ਇਜ਼ਰਾਈਲ ਤੇ ਹਿਜ਼ਬੁੱਲ੍ਹਾ ਵਿਚਾਲੇ ਜੰਗਬੰਦੀ ਹੋਈ ਪਰ ਗਾਜ਼ਾ ਵਿੱਚ ਹਮਾਸ ਨਾਲ ਸ਼ਾਂਤੀ ਸਥਾਪਿਤ ਕਿਉਂ ਨਹੀਂ ਹੋ ਸਕੀ

ਤਸਵੀਰ ਸਰੋਤ, Getty Images
ਇਜ਼ਰਾਈਲ ਸਰਕਾਰ ਨੇ ਲੇਬਨਾਨ ਵਿੱਚ ਹਿਜ਼ਬੁੱਲ੍ਹਾ ਨਾਲ ਆਪਣੀ ਲੜਾਈ ਵਿੱਚ ਜੰਗਬੰਦੀ ਦਾ ਐਲਾਨ ਕੀਤਾ ਹੈ।
ਇਜ਼ਰਾਈਲ ਪਿਛਲੇ ਸਾਲ 7 ਅਕਤੂਬਰ ਤੋਂ ਦੋ ਮੋਰਚਿਆਂ 'ਤੇ ਲੜਾਈ ਲੜ ਰਿਹਾ ਹੈ, ਜਿਸ ਵਿੱਚ ਗਾਜ਼ਾ ਵਿੱਚ ਹਮਾਸ ਦੇ ਵਿਰੁੱਧ ਵੀ ਜੰਗ ਵੀ ਸ਼ਾਮਲ ਹੈ।
ਜੰਗ ਦੇ ਪੈਮਾਨੇ ਨੂੰ ਲੈ ਕੇ ਲਗਾਤਾਰ ਦੁਨੀਆ ਭਰ ਦੇ ਸਿਆਸਤਦਾਨ ਅਤੇ ਵਿਸ਼ਲੇਸ਼ਕ ਫ਼ਿਕਰਮੰਦ ਹਨ ਕਿ ਇਸ ਨਾਲ ਸਾਰਾ ਪੱਛਣ-ਏਸ਼ੀਆ ਜੰਗ ਵਿੱਚ ਨਾ ਧੱਕਿਆ ਜਾਵੇ।
ਅਸੀਂ ਇਨ੍ਹਾਂ ਇਲਾਕਿਆਂ ਵਿੱਚ ਕਵਰ ਕਰਨ ਵਾਲੇ ਬੀਬੀਸੀ ਪੱਤਰਕਾਰਾਂ ਨੂੰ ਪੁੱਛਿਆ ਕਿ ਲੇਬਨਾਨ ਵਿੱਚ ਜੰਗਬੰਦੀ ਦੇ ਐਲਾਨ ਦੇ ਕੀ ਕਾਰਨ ਹਨ ਜਦੋਂ ਕਿ ਗਾਜ਼ਾ ਵਿੱਚ ਅਜੇ ਤੱਕ ਅਜਿਹਾ ਨਹੀਂ ਹੋਇਆ ਹੈ ਅਤੇ ਇਸ ਫ਼ੈਸਲੇ ਤੱਕ ਪਹੁੰਚਣ ਲਈ ਕਿਹੜੇ ਕਾਰਕਾਂ ਨੇ ਅਹਿਮ ਭੂਮਿਕਾ ਨਿਭਾਈ?

ਦੱਖਣੀ ਲੇਬਨਾਨ ਵਿੱਚ ਲਗਾਤਾਰ ਵਧਦਾ ਜਾਨੀ ਨੁਕਸਾਨ
ਕੈਰੀਨ ਟੋਰਬੇ, ਬੀਬੀਸੀ ਨਿਊਜ਼ ਅਰਬੀ ਦੇ ਪੱਤਰਕਾਰ, ਬੇਰੂਤ
ਇਜ਼ਰਾਈਲ ਨੇ ਆਪਣੇ ਦੋ ਮੁੱਖ ਖੇਤਰੀ ਵਿਰੋਧੀਆਂ ਲੇਬਨਾਨ ਵਿੱਚ ਹਿਜ਼ਬੁੱਲ੍ਹਾ ਤੇ ਗਾਜ਼ਾ ਵਿੱਚ ਹਮਾਸ ਪ੍ਰਤੀ ਜਿਹੜਾ ਰੁਖ਼ ਅਖ਼ਤਿਆਰ ਕੀਤੀ ਹੈ ਉਸ ਵਿੱਚ ਫ਼ਰਕ ਦੇ ਕਾਰਨ ਸਪੱਸ਼ਟ ਹਨ।
ਗਾਜ਼ਾ ਇਸ ਸਮੇਂ ਇਜ਼ਰਾਈਲ ਦੇ ਕਬਜ਼ੇ ਅਧੀਨ ਆਉਂਦੀ ਭੂਗੋਲਿਕ ਇਕਾਈ ਦਾ ਹਿੱਸਾ ਹੈ ਤੇ ਦੂਜੇ ਪਾਸੇ ਲੇਬਨਾਨ ਇੱਕ ਪ੍ਰਭੂਸੱਤਾ ਸੰਪੰਨ ਦੇਸ਼ ਹੈ।
ਹਾਲਾਂਕਿ ਕਦੇ ਇਜ਼ਰਾਈਲ ਦੇ ਕਬਜ਼ੇ ਹੇਠ ਆਉਣ ਵਾਲੇ ਇਸ ਇਲਾਕੇ ਤੋਂ ਹਿਜ਼ਬੁੱਲ੍ਹਾ ਅਤੇ ਹੋਰ ਗਰੁੱਪਾਂ ਦੇ ਨਿਰੰਤਰ ਵਿਰੋਧ ਕਾਰਨ ਇਸ ਨੂੰ ਆਪਣਾ ਕਬਜ਼ਾ ਹਟਾਉਣਾ ਪਿਆ ਸੀ।
ਆਪਣੀ ਵਿਸ਼ਾਲ ਫ਼ੌਜੀ ਸਮਰੱਥਾ ਅਤੇ ਹਵਾਈ ਹਮਲਿਆਂ ਵਿੱਚ ਮੁਹਾਰਤ ਦੇ ਬਾਵਜੂਦ, ਇਜ਼ਰਾਈਲ ਲੇਬਨਾਨ ਵਿੱਚ ਆਪਣੀ ਜ਼ਮੀਨੀ ਕਾਰਵਾਈ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕਰ ਰਿਹਾ ਸੀ।
ਤਕਰੀਬਨ ਦੋ ਮਹੀਨੇ ਦੇ ਸੰਘਰਸ਼ ਤੋਂ ਬਾਅਦ ਵੀ ਇਹ ਦੱਖਣ ਦੇ ਕਸਬਿਆਂ 'ਤੇ ਆਪਣਾ ਨਿਯੰਤਰਣ ਰੱਖਣ ਵਿੱਚ ਨਾਕਾਮ ਰਿਹਾ ਹੈ।
ਇੰਨਾ ਹੀ ਨਹੀਂ ਇਹ ਹਿਜ਼ਬੁੱਲ੍ਹਾ ਦੀ ਰਾਕੇਟ-ਲਾਂਚਿੰਗ ਸਮਰੱਥਾ ਨੂੰ ਆਪਣੇ ਅਧਿਕਾਰਿਤ ਖੇਤਰ ਦੇ ਉੱਤਰ ਅਤੇ ਉਸ ਤੋਂ ਬਾਹਰ ਵੱਲ ਬੇਅਸਰ ਕਰਨ ਵਿੱਚ ਵੀ ਅਸਫ਼ਲ ਰਿਹਾ ਹੈ।
ਹਿਜ਼ਬੁੱਲ੍ਹਾ ਇਜ਼ਰਾਈਲ ਵਿੱਚ ਆਪਣੇ ਹਮਲਿਆਂ ਨੂੰ ਹੋਰ ਵਧਾਉਣ ਵਿੱਚ ਵੀ ਕਾਮਯਾਬ ਰਿਹਾ ਹੈ। ਹਿਜ਼ਬੁੱਲ੍ਹਾ ਦੇ ਹਮਲਿਆਂ ਦੇ ਚਲਦਿਆਂ ਇਸ ਦੇ ਵੱਡੇ ਸ਼ਹਿਰਾਂ ਵਿੱਚ ਆਮ-ਜੀਵਨ ਵਿੱਚ ਵਿਘਨ ਪਿਆ ਹੈ ਅਤੇ ਜਾਨੀ ਨੁਕਸਾਨ ਦਾ ਵੀ ਸਾਹਮਣਾ ਕਰਨਾ ਪਿਆ ਹੈ।
ਇਹ ਐਲਾਨ ਉਸ ਸਮੇਂ ਹੋਇਆ ਹੈ ਜਦੋਂ ਇਜ਼ਰਾਈਲੀ ਫੌਜ ਨੂੰ ਦੱਖਣੀ ਲੇਬਨਾਨ ਵਿੱਚ ਲਗਾਤਾਰ ਵੱਧਦੇ ਜਾਨੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਤਸਵੀਰ ਸਰੋਤ, EPA-EFE/REX/Shutterstock
ਇਜ਼ਰਾਈਲ ਸੁਰੱਖਿਆ ਦੇ ਮੱਦੇਨਜ਼ਰ ਉੱਤਰੀ ਹਿੱਸੇ ਵੱਲ ਭੇਜੇ ਗਏ ਲੋਕਾਂ ਨੂੰ ਵਾਪਸ ਉਨ੍ਹਾਂ ਦੇ ਮੂਲ ਰਿਹਾਇਸ਼ੀ ਇਲਾਕਿਆਂ ਵਿੱਚ ਭੇਜਣ ਵਿੱਚ ਵੀ ਕਾਮਯਾਬ ਨਹੀਂ ਹੋ ਸਕਿਆ ਹੈ।
ਸੰਭਾਵਨਾ ਹੈ ਕਿ ਇਸ ਸਭ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੂੰ ਹਿਜ਼ਬੁੱਲ੍ਹਾ ਨਾਲ ਜੰਗਬੰਦੀ ਲਈ ਸਹਿਮਤ ਕਰਨ ਵਿੱਚ ਵੱਡੀ ਭੂਮਿਕਾ ਨਿਭਾਈ ਹੈ।
ਇਸ ਦੇ ਨਾਲ-ਨਾਲ ਇਜ਼ਰਾਈਲੀ ਫ਼ੌਜ ਦੀ ਥਕਾਵਟ, ਸਿਆਸੀ ਅਤੇ ਆਰਥਿਕ ਪ੍ਰਭਾਵ ਨੇ ਵੀ ਜੰਗ ਰੋਕਣ ਦੇ ਫ਼ੈਸਲੇ ਨੂੰ ਪ੍ਰੇਰਿਤ ਕੀਤਾ ਹੋਵੇਗਾ।
ਡਾਕਟਰ ਲੈਲਾ ਨਿਕੋਲਸ, ਪੱਛਮ-ਏਸ਼ੀਆ ਵਿੱਚ ਗਲੋਬਲ ਅਤੇ ਖੇਤਰੀ ਰਣਨੀਤੀਆਂ ਦੀ ਗਹਿਰੀ ਸਮਝ ਰੱਖਦੇ ਹਨ। ਉਹ ਕਹਿੰਦੇ ਹਨ, "ਇਜ਼ਰਾਈਲੀਆਂ ਕੋਲ ਗਾਜ਼ਾ ਵਿੱਚ ਆਉਣ ਵਾਲੇ ਦਿਨਾਂ ਲਈ ਕੋਈ ਸਪੱਸ਼ਟ ਯੋਜਨਾ ਨਹੀਂ ਹੈ।"
ਉਹ ਕਹਿੰਦੇ ਹਨ ਕਿ ਮੌਜੂਦਾ ਸਥਿਤੀ ਇਹ ਹੈ ਕਿ ਇੱਥੇ ਜੰਗ ਨੂੰ ਜਨਵਰੀ ਵਿੱਚ ਡੌਨਲਡ ਟਰੰਪ ਦੇ ਅਮਰੀਕੀ ਰਾਸ਼ਟਰਪਤੀ ਬਣਨ ਤੱਕ ਵਿਰ੍ਹਾਮ ਦਿੱਤਾ ਜਾ ਸਕਦਾ ਹੈ।
ਇਸਦੇ ਉਲਟ, ਲੇਬਨਾਨ ਵਿੱਚ ਸਮਝੌਤੇ ਲਈ ਇੱਕ ਸਪੱਸ਼ਟ ਢਾਂਚਾ ਪਹਿਲਾਂ ਹੀ ਮੌਜੂਦ ਹੈ ਅਤੇ ਇਸੇ ਅਧਾਰ 'ਤੇ ਜੰਗਬੰਦੀ ਦੀਆਂ ਸ਼ਰਤਾਂ 'ਤੇ ਗੱਲਬਾਤ ਕੀਤੀ ਗਈ ਹੈ।
ਇਹ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ 1701ਵੇਂ ਮਤੇ 'ਤੇ ਅਧਾਰਤ ਹੈ, ਜਿਸ ਤਹਿਤ 2006 ਵਿੱਚ ਇਜ਼ਰਾਈਲ ਅਤੇ ਹਿਜ਼ਬੁੱਲ੍ਹਾ ਵਿਚਕਾਰ ਜੰਗ ਖ਼ਤਮ ਕਰਵਾਈ ਸੀ।

ਇਸ ਜੰਗਬੰਦੀ ਵਿੱਚ ਬਹੁਤ ਕੁਝ ਅਸ਼ਪੱਸ਼ਟ ਹੈ।
ਇਸ ਤੋਂ ਲੱਗਦਾ ਹੈ ਕਿ ਦੋਵਾਂ ਧਿਰਾਂ ਨੂੰ ਇਸ ਮਸਲੇ ਉੱਤੇ ਆਪਣੇ ਸ਼ੁਰੂਆਤੀ ਮਕਸਦ ਦੀ ਸਮੀਖਿਆ ਕਰਨੀ ਪਈ ਹੈ।
ਇਜ਼ਰਾਈਲ ਫ਼ੌਜੀ ਤਰੀਕੇ ਨਾਲ ਹਿਜ਼ਬੁੱਲ੍ਹਾ ਦੇ ਖ਼ਤਰੇ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਅਤੇ ਇਜ਼ਰਾਈਲ ਦੇ ਉੱਤਰ ਵੱਲ ਆਪਣੇ ਨਾਗਰਿਕਾਂ ਦੀ ਸੁਰੱਖਿਅਤ ਵਾਪਸੀ ਨੂੰ ਯਕੀਨੀ ਬਣਾਉਣ ਦੇ ਸਮਰੱਥ ਨਹੀਂ ਰਿਹਾ।
ਹਿਜ਼ਬੁੱਲ੍ਹਾ, ਆਪਣੀ ਲੀਡਰਸ਼ਿਪ, ਸੰਸਥਾਵਾਂ ਅਤੇ ਫ਼ੌਜੀ ਕਮਾਂਡ ਨੂੰ ਹੋਏ ਗੰਭੀਰ ਨੁਕਸਾਨ ਨਾਲ ਘਿਰਿਆ ਹੋਇਆ ਹੈ।
ਲੱਗਦਾ ਹੈ ਕਿ ਗਾਜ਼ਾ ਨੇ ਆਪਣੇ ਪਹਿਲੇ ਫ਼ੈਸਲੇ ਕਿ ਜੰਗ ਖ਼ਤਮ ਹੋਣ ਤੋਂ ਪਹਿਲਾਂ ਇਜ਼ਰਾਈਲੀ ਉੱਚ ਅਹੁਦਿਆਂ 'ਤੇ ਹਮਲੇ ਕਰਨੇ ਬੰਦ ਨਹੀਂ ਕਰੇਗਾ ਤੋਂ ਵੀ ਪੈਰ ਪਿੱਛੇ ਖਿੱਚ ਲਏ ਹਨ।
ਡਾਕਟਰ ਨਿਕੋਸਲ ਕਹਿੰਦੇ ਹਨ, "ਇਹ ਵੀ ਸਪੱਸ਼ਟ ਹੈ ਕਿ ਇਰਾਨ (ਹਿਜ਼ਬੁੱਲ੍ਹਾ ਦਾ ਵਿੱਤੀ ਅਤੇ ਵਿਚਾਰਧਾਰਕ ਸਮਰਥਕ) ਨਹੀਂ ਚਾਹੇਗਾ ਕਿ ਹਿਜ਼ਬੁੱਲ੍ਹਾ ਨੂੰ ਇੱਕ ਅਜਿਹੀ ਲੰਬੀ ਲੜਾਈ ਵੱਲ ਖਿੱਚਿਆ ਜਾਵੇ, ਜੋ ਇਸਨੂੰ ਹੋਰ ਥਕਾ ਦੇਵੇ।"
ਇਜ਼ਰਾਈਲੀਆਂ ਲਈ, ਲੇਬਨਾਨ ਨਾਲ ਜੰਗ, ਗਾਜ਼ਾ ਖ਼ਿਲਾਫ਼ ਯੁੱਧ ਨਾਲੋਂ ਵੱਖਰੀ

ਤਸਵੀਰ ਸਰੋਤ, EPA-EFE/REX/Shutterstock
ਅਦਨਾਨ ਅਲ-ਬਰਸ਼, ਬੀਬੀਸੀ ਨਿਊਜ਼ ਅਰਬੀ ਦੇ ਪੱਤਰਕਾਰ, ਗਾਜ਼ਾ
ਗਾਜ਼ਾ ਵਿੱਚ ਕੁਝ ਲੋਕਾਂ ਨੇ ਸਮਝੌਤੇ ਨੂੰ ਹਿਜ਼ਬੁੱਲ੍ਹਾ ਵੱਲੋਂ ‘ਮੋਰਚਿਆਂ ਦੀ ਏਕਤਾ’ ਰਣਨੀਤੀ ਨੂੰ ਛੱਡਣ ਦੇ ਫ਼ੈਸਲੇ ਵਜੋਂ ਦਰਸਾਇਆ ਹੈ।
ਇਹ ਹਿਜ਼ਬੁੱਲ੍ਹਾ ਅਤੇ ਹਮਾਸ ਦੇ ਇਜ਼ਰਾਈਲ ਖ਼ਿਲਾਫ਼ ਜੰਗ ਸ਼ੁਰੂ ਕਰਨ ਦੇ ਇੱਕ ਮੱਤ ਨੂੰ ਦਰਸਾਉਂਦਾ ਹੈ। ਜਿਸ ਤਹਿਤ ਇਹ ਮੰਨਿਆਂ ਜਾਂਦਾ ਸੀ ਕਿ ਇਸ ਜੰਗ ਵਿੱਚ ਹੋਰ ਵੀ ਬਹੁਤ ਸਾਰੇ ਛੋਟੇ ਸਮੂਹ ਤਾਲਮੇਲ ਵਿੱਚ ਹਨ ਜਿਵੇਂ ਯਮਨ ਵਿੱਚ ਹਾਉਥੀ।
ਲੇਬਨਾਨ ਵਿੱਚ ਜੰਗਬੰਦੀ ਸਮਝੌਤੇ ਅਤੇ ਗਾਜ਼ਾ ਦੇ ਮਸਲੇ ਉੱਤੇ ਇੱਕ ਵੱਡਾ ਫ਼ਰਕ ਹੈ ਕਿ ਹਿਜ਼ਬੁੱਲ੍ਹਾ ਨੇ ਗੱਲਬਾਤ ਨੂੰ ਲੇਬਨਾਨ ਦੀ ਸਰਕਾਰ ਦੇ ਹੱਥਾਂ ਵਿੱਚ ਛੱਡ ਦਿੱਤਾ, ਜਦੋਂ ਕਿ ਹਮਾਸ ਗਾਜ਼ਾ ਵਿੱਚ ਗੱਲਬਾਤ ਦੀ ਅਗਵਾਈ ਕਰ ਰਿਹਾ ਹੈ।

ਤਸਵੀਰ ਸਰੋਤ, Getty Images
ਫ਼ਲਸਤੀਨੀਆਂ ਵਿੱਚ ਅਲੱਗ-ਅਲੱਗ ਖਿੱਤਿਆਂ ਦੀ ਮੌਜੂਦਗੀ ਅਤੇ ਇੱਕ ਏਕੀਕ੍ਰਿਤ ਅਤੇ ਅਧਿਕਾਰਤ ਤੌਰ 'ਤੇ ਮਾਨਤਾ ਪ੍ਰਾਪਤ ਦੇਸ਼ ਦੀ ਘਾਟ ਨੇ ਗਾਜ਼ਾ ਵਿੱਚ ਜੰਗਬੰਦੀ ਸਮਝੌਤੇ ’ਤੇ ਵਿਚਾਰ ਨਾ ਕੀਤੇ ਜਾਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ।
ਜਦੋਂ ਕਿ ਦੂਜੇ ਪਾਸੇ ਇੱਕ ਅਧਿਕਾਰਤ ਮਾਨਤਾ ਪ੍ਰਾਪਤ ਦੇਸ਼ ਕਾਰਨ ਹੀ ਇਜ਼ਰਾਈਲ ਨਾਲ ਗੱਲਬਾਤ ਦਾ ਪ੍ਰਬੰਧਨ ਸੰਭਵ ਹੋ ਸਕਿਆ ਹੈ।
ਕੁਝ ਮਾਹਰਾਂ ਦਾ ਇਹ ਵੀ ਕਹਿਣਾ ਹੈ ਕਿ ਇਜ਼ਰਾਈਲ ਵੱਲੋਂ ਸੰਗਠਨ ਦੀਆਂ ਪ੍ਰਮੁੱਖ ਹਸਤੀਆਂ ਦੇ ਕਤਲ ਤੋਂ ਬਾਅਦ ਹਮਾਸ ਦੀ ਲੀਡਰਸ਼ਿਪ ਵਿੱਚ ਵੱਡਾ ਖ਼ਲਾਅ ਆਇਆ ਹੈ। ਇਸ ਦਾ ਮਤਲਬ ਹੈ ਕਿ ਹਮਾਸ ਹੁਣ ਜੰਗਬੰਦੀ ਬਾਰੇ ਪ੍ਰਭਾਵਸ਼ਾਲੀ ਢੰਗ ਨਾਲ ਗੱਲਬਾਤ ਕਰਨ ਦੀ ਸਥਿਤੀ ਵਿੱਚ ਹੀ ਨਹੀਂ ਹੈ।
ਗਾਜ਼ਾ ਦੇ ਅੰਦਰ ਅਤੇ ਬਾਹਰ ਹਮਾਸ ਆਗੂਆਂ ਵਿਚਕਾਰ ਸੰਚਾਰ ਵਿੱਚ ਦਿੱਕਤਾਂ ਇਸ ਨੂੰ ਹੋਰ ਵੀ ਚੁਣੌਤੀ ਭਰਿਆ ਬਣਾ ਰਹੀਆਂ ਹਨ।

ਤਸਵੀਰ ਸਰੋਤ, Reuters
ਗਾਜ਼ਾ ਦੇ ਇੱਕ ਲੇਖਕ ਅਤੇ ਸਿਆਸੀ ਵਿਸ਼ਲੇਸ਼ਕ, ਪ੍ਰੋਫ਼ੈਸਰ ਫ਼ਥੀ ਸਬਾਹ ਨੇ ਬੀਬੀਸੀ ਨੂੰ ਦੱਸਿਆ ਕਿ, “ਇਜ਼ਰਾਈਲ ਗਾਜ਼ਾ ਵਿੱਚ ਲੜਾਈ ਨੂੰ ਆਪਣੀ ਮੁੱਖ ਜੰਗ ਮੰਨਦਾ ਹੈ ਕਿਉਂਕਿ ਸਪੱਸ਼ਟ ਤੌਰ ’ਤੇ ਲੜਾਈ ਹਮਾਸ ਨੇ ਸ਼ੁਰੂ ਕੀਤੀ ਸੀ ਨਾ ਕਿ ਹਿਜ਼ਬੁੱਲ੍ਹਾ ਨੇ।”
“ਲੇਬਨਾਨ ਵਿੱਚ ਹਿਜ਼ਬੁੱਲ੍ਹਾ 'ਤੇ ਹਮਲਾ ਕਰਨਾ ਇੱਕ ਅਜਿਹਾ ਮੌਕਾ ਸੀ ਜਿਸ ਨੇ ਇਜ਼ਰਾਈਲ ਨੂੰ ਆਪਣੀ ਸਮਰੱਥਾ ਦਿਖਾਉਣ ਦਾ ਅਜਿਹਾ ਮੌਕਾ ਦਿੱਤਾ, ਜਦੋਂ ਇਜ਼ਰਾਈਲ ਨੇ ਮਹਿਸੂਸ ਕੀਤਾ ਕਿ ਉਨ੍ਹਾਂ ਨੇ ਗਾਜ਼ਾ ਵਿੱਚ ਹਮਾਸ ਦੀ ਤਾਕਤ ਨੂੰ ਤਬਾਹ ਕਰ ਦਿੱਤਾ ਹੈ।”
ਪ੍ਰੋਫ਼ੈਸਰ ਸਬਾਹ ਇਹ ਵੀ ਮੰਨਦੇ ਹਨ ਕਿ ਇਜ਼ਰਾਈਲ ਨੇ ਜੰਗਬੰਦੀ ਦੀ ਗੱਲਬਾਤ ਕਰਨ ਵੇਲੇ ਧਿਆਨ ਵਿੱਚ ਰੱਖਿਆ ਹੋਵੇਗਾ ਕਿ ਹਿਜ਼ਬੁੱਲ੍ਹਾ ਨਾਲ ਲੜਾਈ ਦਾ ਪੈਮਾਨਾ ਇਸ ਲਈ ਵੀ ਵੱਡੀ ਸਮਰੱਥਾ ਰੱਖਦਾ ਹੈ ਕਿਉਂਕਿ ਇਹ ਹਮਾਸ ਦੇ ਮੁਕਾਬਲੇ ਇੱਕ ਵੱਡੇ ਖ਼ਤਰੇ ਨੂੰ ਰੋਕਦਾ ਹੈ।
ਸਬਾਹ ਨੇ ਬੀਬੀਸੀ ਨੂੰ ਦੱਸਿਆ, "ਹਿਜ਼ਬੁੱਲ੍ਹਾ ਦੇ ਰਾਕੇਟ ਤੇਲ ਅਵੀਵ ਅਤੇ ਹੈਫ਼ਾ ਵਰਗੇ ਸ਼ਹਿਰਾਂ ਤੱਕ ਪਹੁੰਚ ਗਏ ਹਨ ਅਤੇ ਇਜ਼ਰਾਈਲ ਅਤੇ ਉੱਥੇ ਦੇ ਹਜ਼ਾਰਾਂ ਲੋਕਾਂ 'ਤੇ ਇਸ ਦਾ ਬੇਹੱਦ ਮਾੜਾ ਪ੍ਰਭਾਵ ਪਿਆ ਹੈ ਖ਼ਾਸਕਰ ਉਨ੍ਹਾਂ ਲੋਕਾਂ ’ਤੇ ਜੋ ਪਹਿਲਾਂ ਹੀ ਬੇਘਰੇ ਹੋ ਕੇ ਇੱਥੇ ਪਨਾਹ ਲਈ ਆਏ ਸਨ।"
ਪ੍ਰੋਫ਼ੈਸਰ ਸਬਾਹ ਦਾ ਇਹ ਵੀ ਮੰਨਣਾ ਹੈ ਕਿ ਇਜ਼ਰਾਈਲ ਅਮਰੀਕਾ ਅਤੇ ਫ਼ਰਾਂਸ ਵਰਗੇ ਸਹਿਯੋਗੀ ਦੇਸ਼ਾਂ ਦੇ ਰਵੱਈਏ ਦੇ ਅਸਰ ਹੇਠ ਵੀ ਹੈ।
ਇਜ਼ਰਾਈਲ ਦਾ ਟੀਚਾ ਗਾਜ਼ਾ ਤੋਂ ਬੰਧਕਾਂ ਨੂੰ ਰਿਹਾਅ ਕਰਵਾਉਣਾ

ਤਸਵੀਰ ਸਰੋਤ, Reuters
ਮੁਹਾਨਾਦ ਤੂਤੁਨਜੀ, ਬੀਬੀਸੀ ਨਿਊਜ਼ ਅਰਬੀ ਦੇ ਰਿਪੋਰਟਰ, ਯਰੂਸ਼ਲਮ
ਇਜ਼ਰਾਈਲ ਅਤੇ ਲੇਬਨਾਨ ਦੇ ਇਸ ਸਮੇਂ ਇਸ ਸਮਝੌਤੇ ਲਈ ਸਹਿਮਤ ਹੋਣ ਵਿੱਚ ਕਈ ਕਾਰਕਾਂ ਨੇ ਅਹਿਮ ਭੂਮਿਕਾ ਨਿਭਾਈ ਹੈ। ਜਿਵੇਂ ਕਿ ਲੇਬਨਾਨ ਅਤੇ ਗਾਜ਼ਾ ਦੀਆਂ ਵੱਖੋ-ਵੱਖਰੀਆਂ ਸਿਆਸੀ ਅਤੇ ਫ਼ੌਜੀ ਸਥਿਤੀਆਂ।
ਲੇਬਨਾਨ ਵਿੱਚ, ਹਿਜ਼ਬੁੱਲ੍ਹਾ,ਜੋ ਇਜ਼ਰਾਈਲ ਦੇ ਵਿਰੁੱਧ ਲੜਦਾ ਹੈ ਅਸਲ ਵਿੱਚ ਇੱਕ ਵਿਸ਼ਾਲ ਸਿਆਸੀ ਸਾਮਰਾਜ ਦਾ ਹਿੱਸਾ ਹੈ, ਜੋ ਦੇਸ਼ ਵਿੱਚਲੇ ਬਹੁਤ ਸਾਰੇ ਸੰਪਰਦਾਇਕ ਅਤੇ ਸਿਆਸੀ ਸਮੂਹਾਂ ਵਿੱਚੋਂ ਇੱਕ ਦੀ ਨੁਮਾਇੰਦਗੀ ਕਰਦਾ ਹੈ।
ਕੁਝ ਵਿਸ਼ਲੇਸ਼ਕ ਕਹਿੰਦੇ ਹਨ ਕਿ ਸਾਰੇ ਲੇਬਨਾਨੀ ਨਾਗਰਿਕ ਇਜ਼ਰਾਈਲ ਨਾਲ ਟਕਰਾਅ ਬਾਰੇ ਹਿਜ਼ਬੁੱਲ੍ਹਾ ਦੇ ਨਜ਼ਰੀਏ ਨਾਲ ਸਹਿਮਤ ਨਹੀਂ ਹਨ।
ਹਾਲਾਂਕਿ, ਗਾਜ਼ਾ ਵਿੱਚ ਸਥਿਤੀ ਬਿਲਕੁਲ ਵੱਖਰੀ ਹੈ।
ਉੱਥੇ, ਸ਼ਾਸਨ ਕਰਨ ਵਾਲੀ ਸਿਆਸੀ ਅਤੇ ਫ਼ੌਜੀ ਤਾਕਤ ਹਮਾਸ ਹੈ, ਜਿਸਨੂੰ ਇਜ਼ਰਾਈਲ-ਵਿਰੋਧੀ ਰੁਖ਼ ਵਾਲੇ ਕੁਝ ਹੋਰ ਧੜਿਆਂ ਦਾ ਸਮਰਥਨ ਪ੍ਰਾਪਤ ਹੈ।
ਇਜ਼ਰਾਈਲੀਆਂ ਲਈ, ਲੇਬਨਾਨ ਦੀ ਲੜਾਈ ਵੀ ਗਾਜ਼ਾ ਦੀ ਲੜਾਈ ਨਾਲੋਂ ਵੱਖਰੀ ਹੈ।

ਤਸਵੀਰ ਸਰੋਤ, Getty Images
ਲੇਬਨਾਨ ਵਿੱਚ ਫ਼ੌਜੀ ਕਾਰਵਾਈ ਦਾ ਮਕਸਦ ਉੱਤਰੀ ਇਜ਼ਰਾਈਲ ਦੇ ਨਿਵਾਸੀਆਂ ਲਈ ਕਿਸੇ ਵੀ ਫ਼ੌਜੀ ਖ਼ਤਰੇ ਨੂੰ ਜੜ੍ਹੋਂ ਖ਼ਤਮ ਕਰਨਾ ਹੈ ਅਤੇ ਇਸ ਇਲਾਕੇ ਵਿੱਚ ਆਮ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣਾ ਹੈ।
ਗਾਜ਼ਾ ਵਿੱਚ, ਇਜ਼ਰਾਈਲ ਨੇ ਹਮਾਸ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਦੇ ਆਪਣੇ ਇਰਾਦੇ ਦਾ ਐਲਾਨ ਕੀਤਾ ਸੀ। ਹਾਲਾਂਕਿ, ਇਹ ਟੀਚਾ ਹਾਲੇ ਤੱਕ ਮੁਕੰਮਲ ਤੌਰ ’ਤੇ ਹਾਸਿਲ ਨਹੀਂ ਹੋਇਆ ਹੈ।
ਇਜ਼ਰਾਈਲ ਦਾ ਟੀਚਾ ਗਾਜ਼ਾ ਵਿੱਚ ਅਜੇ ਵੀ ਰੱਖੇ ਗਏ ਬਾਕੀ 101 ਬੰਧਕਾਂ ਨੂੰ ਰਿਹਾਅ ਕਰਵਾਉਣਾ ਹੈ ਜੋ ਕਿਸੇ ਵੀ ਜੰਗਬੰਦੀ ਗੱਲਬਾਤ ਨੂੰ ਪ੍ਰਭਾਵਤ ਕਰੇਗਾ।
ਇਜ਼ਰਾਈਲ ਦੇ ਸਾਬਕਾ ਰਾਸ਼ਟਰੀ ਸੁਰੱਖਿਆ ਪਰਿਸ਼ਦ ਦੇ ਮੁਖੀ ਯਾਕੋਵ ਅਮੀਦਰੋਰ ਨੇ ਬੀਬੀਸੀ ਨੂੰ ਦੱਸਿਆ ਕਿ ਬਹੁਤ ਸਾਰੇ ਲੇਬਨਾਨੀਆਂ ਨੂੰ ਜੰਗ ਦੇ ਲੇਬਨਾਨ ਦੇ ਹੋਰ ਹਿੱਸਿਆਂ ਵਿੱਚ ਫ਼ੈਲ ਜਾਣ ਦਾ ਡਰ ਹੈ।
ਉਨ੍ਹਾਂ ਨੇ ਕਿਹਾ ਕਿ ਇਹ ਬੇਰੂਤ ਦੇ ਦੱਖਣੀ ਉਪ-ਨਗਰਾਂ ਵਿੱਚ ਦਿਖਾਈ ਦੇਣ ਵਾਲੀ ਤਬਾਹੀ ਦਾ ਕਾਰਨ ਬਣ ਸਕਦਾ ਹੈ।
ਅਮੀਦਰੋਰ ਨੇ ਗਾਜ਼ਾ ਸੰਘਰਸ਼ ਤੋਂ ਲੈਬਨਾਨ ਪ੍ਰਤੀ ਆਪਣੀ ਪਹੁੰਚ ਨੂੰ ਵੱਖ ਕਰਨ ਦੇ ਇਜ਼ਰਾਈਲ ਦੇ ਰਣਨੀਤਕ ਫ਼ੈਸਲੇ ਵੱਲ ਵੀ ਇਸ਼ਾਰਾ ਕੀਤਾ।
ਇਜ਼ਰਾਈਲ ਲਈ, ਇਹ ਅਹਿਮ ਹੈ ਕਿਉਂਕਿ ਇਹ ਦੇਸ਼ ਨੂੰ ਗਾਜ਼ਾ ਵਿੱਚ ਹਮਾਸ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ 'ਤੇ ਧਿਆਨ ਕੇਂਦਰਿਤ ਕਰਨ ਵਿੱਚ ਮਦਦਗਾਰ ਹੋਵੇਗਾ।
ਅਮੀਦਰੋਰ ਨੇ ਜ਼ੋਰ ਦੇ ਕੇ ਕਿਹਾ ਕਿ ਜੰਗਬੰਦੀ ਸਾਹਮਣੇ ਅਸਲ ਚੁਣੌਤੀ ਸਮਝੌਤੇ ਵਿੱਚ ਨਹੀਂ ਬਲਕਿ ਇਸ ਦੇ ਲਾਗੂ ਕਰਨ ਵਿੱਚ ਹੈ ਅਤੇ ਸਵਾਲ ਕੀਤਾ ਕਿ ਜੇ ਹਿਜ਼ਬੁੱਲ੍ਹਾ ਜੰਗਬੰਦੀ ਦੀ ਉਲੰਘਣਾ ਕਰਦਾ ਹੈ ਤਾਂ ਇਜ਼ਰਾਈਲ ਦੀ ਪ੍ਰਤੀਕਿਰਿਆ ਕੀ ਹੋਵੇਗੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












