ਜ਼ਖ਼ਮੀ, ਅਨਾਥ ਅਤੇ ਡੂੰਘਾ ਸਦਮਾ: 7 ਅਕਤੂਬਰ ਤੋਂ ਬਾਅਦ ਕਿਵੇਂ ਬਦਲ ਗਈ ਲੋਕਾਂ ਦੀ ਜ਼ਿੰਦਗੀ

ਬਾਟਸ਼ੇਵਾ ਨੂੰ ਨਹੀਂ ਪਤਾ ਕਿ ਉਨ੍ਹਾਂ ਦੇ ਪਤੀ ਜ਼ਿੰਦਾ ਹਨ ਜਾਂ ਉਨ੍ਹਾਂ ਦੀ ਮੌਤ ਹੋ ਗਈ ਹੈ, ਅਬਦੁੱਲਾ ਕਿਸ਼ੋਰ ਅਵਸਥਾ ਵਿੱਚ ਅਨਾਥ ਹੋ ਗਿਆ, ਕ੍ਰਿਸਟੀਨਾ ਅਤੇ ਅਬਦੁਲ ਰਹਿਮਾਨ ਨੂੰ ਉਮੀਦ ਹੈ ਕਿ ਉਹ ਦੁਬਾਰਾ ਤੁਰ ਸਕਣਗੇ।
ਇਜ਼ਰਾਈਲ, ਗਾਜ਼ਾ, ਲੇਬਨਾਨ ਅਤੇ ਵੈਸਟ ਬੈਂਕ ਵਿਚ ਰਹਿਣ ਵਾਲੇ ਇਨ੍ਹਾਂ ਲੋਕਾਂ ਨੇ ਬੀਬੀਸੀ ਨੂੰ ਦੱਸਿਆ ਕਿ ਪਿਛਲੇ ਸਾਲ 7 ਅਕਤੂਬਰ ਨੂੰ ਹੋਏ ਹਮਲੇ ਤੋਂ ਬਾਅਦ ਉਨ੍ਹਾਂ ਦੀ ਜ਼ਿੰਦਗੀ ਕਿਵੇਂ ਬਦਲ ਗਈ।
ਪਿਛਲੇ ਸਾਲ 7 ਅਕਤੂਬਰ ਨੂੰ ਹੀ ਹਮਾਸ ਨੇ ਇਜ਼ਰਾਈਲ 'ਤੇ ਹਮਲਾ ਕਰਕੇ 1200 ਲੋਕਾਂ ਨੂੰ ਮਾਰਿਆ ਅਤੇ 251 ਲੋਕਾਂ ਨੂੰ ਬੰਧੀ ਬਣਾਇਆ ਸੀ।
ਇਸ ਦੇ ਜਵਾਬ ਵਿਚ ਇਜ਼ਰਾਈਲ ਨੇ ਗਾਜ਼ਾ ਵਿਚ ਵੱਡੇ ਪੱਧਰ 'ਤੇ ਹਵਾਈ ਅਤੇ ਜ਼ਮੀਨੀ ਹਮਲੇ ਕੀਤੇ। ਹਮਾਸ ਦੁਆਰਾ ਚਲਾਏ ਜਾ ਰਹੇ ਸਿਹਤ ਮੰਤਰਾਲੇ ਦੇ ਅਨੁਸਾਰ, 41,000 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ।
'ਸਭ ਤੋਂ ਔਖੀ ਚੀਜ਼ ਹੈ ਪਤਾ ਨਾ ਹੋਣਾ'

ਤਸਵੀਰ ਸਰੋਤ, Batsheva Yahalomi
7 ਅਕਤੂਬਰ ਤੋਂ ਇੱਕ ਦਿਨ ਪਹਿਲਾਂ, ਓਹਦ ਯਹਾਲੋਮੀ ਅਤੇ ਉਨ੍ਹਾਂ ਦੀ 10 ਸਾਲਾ ਧੀ ਯਾਏਲ ਜਾਨਵਰਾਂ ਦੀ ਭਾਲ ਕਰਨ ਲਈ ਨੇੜਲੇ ਮੈਦਾਨ ਵਿੱਚ ਗਏ ਸਨ। ਯਾਏਲ ਦਾ ਵੱਡਾ ਭਰਾ ਏਥਾਨ (12) ਆਪਣੇ ਦੋਸਤਾਂ ਨਾਲ ਫੁੱਟਬਾਲ ਖੇਡ ਰਿਹਾ ਸੀ। ਓਹਦ ਦੀ ਪਤਨੀ ਬਾਟਸ਼ੇਵਾ ਆਪਣੀ ਸਭ ਤੋਂ ਛੋਟੀ ਧੀ ਨਾਲ ਘਰ ਵਿੱਚ ਸੀ ਜੋ ਦੋ ਸਾਲ ਦੀ ਵੀ ਨਹੀਂ ਸੀ।
ਗਾਜ਼ਾ ਸਰਹੱਦ ਤੋਂ ਲਗਭਗ ਇੱਕ ਮੀਲ ਦੂਰ ਦੱਖਣੀ ਇਜ਼ਰਾਈਲ ਵਿੱਚ ਨੀਰ ਓਜ਼ ਕਿਬੁਟਜ਼ ਵਿੱਚ 400 ਤੋਂ ਘੱਟ ਲੋਕਾਂ ਦਾ ਇੱਕ ਭਾਈਚਾਰਾ ਰਹਿੰਦਾ ਹੈ। ਇੱਥੇ ਦੀ ਜ਼ਿੰਦਗੀ ਕਾਫ਼ੀ ਵੱਖਰੀ ਹੈ।
ਬਾਟਸ਼ੇਵਾ, 45, ਨੇ ਕਿਹਾ, "ਸਾਨੂੰ ਉੱਥੇ ਦੀ ਜ਼ਿੰਦਗੀ ਬਹੁਤ ਪਸੰਦ ਸੀ ਅਤੇ ਅਸੀਂ ਬਹੁਤ ਸਾਦੇ ਹਾਂ। ਉਹ ਸਾਡੇ ਲਈ ਸਵਰਗ ਵਰਗਾ ਸੀ।"
ਅਗਲੀ ਸਵੇਰ ਰਾਕੇਟ ਹਮਲੇ ਦੇ ਅਲਰਟ ਸਾਇਰਨ ਦੀ ਆਵਾਜ਼ ਨਾਲ ਪਰਿਵਾਰ ਜਾਗਿਆ।
ਪਰ ਕੁਝ ਮਿੰਟਾਂ ਬਾਅਦ ਅਜਿਹੇ ਸੰਕੇਤ ਮਿਲੇ ਕਿ ਇਹ ਸਿਰਫ਼ ਕੋਈ ਰਾਕੇਟ ਹਮਲਾ ਨਹੀਂ ਸੀ। ਲੋਕਾਂ ਨੇ 'ਅੱਲ੍ਹਾ ਹੂ ਅਕਬਰ' ਦੇ ਨਾਹਰੇ ਲਾਏ ਅਤੇ ਬਾਹਰੋਂ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੱਤੀ।
ਪਰਿਵਾਰ ਨੇ ਕਈ ਘੰਟਿਆਂ ਤੱਕ ਆਪਣੇ 'ਸੇਫ ਰੂਮ' ਵਿੱਚ ਡਰ ਦੇ ਮਾਰੇ ਇੰਤਜ਼ਾਰ ਕੀਤਾ, ਪਰ ਹਮਲਾਵਰਾਂ ਨੇ ਘਰ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਆਪਣੇ ਪਰਿਵਾਰਕ ਮੈਂਬਰਾਂ ਨੂੰ ਬਚਾਉਣ ਲਈ ਓਹਦ 'ਸੇਫ ਰੂਮ' ਛੱਡ ਕੇ ਹਮਲਾਵਰਾਂ ਨੂੰ ਰੋਕਣ ਦੀ ਕੋਸ਼ਿਸ਼ ਕਰਨ ਲੱਗੇ।
ਬਾਟਸ਼ੇਵਾ ਨੇ ਅੱਗੇ ਕਿਹਾ, "ਉਹ ਹਰ ਕੁਝ ਮਿੰਟਾਂ ਵਿੱਚ ਸਾਨੂੰ ਦੱਸਦੇ ਸੀ ਕਿ ਉਹ ਸਾਨੂੰ ਪਿਆਰ ਕਰਦੇ ਹਨ।"

ਹਮਲਾਵਰ, ਕਲਾਸ਼ਨੀਕੋਵ ਰਾਈਫਲਾਂ ਅਤੇ ਗ੍ਰੇਨੇਡ ਜੈਕਟਾਂ ਪਹਿਨੇ, ਘਰ ਵਿਚ ਦਾਖਲ ਹੋਏ ਅਤੇ 'ਸੇਫ ਰੂਮ' ਵਿਚ ਦਾਖਲ ਹੋਣ ਤੋਂ ਪਹਿਲਾਂ ਓਹਦ ਨੂੰ ਗੋਲੀ ਮਾਰ ਦਿੱਤੀ।
ਬਾਟਸ਼ੇਵਾ ਨੇ ਕਿਹਾ, "ਹਮਲਾਵਰਾਂ ਨੇ ਸਾਡੇ ਵੱਲ ਰਾਈਫਲਾਂ ਦਾ ਇਸ਼ਾਰਾ ਕੀਤਾ ਅਤੇ ਅੰਗਰੇਜ਼ੀ ਵਿੱਚ ਕਿਹਾ, 'ਚਲੋ ਗਾਜ਼ਾ ਚੱਲੀਏ।' ਮੈਂ ਤੁਰੰਤ ਸਮਝ ਗਈ ਕਿ ਉਹ ਕੀ ਚਾਹੁੰਦੇ ਹਨ।"
ਬਾਟਸ਼ੇਵਾ ਅਤੇ ਉਨ੍ਹਾਂ ਦੀਆਂ ਧੀਆਂ ਨੂੰ ਗਾਜ਼ਾ ਲੈ ਕੇ ਜਾਣ ਲਈ ਮੋਟਰਸਾਈਕਲ 'ਤੇ ਬਿਠਾ ਦਿੱਤਾ ਗਿਆ। ਜਦਕਿ ਈਥਨ ਨੂੰ ਵਿਦੇਸ਼ੀ ਕਰਮਚਾਰੀ ਦੇ ਨਾਲ ਇਕ ਹੋਰ ਮੋਟਰਸਾਈਕਲ 'ਤੇ ਭੇਜਿਆ ਗਿਆ ਸੀ। ਜਦੋਂ ਮੋਟਰਸਾਈਕਲ ਫਸ ਗਿਆ ਤਾਂ ਬਾਟਸ਼ੇਵਾ ਅਤੇ ਉਨ੍ਹਾਂ ਦੀਆਂ ਧੀਆਂ ਭੱਜਣ ਵਿਚ ਕਾਮਯਾਬ ਹੋ ਗਈਆਂ, ਪਰ ਏਥਾਨ ਅਤੇ ਉਸ ਦੇ ਪਿਤਾ ਨੂੰ ਉਹ ਲੈ ਗਏ।
ਏਥਾਨ ਨੂੰ ਗਾਜ਼ਾ ਵਿੱਚ ਹਮਾਸ ਨੇ 52 ਦਿਨਾਂ ਤੱਕ ਬੰਧੀ ਬਣਾ ਕੇ ਰੱਖਿਆ ਗਿਆ ਸੀ। ਬਾਟਸ਼ੇਵਾ ਨੇ ਕਿਹਾ ਕਿ ਏਥਾਨ ਨੂੰ 7 ਅਕਤੂਬਰ ਨੂੰ ਜ਼ਬਰਦਸਤੀ ਬਣਾਏ ਵੀਡੀਓਜ਼ 'ਚ ਦਿਖਾਇਆ ਗਿਆ ਸੀ।
"ਉਸ (ਪੁੱਤਰ) ਨੇ ਦੇਖਿਆ ਕਿ ਕਿਵੇਂ ਉਨ੍ਹਾਂ ਨੇ ਲੋਕਾਂ, ਬੱਚਿਆਂ ਅਤੇ ਔਰਤਾਂ ਨੂੰ ਬੇਰਹਿਮੀ ਨਾਲ ਮਾਰਿਆ।"

ਤਸਵੀਰ ਸਰੋਤ, Batsheva Yahalomi
ਬਾਟਸ਼ੇਵਾ ਨੇ ਕਿਹਾ ਕਿ ਬੰਧੀਆਂ ਦੀ ਰਿਹਾਈ ਲਈ ਨਵੰਬਰ ਵਿੱਚ ਇੱਕ ਸਮਝੌਤਾ ਹੋਣ ਤੋਂ ਬਾਅਦ ਏਥਾਨ ਨੂੰ ਰਿਹਾਅ ਕੀਤਾ ਗਿਆ ਸੀ। ਹਮਾਸ ਅਤੇ ਇਜ਼ਰਾਈਲ ਵਿਚਾਲੇ ਚੱਲ ਰਹੇ ਸੰਘਰਸ਼ ਦੇ ਬਾਅਦ ਤੋਂ ਇਹ ਸਮਝੌਤਾ ਪਿਛਲੇ ਇੱਕ ਸਾਲ ਵਿੱਚ ਸਿਰਫ਼ ਇੱਕ ਵਾਰ ਹੋਇਆ ਹੈ।
ਹਥਿਆਰਬੰਦ ਫਲਸਤੀਨੀ ਸਮੂਹ ਨੇ ਜਨਵਰੀ ਵਿੱਚ ਓਹਦ ਦਾ ਇੱਕ ਵੀਡੀਓ ਜਾਰੀ ਕੀਤਾ ਸੀ, ਜਿਸ ਵਿੱਚ ਉਹ ਜ਼ਖਮੀ ਪਰ ਜ਼ਿੰਦਾ ਨਜ਼ਰ ਆ ਰਿਹਾ ਹੈ। ਉਦੋਂ ਤੋਂ ਇਹ ਸਮੂਹ ਕਹਿ ਰਿਹਾ ਹੈ ਕਿ ਉਹ ਇਜ਼ਰਾਈਲੀ ਹਮਲੇ ਵਿੱਚ ਮਾਰੇ ਗਏ ਸਨ।
ਇਜ਼ਰਾਈਲੀ ਫੌਜ ਨੇ ਬਾਟਸ਼ੇਵਾ ਨੂੰ ਕਿਹਾ ਕਿ ਉਹ ਓਹਦ ਬਾਰੇ ਦਾਅਵਿਆਂ ਦੀ ਪੁਸ਼ਟੀ ਨਹੀਂ ਕਰ ਸਕਦੇ ਅਤੇ ਨਾ ਹੀ ਉਨ੍ਹਾਂ ਦੀ ਸਥਿਤੀ ਬਾਰੇ ਕੋਈ ਅਪਡੇਟ ਦੇ ਸਕਦੇ ਹਨ।
ਨੀਰ ਓਜ਼ ਪਿਛਲੇ ਸਾਲ 7 ਅਕਤੂਬਰ ਨੂੰ ਹੋਏ ਹਮਲੇ ਤੋਂ ਸਭ ਤੋਂ ਵੱਧ ਪ੍ਰਭਾਵਿਤ ਭਾਈਚਾਰਿਆਂ ਵਿੱਚੋਂ ਇੱਕ ਹੈ। ਦਰਜਨਾਂ ਨਾਗਰਿਕ ਮਾਰੇ ਗਏ ਜਾਂ ਅਗਵਾ ਕਰ ਲਏ ਗਏ।
ਸੜੇ ਹੋਏ ਘਰ ਯਾਦ ਕਰਵਾਉਂਦੇ ਹਨ ਕਿ ਉੱਥੇ ਕੀ ਹੋਇਆ ਸੀ।
ਬਾਟਸ਼ੇਵਾ ਨੇ ਕਿਹਾ ਕਿ ਉਨ੍ਹਾਂ ਦੇ ਬੱਚਿਆਂ ਨੂੰ ਭੈੜੇ ਸੁਪਨੇ ਆਉਂਦੇ ਹਨ ਅਤੇ ਉਹ ਲਗਭਗ ਇਕ ਸਾਲ ਤੋਂ ਮੇਰੇ ਨਾਲ ਉਸੇ ਬਿਸਤਰੇ 'ਤੇ ਸੌਂ ਰਹੇ ਹਨ ਜਿਸ 'ਤੇ ਮੈਂ ਸੌਂਦੀ ਹਾਂ। ਮੇਰੇ ਬੱਚੇ ਵਾਰ-ਵਾਰ ਪੁੱਛਦੇ ਹਨ ਕਿ ਪਾਪਾ ਕਦੋਂ ਆਉਣਗੇ। ਏਥਾਨ ਦੇ ਵਾਲ ਝੜ ਰਹੇ ਹਨ।
"ਸਭ ਤੋਂ ਔਖੀ ਗੱਲ, ਇਹ ਪਤਾ ਨਾ ਹੋਣਾ ਕਿ ਉਸ (ਓਹਦ) ਨਾਲ ਕੀ ਹੋ ਰਿਹਾ ਹੈ। ਉਹ ਜ਼ਿੰਦਾ ਹੈ ਜਾਂ ਨਹੀਂ। ਅਸੀਂ ਇਸ ਤਰ੍ਹਾਂ ਆਪਣੀ ਜ਼ਿੰਦਗੀ ਨਹੀਂ ਜੀਅ ਸਕਦੇ।"
'ਚੰਗਾ ਹੁੰਦਾ ਜੇ ਮੈਂ ਸ਼ਹੀਦ ਹੋ ਜਾਂਦਾ'

ਜਦੋਂ 7 ਅਕਤੂਬਰ ਨੂੰ ਹਮਾਸ ਨੇ ਇਜ਼ਰਾਈਲ 'ਤੇ ਹਮਲਾ ਕੀਤਾ ਸੀ, ਉਸ ਸਮੇਂ ਅਬਦੁੱਲਾ ਦੀ ਉਮਰ ਕਰੀਬ 13 ਸਾਲ ਸੀ।
ਇਸ ਤੋਂ ਪਹਿਲਾਂ, ਉਸਦੀ ਜ਼ਿੰਦਗੀ ਉੱਤਰੀ ਗਾਜ਼ਾ ਦੇ ਨੇੜੇ ਅਲ-ਤਵਾਨ ਵਿੱਚ ਸਕੂਲ ਵਿੱਚ ਦੋਸਤਾਂ ਨਾਲ ਫੁੱਟਬਾਲ ਖੇਡਣ, ਬੀਚ 'ਤੇ ਸੈਰ ਕਰਨ ਅਤੇ ਆਪਣੇ ਮਾਤਾ-ਪਿਤਾ, ਭਰਾ ਅਤੇ ਦੋ ਭੈਣਾਂ ਨਾਲ ਮਸਤੀ ਕਰਨ ਵਿੱਚ ਬੀਤਦੀ ਸੀ।
ਅਬਦੁੱਲਾ ਦੇ ਜਨਮ ਦਿਨ ਤੋਂ ਇੱਕ ਦਿਨ ਪਹਿਲਾਂ ਲੋਕਾਂ ਨੂੰ ਦੱਖਣ ਵੱਲ ਜਾਣ ਲਈ ਕਿਹਾ ਗਿਆ ਸੀ। ਇਸ ਤੋਂ ਤੁਰੰਤ ਬਾਅਦ ਅਬਦੁੱਲਾ ਦੇ ਪਰਿਵਾਰ ਨੇ ਜਲਦੀ ਨਾਲ ਆਪਣਾ ਜ਼ਰੂਰੀ ਸਮਾਨ ਪੈਕ ਕੀਤਾ ਅਤੇ ਸਲਾਹ ਅਲ-ਦੀਨ ਰੋਡ ਲਈ ਰਵਾਨਾ ਹੋ ਗਏ, ਜਿਸ ਤੋਂ ਇਜ਼ਰਾਈਲੀ ਫੌਜ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਉਹ ਲੰਘ ਸਕਦੇ ਹਨ।
ਪਰ ਜਦੋਂ ਉਹ ਸਲਾਹ ਅਲ-ਦੀਨ ਰੋਡ ਵੱਲ ਵਧੇ ਤਾਂ ਗੱਡੀ ਇਜ਼ਰਾਈਲ ਦੇ ਹਵਾਈ ਹਮਲੇ ਦੀ ਮਾਰ ਹੇਠ ਆ ਗਈ।
ਅਬਦੁੱਲਾ ਨੇ ਕਿਹਾ, "ਇਸ ਹਮਲੇ ਕਾਰਨ ਮੈਂ ਅਤੇ ਮੇਰਾ ਭਰਾ ਅਹਿਮਦ ਹਵਾ ਵਿੱਚ ਉਛਲਦੇ ਹੋਏ ਕਾਰ ਤੋਂ ਬਾਹਰ ਡਿੱਗ ਗਏ।"
ਅਹਿਮਦ 16 ਸਾਲ ਦਾ ਸੀ ਜਦੋਂ ਹਵਾਈ ਹਮਲਾ ਹੋਇਆ ਅਤੇ ਉਸ ਦੀ ਇੱਕ ਲੱਤ ਕੱਟਣੀ ਪਈ। ਦੂਜੀ ਲੱਤ ਵਿੱਚ ਧਾਤ ਦੀਆਂ ਪਲੇਟਾਂ ਹਨ।
ਅਬਦੁੱਲਾ ਦੇ ਹੱਥ, ਸਿਰ, ਕਮਰ ਅਤੇ ਮੂੰਹ 'ਤੇ ਸੱਟਾਂ ਲੱਗੀਆਂ ਹਨ ਅਤੇ ਉਸ ਦੇ ਢਿੱਡ 'ਤੇ ਦੋ ਲੰਬੇ ਜ਼ਖ਼ਮ ਦਿਖਾਈ ਦੇ ਰਹੇ ਹਨ।

ਅਬਦੁੱਲਾ, ਉਸ ਦੇ ਪਰਿਵਾਰ ਅਤੇ ਕਈ ਚਸ਼ਮਦੀਦਾਂ ਨੇ ਬੀਬੀਸੀ ਨੂੰ ਦੱਸਿਆ ਕਿ ਮਿਜ਼ਾਈਲ ਹਮਲਾ ਡਰੋਨ ਰਾਹੀਂ ਕੀਤਾ ਗਿਆ ਸੀ।
ਇਜ਼ਰਾਇਲੀ ਫੌਜ ਨੇ ਇਸ ਦਾਅਵੇ ਨੂੰ ਰੱਦ ਕਰਦਿਆਂ ਕਿਹਾ ਕਿ ਉਸ ਨੇ ਉਸ ਦਿਨ ਆਮ ਨਾਗਰਿਕਾਂ ਦੇ ਕਾਫਲੇ 'ਤੇ ਹਮਲਾ ਨਹੀਂ ਕੀਤਾ ਸੀ ਅਤੇ ਇਸ ਨੂੰ ਝੂਠਾ ਇਲਜ਼ਾਮ ਕਰਾਰ ਦਿੱਤਾ ਸੀ।
ਬੁਲਾਰੇ ਨੇ ਬੀਬੀਸੀ ਨੂੰ ਦੱਸਿਆ, "ਜਾਂਚ ਵਿੱਚ ਇਹ ਸਾਬਤ ਕਰਨ ਲਈ ਕੋਈ ਸਬੂਤ ਨਹੀਂ ਮਿਲਿਆ ਕਿ ਆਈਡੀਐੱਫ ਨੇ ਹਮਲਾ ਕੀਤਾ ਸੀ।"
ਅਬਦੁੱਲਾ ਨੇ ਦੱਸਿਆ ਕਿ ਉਨ੍ਹਾਂ ਨੂੰ ਯਾਦ ਹੈ ਕਿ ਕਿਵੇਂ ਹਸਪਤਾਲ ਦੇ ਕਰਮੀ ਉਨ੍ਹਾਂ ਦੇ ਮਾਤਾ-ਪਿਤਾ ਨੂੰ ਲੈ ਕੇ ਪੁੱਛੀ ਜਾ ਰਹੇ ਸਵਾਲਾਂ ਨੂੰ ਟਾਲ ਰਹੇ ਸਨ। "ਮੇਰੇ ਕਜ਼ਨ ਅਤੇ ਦਾਦੀ ਨੇ ਮੈਨੂੰ ਜੋ ਦੱਸਿਆ ਉਸ ਬਾਰੇ ਮੈਨੂੰ ਪਹਿਲਾਂ ਤੋਂ ਹੀ ਜਾਪ ਰਿਹਾ ਸੀ।"
"ਮੈਨੂੰ ਇਸ ਬਾਰੇ ਹਮੇਸ਼ਾ ਤੋਂ ਪਤਾ ਸੀ।"
ਉਨ੍ਹਾਂ ਨੇ ਅੱਗੇ ਕਿਹਾ ਹੈ, "ਮੈਂ ਜੇਕਰ ਸ਼ਹੀਦ ਹੋ ਗਿਆ ਹੁੰਦਾ ਤਾਂ ਇਹ ਉਸ ਨਾਲੋਂ ਚੰਗਾ ਹੁੰਦਾ ਜੋ ਹੁਣ ਮੇਰੇ ਨਾਲ ਹੋ ਰਿਹਾ ਹੈ।"
ਅਬਦੁੱਲਾ ਹੱਥ ਵਿੱਚ ਲੱਗੀ ਸੱਟ ਦੇ ਨਿਸ਼ਾਨ ਵੱਲ ਦੇਖਦੇ ਹੋਏ ਕਹਿੰਦੇ ਹਨ, "ਮੈਨੂੰ ਅਜਿਹਾ ਲੱਗ ਰਿਹਾ ਹੈ ਕਿ ਮੇਰਾ ਹੱਥ ਪਹਿਲਾਂ ਹੀ ਕੱਟ ਦਿੱਤਾ ਗਿਆ ਹੈ। ਉਨ੍ਹਾਂ ਨੇ ਇਸ ਨੂੰ ਠੀਕ ਕਰਨ ਦੀ ਕੋਸ਼ਿਸ਼ ਕੀਤੀ, ਪਰ ਸਭ ਕੁਝ ਬੇਕਾਰ ਰਿਹਾ।"
ਅਬਦੁੱਲਾ ਅਤੇ ਉਨ੍ਹਾਂ ਦੀਆਂ ਦੋ ਭੈਣਾ ਮਿੰਨਾ (18) ਅਤੇ ਹਾਲਾ (11) ਆਪਣੀ ਦੀਦੀ ਨਾਲ ਦੱਖਣੀ ਗਾਜ਼ਾ ਦੇ ਇਲਾਕੇ ਖ਼ਾਨ ਯੂਨਿਸ ਵਿੱਚ ਰਹਿ ਰਹੀਆਂ ਹਨ।
ਜਿਸ ਦਿਨ ਮਾਤਾ-ਪਿਤਾ ਦੀ ਹਮਲੇ ਵਿੱਚ ਮੌਤ ਹੋਈ ਤਾਂ ਉਸ ਦਿਨ ਅਬਦੁੱਲਾ ਦੀਆਂ ਦੋਵਾਂ ਭੈਣਾਂ ਉੱਤਰੀ ਗਾਜ਼ਾ ਵਿੱਚ ਹੀ ਸਨ ਕਿਉਂਕਿ ਗੱਡੀ ਵਿੱਚ ਉਨ੍ਹਾਂ ਲਈ ਥਾਂ ਨਹੀਂ ਸੀ। ਉੱਥੇ ਅਹਿਮਦ ਇਲਾਜ ਲਈ ਕਤਰ ਵਿੱਚ ਰਹਿ ਰਹੇ ਸਨ।
ਅਬਦੁੱਲਾ ਨੇ ਕਿਹਾ, "ਹਾਸਾ ਅਤੇ ਚੰਗਾ ਸਮਾਂ ਚਲਾ ਗਿਆ। ਅਸੀਂ ਆਪਣੀ ਮਾਂ, ਪਿਤਾ ਅਤੇ ਚਾਚਾ ਨੂੰ ਗੁਆ ਦਿੱਤਾ ਹੈ। ਇਹ ਲੋਕ ਪੂਰੇ ਪਰਿਵਾਰ ਲਈ ਖੁਸ਼ੀ ਦਾ ਜ਼ਰੀਆ ਸਨ।"
"ਅਸੀਂ ਉਨ੍ਹਾਂ ਬਿਨਾਂ ਚੰਗੀ ਤਰ੍ਹਾਂ ਨਹੀਂ ਜੀਅ ਰਹੇ। ਅਸੀਂ ਸਕੂਲ ਜਾਂਦੇ ਸੀ, ਖੇਡਦੇ ਸੀ ਅਤੇ ਹੱਸਦੇ ਸੀ। ਗਾਜ਼ਾ ਖ਼ੂਬਸੂਰਤ ਹੁੰਦਾ ਸੀ ਪਰ ਹੁਣ ਸਭ ਖ਼ਤਮ ਹੋ ਗਿਆ ਹੈ।"
ਅਬਦੁੱਲਾ ਨੇ ਦੱਸਿਆ ਕਿ ਉਨ੍ਹਾਂ ਦਾ ਆਪਣੇ ਦੋਸਤਾਂ ਨਾਲ ਸੰਪਰਕ ਨਹੀਂ ਹੋ ਰਿਹਾ ਅਤੇ ਕਈ ਜੰਗ ਵਿੱਚ ਮਾਰੇ ਗਏ ਹਨ।
"ਇਜ਼ਰਾਇਲ ਨੂੰ ਮੇਰਾ ਇੱਕ ਸੰਦੇਸ਼ ਹੈ। ਤੁਸੀਂ ਸਾਡੇ ਨਾਲ ਇਹ ਕੀਤਾ, ਤੁਸੀਂ ਮੇਰੇ ਮਾਤਾ-ਪਿਤਾ ਦੀ ਜਾਨ ਲੈ ਲਈ। ਮੇਰੀ ਸਿੱਖਿਆ ਖੋਹ ਲਈ। ਤੁਸੀਂ ਮੈਥੋਂ ਮੇਰਾ ਸਾਰਾ ਕੁਝ ਲੈ ਲਿਆ।"

ਤਸਵੀਰ ਸਰੋਤ, HANDOUT
ʻਮੈਨੂੰ ਰਾਹਤ ਮਿਲੀ ਕਿ ਮੈਂ ਸਿਰਫ਼ ਇੱਕੋ ਪੈਰ ਗਵਾਇਆ ਹੈʼ
ਕ੍ਰਿਸਟੀਨਾ ਅਸੀ ਨੇ ਕਿਹਾ, "ਮੈਂ ਆਪਣੀ ਪਛਾਣ ਫੋਟੋ ਜਰਨਲਿਸਟ ਵਜੋਂ ਦੱਸਦੀ ਸੀ, ਪਰ ਅੱਜ ਮੈਂ ਆਪਣੀ ਪਛਾਣ ਵਾਰ ਕ੍ਰਾਈਮ ਸਰਵਾਈਵਰ ਦੱਸਦੀ ਹਾਂ।"
ਕ੍ਰਿਸਟੀਨਾ ਨਿਊਜ਼ ਏਜੰਸੀ ਏਐੱਫਪੀ ਲਈ ਫੋਟੋ ਜਰਨਲਿਸਟ ਵਜੋਂ ਆਪਣੇ ਦੇਸ਼ ਲੇਬਨਾਨ ਵਿੱਚ ਦੱਖਣੀ ਸੀਮਾ ʼਤੇ ਹੋ ਰਹੀ ਲੜਾਈ ਨੂੰ ਕਵਰ ਕਰਨ ਗਈ ਸੀ।
ਸੱਤ ਅਕਤੂਬਰ ਨੂੰ ਕੀਤੇ ਗਏ ਹਮਲੇ ਨੂੰ ਦੇਖਦੇ ਹੋਏ ਹਥਿਆਰਬੰਦ ਸਮੂਹ ਹਿਜ਼ਬੁੱਲ੍ਹਾ ਨੇ ਇਜ਼ਰਾਈਲ ʼਤੇ ਰਾਕਟ ਹਮਲਾ ਸ਼ੁਰੂ ਕਰ ਦਿੱਤਾ ਸੀ। ਇਸ ਨੇ ਬਾਅਦ ਵਿੱਚ ਵੱਡੇ ਸੰਘਰਸ਼ ਦਾ ਰੂਪ ਲੈ ਲਿਆ।
ਪਿਛਲੇ ਸਾਲ 13 ਅਕਤੂਬਰ ਨੂੰ ਕ੍ਰਿਸਟੀਨਾ ਅਤੇ ਪੱਤਰਕਾਰਾਂ ਦਾ ਇੱਕ ਸਮੂਹ ਲੇਬਨਾਨ ਦੇ ਦੱਖਣ ਵਿੱਚ ਉਸ ਪਿੰਡ ਵਿੱਚ ਗਿਆ ਸੀ ਜੋ ਕਿ ਇਜ਼ਰਾਈਲ ਦੀ ਸੀਮਾ ਤੋਂ ਕਰੀਬ ਇੱਕ ਕਿਲੋਮੀਟਰ ਦੂਰ ਸੀ। ਇਹ ਉਹ ਪਿੰਡ ਸੀ ਜਿੱਥੇ ਝੜਪ ਹੋ ਰਹੀ ਸੀ।
29 ਸਾਲਾ ਕ੍ਰਿਸਟੀਨਾ ਨੇ ਕਿਹਾ ਕਿ ਅਸੀਂ ਪ੍ਰੈੱਸ ਲਿਖੀ ਹੋਈ ਜੈਕਟ ਅਤੇ ਹੈਲਮੈਟ ਪਹਿਨੇ ਹੋਏ ਸਨ। ਉੱਥੇ ਹੀ ਕਾਰ ਦੇ ਬੋਨਟ ʼਤੇ ਪੀਲੇ ਰੰਗ ਦੀ ਟੇਪ ਨਾਲ ਟੀਵੀ ਲਿਖਿਆ ਹੋਇਆ ਸੀ। "ਲੱਗਾ ਸੀ ਕਿ ਅਸੀਂ ਸੁਰੱਖਿਅਤ ਹਾਂ।"
ਉਨ੍ਹਾਂ ਨੇ ਦੱਸਿਆ, "ਅਚਾਨਕ ਗੋਲੀਬਾਰੀ ਹੋਣ ਲੱਗੀ। ਮੈਨੂੰ ਯਾਦ ਹੈ ਕਿ ਨੇੜਲੀ ਕਾਰ ਨੂੰ ਅੱਗ ਲੱਗੀ ਹੋਈ ਸੀ ਅਤੇ ਮੈਂ ਭੱਜਣ ਦੀ ਕੋਸ਼ਿਸ਼ ਕਰਨ ਲੱਗੀ। ਬੁਲੇਟ ਪਰੂਫ਼ ਜੈਕਟ ਭਾਰੀ ਹੋਣ ਕਾਰਨ ਅਤੇ ਕੈਮਰੇ ਕਾਰਨ ਹਿੱਲਣ ਵਿੱਚ ਪਰੇਸ਼ਾਨੀ ਹੋ ਰਹੀ ਸੀ।"
"ਮੈਂ ਦੇਖ ਸਕਦੀ ਸੀ ਕਿ ਮੇਰੇ ਪੈਰ ਤੋਂ ਖ਼ੂਨ ਨਿਕਲ ਰਿਹਾ ਹੈ। ਮੇਰੋ ਕੋਲੋਂ ਖਲੋਤਾ ਨਹੀਂ ਜਾ ਰਿਹਾ ਸੀ।"

ਤਸਵੀਰ ਸਰੋਤ, HANDOUT
12 ਦਿਨਾਂ ਬਾਅਦ ਕ੍ਰਿਸਟੀਨਾ ਦੀ ਅੱਖ ਹਸਪਤਾਲ ਵਿੱਚ ਖੁੱਲ੍ਹੀ ਅਤੇ ਉਨ੍ਹਾਂ ਨੇ ਕਿਹਾ, "ਮੈਨੂੰ ਰਾਹਤ ਮਿਲੀ ਕਿ ਮੈਂ ਸਿਰਫ਼ ਇੱਕੋ ਪੈਰ ਗਵਾਇਆ ਹੈ।"
ਇਸ ਹਮਲੇ ਵਿੱਚ ਰਾਇਟਰਜ਼ ਦੇ 37 ਸਾਲਾ ਪੱਤਰਕਾਰ ਇਸਮ ਅਬਦੁੱਲਾ ਦੀ ਮੌਤ ਹੋ ਗਈ ਅਤੇ ਛੇ ਹੋਰ ਜ਼ਖ਼ਮੀ ਹੋ ਗਏ। ਇਸ ਬਾਰੇ ਕ੍ਰਿਸਟੀਨਾ ਨੇ ਕਿਹਾ, "ਨਰਸ ਨੇ ਮੈਨੂੰ ਪੁੱਛਿਆ ਕਿ ਕਿਸ ਦੀ ਮੌਤ ਹੋ ਗਈ ਤਾਂ ਮੈਂ ਉਨ੍ਹਾਂ ਦਾ ਨਾਮ ਆਨਲਾਈਨ ਦੇਖਿਆ। ਮੈਨੂੰ ਹੈੱਡਲਾਈਨ 'ਤੇ ਯਕੀਨ ਨਹੀਂ ਹੋ ਰਿਹਾ ਸੀ।"
ਲੇਬਨਾਨ ਵਿੱਚ ਸੰਯੁਕਤ ਰਾਸ਼ਟਰ ਦੀ ਅੰਤਰਿਮ ਫੋਰਸ ਨੇ ਜਾਂਚ ਤੋਂ ਬਾਅਦ ਦੱਸਿਆ ਕਿ ਕੌਮਾਂਤਰੀ ਕਾਨੂੰਨ ਦੀ ਉਲੰਘਣਾ ਕਰਦੇ ਹੋਏ ਇਜ਼ਰਾਈਲ ਨੇ 120 ਐੱਮਐੱਮ ਦੇ ਗੋਲੇ 'ਸਪੱਸ਼ਟ ਤੌਰ 'ਤੇ ਪਛਾਣੇ ਜਾਣ ਵਾਲੇ ਪੱਤਰਕਾਰਾਂ' ਦੇ ਸਮੂਹ 'ਤੇ ਦਾਗ਼ੇ ਸਨ।
ਕਈ ਮਨੁੱਖੀ ਅਧਿਕਾਰ ਸਮੂਹਾਂ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਸੰਭਾਵਿਤ ਜੰਗੀ ਅਪਰਾਧ ਵਜੋਂ ਹੋਣੀ ਚਾਹੀਦੀ ਹੈ।
ਆਈਡੀਐੱਫ ਨੇ ਬੀਬੀਸੀ ਨੂੰ ਦੱਸਿਆ ਕਿ ਉਸਦੇ ਸੈਨਿਕਾਂ ਨੂੰ ਇਜ਼ਰਾਈਲੀ ਖੇਤਰ ਵਿੱਚ "ਅੱਤਵਾਦੀ ਘੁਸਪੈਠ" ਦਾ ਸ਼ੱਕ ਹੋਇਆ ਸੀ। ਇਸ ਨੂੰ ਰੋਕਣ ਲਈ ਟੈਂਕਾਂ ਅਤੇ ਆਰਟੀਲਰੀ ਦੀ ਵਰਤੋਂ ਕੀਤੀ ਗਈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਕ੍ਰਿਸਟੀਨਾ ਨੇ ਕਿਹਾ ਕਿ ਉਨ੍ਹਾਂ ਨੂੰ ਗੁੱਸਾ ਆਉਂਦਾ ਹੈ ਅਤੇ ਜੋ ਉਨ੍ਹਾਂ ਨਾਲ ਹੋਇਆ ਉਸ ਨੂੰ ਲੈ ਕੇ ਚਿੜ ਹੁੰਦੀ ਹੈ।
"ਤੁਸੀਂ ਹਰ ਚੀਜ਼ ਵਿੱਚ ਭਰੋਸਾ ਗੁਆ ਦਿੰਦੇ ਹੋ। ਕੌਮਾਂਤਰੀ ਕਾਨੂੰਨ ਅਤੇ ਕੌਮਾਂਤਰੀ ਭਾਈਚਾਰੇ ਵਿੱਚ ਮੈਨੂੰ ਪਹਿਲਾਂ ਪੱਤਰਕਾਰ ਹੋਣ ਵਜੋਂ ਭਰੋਸਾ ਸੀ।"
ਦੁਨੀਆ ਭਰ ਦੇ ਜ਼ਖ਼ਮੀ ਅਤੇ ਮਾਰੇ ਗਏ ਪੱਤਰਕਾਰਾਂ ਦੇ ਸਨਮਾਨ ਵਿੱਚ ਜੁਲਾਈ ਵਿੱਚ ਏਐੱਫਪੀ ਦੇ ਆਪਣੇ ਸਹਿਕਰਮੀਆਂ ਨਾਲ ਕ੍ਰਿਸਟੀਨਾ ਵ੍ਹੀਲਚੇਅਰ ʼਤੇ ਓਲੰਪਿਕ ਦੀ ਮਸ਼ਾਲ ਲੈ ਕੇ ਤੁਰੀ।
ਉਨ੍ਹਾਂ ਨੂੰ ਉਮੀਦ ਹੈ ਕਿ ਉਹ ਇੱਕ ਵਾਰ ਫਿਰ ਪੱਤਰਕਾਰ ਵਜੋਂ 'ਤੇ ਗਰਾਊਂਡ 'ਤੇ ਉਤਰ ਸਕੇਗੀ।
"ਜਿਸ ਦਿਨ ਮੈਂ ਖੜ੍ਹੀ ਹੋ ਸਕਾਂਗੀ, ਤੁਰ ਸਕਾਂਗੀ, ਕੈਮਰਾ ਲੈ ਕੇ ਆਪਣੇ ਕੰਮ ʼਤੇ ਜਾਵਾਂਗੀ ਅਤੇ ਉਹ ਚੀਜ਼ ਮੁੜ ਕਰ ਸਕਾਂਗੀ, ਜਿਸ ਨਾਲ ਮੈਨੂੰ ਪਿਆਰ ਹੈ ਤਾਂ ਮੇਰੀ ਜਿੱਤ ਹੋਵੇਗੀ।"

ਤਸਵੀਰ ਸਰੋਤ, FAMILY PHOTO
'ਮੈਂ ਰੌਲਾ ਪਾਇਆ ਪਰ ਉਸ ਨੇ ਕੋਈ ਜਵਾਬ ਨਹੀਂ ਦਿੱਤਾ'
ਅਬਦੁਲ ਰਹਿਮਾਨ ਅਲ ਅਸ਼ਕਰ ਨੇ ਦੱਸਿਆ ਕਿ ਸ਼ਾਮ ਦਾ ਸਮਾਂ ਸੀ। ਛੱਲੀ ਵੇਚਣ ਤੋਂ ਬਾਅਦ, ਉਹ ਸਿਗਰਟ ਪੀਂਦੇ ਹੋਏ ਆਪਣੇ ਦੋਸਤ ਲੈਥ ਸ਼ੌਨੇਹ ਨਾਲ ਘੁੰਮ ਰਹੇ ਸੀ।
18 ਸਾਲਾ ਅਬਦੁਲ ਰਹਿਮਾਨ 1 ਸਤੰਬਰ ਦੀ ਰਾਤ ਨੂੰ ਯਾਦ ਕਰਦੇ ਹਨ, “ਅਚਾਨਕ ਬੰਬਾਰੀ ਹੋ ਜਾਂਦੀ ਹੈ।"
ਇਹ ਦੋਵੇਂ ਇਜ਼ਰਾਈਲ ਦੇ ਕਬਜ਼ੇ ਵਾਲੇ ਵੈਸਟ ਬੈਂਕ ਵਿੱਚ ਸਥਿਤ ਸਿਲਾਟ ਅਲ ਹਰੀਥੀਆ ਪਿੰਡ 'ਚ ਹੋਈ ਇਜ਼ਰਾਈਲੀ ਏਅਰਕ੍ਰਾਫਟ ਦੀ ਜ਼ਦ ਵਿੱਚ ਆ ਜਾਂਦੇ ਹਨ।
ਅਬਦੁੱਲ ਰਹਿਮਾਨ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਰਾਕਟ ਦੀ ਆਵਾਜ਼ ਸੁਣਾਈ ਦਿੰਦੀ ਹੈ, ਪਰ ਬਚਣ ਦਾ ਸਮਾਂ ਨਹੀਂ ਹੁੰਦਾ। ਉਨ੍ਹਾਂ ਨੇ ਕਿਹਾ, "ਮੈਂ ਸਿਰਫ਼ ਇੱਕ ਕਦਮ ਪਿੱਛੇ ਲੈ ਸਕਿਆ।"
"ਮੈਂ ਰੌਲਾ ਪਾਇਆ ਪਰ ਲੈਥ ਨੇ ਕੋਈ ਜਵਾਬ ਨਹੀਂ ਦਿੱਤਾ।"
16 ਸਾਲਾ ਲੈਥ ਦੀ ਮੌਤ ਹੋ ਜਾਂਦੀ ਹੈ ਅਤੇ ਅਬਦੁਲ ਰਹਿਮਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਜਾਂਦੇ ਹਨ। ਉਨ੍ਹਾਂ ਦੀਆਂ ਦੋਵੇਂ ਲੱਤਾਂ ਦੇ ਗੋਡਿਆਂ ਦੇ ਹੇਠਾਂ ਵਾਲਾ ਹਿੱਸਾ ਕੱਟਣਾ ਪਿਆ।
ਅਬਦੁਲ ਰਹਿਮਾਨ ਨੇ ਕਿਹਾ ਕਿ ਉਹ 10 ਦਿਨਾਂ ਬਾਅਦ ਹੋਸ਼ ਵਿੱਚ ਆਉਂਦੇ ਹਨ ਅਤੇ ਉਨ੍ਹਾਂ ਨੂੰ ਦੱਸਿਆ ਜਾਂਦਾ ਹੈ ਕਿ ਉਨ੍ਹਾਂ ਦੇ ਦਿਲ ਦੀ ਧੜਕਣ ਹੁਣ ਤੱਕ ਤਿੰਨ ਵਾਰ ਰੁਕੀ ਹੈ।

ਤਸਵੀਰ ਸਰੋਤ, FAMILY PHOTO
ਅਬਦੁਲ ਰਹਿਮਾਨ ਅਜੇ ਵੀ ਹਸਪਤਾਲ ਵਿੱਚ ਹੈ। ਇੱਕ ਹੱਥ ਧਾਤ ਦੀਆਂ ਪਲੇਟਾਂ ਪਈਆਂ ਹੋਈਆਂ ਹਨ, ਦੋ ਉਂਗਲਾਂ ਨੂੰ ਖ਼ਰਬਾ ਹੋ ਗਈਆਂ ਹਨ। ਇਸ ਦੇ ਨਾਲ ਹੀ ਪੇਟ ਦੀਆਂ ਕਈ ਸਰਜਰੀਆਂ ਵੀ ਹੋਈਆਂ ਹਨ। ਉਨ੍ਹਾਂ ਕਿਹਾ ਕਿ ਦਰਦ ਲਗਾਤਾਰ ਹੁੰਦਾ ਰਹਿੰਦਾ ਹੈ।
ਵੈਸਟ ਬੈਂਕ 'ਚ 7 ਅਕਤੂਬਰ ਤੋਂ ਹਿੰਸਾ ਵਧ ਗਈ ਹੈ। ਇਜ਼ਰਾਈਲ ਦਾ ਕਹਿਣਾ ਹੈ ਕਿ ਸਾਡਾ ਮਕਸਦ ਆਪਣੇ ਦੇਸ਼ ਵਿੱਚ ਜਾਨਲੇਵਾ ਹਮਲਿਆਂ ਨੂੰ ਰੋਕਣਾ ਹੈ। ਹਮਲੇ 'ਚ ਸੈਂਕੜੇ ਫ਼ਲਸਤੀਨੀ ਮਾਰੇ ਗਏ ਹਨ।
ਅਬਦੁੱਲ ਰਹਿਮਾਨ ਹਮਲੇ ਤੋਂ ਪਹਿਲਾਂ ਦੂਜੇ ਲੋਕਾਂ ਵਾਂਗ ਆਮ ਜੀਵਨ ਬਤੀਤ ਕਰ ਰਹੇ ਸੀ। ਉਨ੍ਹਾਂ ਦੀ ਜ਼ਿੰਦਗੀ ਸਵੇਰ ਦੀ ਅਰਦਾਸ, ਦੋਸਤਾਂ ਨਾਲ ਨਾਸ਼ਤਾ ਕਰਨ, ਕੰਮ ਵਿੱਚ ਪਿਤਾ ਦੀ ਮਦਦ ਕਰਨ ਅਤੇ ਛੱਲੀ ਵੇਚਦੇ ਹੋਏ ਬੀਤਦੀ ਸੀ।
ਪਰ ਹੁਣ ਉਹ ਬਾਥਰੂਮ ਜਾਣ ਵਰਗੇ ਰੋਜ਼ਾਨਾ ਦੇ ਕੰਮਾਂ ਲਈ ਆਪਣੇ ਭਰਾ 'ਤੇ ਨਿਰਭਰ ਹੋ ਗਏ ਹਨ। ਉਨ੍ਹਾਂ ਦੀ ਮਾਂ ਉਨ੍ਹਾਂ ਨੂੰ ਖਾਣਾ ਖੁਆਉਂਦੀ ਹੈ।
ਬੀਬੀਸੀ ਨੇ ਹਮਲੇ ਤੋਂ ਬਾਅਦ ਆਈਡੀਐੱਫ ਨਾਲ ਸੰਪਰਕ ਕੀਤਾ। ਇਸ ਦੌਰਾਨ, ਆਈਡੀਐੱਫ ਨੇ ਕਿਹਾ ਸੀ, "ਜੇਨਿਨ ਖੇਤਰ ਵਿੱਚ ਤੈਨਾਤ ਮੇਨਾਸ਼ੇ ਬ੍ਰਿਗੇਡ ਦੇ ਬਲਾਂ 'ਤੇ ਵਿਸਫੋਟਕ ਸੁੱਟੇ ਦੇਖੇ ਜਾਣ ਤੋਂ ਤੁਰੰਤ ਬਾਅਦ ਹਵਾਈ ਜਹਾਜ਼ ਨੇ ਇੱਕ ਅੱਤਵਾਦੀ ਸੈੱਲ 'ਤੇ ਹਮਲਾ ਕੀਤਾ।"
ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਉਹ ਹਥਿਆਰਾਂ ਨਾਲ ਸਨ ਤਾਂ ਉਹਨਾਂ ਨੇ ਕਿਹਾ, "ਕਿਹੜਾ ਹਥਿਆਰ? ਮੈਂ ਤੁਰੰਤ ਘਰੋਂ ਬਾਹਰ ਨਿਕਲਿਆ ਸੀ। ਮੈਂ ਚਿੱਟੇ ਕੱਪੜੇ ਪਾ ਕੇ ਸੜਕ 'ਤੇ ਤੁਰ ਰਿਹਾ ਸੀ... ਮੈਂ ਬਸ ਬਾਹਰ ਜਾ ਰਿਹਾ ਸੀ।"
ਉਨ੍ਹਾਂ ਦਾ ਕਹਿਣਾ ਹੈ ਕਿ ਉਸ ਨੇ ਸਿਰਫ਼ ਡਰਾਈਵਿੰਗ ਲਾਇਸੈਂਸ ਲੈਣ ਅਤੇ ਕਾਰ ਖਰੀਦਣ ਦਾ ਸੁਪਨਾ ਦੇਖਿਆ ਸੀ।
"ਜੇ ਅੱਜ ਮੈਨੂੰ ਕੁਝ ਚਾਹੀਦਾ ਹੈ, ਤਾਂ ਉਹ ਤੁਰਨਾ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












