਾ ਕਿ ਉਸ ਨੇ ਹਮਾਸ ਅਤੇ ਹਿਜ਼ਬੁੱਲ੍ਹਾ ਨੂੰ ਕਾਫੀ ਨੁਕਸਾਨ ਪਹੁੰਚਾਇਆ ਹੈ, ਇਜ਼ਰਾਈਲ ਅਤੇ ਈਰਾਨ ਦੋਵਾਂ ਨੇ ਆਪਣੀ ਗੱਲ ਕਹਿ ਦਿੱਤੀ ਹੈ, ਬਸ਼ਰਤੇ ਕਿ ਇਸ ਨਾਲ ਖੇਤਰ ਹੋਰ ਵੀ ਡੂੰਘੇ ਸੰਕਟ ਵਿੱਚ ਨਹੀਂ ਡੁੱਬ ਜਾਏ, ਅਤੇ ਅਮਰੀਕੀ ਰਾਸ਼ਟਰਪਤੀ ਚੋਣਾਂ ਖ਼ਤਮ ਹੋ ਜਾਣਗੀਆਂ ਤਾਂ ਕੂਟਨੀਤਕ ਨੂੰ ਇੱਕ ਹੋਰ ਮੌਕੇ ਮਿਲ ਸਕਦਾ ਹੈ।
ਪਰ ਅਜੇ, ਸਾਰਿਆਂ ਨੂੰ ਇਹ ਦੂਰ ਦਾ ਪੈਂਡਾ ਲੱਗਦਾ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












